ਨਵੀਂ ਦਿੱਲੀ, 29 ਨਵੰਬਰ – ਅੱਠਵੀਂ ਜਮਾਤ ਦੀ ਵਿਦਿਆਰਥਣ ਆਕਰਸ਼ਣ ਸਤੀਸ਼ ਦੀ ਉਮਰ ਚਾਹੇ ਹੀ 13 ਸਾਲ ਹੋਵੇ ਪਰ ਬੱਚਿਆਂ ’ਚ ਪੜ੍ਹਣ ਦੀ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਦਾ ਜ਼ਿਕਰਯੋਗ ਕੰਮ ਕਰ ਕੇ ਉਹ ਆਕਰਸ਼ਣ ਤੇ ਪ੍ਰਸੰਸਾ ਦਾ ਕੇਂਦਰ ਬਣੀ ਹੋਈ ਹੈ। ਇਸ ਖੇਡਣ ਦੀ ਉਮਰ ’ਚ ਉਹ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ’ਚ ਹੁਣ ਤੱਕ 18 ਲਾਇਬ੍ਰੇਰੀਆਂ ਸਥਾਪਤ ਕਰ ਚੁੱਕੀ ਹੈ। ਪੁਲਿਸ ਸਟੇਸ਼ਨਾਂ, ਅਨਾਥ ਆਸ਼ਰਮਾਂ, ਸਕੂਲਾਂ ਤੇ ਕਮਿਊਨਿਟੀ ਸੈਂਟਰਾਂ ਸਮੇਤ ਵੱਖ-ਵੱਖ ਸਥਾਨਾਂ ’ਤੇ ਇਹ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ। ਇਨ੍ਹਾਂ ’ਚ ਦਾਨ ਨਾਲ ਮਿਲੀਆਂ ਲਗਪਗ 11,000 ਪੁਸਤਕਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਕਰਸ਼ਣ ਦੀਆਂ ਕੋਸ਼ਿਸ਼ਾਂ ਦੀ ਬਹੁਤ ਸ਼ਲਾਘਾ ਕਰ ਚੁੱਕੇ ਹਨ। ਮੋਦੀ ਨੇ ਨਾ ਸਿਰਫ਼ ਇਸ ਸਾਲ ਦੀ ਸ਼ੁਰੂਆਤ ’ਚ ਹੈਦਰਾਬਾਦ ਦੌਰੇ ਦੌਰਾਨ ਆਕਰਸ਼ਣ ਨਾਲ ਮੁਲਾਕਾਤ ਕੀਤੀ ਸੀ ਬਲਕਿ ਵਿਦਿਆਰਥਣ ਨੂੰ ਭਰੋਸਾ ਵੀ ਦਿਵਾਇਆ ਕਿ ਉਨ੍ਹਾਂ ਦੀ 25ਵੀਂ ਲਾਇਬ੍ਰੇਰੀ ਦਾ ਉਦਘਾਟਨ ਉਹ ਆਪਣੇ ਹੱਥਾਂ ਨਾਲ ਕਰਨਗੇ।
ਮੋਦੀ ਨੇ ਉਸ ਨੂੰ ‘ਪ੍ਰਿਯ ਗੇਮਚੇਂਜਰ’ ਕਹਿ ਕੇ ਸੰਬੋਧਨ ਕੀਤਾ ਸੀ। ਇਹੀ ਨਹੀਂ, ਮੋਦੀ ਆਪਣੇ ਮਨ ਕੀ ਬਾਤ ਪ੍ਰੋਗਰਾਮ ’ਚ ਵੀ ਆਕਰਸ਼ਣ ਦੀ ਪ੍ਰਸੰਸਾ ਕਰ ਚੁੱਕੇ ਹਨ।ਬੁੱਧਵਾਰ ਨੂੰ ਹੈਦਰਾਬਾਦ ਦੇ ਮੂਸਾਪੇਟ ’ਚ ਸਾਈਂ ਸੇਵਾ ਸੰਘ ’ਚ ਆਕਰਸ਼ਨ ਨੇ ਆਪਣੀ 18ਵੀਂ ਲਾਇਬ੍ਰੇਰੀ ਸਥਾਪਿਤ ਕੀਤੀ। ਇਸ ਦਾ ਉਦਘਾਟਨ ਬੁੱਧਵਾਰ ਨੂੰ ਤੇਲੰਗਾਨਾ ਦੇ ਰਾਜਪਾਲ ਜਿਸ਼ਣੂ ਦੇਵ ਵਰਮਾ ਨੇ ਕੀਤਾ। ਆਕਰਸ਼ਣ ਸਤੀਸ਼ ਨੇ ਕਿਹਾ ਕਿ ਕੋਵਿਡ ਦੇ ਸਮੇਂ ਮੈਂ ਪਰਿਵਾਰ ਦੇ ਮੈਂਬਰਾਂ, ਸਕੂਲ ਦੇ ਦੋਸਤਾਂ ਤੇ ਆਪਣੇ ਗੁਆਂਢੀਆਂ ਤੋਂ ਕਿਤਾਬਾਂ ਇਕੱਠੀਆਂ ਕੀਤੀਆਂ। ਉਸ ਤੋਂ ਬਾਅਦ ਇਹ ਜਨੂੰਨ ਲਗਾਤਾਰ ਵਧਦਾ ਗਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਪ੍ਰੇਰਣਾਸ੍ਰੋਤ ਮੇਰੇ ਪਿਤਾ ਸਤੀਸ਼ ਕੁਮਾਰ ਹਨ।
