ਭਾਰਤੀ ਗਣਰਾਜ ਦੇ ਪਝੱਤਰ ਸਾਲ/ਐਡਵੋਕੇਟ ਦਰਸ਼ਨ ਸਿੰਘ ਰਿਆੜ

26 ਜਨਵਰੀ 2025 ਨੂੰ ਸਾਡਾ ਭਾਰਤ ਇੱਕ ਗਣਰਾਜ ਵਜੋਂ ਪਝੱਤਰ ਸਾਲਾਂ ਦਾ ਹੋ ਜਾਵੇਗਾ। ਪੰਦਰਾਂ ਅਗਸਤ 1947 ਨੂੰ ਸਾਡੇ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਅਜ਼ਾਦੀ ਮਿਲੀ ਸੀ। ਦੇਸ਼ ਦਾ ਆਪਣਾ ਸੰਵਿਧਾਨ ਤਿਆਰ ਕਰਨ ਦਾ ਕੰਮ ਜੋ 1946 ਵਿੱਚ ਹੀ ਸ਼ੁਰੂ ਹੋ ਗਿਆ ਸੀ ਸਿਰੇ ਚੜ੍ਹਨ ਲਈ 2 ਸਾਲ 11 ਮਹੀਨੇ ਤੇ 18 ਦਿਨਾਂ ਦਾ ਲੰਬਾ ਅਰਸਾ ਲੱਗਾ। ਫਿਰ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਕਰਕੇ ਭਾਰਤ ਇੱਕ ਗਣਰਾਜ ਦੇਸ਼ ਬਣ ਗਿਆ ਸੀ।ਉਦੋਂ ਤੋਂ ਹੀ ਇਹ ਦਿਨ ਇੱਕ ਇਤਿਹਾਸਕ ਮੀਲ ਪੱਥਰ ਬਣ ਗਿਆ ਹੈ। ਇਹ ਦਿਨ ਹਰ ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ,ਇੰਡੀਆ ਗੇਟ ਕੋਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਦੇਸ਼ ਦਾ ਰਾਸ਼ਟਰਪਤੀ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਦੀਆਂ ਤਿੰਨਾਂ ਸੈਨਾਵਾਂ,ਥਲ ਸੈਨਾ,ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਕੋਲੋਂ ਸਲਾਮੀ ਲੈਂਦਾ ਹੈ। ਕਿਉਂਕਿ ਸਾਡੇ ਦੇਸ਼ ਨੇ ਲੋਕਰਾਜ ਦੀ ਸੰਸਦੀ ਪ੍ਰਣਾਲੀ ਅਪਣਾਈ ਹੈ ਜਿਸ ਵਿੱਚ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੁੰਦਾ ਹੈ।ਇੰਜ ਇਹ ਮਹਾਨ ਦਿਨ ਵੀ ਦੇਸ਼ ਦੇ ਰਾਸ਼ਟਰਪਤੀ ਦਾ ਮਹੱਤਵਪੂਰਨ ਦਿਨ ਹੁੰਦਾ ਹੈ।ਤਿੰਨਾਂ ਸੈਨਾਵਾਂ ਦੀਆਂ ਪ੍ਰਾਪਤੀਆਂ ਦੀਆਂ ਝਲਕੀਆਂ ਅਤੇ ਦੇਸ਼ ਦੇ ਬਾਕੀ ਰਾਜਾਂ ਦੀ ਖ਼ੁਸ਼ਹਾਲੀ ਦੀਆਂ ਝਾਕੀਆਂ 26 ਜਨਵਰੀ ਦੀ ਪਰੇਡ ਦਾ ਮੁੱਖ ਧੁਰਾ ਹੁੰਦੀਆਂ ਹਨ।ਕੇਂਦਰੀ ਕੈਬਨਿਟ ਦੇ ਮੰਤਰੀ,ਪ੍ਰਧਾਨ ਮੰਤਰੀ,ਵਿਰੋਧੀ ਧਿਰ ਦਾ ਨੇਤਾ ਮੁੱਖ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹਨ।ਹੁਣ ਤਾਂ ਇਹ ਵੀ ਪਰੰਪਰਾ ਬਣ ਗਈ ਹੈ ਕਿ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਕਿਸੇ ਨਾ ਕਿਸੇ ਬਾਹਰਲੇ ਦੇਸ਼ ਦੇ ਮੁਖੀ ਨੂੰ ਮੁੱਖ ਪ੍ਰਾਹੁਣੇ ਵਜੋਂ ਸ਼ਿਰਕਤ ਕਰਨ ਲਈ ਬੁਲਾਇਆ ਜਾਂਦਾ ਹੈ।
ਅੰਗਰੇਜ਼ਾਂ ਦੇ ਵੇਲੇ ਦੇ ਚੱਲਦੇ ਰਿਵਾਜ ਅਨੁਸਾਰ ਦੇਸ਼ ਦੇ ਰਾਸ਼ਟਰਪਤੀ ਘੋੜਿਆਂ ਵਾਲੀ ਬੱਘੀ ਵਿੱਚ ਆਪਣੇ ਅੰਗ-ਰੱਖਿਅਕਾਂ ਨਾਲ ਜਦੋਂ ਸਟੇਜ ਤੇ ਆਉਂਦੇ ਹਨ ਤਾਂ ਉਹ ਦ੍ਰਿਸ਼ ਵੇਖਣ ਵਾਲਾ ਹੁੰਦਾ ਹੈ।ਦੇਸ਼ ਦੇ ਮੁਖੀ ਦੇ ਸਵਾਗਤ ਦਾ ਜਲੌ ਵੇਖਿਆਂ ਹੀ ਬਣਦਾ ਹੈ। ਇਸੇ ਤਰ੍ਹਾਂ ਹੀ ਬਾਕੀ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਅਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਵੀ 26 ਜਨਵਰੀ ਦਾ ਦਿਨ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ।ਉੱਥੇ ਰਾਜ ਦਾ ਗਵਰਨਰ,ਮੁੱਖ ਮੰਤਰੀ ਅਤੇ ਬਾਕੀ ਮੰਤਰੀ ਬਣਾਏ ਗਏ ਪ੍ਰੋਗਰਾਮ ਦੇ ਅਨੁਸਾਰ ਤਿਰੰਗਾ ਝੰਡਾ ਲਹਿਰਾਉਂਦੇ ਹਨ ਅਤੇ ਸਲਾਮੀ ਲੈਂਦੇ ਹਨ।ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਜ਼ਾਦੀ ਦੀ ਪਰੇਡ ਵਿੱਚ ਸ਼ਾਮਲ ਹੋ ਕੇ ਇਸ ਰੌਣਕ ਨੂੰ ਚਾਰ ਚੰਨ ਲਗਾਉਂਦੇ ਹਨ।ਵੱਖ ਵੱਖ ਖੇਤਰਾਂ ਵਿੱਚ ਬਹਾਦਰੀ ਦੇ ਜੌਹਰ ਦਿਖਾਉਣ ਵਾਲੇ,ਅੰਤਰਰਾਸ਼ਟਰੀ ਖੇਡਾਂ ਵਿੱਚ ਮਾਣਮੱਤੇ ਤਗਮੇ ਪ੍ਰਾਪਤ ਕਰਨ ਵਾਲੇ ਤੇ ਹੋਰ ਦਿਲਕਸ਼ ਪ੍ਰਾਪਤੀਆਂ ਪ੍ਰਾਪਤ ਕਰਨੇ ਵਾਲੇ ਹੁਨਰ ਬਾਜ਼ਾਂ ਨੂੰ ਦੇਸ਼ ਦੇ ਉੱਚ ਦਰਜੇ ਦੇ ਮੈਡਲ ਤੇ ਹੋਰ ਇਨਾਮ ਦੇਸ਼ ਦੇ ਰਾਸ਼ਟਰਪਤੀ ਅਤੇ ਰਾਜਾਂ ਦੇ ਰਾਜਪਾਲਾਂ ਵੱਲੋਂ ਦਿੱਤੇ ਜਾਂਦੇ ਹਨ।ਦੇਸ਼ ਦੇ ਸਾਰੇ ਹੀ ਜ਼ਿਲਿਆਂ ਵਿੱਚ ਐਨ ਸੀ ਸੀ ਦੇ ਕੈਡਟ ,ਸਕੂਲਾਂ ਦੇ ਵਿਦਿਆਰਥੀ ਤੇ ਸੁਰੱਖਿਆ ਸੈਨਾਵਾਂ ਦੀਆਂ ਟੀਮਾਂ ਪਹਿਲਾਂ ਮਿਥੇ ਗਏ ਪ੍ਰੋਗਰਾਮ ਅਨੁਸਾਰ ਗਣਰਾਜ ਦਿਵਸ ਨੂੰ ਸ਼ਾਨ ਨਾਲ ਮਨਾਉਣ ਲਈ ਤਨਦੇਹੀ ਨਾਲ ਹਿੱਸਾ ਲੈਂਦੀਆਂ ਹਨ।ਪਰ ਜੋ ਨਜ਼ਾਰਾ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ 26 ਜਨਵਰੀ ਦਾ ਹੁੰਦਾ ਹੈ ਉਸ ਦਾ ਆਪਣਾ ਹੀ ਜਲੌ ਹੁੰਦਾ ਹੈ।
ਅਜ਼ਾਦੀ ਦੇ ਇਸ ਸਮੇਂ ਦੌਰਾਨ ਭਾਰਤ ਨੇ ਵੱਖ ਵੱਖ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ।ਕਦੇ ਖਾਧ ਪਦਾਰਥਾਂ ਤੇ ਅਨਾਜ ਦੀ ਕਮੀ ਦਾ ਸਾਹਮਣਾ ਕਰਨ ਵਾਲਾ ਭਾਰਤ ਹੁਣ ਅਨਾਜ ਦੇ ਅੰਬਾਰ ਲਗਾ ਦੇਂਦਾ ਹੈ।ਆਤਮ ਨਿਰਭਰ ਤਾਂ ਹੈ ਹੀ ਹੁਣ ਏਥੇ ਅਨਾਜ ਦੀ ਸਾਂਭ ਸੰਭਾਲ ਦਾ ਫ਼ਿਕਰ ਪਿਆ ਰਹਿੰਦਾ ਹੈ।ਹੁਣ ਸਾਡੀ ਸਰਕਾਰ ਗ਼ਰੀਬ ਤੇ ਲੋੜਵੰਦ 80 ਕਰੋੜ ਲੋਕਾਂ ਨੂੰ ਮੁਫ਼ਤ ਅਤੇ ਸਸਤਾ ਅਨਾਜ ਵੀ ਵੰਡਦੀ ਹੈ।ਦੇਸ਼ ਦੇ ਭੰਡਾਰਾਂ ਵਿੱਚ ਵਾਧੂ ਅਨਾਜ ਹੈ ਤਾਂ ਹੀ ਇਹ ਅਨਾਜ ਸਸਤਾ ਤੇ ਮੁਫ਼ਤ ਵੰਡਿਆ ਜਾਂਦਾ ਹੈ।ਇਸ ਸਭ ਕਾਸੇ ਦਾ ਸਿਹਰਾ ਦੇਸ਼ ਦੇ ਮਿਹਨਤੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਂਦਾ ਹੈ।ਉਹਨਾਂ ਨੇ ਵਿਗਿਆਨਕ ਲੀਹਾਂ ਅਪਣਾ ਕੇ ਨਵੀਂਆਂ ਤਕਨੀਕਾਂ,ਬੀਜ ਤੇ ਸੰਦਾਂ ਦੀ ਵਰਤੋਂ ਕਰਕੇ ਹਰੀ ਕ੍ਰਾਂਤੀ ਨਾਲ ਦੇਸ਼ ਦੇ ਅੰਨ ਭੰਡਾਰ ਨੱਕੋਂ ਨੱਕ ਭਰ ਦਿੱਤੇ ਹਨ।ਪ੍ਰਮਾਣੂ ਤਜਰਬੇ ਕਰਕੇ ਸਾਡਾ ਦੇਸ਼ ਪ੍ਰਮਾਣੂ ਸ਼ਕਤੀ ਵੀ ਬਣ ਚੁੱਕਾ ਹੈ ਪਰ ਅਸੀਂ ਇਸ ਸ਼ਕਤੀ ਦੀ ਵਰਤੋਂ ਲੜਾਈ ਜਾਂ ਯੁੱਧ ਲਈ ਕਰਨ ਦੀ ਥਾਂ ਵਿਕਾਸ ਲਈ ਕਰਨ ਨੂੰ ਤਰਜੀਹ ਦੇਂਦੇ ਹਾਂ।
ਹੁਣ ਸਾਡੇ ਦੇਸ਼ ਕੋਲ ਵਿਸ਼ਵ ਦੀ ਵਧੀਆ ਤੇ ਤਾਕਤਵਰ ਸੁਰੱਖਿਆ ਫੌਜ ਹੈ।ਸਾਡੇ ਦੇਸ਼ ਨੂੰ ਚੀਨ ਤੇ ਪਾਕਿਸਤਾਨ ਨਾਲ ਚਾਰ ਯੁੱਧ ਵੀ ਲੜਨੇ ਪਏ ਹਨ।ਦੁਸ਼ਮਣ ਦੇਸ਼ਾਂ ਵੱਲੋਂ ਚਲਾਈਆਂ ਜਾ ਰਹੀਆਂ ਅੱਤਵਾਦੀ ਕਾਰਵਾਈਆਂ ਨਾਲ ਵੀ ਅਕਸਰ ਦੋ ਚਾਰ ਹੋਣਾ ਪੈਂਦਾ ਹੈ।ਸਾਡੀਆਂ ਫ਼ੌਜਾਂ ਦੇਸ਼ ਦੇ ਜਾਨ ਮਾਲ ਤੇ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਸਦਾ ਹੀ ਸਫਲ ਰਹੀਆਂ ਹਨ।ਸਾਡੇ ਦੇਸ਼ ਦਾ ਰੇਲਵੇ ਪ੍ਰਬੰਧ ਵੀ ਵਿਸ਼ਵ ਵਿੱਚ ਉੱਚਕੋਟੀ ਤੇ ਨਮੂਨੇ ਦਾ ਹੈ।ਸਾਡਾ ਰੇਲਵੇ ਨੈੱਟਵਰਕ ਵਿਸ਼ਵ ਵਿੱਚ ਸਭ ਤੋਂ ਵੱਡਾ ਹੈ।