ਚੋਣ ਅਬਜ਼ਰਵਰ ਵੱਲੋਂ ਡੀ ਸੀ, ਐੱਸ ਐੱਸ ਪੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ
*ਜਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉ-ਅੰਮ੍ਰਿਤ ਸਿੰਘ
*ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ ਅਤੇ ਈਮੇਲ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਦਸੰਬਰ,(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਚੋਣਾਂ ਲਈ ਲਾਏ ਗਏ ਚੋਣ ਅਬਜ਼ਰਵਰ ਸ੍ਰੀਮਤੀ ਅੰਮ੍ਰਿਤ ਸਿੰਘ, ਆਈ.ਏ.ਐਸ, ਡਾਇਰੈਕਟਰ, ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ, ਪੰਜਾਬ ਨੇ ਅੱਜ ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ, ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੋਟਰਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣਾ ਨੁਮਾਇੰਦਾ ਚੁਣਨ ਦਾ ਅਧਿਕਾਰ ਹੋਵੇ। ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਆਪਣੇ ਨਾਲ ਸੰਪਰਕ ਕਰਨ ਲਈ ਸੰਪਰਕ ਨੰਬਰ ਅਤੇ ਈਮੇਲ ਆਈ ਡੀ ਜਾਰੀ ਕਰਦਿਆਂ, ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੋਬਾਈਲ ਨੰਬਰ, 62397-34578 ਅਤੇ ਈ ਮੇਲ ਆਈਡੀ Liaisonofficergram2025@gmail.com ਰਾਹੀਂ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਮੋਹਾਲੀ ਦੀ ਪਹਿਲੀ ਮੰਜ਼ਿਲ ਤੇ ਸਥਿੱਤ ਕਮਰਾ ਨੰਬਰ 257 ਵਿੱਚ ਵੀ ਚੋਣ ਨਿਗਰਾਨ ਨੂੰ ਸੰਬੋਧਿਤ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪੰਚਾਇਤ ਸੰਮਤੀ ਡੇਰਾਬੱਸੀ ਦੇ 22, ਪੰਚਾਇਤ ਸੰਮਤੀ ਖਰੜ ਦੇ 15 ਅਤੇ ਪੰਚਾਇਤ ਸੰਮਤੀ ਮਾਜਰੀ ਦੇ 15 ਜ਼ੋਨਾਂ ਲਈ ਨਾਮਜ਼ਦਗੀਆਂ ਦਾ ਅਮਲ ਚੱਲ ਰਿਹਾ ਹੈ, ਜਿਸ ਦੀ ਕਲ੍ਹ 4 ਦਸੰਬਰ ਨੂੰ ਆਖਰੀ ਮਿਤੀ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਗਿਆ 6 ਦਸੰਬਰ, 2025 ਨੂੰ ਹੋਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ, ਪੜਤਾਲ ਅਤੇ ਵਾਪਸ ਲੈਣ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਨਿਰਧਾਰਤ ਦਫਤਰਾਂ ਵਿੱਚ ਨੀਯਤ ਕੀਤਾ ਗਿਆ ਹੈ। ਮਤਦਾਨ 14 ਦਸੰਬਰ, 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ ਜਦਕਿ ਗਿਣਤੀ 17 ਦਸੰਬਰ ਨੂੰ ਹੋਵੇਗੀ। ਪੋਲਿੰਗ ਪਾਰਟੀਆਂ ਦੀ ਸਿਖਲਾਈ 8, 10 ਤੇ 13 ਦਸੰਬਰ ਨੂੰ ਹੋਵੇਗੀ।
ਮਤਦਾਨ ਬੈਲੇਟ ਪੇਪਰਾਂ ਦੀ ਮੱਦਦ ਨਾਲ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਦੀ ਸਮੁੱਚੀ ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਜੋ ਕਿ ਗਿਣਤੀ ਵਾਲੇ ਦਿਨ ਵੀ ਹੋਵੇਗੀ। ਐਸ.ਐਸ.ਪੀ ਹਰਮਨਦੀਪ ਸਿੰਘ ਹਾਂਸ ਨੇ ਚੋਣ ਅਬਜ਼ਰਵਰ ਨੂੰ ‘ਪ੍ਰੀ-ਪੋਲ’ ਅਤੇ ‘ਪੋਲ-ਡੇਅ’ ਦੇ ਸੁਰੱਖਿਆ ਪ੍ਰਬੰਧਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਪੁਲਿਸ ਕਿਸੇ ਨੂੰ ਵੀ ਵੋਟਰਾਂ ਵਿੱਚ ਡਰ ਜਾਂ ਲੋਭ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਸੇ ਤਰ੍ਹਾਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨਾਲ ਪੋਲਿੰਗ ਪ੍ਰਕਿਰਿਆ ‘ਤੇ ਵੀ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ। ਚੋਣ ਅਬਜ਼ਰਵਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਪੱਖਤਾ ਨਾਲ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ ਅਤੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਲਗਾਏ ਗਏ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰਨ ਨੂੰ ਯਕੀਨੀ ਬਣਾਉਣ ਲਈ, ਸਾਰੇ ਉਮੀਦਵਾਰਾਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ। ਉਨ੍ਹਾਂ ਵੋਟਰਾਂ ਅਤੇ ਸਮੂਹ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨ ਲਈ ਪੰਚਾਇਤ ਸੰਮਤੀ ਚੋਣਾਂ ਦੌਰਾਨ ਭਾਈਚਾਰਾ ਅਤੇ ਅਮਨ-ਕਾਨੂੰਨ ਬਣਾਈ ਰੱਖਣ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਪਰਮਬੀਰ ਕੌਰ, ਚੋਣ ਅਬਜ਼ਰਵਰ ਦੇ ਐਲ ਓ ਖੁਸ਼ਵਿੰਦਰ ਸਿੰਘ, ਕਾਰਜਕਾਰੀ ਇੰਜਨੀਅਰ ਡ੍ਰੇਨੇਜ ਕਮ ਮਾਈਨਿੰਗ ਅਫਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਾਮਲ ਹਨ।
Share this content:


Post Comment