ਰਾਜਵੀਰ ਜਵੰਦਾ: ਦਿਨ ਚੜ੍ਹਦੇ ਹੀ ਸੂਰਜ ਡੁੱਬਿਆ/ਗੁਰਭਜਨ ਸਿੰਘ ਗਿੱਲ
ਕਮਾਦ ਦੀ ਫ਼ਸਲ ਵਿੱਚੋਂ ਕਿਸੇ ਵੇਲੇ ਪੋਨਾ ਕਿਸਮ ਦਾ ਗੰਨਾ ਸਭ ਤੋਂ ਪੋਲਾਂ ਤੇ ਮਿੱਠਾ ਹੁੰਦਾ ਸੀ। ਬਚਪਨ ਵਿੱਚ ਮਨ ਅੰਦਰ ਪੋਨਾ ਸ਼ਬਦ ਫਸਿਆ ਪਿਆ ਸੀ। 1977 ਵਿੱਚ ਜਦ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਲੈਕਚਰਰ ਲੱਗਿਆ ਤਾਂ ਜਗਰਾਉਂ ਵਿਚਲੇ ਅਗਵਾੜ ਪੋਨਾ ਤੇ ਪਿੰਡ ਅਲੀਗੜ੍ਹ ਦੇ ਪਿਛਵਾੜੇ ਵੱਸੇ ਪਿੰਡ ਪੋਨਾ ਦੇ ਵਿਦਿਆਰਥੀ ਸਾਡੇ ਕਾਲਿਜ ਵਿੱਚ ਪੜ੍ਰਨ ਆਉਂਦੇ ਸਨ। ਮੈਨੂੰ ਮਨ ਹੀ ਮਨ ਵਿੱਚ ਲੱਗਦਾ ਇਹ ਵੀ ਨਰਮ ਤੇ ਮਿੱਠੇ ਹੋਣਗੇ। ਰਾਜਵੀਰ ਜਵੰਦਾ ਨੂੰ ਮਿਲ ਕੇ ਇਹ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਕਿ ਇਸ ਮਿੱਟੀ ਵਿੱਚ ਰਿਸ਼ਤਿਆਂ ਮਿਠਾਸ ਹੈ। ਰਾਜਵੀਰ ਜਵੰਦਾ ਸਿਰਫ਼ ਗਾਇਕ ਹੀ ਨਹੀਂ ਸੀ, ਹੋਰ ਬਹੁਤ ਕੁਝ ਸੀ, ਭਵਿੱਖ ਦੀ ਰੌਸ਼ਨ ਉਮੀਦ ਵਰਗਾ। ਉਸ ਦੀ ਗੁਫ਼ਤਾਰ, ਦਸਤਾਰ ਤੇ ਰਫ਼ਤਾਰ ਬਾ ਕਮਾਲ ਸੀ। ਲਗਪਗ ਸਵਾ ਛੇ ਫੁੱਟ ਲੰਮਾ ਕੱਭਰੂ। ਸਿੱਧਾ ਸਤੋਰ, ਛੀਂਟਕਾ ਤੇ ਸੂਤਵਾਂ ਸਰੀਰ। ਮੈਨੂੰ ਯਾਦ ਹੈ ਵੀਹ ਕੁ ਸਾਲ ਪਹਿਲਾਂ ਉਹ ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ ਵਿੱਚ ਮਿਲਿਆ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਖੇਤਰੀ ਯੁਵਕ ਮੇਲਾ ਸੀ। ਮੈਂ ਵੀ ਕਿਸੇ ਕਾਰਨ ਉੱਥੇ ਮਹਿਮਾਨ ਦੀ ਹੈਸੀਅਤ ਵਿੱਚ ਹਾਜ਼ਰ ਸਾਂ। ਮੇਰੇ ਐੱਮ ਏ ਦੇ ਸਹਿਪਾਠੀ ਡਾ. ਸੁਖਦੇਵ ਸਿੰਘ ਬਰਾੜ ਤੇ ਪ੍ਹੋ. ਕਰਮ ਸਿੰਘ ਸੰਧੂ ਨੇ ਇਸ ਤੂੰਬੀ ਵਾਦਕ ਵਿਦਿਆਰਥੀ ਰਾਜਵੀਰ ਨੂੰ ਮਿਲਾਇਆ। ਉਸ ਦੀ ਪੁਜ਼ੀਸ਼ਨ ਵੀ ਚੰਗੀ ਰਹੀ। ਕਈ ਸਾਲ ਮਗਰੋਂ ਉਹ ਲਾਜਪਤ ਰਾਏ ਡੀ ਏ ਵੀ ਕਾਲਿਜ ਜਗਰਾਉਂ ਵੱਲੋਂ ਤੂੰਬੀ ਵਾਦਨ ਤੋਂ ਇਲਾਵਾ ਲੋਕ ਗੀਤ ਤੇ ਵਾਰ ਗਾਇਨ ਟੀਮ ਵਿੱਚ ਵੀ ਸ਼ਾਮਲ ਰਿਹਾ। ਉਸ ਦੇ ਆਪਣੇ ਕਾਲਿਜ ਵਿੱਚ ਯੁਵਕ ਮੇਲਾ ਹੋਇਆ ਤਾਂ ਉਹ ਪ੍ਹਤੀਯੋਗੀ ਵੀ ਸੀ ਤੇ ਪ੍ਹਬੰਧਕ ਵੀ। ਉਸ ਦੀ ਪੇਸ਼ਕਾਰੀ ਕਮਾਲ ਸੀ। ਕੁਰਤਾ ਚਾਦਰਾਂ ਪਹਿਨ ਕੇ ਉਹ ਛਮਲੇ ਵਾਲੀ ਪੱਗ ਨਾਲ ਹੋਰ ਵੀ ਛਬੀਲਾਂ ਲੱਗਦਾ। ਦਿਲ ਕਰਦਾ ਸੀ ਇਸ ਪੁੱਤਰ ਨੂੰ ਵੇਖੀਂ ਹੀ ਜਾਈਏ। ਚਰਨ ਸਿੰਘ ਸਫ਼ਰੀ ਦੇ ਲਿਖੇ ਤੇ ਜਗਮੋਹਨ ਕੌਰ ਦੇ ਗਾਏ ਗੀਤ ਵਰਗੀ ਮਨ ਦੀ ਕੈਫ਼ੀਅਤ ਹੁੰਦੀ।
ਫਿਰ ਪਤਾ ਲੱਗਾ ਕਿ ਉਹ ਨਾਟਕ ਚੇਟਕ ਦੇ ਸ਼ੌਕ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵੀਯਨ ਡਿਪਾਰਟਮੈਂਟ ਵਿੱਚ ਐੱਮ ਏ ਕਰਨ ਚਲਾ ਗਿਆ ਹੈ।
ਉੱਥੇ ਉਹ ਡਾ. ਸੁਨੀਤਾ ਧੀਰ, ਡਾ. ਲੱਖਾ ਲਹਿਰੀ ਤੇ ਡਾ. ਇੰਦਰਜੀਤ ਗੋਲਡੀ ਸਮੇਤ ਕਈ ਹੋਰ ਪ੍ਹਬੁੱਧ ਅਧਿਆਪਕਾਂ ਦਾ ਵਿਦਿਆਰਥੀ ਬਣਿਆ। ਉਹ ਸੰਗੀਤ ਦਾ ਚੰਗਾ ਗਿਆਤਾ ਹੋਣ ਕਾਰਨ ਨਾਟਕਾਂ ਦੇ ਪਿੱਠਵਰਤੀ ਗਾਇਕ ਵਜੋਂ ਵੀ ਹਾਜ਼ਰ ਰਿਹਾ। ਉਸ ਦੇ ਸੀਨੀਅਰ ਵਿਦਿਆਰਥੀ ਕੰਵਰ ਗਰੇਵਾਲ , ਸਮਕਾਲੀ ਕੁਲਵਿੰਦਰ ਬਿੱਲਾ, ਪੰਮਾ ਡੂਮੇਵਾਲ ਤੇ ਜੋਬਨ ਸੰਧੂ ਉਸ ਦੇ ਸਾਹੀਂ ਜਿਉਂਦੇ ਸਨ। ਉਸ ਨੇ ਇਸ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਆਪਣੀ ਸੰਗੀਤ, ਨਾਚ ਤੇ ਅਭਿਨਯ ਕਲਾ ਨੂੰ ਬਹੁਤ ਨਿਖਾਰਿਆ। ਸ਼ਾਇਦ ਇਸੇ ਕਾਰਨ ਉਸ ਦੀ ਹਰ ਮੈਦਾਨ ਫਤਹਿ ਸੀ।
ਪਟਿਆਲਿਉਂ ਪੜ੍ਹ ਕੇ ਆਇਆ ਤਾਂ ਕੁਝ ਸਮਾਂ ਉਸ ਡੀ ਏ ਵੀ ਪਬਲਿਕ ਸਕੂਲ ਵਿੱਚ ਵੀ ਪੜ੍ਹਾਇਆ। ਛੇ ਕੁ ਮਹੀਨੇ ਬਾਦ ਪੰਜਾਬ ਪੁਲੀਸ ਦੀ ਭਰਤੀ ਖੁੱਲ੍ਹੀ ਤਾਂ ਆਪਣੇ ਬਾਬਲ ਸ. ਕਰਮ ਸਿੰਘ ਦੇ ਕਹਿਣ ਤੇ ਉਸ ਵੀ ਫਾਰਮ ਭਰ ਕੇ ਟਰਾਇਲ ਦੇ ਦਿੱਤੇ। ਅਮਰ ਸਿੰਘ ਚਾਹਲ ਸੀ ਐੱਸ ਐੱਸ ਪੀ ਜਗਰਾਉਂ ਉਦੋਂ। ਸਰੀਰਕ ਪਰਖ਼ ਵਾਲੀ ਟੀਮ ਦਾ ਮੁਖੀ ਮੇਰਾ ਦਾਮਾਦ ਪਿਰਥੀਪਾਲ ਸਿੰਘ ਹੇਅਰ ਸੀ। ਉਸ ਦੱਸਿਆ ਕਿ ਹੋਣਹਾਰ ਗੱਭਰੂ ਨੂੰ ਭਰਤੀ ਕਰਕੇ ਸਾਰੇ ਪੁਲੀਸ ਜ਼ਿਲ੍ਹੇ ਨੇ ਮਾਣ ਮਹਿਸੂਸ ਕੀਤਾ। ਉਸ ਪੁਲੀਸ ਟ੍ਰੇਨਿੰਗ ਸਕੂਲ ਜਹਾਨਖੇਲਾਂ ਵਿੱਚ ਟ੍ਰੇਨਿੰਗ ਕਰਕੇ ਜਗਰਾਉਂ ਡਿਊਟੀ ਸੰਭਾਲ ਲਈ ਪਰ ਮਨ ਦੀ ਹਾਲਤ ਉਸ ਲੋਕ ਬੋਲੀ ਵਰਗੀ ਸੀਃ
ਫਿਰੇ ਕੁੱਕੜ ਬਨੇਰੇ ਤੇ।
ਬੁੱਤ ਮੇਰਾ ਏਥੇ ਦਿਸਦਾ,
ਰੂਹ ਸੱਜਣਾਂ ਦੇ ਡੇਰੇ ਤੇ।