ਆਵਾਜਾਈ ਦੇ ਸਾਧਨ ਵੀ ਸਮੁੰਦਰ,ਹਵਾ ਅਤੇ ਸੜਕੀ ਸਭ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਸਿਹਤ ਦੇ ਖੇਤਰ ਵਿੱਚ ਵੀ ਸਾਡੇ ਦੇਸ਼ ਵਿੱਚ ਪਿੰਡ ਪੱਧਰ ਤੱਕ ਸਿਹਤ ਕੇਂਦਰ ਅਤੇ ਹਸਪਤਾਲਾਂ ਦਾ ਜਾਲ ਵਿਛਿਆ ਹੋਇਆ ਹੈ।ਨਵੀਂਆਂ ਤਕਨੀਕਾਂ ਅਤੇ ਨਵੀਂਆਂ ਦਵਾਈਆਂ ਨਾਲ ਲੈਸ ਸਾਡੇ ਦੇਸ਼ ਦੀਆਂ ਕਈ ਸੰਸਥਾਵਾਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲੰਗਰ ਲਾਉਣ ਦੇ ਉੱਦਮ ਕਰਕੇ ਇਹ ਸਹੂਲਤਾਂ ਵੀ ਮੁਫ਼ਤ ਪ੍ਰਦਾਨ ਕਰਨ ਲੱਗ ਪਈਆਂ ਹਨ। ਸੂਚਨਾ ਤੇ ਤਕਨਾਲੋਜੀ ਦੇ ਖੇਤਰ ਵਿੱਚ ਵੀ ਸਾਡੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ।ਬਿਜਲੀ ਉਤਪਾਦਨ ਪਹਿਲਾਂ ਪਣ ਬਿਜਲੀ ਤੋਂ ਹੀ ਹੁੰਦਾ ਸੀ।ਫਿਰ ਤਾਪ ਬਿਜਲੀ ਘਰ ਲੱਗਣੇ ਸ਼ੁਰੂ ਹੋਏ।ਹੁਣ ਸੂਰਜੀ ਊਰਜਾ ਨਾਲ ਬਿਜਲੀ ਉਤਪਾਦਨ ਦਾ ਜਾਲ ਵਿਛਦਾ ਜਾ ਰਿਹਾ ਹੈ।ਸੂਰਜ ਤਾਂ ਕੁਦਰਤ ਦਾ ਮੁਫ਼ਤ ਦਾ ਸ੍ਰੋਤ ਹੈ।ਅਸੀਮਤ ਸੂਰਜੀ ਗਰਮੀ ਦੇ ਭੰਡਾਰ ਹੋਣ ਕਾਰਨ ਇਸ ਦਾ ਖ਼ਤਮ ਹੋਣ ਦਾ ਵੀ ਡਰ ਨਹੀਂ ਹੈ।
ਸੂਰਜੀ ਬਿਜਲੀ ਉਤਪਾਦਨ ਸਭ ਸਰੋਤਾਂ ਤੋਂ ਸਸਤਾ ਹੈ।ਪੁਲਾੜ ਵਿੱਚ ਵੀ ਸਾਡੇ ਦੇਸ਼ ਨੇ ਆਪਣੀ ਧਾਕ ਜਮਾਈ ਹੋਈ ਹੈ।ਸਾਡੀ ਪੁਲਾੜ ਏਜੰਸੀ ਇਸ ਨੇ ਬੜੇ ਕਮਾਲ ਦਿਖਾਏ ਹਨ।ਚੰਦਰਮਾ ਦੀ ਸਤ੍ਹਾ ਉੱਪਰ ਆਪਣੀ ਪੈੜ ਜਮਾਉਣ ਵਾਲਾ ਭਾਰਤ ਵੀ ਪ੍ਰਮੁੱਖ ਦੇਸ਼ ਬਣ ਚੁੱਕਾ ਹੈ। ਬਹੁਤ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਕੁਝ ਨਾਂਹ ਪੱਖੀ ਪ੍ਰਭਾਵ ਵੀ ਹਨ ਜਿਨ੍ਹਾਂ ਨਾਲ ਸਾਡੇ ਦੇਸ਼ ਨੂੰ ਵਿਸ਼ਵ ਵਿੱਚ ਉਹ ਮਾਣ ਸਨਮਾਨ ਨਹੀਂ ਮਿਲ ਸਕਿਆ ਜੋ ਮਿਲਣਾ ਚਾਹੀਦਾ ਸੀ। ਸਾਡੇ ਦੇਸ਼ ਦੀ ਅਬਾਦੀ ਦਾ ਬੇਤਹਾਸ਼ਾ ਵਾਧਾ ਦੇਸ਼ ਲਈ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਨਾਲ ਹੀ ਇਸ ਨੇ ਸਾਡੀ ਪ੍ਰਗਤੀ ਨੂੰ ਬਰੇਕਾਂ ਲਾ ਦਿੱਤੀਆਂ ਹਨ।ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਸਾਨੂੰ ਏਸੇ ਅਬਾਦੀ ਦੇ ਵਾਧੇ ਨੇ ਹੀ ਦਿਵਾਇਆ ਸੀ।