ਸਾਹਿਤਕ ਰੰਗਾਂ ਵਿੱਚ ਰੰਗਿਆ ਗਿਆ — ਪੀ.ਐੱਮ.ਸ੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ

ਕਵੀ ਸੁਖਦੇਵ ਸਿੰਘ ਗੰਡਵਾਂ ਨਾਲ਼ ਰੂਬਰੂ ਦਾ ਆਯੋਜਨ
ਫਗਵਾੜਾ – ਪੰਜਾਬੀ ਮਾਂ ਬੋਲੀ ਅਤੇ ਆਪਣੇ ਸੱਭਿਆਚਾਰਕ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ਼ ਪੀ. ਐੱਮ.ਸ੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਪੰਜਾਬੀ ਮਾਹ ਮਨਾਉਣ ਹਿੱਤ ਰੋਜ਼ਾਨਾ ਅਨੇਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਸੇਵਾ ਮੁਕਤ ਅਧਿਆਪਕ,ਰੰਗ-ਕਰਮੀ ਅਤੇ ਕਵੀ ਸੁਖਦੇਵ ਸਿੰਘ ਗੰਢਵਾਂ ਜੀ ਨਾਲ਼ ਵਿਦਿਆਰਥੀਆਂ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।ਸਮਾਗਮ ਦੌਰਾਨ ਸੁਖਦੇਵ ਸਿੰਘ ਗੰਢਵਾਂ ਨੇ ਵਿਦਿਆਰਥੀਆਂ ਨਾਲ਼ ਜੀਵਨ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸੁਨੇਹਾ ਦਿੱਤਾ ਕਿ ਸਿੱਖਿਆ ਉਹ ਦਾਜ ਹੈ ਜੋ ਜ਼ਿੰਦਗੀ ਭਰ ਨਾਲ਼ ਨਿਭਦਾ ਹੈ। ਇਸ ਲਈ ਹਰ ਵਿਦਿਆਰਥੀ ਨੂੰ ਸਿੱਖਿਆ ਨੂੰ ਜੀਵਨ ਦੀ ਪਹਿਲੀ ਤਰਜੀਹ ਬਣਾਉਣਾ ਚਾਹੀਦਾ ਹੈ।ਉਹਨਾਂ ਨੇ ਗੀਤਾਂ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਚੰਗੀਆਂ ਆਦਤਾਂ ਅਪਣਾਉਣ , ਵਾਤਾਵਰਨ ਦੀ ਸੰਭਾਲ਼ ਕਰਨ ਅਤੇ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਉਹਨਾਂ ਪ੍ਰਸਿੱਧ ਕਵੀ ਨੰਦ ਲਾਲ ਨੂਰਪੁਰੀ ਜੀ ਦਾ ਪ੍ਰਸਿੱਧ ਗੀਤ “ਜਿਉਂਦੇ ਭਗਵਾਨ” ਅਤੇ ਆਪਣਾ ਗੀਤ “ਧਰਮ ਹੇਤ ਕੁਰਬਾਨੀ” ਸੁਰੀਲੇ ਅੰਦਾਜ਼ ਵਿੱਚ ਪੇਸ਼ ਕਰ ਕੇ ਅਧਿਆਤਮਕ,ਰਾਸ਼ਟਰਵਾਦੀ ਅਤੇ ਸਾਹਿਤਕ ਮਾਹੌਲ ਸਿਰਜ ਦਿੱਤਾ। ਉਹਨਾਂ ਦੀਆਂ ਮੌਲਿਕ ਕਵਿਤਾਵਾਂ ਨੇ ਵਿਦਿਆਰਥੀਆਂ ਦੇ ਦਿਲਾਂ ‘ਚ ਪੰਜਾਬੀ ਕਵਿਤਾ ਪ੍ਰਤੀ ਪਿਆਰ ਅਤੇ ਜਗਿਆਸਾ ਜਗਾਈ।ਇਸ ਮੌਕੇ ਉਨ੍ਹਾਂ ਦੇ ਨਾਲ਼ ਕਵੀ ਮਨੋਜ ਫਗਵਾੜਵੀ ਨੇ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ।ਸਮਾਰੋਹ ਸੰਚਾਲਨ ਦੀ ਜ਼ਿੰਮੇਵਾਰੀ ਕਮਲੇਸ਼ ਸੰਧੂ ਨੇ ਨਿਭਾਈ। ਸਮਾਰੋਹ ਦੌਰਾਨ ਐੱਸ.ਐੱਲ.ਏ. ਰਣਬੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਤ ਕਵੀਸ਼ਰੀ ਬੁਲੰਦ, ਜਾਨਦਾਰ ਤੇ ਸੁਰੀਲੀ ਅਵਾਜ਼ ਵਿੱਚ ਪੇਸ਼ ਕਰ ਕੇ ਅਧਿਆਤਮਵਾਦੀ ਅਤੇ ਸ਼ਾਂਤ ਮਾਹੌਲ ਸਿਰਜ ਕੇ ਸਮਾਂ ਬੰਨ੍ਹ ਦਿੱਤਾ।ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਪਰਮਜੀਤ ਰਾਣਾ ਨੇ ਮਹਿਮਾਨ ਕਵੀਆਂ ਸੁਖਦੇਵ ਸਿੰਘ ਗੰਢਵਾਂ, ਮਨੋਜ ਫਗਵਾੜਵੀ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਦੇ ਪੰਜਾਬੀ ਬੋਲੀ, ਸਿੱਖ ਇਤਿਹਾਸ ਅਤੇ ਚੰਗੇ ਸਾਹਿਤ ਨਾਲ਼ ਵਿਦਿਆਰਥੀਆਂ ਨੂੰ ਜੋੜਨ ਦੇ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਨਾ ਸਿਰਫ਼ ਭਾਸ਼ਾਈ ਰੁਚੀ ਜਗਾਉਂਦੇ ਹਨ, ਸਗੋਂ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ, ਮਾਂ-ਬੋਲੀ,ਇਤਿਹਾਸ,ਸੱਭਿਆਚਾਰ ਅਤੇ ਵਿਰਸੇ ਨਾਲ਼ ਵੀ ਜੋੜਦੇ ਹਨ।ਕਮਲੇਸ਼ ਸੰਧੂ ਨੇ ਵਿਦਿਆਰਥੀਆਂ ਨੂੰ ਕੁਰਾਹੇ ਪਾਉਣ ਵਾਲ਼ੇ ਗੀਤਾਂ ਨੂੰ ਨਕਾਰ ਕੇ ਸਾਫ਼-ਸੁਥਰੇ ਗੀਤ ਸੁਣਨ ਅਤੇ ਵਧੀਆ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਬਹੁਤ ਉਤਸਾਹ ਅਤੇ ਡੂੰਘੀ ਦਿਲਚਸਪੀ ਨਾਲ਼ ਸਮੂਹ ਬੁਲਾਰਿਆਂ ਦੇ ਵਿਚਾਰ ਸੁਣੇ।ਕਵੀ ਸੁਖਦੇਵ ਸਿੰਘ ਗੰਢਵਾਂ ਨੇ ਆਪਣਾ ਕਾਵਿ-ਸੰਗ੍ਰਹਿ “ਧਰਤੀ ਪੰਜਾਬ ਦੀਏ” ਸਕੂਲ ਲਾਇਬਰੇਰੀ ਲਈ ਮੁੱਖ ਅਧਿਆਪਕਾ ਪਰਮਜੀਤ ਰਾਣਾ ਨੂੰ ਭੇਂਟ ਕੀਤਾ।ਇਸ ਮੌਕੇ ਅਨੁਰਾਧਾ ਮੰਡਵਾਲ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਤਨਾਮ ਕੌਰ, ਨਵਜੋਤ ਕਿਰਨ, ਹਰਸ਼ਵਰਧਨ, ਮਿਨੀ, ਅਮਨਦੀਪ ਸਿੰਘ, ਸੋਨੀਆ, ਹਰਮੀਤ ਕੌਰ, ਨਿਸ਼ੀ ਸੈਣੀ,ਲਖਵੀਰ ਕੌਰ,ਜਸਵੀਰ ਕੌਰ, ਕ੍ਰਿਤੀਕਾ ਅਤੇ ਕਿਸ਼ੋਰ ਕੁਮਾਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲ਼ ਜੋੜਨ ਲਈ ਪ੍ਰੇਰਕ ਪ੍ਰੋਗਰਾਮ ਲੜੀ ਅਧੀਨ ਕਰਵਾਏ ਗਏ ਇਸ ਸਮਾਗਮ ਨੇ ਹਦੀਆਬਾਦ ਸਕੂਲ ਵਿੱਚ ਇਕ ਵਿਲੱਖਣ ਸਾਹਿਤਕ ਅਤੇ ਸਾਕਾਰਾਤਮਕ ਮਾਹੌਲ ਸਿਰਜ ਦਿੱਤਾ।
Share this content:



Post Comment