ਉਹ ਵਕਤ ਕੱਢ ਕੇ ਸੰਗੀਤ ਰਿਆਜ਼ ਤੋਂ ਨਾ ਖੁੰਝਦਾ। ਆਪਣੇ ਕਾਲਜ ਸਮੇਂ ਦੇ ਸੰਗੀਤ ਉਸਤਾਦ ਭਾਈ। ਰਦਾਨਾ ਅਕੈਡਮੀ ਚਲਾ ਰਹੇ ਲਾਲੀ ਖਾਨ ਦੇਹੜਕੇ ਵਾਲਿਆਂ ਪਾਸੋਂ ਸੰਗੀਤਕ ਬਾਰੀਕੀਆਂ ਲਗਾਤਾਰ ਸਿੱਖਦਾ। ਆਪਣੇ ਪੁਰਾਣੇ ਮਿੱਤਰਾਂ ਨਾਲ ਲਗਾਤਾਰ ਸੰਪਰਕ ਚ ਰਹਿਣ ਕਰਕੇ ਅੱਜ ਹਰ ਅੱਖ ਨਮ ਹੈ। ਕਾਉਂਕਿਆਂ ਵਾਲਾ ਗੀਤਕਾਰ ਤੇ ਗਾਇਕ ਵੀਤ ਬਲਜੀਤ ਉਸ ਤੋਂ ਇੱਕ ਜਮਾਤ ਪਿੱਛੇ ਪੜ੍ਹਦਾ ਸੀ। ਇਹ ਦੱਸਣਾ ਇਸ ਕਰਕੇ ਜ਼ਰੂਰੀ ਹੈ ਕਿ ਉਸ ਵਕਤ ਕਲਾਵੰਤ ਬੱਚਿਆਂ ਨੂੰ ਮੌਕੇ ਦੇਣ ਵਿੱਚ ਪ੍ਰਿੰਸੀਪਲ ਸਤੀਸ਼ ਕੁਮਾਰ ਸ਼ਰਮਾ, ਡਾ. ਸੁਖਦੇਵ ਸਿੰਘ ਬਰਾੜ, ਪ੍ਹੋ. ਕਰਮ ਸਿੰਘ ਸੰਧੂ , ਪ੍ਹੋ. ਜਤਿੰਦਰ ਕੌਰ ਮਾਵੀ ਤੇ ਪ੍ਹੋ, ਪਰਮਿੰਦਰ ਸਿੰਘ ਮਿੱਠਾ ਸਮੇਤ ਸਭ ਅਧਿਆਪਕਾਂ ਨੇ ਹੀ ਕਾਲਿਜ ਵਿੱਚ ਚੰਗਾ ਮਾਹੌਲ ਉਸਾਰਿਆ ਹੋਇਆ ਸੀ। ਉਸ ਨੇ ਪਿਛਲੇ ਸਾਲੀਂ ਪਿਰਥੀਪਾਲ ਸਿੰਘ ਹੇਅਰ ਸ਼ਾਬਕਾ ਐੱਸ ਪੀ ਦੇ ਪਿੰਡ ਕੋਟਲਾ ਸ਼ਾਹੀਆ (ਬਟਾਲਾ)ਵਿੱਚ ਕਮਲਜੀਤ ਖੇਡਾਂ ਮੌਕੇ ਚੰਗਾ ਭਰਵਾਂ ਤੇ ਗਹਿਗੱਡ ਅਖਾੜਾ ਲਾਇਆ, ਜਿਸ ਨੂੰ ਅੱਜ ਵੀ ਲੋਕ ਚੇਤੇ ਕਰਦੇ ਨੇ। ਉਸ ਨੂੰ ਮਾਣ ਸੀ ਕਿ ਮਾਝੇ ਵਿੱਚ ਮੇਰੀ ਗਾਇਕੀ ਦੀ ਕਦਰਦਾਨੀ ਵੱਧ ਹੈ, ਬਾਕੀ ਇਲਾਕਿਆਂ ਨਾਲੋਂ।
