Loading Now

ਮੈਡੀਕਲ ਕਾਲਜ ਬੰਦ ਕਰਵਾਉਣਾ ਬਹੁਤ ਮੰਦਭਾਗਾ ਵਰਤਾਰਾ

ਮੈਡੀਕਲ ਕਾਲਜ ਬੰਦ ਕਰਵਾਉਣਾ ਬਹੁਤ ਮੰਦਭਾਗਾ ਵਰਤਾਰਾ

ਭਾਰਤ ਇਕ ਲੋਕਤੰਤਰੀ ਦੇਸ਼ ਹੈ ਜਿੱਥੇ ਸਰਕਾਰਾਂ ਲੋਕਾਂ ਲਈ ਕੰਮ ਕਰਦੀਆਂ ਹਨ। ਉਨ੍ਹਾਂ ਦਾ ਮੁੱਖ ਕੰਮ ਆਮ ਲੋਕਾਂ ਲਈ ਮਿਆਰੀ ਤੇ ਸਸਤੀ ਸਿੱਖਿਆ, ਮਿਆਰੀ ਸਿਹਤ ਸੰਸਥਾਵਾਂ ਦਾ ਨਿਰਮਾਣ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੁੰਦਾ ਹੈ। ਹੁਣ ਤੱਕ ਲੋਕਾਂ ਦੀ ਸਰਕਾਰਾਂ ਤੋ ਇਹੀ ਸ਼ਿਕਾਇਤ ਰਹਿੰਦੀ ਰਹੀ ਕਿ ਉਹ ਆਪਣੇ ਵਾਅਦਿਆਂ ’ਤੇ ਖ਼ਰੀਆਂ ਨਹੀਂ ਉਤਰਦੀਆਂ ਪਰ ਪਿਛਲੇ ਦਿਨੀਂ ਜੰਮੂ ਵਿਚ ਜੋ ਹੋਇਆ ਉਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰ ਤਾਂ ਲੋਕਾਂ ਨੂੰ ਸਹੂਲਤੀਅਤ ਦੇਣਾ ਚਾਹੁੰਦੀ ਹੈ ਪਰ ਲੋਕ ਉਸ ਨੂੰ ਲੈਣਾ ਨਹੀਂ ਚਾਹੁੰਦੇ।

ਗੱਲ ਜੰਮੂ ਵਿਚ ਮਾਤਾ ਵੈਸ਼ਣੋ ਦੇਵੀ ਦੇ ਨਾਂ ’ਤੇ ਇਕ ਸਾਲ ਪਹਿਲਾਂ ਹੀ ਖੁੱਲ੍ਹੇ ਮੈਡੀਕਲ ਕਾਲਜ ਦੀ ਹੈ। ਚੰਗੀਆਂ ਸਿਹਤ ਸੇਵਾਵਾਂ ਅਤੇ ਭਵਿੱਖ ਲਈ ਜ਼ਿਆਦਾ ਡਾਕਟਰ ਪੈਦਾ ਕਰਨ ਲਈ ਜੋ ਮੈਡੀਕਲ ਕਾਲਜ ਬਣਾਇਆ ਗਿਆ ਸੀ, ਉਸ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਅਤੇ ਉਸ ਨੂੰ ਬੰਦ ਕਰਵਾਉਣਾ ਬਹੁਤ ਮੰਦਭਾਗਾ ਵਰਤਾਰਾ ਹੈ। ਮੈਡੀਕਲ ਕਾਲਜ ਦੇ ਬੰਦ ਹੋ ਜਾਣ ’ਤੇ ਦੁਖੀ ਹੋਣ ਦੀ ਜਗ੍ਹਾ ਖ਼ੁਸ਼ੀ ਮਨਾਉਣੀ ਤੇ ਲੱਡੂ ਵੰਡੇ ਜਾਣੇ ਬਿਮਾਰ ਮਾਨਸਿਕਤਾ ਵੱਲ ਇਸ਼ਾਰਾ ਕਰਦਾ ਹੈ। ਜੰਮੂ ਦੇ ਇਸ ਮੈਡੀਕਲ ਕਾਲਜ ਨੂੰ ਬੰਦ ਕਰਵਾਉਣ ਪਿੱਛੇ ਜੋ ਤਰਕ ਦਿੱਤਾ ਹੈ, ਓਹ ਵੀ ਹੈਰਾਨੀ ਭਰਿਆ ਹੈ। ਕਾਲਜ ਵਿਚ ਇਕ ਫ਼ਿਰਕੇ ਦੇ ਲੋਕਾਂ ਦੇ ਵੱਧ ਦਾਖ਼ਲੇ ਹੋ ਜਾਣ ਕਾਰਨ ਦੂਜੇ ਫ਼ਿਰਕੇ ਦੇ ਲੋਕ ਨਾਰਾਜ਼ ਸਨ। ਸਿਰਫ਼ ਇਸੇ ਲਈ ਇਹ ਮੈਡੀਕਲ ਕਾਲਜ ਬੰਦ ਕਰਵਾ ਦਿੱਤਾ ਗਿਆ। ਹੈਰਾਨੀ ਤਾਂ ਇਸ ਗੱਲ ਦੀ ਜ਼ਿਆਦਾ ਹੋਈ ਕਿ ਸਰਕਾਰ ਨੇ ਇਸ ਨਾਜਾਇਜ਼ ਮੰਗ ਨੂੰ ਬੜੀ ਜਲਦੀ ਮੰਨ ਲਿਆ। ਮੈਂ ਉਨ੍ਹਾਂ ਲੋਕਾਂ ਤੋਂ ਵੀ ਹੈਰਾਨ ਹਾਂ ਜਿਨ੍ਹਾਂ ਨੇ ਇਸ ਕਾਲਜ ਦਾ ਵਿਰੋਧ ਕੀਤਾ, ਬਿਨਾਂ ਇਹ ਸੋਚੇ-ਸਮਝੇ ਕਿ ਭਵਿੱਖ ਵਿਚ ਬਿਮਾਰ ਹੋਣ ’ਤੇ ਇਸ ਮੈਡੀਕਲ ਕਾਲਜ ਵਿਚ ਹੀ ਉਨ੍ਹਾਂ ਦਾ ਇਲਾਜ ਹੋਣਾ ਸੀ ਅਤੇ ਇਸ ਇਲਾਕੇ ਦੇ ਬੱਚਿਆਂ ਨੇ ਇੱਥੋਂ ਪੜ੍ਹ ਕੇ ਡਾਕਟਰ ਬਣਨਾ ਸੀ। ਸਰਕਾਰੀ ਕਾਲਜ ਹੋਣ ਕਰਕੇ ਉੱਥੇ ਇਲਾਜ ਵੀ ਸਸਤਾ ਹੋਣਾ ਸੀ। ਬਿਮਾਰੀ ਕਦੇ ਵੀ ਜਾਤ ਜਾਂ ਧਰਮ ਵੇਖ ਕੇ ਨਹੀਂ ਆਉਂਦੀ ਅਤੇ ਨਾ ਹੀ ਕੋਈ ਡਾਕਟਰ ਕਿਸੇ ਬਿਮਾਰ ਦਾ ਇਲਾਜ ਉਸ ਦੀ ਜਾਤ ਜਾਂ ਧਰਮ ਵੇਖ ਕੇ ਕਰਦਾ ਹੈ।

