ਡਾ. ਸੁਖਦੇਵ ਸਿੰਘ ਝੰਡ ਦੀ ਪਰਖ ‘ਚੋਂ ‘ਪੁਰਖ਼ਿਆਂ ਦਾ ਦੇਸ਼’/ ਜਸਵਿੰਦਰ ਸਿੰਘ ਰੁਪਾਲ
ਪੁਸਤਕ ਦਾ ਨਾਮ :- ਪੁਰਖ਼ਿਆਂ ਦਾ ਦੇਸ਼
ਲੇਖਕ ਦਾ ਨਾਮ : ਡਾ. ਸੁਖਦੇਵ ਸਿੰਘ ਝੰਡ
ਸਮੀਖਿਆਕਾਰ : ਜਸਵਿੰਦਰ ਸਿੰਘ ਰੁਪਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਪੰਨੇ : 163 ਕੀਮਤ : 395 ਰੁਪਏ
ਸਿਆਣੇ ਆਖਦੇ ਹਨ ਕਿ ‘ਭੱਜੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ’। ਸ਼ਾਇਦ ਇਸੇ ਕਰਕੇ ਭਾਰਤ ਅਤੇ ਪਾਕਿਸਤਾਨ ਦੀ ਜਨਤਾ ਦੇ ਦਿਲ ਵਿੱਚ ਦੇਸ਼ ਦੀ ਵੰਡ ਦੇ ਪੌਣੀ ਸਦੀ ਬੀਤ ਜਾਣ ਤੋਂ ਬਾਅਦ ਵੀ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਬਰਕਰਾਰ ਹੈ। ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਰਵੱਈਆ ਭਾਵੇਂ ਕੁਝ ਵੀ ਹੋਵੇ, ਪਰ ਆਮ ਜਨਤਾ ਦੀ ਦਿਲੀ ਤੜਪ ਉਦੋਂ ਹੀ ਪਤਾ ਲੱਗਦੀ ਹੈ ਜਦੋ ਇਧਰਲੇ ਉੱਧਰ ਜਾਣ, ਜਾਂ ਓਧਰਲੇ ਇੱਧਰ ਆਉਣ। ਪ੍ਰਸਿੱਧ ਲੇਖਕ ਡਾ. ਸੁਖਦੇਵ ਸਿੰਘ ਝੰਡ ਨੇ ਇਸ ‘ਤੜਪ’ ਨੂੰ ਹੋਰ ਵੀ ਵਧੇਰੇ ਮਹਿਸੂਸਿਆ, ਕਿਉਂਕਿ ਉਸ ਦੇ ਵਡੇਰਿਆਂ ਨੇ 1947 ਦਾ ‘ਦੁਖਾਂਤ’ ਹੱਡੀਂ ਹੰਢਾਇਆ ਹੋਇਆ ਸੀ ਅਤੇ ਡਾ. ਝੰਡ ਨੂੰ ਪਾਕਿਸਤਾਨ ਦੀ ਆਪਣੀ 14 ਦਿਨ ਦੀ ਇਸ ਫੇਰੀ ਨਾਲ ਉਸ ਪੀੜ ਨੂੰ ਘੱਟ ਕਰਨ ਦਾ ਮੌਕਾ ਮਿਲ ਗਿਆ। ਲਹਿੰਦੇ ਪੰਜਾਬ ਤੋਂ ਮਿਲਿਆ ਪਿਆਰ ਅਤੇ ਨਿੱਘ ਉਸ ਦੇ ਜ਼ਿਹਨ ‘ਚ ਲਹਿ ਗਿਆ ਅਤੇ ਉਸਦੀ ਕਲਮ ਨੇ ਉਨ੍ਹਾਂ ਭਾਵਨਾਵਾਂ ਨੂੰ ਜਦੋਂ ਕਾਗਜ਼ ‘ਤੇ ਉਤਾਰਿਆ, ਤਾਂ ਇਹ ਸਫ਼ਰਨਾਮਾ ‘ਪੁਰਖ਼ਿਆਂ ਦਾ ਦੇਸ਼’ ਹੋਂਦ ‘ਚ ਆ ਗਿਆ। ਇਹ ਲੇਖਕ ਦੀ ਦਸਵੀਂ ਪੁਸਤਕ ਹੈ ਅਤੇ ਉਹ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਵਧੀਆ ਸਥਾਨ ਬਣਾ ਚੁੱਕਾ ਹੈ। ਹੁਣ ਸਮੂਹ ਪਾਠਕ ਦਿਲਾਂ ਦੀ ਪਿਆਰ-ਵਿਛੋੜੇ ਦੀ ਰਾਹ ਚੋਂ ਲੰਘਦਿਆਂ ਪਾਕਿਸਤਾਨ ਦੇ ਪਾਕਿ-ਦੀਦਾਰੇ ਇਸ ਖੂਬਸੂਰਤ ਕਲਮ ਰਾਹੀਂ ਕੀਤੇ ਦ੍ਰਿਸ਼ ਵਰਣਨ ਰਾਹੀਂ ਕਰ ਸਕਦੇ ਹਨ।
ਪੁਸਤਕ ਦੀ ਭੂਮਿਕਾ ਲਿਖਦਿਆਂ ਪ੍ਰਸਿੱਧ ਲੇਖਕ ਡਾ. ਵਰਿਆਮ ਸੰਧੂ ਲਿਖਦੇ ਹਨ, “ਦੋਵਾਂ ਮੁਲਕਾਂ ਨੂੰ ਨੇੜੇ ਲਿਆਉਣ ਵਿੱਚ ਉਨ੍ਹਾਂ ਦੇ ਪਥਰਾਏ ਮਨਾਂ ਨੂੰ ਪਿਘਲਾਉਣ ਵਿੱਚ ਇਹ ਲਿਖਤ ਮੁੱਲਵਾਨ ਕਾਰਜ ਕਰੇਗੀ” ਇਸੇ ਤਰ੍ਹਾਂ ਪ੍ਰਿੰ. ਸਰਵਣ ਸਿੰਘ ਨੇ ਆਪਣੇ ਲੰਮੇ ‘ਮੁੱਖਬੰਧ’ ਵਿੱਚ ਜਿੱਥੇ ਡਾ. ਝੰਡ ਦੇ ਕੁਝ ਜੀਵਨ ਅੰਸ਼ਾਂ ‘ਤੇ ਝਾਤ ਪੁਆਈ ਹੈ, ਉੱਥੇ ਉਨ੍ਹਾਂ ਨੇ ਇਸ ਸਫ਼ਰਨਾਮੇ ਨੂੰ ‘ਅਮਨ ਦਾ ਹੋਕਾ’ ਆਖ ਕੇ ਵਡਿਆਇਆ ਹੈ।
‘ਇਸ ਫੇਰੀ ਦਾ ਫੁਰਨਾ’ ਸਿਰਲੇਖ ਅਧੀਨ ਲੇਖਕ ਆਪਣੇ ਪਾਕਿਸਤਾਨ ਯਾਤਰਾ ਦਾ ਸਬੱਬ ਕਿਵੇਂ ਬਣਿਆ, ਦੱਸਦਾ ਹੈ। ਜਿੱਥੇ ਇਸ ਵਿੱਚ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਪੱਖ ਦੀ ਖਿੱਚ ਸੀ, ਉੱਥੇ ਉਸਦੇ ਪੁਰਖ਼ਿਆਂ ਲਈ ‘ਬਰਬਾਦੀ’ ਬਣ ਚੁੱਕੀ ਇਸ ਕਥਿਤ ‘ਆਜ਼ਾਦੀ’ ਕਾਰਨ ਵਿੱਛੜ ਚੁੱਕੇ ਆਪਣੇ ਜੱਦੀ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ ਨੂੰ ਵੇਖਣ ਦੀ ਰੀਝ ਵੀ ਸੀ ਜਿਹੜੀ ਲਾਹੌਰ ਵਿੱਚ ਹੋਣ ਵਾਲੀ ਪੰਜਾਬੀ ਕਾਨਫ਼ਰੰਸ ਦੇ ਸੱਦੇ ਨਾਲ ਪੂਰੀ ਹੋਣੀ ਸੀ, ਪਰ ਉਹ ਅਚਾਨਕ ਮੁਲਤਵੀ ਹੋ ਗਈ। ਨਿਰਾਸ਼ਾ ਵਿੱਚ ਬੈਠਿਆਂ ਲਈ ਅਹਿਮਦ ਰਜ਼ਾ ਵੱਲੋਂ ਭੇਜੀ ਗਈ ਸਪਾਂਸਰਸ਼ਿਪ ਨਾਲ ਮੁੜ ਰੀਝ ਨੂੰ ‘ਬੂਰ’ ਪਿਆ। ਆਪਣੀ ਭੈਣ ਗੁਰਚਰਨ ਕੌਰ ਥਿੰਦ ਅਤੇ ਜੀਜਾ ਜੀ ਡਾ. ਸੁਖਵਿੰਦਰ ਸਿੰਘ ਥਿੰਦ ਸਮੇਤ ਇਹ ਦੋਵੇਂ ਪਤੀ-ਪਤਨੀ ਇਸ ਯਾਤਰਾ ਲਈ ਰਵਾਨਾ ਹੋ ਗਏ।
