Loading Now

ਡਾ. ਮਨਮੋਹਨ ਸਿੰਘ ਨੂੰ ਯਾਦ ਕਰਦਿਆਂ/ਮੋਹਿੰਦਰ ਸਿੰਘ

ਡਾ. ਮਨਮੋਹਨ ਸਿੰਘ ਨੂੰ ਯਾਦ ਕਰਦਿਆਂ/ਮੋਹਿੰਦਰ ਸਿੰਘ

ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ ਸਮੇਂ ਮੇਰੇ ਕੁਝ ਸੀਨੀਅਰ ਸਾਥੀ, ਡਾ. ਮਨਮੋਹਨ ਸਿੰਘ ਦੇ ਕਾਫ਼ੀ ਨੇੜੇ ਸਨ। ਉਹ ਇਸ ਨੇਤਾ, ਜੋ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਪ੍ਰਧਾਨ ਮੰਤਰੀ ਬਣਿਆ, ਬਾਰੇ ਬਹੁਤ ਸਾਰੀਆਂ ਪ੍ਰੇਰਨਾਦਾਇਕ ਗੱਲਾਂ ਸੁਣਾਉਂਦੇ ਸਨ। ਕੁਦਰਤੀ ਹੀ ਮੈਨੂੰ ਇਸ ਵਿਲੱਖਣ ਵਿਦਵਾਨ ਨੂੰ ਮਿਲਣ ਦੀ ਉਤਸੁਕਤਾ ਹੋਈ। ਮੈਂ ਜਦੋਂ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼, ਨਵੀਂ ਦਿੱਲੀ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਤਾਂ ਮੈਨੂੰ ਇਹ ਮੌਕਾ ਸੁਤੇਸਿੱਧ ਹੀ ਮਿਲ ਗਿਆ। ਇਹ ਸਬੱਬ ਡਾ. ਮਨਮੋਹਨ ਸਿੰਘ ਨੂੰ 1993 ਲਈ ਉਨ੍ਹਾਂ ਉੱਘੇ ਵਿਦਵਾਨਾਂ ਨੂੰ ਭਾਈ ਵੀਰ ਸਿੰਘ ਅੰਤਰਰਾਸ਼ਟਰੀ ਪੁਰਸਕਾਰ ਭੇਟ ਕਰਨ ਲਈ ਸੱਦਾ ਦੇਣ ਮੌਕੇ ਬਣਿਆ, ਜਿਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ ਸੀ।

