ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਬਰਸੀ ਤੇ *ਹਕੂਮਤੀ ਜਬਰ ਦਾ ਡਟਵਾਂ ਵਿਰੋਧ ਕੀਤਾ
ਮੋਗਾ, 1 ਦਸੰਬਰ – ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ 29 ਨਵੰਬਰ ਨੂੰ ਕਾਮਰੇਡ ਸ਼ਮਸ਼ੇਰ ਸੇਰੀ ਦੀ ਬਰਸੀ ਤੇ ਹਕੂਮਤੀ ਜਬਰ ਵਿਰੋਧੀ ਕਾਨਫਰੰਸ ਕੀਤੀ ਗਈ । ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਲੋਕ ਚੇਤਨਾ ਮੰਚ ਲਹਿਰਾਗਾਗਾ, ਜਮਹੂਰੀ ਅਧਿਕਾਰ ਸਭਾ, ਐਸ ਐਫ ਐਸ ,ਡੀਐਸਓ ਅਤੇ ਕਾਮਰੇਡ ਸ਼ਮਸ਼ੇਰ ਸ਼ੇਰੀ ਦੇ ਨੇੜਲੇ ਸਾਥੀਆਂ ਨੇ ਹਿੱਸਾ ਲਿਆ । ਸਭ ਤੋਂ ਪਹਿਲਾਂ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਲਾਟ ਤੇ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਜੋਸ਼ੋ ਖਰੋਸ਼ ਨਾਲ ਨਾਹਰੇ ਲਗਾ ਕੇ, ਯਾਦਗਾਰ ਤੇ ਝੰਡਾ ਝੁਲਾਇਆ ਗਿਆ । ਗੀਤਕਾਰ ਤਾਰਾ ਸਿੰਘ ਛਾਂਜਲੀ ਨੇ ਝੰਡੇ ਦਾ ਇਨਕਲਾਬੀ ਗੀਤ ਗਾਕੇ ਸ਼ਰਧਾਂਜਲੀ ਭੇਟ ਕੀਤੀ।
ਸਟੇਜ ਸੰਚਾਲਕ ਰਾਜੇਸ਼ ਮਾਲਹੋਤਰਾ ਨੇ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਜੀਵਨ ਸਾਥਣ ਹਰਬੰਸ ਕੌਰ, ਲੋਕ ਸੰਗਰਾਮ ਮੋਰਚਾ ਦੇ ਸੂਬਾ ਆਗੂ ਸਤਵੰਤ ਸਿੰਘ ਲਵਲੀ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ, ਸ਼ਮਸ਼ੇਰ ਸ਼ੇਰੀ ਦੇ ਭਤੀਜੇ ਅਮਰੀਕ ਸਿੰਘ ਅਤੇ ਪਰਮਜੀਤ ਸਿੰਘ, ਜਗਜੀਤ ਭੁਟਾਲ, ਕਾਮਰੇਡ ਸ਼ਮਸ਼ੇਰ ਸ਼ੇਰੀ ਦਾ ਨਜ਼ਦੀਕੀ ਦੋਸਤ ਭਗਵਾਨ ਭਾਨਾ ਅਤੇ ਸੰਪੂਰਨ ਸਿੰਘ ਵਕੀਲ , ਮਜ਼ਦੂਰ ਆਗੂ ਕਰਮ ਦਿਓਲ ਨੂੰ ਪ੍ਰਧਾਨਗੀ ਮੰਡਲ ਵਿੱਚ ਸਟੇਜ ਤੇ ਬਿਠਾਇਆ ਗਿਆ। ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਫੋਟੋ ਨੂੰ ਫੁੱਲ ਭੇਂਟ ਕਰਕੇ ਆਗੂਆਂ ਨੇ ਸ਼ਰਧਾਂਜਲੀ ਅਰਪਣ ਕੀਤੀ।
ਹਕੂਮਤ ਵੱਲੋਂ ਮਾਓਵਾਦੀਆਂ ਅਤੇ ਆਦਿਵਾਸੀਆਂ ਤੇ ਕੀਤੇ ਜਾ ਰਹੇ ਜਬਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਾਨਫਰੰਸ ਨੂੰ ਲੋਕ ਸੰਗਰਾਮ ਮੋਰਚਾ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੇਅਰਮੈਨ ਸੁਰਜੀਤ ਫੂਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਾਮੋਲ, ਐਸ ਐਫ ਐਸ ਦੇ ਆਗੂ ਸੰਦੀਪ ਚੰਡੀਗੜ੍ਹ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਭੁਟਾਲ, ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਆਗੂ ਪੂਰਨ ਸਿੰਘ ਖਾਈ , ਇਨਕਲਾਬੀ ਆਗੂ ਬਸ਼ੇਸ਼ਰ ਰਾਮ ਅਤੇ ਸੰਪੂਰਨ ਸਿੰਘ ਵਕੀਲ ਨੇ ਸੰਬੋਧਨ ਕੀਤਾ
ਕਾਮਰੇਡ ਸਮਸ਼ੇਰ ਸ਼ੇਰੀ ਮਾਓਵਾਦੀ ਪਾਰਟੀ ਦੇ ਆਗੂ ਰਹੇ ਸਨ। ਸ਼ੁਰੂ ਵਿੱਚ ਉਹਨਾਂ ਨੇ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਕੀਤੀ । ਬਾਅਦ ਦੇ ਵਿੱਚ ਲੰਮਾ ਸਮਾਂ ਉਸਨੇ ਗੁਪਤ ਰਹਿ ਕੇ ਕ੍ਰਾਂਤੀਕਾਰੀ ਲਹਿਰ ਵਿੱਚ ਕੰਮ ਕੀਤਾ। ਅੱਜ ਕਾਮਰੇਡ ਸ਼ਮਸ਼ੇਰ ਸ਼ੇਰੀ ਦੀ ਪਾਰਟੀ ਉਤੇ ਬ੍ਰਾਹਮਣੀ ਹਿੰਦੁਤਵ ਫਾਸ਼ੀਵਾਦੀ ਮੋਦੀ ਸਰਕਾਰ ਨੇ ਵੱਡੀ ਪੱਧਰ ਤੇ ਸੈਨਿਕ ਬਲ ਝੋਕ ਕੇ, ਲਹਿਰ ਉਤੇ ਬਹੁਤ ਵੱਡਾ ਹਮਲਾ ਕੀਤਾ ਹੋਇਆ ਹੈ। ਬਸਤਰ ਖੇਤਰ ਦੇ ਵਿੱਚ ਆਦਿਵਾਸੀਆਂ ਦੀ ਅਗਵਾਈ ਕਰ ਰਹੀ ਸੀਪੀਆਈ ਮਾਓਵਾਦੀ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਸੱਚੇ ਅਤੇ ਝੂਠੇ ਪੁਲਿਸ ਮੁਕਾਬਲੇ ਰਾਹੀਂ ਮਾਰ ਕੇ, ਲਹਿਰ ਨੂੰ ਆਗੂ ਰਹਿਤ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਖੇਤਰਾਂ ਵਿੱਚ ਧਰਤੀ ਦੇ ਗਰਭ ਵਿੱਚ, ਜੋ ਖਣਿਜ ਪਦਾਰਥ ਹਨ, ਉਹਨਾਂ ਦੀ ਲੁੱਟ ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਮੋਦੀ ਸਰਕਾਰ ਨੇ ਕਰਵਾਉਣੀ ਹੈ। ਉਥੋਂ ਦੇ ਲੋਕ, ਜਲ ਜੰਗਲ ਜਮੀਨ ਅਤੇ ਸਵੈਮਾਨ ਲਈ ਲੜ ਰਹੇ ਹਨ। ਜੰਗਲਾਂ ਨੂੰ ਤਬਾਹ ਕਰਕੇ ਮੋਦੀ ਸਰਕਾਰ ਵਾਤਾਵਰਨ ਨਾਲ ਵੀ ਖਿਲਵਾੜ ਕਰ ਰਹੀ ਹੈ। ਜਦੋਂ ਉਥੋਂ ਦੇ ਲੋਕ ਸਰਕਾਰੀ ਧੱਕੇ ਦਾ ਵਿਰੋਧ ਕਰਨ ਲਈ ਕੋਈ ਜਥੇਬੰਦੀ ਬਣਾ ਕੇ ਧਰਨੇ/ ਮੁਜਾਹਰੇ ਕਰਦੇ ਹਨ ਤਾਂ ਮੋਦੀ ਸਰਕਾਰ ਉਹਨਾਂ ਦੀਆਂ ਜਥੇਬੰਦੀਆਂ ਤੇ ਮਾਓਵਾਦੀਆਂ ਦਾ ਠੱਪਾ ਲਾ ਕੇ ਗੈਰ ਕਾਨੂੰਨੀ ਘੋਸਿਤ ਕਰ ਦਿੰਦੇ ਹਨ। ਪਿਛਲੇ ਸਮੇਂ ਸੰਘਰਸ਼ ਕਰਦੇ ਮੂਲ ਨਿਵਾਸੀ ਬਚਾਉ ਮੰਚ ਤੇ ਪ੍ਰਤੀਬੰਧ ਲਾ ਕੇ ਉਹਨਾਂ ਨੂੰ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੋਂ ਰੋਕਿਆ ਹੈ।
ਇਨਕਲਾਬੀ ਲਹਿਰ ਨੂੰ ਅੰਦਰੋਂ ਤੇ ਬਾਹਰੋਂ ਹੋ ਰਹੇ ਹਮਲਿਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ। ਸੋਨੂ ਵਰਗੇ ਗਦਾਰ ਲੀਡਰ ਕ੍ਰਾਂਤੀਕਾਰੀ ਲਹਿਰ ਤੋਂ ਕਿਨਾਰਾ ਕਰਕੇ ਹਕੂਮਤ ਅੱਗੇ ਗੋਡੇ ਟੇਕ ਗਏ ਹਨ। ਲੜ ਰਹੇ ਲੋਕਾਂ ਨੂੰ ਗੋਡੇ ਟਿਕਾਉਣ ਦੇ ਲਈ ਅਗਵਾਈ ਕਰਕੇ ਹਕੂਮਤ ਦੀ ਸੇਵਾ ਕਰ ਰਹੇ ਹਨ। ਉਸ ਦੀ ਗਦਾਰੀ ਬਾਰੇ, ਕਮਿਉਨਿਸਟ ਇਨਕਲਾਬੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ, ਫੜ ਫੜ ਕੇ ਕ੍ਰਾਂਤੀਕਾਰੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਬਾਰੇ, ਵਿਸਥਾਰ ਵਿੱਚ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਅਸੀਂ ਪੰਜਾਬ ਵਿੱਚ ਕਾਰਪੋਰੇਟਾਂ ਤੋਂ ਜਮੀਨਾਂ ਦੀ ਰਾਖੀ ਕਰਨ ਦੇ ਲਈ ਲੜ ਰਹੇ ਹਾਂ ਆਦਿਵਾਸੀ ਖੇਤਰਾਂ ਦੇ ਲੋਕ ਵੀ ਆਪਣੀਆਂ ਜਮੀਨਾਂ ਅਤੇ ਜਮੀਨਾਂ ਵਿੱਚ ਦੱਬੇ ਖਣਿਜ ਪਦਾਰਥਾਂ ਦੇ ਖਜ਼ਾਨਿਆਂ ਨੂੰ ਬਚਾਉਣ ਦੇ ਲਈ ਲੜ ਰਹੇ ਹਨ। ਹਕੂਮਤ ਵਿਰੁੱਧ ਵਿਰੁੱਧ ਵਿਰੋਧੀ ਲੜਾਈ ਦੀ ਬਹੁਤ ਵੱਡੀ ਸਾਂਝ ਹੈ। ਕ੍ਰਾਂਤੀਕਾਰੀ ਲਹਿਰ ਨੂੰ ਕੁਚਲਣ ਦੇ ਲਈ ਸਾਮਰਾਜੀਆਂ ਦੇ ਵਾਈਟ ਹਾਊਸ ਦੇ ਵਿੱਚ ਯੋਜਨਾਵਾਂ ਬਣ ਰਹੀਆਂ ਹਨ ਕਿਉਂਕਿ ਸਾਮਰਾਜੀਆਂ ਦੀਆਂ ਨਜ਼ਰਾਂ ਸਾਡੀਆਂ ਉਪਜਾਊ ਪੱਧਰ ਜਮੀਨਾਂ ਅਤੇ ਧਰਤੀ ਵਿੱਚ ਦੱਬੇ ਖਜ਼ਾਨਿਆਂ ਉੱਤੇ ਟਿਕੀਆਂ ਹੋਈਆਂ ਹਨ।
ਸਾਮਰਾਜੀਆਂ ਦੀ ਲੁੱਟ ਨੂੰ ਰੋਕਣ ਦੇ ਲਈ ਮਾਓਵਾਦੀ ਲਹਿਰ ਇੱਕ ਵੱਡੀ ਰੋਕ ਬਣੀ ਹੋਈ ਹੈ। ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮਾਂ ਨੇ ਭਾਰਤ ਦੇ ਮਾਲ ਖਜਾਨਿਆਂ ਨੂੰ ਲੁਟਾਉਣ ਦੇ ਲਈ, ਇਸ ਰੁਕਾਵਟ ਨੂੰ ਪਾਸੇ ਕਰਨ ਦੇ ਲਈ ਆਪਣੇ ਹੀ ਲੋਕਾਂ ਤੇ ਫੌਜਾਂ ਚਾੜੀਆਂ ਹੋਈਆਂ ਹਨ। ਆਦਿਵਾਸੀਆਂ ਦੇ ਹਰਮਨ ਪਿਆਰੇ ਆਗੂ ਮਾਂਡਵੀ ਹਿਡਬਾਂ ਵਰਗੇ ਯੋਧਿਆਂ ਨੂੰ ਕਤਲ ਕਰਕੇ ਸਾਮਰਾਜੀ ਲੁੱਟ ਲਈ ਰਾਹ ਪੱਧਰਾ ਕੀਤਾ ਜਾ ਰਿਹਾ। ਬੁਲਾਰਿਆਂ ਨੇ ਮੰਗ ਕੀਤੀ ਕਿ ਝੂਠੇ ਪੁਲਿਸ ਮੁਕਾਬਲੇ ਬੰਦ ਕੀਤੇ ਜਾਣ ਅਤੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਓਵਾਦੀਆਂ ਅਤੇ ਆਦਿਵਾਸੀਆਂ ਨੂੰ ਮਾਰਿਆ ਹੈ , ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਗਸੀਰ ਮਹਿਰਾਜ ਦੀ ਸੰਗੀਤ ਮੰਡਲੀ ਅਤੇ ਮਸ਼ਹੂਰ ਗੀਤਕਾਰ ਦੇਸ਼ਰਾਜ ਛਾਂਜਲੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਕਾਮਰੇਡ ਸ਼ਮਸ਼ੇਰ ਸ਼ੇਰੀ ਦੇ ਪਰਿਵਾਰ ,ਭਤੀਜੇ ਅਮਰੀਕ ਸਿੰਘ ਅਤੇ ਪਰਮਜੀਤ ਸਿੰਘ ਹੋਰਾਂ ਨੇ ਲੰਗਰ ਤੇ ਚਾਹ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਅਖੀਰ ਦੇ ਵਿੱਚ ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ।
Share this content:



Post Comment