ਇਸ ਮੈਡੀਕਲ ਕਾਲਜ ਦਾ ਬੰਦ ਹੋਣਾ ਭਵਿੱਖ ਲਈ ਕੋਈ ਵਧੀਆ ਸੰਦੇਸ਼ ਨਹੀਂ ਹੈ। ਇਸ ਨਾਲ ਜਿੱਥੇ ਸਮਾਜਿਕ ਪਾੜਾ ਵਧੇਗਾ, ਓਥੇ ਹੀ ਦੇਸ਼ ਦੀ ਤਰੱਕੀ ਉੱਤੇ ਵੀ ਮਾੜਾ ਅਸਰ ਪਵੇਗਾ। ਨਵੀਆਂ ਸਿੱਖਿਆ ਤੇ ਸਿਹਤ ਸੰਸਥਾਵਾਂ ਖੁੱਲ੍ਹਣੀਆਂ ਬੰਦ ਹੋ ਜਾਣਗੀਆਂ। ਲੋਕਾਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਅਤੇ ਸਿਹਤ-ਸਹੂਲਤਾਂ ਤੋਂ ਵਾਂਝੇ ਹੋਣਾ ਪਵੇਗਾ। ਦੇਸ਼ ਵਿਚ ਪਹਿਲਾਂ ਹੀ ਸਿੱਖਿਆ ਅਤੇ ਮੈਡੀਕਲ ਮਾਫ਼ੀਆ ਆਪਣੀ ਤਕੜੀ ਪਕੜ ਬਣਾਈ ਬੈਠਾ ਹੈ ਅਤੇ ਇਹ ਹੋਰ ਵੀ ਪ੍ਰਫੁੱਲਿਤ ਹੋਵੇਗਾ। ਇਸ ਤਰ੍ਹਾਂ ਦੇ ਵਰਤਾਰੇ ਦੀ ਗੂੰਜ ਜਦ ਵਿਦੇਸ਼ ਤੱਕ ਪਹੁੰਚਦੀ ਹੈ ਤਾਂ ਦੇਸ਼ ਦੀ ਬਦਨਾਮੀ ਹੁੰਦੀ ਹੈ ਜਿਸ ਨਾਲ ਵਿਦੇਸ਼ੀ ਨਿਵੇਸ਼ ਵੀ ਘਟਦਾ ਹੈ। ਇਸ ਨਾਲ ਦੇਸ਼ ਤਰੱਕੀ ਕਰਨ ਦੀ ਜਗ੍ਹਾ ਪੱਛੜ ਰਿਹਾ ਹੈ। ਸਰਕਾਰ ਵੀ ਦਬਾਅ ’ਚ ਆ ਗਈ ਤੇ ਕਾਲਜ ਬੰਦ ਕਰਨ ਵਰਗਾ ਫ਼ੈਸਲਾ ਲੈਣ ਲਈ ਮਜਬੂਰ ਹੋ ਗਈ। ਕਾਲਜ ਬੰਦ ਕਰਵਾਉਣ ਵਾਲੇ ਲੋਕਾਂ ਦੀ ਇਹ ਕਾਰਵਾਈ ਜੰਮੂ ਇਲਾਕੇ ਦੀ ਤਰੱਕੀ ਵਿਚ ਰੋੜਾ ਬਣੇਗੀ।

Share this content:

Post Comment