ਮੇਰੀ ਗੱਲ ਠਰ੍ਹੰਮੇ ਨਾਲ ਸੁਣਨ ਮਗਰੋਂ ਉਨ੍ਹਾਂ ਨੇ ਮੈਨੂੰ ਸੰਸਥਾ ਦੇ ਪਿਛੋਕੜ, ਗਵਰਨਿੰਗ ਬਾਡੀ ਦੇ ਵੇਰਵਿਆਂ ਅਤੇ ਪੁਰਸਕਾਰ ਜੇਤੂ ਵਿਦਵਾਨਾਂ ਦੀ ਸੂਚੀ ਬਾਰੇ ਇੱਕ ਰਸਮੀ ਪੱਤਰ ਭੇਜਣ ਲਈ ਕਿਹਾ। ਅਗਲੀ ਸ਼ਾਮ ਮੈਨੂੰ ਉਨ੍ਹਾਂ ਨਾਲ ਮਿਲਣ ਲਈ ਸੱਦਾ ਮਿਲਿਆ। ਉਨ੍ਹਾਂ ਨੇ ਸੰਸਥਾ ਅਤੇ ਸੂਚੀ ਵਿੱਚ ਦਰਜ ਨਾਵਾਂ ਵਾਲੇ ਪੁਰਸਕਾਰ ਜੇਤੂਆਂ ਬਾਰੇ ਕੁਝ ਸਵਾਲ ਪੁੱਛਣੇ ਸਨ। ਅੱਧੀ ਜੰਗ ਤਾਂ ਉਦੋਂ ਹੀ ਜਿੱਤੀ ਗਈ ਜਦੋਂ ਮੈਂ ਦੱਸਿਆ ਕਿ ਭਾਰਤੀ ਸਿਆਸਤ ਵਿੱਚ ਸਤਿਕਾਰੇ ਜਾਂਦੇ ਸ. ਸਵਰਨ ਸਿੰਘ ਸੰਸਥਾ ਦੇ ਪ੍ਰਧਾਨ ਸਨ ਅਤੇ ਡਾ. ਮੁਲਕ ਰਾਜ ਆਨੰਦ, ਡਾ. ਅਮਰੀਕ ਸਿੰਘ, ਪ੍ਰੋ. ਵੀ.ਐਨ. ਦੱਤਾ ਅਤੇ ਸ੍ਰੀ ਬੀ.ਆਰ. ਨੰਦਾ ਵਰਗੇ ਉੱਘੇ ਵਿਦਵਾਨ ਸੰਸਥਾ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸਨ। ਇਨ੍ਹਾਂ ਜਵਾਬਾਂ ਤੋਂ ਸੰਤੁਸ਼ਟ ਹੋ ਕੇ ਉਹ 26 ਦਸੰਬਰ 1993 ਨੂੰ ਪੁਰਸਕਾਰ ਭੇਟ ਕਰਨ ਲਈ ਇਸ ਸ਼ਰਤ ’ਤੇ ਸਹਿਮਤ ਹੋ ਗਏ ਕਿ ਪਹਿਲਾਂ ਤੋਂ ਹੀ ਤੈਅ ਕੁਝ ਹੋਰ ਰੁਝੇਵਿਆਂ ਕਾਰਨ ਉਹ ਸਿਰਫ਼ ਅੱਧਾ ਘੰਟਾ ਹੀ ਕੱਢ ਸਕਣਗੇ।

ਸਮੇਂ ਦੇ ਪਾਬੰਦ ਸ਼ਖ਼ਸ ਵਜੋਂ ਜਾਣੇ ਜਾਂਦੇ ਡਾ. ਮਨਮੋਹਨ ਸਿੰਘ ਸ਼ਾਮ ਨੂੰ ਪੰਜ ਵਜੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੇ ਆਡੀਟੋਰੀਅਮ ਵਿੱਚ ਪਹੁੰਚ ਗਏ। ਉਹ ਸ. ਸਵਰਨ ਸਿੰਘ ਅਤੇ ਡਾ. ਮੁਲਕ ਰਾਜ ਆਨੰਦ ਨਾਲ ਮੰਚ ਸਾਂਝਾ ਕਰਕੇ ਬੜੇ ਖ਼ੁਸ਼ ਹੋਏ। ਇਨਾਮ ਭੇਟ ਕਰਨ ਦੀ ਰਸਮ 29 ਮਿੰਟ ਚੱਲੀ। ਜਿਉਂ ਹੀ ਉਹ ਜਾਣ ਲੱਗੇ ਤਾਂ ਪੰਡਿਤ ਜਸਰਾਜ ਦੁਆਰਾ ਗੁਰਬਾਣੀ ਸ਼ਬਦ ਗਾਇਨ ਦਾ ਐਲਾਨ ਕੀਤਾ ਜਾ ਰਿਹਾ ਸੀ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਸ਼ਾਸਤਰੀ ਸੰਗੀਤ ਦੇ ਕਦਰਦਾਨ ਸਨ। ਇਹ ਐਲਾਨ ਸੁਣ ਕੇ ਉਹ ਖ਼ੁਸ਼ ਵੀ ਹੋਏ ਤੇ ਹੈਰਾਨ ਵੀ। ਉਨ੍ਹਾਂ ਨੇ ਪੁੱਛਿਆ, ‘‘ਕੀ ਅਸੀਂ ਹੋਰ ਸਮਾਂ ਰੁਕ ਸਕਦੇ ਹਾਂ?’’ ਉਨ੍ਹਾਂ ਪਲਾਂ ਨੇ ਮਨਮੋਹਨ ਸਿੰਘ ਦੀ ਸ਼ਖ਼ਸੀਅਤ ਦੇ ਨਿੱਘ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਦਰਸਾਇਆ।

ਇੱਕ ਸਾਲ ਮਗਰੋਂ ਸ. ਸਵਰਨ ਸਿੰਘ ਦੇ ਦੇਹਾਂਤ ਤੋਂ ਬਾਅਦ ਅਸੀਂ ਡਾ. ਮਨਮੋਹਨ ਸਿੰਘ ਨੂੰ ਸੰਸਥਾ ਦੇ ਸਰਪ੍ਰਸਤ ਬਣਨ ਦੀ ਬੇਨਤੀ ਕੀਤੀ। ਮੈਨੂੰ ਜਾਪਦਾ ਹੈ ਕਿ 1993 ’ਚ ਹੋਏ ਸਮਾਗਮ ਅਤੇ ਉਨ੍ਹਾਂ ਅੰਦਰਲੇ ਅਧਿਆਪਕ ਦੀ ਭਾਵਨਾ ਨੇ ਸਾਡੀ ਉਹ ਬੇਨਤੀ ਸਵੀਕਾਰ ਹੋਣ ਵਿੱਚ ਥੋੜ੍ਹੀ ਭੂਮਿਕਾ ਤਾਂ ਨਿਭਾਈ ਹੋਵੇਗੀ। ਉਹ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਆਏ ਤਾਂ ਪਹਿਲਾਂ ਲਾਇਬ੍ਰੇਰੀ ਗਏ, ਖੋਜਕਾਰਾਂ ਨਾਲ ਗੱਲ ਕੀਤੀ। ਫਿਰ ਅਚਾਨਕ ਲਾਇਬ੍ਰੇਰੀ ’ਚ ਵਾਪਸ ਜਾ ਕੇ ਖੋਜਕਾਰਾਂ ਨੂੰ ਕਿਹਾ, ‘‘ਅੱਜ ਤੋਂ ਇਹ ਤੁਹਾਡਾ ਕਮਰਾ ਹੈ। ਮੈਂ ਡਾਇਰੈਕਟਰ ਨੂੰ ਬੇਨਤੀ ਕਰਾਂਗਾ ਕਿ ਉਹ ਇੱਕ ਅਨੁਕੂਲ ਮਾਹੌਲ ਵਿੱਚ ਖੋਜ ਲਈ ਢੁਕਵੀਆਂ ਸਹੂਲਤਾਂ ਪ੍ਰਦਾਨ ਕਰਨ।’’ ਇਸ ਤੋਂ ਉਨ੍ਹਾਂ ਦੀ ਭਲਮਾਣਸੀ ਅਤੇ ਨੌਜਵਾਨ ਖੋਜਕਾਰਾਂ ਲਈ ਮੋਹ ਪ੍ਰਤੱਖ ਦਿਸੇ।

