Loading Now

ਰੋਸ਼ਨੀ ਦਾ ਤਿਉਹਾਰ ਤੇ ਹਿੰਸਾ ਦਾ ਹਨੇਰਾ

ਰੋਸ਼ਨੀ ਦਾ ਤਿਉਹਾਰ ਤੇ ਹਿੰਸਾ ਦਾ ਹਨੇਰਾ

ਆਸਟਰੇਲੀਆ ਆਪਣੀ ਧਰਤੀ ’ਤੇ ਸਭ ਤੋਂ ਭਿਆਨਕ ਅਤਿਵਾਦੀ ਹਮਲੇ ਨਾਲ ਕੰਬ ਗਿਆ ਹੈ, ਜਿਸ ਕਾਰਨ ਹੁਣ ਤੱਕ 15 ਨਾਗਰਿਕ ਤੇ ਇੱਕ ਬੰਦੂਕਧਾਰੀ ਮਾਰਿਆ ਗਿਆ ਹੈ ਅਤੇ 40 ਵਿਅਕਤੀ ਜ਼ਖ਼ਮੀ ਹੋ ਗਏ ਹਨ। ਸਿਡਨੀ ਦੇ ਮਸ਼ਹੂਰ ਬੌਂਡੀ ਬੀਚ ’ਤੇ ਆਰਚਰ ਪਾਰਕ ਵਿੱਚ ਹਾਨੂਕਾ ਦੀ ਪਹਿਲੀ ਰਾਤ ਮਨਾਉਣ ਲਈ ਇਕੱਠੇ ਹੋਏ ਯਹੂਦੀ ਭਾਈਚਾਰੇ ’ਤੇ ਦੋ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਦੋ ਕਥਿਤ ਹਮਲਾਵਰ ਪਿਉ ਤੇ ਪੁੱਤਰ ਸਨ, ਜਿਨ੍ਹਾਂ ਦੀ ਉਮਰ ਕ੍ਰਮਵਾਰ 50 ਅਤੇ 24 ਸਾਲ ਸੀ। ਪਿਤਾ ਸਾਜਿਦ ਅਕਰਮ ਕੋਲ ਛੇ ਹਥਿਆਰ ਰੱਖਣ ਦਾ ਲਾਇਸੈਂਸ ਸੀ। ਉਸ ਨੂੰ ਪੁਲੀਸ ਨੇ ਗੋਲੀ ਮਾਰ ਦਿੱਤੀ। ਹਮਲਾਵਰ ਸਾਜਿਦ ਦਾ ਪੁੱਤਰ ਨਵੀਦ ਅਕਰਮ ਹਸਪਤਾਲ ਵਿੱਚ ਪੁਲੀਸ ਦੀ ਨਿਗਰਾਨੀ ਹੇਠ ਹੈ।

ਪ੍ਰਤੱਖ ਤੌਰ ’ਤੇ ਇਹ ਯਹੂਦੀ-ਵਿਰੋਧੀ ਹਮਲਾ ਸੀ। ਇਸ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਇਸ ਨੂੰ ਦਹਿਸ਼ਤੀ ਕਾਰਵਾਈ ਐਲਾਨ ਦਿੱਤਾ, ਇਸ ਤੋਂ ਭਾਵ ਹੈ ਕਿ ਸਿਆਸੀ ਤੌਰ ’ਤੇ ਪ੍ਰੇਰਿਤ ਹਿੰਸਕ ਕਾਰਵਾਈ। ਇਸ ਨੂੰ ਦਹਿਸ਼ਤੀ ਕਾਰਵਾਈ ਐਲਾਨਣ ਨਾਲ ਅਧਿਕਾਰੀਆਂ ਨੂੰ ਇਸ ਦਾ ਜਵਾਬ ਦੇਣ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਅਦਾਲਤ ਤੋਂ ਸਜ਼ਾ ਦਿਵਾਉਣ ਲਈ ਵਧੇਰੇ ਸਰੋਤ ਮਿਲੇ ਹਨ।ਆਸਟਰੇਲਿਆਈ ਲੋਕ ਇਸ ਘਟਨਾ ਮਗਰੋਂ ਸਦਮੇ ਅਤੇ ਸੋਗ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਭਾਈਚਾਰੇ ਵਿੱਚ ਰੋਹ ਵੀ ਹੈ ਕਿ ਅਕਤੂਬਰ 2023 ਵਿੱਚ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਅਤੇ ਉਸ ਮਗਰੋਂ ਛਿੜੀ ਗਾਜ਼ਾ ਜੰਗ ਤੋਂ ਬਾਅਦ ਯਹੂਦੀ ਆਸਟਰੇਲਿਆਈਆਂ ਨੂੰ ਵਧ ਰਹੀ ਯਹੂਦੀ-ਵਿਰੋਧੀ ਭਾਵਨਾ ਕਾਰਨ ਉਪਜੇ ਖ਼ਤਰਿਆਂ ਤੋਂ ਬਚਾਉਣ ਲਈ ਬਹੁਤਾ ਕੁਝ ਨਹੀਂ ਕੀਤਾ ਗਿਆ।

