ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ
4, ਦਸੰਬਰ – ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਸਾਹਿਤਕ ਤੇ ਸਮਾਜਿਕ ਸਖਸ਼ੀਅਤਾਂ ਨੇ ਭਾਗ ਲਿਆ। ਜਿਹਨਾਂ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਚੈਅਰਮੈਨ ਪ੍ਰਸਿੱਧ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਿੰਘ ਸਵੀ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਲਗਾਈ। ਇਸਦੇ ਇਲਾਵਾ ਇੰਗਲੈਂਡ ਤੋਂ ਪ੍ਰਸਿੱਧ ਕਵੀ ਤੇ ਆਲੋਚਕ ਦਰਸ਼ਨ ਬੁਲੰਦਵੀ, ਕਵਿਤਰੀ ਗੁਰਮੇਲ ਕੌਰ ਸੰਘਾ, ਬੈਲਜੀਅਮ ਤੋਂ ਗਜ਼ਲਗੋ ਜੀਤ ਸੁਰਜੀਤ, ਜਰਮਨੀ ਤੋਂ ਨੀਲੂ ਜਰਮਨੀ, ਇਟਲੀ ਤੋਂ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਕਵਿਤਰੀ ਜਸਵਿੰਦਰ ਕੌਰ ਮਿੰਟੂ ਅਤੇ ਪ੍ਰੋ ਜਸਪਾਲ ਸਿੰਘ ਇਟਲੀ ਆਦਿ ਹਾਜ਼ਰ ਹੋਏ। ਸਵਾਗਤੀ ਭਾਸ਼ਨ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ। ਇਸਦੇ ਬਾਅਦ ਪ੍ਰੋ ਜਸਪਾਲ ਸਿੰਘ ਨੇ ਗੁਰੂ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਵਰਨਜੀਤ ਸਿੰਘ ਸਵੀ ਨੇ ਆਪਣੀ ਇੱਕ ਕਵਿਤਾ ਦੁਆਰਾ ਹਾਜ਼ਰੀ ਲਗਾਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤ ਪ੍ਰਤੀ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਪੰਜਾਬ ਤੋਂ ਬਾਹਰ ਸਮੁੱਚੇ ਵਿਸ਼ਵ ਵਿੱਚ ਵੱਸਦੇ ਪੰਜਾਬੀ ਲੇਖਕਾਂ ਨੂੰ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਸਾਡੇੇ ਨਾਲ ਸੰਪਰਕ ਕਰੋ ਅਸੀਂ ਤੁਹਾਡੀਆਂ ਕਿਤਾਬਾਂ, ਪ੍ਰਵਾਸ ਦੇ ਮਸਲਿਆਂ ਅਤੇ ਪੰਜਾਬੀਆਂ ਦੇ ਗਲੋਬਲੀਕਰਨ ਬਾਰੇ ਸਮਾਗਮ ਰਚਾ ਕੇ ਸੰਵਾਦ ਅਤੇ ਵਿਚਾਰ ਚਰਚਾ ਨੂੰ ਅੱਗੇ ਵਧਾਉਣ ਦੇ ਯਤਨ ਕਰਾਂਗੇ।
ਜਿਸ ਦੇ ਬਾਅਦ ਦਰਸ਼ਨ ਬੁਲੰਦਵੀ ਨੇ ਬਹੁਤ ਭਾਵਪੂਰਤ ਕਵਿਤਾਵਾਂ ਦੁਆਰਾ ਹਾਜ਼ਰੀ ਲਗਾਈ ਜਿਹਨਾਂ ਵਿੱਚ ਸ਼ਹੀਦ ਅਤੇ ਸ਼ਹਾਦਤ ਦੀ ਪੇਸ਼ਕਾਰੀ ਨੂੰ ਬਹੁਤ ਸਹਿਜ ਪਰ ਕਾਵਿਕ ਰੂਪ ਵਿੱਚ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਅੰਦਾਜ਼ ਪੇਸ਼ ਕੀਤਾ। ਜੀਤ ਸੁਰਜੀਤ ਨੇ ਆਪਣੀ ਇੱਕ ਗਜ਼ਲ ਦੁਆਰਾ ਗੁਰੂ ਜੀ ਸ਼ਰਧਾ ਦੇ ਫੁੱਲ ਭੇਟ ਕੀਤੇ। ਗੁਰਮੇਲ ਕੌਰ ਸੰਘਾ ਨੇ ਤਰੰਨਮ ਵਿੱਚ ਗਾ ਕੇ ਲੰਮੀ ਹੇਕ ਨਾਲ ਗੁਰੂ ਜੀ ਨੂੰ ਸਮਰਪਿਤ ਰਚਨਾ ਪੇਸ਼ ਕੀਤੀ। ਸਿੱਕੀ ਝੱਜੀ ਪਿੰਡ ਵਾਲਾ ਨੇ ਹਰਵਿੰਦਰ ਉਹੜਪੁਰੀ ਦਾ ਇੱਕ ਧਾਰਮਿਕ ਗੀਤ ਪੇਸ਼ ਕੀਤਾ। ਜਸਵਿੰਦਰ ਕੌਰ ਮਿੰਟੂ ਨੇ ਵੀ ਇੱਕ ਕਵਿਤਾ ਦੁਆਰਾ ਹਾਜ਼ਰੀ ਲਗਾਈ। ਅਕਾਦਮੀ ਦੇ ਮੈਂਬਰਾਂ ਵਿੱਚ ਰੂਪ ਦਵਿੰਦਰ ਕੌਰ, ਗੁਰਪ੍ਰੀਤ ਕੌਰ ਗਾਇਦੂ ਨੇ ਇੱਕ ਇੱਕ ਕਵਿਤਾ ਦੁਆਰਾ ਹਾਜ਼ਰੀ ਲਗਾਈ। ਹੋਰ ਮੈਂਬਰਾਂ ਵਿੱਚ ਦਲਜਿੰਦਰ ਸਿੰਘ ਰਹਿਲ ਨੇ ਜਿੱਥੇ ਇੱਕ ਕਵਿਤਾ ਪੇਸ਼ ਕੀਤੀ ਉੱਥੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਵੀ ਬਹੁਤ ਵਧੀਆ ਅੰਦਾਜ਼ ਵਿੱਚ ਪੇਸ਼ ਕੀਤਾ।
Share this content:



Post Comment