ਨਵੀਂ ਦਿੱਲੀ, 29 ਨਵੰਬਰ – ਮੁੱਖ ਮੰਤਰੀ ਆਤਿਸ਼ੀ ਨੇ ਬੱਸ ਮਾਰਸ਼ਲਾਂ ਨੂੰ ਰੈਗੂਲਰ ਕਰਨ ਸਬੰਧੀ ਸਦਨ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਸੀਐਮ ਆਤਿਸ਼ੀ ਨੇ ਕਿਹਾ ਕਿ ਬੱਸ ਮਾਰਸ਼ਲ ਨੂੰ ਗ਼ਲਤ ਤਰੀਕੇ ਨਾਲ ਹਟਾਇਆ ਗਿਆ ਹੈ। ਅਸੀਂ ਉਨ੍ਹਾਂ ਨੂੰ ਹਟਾਉਣ ਦਾ ਵਿਰੋਧ ਕਰ ਰਹੇ ਹਾਂ ਅਤੇ ਮੰਗ ਕਰ ਰਹੇ ਹਾਂ ਕਿ ਇਨ੍ਹਾਂ 10 ਹਜ਼ਾਰ ਬੱਸ ਮਾਰਸ਼ਲਾਂ ਨੂੰ ਤੁਰੰਤ ਨਿਯੁਕਤ ਕੀਤਾ ਜਾਵੇ।ਆਤਿਸ਼ੀ ਨੇ ਵਿਅੰਗ ਕਰਦਿਆਂ ਕਿਹਾ ਕਿ ਜੇਕਰ ਵਿਜੇਂਦਰ ਗੁਪਤਾ ਇਨ੍ਹਾਂ ਬੱਸ ਮਾਰਸ਼ਲਾਂ ਨੂੰ ਐੱਲ.ਜੀ. ਸਾਹਬ ਵਲੋਂ ਦੁਬਾਰਾ ਨੌਕਰੀ ‘ਤੇ ਲਗਾਉਂਦੇ ਹਨ ਤਾਂ ਮੈਂ ਆਪਣੀ ਪਾਰਟੀ ਵਲੋਂ ਯਕੀਨ ਦਿਵਾਵਾਂਗਾ ਕਿ ਉਹ ਰੋਹਿਣੀ ‘ਚ ਵਿਜੇਂਦਰ ਗੁਪਤਾ ਦੇ ਖ਼ਿਲਾਫ਼ ਉਮੀਦਵਾਰ ਵੀ ਨਹੀਂ ਖੜ੍ਹੇ ਕਰੇਗੀ।
ਦਿੱਲੀ ‘ਚ ਵਧਦੇ ਅਪਰਾਧ ‘ਤੇ ਚਰਚਾ
ਦਿੱਲੀ ਪੁਲਿਸ ਵਿੱਚ ਖਾਲੀ ਅਸਾਮੀਆਂ ਦੇ ਮੁੱਦੇ ’ਤੇ ਵਿਧਾਨ ਸਭਾ ਵਿੱਚ ਵੀ ਚਰਚਾ ਸ਼ੁਰੂ ਹੋਈ। ਸੱਤਾਧਾਰੀ ਧਿਰ ਨੇ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਤਲ ਹੋ ਰਿਹਾ ਹੈ। ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਅਖ਼ਬਾਰ ਅਪਰਾਧ ਦੀਆਂ ਘਟਨਾਵਾਂ ਨਾਲ ਭਰੇ ਪਏ ਹਨ। ਕੱਲ੍ਹ ਫਿਰ ਦਿੱਲੀ ‘ਚ ਧਮਾਕਾ ਹੋਇਆ, ਲੋਕ ਜਾਣਨਾ ਚਾਹੁੰਦੇ ਹਨ ਕਿ ਇਸ ਪਿੱਛੇ ਕੌਣ ਹੈ? ਦਿੱਲੀ ਪੁਲਿਸ ਵਿੱਚ 13,507 ਅਸਾਮੀਆਂ ਖਾਲੀ ਹਨ। ਇਨ੍ਹਾਂ ਨੂੰ ਭਰਨ ਲਈ ਸਦਨ ਵਿੱਚ ਮੰਗ ਉਠਾਈ ਗਈ ਹੈ।