
ਸੰਘ ਮੁਖੀ ਮੋਹਨ ਭਾਗਵਤ ਦੇ 13 ਜਨਵਰੀ ਨੂੰ ਇੰਦੌਰ ਵਿੱਚ ਇੱਕ ਪ੍ਰੋਗਰਾਮ ਵਿੱਚ ਦਿੱਤੇ ਅਜ਼ਾਦੀ ਵਾਲੇ ਭਾਸ਼ਣ ਦਾ ਹੁਣ ਦੂਜਾ ਹਿੱਸਾ ਵੀ ਸਾਹਮਣੇ ਆ ਗਿਆ ਹੈ। ਇਸ ਵਿੱਚ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਵੇਲੇ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇੱਕ ਮੁਲਾਕਾਤ ਦੌਰਾਨ ਸੰਘ ਵੱਲੋਂ ਚਲਾਈ ਜਾਂਦੀ ‘ਘਰ ਵਾਪਸੀ’ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਸੀ। ‘ਘਰ ਵਾਪਸੀ’ ਸੰਘ ਪਰਵਾਰ ਵੱਲੋਂ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ, ਜਿਸ ਰਾਹੀਂ ਮੁਸਲਿਮ, ਇਸਾਈ ਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਹਿੰਦੂ ਧਰਮ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸੰਘ ਮੰਨਦਾ ਹੈ ਕਿ ਇਹ ਸਾਰੇ ਮੂਲ ਰੂਪ ਵਿੱਚ ਹਿੰਦੂ ਸਨ ਤੇ ਇਨ੍ਹਾਂ ਨੂੰ ਮੁੜ ਹਿੰਦੂ ਧਰਮ ਵਿੱਚ ਲਿਆਉਣਾ ‘ਘਰ ਵਾਪਸੀ’ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਭਾਗਵਤ ਨੇ ਕਿਹਾ, ‘‘ਡਾ. ਪ੍ਰਣਬ ਮੁਖਰਜੀ ਰਾਸ਼ਟਰਪਤੀ ਸਨ।
ਉਨ੍ਹੀਂ ਦਿਨੀਂ ਸੰਸਦ ਵਿੱਚ ‘ਘਰ ਵਾਪਸੀ’ ਬਾਰੇ ਬਹੁਤ ਹੱਲਾ-ਗੁੱਲਾ ਹੋ ਰਿਹਾ ਸੀ। ਮੈਂ ਇਸ ਸੰਬੰਧੀ ਉਨ੍ਹਾ ਨੂੰ ਮਿਲਣ ਗਿਆ। ਮੈਂ ਤਿਆਰ ਹੋ ਕੇ ਗਿਆ ਕਿ ਉਹ ਬਹੁਤ ਸਵਾਲ ਕਰਨਗੇ, ਤੇ ਜਵਾਬ ਦੇਣੇ ਪੈਣਗੇ। ਪ੍ਰੰਤੂ ਉਨ੍ਹਾ ਕਿਹਾ ਕਿ ਆਪ ਲੋਕਾਂ ਨੇ ਕੁਝ ਲੋਕਾਂ ਨੂੰ ਵਾਪਸ ਲਿਆਂਦਾ ਤੇ ਪ੍ਰੈੱਸ ਕਾਨਫਰੰਸ ਕੀਤੀ। ਆਪ ਇਹ ਕਿਵੇਂ ਕਰਦੇ ਹੋ? ਅਜਿਹਾ ਕਰਨ ਨਾਲ ਰੌਲਾ ਪੈਂਦਾ ਹੈ, ਇਹ ਰਾਜਨੀਤੀ ਹੈ। ਮੈਂ ਵੀ ਜੇਕਰ ਅੱਜ ਕਾਂਗਰਸ ਪਾਰਟੀ ’ਚ ਹੁੰਦਾ ਤਾਂ ਮੈਂ ਵੀ ਅਜਿਹਾ ਹੀ ਕਰਦਾ। ਸੰਘ ਮੁਖੀ ਨੇ ਅੱਗੇ ਕਿਹਾ, ‘‘ਪ੍ਰਣਬ ਮੁਖਰਜੀ ਨੇ ਫਿਰ ਕਿਹਾ ਕਿ ਆਪ ਲੋਕਾਂ ਨੇ ਜੋ ਕੰਮ ਕੀਤਾ ਹੈ, ਉਸ ਕਾਰਨ 30 ਫ਼ੀਸਦੀ ਆਦਿਵਾਸੀ…ਮੈਂ ਉਨ੍ਹਾ ਦੇ ਬੋਲਣ ਦੇ ਲਹਿਜੇ ਤੋਂ ਬਹੁਤ ਉਤਸ਼ਾਹਤ ਸੀ ਤੇ ਉਨ੍ਹਾ ਦਾ ਵਾਕ ਵਿੱਚੋਂ ਹੀ ਫੜ ਕੇ ਕਿਹਾ ਕਿ ਇਹ ਲੋਕ ਇਸਾਈ ਬਣ ਜਾਂਦੇ ਤਾਂ ਉਨ੍ਹਾ ਕਿਹਾ ਇਸਾਈ ਨਹੀਂ ਦੇਸ਼ਧੋ੍ਰਹੀ ਬਣ ਜਾਂਦੇ।
ਇਸ ਪ੍ਰੋਗਰਾਮ ਵਿੱਚ ਭਾਗਵਤ ਨੇ ਧਰਮ ਤਬਦੀਲੀ ਦੇ ਮੁੱਦੇ ਉੱਤੇ ਵਿਸਥਾਰ ਪੂਰਵਕ ਭਾਸ਼ਣ ਦਿੱਤਾ ਤੇ ਕਿਹਾ ਕਿ ਲਾਲਚ ਦੇ ਕੇ ਜੋ ਧਰਮ ਬਦਲੀ ਕੀਤੀ ਜਾਂਦੀ ਹੈ, ਉਹ ਵਿਅਕਤੀ ਨੂੰ ਉਸ ਦੀਆਂ ਜੜ੍ਹਾਂ ਤੋਂ ਉਖਾੜ ਦਿੰਦੀ ਹੈ। ਇਸ ਪ੍ਰੋਗਰਾਮ ਵਿੱਚ ਭਾਗਵਤ ਨੇ ਧਰਮ-ਨਿਰਪੱਖਤਾ ਬਾਰੇ ਸੰਘ ਦੀ ਸੋਚ ਦਾ ਵੀ ਪ੍ਰਗਟਾਵਾ ਪ੍ਰਣਬ ਮੁਖਰਜੀ ਦੇ ਸਹਾਰੇ ਨਾਲ ਕੀਤਾ। ਉਨ੍ਹਾ ਕਿਹਾ, ‘‘ਪ੍ਰਣਬ ਮੁਖਰਜੀ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਨੂੰ ਧਰਮ-ਨਿਰਪੱਖਤਾ ਨਹੀਂ ਸਿਖਾਉਣੀ ਚਾਹੀਦੀ, ਕਿਉਂਕਿ ਧਰਮ-ਨਿਰਪੱਖਤਾ ਭਾਰਤ ਦੀ 5 ਹਜ਼ਾਰ ਸਾਲਾਂ ਦੀ ਸੱਭਿਅਤਾ ਦੇ ਇਤਿਹਾਸ ਦਾ ਹਿੱਸਾ ਹੈ।
ਵਰਨਣਯੋਗ ਹੈ ਕਿ ਪ੍ਰਣਬ ਮੁਖਰਜੀ ਦਾ 2020 ਵਿੱਚ ਦੇਹਾਂਤ ਹੋ ਗਿਆ ਸੀ। ਰਾਸ਼ਟਰਪਤੀ ਨੂੰ ਮਿਲਣ ਜਾਂਦੇ ਹਰ ਵਿਅਕਤੀ ਦਾ ਰਾਸ਼ਟਰਪਤੀ ਭਵਨ ਵਿੱਚ ਅੰਦਰਾਜ ਹੁੰਦਾ ਹੈ ਤੇ ਉਸ ਦੀ ਹਰ ਗੱਲਬਾਤ ਦਾ ਰਿਕਾਰਡ ਰੱਖਿਆ ਜਾਂਦਾ ਹੈ, ਪਰ ਇਸ ਮੁਲਾਕਾਤ ਦਾ ਕੋਈ ਰਿਕਾਰਡ ਨਹੀਂ । ਅਖਬਾਰ ਨੇ ਆਪਣੀ ਰਿਪੋਰਟ ਵਿੱਚ ਪ੍ਰਣਬ ਮੁਖਰਜੀ ਦੇ ਨਾਗਪੁਰ ਦੀ ਫੇਰੀ ਦੌਰਾਨ ਦਿੱਤੇ ਭਾਸ਼ਣ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿੱਚ ਉਨ੍ਹਾ ਕਿਹਾ ਸੀ ਕਿ ਰਾਸ਼ਟਰਵਾਦ ਨੂੰ ਕਿਸੇ ਧਰਮ, ਭਾਸ਼ਾ ਜਾਂ ਇਲਾਕੇ ਦੇ ਸੰਦਰਭ ਵਿੱਚ ਪ੍ਰੀਭਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾ ਇਸ ਗੱਲ ਨੂੰ ਸਮਝਾਉਣ ਲਈ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਤੇ ਰਵਿੰਦਰਨਾਥ ਟੈਗੋਰ ਦਾ ਹਵਾਲਾ ਦੇ ਕੇ ਕਿਹਾ ਕਿ ਧਰਮ-ਨਿਰਪੱਖਤਾ ਤੇ ਭਾਈਚਾਰਾ ਆਸਥਾ ਦੇ ਕਾਰਕ ਹਨ । ਸਪੱਸ਼ਟ ਹੈ ਕਿ ਪ੍ਰਣਬ ਮੁਖਰਜੀ ਦੇ ਇਹ ਸ਼ਬਦ ਭਾਗਵਤ ਦੇ ਫੁਰਮਾਨਾਂ ਨਾਲ ਮੇਲ ਨਹੀਂ ਖਾਂਦੇ। ਸਚਾਈ ਇਹ ਹੈ ਕਿ ਭਾਗਵਤ ਜਦੋਂ ਵੀ ਬੋਲਦੇ ਹਨ, ਉਨ੍ਹਾ ਦੇ ਬੋਲਾਂ ਵਿੱਚ ਹਿੰਦੂਤਵ ਦਾ ਏਜੰਡਾ ਛੁਪਿਆ ਹੁੰਦਾ ਹੈ।
ਭਾਗਵਤ ਨੇ ਇਹ ਕਹਿ ਕੇ ਕਿ ਭਾਰਤ ਨੂੰ ਅਸਲੀ ਅਜ਼ਾਦੀ ਰਾਮ ਮੰਦਰ ਦੀ ਸਥਾਪਨਾ ਵਾਲੇ ਦਿਨ ਮਿਲੀ ਸੀ, ਸਿਰਫ਼ ਅਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਦੇਣ ਵਾਲੇ ਹਜ਼ਾਰਾਂ ਦੇਸ਼ ਵਾਸੀਆਂ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਅਜ਼ਾਦ ਭਾਰਤ ਨੂੰ ਹੀ ਖਾਰਜ ਕਰ ਦਿੱਤਾ ਹੈ। ਭਾਗਵਤ ਲਈ ਰਾਮ ਮੰਦਰ ਹੀ ਭਾਰਤ ਹੈ। ‘‘ਇਸ ਭਾਰਤ ਦੇ ਨਾਗਰਿਕ ਉਹ ਲੋਕ ਹਨ, ਜਿਹੜੇ ਰਾਮ ਮੰਦਰ ’ਚ ਆਸਥਾ ਰੱਖਦੇ ਹਨ’’, ਇਹ ਕਹਿ ਕੇ ਉਨ੍ਹਾ ਇਸਾਈਆਂ, ਮੁਸਲਮਾਨਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਸਿੱਖਾਂ ਨੂੰ ਭਾਰਤ ਦੇ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਭਾਗਵਤ ਦੇ ਇਸ ਦੇਸ਼ ਵਿੱਚ ਨਾ ਗੁਰੂ ਨਾਨਕ ਲਈ ਕੋਈ ਥਾਂ ਹੈ, ਨਾ ਰਵਿਦਾਸ ਲਈ ਤੇ ਨਾ ਕਬੀਰ ਲਈ, ਕਿਉਂਕਿ ਉਨ੍ਹਾਂ ਦੀ ਕਿਸੇ ਮੰਦਰ ਵਿੱਚ ਆਸਥਾ ਨਹੀਂ ਸੀ। ਉਨ੍ਹਾਂ ਦਾ ਰਾਮ ਤਾਂ ਕਣ-ਕਣ ਵਿੱਚ ਵਸਦਾ ਸੀ। ਭਾਗਵਤ ਨੇ ਇਸ ਬਿਆਨ ਰਾਹੀਂ ਭਾਰਤ ਦੇ ਸੰਵਿਧਾਨ ਨੂੰ ਵੀ ਨਕਾਰਿਆ ਹੈ, ਜਿਹੜਾ ਭਾਰਤ ਵਿੱਚ ਜੰਮੇ ਹਰ ਵਿਅਕਤੀ ਨੂੰ ਅਜ਼ਾਦ ਮੰਨਦਾ ਹੈ ਤੇ ਉਸ ਨੂੰ ਆਪਣੀ ਆਸਥਾ ਮੁਤਾਬਕ ਜ਼ਿੰਦਗੀ ਜੀਣ ਦਾ ਅਧਿਕਾਰ ਦਿੰਦਾ ਹੈ।