ਪਹਿਲੇ ਦੋ ਦਿਨ ਲਾਹੌਰ ਅਤੇ ਕਸੂਰ ਲਗਾਏ। ਕਸੂਰ ‘ਚ ਬਾਬਾ ਬੁਲ੍ਹੇ ਸ਼ਾਹ ਦੀ ਦਰਗਾਹ ਅਤੇ ਲਾਹੌਰ ਦੇ ਬਜ਼ਾਰਾਂ ਵਿੱਚ ਘੁੰਮਣ ਤੋਂ ਬਿਨਾਂ ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ ਦੀ ਕਬਰ ‘ਤੇ ਗਏ, ਉੱਥੇ ਲਾਹੌਰ ਦੇ ਕਈ ਪੰਜਾਬੀ ਲੇਖਕਾਂ ਨਾਲ ਵੀ ਮੁਲਾਕਾਤ ਹੋਈ ਜਿਨ੍ਹਾਂ ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਸਾਰਥਕ ਗੱਲਬਾਤ ਹੋਈ। ਆਪਣੇ ਜੱਦੀ ਪਿੰਡ ਚੱਕ ਨੰਬਰ 202 ਗੱਟੀ ਤਲਾਵਾਂ ਪਹੁੰਚਣ ‘ਤੇ ਪਿੰਡ ਵਾਸੀਆਂ ਵੱਲੋਂ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਸਟਾਫ਼ ਵੱਲੋਂ ਹੋਏ ਭਰਵੇਂ ਸਵਾਗਤ ਦਾ ਜਜ਼ਬਾਤੀ ਵਰਣਨ ਕਰਦਿਆਂ ਹੋਇਆ ਲੇਖਕ ਨੇ ਆਪਣੀ ਕਵਿਤਾ ‘ਭੁੱਖ ਜਾਂ ਤੜਪ’ ਰਾਹੀਂ ਆਪਣੇ ਇੱਧਰ ਆਉਣ ਦੇ ਪਾਕਿ ਇਰਾਦੇ ਦਾ ਬਿਆਨ ਵੀ ਕੀਤਾ ਹੈ।
ਵਿਛੋੜੇ ਦੀ ਉਸ ਚੀਸ ਨੂੰ ਥੋੜ੍ਹਾ ਨੱਪਣ ਆਇਆ ਹਾਂ,
ਵਾਹਗੇ ਦੀ ਸਰਹੱਦ ਨੂੰ ਮੈਂ ਅੱਜ ਟੱਪਣ ਆਇਆ ਹਾਂ।
ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਲੱਗਦੇ ਸ਼ਾਹੀ ਕਿਲੇ ਦੇ ‘ਰੌਸ਼ਨਾਈ ਗੇਟ’ ਅਤੇ ਇਸ ਦਾ ਇਤਿਹਾਸ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਸਾਡੀ ਦਿਲਚਸਪੀ ਵਧਾਉਂਦਾ ਹੈ। ਲੇਖਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਜਾਂਦੇ ਹੋਏ ਉਥੋਂ ਦੇ ਇਤਿਹਾਸ ਦੇ ਵਰਣਨ ਦੇ ਨਾਲ-ਨਾਲ ਉਸ ਦੀ ਅਜੋਕੀ ਅਵਸਥਾ ਬਾਰੇ ਲਿਖਣੋਂ ਕਦੇ ਨਹੀਂ ਭੁੱਲਦਾ। ਉਨ੍ਹਾਂ ਉੱਪਰ ਬੇਬਾਕ ਨਿੱਜੀ ਟਿੱਪਣੀ ਕਰਨੀ ਉਸਦੇ ਵਿਸ਼ਾਲ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਮਾਲਕ ਹੋਣ ਦਾ ਸਬੂਤ ਹੈ। ਉਦਾਹਰਣ ਵਜੋਂ, ਪੰਜਾ ਸਾਹਿਬ ਗੁਰਦੁਆਰੇ ਵਿੱਚ ਪੱਥਰ ‘ਤੇ ਲੱਗੇ ਗੁਰੂ ਨਾਨਕ ਦੇ ‘ਪੰਜੇ ਦੇ ਨਿਸ਼ਾਨ’ ਦੇ ਦਰਸ਼ਨ ਕਰਨ ਉਪਰੰਤ ਉਹ ਸਾਫ਼-ਸਾਫ਼ ਲਿਖਦਾ ਹੈ, “ਮੈਨੂੰ ਇੰਝ ਲੱਗਿਆ ਜਿਵੇਂ ਇਹ ਕਿਸੇ ਬਹੁਤ ਹੀ ਸੁਘੜ ਕਾਰੀਗਰ ਵੱਲੋਂ ਬੜੀ ਸਿਆਣਪ ਨਾਲ ਪੱਥਰ ਨੂੰ ਤਰਾਸ਼ ਕੇ ਥੋੜ੍ਹਾ ਜਿਹਾ ਡੂੰਘਾ ਉੱਕਰਿਆ ਗਿਆ ਹੋਵੇ, … ਹੋ ਸਕਦਾ ਏ ਕਿ ਮੈ ਗਲਤ ਹੀ ਹੋਵਾਂ ਪਰ ਪੱਥਰ ‘ਤੇ ਪਏ ਇਸ ਨਿਸ਼ਾਨ ਨੂੰ ਮੇਰਾ ਮਨ ਗੁਰੂ ਨਾਨਕ ਜੀ ਦੇ ਪੰਜੇ ਦਾ ਨਿਸ਼ਾਨ ਮੰਨਣ ਲਈ ਤਿਆਰ ਨਹੀਂ ਸੀ।“ ਇਸੇ ਤਰਾਂ ਕਰਤਾਰਪੁਰ ਸਾਹਿਬ ਦਾਖ਼ਲੇ ਲਈ ਪਾਕਿਸਤਾਨੀ ਸ਼ਰਧਾਲੂਆਂ ਲਈ ਦਾਖ਼ਲਾ ਟਿਕਟ 400 ਰੁਪਏ ਹੋਣਾ, ਪਰ ਵਿਦੇਸ਼ੀ ਸ਼ਰਧਾਲੂਆਂ ਲਈ ਇਹ ਦਾਖ਼ਲਾ ਮੁਫ਼ਤ ਹੋਣ (ਲੇਖਕ ਦੇ ਦੱਸਣ ਅਨੁਸਾਰ 20 ਅਮਰੀਕਨ ਡਾਲਰ ਦੀ ਫ਼ੀਸ ਭਾਰਤ ਸਰਕਾਰ ਲੈਂਦੀ ਹੈ) ‘ਤੇ ਆਪਣੀ ਹੈਰਾਨੀ ਪ੍ਰਗਟਾਉਂਦਾ ਹੋਇਆ ਲਿਖਦਾ ਹੈ, “ਭਾਰਤ ਵਿੱਚ ਆਗਰੇ ਦਾ ਤਾਜ ਮਹੱਲ ਵੇਖਣ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਇਹ ਟਿਕਟ ਆਮ ਨਾਲੋਂ ਚਾਰ-ਪੰਜ ਗੁਣਾ ਹੈ।
ਪਾਕਿਸਤਾਨ ਦੇ ਸਭਿਆਚਾਰਕ ਅਤੇ ਵਿਰਾਸਤੀ ਸਥਾਨ ਜਿਵੇਂ ਤਕਸ਼ਿਲਾ ਯੂਨੀਵਰਸਿਟੀ ਦੇ ਖੰਡਰ ਵੀ ਇਨ੍ਹਾਂ ਯਾਤਰੀਆਂ ਵੱਲੋਂ ਦੇਖੇ ਗਏ। ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਬਜ਼ਾਰਾਂ ‘ਚੋਂ ਵਿਚਰਦਿਆਂ ਜਿੱਥੇ ਉੱਥੋਂ ਦੀਆਂ ਖਾਣ-ਪੀਣ ਅਤੇ ਪਹਿਨਣ ਵਾਲੀਆਂ ਵਸਤਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਗਈ ਹੈ, ਉੱਥੇ ਉਨ੍ਹਾਂ ਵਸਤੂਆਂ ਅਤੇ ਉਨ੍ਹਾਂ ਦੀ ਗੁਣਵੱਤਾ ਅਤੇ ਕੀਮਤ ਬਾਰੇ ਵੀ ਲਿਖਣ ਤੋਂ ਸੰਕੋਚ ਨਹੀਂ ਕੀਤਾ ਗਿਆ। ਲੇਖਕ ਖ਼ੁਦ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ‘ਭਾਈ ਗੁਰਦਾਸ ਲਾਇਬਰੇਰੀ’ ਵਿਚ ਨੌਕਰੀ ਕਰਦਾ ਰਿਹਾ ਹੈ, ਇਸ ਲਈ ਪਾਕਿਸਤਾਨ ਦੀ ‘ਫ਼ੈਸਲਾਬਾਦ ਐਗਰੀਕਲਚਰਲ ਯੂਨੀਵਰਸਿਟੀ’ ਵਿੱਚ ਜਾ ਕੇ ਉਥੋਂ ਦੀ ਲਾਇਬਰੇਰੀ ਵਿੱਚ ਜਾਣਾ ਅਤੇ ਉਸ ਦੇ ਨਾਲ ਸੰਬੰਧਿਤ ਗੱਲਬਾਤ ਕਰਨੀ ਸੁਭਾਵਿਕ ਹੀ ਹੈ।
ਇਹ ਅਕਸਰ ਹੀ ਹੁੰਦਾ ਹੈ ਕਿ ਜਦੋਂ ਅਸੀਂ ਆਪਣਾ ਵਤਨ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਫਿਰ ਰਹੇ ਹੁੰਦੇ ਹਾਂ, ਤਾਂ ਉੱਥੋਂ ਦੇ ਮਾਹੌਲ ਨੂੰ, ਪ੍ਰਬੰਧ ਨੂੰ, ਵਿਅਕਤੀਆਂ ਦੇ ਵਤੀਰੇ ਨੂੰ ਆਪਣੇ ਦੇਸ਼ ਨਾਲ ਤੁਲਨਾ ਕਰਕੇ ਦੇਖਦੇ ਹਾਂ। ਅਸੀਂ ਉਸ ਦੇਸ਼ ਦੀ ਉਸ ਚੰਗੀ ਵਸਤੂ, ਵਿਅੱਕਤੀ ਜਾਂ ਪ੍ਰਬੰਧ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ, ਜਿਹੜੀ ਸਾਡੇ ਦੇਸ਼ ਵਿੱਚ ਕਿਸੇ ਕਾਰਨ ਕਰਕੇ ਚੰਗੀ ਨਹੀਂ। ਇਸ ਪਰਖ ਵਿੱਚ ਵੀ ਅਜਿਹੀਆਂ ਕਈ ਗੱਲਾਂ ਦਾ ਜ਼ਿਕਰ ਇਸ ਸਫ਼ਰਨਾਮੇ ਵਿੱਚ ਬਾਖੂਬੀ ਕੀਤਾ ਗਿਆ ਹੈ। ਉਦਾਹਰਣ ਵਜੋਂ, ‘ਸਰ ਗੰਗਾ ਰਾਮ ਹਸਪਤਾਲ’ ਦੇ ਨਾਮ ‘ਤੇ ਚਰਚਾ ਕਰਦਿਆਂ ਉਹ ਭਾਰਤ ਵਿੱਚ ਕਈ ਥਾਵਾਂ ਦੇ ਨਾਵਾਂ ਦੇ ਭਾਰਤੀਕਰਣ ਕੀਤੇ ਜਾਣ ਦੀ ਆਲੋਚਨਾ ਕਰਦਾ ਹੈ। ਉਹ ਪਾਕਿਸਤਾਨੀਆਂ ਦੀ ਮੇਜ਼ਬਾਨੀ, ਪਿਆਰ ਤੇ ਸਤਿਕਾਰ ਅਤੇ ਭਾਰਤੀਆਂ ਨੂੰ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਦੀ ਖ਼ਾਸ ਪ੍ਰਸੰਸਾ ਕਰਦਾ ਹੈ। ਉਹ ਇੱਛਾ ਕਰਦਾ ਹੈ ਕਿ ਕਦੇ ਇਹ ਸਰਹੱਦ ਦੀਆਂ ਦੀਵਾਰਾਂ ਟੁੱਟ ਜਾਣ ਅਤੇ ਦੋਹਾਂ ਦੇਸ਼ਾਂ ਦੇ ਵਿਲਕਦੇ ਦਿਲ ਇੱਕ ਦੂਜੇ ਵਿੱਚ ਜਜ਼ਬ ਹੋ ਜਾਣ, ਜੇਕਰ ਇਨ੍ਹਾਂ ਦੀਆਂ ਸਰਕਾਰਾਂ ਆਪਣੀ ਦੂਈ-ਦਵੈਤ ਦੀ ਭਾਵਨਾ ਅਤੇ ਨਫ਼ਰਤ ਦੂਰ ਕਰਕੇ ਵਿਸ਼ਾਲ-ਦਿਲੀ ਦਾ ਪ੍ਰਮਾਣ ਦੇਣ।
ਸੁਖਦੇਵ ਸਿੰਘ ਝੰਡ ਪੂਰੀ ਤਰਾਂ ਸੁਚੇਤ ਹੈ ਕਿ ਉਹ ਇੱਕ ਸਫ਼ਰਨਾਮਾ ਲਿਖ ਰਿਹਾ ਹੈ। ਉਹ ਸਫ਼ਰਨਾਮਾ ਸਾਹਿਤ ਦੀਆਂ ਖੂਬੀਆਂ ਤੋਂ ਚੰਗੀ ਤਰਾਂ ਜਾਣੂ ਵੀ ਹੈ। ਬਲਰਾਜ ਸਾਹਨੀ ਦੇ ਰੂਸੀ ਅਤੇ ਪਾਕਿਸਤਾਨੀ ਸਫ਼ਰਨਾਮਿਆਂ ਦਾ ਉਸਨੇ ਚੰਗੀ ਤਰ੍ਹਾਂ ਅਧਿਐਨ ਕੀਤਾ ਹੈ। ਇਸੇ ਲਈ ਉਹ ਦੋ-ਤਿੰਨ ਥਾਂ ਤੇ ਇਨ੍ਹਾਂ ਸਫ਼ਰਨਾਮਿਆਂ ਵਿਚੋਂ ਹਵਾਲੇ ਵੀ ਦਿੰਦਾ ਹੈ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਵੀ ਕਰਦਾ ਹੈ। ਉਹ ਲੇਖਕ ਹੀ ਕਾਹਦਾ ਜੋ ਵਿਦੇਸ਼ ਜਾ ਕੇ ਲੇਖਕਾਂ ਨੂੰ ਨਾ ਮਿਲੇ? ਪਾਕਿਸਤਾਨ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਾਡੇ ਭਾਰਤੀ ਪੰਜਾਬੀ ਬੋਲਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਹੈ। ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕਾਂ ਜਿਵੇਂ ਬਾਬਾ ਨਜਮੀ, ਏਹਸਾਨ ਬਾਜਵਾ, ਅਫ਼ਜ਼ਲ ਸਾਹਿਰ, ਅਬਦੁਲ ਮਜੀਦ ਰਾਣਾ, ਆਸਿਫ਼ ਸੁਹੇਲ, ਸ਼ਾਕਿਰ ਅਲੀ, ਆਦਿ ਨਾਲ ਮੁਲਾਕਾਤਾਂ ਅਤੇ ਪੰਜਾਬੀ ਮੁਸ਼ਾਇਰਿਆਂ ਦਾ ਵੀ ਬਾਖੂਬੀ ਵਰਣਨ ਹੈ। ਦੋ ਟੀ.ਵੀ. ਐਂਕਰ ਅਹਿਮਦ ਰਜ਼ਾ ਉਧਰੋਂ ਅਤੇ ਗੁਰਚਰਨ ਕੌਰ ਥਿੰਦ (ਲੇਖਕ ਦੀ ਭੈਣ) ਇੱਧਰੋਂ ਹਰ ਖੂਬਸੂਰਤ ਮਿਲਣੀ ਨੂੰ ਆਪੋ-ਆਪਣੇ ਚੈਨਲਾਂ ਕ੍ਰਮਵਾਰ ‘ਪੰਜਾਬੀ ਪ੍ਰਚਾਰ ਟੀ.ਵੀ.’ ਅਤੇ ‘ਪੰਜਾਬੀ ਨੈਸ਼ਨਲ ਟੀ.ਵੀ.’ ਲਈ ਰਿਕਾਰਡ ਵੀ ਕਰਦੇ ਜਾਂਦੇ ਹਨ ਅਤੇ ਮਹੱਤਵਪੂਰਨ ਸ਼ਖਸ਼ੀਅਤਾਂ ਦੀ ਇੰਟਰਵਿਊ ਵੀ ਲੈਂਦੇ ਜਾਂਦੇ ਹਨ। ਇਸ ਨਾਲ ਪਾਠਕ ਸਿਰਫ਼ ਥਾਵਾਂ ਅਤੇ ਇਮਾਰਤਾਂ ਦੀ ਹੀ ਸੈਰ ਨਹੀਂ ਕਰਦਾ, ਸਗੋਂ ਦੋਹਾਂ ਦੇਸ਼ਾਂ ਦੇ ਪ੍ਰਸਿੱਧ ਲੇਖਕਾਂ, ਪੰਜਾਬੀ-ਪਿਆਰਿਆਂ, ਵਿਦਵਾਨਾਂ, ਸਮਾਜ-ਸੇਵਕਾਂ ਦੇ ਖੂਬਸੂਰਤ ਵਿਚਾਰਾਂ ਤੋਂ ਵੀ ਵਾਕਿਫ਼ ਹੁੰਦਾ ਹੈ। ਪੁਸਤਕ ਵਿਚੋਂ ਕੁਝ ਝਲਕੀਆਂ ਦੇਣੀਆਂ ਚਾਹਾਂਗਾ ਜਿਸ ਨਾਲ ਪਾਠਕਾਂ ਨੂੰ ਇਸ ਵਿਚਲੇ ਗਿਆਨ, ਭਾਸ਼ਾ, ਪੇਸ਼ਕਾਰੀ ਦਾ ਢੰਗ ਦੇਖ ਕੇ ਹੋਰ ਵਧੇਰੇ ਦਿਲਚਸਪੀ ਜਾਗੇਗੀ ….
* ਉਨ੍ਹਾਂ ਵਿਚੋਂ ਕਈ ਇਸ ਗੱਲੋਂ ਵੀ ਹੈਰਾਨ ਸਨ ਕਿ ਇਹ ‘ਸਰਦਾਰ’ ਵੀ ਬਾਬਾ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਗਾ ਰਿਹਾ ਹੈ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਸ਼ਾਇਰ ਤਾਂ ਸਾਰਿਆਂ ਦੇ ‘ਸਾਂਝੇ’ ਹੁੰਦੇ ਹਨ ਤੇ ਉਹ ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਹੁੰਦੇ। (ਪੰਨਾ 36)
* “ਬੇਸ਼ੱਕ ਇਹ ਉਹ ‘ਦੋ ਘੋੜਾ ਬੋਸਕੀ’ ਤਾਂ ਨਹੀਂ ਏ ਜਿਹੜੀ ਮੈਂ ਤੁਹਾਡੇ ਲਈ ਲਿਆਉਣੀ ਚਾਹੁੰਦਾ ਸਾਂ, ਪਰ ਉਸਦੇ ਨੇੜੇ-ਤੇੜੇ ‘ਡੇਢ-ਪੌਣੇ ਦੋ ਘੋੜਾ’ ਜ਼ਰੂਰ ਹੋਵੇਗੀ। (ਪੰਨਾ 93)
* ਇੱਕ ਮੂਰਤੀ ਵਿੱਚ ਮਹਾਤਮਾ ਬੁੱਧ ਦੀ ਧੁੰਨੀ ਵਿੱਚ ਛੋਟੀ ਜਿਹੀ ਮੋਰੀ ਬਣੀ ਹੋਈ ਸੀ। ਸਾਡੀ ਗਾਈਡ ਸਈਅਦ ਗੁੱਲ ਨੇ ਦੱਸਿਆ ਕਿ ਇਸ ਮੋਰੀ ਵਿੱਚ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਪਾ ਕੇ ਕੋਈ ਜੋ ਵੀ ਮੰਗਦਾ ਹੈ, ਉਸਦੀ ਉਹ ਇੱਛਾ ਪੂਰੀ ਹੋ ਜਾਂਦੀ ਹੈ। (ਪੰਨਾ 143)