ਉਨ੍ਹਾਂ ਨੇ ਕਈ ਸਮਾਜ ਸੇਵਾ ਦੇ ਕੰਮ ਕੀਤੇ ਹਨ ਤੇ ਮੈਂ ਉਨ੍ਹਾਂ ਦੇ ਦੱਸੇ ਰਾਹ ’ਤੇ ਤੁਰਨਾ ਚਾਹੁੰਦੀ ਹਾਂ। ਆਕਰਸ਼ਣ ਨੇ ਦੱਸਿਆ ਕਿ ਸਾਈਂ ਸੇਵਾ ਸੰਘ ਦੀ ਟਰਸਟੀ ਅਰੁਣਾ ਪ੍ਰਦੀਪ ਨੇ ਵੀ ਉਨ੍ਹਾਂ ਨਾਲ ਲਾਇਬ੍ਰੇਰੀ ਖੋਲ੍ਹਣ ਦੇ ਸਬੰਧ ’ਚ ਗੱਲ ਕੀਤੀ ਸੀ। ਸਾਈਂ ਸੇਵਾ ਸੰਘ 1988 ਤੋਂ ਤੇਲੰਗਾਨਾ ਦੇ ਪੇਂਡੂ ਤੇ ਝੁੱਗੀ-ਝੋਪੜੀਆਂ ਵਾਲੇ ਇਲਾਕਿਆਂ ਦੀਆਂ ਅਨਾਥ ਤੇ ਲੋੜਵੰਦ ਕੁੜੀਆਂ ਨੂੰ ਸਿੱਖਿਆ ਤੇ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਪਿਛਲੇ ਤਿੰਨ ਸਾਲਾਂ ’ਚ 18,000 ਤੋਂ ਵੱਧ ਕੁੜੀਆਂ ਦੇ ਜੀਵਨ ’ਚ ਸੰਗਠਨ ਨੇ ਉਮੀਦ ਦੀ ਜੋਤ ਜਗਾਈ ਹੈ। ਉਨ੍ਹਾਂ ਨੂੰ ਉੱਚ ਸਿੱਖਿਆ ਤੇ ਨਿੱਜੀ ਵਿਕਾਸ ਲਈ ਮਜ਼ਬੂਤ ਬਣਾਇਆ ਹੈ।
2021 ’ਚ ਕੈਂਸਰ ਚਿਲਡ੍ਰਨ ਹਸਪਤਾਲ ਤੋਂ ਸ਼ੁਰੂ ਹੋਈ ਸੀ ਪ੍ਰੇਰਣਾਦਾਇਕ ਯਾਤਰਾ
ਆਕਰਸ਼ਣ ਦੀ ਪ੍ਰੇਰਣਾਦਾਇਕ ਯਾਤਰਾ ਸਿਰਫ਼ 10 ਸਾਲ ਦੀ ਉਮਰ ’ਚ 2021 ’ਚ ਸ਼ੁਰੂ ਹੋਈ ਸੀ। ਉਹ ਹੈਦਰਾਬਾਦ ’ਚ ਐੱਮਐੱਨਜੇ ਕੈਂਸਰ ਚਿਲਡ੍ਰਨ ਹਸਪਤਾਲ ਗਈ ਸੀ। ਉਥੇ ਕੈਂਸਰ ਪੀੜਤ ਬੱਚਿਆਂ ਨੇ ਉਨ੍ਹਾਂ ਤੋਂ ਪੁਸਤਕਾਂ ਲਈ ਬੇਨਤੀ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਇਸ ਹਸਪਤਾਲ ਦੇ ਡਾਇਰੈਕਟਰ ਦੇ ਸਹਿਯੋਗ ਨਾਲ 2,036 ਕਿਤਾਬਾਂ ਦੇ ਨਾਲ ਆਪਣੀ ਪਹਿਲੀ ਲਾਇਬ੍ਰੇਰੀ ਸਥਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਤਾਬਾਂ ਇਕੱਠੀਆਂ ਕਰ ਕੇ ਥਾਂ-ਥਾਂ ਲਾਇਬ੍ਰੇਰੀਆਂ ਸਥਾਪਤ ਕਰਨੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਆਪਣੇ ਭਾਈਚਾਰੇ ਤੋਂ ਦਾਨ ਰਾਹੀਂ 11000 ਤੋਂ ਵੱਧ ਪੁਸਤਕਾਂ ਇਕੱਠੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਲਾਇਬ੍ਰੇਰੀਆਂ ਨੇ ਹੈਦਰਾਬਾਦ, ਕੋਇੰਬਟੂਰ, ਚੇਨਈ, ਕੰਨਿਆ ਕੁਮਾਰੀ ਤੇ ਸਿੱਦੀਪੇਟ ਸਮੇਤ ਕਈ ਸ਼ਹਿਰਾਂ ’ਚ ਅਨਗਿਣਤ ਲੋਕਾਂ ਨੂੰ ਫ਼ਾਇਦਾ ਪਹੁੰਚਾਇਆ ਹੈ।