ਰਾਜਬੀਰ ਨੇ 2020 ਵਿੱਚ ਪੁਲੀਸ ਦੀ ਨੌਕਰੀ ਤੋਂ ਅਸਤੀਫ਼ਾ ਮਨਜ਼ੂਰ ਕਰਵਾ ਲਿਆ। ਫਿਰ ਉਹ ਕੁਲਵਕਤੀ ਗਾਇਕ ਬਣ ਗਿਆ। ਉਸ ਦੀ ਗਾਇਕੀ ਨੂੰ ਜੱਸ ਰਿਕਾਰਡਜ਼ ਵਾਲੇ ਵੀਰ ਜਸਬੀਰਪਾਲ ਸਿੰਘ ਨੇ ਖ਼ੂਬ ਨਿਖਾਰਿਆ। ਚੌਂਕੀਮਾਨ ਵਾਲੇ ਗੀਤਕਾਰ ਸਵਰਗੀ ਕੁੰਢਾ ਸਿੰਘ ਧਾਲੀਵਾਲ,ਸਿਡਨੀ ਵੱਸਦੇ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਦੇ ਪੁਰਾਣੇ ਵਿਦਿਆਰਥੀ ਸਿੰਘਜੀਤ ਚਣਕੋਈਆਂ, ਗੁਰਵਿੰਦਰ ਗਿੱਲ ਰੌਂਤਾ ਬਾਬੂ ਸਿੰਘ ਮਾਨ ਜੀ ਤੇ ਪਿਰਥੀ ਸੀਲੋਂ ਦੇ ਗੀਤਾਂ ਨੇ ਉਸ ਨੂੰ ਸਿਖਰਲੀ ਟੀਸੀ ਤੇ ਪਹੰਚਾ ਦਿੱਤਾ। ਉਹ ਜਦ ਬਹੁਤ ਮੂਡ ਵਿੱਚ ਹੁੰਦਾ ਤਾਂ ਕਦੇ ਕੁਲਦੀਪ ਮਾਣਕ ਦਾ ਟਿੱਲਾ, ਮਾਂਤੇ ਚਾਦਰ ਗੀਤ ਗਾਉਂਦਾ।
ਦੀਦਾਰ ਸੰਧੂ ਦਾ ਇਹ ਗੀਤ ਵੀ ਉਹ ਅਕਸਰ ਗਾਉਂਦਾਃ
ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ
ਵੇ ਨਾ ਮਾਰ ਜ਼ਾਲਮਾ ਵੇ
ਪੇਕੇ ਤੱਤੜੀ ਦੇ ਦੂਰ।
ਵਿੱਚ ਵਿਚਾਲੇ ਜਦ ਸੂਤਰ ਬਹਿੰਦਾ ਤਾਂ ਉਹ ਸ਼ਮਸ਼ੇਰ ਸਿੰਘ ਸੰਧੂ ਦੇ ਲਿਖੇ ਤੇ ਸੁਰਜੀਤ ਬਿਦਰਖੀਆ
ਦੇ ਗਾਏ ਗੀਤਾਂ ਨਾਲ ਵੀ ਸਰੋਤਿਆਂ ਦੀ ਸਾਂਝ ਪੁਆਉਂਦਾ। ਉਸ ਨੂੰ ਪੰਜਾਬ ਦੀ ਧਰਤੀ ਦੇ ਖ਼ਮੀਰ ਦਾ ਪਤਾ ਸੀ। ਉਹ ਮਿਆਰ ਹੀਣੇ ਗੀਤ ਨੂੰ ਕਦੇ ਕੰਠ ਨਾ ਛੁਹਾਉਂਦਾ। ਉਸ ਨੂੰ ਲੋਕ ਸੰਘਰਸ਼ਾਂ ਚੋਂ ਉੱਸਰੀ ਲੋਕ ਮਰਯਾਦਾ ਦਾ ਪੂਰਾ ਅਹਿਸਾਸ ਸੀ। 