ਆਰ ਐੱਸ ਐੱਸ ਦਾ ਨੁਸਖਾ
ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਭਾਰਤ ਸਰਕਾਰ ਨੂੰ ਆਪਣੀਆਂ ਨੀਤੀਆਂ ਵਿੱਚ ਸ਼ਾਕਾਹਾਰ ਨੂੰ ਪ੍ਰਮੁੱਖ ਤੌਰ ’ਤੇ ਸ਼ਾਮਲ ਕਰਨ ਦਾ ਸੱਦਾ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਜੇ ਸੰਭਵ ਹੋਵੇ ਤਾਂ ਹਿੰਦੂ ਸਮਾਜ ਵਿੱਚ ਮਾਸਾਹਾਰ ਖਤਮ ਕੀਤਾ ਜਾਣਾ ਚਾਹੀਦਾ ਹੈ। ਭਾਗਵਤ ਨੇ ਆਰ ਐੱਸ ਐੱਸ ਦੇ 100 ਸਾਲ ਪੂਰੇ ਹੋਣ ਦੇ ਮੌਕੇ ਬੇਂਗਲੁਰੂ ਵਿੱਚ ਪੀ ਈ ਐੱਸ ਯੂਨੀਵਰਸਿਟੀ ਦੇ ਹਾਲ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਜਿਹੜੀਆਂ ਗੱਲਾਂ ਕੀਤੀਆਂ, ਉਹ ਵਿਚਾਰਧਾਰਕ ਨਹੀਂ, ਸਗੋਂ ਸਿਆਸੀ ਤੇ ਸੱਭਿਆਚਾਰਕ ਦਿਸ਼ਾ ਵੱਲ ਇਸ਼ਾਰਾ ਕਰਦੀਆਂ ਹਨ। ਉਸ ਦਾ ਇਹ ਕਹਿਣਾ ਕਿ ਗੈਰ-ਸ਼ਾਕਾਹਾਰੀ ਭੋਜਨ ਨੂੰ ਬਿਮਾਰੀ ਦੀ ਤਰ੍ਹਾਂ ਸਮਝ ਕੇ ਉਸ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ, ਸਧਾਰਨ ਗੱਲ ਨਹੀਂ, ਸਗੋਂ ਇਹ ਇੱਕ ਸੰਸਕ੍ਰਿਤੀ ਮੜ੍ਹਨ ਦੀ ਕੋਸ਼ਿਸ਼ ਹੈ। ਭਾਗਵਤ ਦਾ ਸ਼ਾਕਾਹਾਰ ’ਤੇ ਜ਼ੋਰ ਦੇਣਾ ਦਰਸਾਉਦਾ ਹੈ ਕਿ ਸੰਘ ਹੁਣ ਨਿੱਜੀ ਜੀਵਨ-ਸ਼ੈਲੀ ਨੂੰ ਵੀ ‘ਸੰਘੀ ਅਨੁਸ਼ਾਸਨ’ ਦੇ ਦਾਇਰੇ ਵਿੱਚ ਲਿਆਉਣਾ ਚਾਹੁੰਦਾ ਹੈ।
ਭਾਰਤ ਵਿੱਚ ਖਾਣ-ਪੀਣ ਸਿਰਫ ਸਵਾਦ ਜਾਂ ਸਿਹਤ ਦਾ ਵਿਸ਼ਾ ਨਹੀਂ, ਸਗੋਂ ਸੰਸਕ੍ਰਿਤੀ, ਜਲਵਾਯੂ ਤੇ ਭੂਗੋਲ ਨਾਲ ਜੁੜਿਆ ਹੈ। ਕੇਰਲਾ, ਗੋਆ, ਉੱਤਰ-ਪੂਰਬ, ਪੱਛਮੀ ਬੰਗਾਲ, ਝਾਰਖੰਡ ਜਾਂ ਤੱਟਵਰਤੀ ਗੁਜਰਾਤ ਵਿੱਚ ਮੱਛੀ ਤੇ ਮਾਸ ਜੀਵਨ ਦਾ ਹਿੱਸਾ ਹਨ। ਅਜਿਹੇ ਵਿੱਚ, ਜੇ ਸਰਕਾਰ ਸ਼ਾਕਾਹਾਰ ਨੂੰ ਨੀਤੀ ਵਿੱਚ ਪ੍ਰਮੁਖਤਾ ਦਿੰਦੀ ਹੈ ਤਾਂ ਉਹ ਬਹੁ-ਸੱਭਿਆਚਾਰਕ ਸਮਾਜ ’ਤੇ ਇੱਕਰੂਪਤਾ ਮੜ੍ਹਨ ਦਾ ਯਤਨ ਹੋਵੇਗਾ-ਭਾਰਤ ਦੀ ਵਿਵਧਤਾ ਵਾਲੀ ਥਾਲੀ ਨੂੰ ਇੱਕ ਹੀ ਥਾਲੀ ਵਿੱਚ ਸਮੇਟ ਦੇਣਾ। ਸੰਘ ਦੇ ਸੰਸਕਾਰਕ ਰਾਸ਼ਟਰਵਾਦ ਦੀ ਧਾਰਨਾ ਵਿੱਚ ਇਹ ਕਦਮ ਫਿੱਟ ਬੈਠਦਾ ਹੈ, ਜਿਸ ਦੇ ਤਹਿਤ ਭਾਰਤ ਦੀ ਪਛਾਣ ਨੂੰ ਸਿਰਫ ਬ੍ਰਾਹਮਣਵਾਦੀ-ਸੰਸਕ੍ਰਿਤੀਨਿਸ਼ਠ ਹਿੰਦੂ ਸੰਸਕ੍ਰਿਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਇਹ ਵਿਚਾਰ ਭਾਰਤੀ ਸੰਵਿਧਾਨ ਦੀ ਸੈਕੂਲਰ ਤੇ ਸੱਭਿਆਚਾਰਕ ਵਿਵਧਤਾ ਦੀ ਮੂਲ ਭਾਵਨਾ ਦੇ ਉਲਟ ਹੈ।
ਭਾਰਤ ਕੋਈ ਯਕਰੰਗੀ ਸਮਾਜ ਨਹੀਂ ਹੈ। ਇੱਥੇ ਅਨੇਕਾਂ ਭਾਸ਼ਾਵਾਂ, ਖਾਣ-ਪੀਣ ਦੀਆਂ ਪਰੰਪਰਾਵਾਂ, ਵੇਸਭੂਸ਼ਾਵਾਂ ਤੇ ਆਸਥਾਵਾਂ ਹਨ। ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਨੂੰ ‘ਏਕਤਾ ਵਿੱਚ ਅਨੇਕਤਾ’ ਦੀ ਨੀਂਹ ’ਤੇ ਖੜ੍ਹਾ ਕੀਤਾ ਸੀ, ਪਰ ਭਾਗਵਤ ਵਰਗੇ ਲੋਕਾਂ ਦੇ ਬਿਆਨਾਂ ਤੋਂ ਇਹ ਤੌਖਲਾ ਉੱਭਰਦਾ ਹੈ ਕਿ ਆਰ ਐੱਸ ਐੱਸ ਦਾ ਨਿਸ਼ਾਨਾ ਇਸ ਵਿਵਧਤਾ ਨੂੰ ‘ਇੱਕ ਸੰਸਕ੍ਰਿਤੀ’ ਵਿੱਚ ਬਦਲਣ ਦਾ ਹੈ, ਜਿੱਥੇ ਸਭ ਇੱਕੋ ਜਿਹੇ ਦਿਸਣ, ਖਾਣ ਤੇ ਸੋਚਣ। ਭਾਰਤ ਦਾ ਲੋਕਤੰਤਰ ਤਦੇ ਜਿਊਂਦਾ ਰਹੇਗਾ, ਜਦ ਵਿਅਕਤੀ ਨੂੰ ਆਪਣੀ ਅਸਹਿਮਤੀ, ਆਸਥਾ ਤੇ ਪਛਾਣ ਨਾਲ ਜਿਊਣ ਦੀ ਆਜ਼ਾਦੀ ਹੋਵੇਗੀ, ਨਾ ਕਿ ਉਦੋਂ ਜਦ ਕੋਈ ਜਥੇਬੰਦੀ ਇਹ ਤੈਅ ਕਰੇ ਕਿ ਕਿਹੜਾ ਖਾਣਾ ਭਾਰਤੀ ਹੈ ਤੇ ਕਿਹੜਾ ਧਰਮ ਭਾਰਤ ਮਾਤਾ ਦਾ ਸੱਚਾ ਪੁੱਤਰ ਹੈ। ਭਾਗਵਤ ਦੇ ਭਾਸ਼ਣ ਵਿੱਚ ਆਰ ਐੱਸ ਐੱਸ ਦਾ ਅਸਲੀ ਚਰਿੱਤਰ ਝਲਕਦਾ ਹੈਇੱਕ ਰਾਸ਼ਟਰ, ਇੱਕ ਸੰਸਕ੍ਰਿਤੀ ਤੇ ਇੱਕ ਪਛਾਣ ਦੀ ਚਾਹ। ਪਰ ਭਾਰਤ ਦੀ ਆਤਮਾ ਇਸ ਚਾਹ ਵਿੱਚ ਨਹੀਂ ਵਸਦੀ। ਉਹ ਭਿੰਨਤਾਵਾਂ ਵਿੱਚ ਵਸਦੀ ਹੈ, ਜਿਨ੍ਹਾਂ ਨੂੰ ਸੰਘ ‘ਵੱਖਰੀਆਂ’ (ਦੂਜੀਆਂ ਸੰਸਕ੍ਰਿਤੀਆਂ) ਕਹਿੰਦਾ ਹੈ।
Share this content:



Post Comment