ਕਥਿਤ ਹਮਲਾਵਰਾਂ ਬਾਰੇ ਅਸੀਂ ਕੀ ਜਾਣਦੇ ਹਾਂ:

ਏ ਐੱਸ ਆਈ ਓ (ਆਸਟਰੇਲੀਅਨ ਸੁਰੱਖਿਆ ਖ਼ੁਫ਼ੀਆ ਸੰਗਠਨ) ਦੇ ਡਾਇਰੈਕਟਰ-ਜਨਰਲ ਮਾਈਕ ਬਰਗੈੱਸ ਨੇ ਕਿਹਾ ਹੈ ਕਿ ਕਥਿਤ ਬੰਦੂਕਧਾਰੀਆਂ ਵਿੱਚੋਂ ਇੱਕ ਬਾਰੇ ਏ ਐੱਸ ਆਈ ਓ ‘ਜਾਣੂੰ’ ਸੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਦੋਵਾਂ ਵਿੱਚੋਂ ਕਿਹੜੇ ਬੰਦੂਕਧਾਰੀ ਦੀ ਗੱਲ ਕੀਤੀ ਹੈ। ਅਧਿਕਾਰੀਆਂ ਦੇ ‘ਜਾਣੂੰ’ ਹੋਣ ਦਾ ਸਿੱਧਾ ਮਤਲਬ ਨੈੱਟਵਰਕਾਂ ਅਤੇ ਸੰਚਾਰਾਂ ਨਾਲ ਜੁੜਿਆ ਕੋਈ ਵਿਅਕਤੀ ਹੋ ਸਕਦਾ ਹੈ, ਜਿਸ ਕਾਰਨ ਅਧਿਕਾਰੀ ਫ਼ਿਕਰਮੰਦ ਹਨ। ਏ ਬੀ ਸੀ ਦੀ ਰਿਪੋਰਟ ਮੁਤਾਬਿਕ ਜੁਲਾਈ 2019 ਵਿੱਚ ਇਸਲਾਮਿਕ ਸਟੇਟ ਸਿਡਨੀ ਸੈੱਲ ਦੇ ਨੇਤਾ ਇਸਹਾਕ ਅਲ ਮਤਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਵੀਦ ਅਕਰਮ ਅਧਿਕਾਰੀਆਂ ਦੀ ਨਜ਼ਰ ਵਿੱਚ ਆਇਆ ਸੀ।