2020-21 ਦੇ ਕਿਸਾਨ ਸੰਘਰਸ਼ ਮੋਰਚੇ ਦੌਰਾਨ ਉਹ ਕੰਵਰ ਗਰੇਵਾਲ ਦਾ ਜੋੜੀਦਾਰ ਬਣ ਕੇ ਤੰਬੂਆਂ ਚ ਹੀ ਰਿਹਾ। ਕੁਝ ਸਾਲ ਪਹਿਲਾਂ ਉਸ ਦੇ ਪਿਤਾ ਜੀ ਸ. ਕਰਮ ਸਿੰਘ ਚੜ੍ਹਾਈ ਕਰ ਗਏ ਤਾਂ ਮੈਂ ਅਫ਼ਸੋਸ ਲਈ ਫੋਨ ਕੀਤਾ। ਉਸ ਨੇ ਕਈ ਨਿੱਕੀਆਂ ਨਿੱਕੀਆਂ ਗੱਲਾਂ ਦੱਸੀਆਂ ਕਿ ਕਿਵੇਂ ਬਚਪਨ ਵਿੱਚ ਮਾਨੂੰ ਉਹ ਆਪਣੇ ਪੇਟ ਤੇ ਲਿਟਾ ਕੇ ਖੁੱਲ੍ਹਾ ਪਾਣੀ ਵਿੱਚ ਤੈਰਦੇ ਸਨ। ਉਨ੍ਹਾਂ ਦੇ ਪਿੰਡੇ ਦੀ ਸੋਂਧੀ ਸੋਂਧੀ ਮਹਿਕ ਚੇਤਿਆਂ ਚ ਵੱਸ ਗਈ ਹੈ। ਹੁਣ ਮੈਂ ਇਹ ਮਹਿਕ ਸਾਰੀ ਉਮਰ ਲੱਭਦਾ ਰਹਾਂਗਾ। ਰਾਜਬੀਰ! ਤੂੰ ਤਾਂ ਫੇਰ ਵੀ ਲਗਪਗ ਤਿੰਨ ਦਹਾਕੇ ਉਹ ਮਹਿਕ ਮਾਣ ਲਈ , ਪਰ ਤੇਰੇ ਮਾਸੂਮ ਧੀ ਪੁੱਤਰ ਨੂੰ ਉਹ ਮਹਿਕ ਕੌਣ ਦੇਵੇਗਾ। ਤੇਰੇ ਮਾਤਾ ਜੀ ਤੇ ਜੀਵਨ ਸਾਥਣ ਨੂੰ ਕਿਵੇਂ ਦਿਲਾਸਾ ਦੇ ਸਕਾਂਗੇ। ਸ਼ਬਦ ਹਾਰ ਗਏ ਨੇ। ਮੇਰੀ ਕਰਮ ਭੂਮੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੜ੍ਹਦੇ ਚਾਰ ਪੁੱਤਰ ਇਕੱਠੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਵੇਲੇ ਵੀ ਮਨ ਦੀ ਹਾਲਤ ਰਾਜਬੀਰ ਦੇ ਜਾਣ ਵਰਗੀ ਸੀ। ਉਹ ਵੀ ਚੋਟੀ ਦੇ ਭੰਗੜਾ ਕਲਾਕਾਰ ਸਨ। ਉਨ੍ਹਾਂ ਦੇ ਜਾਣ ਤੇ ਇਹ ਉਦਾਸ ਗੀਤ ਲਿਖਿਆ ਸੀ ਮੈਂ ਲਗਪਗ 20-22 ਸਾਲ ਪਹਿਲਾਂ। ਇਹੀ ਗੀਤ ਰਾਜਵੀਰ ਦੇ ਜਾਣ ਤੇ ਦੁਹਰਾ ਰਿਹਾ ਹਾਂ।
Share this content:



Post Comment