ਪਰ ਵੱਧ ਅਬਾਦੀ ਦੀਆਂ ਮੁਸ਼ਕਲਾਂ ਵੀ ਅਣਗਿਣਤ ਹਨ।ਗ਼ਰੀਬੀ ਤੇ ਭੁੱਖਮਰੀ ਇਸ ਦਾ ਸਭ ਤੋਂ ਵੱਡਾ ਦੁਖਦ ਪਹਿਲੂ ਹੈ।ਅਨਪੜ੍ਹਤਾ ਨੇ ਹਾਲੇ ਤੱਕ ਸਾਨੂੰ ਘੇਰਿਆ ਹੋਇਆ ਹੈ।ਪਝੱਤਰ ਸਾਲ ਬਾਦ ਸਾਡੀ ਸਾਖਰਤਾ ਦਰ ਵੀ 75-76% ਤੋਂ ਅੱਗੇ ਨਹੀਂ ਵੱਧ ਸਕੀ ਜਦੋਂ ਕਿ ਇਹ ਹੁਣ ਤੱਕ 100% ਹੋ ਜਾਣੀ ਚਾਹੀਦੀ ਸੀ।ਰੋਜ਼ਗਾਰ ਪੱਖੋਂ ਵੀ ਸਾਡੀ ਸਥਿਤੀ ਬਹੁਤ ਨਿੱਘਰੀ ਹੋਈ ਹੈ।ਬੇਰੁਜ਼ਗਾਰੀ ਵਿੱਚ ਵੀ ਅਸੀਂ ਵਿਸ਼ਵ ਵਿੱਚ ਮੋਹਰੀ ਸਫ਼ਾਂ ਵਿੱਚ ਆਉਂਦੇ ਹਾਂ।ਸਾਡੀਆਂ ਸਰਕਾਰਾਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਜ਼ਿਆਦਾ ਫ਼ਿਕਰਮੰਦ ਰਹਿੰਦੀਆਂ ਹਨ ਤੇ ਆਪਣੇ ਨਾਗਰਿਕਾਂ ਨੂੰ ਲਾਰਿਆਂ ਤੇ ਬਹਾਨਿਆਂ ਨਾਲ ਟਰਕਾ ਕੇ ਰੱਖਣ ਵਿੱਚ ਮਾਹਰ ਹਨ।ਇਹੀ ਮੁੱਖ ਕਾਰਨ ਹੈ ਕਿ ਸਾਡਾ ਨੌਜਵਾਨ ਵਰਗ ਬਾਹਰਲੇ ਵਿਕਸਤ ਦੇਸ਼ਾਂ ਨੂੰ ਵੱਡੀ ਗਿਣਤੀ ਵਿੱਚ ਪ੍ਰਵਾਸ ਕਰ ਰਿਹਾ ਹੈ।ਉਚੇਰੀ ਸਿੱਖਿਆਂ ਪ੍ਰਤੀ ਸਰਕਾਰਾਂ ਅਵੇਸਲੀਆਂ ਰਹਿੰਦੀਆਂ ਹਨ।
ਨਤੀਜਾ ਬਹੁਤੇ ਨੌਜਵਾਨ ਆਪਣੀਆਂ ਜਾਇਦਾਦਾਂ ਵੇਚ ਜਾਂ ਫਿਰ ਕਰਜ਼ੇ ਲੈ ਕੇ ਪੱਛਮੀ ਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ। ਸਾਡੇ ਦੇਸ਼ ਦੀ ਜਵਾਨੀ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਪ੍ਰਵਾਸ ਕਰ ਚੁੱਕਿਆ ਹੈ ਹੁਣ ਉੱਥੇ ਵੀ ਹਾਲਾਤ ਏਨੇ ਸਾਜ਼ਗਾਰ ਨਹੀਂ ਰਹੇ ਤੇ ਮਜਬੂਰੀ ਸਾਡੇ ਵਿਦਿਆਰਥੀ ਆਸਟਰੇਲੀਆ,ਇੰਗਲੈਂਡ ਤੇ ਅਮਰੀਕਾ ਵੱਲ ਮੁਹਾਰਾਂ ਮੋੜਨ ਲੱਗ ਪਏ ਹਨ।ਜੇ ਸਰਕਾਰਾਂ ਸੰਜੀਦਗੀ ਨਾਲ ਨੌਜਵਾਨਾਂ ਦੀ ਬਾਂਹ ਫੜਨ ਤਾਂ ਇਹ ਮੁਸ਼ਕਲ ਹੱਲ ਹੋ ਸਕਦੀ ਹੈ।ਪੰਜਾਬ ਵਿੱਚ ਖ਼ਾਸਕਰ ਉੱਚ ਸਿੱਖਿਆ ਦੇ ਕਾਲਜ ਵਿਦਿਆਰਥੀਆਂ ਪੱਖੋਂ ਖ਼ਾਲੀ ਪਏ ਹਨ ।ਉੱਥੇ ਯੋਗ ਅਧਿਆਪਕਾਂ ਦਾ ਤੇ ਹੋਰ ਇਨਫਰਾਸਟਰੱਕਚਰ ਦਾ ਪ੍ਰਬੰਧ ਵੀ ਤਸੱਲੀਬਖ਼ਸ਼ ਨਹੀਂ ਹੈ।ਸਾਡੇ ਦੇਸ਼ ਵਿੱਚ ਟੇਲੈਂਟ ਦਾ ਕੋਈ ਘਾਟਾ ਨਹੀਂ ਪਰ ਨਾਕਸ ਪ੍ਰਬੰਧ ਕਲਾ ਦਾ ਲਾਭ ਉਠਾਉਣ ਵਿਚ ਅਸਮਰਥ ਰਹਿੰਦੇ ਹਨ।ਨੌਕਰੀਆਂ ਵਿੱਚ ਠੇਕਾ ਸਿਸਟਮ ਦੀ ਭਰਮਾਰ ਨੇ ਨੌਜਵਾਨਾਂ ਦੀ ਦਿਲਚਸਪੀ ਖ਼ਤਮ ਕਰ ਦਿੱਤੀ ਹੈ।ਠੇਕਾ ਸਿਸਟਮ ਅਨੁਸਾਰ ਤਨਖ਼ਾਹਾਂ ਨਿਗੂਣੀਆਂ ਦਿੱਤੀਆਂ ਜਾਂਦੀਆਂ ਹਨ ਤੇ ਕੰਮ ਵੱਧ ਲਿਆ ਜਾਂਦਾ ਹੈ ਏਸੇ ਕਾਰਨ ਜਵਾਨੀ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਬਹਾਨੇ ਰੋਜ਼ਗਾਰ ਤਲਾਸ਼ ਕਰ ਰਹੀ ਹੈ ਭਾਵੇਂ ਉਹਨਾਂ ਨੂੰ ਉੱਥੇ ਮਜ਼ਦੂਰੀ ਹੀ ਕਰਨੀ ਪੈਂਦੀ ਹੈ।ਸਾਡੇ ਨੌਜਵਾਨ ਫ਼ੌਜ ਵਿਚ ਭਰਤੀ ਹੋਣ ਨੂੰ ਬਹੁਤ ਤਰਜੀਹ ਦੇਂਦੇ ਸਨ।ਜਦੋਂ ਦਾ ਉੱਥੇ ਅਗਨੀ ਵੀਰ ਸਿਸਟਮ ਲਾਗੂ ਕੀਤਾ ਗਿਆ ਹੈ ਉਸ ਨੇ ਨੌਜਵਾਨਾ ਵਿੱਚ ਨਿਰਾਸਾ ਭਰ ਦਿੱਤੀ ਹੈ। ਆਰਥਿਕ ਪਾੜਾ ਸਾਡੇ ਦੇਸ਼ ਵਿੱਚ ਨਿਰੰਤਰ ਵੱਧ ਦਾ ਜਾ ਰਿਹਾ ਹੈ।ਅਮੀਰ ਅਮੀਰ ਹੁੰਦੇ ਜਾ ਰਹੇ ਹਨ ਤੇ ਗ਼ਰੀਬ ਹੋਰ ਗਰੀਬ।ਫਿਰ ਸਰਕਾਰ ਦੀ ਸਭ ਕਾ ਸਾਥ ਸਭ ਕਾ ਵਿਕਾਸ ਵਾਲੀ ਨੀਤੀ ਸਫਲ ਕਿਵੇਂ ਹੋਵੇ?ਦੇਸ਼ ਦਾ ਕੁੱਲ ਸਰਮਾਇਆ ਦਸ ਕੁ ਫ਼ੀਸਦੀ ਲੋਕਾਂ ਦੀਆਂ ਤਜੌਰੀਆਂ ਵਿੱਚ ਜਮ੍ਹਾਂ ਹੋ ਕੇ ਰਹਿ ਗਿਆ ਹੈ।
ਇਹੀ ਕਾਰਨ ਹੈ ਕਿ ਦੇਸ਼ ਦੇ 80 ਕਰੋੜ ਲੋਕਾਂ ਨੂੰ ਸਰਕਾਰ ਨੂੰ ਮੁਫ਼ਤ ਜਾਂ ਸਸਤਾ ਰਾਸ਼ਨ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਰਾਜਨੀਤਕ ਪਾਰਟੀਆਂ ਚੋਣਾਂ ਜਿੱਤਣ ਲਈ ਲਭਾਉਣੇ ਵਾਅਦੇ ਤੇ ਲਾਰੇ ਲਾਉਣ ਵਿੱਚ ਮਾਹਰ ਹੋ ਗਈਆਂ ਹਨ।ਮੁਫ਼ਤ ਚੀਜ਼ਾਂ ਦੇ ਲਾਲਚ ਦੇ ਕੇ ਉਹਨਾਂ ਨੇ ਲੋਕਾਂ ਨੂੰ ਨਿਕੰਮੇ,ਲਾਲਚੀ ਤੇ ਆਲਸੀ ਬਣਾ ਦਿੱਤਾ ਹੈ।ਦੇਸ਼ ਵਿੱਚ ਨਸ਼ੇ,ਚੋਰੀਆਂ ਤੇ ਲੁੱਟ ਖਸੁੱਟ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਇਹੀ ਹੈ।ਬਰੀਕੀ ਨਾਲ ਵੇਖਿਆ ਜਾਵੇ ਤਾਂ ਮੁਫ਼ਤ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ।ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਚੀਜ਼ ਦੀ ਕੀਮਤ ਅਦਾ ਕਰਨੀ ਪੈਂਦੀ ਹੈ।