ਪੱਚੀ ਸਾਲ ਡਾ. ਮਨਮੋਹਨ ਸਿੰਘ ਵੱਲੋਂ ਮਿਲੀ ਸਰਪ੍ਰਸਤੀ ਹੇਠ ਇਹ ਸੰਸਥਾ ਕੌਮੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਖੋਜ ਲਈ ਇੱਕ ਮੋਹਰੀ ਕੇਂਦਰ ਵਜੋਂ ਉੱਭਰੀ। ਰੋਮਿਲਾ ਥਾਪਰ, ਪ੍ਰੋ. ਬੀ.ਐੱਨ. ਗੋਸਵਾਮੀ, ਪ੍ਰੋ. ਮਲਸ੍ਰੀ ਲਾਲ, ਪ੍ਰੋ. ਆਂਦਰੇ ਬੇਤੈਲ, ਸ੍ਰੀ ਕੁਲਦੀਪ ਨਈਅਰ, ਸਫ਼ੀਰ ਨਵਤੇਜ ਸਰਨਾ, ਸਰ ਮਾਰਕ ਟਲੀ ਅਤੇ ਪ੍ਰੋ. ਮਾਰਕ ਜੁਰਗਨਸਮੇਅਰ ਵਰਗੇ ਉੱਘੇ ਵਿਦਵਾਨਾਂ ਨੇ ਇੰਸਟੀਚਿਊਟ ਵਿੱਚ ਭਾਸ਼ਣ ਦਿੱਤੇ ਅਤੇ ਆਪਣੇ ਰੁਝੇਵਿਆਂ ਤੇ ਜ਼ਿੰਮੇਵਾਰੀਆਂ ਦੇ ਬਾਵਜੂਦ ਡਾ. ਮਨਮੋਹਨ ਸਿੰਘ ਨੇ ਜ਼ਿਆਦਾਤਰ ਸਮਾਗਮਾਂ ਦੀ ਪ੍ਰਧਾਨਗੀ ਆਪ ਕੀਤੀ।

ਮਈ 2004 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਡਾ. ਮਨਮੋਹਨ ਸਿੰਘ ਇਸ ਸੰਸਥਾ ਦਾ ਮਾਰਗਦਰਸ਼ਨ ਕਰਦੇ ਰਹੇ। ਸਾਡੀ ਬੇਨਤੀ ’ਤੇ ਉਨ੍ਹਾਂ ਨੇ ਅਕਤੂਬਰ 2005 ਵਿੱਚ ਵਿਗਿਆਨ ਭਵਨ ਵਿਖੇ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਕੌਮਾਂਤਰੀ ਸੈਮੀਨਾਰ ਦਾ ਉਦਘਾਟਨ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਅਸੀਂ 25 ਨਵੰਬਰ 2016 ਨੂੰ ਆਈ ਆਈ ਸੀ ਵਿਖੇ ਕੌਮਾਂਤਰੀ ਸੈਮੀਨਾਰ ਦਾ ਆਯੋਜਨ ਕੀਤਾ, ਜਿਸ ਦਾ ਉਦਘਾਟਨ ਸ੍ਰੀ ਹਾਮਿਦ ਅੰਸਾਰੀ ਨੇ ਕੀਤਾ। ਡਾ. ਮਨਮੋਹਨ ਸਿੰਘ ਅਤੇ ਸ੍ਰੀ ਅਰੁਣ ਜੇਤਲੀ ਵੀ ਇਸ ਮੌਕੇ ਸ੍ਰੀ ਅੰਸਾਰੀ ਨਾਲ ਮੌਜੂਦ ਸਨ। ਇਹ ਅਜਿਹੇ ਖ਼ਾਸ ਪਲਾਂ ਵਿੱਚੋਂ ਇੱਕ ਸੀ ਜਦੋਂ ਵਿਦਵਾਨ-ਸਿਆਸਤਦਾਨਾਂ ਨੇ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ। 26 ਨਵੰਬਰ ਦੇ ਅੰਕ ਵਿੱਚ ‘ਦਿ ਟ੍ਰਿਬਿਊਨ’ ਨੇ ‘ਗੁਰੂ ਸਾਹਿਬ ਬਾਰੇ ਸੈਮੀਨਾਰ ’ਚ ਮਨਮੋਹਨ ਸਿੰਘ ਅਤੇ ਜੇਤਲੀ ਇਕੱਠੇ ਨਜ਼ਰ ਆਏ’ ਸਿਰਲੇਖ ਨਾਲ ਇਸ ਘਟਨਾ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਅਤੇ ਇੰਸਟੀਚਿਊਟ ਦੁਆਰਾ ਪ੍ਰਕਾਸ਼ਿਤ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁਸਤਕ ਨੂੰ ਰਿਲੀਜ਼ ਕਰਦੇ ਹੋਏ ਪਤਵੰਤਿਆਂ ਦੀ ਤਸਵੀਰ ਵੀ ਛਾਪੀ।

