ਪ੍ਰੀਤ ਸਾਹਿਤ ਸਦਨ, ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ‘ਚ ਕਵੀਆਂ ਨੇ ਬੰਨ੍ਹਿਆ ਰੰਗ

*ਗ਼ਜ਼ਲਗੋ ਹਰਦੀਪ ਸਿੰਘ ਬਿਰਦੀ ਪਹੁੰਚੇ ਮੁੱਖ ਮਹਿਮਾਨ ਵਜੋਂ

ਲੁਧਿਆਣਾ, 29 ਨਵੰਬਰ – ਬੀਤੇ ਐਤਵਾਰ ਨੂੰ ਪ੍ਰੀਤ ਸਾਹਿਤ ਸਦਨ ਲੁਧਿਆਣਾ ਵਿਖੇ ਮਹੀਨਾਵਾਰ ਸਾਹਿਤਿਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਾਹਿਤਕਾਰ ਸ਼੍ਰੀ ਦਰਸ਼ਨ ਬੋਪਾਰਾਏ ਨੇ ਕੀਤੀ ਜਦ ਕਿ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਉੱਘੇ ਗ਼ਜ਼ਲਗੋ ਸਰਦਾਰ ਹਰਦੀਪ ਸਿੰਘ ਬਿਰਦੀ ਪਹੁੰਚੇ। ਸਮਾਗਮ ਜੀ ਦੇ ਸ਼ੁਰੂ ਵਿੱਚ, ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਹਿਲੀ ਕਿਤਾਬ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੀ “ਨਾਖੂਨ ਕਲਮ ਕੇ” ਈ ਬੁੱਕ ਸੀ ਜਿਸ ਦਾ ਪਰਚਾ ਮੈਡਮ ਅਮਨਦੀਪ ਕੌਰ ਜੀ ਨੇ ਪੜ੍ਹਿਆ। ਦੂਸਰੀ ਕਿਤਾਬ ਮਹਾਨ ਕਹਾਣੀਕਾਰ ਸ਼੍ਰੀ ਸੁਰਿੰਦਰ ਰਾਮਪੁਰੀ ਸਰਪ੍ਰਸਤ ਸਾਹਿਤ ਸਭਾ ਰਾਮਪੁਰ ਦੀ ਲਿਖੀ “ਕਿਸੇ ਬਹਾਨੇ” ਜਿਸ ਵਿੱਚ 26 ਕਹਾਣੀਆਂ ਹਨ ਰਲੀਜ਼ ਕੀਤੀ ਗਈ ਜਿਸ ਦਾ ਪਰਚਾ ਸ਼੍ਰੀ ਜਗਜੀਤ ਸਿੰਘ ਗੁਰਮ ਨੇ ਪੜ੍ਹਿਆ। ਪ੍ਰੀਤ ਸਦਨ ਦੇ ਸ਼੍ਰੀ ਮਨੋਜਪ੍ਰੀਤ ਅਤੇ ਗ਼ਜ਼ਲਗੋ ਸ਼੍ਰੀ ਜ਼ੋਰਾਵਰ ਸਿੰਘ ਪੰਛੀ ਨੇ ਸ਼੍ਰੀ ਸੁਰਿੰਦਰ ਰਾਮਪੁਰੀ ਦੀਆਂ ਰਚਨਾਵਾਂ ‘ਤੇ ਚਾਨਣਾ ਪਾਇਆ।

ਉਪਰੰਤ ਸ਼ਾਇਰੀ ਦਾ ਦੌਰ ਚੱਲਿਆ ਜਿਸ ਵਿੱਚ ਸਰਵ ਸ਼੍ਰੀ ਤਰਨ ਰਾਮਪੁਰ, ਪਾਲ ਸੰਸਾਰਪੁਰੀ, ਜ਼ੋਰਾਵਰ ਸਿੰਘ, ਪੰਮੀ ਹਬੀਬ, ਕੇਵਲ ਦੀਵਾਨਾ, ਮਨਜਿੰਦਰ ਸ਼ੋਕ , ਨਰਿੰਦਰ ਸੋਨੀ, ਅਮਰਜੀਤ ਸਿੰਘ ਸ਼ੇਰਪੁਰੀ , ਗੁਰਪਾਲ , ਗਗਨਦੀਪ, ਕਾਜਲ ਮਹਿਰਾ, ਸੁਖਵਿੰਦਰ ਅਨਹਦ ਨੇ ਕਵਿਤਾਵਾਂ, ਗ਼ਜ਼ਲਾਂ, ਗੀਤ ਸੁਣਾ ਕੇ ਕਵੀ ਦਰਬਾਰ ਨੂੰ ਸਫ਼ਲ ਕੀਤਾ। ਸ਼੍ਰੀ ਮਨੋਜਪ੍ਰੀਤ ਨੇ ਮੰਚ ਸੰਚਾਲਨ ਦਾ ਫਰਜ਼ ਬਾਖੂਬੀ ਨਿਭਾਇਆ। ਮੁੱਖ ਮਹਿਮਾਨ ਸਰਦਾਰ ਹਰਦੀਪ ਬਿਰਦੀ ਨੇ ਦੋ ਬਿਹਤਰੀਨ ਗ਼ਜ਼ਲਾਂ ਸੁਣਾਈਆਂ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਰਲੀਜ਼ ਕੀਤੀਆਂ ਕਿਤਾਬਾਂ ਬਾਰੇ ਵਿਚਾਰ ਰੱਖੇ ਅਤੇ ਸ਼੍ਰੀ ਮਨੋਜ ਪ੍ਰੀਤ ਦੇ ਸਾਹਿਤਿਕ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਖੀਰ ਵਿੱਚ ਸ਼੍ਰੀ ਦਰਸ਼ਨ ਬੋਪਾਰਾਏ ਜੀ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਅਪਣੀ ਕਵਿਤਾ ਸੁਣਾਈ। ਇਸ ਤਰ੍ਹਾਂ ਇਹ ਇੱਕ ਸਫ਼ਲ ਪ੍ਰੋਗਰਾਮ ਹੋ ਨਿਬੜਿਆ।

ਸਾਂਝਾ ਕਰੋ

ਪੜ੍ਹੋ