
ਪ੍ਰਯਾਗਰਾਜ ਵਿੱਚ ਚੱਲ ਰਹੇ ਕੁੰਭ ਮੇਲੇ ’ਚ ਗਿਆਨਵਾਪੀ ਮਸਜਿਦ ਨੂੰ ਮੰਦਰ ਵਜੋਂ ਦਰਸਾਉਦੇ ਮਾਡਲ ਦੀ ਨੁਮਾਇਸ਼ ਵੀ ਲਾਈ ਗਈ ਹੈ। ਇਸ ਤਰ੍ਹਾਂ ਹਿੰਦੂਤਵੀ ਤਾਕਤਾਂ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਕੁੰਭ ਮੇਲੇ ਨੂੰ ਵੀ ਵਰਤ ਰਹੀਆਂ ਹਨ। ਗਿਆਨਵਾਪੀ, ਜਿਸ ਦੀ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਕੰਧ ਸਾਂਝੀ ਹੈ, ਦਰਜਨਾਂ ਇਸਲਾਮੀ ਢਾਂਚਿਆਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਬਾਰੇ ਅਦਾਲਤਾਂ ’ਚ ਇਸ ਦਾਅਵੇ ਨਾਲ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਕਿ ਇਹ ਮੰਦਰ ਢਾਹ ਕੇ ਉਸਾਰੇ ਗਏ। ਵਾਰਾਨਸੀ ਦੇ ਸੁਮੇਰੂ ਮੱਠ ਦੇ ਮਹੰਤ ਸਵਾਮੀ ਨਰਿੰਦਰਾਨੰਦ ਸਰਸਵਸਤੀ ਨੇ ਸਨਿੱਚਰਵਾਰ ਨੁਮਾਇਸ਼ ਦਾ ਉਦਘਾਟਨ ਕੀਤਾ, ਜਿਸ ’ਚ ਗਿਆਨਵਾਪੀ ਦਾ ਮਾਡਲ ਦਿਖਾਇਆ ਗਿਆ ਹੈ, ਜਿਸ ਦਾ ਉੱਪਰਲਾ ਅੱਧ ਮੰਦਰ ਵਜੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨੁਮਾਇਸ਼ ਵਿੱਚ 120 ਤਸਵੀਰਾਂ ਵੀ ਪ੍ਰਦਰਸ਼ਤ ਕੀਤੀਆਂ ਗਈਆਂ ਹਨ, ਜਿਹੜੀਆਂ ਮਸਜਿਦ ਦੇ ਹਿੱਸੇ ’ਚ ਹਿੰਦੂ ਪ੍ਰਤੀਕਾਂ ਨੂੰ ਦਰਸਾਉਦੀਆਂ ਹਨ।
ਸਥਾਨਕ ਅਦਾਲਤ ਦੇ ਹੁਕਮ ’ਤੇ 2023 ਵਿੱਚ ਗਿਆਨਵਾਪੀ ਦਾ ਸਰਵੇ ਕੀਤਾ ਗਿਆ ਸੀ ਤੇ ਉਸ ਦੀ ਰਿਪੋਰਟ ਅਦਾਲਤ ਨੂੰ ਸੀਲਬੰਦ ਲਿਫਾਫੇ ’ਚ ਪੇਸ਼ ਕੀਤੀ ਗਈ ਸੀ, ਫਿਰ ਵੀ ਸਰਵੇਖਣ ਦੌਰਾਨ ਲਈਆਂ ਤਸਵੀਰਾਂ ਜੱਗ-ਜ਼ਾਹਰ ਹੋ ਗਈਆਂ ਹਨ। ਨੁਮਾਇਸ਼ ਦੇ ਜਥੇਬੰਦਕਾਂ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਉਤਸ਼ਾਹੀ ਫੋਟੋਗ੍ਰਾਫਰਾਂ ਨੇ ਲਈਆਂ ਸਨ ਤੇ ਇਹ ਅਦਾਲਤੀ ਕਾਰਵਾਈ ਦਾ ਹਿੱਸਾ ਨਹੀਂ ਹਨ। ਮਹੰਤ ਨੇ ਨੁਮਾਇਸ਼ ਦੇ ਉਦਘਾਟਨ ਵੇਲੇ ਕਿਹਾ ਕਿ ਉਹ ਗਿਆਨਵਾਪੀ ਨੂੰ ਸੰਵਿਧਾਨਕ ਢੰਗ-ਤਰੀਕੇ ਨਾਲ ਮੁਕਤ ਕਰਾਉਣਾ ਚਾਹੁੰਦੇ ਹਨ ਤੇ ਸਾਰੇ ਸਨਾਤਨੀ ਲੋਕਾਂ ਨੂੰ ਇਸ ਮਿਸ਼ਨ ਦੀ ਪ੍ਰਾਪਤੀ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਨੁਮਾਇਸ਼ ਵਾਰਾਨਸੀ ਦੀ ਜਥੇਬੰਦੀ ਸ੍ਰੀ ਆਦਿ ਮਹਾਂਦੇਵ ਕਾਸ਼ੀ ਧਰਮਾਲਿਆ ਮੁਕਤੀ ਨਿਆਸ ਨੇ ਲਾਈ ਹੈ, ਜਿਹੜੀ ਗੈਰ-ਹਿੰਦੂਆਂ ਦੇ ਕਥਿਤ ਕਬਜ਼ੇ ਵਾਲੇ ਸਾਰੇ ਮੰਦਰ ਮੁਕਤ ਕਰਾਉਣ ਲਈ ਪ੍ਰਣਾਈ ਹੋਈ ਹੈ। ਗਿਆਨਵਾਪੀ ਕੇਸ ਦੀ ਸੁਣਵਾਈ ਹੇਠਲੀ ਅਦਾਲਤ ਦੇ ਨਾਲ-ਨਾਲ ਅਲਾਹਾਬਾਦ ਹਾਈ ਕੋਰਟ ਵਿੱਚ ਵੀ ਚੱਲ ਰਹੀ ਹੈ। ਹਿੰਦੂ ਪਟੀਸ਼ਨਰਾਂ ਦਾ ਦਾਅਵਾ ਹੈ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਅਸਲੀ ਕਾਸ਼ੀ ਵਿਸ਼ਵਨਾਥ ਮੰਦਰ ਦਾ ਇੱਕ ਹਿੱਸਾ ਢਾਹ ਕੇ ਉੱਥੇ ਗਿਆਨਵਾਪੀ ਮਸਜਿਦ ਬਣਵਾਈ ਸੀ।
2023 ਦੇ ਸਰਵੇ ਦੇ ਬਾਅਦ ਵਾਰਾਨਸੀ ਦੀ ਅਦਾਲਤ ਨੇ ਪਿਛਲੇ ਸਾਲ ਮਸਜਿਦ ਦੀ ਬੇਸਮੈਂਟ ਹਿੰਦੂਆਂ ਨੂੰ ਮੂਰਤੀਆਂ ਦੀ ਪੂਜਾ ਕਰਨ ਲਈ ਦੇ ਦਿੱਤੀ ਸੀ, ਜਿਹੜੀ ਕਿ ਕਥਿਤ ਤੌਰ ’ਤੇ ਕਈ ਵਰ੍ਹਿਆਂ ਤੋਂ ਤਾਲਾਬੰਦ ਸੀ। ਮੁਸਲਮ ਅਜੇ ਵੀ ਗਰਾਊਂਡ ਫਲੋਰ ’ਤੇ ਨਮਾਜ਼ ਪੜ੍ਹਦੇ ਹਨ। ਮਸਜਿਦ ਕਮੇਟੀ ਨੇ ਵਾਰਾਨਸੀ ਅਦਾਲਤ ਦੇ ਫੈਸਲੇ ਖਿਲਾਫ ਇਸ ਦਲੀਲ ਨਾਲ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ ਹੋਈ ਹੈ ਕਿ ਸੰਸਦ 1991 ’ਚ ਕਾਨੂੰਨ ਪਾਸ ਕਰ ਚੁੱਕੀ ਹੈ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਨੂੰ ਛੱਡ ਕੇ ਕਿਸੇ ਧਾਰਮਕ ਢਾਂਚੇ ਨੂੰ ਕਿਸੇ ਹੋਰ ਧਰਮ ਦੇ ਢਾਂਚੇ ਵਿੱਚ ਨਹੀਂ ਬਦਲਿਆ ਜਾ ਸਕਦਾ। ਸੁਪਰੀਮ ਕੋਰਟ ਇਸ ਵੇਲੇ 1991 ਦੇ ਪੂਜਾ ਸਥਲ (ਵਿਸ਼ੇਸ਼ ਵਿਵਸਥਾ) ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੈਲਿੰਜ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