ਮਨਮੋਹਨ ਸਿੰਘ ਸਾਧਾਰਨ ਤੇ ਸ਼ਰਮੀਲੇ ਤਾਂ ਸਨ, ਪਰ ਆਪਣੀ ਪ੍ਰਤਿਭਾ ਅਤੇ ਸਮਰੱਥਾ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਉਹ ਕੈਂਬਰਿਜ ਯੂਨੀਵਰਸਿਟੀ ਦੇ ਆਪਣੇ ਅਧਿਆਪਕਾਂ, ਖ਼ਾਸਕਰ ਪ੍ਰੋਫੈਸਰ ਜੌਨ ਰੌਬਿਨਸਨ ਦਾ ਚਹੇਤਾ ਸੀ। ਪ੍ਰੋ. ਵੀ.ਐਨ. ਦੱਤਾ ਨੇ ਦੱਸਿਆ ਕਿ ਇੱਕ ਪ੍ਰਸ਼ੰਸਾ ਪੱਤਰ ਵਿੱਚ ਪ੍ਰੋਫੈਸਰ ਰੌਬਿਨਸਨ ਨੇ ਮਨਮੋਹਨ ਸਿੰਘ ਨੂੰ ਜ਼ਹੀਨ ਹੋਣ ਦੇ ਨਾਲ ਨਾਲ ਅਸਲੀ ‘ਸੱਜਣ’ (ਜੈਂਟਲਮੈਨ) ਵੀ ਦੱਸਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਸਲੀ ਸੱਜਣ ਤੋਂ ਕੀ ਭਾਵ ਹੈ ਤਾਂ ਉਨ੍ਹਾਂ ਜਵਾਬ ਦਿੱਤਾ, ‘‘ਇਸ ਦੇਸ਼ ਵਿੱਚ ਹਰ ਆਦਮੀ ਨੂੰ ਜੈਂਟਲਮੈਨ ਕਿਹਾ ਜਾਂਦਾ ਹੈ, ਪਰ ਅਸਲੀ ਸੱਜਣ ਬਹੁਤ ਘੱਟ ਹਨ ਅਤੇ ਮਨਮੋਹਨ ਉਨ੍ਹਾਂ ਵਿੱਚੋਂ ਇੱਕ ਹਨ।’’ ਡਾ. ਮਨਮੋਹਨ ਸਿੰਘ ਦੀਆਂ ਅਕਾਦਮਿਕ ਯੋਗਤਾਵਾਂ ਬਾਰੇ ਸਾਰੇ ਜਾਣਦੇ ਹਨ, ਪਰ ਉਨ੍ਹਾਂ ਵੱਲੋਂ ਆਰਥਿਕ ਨੀਤੀਆਂ ਨੂੰ ਆਕਾਰ ਦੇਣ ਵਿੱਚ ਪ੍ਰੋਫੈਸਰ ਜੌਨ ਰੌਬਿਨਸਨ ਦੇ ਪ੍ਰਭਾਵ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਵਿੱਤ ਮੰਤਰੀ ਵਜੋਂ ਉਨ੍ਹਾਂ ਨੇ ਵੱਡੇ ਆਰਥਿਕ ਸੁਧਾਰ ਲਾਗੂ ਕਰਕੇ, ਲਾਇਸੈਂਸ-ਪਰਮਿਟ ਰਾਜ ਨੂੰ ਖ਼ਤਮ ਕਰਕੇ ਤੇ ਉਦਾਰੀਕਰਨ ਦੀ ਸ਼ੁਰੂਆਤ ਕਰਕੇ ਭਾਰਤੀ ਅਰਥਵਿਵਸਥਾ ਨੂੰ ਸੁਰਜੀਤ ਕੀਤਾ। ਪ੍ਰਧਾਨ ਮੰਤਰੀ ਹੋਣ ਨਾਤੇ ਉਨ੍ਹਾਂ ਦੇ ‘ਅਸਲ ਸੱਜਣ’ ਵਾਲੇ ਸੁਭਾਅ ਨੇ ਮਗਨਰੇਗਾ ਅਤੇ ਆਰ ਟੀ ਆਈ ਵਰਗੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਅਨੁਸਾਰ, ‘‘ਮਨਮੋਹਨ ਸਿੰਘ ਨੇ ਭਾਰਤ ਦੀ ਆਰਥਿਕਤਾ ਨੂੰ ਦਿਸ਼ਾ ਅਤੇ ਆਕਾਰ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।’’ ਗੁਆਂਢੀ ਦੇਸ਼ਾਂ ਨਾਲ ਨਜਿੱਠਣ ਸਮੇਂ ਡਾ. ਮਨਮੋਹਨ ਸਿੰਘ ਨੇ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਪਾਕਿਸਤਾਨ ਨਾਲ ਸਬੰਧਾਂ ਨੂੰ ਸੁਧਾਰਨ, ਮੁਕਤ ਵਪਾਰ ਅਤੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਨੂੰ ਜਾਰੀ ਰੱਖਿਆ ਅਤੇ ਮਜ਼ਬੂਤ ​​ਕੀਤਾ। ਉਹ ਮੰਨਦੇ ਸਨ ਕਿ ਅਜਿਹੇ ਉਪਾਅ ਭਵਿੱਖ ਵਿੱਚ ਦੋਵਾਂ ਦੇਸ਼ਾਂ ਨੂੰ ਵੰਡਦੀਆਂ ਸਰਹੱਦਾਂ ਨੂੰ ਅਪ੍ਰਸੰਗਿਕ ਬਣਾ ਦੇਣਗੇ।

