ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਘੋੜਿਆਂ ਦੇ ਮੇਲੇ ਤੇ ਮਾਂ ਖੇਡ ਕਬੱਡੀ ਦੇ ਕੌਮਾਂਤਰੀ ਮੁਕਾਬਲੇ ਮੁੜ ਤੋਂ ਸ਼ੁਰੂ ਕੀਤੇ ਜਾਣਗੇ- ਸੁਖਬੀਰ ਬਾਦਲ

*ਮੋਗਾ ਵਿਖੇ ਹੋ ਰਹੀ ਦੂਸਰੀ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਦਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਦਘਾਟਨ
ਮੋਗਾ, 6 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੋਗਾ ਵਿਖੇ ਹੋ ਰਹੀ ਰਹੀ ਦੂਸਰੀ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਬਾਈਪਾਸ ਨੂਰ ਸਟੱਡ ਫਾਰਮ ਤੇ ਵਿਸ਼ੇਸ ਤੌਰ ਤੇ ਪੁੱਜੇ। ਜਿੱਥੇ ਪੁੱਜਣ ਤੇ ਇਸ ਚੈਂਪੀਅਨਸ਼ਿਪ ਦੇ ਆਯੋਜਕ ਤੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ, ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਕਮੇਟੀ ਮੈਂਬਰ ਤਰਸੇਮ ਸਿੰਘ ਰੱਤੀਆਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂਵਾਲਾ, ਮੋਗਾ ਸ਼ਹਿਰੀ ਪ੍ਰਧਾਨ ਜਗਦੀਸ਼ ਲਾਲ ਛਾਬੜਾ, ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਯੂਥ ਆਗੂ ਸੁਖਬੀਰ ਸਿੰਘ ਗਿੱਲ, ਜ਼ਿਲ੍ਹਾ ਸ਼ਹਿਰੀ ਯੂਥ ਪ੍ਰਧਾਨ ਦੇਬ ਅਸੀਸ ਮਲਿਕ, ਨੂਰ ਗਿੱਲ ਤੇ ਦਰਜਾ ਬ ਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜ਼ਿਲ੍ਹਾ ਟੀਮ ਨੇ ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆਂ ਆਖਿਆ।
ਮਾਰਵਾੜੀ ਹੌਰਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਮੋਗਾ ਦੇ ਲੋਕਾਂ ਲਈ ਇਹ ਇੱਕ ਇਤਿਹਾਸਕ ਪਲ ਹਨ ਕਿ ਉਹ ਦੇਸ਼ ਭਰ ਵਿੱਚੋਂ ਆਏ ਮਹਿੰਗੀਆਂ ਨਸਲਾਂ ਦੇ ਘੋੜਿਆਂ ਨੂੰ ਇੱਕ ਪਲੇਟਫਾਰਮ ਤੇ ਵੇਖ ਰਹੇ ਹਨ ਤੇ ਇਸ ਹੌਰਸ ਚੈਂਪੀਅਨਸ਼ਿਪ ਲਈ ਉਨ੍ਹਾਂ ਹੌਰਸ ਬਰੀਡਰਜ ਵੈਲਫੇਅਰ ਸੁਸਾਇਟੀ ਤੇ ਇਸ ਚੈਂਪੀਅਨਸ਼ਿਪ ਦੇ ਆਯੋਜਕ ਸੰਜੀਤ ਸਿੰਘ ਸੰਨੀ ਗਿੱਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਨ ਦੇ ਨਾਲ ਮੁਬਾਰਕਬਾਦ ਦਿੱਤੀ ਅਤੇ ਚੈਂਪੀਅਨਸ਼ਿਪ ਵਿੱਚ ਪੰਜਾਬ ਸਮੇਤ ਦੂਸਰੇ ਰਾਜਾਂ ਤੋਂ ਘੋੜੇ ਲੈਕੇ ਪੁੱਜੇ ਘੋੜਿਆਂ ਦੇ ਸ਼ੌਕੀਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘੋੜਿਆਂ ਦੀਆਂ ਨਸਲਾਂ ਦੇ ਮੇਲੇ ਉਨ੍ਹਾਂ ਆਪਣੀ ਸਰਕਾਰ ਸਮੇਂ ਸ਼ੂਰੂ ਕਰਵਾਏ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਮਰਹੂਮ ਪਿਤਾ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੌਰਾਨ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਹੀ ਨਹੀਂ ਕੀਤਾ ਸਗੋਂ ਪੰਜਾਬ ਵਿੱਚ ਮਾਂ ਖੇਡ ਕਬੱਡੀ ਦੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਹਰ ਸਾਲ ਕਰਵਾਕੇ ਖੇਡ ਕਬੱਡੀ ਨੂੰ ਵਿਸ਼ਵ ਭਰ ਵਿੱਚ ਮਾਣ ਦਿਵਾਇਆ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਘੋੜਿਆਂ ਦੇ ਮੇਲੇ ਅਤੇ ਕਬੱਡੀ ਦੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਫਿਰ ਤੋਂ ਸ਼ੁਰੂ ਕੀਤੇ ਜਾਣਗੇ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਲੋਕਾਂ ਵਿੱਚੋਂ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਦਿੱਲੀ ਵਾਲਿਆਂ ਕੋਲ ਗਿਰਵੀ ਰੱਖ ਦਿੱਤਾ ਹੈ ਅਤੇ ਸੂਬੇ ਦਾ ਸਾਰਾ ਪੈਸਾ ਅਤੇ ਖਜਾਨੇ ਦੀ ਲੁੱਟ ਖਸੁੱਟ ਕਰਕੇ ਦਿੱਲੀ ਵਾਲੇ ਲੈ ਗਏ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਜੋ ਧੱਕੇਸ਼ਾਹੀ ਆਪ ਵਾਲਿਆਂ ਨੇ ਕੀਤੀ ਹੈ ਉਸ ਦਾ ਇੱਕ ਇੱਕ ਹਿਸਾਬੋਂ ਲਿਆ ਜਾਵੇਗਾ ਤੇ ਸਾਲ 2027 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ ਕਿਉਂਕਿ ਸੂਬੇ ਦੇ ਲੋਕ ਦਿੱਲੀ ਵਾਲਿਆਂ ਨੂੰ ਚੱਲਦਾ ਕਰਕੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਹਨ ਤੇ ਸਰਕਾਰ ਬਣਨ ਤੇ ਸੂਬੇ ਨੂੰ ਇੱਕ ਵਾਰ ਫਿਰ ਵਿਕਾਸ ਦੀਆਂ ਲੀਹਾਂ ਤੇ ਲੈਕੇ ਆਵਾਂਗੇ। ਉਨ੍ਹਾਂ ਇੱਕ ਵਾਰ ਫਿਰ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਦੇ ਆਯੋਜਨ ਲਈ ਸੰਜੀਤ ਸਿੰਘ ਸੰਨੀ ਗਿੱਲ ਨੂੰ ਵਧਾਈ ਦਿੱਤੀ ਤੇ ਆਖਿਆ ਕਿ ਅਜਿਹੇ ਮੇਲੇ ਹੋਣੇ ਚਾਹੀਦੇ ਹਨ ਕਿਉਂਕਿ ਅਜਿਹੇ ਮੇਲੇ ਆਪਸੀ ਪ੍ਰੇਮ, ਮਿਲਵਰਤਣ , ਪਿਆਰ ਤੇ ਸਤਿਕਾਰ ਦੇ ਪ੍ਰਤੀਕ ਹੁੰਦੇ ਹਨ।
Share this content:



Post Comment