ਹਾਲਾਂਕਿ, ਸੈਂਕੜੇ ਵਿਅਕਤੀ ਇੰਤਹਾਪਸੰਦ ਨੈੱਟਵਰਕਾਂ ਅਤੇ ਵਿਅਕਤੀਆਂ ਨਾਲ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਦੇ ਆਪਣੇ ਸੰਪਰਕਾਂ ਕਾਰਨ ਅਧਿਕਾਰੀਆਂ ਦੀ ਨਜ਼ਰ ਵਿੱਚ ਆਉਂਦੇ ਹਨ। ਸੁਰੱਖਿਆ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਜਾਂ ਸਮੂਹ ਦੁਆਰਾ ਖੜ੍ਹੇ ਕੀਤੇ ਜਾ ਸਕਦੇ ਸੰਭਾਵੀ ਖ਼ਤਰੇ ਦਾ ਮੁਲਾਂਕਣ ਕਰਨ ਅਤੇ ਜੋਖ਼ਮ ਨੂੰ ਹਰ ਹਾਲ ਘੱਟ ਤੋਂ ਘੱਟ ਕਰਨ ਲਈ ਸੀਮਤ ਸਰੋਤਾਂ (ਭਾਵੇਂ ਕਿੰਨਾ ਵੀ ਫੰਡ ਹੋਵੇ, ਸਰਕਾਰੀ ਅਧਿਕਾਰੀਆਂ ਦੇ ਸਰੋਤ ਹਮੇਸ਼ਾ ਸੀਮਤ ਹੀ ਰਹਿਣਗੇ) ਨਾਲ ਹੀ ਟ੍ਰਾਈਏਜ ਸਿਸਟਮ ਚਲਾਉਣਾ ਪੈਂਦਾ ਹੈ। ਉਦਾਹਰਣ ਵਜੋਂ, ਉਹ ਬੜੇ ਗਹੁ ਨਾਲ ਜਾਂਚ ਕਰਨਗੇ ਕਿ ਕਿਹੜੀ ਭਾਸ਼ਾ ਵਿੱਚ ਕੀ ਕਿਹਾ ਜਾ ਰਿਹਾ ਹੈ ਅਤੇ ਕੀ ਸ਼ੱਕ ਦੇ ਘੇਰੇ ’ਚ ਆਏ ਕਿਸੇ ਵਿਅਕਤੀ ਦੀ ਹਿੰਸਕ ਕਾਰਵਾਈਆਂ ’ਚ ਸ਼ਮੂਲੀਅਤ ਰਹੀ ਹੈ। ਇੰਨੀ ਭਿਆਨਕ ਘਟਨਾ ਤੋਂ ਬਾਅਦ ਲੋਕਾਂ ਨੂੰ ਭਾਵੇਂ ਕਿੰਨਾ ਵੀ ਰੋਹ ਅਤੇ ਦੁੱਖ ਹੈ, ਪਰ ਇਹ ਸਮਝਣ ਦੀ ਲੋੜ ਹੈ ਕਿ ਅਧਿਕਾਰੀ ਹਰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ, ਜੋ ਇੰਤਹਾਪਸੰਦੀ ਵਾਲੇ ਵਿਚਾਰ ਰੱਖਦਾ ਹੈ ਜਾਂ ਜਿਸ ਦਾ ਇੰਤਹਾਪਸੰਦ ਤੱਤਾਂ ਨਾਲ ਮਾੜਾ-ਮੋਟਾ ਵੀ ਸੰਪਰਕ ਰਿਹਾ ਹੈ।

ਸਾਨੂੰ ਅਜੇ ਵੀ ਇਸ ਦਹਿਸ਼ਤੀ ਹਮਲੇ ਅਤੇ ਕਥਿਤ ਹਮਲਾਵਰਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ, ਪਰ ਹਾਲੇ ਤੱਕ ਇਸ ਹਮਲੇ ਵਿੱਚ ਕਿਸੇ ਦਹਿਸ਼ਤੀ ਜਥੇਬੰਦੀ ਦੀ ਕਾਰਵਾਈ ਦਾ ਕੋਈ ਸਬੂਤ ਨਹੀਂ ਮਿਲਿਆ। ਕਥਿਤ ਬੰਦੂਕਧਾਰੀ ਪਿਉ ਪੁੱਤਰ ਹੋਣ ਦੇ ਮੱਦੇਨਜ਼ਰ ਇਹ ਹਮਲਾ ਤਕਨੀਕੀ ਤੌਰ ’ਤੇ ਕਿਸੇ ਦਹਿਸ਼ਤੀ ਸੰਗਠਨ ਦੀ ਕਾਰਵਾਈ ਨਹੀਂ ਸਗੋਂ ‘ਇਕੱਲੇ ਇਕਹਿਰੇ’ ਹਮਲਾਵਰ ਦੀ ਕਾਰਵਾਈ ਦੇ ਖਾਨੇ ’ਚ ਫਿੱਟ ਬੈਠਦਾ ਹੈ, ਜਿਵੇਂ ਕਿ 2014 ਵਿੱਚ ਲਿੰਟ ਕੈਫੇ ਦੇ ਹਮਲੇ ਅਤੇ 2019 ਵਿੱਚ ਕ੍ਰਾਈਸਟਚਰਚ ਹਮਲੇ ਵੇਲੇ ਦੇਖਣ ’ਚ ਆਇਆ ਸੀ। ਅਧਿਕਾਰੀਆਂ ਲਈ ਇਕੱਲੇ ਇਕਹਿਰੇ ਹਮਲਾਵਰ ਅਤੇ ਉਸ ਵੱਲੋਂ ਕੀਤੇ ਜਾ ਸਕਦੇ ਹਮਲੇ ਬਾਰੇ ਅੰਦਾਜ਼ਾ ਲਗਾਉਣਾ ਅਤੇ ਇਸ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਸੰਭਾਵੀ ਹਿੰਸਾ ਦਾ ਅਕਸਰ ਪਹਿਲਾਂ ਕੋਈ ਸੰਕੇਤ ਨਹੀਂ ਮਿਲਦਾ। ਇਸ ਦੇ ਨਾਲ ਹੀ ਬੌਂਡੀ ਬੀਚ ਰਿਜ਼ਰਵ ਵਰਗੀਆਂ ਜਨਤਕ ਥਾਵਾਂ ਦੀ ਸੁਰੱਖਿਆ ਲਈ ਪੁਲੀਸ ਨੂੰ ਵਿਆਪਕ ਸਰੋਤਾਂ ਦੀ ਲੋੜ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਹਰ ਕੋਨੇ ਦੀ ਮੁਕੰਮਲ ਸੁਰੱਖਿਆ ਕਰਨੀ ਬਹੁਤ ਔਖੀ ਹੈ। ਪੁਲੀਸ ਅਧਿਕਾਰੀ ਬਰਗੈੱਸ ਨੇ ਖ਼ਤਰਿਆਂ ਦੇ ਸਾਲਾਨਾ ਮੁਲਾਂਕਣ ਵਿੱਚ ਕਿਹਾ ਸੀ, ‘‘ਆਸਾਨੀ ਨਾਲ ਉਪਲਬਧ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਇਕੱਲੇ ਇਕਹਿਰੇ ਹਮਲਾਵਰ ਸਾਡੇ ਲਈ ਸਭ ਤੋਂ ਵੱਡਾ ਖ਼ਤਰਾ ਹਨ।’’ ਅਫ਼ਸੋਸ, ਇਹ ਖਦਸ਼ਾ ਸੱਚ ਸਾਬਤ ਹੋਇਆ।