ਇਹ ਧਾਰਨਾ ਦੂਰ ਕਰਨ ਦੀ ਲੋੜ ਹੈ ਕਿ ਡਾ. ਮਨਮੋਹਨ ਸਿੰਘ ਸਿਆਸਤਦਾਨ ਨਹੀਂ ਸਨ। ਗੱਠਜੋੜ ਸਰਕਾਰ ਦੀਆਂ ਸੀਮਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ ਡਾ. ਮਨਮੋਹਨ ਸਿੰਘ ਨੇ ਗੱਠਜੋੜ ਭਾਈਵਾਲਾਂ ਦੇ ਵਿਚਾਰਾਂ ਨੂੰ ਬਣਦੀ ਅਹਿਮੀਅਤ ਦਿੱਤੀ। ਜੇਕਰ ਭਾਈਵਾਲ ਕੋਈ ਲਛਮਣ ਰੇਖਾ ਉਲੰਘਦੇ ਤਾਂ ਉਹ ਆਪਣੀ ਸਰਕਾਰ ਨੂੰ ਖ਼ਤਰੇ ਵਿੱਚ ਪਾ ਕੇ ਵੀ ਸਖ਼ਤ ਸਟੈਂਡ ਲੈਣ ਤੋਂ ਨਹੀਂ ਸਨ ਝਿਜਕਦੇ। ਉਨ੍ਹਾਂ ਨੇ 2012 ਵਿੱਚ ਰੇਲਵੇ ਬਜਟ ਪੇਸ਼ ਕਰਦੇ ਸਮੇਂ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਜਦੋਂ ਖੱਬੇ ਮੋਰਚੇ ਨੇ ਅਮਰੀਕਾ ਨਾਲ ਨਿਊਕਲੀਅਰ ਸਮਝੌਤੇ ਕਾਰਨ ਯੂਪੀਏ ਸਰਕਾਰ ਨੂੰ ਡੇਗਣ ਦੀ ਧਮਕੀ ਦਿੱਤੀ ਤਾਂ ਮਨਮੋਹਨ ਸਿੰਘ ਨੇ ਤਤਕਾਲੀ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਨੂੰ ਮਿਲ ਕੇ ਆਪਣੀ ਦੁਚਿੱਤੀ ਸਾਂਝੀ ਕਰਕੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਡਾ. ਕਲਾਮ ਨੇ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਗੱਠਜੋੜ ਵਿੱਚ ਸ਼ਾਮਲ ਹੋਣ ਅਤੇ ਯੂਪੀਏ ਸਰਕਾਰ ਨੂੰ ਬਚਾਉਣ ਲਈ ਮਨਾ ਲਿਆ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿਉਂਕਿ ਦੋ ਅਜਿਹੇ ਵਿਅਕਤੀਆਂ, ਜਿਨ੍ਹਾਂ ਲਈ ਦੇਸ਼ ਦੇ ਹਿੱਤ ਪਾਰਟੀ ਸਿਆਸਤ ਤੋਂ ਉੱਪਰ ਸਨ, ਨੇ ਮਿਲ ਕੇ ਸਰਕਾਰ ਨੂੰ ਬਚਾਇਆ ਸੀ।