ਲਫ਼ਜ਼ਾਂ ਦੀ ਇਸ ਹੇਰਾਫੇਰੀ ਕਾਰਨ ਦੇਸ਼ ਦਾ ਆਰਥਿਕ ਵਿਕਾਸ ਖੜੋਤ ਵਾਲੀ ਸਥਿਤੀ ਵਿੱਚ ਪਹੁੰਚ ਗਿਆ ਹੈ। ਤਾਕਤ ਦਾ ਨਸ਼ਾ ਹੀ ਐਸਾ ਹੈ ਕਿ ਲਗਦੀ ਵਾਹੇ ਸੱਤਾ ਧਿਰ ਸੱਤਾ ਤੋਂ ਪਾਸੇ ਨਹੀਂ ਹੋਣਾ ਚਾਹੁੰਦੀ।ਲੱਛੇਦਾਰ ਭਾਸ਼ਣਾਂ ਨਾਲ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਲੀਡਰ ਲੋਕਾਂ ਦਾ ਮਨ ਮੋਹ ਲੈਂਦੇ ਹਨ ਤੇ ਵੋਟਾਂ ਬਟੋਰਨ ਵਿੱਚ ਸਫਲ ਹੋ ਜਾਂਦੇ ਹਨ।ਜਦੋਂ ਲੋਕਾਂ ਨੂੰ ਅਸਲੀਅਤ ਦੀ ਸਮਝ ਆਉਂਦੀ ਹੈ ਉਦੋਂ ਦੇਰ ਹੋ ਚੁੱਕੀ ਹੁੰਦੀ ਹੈ।ਪਾਸੇ ਬਦਲਣ ਵਿੱਚ ਰਾਜਨੀਤਕ ਨੇਤਾ ਫ਼ਸਲੀ ਬਟੇਰਿਆਂ ਨੂੰ ਵੀ ਮਾਤ ਦੇ ਗਏ ਹਨ।ਏਥੇ ਪਤਾ ਹੀ ਨਹੀਂ ਲਗਦਾ ਸਵੇਰ ਵੇਲੇ ਕੋਈ ਨੇਤਾ ਕਿਹੜੀ ਪਾਰਟੀ ਵਿੱਚ ਸੀ ਤੇ ਦੁਪਹਿਰ ਦਾ ਖਾਣਾ ਕਿਹੜੀ ਪਾਰਟੀ ਵਿੱਚ ਖਾ ਰਿਹਾ ਹੈ।
ਜਦੋਂ ਨੇਤਾ ਲੋਕ ਹੀ ਇੰਜ ਟਪੂਸੀਆਂ ਮਾਰਦੇ ਰਹਿਣਗੇ ਤੇ ਆਪਣੀਆਂ ਪਾਰਟੀਆਂ ਪ੍ਰਤੀ ਵਫ਼ਾਦਾਰ ਨਹੀਂ ਰਹਿਣਗੇ ਤਾਂ ਲੋਕਾਂ ਦੇ ਵਫ਼ਾਦਾਰ ਉਹ ਕਿਵੇਂ ਰਹਿ ਸਕਦੇ ਹਨ?ਇਹ ਦੁਨੀਆ ਭਾਵੇਂ ਬੜੀ ਰੰਗੀਨ ਲਗਦੀ ਹੈ ਪਰ ਹੈ ਬਹੁਤ ਥੁੜਚਿਰੀ।ਲਾਲਚ ਤੇ ਲਾਲਸਾ ਜਿੰਨਾ ਕੋਈ ਮਰਜ਼ੀ ਕਰ ਲਵੇ ਅਖੀਰ ਉਹਨੂੰ ਸਿਕੰਦਰ ਮਹਾਨ ਵਾਂਗ ਖ਼ਾਲੀ ਹੱਥ ਹੀ ਜਾਣਾ ਪੈਣਾ ਹੈ।ਹੈਰਾਨੀ ਦੀ ਗਲ ਤਾਂ ਇਹ ਹੈ ਕਿ ਧਾਰਮਿਕ ਤੇ ਰਾਜਸੀ ਨੇਤਾ ਦੂਜਿਆਂ ਨੂੰ ਅਕਸਰ ਇਹੀ ਉਦਾਹਰਨਾਂ ਦਿੰਦੇ ਹਨ ਪਰ ਖ਼ੁਦ ਅਮਲ ਨਹੀਂ ਕਰਦੇ? ਸਤਾ ਤੇ ਕਾਬਜ਼ ਪਾਰਟੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ।ਦੇਸ਼ ਦੀ ਸਮੂਹ ਜੰਤਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਉਸ ਰਾਜਨੀਤਕ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ।ਪਰ ਜੇ ਸਰਕਾਰਾਂ ਕੁਝ ਉਹਨਾਂ ਗਰੁੱਪਾਂ ਜਾਂ ਵਰਗਾਂ ਨਾਲ ਨਫ਼ਰਤ ਕਰਨ ਲੱਗ ਜਾਣ ਜਿਨ੍ਹਾਂ ਨੇ ਕਦੇ ਸਰਕਾਰੀ ਧਿਰ ਦਾ ਵਿਰੋਧ ਕੀਤਾ ਹੁੰਦਾ ਹੈ ਤਾਂ ਇਹ ਲੋਕਰਾਜ ਲਈ ਵੱਡਾ ਖ਼ਤਰਾ ਹੁੰਦਾ ਹੈ।ਸਰਕਾਰ ਬਣ ਜਾਣ ਤੇ ਉਸ ਨੂੰ ਸਮੁੱਚੇ ਦੇਸ਼ ਦਾ ਬਰਾਬਰ ਧਿਆਨ ਰੱਖਣਾ ਹੁੰਦਾ ਹੈ।