ਆਸਟਰੇਲੀਆ ਵਿੱਚ ਦਹਿਸ਼ਤੀ ਖ਼ਤਰੇ ਦਾ ਬਦਲਦਾ ਰੂਪ

ਹਾਲੀਆ ਸਾਲਾਂ ਵਿੱਚ ਸੱਜੇ-ਪੱਖੀ ਇੰਤਹਾਪਸੰਦੀ ਅਤੇ ਦਹਿਸ਼ਤਵਾਦ ਦੇ ਉਭਾਰ ਵੱਲ ਬਹੁਤ ਧਿਆਨ ਦਿੱਤਾ ਗਿਆ ਹੈ। ਬਰਗੈੱਸ ਦਾ ਖ਼ਤਰੇ ਦਾ ਸਾਲਾਨਾ ਮੁਲਾਂਕਣ ਇਸ ਲਈ ਸਭ ਤੋਂ ਵਧੀਆ ਮਾਰਗਦਰਸ਼ਕਾਂ ਵਿੱਚੋਂ ਇੱਕ ਹੈ। ਇਸ ਮੁਲਾਂਕਣ ਵਿੱਚ ਉਸ ਨੇ ਟਿੱਪਣੀ ਕੀਤੀ ਕਿ ਇੱਕ ਦਹਾਕਾ ਪਹਿਲਾਂ ਏ ਐੱਸ ਆਈ ਓ ਕੋਲ ਜਾਂਚ ਲਈ ਆਏ ਦਸ ਮਾਮਲਿਆਂ ਵਿੱਚੋਂ ਸਿਰਫ਼ ਇੱਕ ਸੱਜੇ-ਪੱਖੀ ਇੰਤਹਾਪਸੰਦਾਂ ਨਾਲ ਸਬੰਧਤ ਹੁੰਦਾ ਸੀ ਅਤੇ ਜ਼ਿਆਦਾਤਰ ਧਿਆਨ ਗਰਮਖ਼ਿਆਲੀ ਇਸਲਾਮੀ ਸਮੂਹਾਂ ’ਤੇ ਰਹਿੰਦਾ ਸੀ। ਹਾਲੀਆ ਸਾਲਾਂ ਵਿੱਚ ਇਹ ਗਿਣਤੀ ਹਰ ਦੋ ਦਹਿਸ਼ਤੀ ਮਾਮਲਿਆਂ ਵਿੱਚੋਂ ਇੱਕ ਦੇ ਸੱਜੇ-ਪੱਖੀ ਇੰਤਹਾਪਸੰਦੀ ਨਾਲ ਸਬੰਧਿਤ ਹੋਣ ਤੱਕ ਪਹੁੰਚ ਗਈ ਹੈ। ਦੂਜੇ ਸ਼ਬਦਾਂ ਵਿੱਚ ਆਖੀਏ ਤਾਂ ਏ ਐੱਸ ਆਈ ਓ ਦਾ ਬਹੁਤਾ ਧਿਆਨ ਅਤੇ ਸਰੋਤ ਹੁਣ ਲਾਜ਼ਮੀ ਤੌਰ ’ਤੇ ਸੱਜੇ-ਪੱਖੀ ਕੱਟੜਪੰਥੀ ਦਾ ਮੁਕਾਬਲਾ ਕਰਨ ’ਤੇ ਕੇਂਦਰਿਤ ਹਨ, ਖ਼ਾਸਕਰ ਕ੍ਰਾਈਸਟਚਰਚ ਦਹਿਸ਼ਤੀ ਹਮਲੇ ਤੋਂ ਬਾਅਦ। ਇਸ ਹਮਲੇ ਵਿੱਚ ਇੱਕ ਆਸਟਰੇਲਿਆਈ ਸੱਜੇ-ਪੱਖੀ ਦਹਿਸ਼ਤਗਰਦ ਨੇ ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਗੋਲੀਬਾਰੀ ਕਰਕੇ 51 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਧੇਰੇ ਵਿਆਪਕ ਤੌਰ ’ਤੇ ਦੇਖੀਏ ਤਾਂ ਇਸਲਾਮੀ ਦਹਿਸ਼ਤਗਰਦੀ ਹਾਲੇ ਵੀ ਵਿਸ਼ਵਵਿਆਪੀ ਖ਼ਤਰਾ ਬਣਿਆ ਹੋਇਆ ਹੈ।

ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਜਿਹੇ ਸੰਗਠਨ ਮੱਧ ਪੂਰਬ ਵਿੱਚ ਸਰਗਰਮ ਹੋਣ ਦੇ ਨਾਲ ਨਾਲ ਅਫ਼ਰੀਕਾ, ਮੱਧ ਏਸ਼ੀਆ ਅਤੇ ਅਫ਼ਗ਼ਾਨਿਸਤਾਨ ਵਿੱਚ ਵੀ ਵੱਧ ਸਰਗਰਮ ਹੁੰਦੇ ਜਾ ਰਹੇ ਹਨ। ਹਾਲਾਂਕਿ, ਆਸਟਰੇਲੀਆ ’ਚ ਅਧਿਕਾਰੀ ਇਨ੍ਹਾਂ ਜਥੇਬੰਦੀਆਂ ਦੁਆਰਾ ਖੜ੍ਹੇ ਕੀਤੇ ਜਾ ਸਕਦੇ ਖ਼ਤਰਿਆਂ ਦੀ ਨਿਗਰਾਨੀ ਚੰਗੇ ਢੰਗ ਨਾਲ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਮਾਸ ਹਮਲਿਆਂ ਅਤੇ ਗਾਜ਼ਾ ਜੰਗ ਤੋਂ ਬਾਅਦ ਫਲਸਤੀਨ ਪੱਖੀ ਅਤੇ ਯਹੂਦੀ ਪੱਖੀ ਸਮੂਹਾਂ ਦਰਮਿਆਨ ਮਾਹੌਲ ਹੋਰ ਭਖ ਗਿਆ ਹੈ। ਹਿੰਸਾ ਅਤੇ ਦੁੱਖਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਰੋਜ਼ਾਨਾ ਪ੍ਰਸਾਰਿਤ ਹੋਣ ਕਾਰਨ ਲੋਕਾਂ ਵਿੱਚ ਬਹੁਤ ਗੁੱਸਾ ਅਤੇ ਨਿਰਾਸ਼ਾ ਹੈ। ਜੰਗ ਸ਼ੁਰੂ ਹੋਣ ਮਗਰੋਂ ਯਹੂਦੀ-ਵਿਰੋਧ ਅਤੇ ਇਸਲਾਮੋਫੋਬੀਆ ਦੋਵਾਂ ਵਿੱਚ ਵਾਧਾ ਦੇਖਿਆ ਗਿਆ ਹੈ।

ਪਿਛਲੇ ਕਈ ਮਹੀਨਿਆਂ ਤੋਂ ਹੁੰਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਬਹੁਤ ਘੱਟ ਅਜਿਹੇ ਲੋਕ ਸ਼ਾਮਲ ਹੋਏ ਹਨ ਜੋ ਇਸ ਭਾਵਨਾ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰ ਸਕਦੇ ਸਨ। ਬੌਂਡੀ ਬੀਚ ’ਤੇ ਹੋਏ ਹਮਲੇ ਦੀ ਗੱਲ ਮੁੜ ਕਰੀਏ ਤਾਂ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉੱਥੇ ਹੋਈ ਗੋਲੀਬਾਰੀ ਵਿੱਚ ਕਿਸੇ ਵੱਡੀ ਦਹਿਸ਼ਤੀ ਜਥੇਬੰਦੀ ਦਾ ਹੱਥ ਸੀ ਅਤੇ ਇਕੱਲੇ ਇਕਹਿਰੇ ਹਮਲਾਵਰ ਨੂੰ ਜਨਤਕ ਥਾਂ ’ਤੇ ਹਮਲਾ ਕਰਨ ਤੋਂ ਰੋਕਣਾ ਬਹੁਤ ਮੁਸ਼ਕਲ ਹੈ। ਉਹ ਸ਼ਖ਼ਸ ਆਸ ਦੀ ਕਿਰਨ ਵਜੋਂ ਸਾਹਮਣੇ ਆਇਆ ਹੈ ਜਿਸ ਦੀ ਕਥਿਤ ਬੰਦੂਕਧਾਰੀਆਂ ਵਿੱਚੋਂ ਇੱਕ ਤੋਂ ਬਹਾਦਰੀ ਨਾਲ ਹਥਿਆਰ ਖੋਹਣ ਕਰਕੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਉਸ 43 ਸਾਲਾ ਮੁਸਲਿਮ ਵਿਅਕਤੀ ਦਾ ਨਾਮ ਅਹਿਮਦ ਅਲ-ਅਹਿਮਦ ਹੈ, ਜੋ ਫਲਾਂ ਦੀ ਦੁਕਾਨ ਦਾ ਮਾਲਕ ਹੈ। ਇਸ ਆਦਮੀ ਦੀ ਬਹਾਦਰੀ ਬਦਤਰੀਨ ਹਾਲਾਤ ਵਿੱਚ ਮਨੁੱਖਤਾ ਦੀ ਬਿਹਤਰੀਨ ਮਿਸਾਲ ਹੈ। ਆਸ ਕੀਤੀ ਜਾ ਸਕਦੀ ਹੈ ਕਿ ਇਹ ਮਿਸਾਲ ਅਜਿਹੀ ਹਿੰਸਾ ਲਈ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਠਹਿਰਾਉਣ ਦੇ ਸਿੱਟੇ ’ਤੇ ਪਹੁੰਚਣ ਤੋਂ ਸਾਨੂੰ ਡੱਕੇਗੀ। ਅਸੀਂ ਅਮਰੀਕਾ ਵਿੱਚ ਅਜਿਹਾ ਦੇਖਿਆ ਹੈ ਅਤੇ ਆਸਟਰੇਲੀਆ ਨੂੰ ਇਸ ਦਿਸ਼ਾ ਵਿੱਚ ਮਿਸਾਲੀ ਕੰਮ ਕਰਨਾ ਚਾਹੀਦਾ ਹੈ।