ਮਨਮੋਹਨ ਸਿੰਘ ਵੱਲੋਂ ਆਪਣੀ ਆਖ਼ਰੀ ਪ੍ਰੈੱਸ ਕਾਨਫਰੰਸ ਵਿੱਚ ਕਹੇ ਗਏ ਸ਼ਬਦ ਭਵਿੱਖਬਾਣੀ ਸਾਬਿਤ ਹੋਏ: ‘‘ਮੈਂ ਦਿਲੋਂ ਵਿਸ਼ਵਾਸ ਕਰਦਾ ਹਾਂ ਕਿ ਇਤਿਹਾਸ ਮੇਰੇ ਲਈ ਸਮਕਾਲੀ ਮੀਡੀਆ ਜਾਂ ਸੰਸਦ ਵਿੱਚ ਵਿਰੋਧੀ ਧਿਰ ਨਾਲੋਂ ਕਿਤੇ ਜ਼ਿਆਦਾ ਦਿਆਲੂ ਹੋਵੇਗਾ।’’ ਉਨ੍ਹਾਂ ਦੇ ਦੇਹਾਂਤ ਮੌਕੇ ਦਿੱਤੀਆਂ ਗਈਆਂ ਸ਼ਰਧਾਂਜਲੀਆਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ ਕਿ ਉਨ੍ਹਾਂ ਨੂੰ ਨਿਆਂਪੂਰਨ ਅਤੇ ਨਿਰਪੱਖ ਵਿਸ਼ਵ ਵਿਵਸਥਾ ਦੇ ਨਿਰਮਾਣ ਲਈ ਯਤਨਸ਼ੀਲ ਸਪੱਸ਼ਟ ਦ੍ਰਿਸ਼ਟੀਕੋਣ ਵਾਲਾ ਵਿਸ਼ਵ ਆਗੂ ਮੰਨਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਜਮਹੂਰੀ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਦੱਸਿਆ ਸੀ। ਸ੍ਰੀਮਤੀ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ‘ਸੂਝ ਸਿਆਣਪ, ਸਾਊਪੁਣੇ ਤੇ ਨਿਮਰਤਾ ਦਾ ਪ੍ਰਤੀਕ’ ਦੱਸਿਆ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ, ‘‘ਜਦੋਂ ਮਨਮੋਹਨ ਸਿੰਘ ਬੋਲਦੇ ਹਨ ਤਾਂ ਦੁਨੀਆ ਸੁਣਦੀ ਹੈ।’’ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਨੂੰ ‘‘ਇੱਕ ਸ਼ਾਨਦਾਰ ਰਾਜਨੇਤਾ’’ ਦੱਸਿਆ ਜਦੋਂਕਿ ਜਰਮਨੀ ਦੀ ਏਂਜਲਾ ਮਰਕਲ ਨੇ ਭਾਰਤ ਦੇ ਕਰੋੜਾਂ ਪੇਂਡੂ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਨੂੰ ਡਾ. ਮਨਮੋਹਨ ਸਿੰਘ ਦਾ ਉਦੇਸ਼ ਦੱਸਿਆ ਸੀ।

Share this content:

Post Comment