Loading Now

ਵੋਟ ਚੋਰੀ ਭਾਜਪਾ ਦੇ ਡੀ ਐੱਨ ਏ ਵਿੱਚ: ਕਾਂਗਰਸ

ਵੋਟ ਚੋਰੀ ਭਾਜਪਾ ਦੇ ਡੀ ਐੱਨ ਏ ਵਿੱਚ: ਕਾਂਗਰਸ

ਨਵੀਂ ਦਿੱਲੀ, 15 ਦਸੰਬਰ – ਚੋਣਾਂ ’ਚ ਕਥਿਤ ਬੇਨਿਯਮੀਆਂ ਦੇ ਮੁੱਦੇ ’ਤੇ ਮੁਹਿੰਮ ਭਖਾਉਂਦਿਆਂ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅੱਜ ਕੌਮੀ ਰਾਜਧਾਨੀ ’ਚ ਰੈਲੀ ਕਰਕੇ ਭਾਜਪਾ ਅਤੇ ਚੋਣ ਕਮਿਸ਼ਨਰਾਂ ’ਤੇ ਜ਼ੋਰਦਾਰ ਹਮਲੇ ਕੀਤੇ। ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਵੋਟ ਚੋਰੀ ਹੁਕਮਰਾਨ ਧਿਰ ਦੇ ਡੀ ਐੱਨ ਏ ਵਿੱਚ ਹੈ ਅਤੇ ਉਸ ਦੇ ਆਗੂ ‘ਗੱਦਾਰ’ ਹਨ ਜੋ ਲੋਕਾਂ ਦਾ ਵੋਟਿੰਗ ਹੱਕ ਖੋਹਣ ਦੀ ਸਾਜ਼ਿਸ਼ ਘੜ ਰਹੇ ਹਨ ਅਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਇਆ ਜਾਣਾ ਚਾਹੀਦਾ ਹੈ। ਬਿਹਾਰ ’ਚ ਹਾਰ ਮਗਰੋਂ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਕਾਂਗਰਸ ਨੇ ਰਾਮਲੀਲਾ ਮੈਦਾਨ ’ਚ ‘ਵੋਟ ਚੋਰ ਗੱਦੀ ਛੋੜ’ ਰੈਲੀ ਕੀਤੀ। ਪਾਰਟੀ ਨੇ ਵੋਟ ਚੋਰੀ ਖ਼ਿਲਾਫ਼ ਕਰੀਬ ਛੇ ਕਰੋੜ ਦਸਤਖ਼ਤ ਇਕੱਠੇ ਕਰਨ ਦਾ ਦਾਅਵਾ ਕੀਤਾ ਜਿਹੜੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ।

ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਵੱਲੋਂ ਦਿਖਾਏ ਸੱਚ ਅਤੇ ਅਹਿੰਸਾ ਦੇ ਰਾਹ ’ਤੇ ਚੱਲ ਕੇ ‘ਮੋਦੀ-ਆਰ ਐੱਸ ਐੱਸ’ ਸਰਕਾਰ ਨੂੰ ਲਾਂਭੇ ਕਰਨ ਦਾ ਅਹਿਦ ਲਿਆ। ਉਨ੍ਹਾਂ ਕਿਹਾ, ‘‘ਨਫ਼ਰਤ ਨਾਲ ਨਹੀਂ, ਹਿੰਸਾ ਨਾਲ ਵੀ ਨਹੀਂ, ਸੱਚ ਅਤੇ ਅਹਿੰਸਾ ਨਾਲ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਹਰਾਵਾਂਗੇ। ਉਨ੍ਹਾਂ ਕੋਲ ਸੱਤਾ ਹੈ ਅਤੇ ਉਹ ਵੋਟ ਚੋਰੀ ’ਚ ਸ਼ਾਮਲ ਹਨ।’’ ਆਪਣੇ ਸੰਬੋਧਨ ’ਚ ਰਾਹੁਲ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੂੰ ਵੀ ਘੇਰਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੋਣ ਕਮਿਸ਼ਨਰਾਂ ਨੂੰ ਬਚਾਉਣ ਲਈ ਨਵਾਂ ਕਾਨੂੰਨ ਲਿਆਏ ਹਨ ਪਰ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਇਸ ਕਾਨੂੰਨ ਨੂੰ ਬਦਲ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਦਾਅਵਾ ਕੀਤਾ ਕਿ ਅਮਿਤ ਸ਼ਾਹ ਦੇ ਹੱਥ ਸੰਸਦ ’ਚ ਕੰਬ ਰਹੇ ਸਨ ਅਤੇ ਸੱਤਾ ਜਾਂਦੇ ਸਾਰ ਹੀ ਉਨ੍ਹਾਂ ਦੀ ਬਹਾਦਰੀ ਵੀ ਖ਼ਤਮ ਹੋ ਜਾਵੇਗੀ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ‘ਗੱਦਾਰ’ ਹਨ ਕਿਉਂਕਿ ਉਹ ਵੋਟ ਚੋਰੀ ’ਚ ਸ਼ਾਮਲ ਹਨ ਅਤੇ ਸੰਵਿਧਾਨ ਤੇ ਦੇਸ਼ ਬਚਾਉਣ ਲਈ ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਖੜਗੇ ਨੇ ਕਿਹਾ ਕਿ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ, ਐੱਮ ਐੱਸ ਗੋਲਵਾਲਕਰ ਅਤੇ ਮਨੂਸਮ੍ਰਿਤੀ ਦੀ ਵਿਚਾਰਧਾਰਾ ਦੇਸ਼ ਨੂੰ ਤਬਾਹ ਕਰ ਦੇਵੇਗੀ ਅਤੇ ਸਿਰਫ਼ ਕਾਂਗਰਸ ਦੀ ਵਿਚਾਰਧਾਰਾ ਹੀ ਮੁਲਕ ਨੂੰ ਬਚਾਅ ਸਕਦੀ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੇਪਰ ਬੈਲੇਟ ਰਾਹੀਂ ਵੋਟਾਂ ਪਵਾ ਕੇ ਭਾਜਪਾ ਨੂੰ ਚੋਣਾਂ ਜਿੱਤਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰਾਂ ਨੂੰ ਜਵਾਬ ਦੇਣਾ ਹੋਵੇਗਾ ਕਿ ਉਨ੍ਹਾਂ ਕਿਵੇਂ ਲੋਕਾਂ ਦੇ ਵੋਟਿੰਗ ਹੱਕ ਨੂੰ ਖੋਹਣ ਦੀ ਸਾਜ਼ਿਸ਼ ਘੜੀ ਹੈ।

Share this content:

Post Comment