ਕੀ ਸਰਕਾਰ ਦੇ ਯਤਨ ਕਾਫ਼ੀ ਹਨ?

ਬਾਹਰਲੇ ਜਨਤਕ ਸਮਾਗਮਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ ਬਹੁਤ ਮੁਸ਼ਕਿਲ ਹੈ। ਇਮਾਰਤਾਂ ਨੂੰ ਸੁਰੱਖਿਅਤ ਕਰਨਾ ਮੁਕਾਬਲਤਨ ਸੁਖਾਲਾ ਹੈ, ਪਰ ਬੀਚ ’ਤੇ ਕਿਸੇ ਪਾਰਕ ਨੂੰ ਸੁਰੱਖਿਅਤ ਕਰਨਾ ਬਹੁਤ ਮੁਸ਼ਕਿਲ ਹੈ। ਸਰਕਾਰ ਨੂੰ ਦਹਿਸ਼ਤਗਰਦੀ ਰੋਕਣ ਲਈ ਹੋਰ ਯਤਨ ਕਰਨ ਦੀ ਲੋੜ ਹੈ ਅਤੇ ਜਨਤਕ ਥਾਵਾਂ ਲਈ ਵਧੇਰੇ ਸਰੋਤ ਮੁਹੱਈਆ ਕਰਵਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਸੁਰੱਖਿਆ ਪ੍ਰਬੰਧਾਂ ਸਬੰਧੀ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਹਾਲਾਤ ਡਰਾਉਣੇ ਹਨ। ਇਹ ਪਤਾ ਲਗਾਉਣ ਲਈ ਬਹੁਤ ਕੰਮ ਕਰਨਾ ਪਵੇਗਾ ਕਿ ਅਸੀਂ ਆਪਣੇ ਸਰੋਤਾਂ ਦੀ ਸਭ ਤੋਂ ਵਧੀਆ ਵਰਤੋਂ ਕਿੱਥੇ ਕਰ ਸਕਦੇ ਹਾਂ। ਹਰ ਕਮੀ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਜਾਂ ਹਰ ਖ਼ਤਰੇ ਨੂੰ ਟਾਲਿਆ ਨਹੀਂ ਜਾ ਸਕਦਾ। ਲੋਕਾਂ ਨੂੰ ਹਿੰਸਾ ਵੱਲ ਮੁੜਨ ਤੋਂ ਰੋਕਿਆ ਨਹੀਂ ਸਕਦਾ ਅਤੇ ਹਰ ਨਫ਼ਰਤ ਭਰੀ ਸੋਚ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਇਹ ਕਿਹਾ ਜਾਂਦਾ ਹੈ ਕਿ ਇਹ ਸਾਡੇ ਸਾਰਿਆਂ ’ਤੇ ਹਮਲਾ ਸੀ, ਜੋ ਬਿਲਕੁਲ ਸੱਚ ਹੈ।

Share this content:

Post Comment