ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ‘ਡਾ. ਸਾਧੂ ਸਿੰਘ ਹਮਦਰਦ’ ਪੁਰਸਕਾਰ ਸ. ਹਮੀਰ ਸਿੰਘ ਨੂੰ ਭੇਟ
ਸੰਸਾਰ ਅੱਜ ਆਗੂ ਰਹਿਤ ਹੋਇਆ ਪਿਆ ਹੈ -ਹਮੀਰ ਸਿੰਘ
ਬਲਾਚੌਰ, 11 ਨਵੰਬਰ ( ਦੀਦਾਰ ਸਿੰਘ ਸ਼ੇਤਰਾ)-ਪੰਜਾਬੀ ਸਾਹਿਤ ਸਭਾ ਬਲਾਚੌਰ ਰਾਜਿ: ਵੱਲੋਂ ਆਪਣੀ 49ਵੀਂ ਵਰ੍ਹੇਗੰਢ ਮੌਕੇ ਸਭਾ ਵੱਲੋਂ 1986 ਤੋਂ ਸਥਾਪਤ ‘ਡਾ. ਸਾਧੂ ਸਿੰਘ ਹਮਦਰਦ’ ਪੁਰਸਕਾਰ ਇਸ ਵਾਰ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੂੰ ਭੇਟ ਕਰਨ ਸਬੰਧੀ ਸਾਲਾਨਾ ਸਮਾਗਮ ਬੀ.ਕੇ ਫਾਰਮ ਹਾਊਸ ਪਿੰਡ ਕੌਲਗੜ੍ਹ ਨਜ਼ਦੀਕ ਬਲਾਚੌਰ ਵਿਖੇ ਕਰਵਾਇਆ ਗਿਆ। ਸ. ਹਮੀਰ ਸਿੰਘ ਬਾਰੇ ਪ੍ਰਿੰਸੀਪਲ ਗੁਰਮੀਤ ਪਲਾਹੀ ਨੇ ਆਪਣਾ ਲੇਖ ‘ਲੋਕਾਂ ਦਾ ਜਾਇਆ ਹਮੀਰ ਸਿੰਘ’ ਸਾਂਝਾ ਕੀਤਾ। ਉਨ੍ਹਾਂ ਵੱਲੋਂ ਹੀ ਸ. ਹਮੀਰ ਸਿੰਘ ਨੂੰ ਭੇਟ ਕੀਤਾ ਜਾਣ ਵਾਲਾ ਮਾਣ ਪੱਤਰ ਪੜ੍ਹਿਆ ਅਤੇ ਭੇਟ ਕੀਤਾ ਗਿਆ। ਸ. ਹਮੀਰ ਸਿੰਘ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਪਹਿਲਾਂ ‘ਅਜੀਤ’ ਨਾਲ਼ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦਾ ਆਪਣਾ ਅਮੀਰ ਅਤੇ ਵਿਲੱਖਣ ਇਤਿਹਾਸ ਹੈ। ਪੰਜਾਬੀਆਂ ਦੀ ਵਿਲੱਖਣਤਾ ਇਸ ਗਲ ਵਿਚ ਵੀ ਹੈ ਕਿ ਇਨ੍ਹਾਂ ਨੇ ਸਦੀਆਂ ਤੋਂ ਹੀ ਕਦੀ ਵੀ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕੀਤੀ। ਪੰਜਾਬ ਹਾਰਨ ਨਹੀਂ ਜਾਣਦਾ, ਹਰ ਔਕੜ ਦਾ ਸਾਹਮਣਾ ਕਰਨ ਦੇ ਸਮਰੱਥ ਪੰਜਾਬੀਆਂ ਨੇ ਹੀ ਪਿਛਲੇ ਦੌਰ ਵਿਚ ਲੰਬੇ ਕਿਸਾਨੀ ਘੋਲ ਦੀ ਅਗਵਾਈ ਕਰਦਿਆਂ ਇਹ ਦਰਸਾ ਦਿੱਤਾ ਸੀ ਕਿ ਸਰਕਾਰਾਂ ਦੀਆਂ ਲੱਖ ਕੋਝੀਆਂ ਚਾਲਾਂ ਦੇ ਬਾਵਜੂਦ ਵੀ ਉਹ ਜਿੱਤ ਦਾ ਬੂਹਾ ਖੜਕਾ ਸਕਦੇ ਹਨ। ਪੰਜਾਬ ਸਿਰ ਝੁਕਾਉਣਾ ਨਹੀਂ ਸਿਰ ਕਟਾਉਣਾ ਪ੍ਰਵਾਨ ਕਰ ਸਕਦਾ ਹੈ। ਪੰਜਾਬ ਨੇ ਹਾਕਮਾਂ ਨੂੰ ਇਹ ਵੀ ਸਮਝਾ ਦਿੱਤਾ ਹੈ ਕਿ ਉਹ ਸਿਰ ਕਟਾਉਣਾ ਹੀ ਨਹੀਂ, ਸਿਰ ਨੂੰ ਵਰਤਣਾ ਵੀ ਜਾਣਦਾ ਹੈ। ਜਿਸ ਦੀ ਤਾਜ਼ਾ ਮਿਸਾਲ ਕਿਸਾਨੀ ਘੋਲ ਦੀ ਸ਼ਾਨਦਾਰ ਜਿੱਤ ਤੁਹਾਡੇ ਸਾਹਮਣੇ ਹੈ। ਪੰਜਾਬ ਨੇ ਸਦੀਆਂ ਤੋਂ ਹੱਕ-ਸੱਚ ਦੀ ਲੜਾਈ ਜਾਰੀ ਰੱਖੀ ਹੈ। ਅੱਜ ਵੀ ਮਲਕ ਭਾਗੋ ਅਤੇ ਭਾਈ ਲਾਲੋ ਦੀ ਲੜਾਈ ਨਿਰੰਤਰ ਜਾਰੀ ਹੈ। ਭਾਈ ਲਾਲੋ ਨੂੰ ਵਡਿਆਉਣ ਵਾਲੇ ਬਾਬਾ ਨਾਨਕ ਦੇ ਵਾਰਸਾਂ ਵਲੋਂ ਲੜੇ ਗਏ ਪਿਛਲੇ ਸਮੇਂ ਵਿੱਚ ਕਿਸਾਨ ਘੋਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਿਸੇ ਵੀ ਸੰਕਟ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦਾ ਨਾਬਰੀ ਸੁਭਾਅ ਹੀ ਸੀ ਕਿ ਮੁਗ਼ਲ ਸ਼ਾਸਨ ਕਾਲ ਸਮੇਂ ਦਿੱਤੇ ਤਸੀਹਿਆਂ, ਜਿਨ੍ਹਾਂ ਬਾਰੇ ਬੋਲਦਿਆਂ ਜ਼ਬਾਨ ਅਤੇ ਲਿਖਦਿਆਂ ਕਲਮ ਵੀ ਝੰਜੋੜੀ ਜਾਂਦੀ ਹੈ ਦੇ ਬਾਵਜੂਦ, ਪਹਿਲਾਂ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਸੰਸਾਰ ਦਾ ਪਹਿਲਾ ਲੋਕ ਰਾਜ ਅਤੇ ਫਿਰ ਜੰਗਲਾਂ ਬੇਲਿਆਂ ਦਾ ਵਾਸ ਕਰਨ ਉਪਰੰਤ ਰਣਜੀਤ ਸਿੰਘ ਦੇ ਮਿਸਾਲੀ ਰਾਜ ਦੇ ਰੂਪ ਵਿੱਚ ਸਾਹਮਣੇ ਆਉਣਾ ਉਨ੍ਹਾਂ ਦੀ ਵਿਲੱਖਣ ਸੋਚ, ਵਿਲੱਖਣਤਾ ਭਰਪੂਰ ਕਾਰਗੁਜ਼ਾਰੀ ਸੰਸਾਰ ਇਤਿਹਾਸ ਵਿਚ ਸੰਭਾਲੀਂ ਪਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਾਂ ਸਾਡਾ ਇਹ ਦੇਸ਼ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਸਮੁੱਚਾ ਸਮਾਜ ਯੋਗ ਆਗੂਆਂ ਤੋਂ ਰਹਿਤ ਹੋ ਗਿਆ ਹੈ। ਟਰੰਪ ਆਖ ਰਿਹਾ ਹੈ ਅਮਰੀਕਾ ਫ਼ਸਟ, ਉਸ ਤੋਂ ਭਾਵ ਇਹ ਹੈ ਕਿ ਉਹ ਗਲੋਬਲ ਆਗੂ ਬਣਨ ਦੇ ਯੋਗ ਨਹੀਂ ਹੈ। ਉਨ੍ਹਾਂ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਬੋਲਦਿਆਂ ਕਿਹਾ ਕਿ ਅਸੀਂ ਸੰਗਤੀ ਰੂਪ ਵਿੱਚ ਬੈਠ ਕੇ ਵਿਚਾਰ ਕਰਨਾ ਭੁੱਲ ਗਏ ਹਾਂ। ਮੈਂ ਜਦੋਂ ਗ੍ਰਾਮ ਸਭਾ ਦੀ ਗੱਲ ਕਰਦਾ ਹਾਂ ਉਸ ਤੋਂ ਭਾਵ ਹੈ ਕਿ ਆਓ ਜੁੜ ਬੈਠੀਏ। ਆਪਣੇ ਮਸਲੇ ਆਪ ਨਜਿੱਠੀਏ। ਪੰਜਾਬ ਦੀ ਵਿਧਾਨ ਸਭਾ ਦਾ ਇੱਕ ਸਾਲ ਵਿੱਚ ਸਿਰਫ਼ ਸੋਲਾਂ ਦਿਨ ਚੱਲਣਾ, ਨਿਯਮਾਂ ਅਨੁਸਾਰ 90 ਦਿਨ ਚੱਲਣ ਦੀ ਥਾਂ ਕੁੱਝ ਘੰਟੇ ਚੱਲ ਕੇ ਸਮਾਪਤ ਹੋ ਜਾਂਦੀ ਹੈ। ਸਾਡੇ ਬਹੁਤ ਸਾਰੇ ਵਿਧਾਨਕਾਰ ਸੁੱਚੇ ਮੂੰਹ ਹੀ ਵਾਪਸ ਆ ਜਾਂਦੇ ਹਨ। ਬਸ ਇਹੋ ਹੀ ਸੰਕਟ ਹੈ ਕਿ ਅਸੀਂ ਸੰਗਤੀ ਰੂਪ ਵਿੱਚ ਬੈਠਣਾ ਤੇ ਵਿਚਰਨਾ, ਵਿਚਾਰਨਾ ਭੁੱਲ ਗਏ ਹਾਂ। ਸੀਨੀਅਰ ਜਰਨਲਿਸਟ ਅਤੇ ਕਾਲਮ ਨਵੀਸ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਬੜਾ ਭਾਵਪੂਰਤ ਸ ਹਮੀਰ ਸਿੰਘ ਬਾਰੇ ਆਪਣਾ ਲੇਖ ” ਧਰਤੀ ਦਾ ਜਾਇਆ -ਹਮੀਰ ਸਿੰਘ” ਪੇਸ਼ ਕੀਤਾ। ਉਹਨਾਂ ਹੀ ਸੀ ਹਮੀਰ ਸਿੰਘ ਬਾਰੇ ਮਾਣ ਪੱਤਰ ਪੜ੍ਹਿਆ ਅਤੇ ਸੰਗਤੀ ਰੂਪ ਵਿਚ ਹਮੀਰ ਸਿੰਘ ਨੂੰ ਭੇਟ ਕੀਤਾ।ਸਮਾਗਮ ਦੌਰਾਨ ਮਹਿੰਦਰ ਸਿੰਘ ਦੁਸਾਂਝ ਦੀ ਅਗਵਾਈ ਵਿੱਚ ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਮੈਂਬਰਾਂ ਵਲੋਂ ਸ. ਹਮੀਰ ਸਿੰਘ ਨੂੰ ‘ਡਾਕਟਰ ਸਾਧੂ ਸਿੰਘ ਹਮਦਰਦ’ ਪੁਰਸਕਾਰ ਭੇਟ ਕੀਤਾ ਗਿਆ। ਸ. ਹਮੀਰ ਸਿੰਘ ਨੇ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈਨੂੰ ਸਾਹਿਤ ਸਭਾ ਨੇ ਇਸ ਗੱਲ ਦੇ ਯੋਗ ਸਮਝਿਆ ,ਇਸ ਲਈ ਮੈਂ ਇਨ੍ਹਾਂ ਦਾ ਰਿਣੀ ਰਹਾਂਗਾ। ਇਸ ਮੌਕੇ ਡਾਕਟਰ ਗੁਰਸ਼ਰਨ ਸਿੰਘ ਰੰਧਾਵਾ ਸਾਬਕਾ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਸਾਬੋ ਤਲਵੰਡੀ, ਸਰਬਜੀਤ ਸਿੰਘ ਧਾਲੀਵਾਲ ਸਾਬਕਾ ਬਿਊਰੋ ਚੀਫ਼ ਦੀ ਟ੍ਰਿਿਬਊਨ ਗਰੁੱਪ ਚੰਡੀਗੜ੍ਹ, ਮਹਿੰਦਰ ਸਿੰਘ ਦੁਸਾਂਝ, ਬਲਵੀਰ ਸਿੰਘ ਚੰਗਿਆੜਾ, ਸੀਨੀਅਰ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿੱਲ ਯੂ.ਕੇ ਅਤੇ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਬਲਾਚੌਰ ਪਿਛਲੇ ਲੰਬੇ ਸਮੇਂ ਤੋਂ ਲੋਕ ਮਸਲਿਆਂ ਨੂੰ ਲੈ ਕੇ ਸੰਘਰਸ਼ਸ਼ੀਲ ਹੈ। ਇਸ ਦੇ ਲੇਖਕਾਂ ਵਿੱਚ ਸਮੇਂ ਨੂੰ ਤਬਦੀਲ ਕਰਨ ਦੀ ਸਮਰੱਥਾ ਹੈ। ਇਨ੍ਹਾਂ ਦੀਆਂ ਕਵਿਤਾਵਾਂ ਅਤੇ ਦੂਸਰੀਆਂ ਰਚਨਾਵਾਂ ਸਮਾਜ ਨੂੰ ਸੇਧ ਦਿੰਦੀਆਂ ਹਨ। ਅੱਜ ਹਮੀਰ ਸਿੰਘ ਨੂੰ ‘ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ’ ਦੇ ਕੇ ਸਹਿਤ ਸਭਾ ਨੇ ਇੱਕ ਵੱਡਾ ਕਾਰਜ ਕੀਤਾ ਹੈ। ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਨੇ ਸਭਾ ਦੇ ਜਨਮ 07 ਨਵੰਬਰ 1976 ਤੋਂ ਲੈ ਕੇ ਅੱਜ ਤੱਕ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਉਂਦਿਆਂ ਪੁੱਜੀਆਂ ਹਸਤੀਆਂ ਦਾ ਧੰਨਵਾਦ ਕਰਦੇ ਹੋਏ ਸ. ਹਮੀਰ ਸਿੰਘ ਨੂੰ ‘ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ’ ਜਿਸ ਵਿੱਚ 21000 ਰੁਪਏ ਦੀ ਨਗਦੀ, ਸ਼ਾਨਦਾਰ ਲੋਈ, ਮਾਣਪੱਤਰ ਅਤੇ ਯਾਦ ਚਿੰਨ੍ਹ ਭੇਟ ਕੀਤਾ ਜਾਂਦਾ ਹੈ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਮੌਕੇ ਸਾਹਿਤ ਸਭਾ ਦੇ ਮੈਂਬਰਾਂ ਅਤੇ ਦੂਸਰੇ ਬਾਹਰੋਂ ਆਏ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ। ਰੋਜ਼ਾਨਾ ‘ਅਜੀਤ’ ਦੇ ਉਪ-ਦਫ਼ਤਰ ਨਵਾਂਸ਼ਹਿਰ ਦੇ ਇੰਚਾਰਜ ਜਸਵੀਰ ਸਿੰਘ ਨੂਰਪੁਰ ਨੇ ਰੋਜ਼ਾਨਾ ‘ਅਜੀਤ’ ਵੱਲੋਂ ਪੰਜਾਬੀ ਸਾਹਿਤ ਸਭਾ ਬਲਾਚੌਰ ਦਾ ਧੰਨਵਾਦ ਕਰਦੇ ਹੋਇਆਂ ਸ. ਹਮੀਰ ਸਿੰਘ ਨੂੰ ‘ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ’ ਮਿਲਣ ’ਤੇ ਵਧਾਈ ਦਿੱਤੀ। ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਹਰਦੀਪ ਸਿੰਘ ‘ਕਲਮ ਗਹੂੰਣ’ ਨੇ ਵੱਖ-ਵੱਖ ਕਵੀਆਂ ਨੂੰ ਪੇਸ ਕੀਤਾ। ਇਸ ਸਮੇਂ ਅਜੀਤ ਸਿੰਘ ਗੁੱਲਪੁਰ, ਕੇਵਲ ਬਾਗੜੀ ਜੋਗੇਵਾਲ, ਜੋਗਿੰਦਰ ਪਾਲ ਚਾਂਦਲਾ, ਦਿਲਵਰ ਸਿੰਘ ਸਰਪੰਚ, ਕਿਰਨਪਾਲ ਥਿਆੜਾ, ਹਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਕੌਲਗੜ੍ਹ, ਪਟਵਾਰੀ ਉਮ ਪ੍ਰਕਾਸ਼ ਨਵਾਂਸ਼ਹਿਰ, ਡਾ. ਕੇਵਲ ਰਾਮ ਨਵਾਂਸ਼ਹਿਰ, ਰਾਮ ਨਾਥ ਕਟਾਰੀਆ, ਚਰਨਜੀਤ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ ਪਨੇਸਰ, ਸੁਰਜੀਤ ਸਿੰਘ ਕੰਗਣਾ, ਪ੍ਰਿ. ਗੁਰਪ੍ਰੀਤ ਸਿੰਘ ਅਟਵਾਲ, ਪ੍ਰਿ. ਬਿਕਰਮਜੀਤ ਸਿੰਘ ਨਵਾਂਸ਼ਹਿਰ, ਅਜੇ ਕੁਮਾਰ ਚਾਹੜ ਮਜਾਰਾ, ਅਜਾਇਬ ਸਿੰਘ ਚੱਕ ਗੁੱਜਰਾਂ, ਸੰਦੀਪ ਕੁਮਾਰ, ਅਮਿਤ ਕੁਮਾਰ, ਗੁਰਦੇਵ ਸਿੰਘ ਬਛੋੜੀ, ਸੋਮਨਾਥ, ਤੇਜ ਰਾਮ, ਕਾ. ਬਲਰਾਮ ਸਿੰਘ, ਮਲਕੀਤ ਸਿੰਘ ਝਿੰਗੜ, ਮਨੋਹਰ ਲਾਲ ਰੱਤੇਵਾਲ, ਸਤਪਾਲ ਸਿੰਘ ਧਾਰੋਵਾਲ, ਕਰਨੈਲ ਸਿੰਘ ਭੱਲਾ, ਹਰਪਾਲ ਸਿੰਘ ਮੱਕੋਵਾਲ, ਜੇ.ਪੀ.ਆਰ ਵਾਸਤਿਕ ਯੂ.ਐਸ.ਏ, ਹਰਿੰਦਰ ਸਿੰਘ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
Share this content:



Post Comment