ਇਹ ਗੱਲ ਕੇਵਲ ਨਾਅਰਿਆਂ ਨਾਲ ਹੀ ਸਿਰੇ ਨਹੀਂ ਚੜ੍ਹਦੀ ਹਕੀਕਤ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ।ਦੇਸ਼ ਦਾ ਸਮੁੱਚਾ ਕਿਸਾਨ ਵਰਗ ਪਹਿਲਾਂ ਵੀ ਲੰਬਾ ਸਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰ ਚੁੱਕਾ ਹੈ ਤੇ ਹੁਣ ਫਿਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ।
ਭੁੱਖ ਹੜਤਾਲਾਂ ਤੇ ਮਰਨ ਵਰਤ ਲੋਕਰਾਜ ਨੂੰ ਸ਼ੋਭਾ ਨਹੀਂ ਦਿੰਦੇ।ਅਜਿਹੀ ਨੌਬਤ ਆਉਣ ਤੋਂ ਪਹਿਲਾਂ ਹੀ ਮਿਲ ਬੈਠ ਕੇ ਸਭ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ।ਸੰਵਾਦ ਤੇ ਸੁਚਾਰੂ ਬਹਿਸ ਲੋਕਰਾਜ ਦਾ ਮੁੱਖ ਧੁਰਾ ਹੈ।ਮਤਭੇਦਾਂ ਦਾ ਪੈਦਾ ਹੋ ਜਾਣਾ ਤਾਂ ਕੁਦਰਤੀ ਹੈ ਪਰ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੁਲਝਾਉਣਾ ਹੀ ਵੱਡੀ ਸਿਆਣਪ ਹੁੰਦੀ ਹੈ।ਜਿਦ ਕਿਸੇ ਵੀ ਧਿਰ ਨੂੰ ਨਹੀਂ ਸੋਭਦੀ? ਕਾਸ਼! ਹੁਣ ਤਾਂ ਲੋਕ ਸੁਚੇਤ ਹੋ ਜਾਣ,ਵੋਟਾਂ ਪਾਉਣ ਵਾਲੇ ਵੀ ਤੇ ਮੰਗਣ ਵਾਲੇ ਵੀ।ਨੇਕ ਨੀਅਤ ਤੇ ਸਦਾਚਾਰ ਭਰਪੂਰ ਜ਼ਿੰਦਗੀ ਜਿਊਣ ਲਈ ਹੱਕ ਸੱਚ ਨੂੰ ਪਹਿਲ ਦੇਣਾ ਸਭ ਦੀ ਸੋਚ ਬਣ ਜਾਵੇ ਤਾਂ ਹੀ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ। 26 ਜਨਵਰੀ ਦੇ ਇਸ ਇਤਿਹਾਸਕ ਦਿਨ ਦੇ ਸ਼ੁਭ ਸਮੇਂ ਸਾਰੇ ਦੇਸ਼ ਵਾਸੀਆਂ ਤੇ ਸਤਾ ਧਿਰ ਤੇ ਕਾਬਜ਼ ਵਰਗ ਨੂੰ ਤਨਦੇਹੀ ਨਾਲ ਦੇਸ਼ ਨੂੰ ਦਰਪੇਸ਼ ਮੁਸ਼ਕਲਾਂ ਦੇ ਸੁਚੱਜੇ ਹੱਲ ਲਈ ਵਚਨਬੱਧ ਹੋ ਕੇ ਅਜ਼ਾਦੀ ਤੇ ਗਣਰਾਜ ਦੇ ਪਝੱਤਰ ਸਾਲਾਂ ਨੂੰ ਯਾਦਗਾਰੀ ਬਣਾਉਣਾ ਚਾਹੀਦਾ ਹੈ।
ਐਡਵੋਕੇਟ ਦਰਸ਼ਨ ਸਿੰਘ ਰਿਆੜ
 ਮੋ: 9316311677

ਸਾਂਝਾ ਕਰੋ

ਪੜ੍ਹੋ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣ ਤੇ ਨੌਜੁਆਨ

ਲੁਧਿਆਣਾਃ 15 ਮਾਰਚ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸੱਭਿਆਚਾਰਕ...