ਦੇਸ਼ ਦਾ ਨਾਂਅ ਚਮਕਾਉਣ ਵਾਲੀਆਂ ਦਾ ਨਿੱਘਾ ਸਵਾਗਤ
ਚੰਡੀਗੜ੍ਹ, 8 ਨਵੰਬਰ – ਮਹਿਲਾ ਕ੍ਰਿਕਟ ਵਿੱਚ ਭਾਰਤ ਲਈ ਪਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਭਾਰਤੀ ਟੀਮ ਦੀਆਂ ਦੋ ਪੰਜਾਬੀ ਖਿਡਾਰਨਾਂ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਦਾ ਸ਼ੁੱਕਰਵਾਰ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਤਰਫੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਖਿਡਾਰਨਾਂ ਨੂੰ ਜੀ ਆਇਆਂ ਕਹਿਣ ਲਈ ਹਵਾਈ ਅੱਡੇ ਪਹੁੰਚੇ। ਉਨ੍ਹਾਂ ਦੇ ਨਾਲ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਜਸਵੰਤ ਕੌਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਵੀ ਸ਼ਿਰਕਤ ਕੀਤੀ। ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਢੋਲ ਦੀ ਥਾਪ ਅਤੇ ਫੁੱਲਾਂ ਦੇ ਹਾਰਾਂ ਨਾਲ ਜੇਤੂ ਧੀਆਂ ਦਾ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਵੀਡੀਓ ਕਾਲ ਰਾਹੀਂ ਟੀਮ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਇਸ ਇਤਿਹਾਸਕ ਪ੍ਰਾਪਤੀ ’ਤੇ ਵਧਾਈ ਦਿੱਤੀ ਸੀ। ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਕਿਹਾ ਕਿ ਸਾਡੀਆਂ ਇਹਨਾਂ ਧੀਆਂ ਨੇ ਨਾ ਸਿਰਫ ਪੰਜਾਬ, ਬਲਕਿ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
Share this content:



Post Comment