ਬਲ਼ ਰਿਹਾ ਬੰਗਲਾਦੇਸ਼
ਬੰਗਲਾਦੇਸ਼ ਕੁਝ ਮਹੀਨਿਆਂ ਤੋਂ ਘੋਰ ਸਿਆਸੀ ਤੇ ਧਾਰਮਿਕ ਸੰਕਟ ਸਹਿਣ ਕਰ ਰਿਹਾ ਹੈ। ਹਿੰਦੂਆਂ ਦੇ ਕਤਲੇਆਮ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੰਘੇ ਕੱਲ੍ਹ ਵੀ ਨਰਸਿੰਗਦੀ ਇਲਾਕੇ ’ਚ ਅਣਪਛਾਤੇ ਹਮਲਾਵਰਾਂ ਨੇ 40 ਸਾਲ ਦੇ ਹਿੰਦੂ ਦੁਕਾਨਦਾਰ ਸ਼ਰਦ ਚੱਕਰਵਰਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਸੀ। ਜੇਸੋਰ ਜ਼ਿਲ੍ਹੇ ’ਚ ਹਿੰਦੂ ਕਾਰੋਬਾਰੀ ਦੇ ਸਿਰ ’ਚ ਗੋਲ਼ੀ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸੀ।
ਸ਼ਰਦ ਚੱਕਰਵਰਤੀ ਦੀ ਹੱਤਿਆ ਦੇ ਮਾਮਲੇ ’ਚ ਸਥਾਨਕ ਮੀਡੀਆ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ 19 ਦਸੰਬਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਸੀ ਜਿਸ ’ਚ ਉਸ ਨੇ ਦੇਸ਼ ’ਚ ਫੈਲੀ ਹੋਈ ਹਿੰਸਾ ’ਤੇ ਚਿੰਤਾ ਪ੍ਰਗਟਾਉਂਦਿਆਂ ਆਪਣੀ ਜਨਮ-ਭੂਮੀ ਨੂੰ ‘ਮੌਤ ਦੀ ਘਾਟੀ’ ਲਿਖ ਦਿੱਤਾ ਸੀ। ਬੰਗਲਾਦੇਸ਼ ’ਚ ਇਸ ਤਰੀਕੇ ਹੋ ਰਹੇ ਕਤਲਾਂ ਕਾਰਨ ਨਾਗਰਿਕਾਂ ਸਣੇ ਦੂਜੇ ਮੁਲਕਾਂ ਦੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ’ਚ ਵੀ ਦਹਿਸ਼ਤ ਫੈਲ ਰਹੀ ਹੈ।
ਕਾਰੋਬਾਰੀ ਆਪਣੇ ਅਦਾਰੇ ਤੇ ਦੁਕਾਨਾਂ ਖੋਲ੍ਹਣ ਅਤੇ ਦੇਰ-ਸਵੇਰ ਸਫ਼ਰ ਕਰਨ ਤੋਂ ਵੀ ਡਰ ਰਹੇ ਹਨ ਕਿਉਂਕਿ ਪਿਛਲੇ 35 ਦਿਨਾਂ ’ਚ ਕਈ ਹਿੰਦੂਆਂ ਦੇ ਕਤਲ ਹੋ ਚੁੱਕੇ ਹਨ। ਦੋ ਦਸੰਬਰ 2025 ਨੂੰ ਸੋਨੇ ਦੇ ਹਿੰਦੂ ਵਪਾਰੀ ਪ੍ਰਾਂਤੋਸ਼ ਕਰਮਕਾਰ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੀ ਗਈ। ਇਸ ਤੋਂ ਪੰਜ ਦਿਨਾਂ ਬਾਅਦ ਸੱਤ ਦਸੰਬਰ ਨੂੰ ਮੁਕਤੀ ਸੰਗਰਾਮ ਦੇ ਮੁਕਤੀ-ਯੋਧਾ 75 ਸਾਲਾ ਜੋਗੇਸ਼ ਚੰਦਰ ਰਾਏ ਤੇ ਉਨ੍ਹਾਂ ਦੀ ਪਤਨੀ ਸੁਬੋਰਨਾ ਰਾਏ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਬਾਰਾਂ ਦਸੰਬਰ ਨੂੰ 18 ਸਾਲ ਦੇ ਹਿੰਦੂ ਆਟੋ ਰਿਕਸ਼ਾ ਡਰਾਈਵਰ ਨੂੰ ਵੱਢ ਕੇ ਖੇਤ ’ਚ ਸੁੱਟ ਦਿੱਤਾ ਗਿਆ।
ਇਸ ਤੋਂ ਮਗਰੋਂ 18 ਦਸੰਬਰ ਨੂੰ 27 ਸਾਲ ਦੇ ਹਿੰਦੂ ਵਰਕਰ ਦੀਪੂ ਚੰਦਰ ਦਾਸ ਨੂੰ ਇਸਲਾਮੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ, 24 ਦਸੰਬਰ ਨੂੰ 30 ਸਾਲ ਦੇ ਹਿੰਦੂ ਅੰਮਿ੍ਰਤ ਮੰਡਲ ਨੂੰ ਵੀ ਭੀੜ ਨੇ ਮਾਰਕੁੱਟ ਕਰ ਕੇ ਖ਼ਤਮ ਕਰ ਦਿੱਤਾ। ਇਸੇ ਕੜੀ ’ਚ ਤਿੰਨ ਜਨਵਰੀ ਨੂੰ ਸ਼ਰੀਅਤਪੁਰ ਜ਼ਿਲ੍ਹੇ ਦੇ ਹਿੰਦੂ ਕਾਰੋਬਾਰੀ ਖੋਕਨ ਚੰਦਰ ਦਾਸ ਨੂੰ ਘਰ ਮੁੜਦਿਆਂ ਹਮਲਾਵਰਾਂ ਨੇ ਰੋਕ ਕੇ ਪਹਿਲਾਂ ਚਾਕੂ ਮਾਰਿਆ ਅਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਹਮਲਾਵਰਾਂ ਦਾ ਸ਼ਿਕਾਰ ਇਕ ਅਖ਼ਬਾਰ ਦਾ 38 ਸਾਲਾ ਕਾਰਜਕਾਰੀ ਸੰਪਾਦਕ ਤੇ ਬਰਫ਼ ਫੈਕਟਰੀ ਦਾ ਮਾਲਕ ਵੀ ਬਣਿਆ ਜਿਸ ਨੂੰ 5 ਜਨਵਰੀ ਨੂੰ ਅਣਪਛਾਤਿਆਂ ਨੇ ਗੋਲ਼ੀ ਮਾਰ ਕੇ ਮਾਰ ਦਿੱਤਾ।
ਇਕ ਖ਼ਾਸ ਭਾਈਚਾਰੇ ਦੇ ਲੋਕਾਂ ਦਾ ਬਹੁਤਾਤ ’ਚ ਇਸ ਤਰੀਕੇ ਕਤਲ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮਾਰਨ ਵਾਲਿਆਂ ’ਤੇ ਈਸ਼ਨਿੰਦਾ ਦੇ ਗੰਭੀਰ ਇਲਜ਼ਾਮ ਲਾ ਕੇ ਭੀੜ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੀ ਹੈ। ਸਾਲ 1971 ’ਚ ਜਦੋਂ ਬੰਗਲਾਦੇਸ਼ ਬਣਿਆ ਸੀ ਤਾਂ ਉਸ ਵੇਲੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਇਕ ਮੰਚ ’ਤੇ ਨਜ਼ਰ ਆਏ ਸਨ। ਪੱਛਮੀ ਪਾਕਿਸਤਾਨ ਦੀ ਉਸ ਵੇਲੇ ਦੀ ਸਰਕਾਰ ਦੀ ਬੇਇਨਸਾਫ਼ੀ ਖ਼ਿਲਾਫ਼ ਭਾਰਤ ਦੇ ਸਹਿਯੋਗ ਨਾਲ ਲੜਾਈ ਲੜ ਕੇ ਬੰਗਲਾਦੇਸ਼ ਵੱਖਰਾ ਮੁਲਕ ਬਣਿਆ ਸੀ ਪਰ ਇਸ ਵੇਲੇ ਇਸ ਦੇ ਡਾਵਾਂਡੋਲ ‘ਸਿਆਸੀ ਸਿੰਘਾਸਣ’ ਅਤੇ ਧਾਰਮਿਕ ਆਸਥਾ ਕਾਰਨ ਲੋਕਾਂ ਦਾ ਖ਼ੂਨ ਵਹਿ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਅਤੇ ਉਸ ਨੇ ਇਸ ਵੇਲੇ ਭਾਰਤ ’ਚ ਪਨਾਹ ਲਈ ਹੋਈ ਹੈ। ਵੱਖਰਾ ਹੋਣ ਤੋਂ ਬਾਅਦ ਹੁਣ ਤੱਕ ਬੰਗਲਾਦੇਸ਼ ’ਚ 13 ਸ਼ਾਸਕ ਬਦਲੇ ਅਤੇ 4 ਫ਼ੌਜੀ ਬਗ਼ਾਵਤਾਂ ਹੋਈਆਂ। ਬੰਗਲਾਦੇਸ਼ ਦੇ ਅੰਦਰੂਨੀ ਸੰਕਟ ਦਾ ਗੁਆਂਢੀ ਮੁਲਕਾਂ ’ਤੇ ਵੀ ਪ੍ਰਭਾਵ ਪੈ ਰਿਹਾ ਹੈ। ਕਤਲਾਂ ਨਾਲ ਭਾਰਤੀ ਘੱਟ-ਗਿਣਤੀ ਭਾਈਚਾਰਿਆਂ ਦੇ ਮਨਾਂ ’ਚ ਵੀ ਡਰ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ।
Share this content:



Post Comment