* ਜਰਮਨ ਦੀ ਇਤਿਹਾਸਕ ‘ਬਰਲਿਨ ਦੀ ਦੀਵਾਰ’ ਵਾਂਗ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਆਪਸੀ ਨਫਰਤ ਦੀ ਦੀਵਾਰ ਢਾਹ ਕੇ ਆਪਣੇ ਦੇਸ਼-ਵਾਸੀਆਂ ਨੂੰ ਦੂਸਰੇ ਦੇਸ਼ ਜਾ ਕੇ ਉੱਥੋਂ ਦੇ ਲੋਕਾਂ ਨੂੰ ਮਿਲਣ ਦੀ ਆਗਿਆ ਦੇਣੀ ਚਾਹੀਦੀ ਹੈ। (ਪੰਨਾ 162)
ਸੰਖੇਪ ਵਿੱਚ ਆਖੀਏ ਤਾਂ ਲੇਖਕ ਨੇ 200 ਤੋਂ ਵੀ ਘੱਟ ਪੰਨਿਆਂ ਵਿੱਚ ਇੱਕ ਦੇਸ਼ ਦੇ ਸਭਿਆਚਾਰ, ਲੋਕਾਂ ਦੇ ਵਿਵਹਾਰ, ਉੱਥੋਂ ਦੇ ਧਾਰਮਿਕ, ਇਤਿਹਾਸਕ ਅਤੇ ਸਭਿਆਚਾਰਕ ਥਾਵਾਂ, ਉੱਥੋਂ ਦੇ ਨਵੇਂ ਪੁਰਾਣੇ ਸ਼ਹਿਰਾਂ ਦੇ ਖੂਬਸੂਰਤ ਦਰਸ਼ਨ ਕਰਵਾ ਦਿੱਤੇ ਹਨ। ਪੁਸਤਕ ਨੂੰ ਪੜ੍ਹਨ ਉਪਰੰਤ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਪੜ੍ਹਨ ਵਾਲਾ ਉਨ੍ਹਾਂ ਥਾਵਾਂ ‘ਤੇ ਜਾਣ ਦੀ ਤਾਂਘ ਨੂੰ ਹੋਰ ਤੇਜ਼ ਹੋਈ ਮਹਿਸੂਸ ਕਰੇਗਾ ਅਤੇ ਉਨ੍ਹਾਂ ਜਿੰਦਾਦਿਲ ਅਤੇ ਪਿਆਰੇ ਇਨਸਾਨਾਂ ਨੂੰ ਮਿਲਣਾ ਚਾਹੇਗਾ, ਜਿਨ੍ਹਾਂ ਦਾ ਜ਼ਿਕਰ ਇਸ ਪੁਸਤਕ ਵਿੱਚ ਕੀਤਾ ਗਿਆ ਹੈ। ਪੁਸਤਕ ਦੀ ਖੂਬਸੂਰਤ ਗੈਟ-ਅੱਪ ਅਤੇ ਇਸ ਵਿੱਚ 32 ਪੰਨਿਆਂ ਵਿੱਚ ਛਪੀਆਂ ਵੱਖ-ਵੱਖ ਥਾਵਾਂ ਅਤੇ ਵਿਅੱਕਤੀਆਂ ਦੀਆਂ ਰੰਗਦਾਰ ਤਸਵੀਰਾਂ ਇਸਨੂੰ ਚਾਰ ਚੰਨ ਲਗਾਉਂਦੀਆਂ ਹਨ। ਮੈਂ ਵੀਰ ਸੁਖਦੇਵ ਸਿੰਘ ਝੰਡ ਨੂੰ ਪੁਰਖ਼ਿਆਂ ਦੇ ਦੇਸ਼ ਨਾਲ ਸਾਡੀ ਸਾਰਿਆਂ ਦੀ ਖੂਬਸੂਰਤ ਅੰਦਾਜ਼ ਵਿੱਚ ਜਾਣ-ਪਹਿਚਾਣ ਕਰਵਾਉਣ ਲਈ ਮੁਬਾਰਕਬਾਦ ਦਿੰਦਾ ਹਾਂ ਅਤੇ ਉਸ ਦਾ ਧੰਨਵਾਦੀ ਵੀ ਹਾਂ, ਪੰਜਾਬੀ ਸਾਹਿਤ ਵਿੱਚ ਇੱਕ ਨਵੀਂ ਪੈੜ ਪਾਉਣ ਲਈ। ਇਸ ਦੇ ਨਾਲ ਹੀ ਸਮੂਹ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਸਿਫਾਰਿਸ਼ ਕਰਦਾ ਹਾਂ।
Share this content:



Post Comment