ਹੁਣ ਜ਼ੀ 5 ’ਤੇ ਵੀ ਦੇਖੀ ਜਾ ਸਕੇਗੀ ‘ਗੋਡੇ ਗੋਡੇ ਚਾਅ 2’
31, ਦਸੰਬਰ – ਜੇ ਤੁਸੀਂ ਪੰਜਾਬੀ ਕਾਮੇਡੀ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਜ਼ੀ 5 ’ਤੇ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ 2’ ਦੇਖੀ ਜਾ ਸਕਦੀ ਹੈ। ਇਹ ਪੰਜਾਬ ਦੇ ਪੇਂਡੂ ਜੀਵਨ ’ਤੇ ਆਧਾਰਤ ਹੈ। ਇਸ ਫਿਲਮ ’ਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਫਿਲਮ ਇਸ ਤੋਂ ਪਹਿਲਾਂ ਆਈ ‘ਗੋਡੇ ਗੋਡੇ ਚਾਅ’ ਦਾ ਅਗਲਾ ਭਾਗ ਹੈ। ‘ਗੋਡੇ ਗੋਡੇ ਚਾਅ’ ਸਾਲ 2023 ਵਿੱਚ ਰਿਲੀਜ਼ ਹੋਈ ਸੀ। ਇਸ ਨੂੰ ਬਿਹਤਰੀਨ ਪੰਜਾਬੀ ਫਿਲਮ ਦਾ ਕੌਮੀ ਐਵਾਰਡ ਮਿਲਿਆ ਸੀ। ਇਸ ਵਿੱਚ ਦਿਖਾਇਆ ਗਿਆ ਸੀ ਕਿ ਰਿਵਾਜ਼ ਮੁਤਾਬਕ ਘਰ ਦੇ ਮਰਦ ਹੀ ਬਾਰਾਤ ਵਿੱਚ ਜਾ ਸਕਦੇ ਹਨ ਅਤੇ ਔਰਤਾਂ ਘਰ ’ਚ ਰਹਿੰਦੀਆਂ ਸਨ ਪਰ ਇਸ ਦੌਰਾਨ ਦਲੇਰ ਕੁੜੀ ਇਸ ਰਵਾਇਤ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਹੈ। ਉਹ ਅਜਿਹੇ ਹਾਲਾਤ ਤਿਆਰ ਕਰਦੀ ਹੈ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਬਾਰਾਤ ਜਾਂਦੀਆਂ ਹਨ। ਇਸ ਨਵੀਂ ਫਿਲਮ ‘ਗੋਡੇ ਗੋਡੇ ਚਾਅ 2’ ਦੀ ਕਹਾਣੀ ਵੀ ਉੱਥੋਂ ਅੱਗੇ ਵਧਾਈ ਗਈ ਹੈ।
ਇਸ ਵਿੱਚ ਔਰਤਾਂ ਨੂੰ ਭਾਵੇਂ ਬਾਰਾਤ ’ਚ ਜਾਣ ਦੀ ਆਗਿਆ ਤਾਂ ਮਿਲ ਗਈ ਪਰ ਉਹ ਇਸ ਤੋਂ ਜ਼ਿਆਦਾ ਦੀ ਉਮੀਦ ਰੱਖਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਵਿਆਹ ਦਾ ਸਾਰਾ ਪ੍ਰਬੰਧ ਉਨ੍ਹਾਂ ਦੇ ਹੱਥਾਂ ਵਿੱਚ ਹੋਵੇ। ਇਸ ਵਿੱਚ ਵਿਆਹ ਦੀ ਵਿਉਂਤਬੰਦੀ, ਨੱਚਣਾ, ਰੀਤਾਂ ਨਿਭਾਉਣ ਤੋਂ ਲੈ ਕੇ ਹਰ ਚੀਜ਼ ਔਰਤਾਂ ਆਪਣੇ ਹੱਥ ’ਚ ਲੈਣਾ ਚਾਹੁੰਦੀਆਂ ਹਨ। ਉਹ ਆਵਾਜ਼ ਬੁਲੰਦ ਕਰਦੀਆਂ ਹਨ ਕਿ ‘ਹੁਣ ਔਰਤਾਂ ਦਾ ਸਮਾਂ ਹੈ।’ ਇਸ ਕਾਰਨ ਘਰ ਦੇ ਮਰਦ ਔਖੇ ਹੁੰਦੇ ਕਿਉਂਕਿ ਉਨ੍ਹਾਂ ਦੇ ਹੱਥੋਂ ਸਾਰਾ ਕੁਝ ਖੁੱਸ ਜਾਂਦਾ ਹੈ। ਉਹ ਸਾਰੇ ਪ੍ਰਬੰਧ ਮੁੜ ਆਪਣੇ ਕੋਲ ਲਿਆਉਣ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਹਨ। ਇਸ ਫਿਲਮ ਵਿੱਚ ਐਮੀ ਵਿਰਕ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ, ਜਦੋਂਕਿ ਤਾਨੀਆ ਨੇ ਮੁੱਖ ਅਦਾਕਾਰਾ ਹੈ। ਉਸ ਨੂੰ ਦਲੇਰ ਕੁੜੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜੋ ਰੀਤ ਬਦਲਣ ਲਈ ਸੰਘਰਸ਼ ਕਰਦੀ ਹੈ। ਇਸ ਤੋਂ ਇਲਾਵਾ ਗਿਤਾਜ ਬਿੰਦਰਖੀਆ, ਗੁਰਜਾਜ਼, ਨਿਕੀਤ ਢਿੱਲੋਂ, ਨਿਰਮਲ ਰਿਸ਼ੀ ਅਤੇ ਗੁਰਪ੍ਰੀਤ ਭੰਗੂ ਵੀ ਨਜ਼ਰ ਆਉਣਗੇ।
Share this content:


Post Comment