ਨਵੇਂ ਸਾਲ ਤੋਂ ਪੇਪਰਲੈੱਸ ਬਿਜਲੀ ਕੁਨੈਕਸ਼ਨ ਸਿਸਟਮ ਹੋਵੇਗਾ ਲਾਗੂ
ਚੰਡੀਗੜ੍ਹ, 30 ਦਸੰਬਰ – ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਵਿੱਚ ਪਹਿਲੀ ਵਾਰ ਜਨਵਰੀ 2026 ਤੋਂ ਪੂਰੀ ਤਰ੍ਹਾਂ ਪੇਪਰਲੈੱਸ ਬਿਜਲੀ ਕਨੈਕਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਨਾਲ ਉਪਭੋਗਤਾਵਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਘਰ ਬੈਠੇ ਹੀ ਸਾਰੇ ਪ੍ਰਕਿਰਿਆਵਾਂ ਪੂਰੀਆਂ ਹੋ ਜਾਣਗੀਆਂ।
ਲੋਕਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ
ਹੁਣ ਨਵਾਂ ਬਿਜਲੀ ਕਨੈਕਸ਼ਨ ਲੈਣ ਦੀ ਪੂਰੀ ਪ੍ਰਕਿਰਿਆ ਆਨਲਾਈਨ ਕੀਤੀ ਜਾ ਰਹੀ ਹੈ। ਪਾਵਰਕਾਮ ਦਾ IT ਵਿੰਗ ਇਸ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਉਪਭੋਗਤਾਵਾਂ ਨੂੰ ਡਿਜ਼ਿਟਲ ਸੁਵਿਧਾਵਾਂ ਨਾਲ ਜੋੜਿਆ ਜਾ ਸਕੇ। ਵਿਭਾਗ ਦਾ ਦਾਅਵਾ ਹੈ ਕਿ ਇਸ ਨਾਲ ਨਾ ਸਿਰਫ਼ ਕੰਮ ਵਿੱਚ ਤੇਜ਼ੀ ਆਵੇਗੀ, ਸਗੋਂ ਲੋਕਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ। ਫਿਲਹਾਲ ਪਾਵਰਕਾਮ ਦਾ SAP ਸਿਸਟਮ 2015 ਤੋਂ ਚੱਲ ਰਿਹਾ ਹੈ, ਜੋ ਹੁਣ ਤੱਕ ਸਿਰਫ਼ ਸ਼ਹਿਰੀ ਇਲਾਕਿਆਂ ਤੱਕ ਹੀ ਸੀਮਿਤ ਸੀ। ਹੁਣ ਨਵਾਂ ਬਿਲਿੰਗ ਸਿਸਟਮ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਸਾਰਾ ਕੰਮ ਪੂਰੀ ਤਰ੍ਹਾਂ ਪੇਪਰਲੈੱਸ ਹੋ ਜਾਵੇਗਾ
ਨਵਾਂ ਸਿਸਟਮ ਲਾਗੂ ਹੋਣ ਤੋਂ ਬਾਅਦ ਸੁਵਿਧਾ ਸੈਂਟਰਾਂ ਵਿੱਚ ਸਾਰਾ ਕੰਮ ਪੂਰੀ ਤਰ੍ਹਾਂ ਪੇਪਰਲੈੱਸ ਹੋ ਜਾਵੇਗਾ। ਨਵੇਂ ਸਿਸਟਮ ਤਹਿਤ ਉਪਭੋਗਤਾ ਘਰ ਬੈਠੇ ਹੀ ਆਨਲਾਈਨ ਬਿਜਲੀ ਕਨੈਕਸ਼ਨ ਲਈ ਅਰਜ਼ੀ ਦੇ ਸਕਣਗੇ। ਜੋ ਖਪਤਕਾਰ ਆਨਲਾਈਨ ਅਰਜ਼ੀ ਨਹੀਂ ਦੇ ਸਕਦੇ, ਉਹ ਸੁਵਿਧਾ ਸੈਂਟਰ ਜਾ ਕੇ ਆਫਲਾਈਨ ਅਰਜ਼ੀ ਦੇ ਸਕਣਗੇ। ਉੱਥੇ ਮੌਜੂਦ ਸਟਾਫ਼ ਖੁਦ ਹੀ ਅਰਜ਼ੀ ਨੂੰ ਆਨਲਾਈਨ ਸਿਸਟਮ ਵਿੱਚ ਅਪਲੋਡ ਕਰ ਦੇਵੇਗਾ।
ਸੁਵਿਧਾ ਸੈਂਟਰ ਦੇ ਕਰਮਚਾਰੀਆਂ ਅਨੁਸਾਰ ਪਹਿਲਾਂ SAP ਸਿਸਟਮ ਵਿੱਚ ਨਵੇਂ ਕਨੈਕਸ਼ਨ ਲਈ ਅਰਜ਼ੀ ਦੇਣ ਤੋਂ ਬਾਅਦ ਜਾਣਕਾਰੀ ਵੇਖਣ ਲਈ CRM ਸਿਸਟਮ ਵਿੱਚ ਜਾਣਾ ਪੈਂਦਾ ਸੀ, ਜੋ ਕਿ ਇੱਕ ਮੁਸ਼ਕਲ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਸੀ। ਹੁਣ SAP ਅਤੇ CRM ਦੀ ਥਾਂ ਨਵਾਂ ਬਿਲਿੰਗ ਸਿਸਟਮ ਆਉਣ ਨਾਲ ਕੰਮ ਕਾਫ਼ੀ ਆਸਾਨ ਹੋ ਜਾਵੇਗਾ। ਇਸ ਨਾਲ ਜੁੜੀ ਇੱਕ ਹੋਰ ਵੱਡੀ ਰਾਹਤ ਇਹ ਹੈ ਕਿ ਉਪਭੋਗਤਾਵਾਂ ਨੂੰ ਆਨਲਾਈਨ ਅਰਜ਼ੀ ਦੇਣ ਲਈ ਸਿਰਫ਼ ਤਿੰਨ ਦਸਤਾਵੇਜ਼ਾਂ ਦੀ ਲੋੜ ਹੋਵੇਗੀ—ਆਧਾਰ ਕਾਰਡ, ਰਜਿਸਟਰੀ ਅਤੇ ਚਾਰ ਫੋਟੋਆਂ। ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਨਵੇਂ ਸਿਸਟਮ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗੀ ਅਤੇ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ।
Share this content:


Post Comment