ਨਵੀਂ ਦਿੱਲੀ : ਯੂ ਪੀ ਦੇ ਸੰਭਲ ਦੀ ਜਾਮਾ ਮਸਜਿਦ ਦੀ ਅਸਲੀਅਤ ਦਾ ਪਤਾ ਲਾਉਣ ਲਈ ਜੱਜ ਵੱਲੋਂ ਦਿੱਤੇ ਸਰਵੇਖਣ ਦੇ ਹੁਕਮ ਤੋਂ ਬਾਅਦ ਰਾਜਸਥਾਨ ’ਚ ਅਜਮੇਰ ਸ਼ਰੀਫ ਦਰਗਾਹ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਂਸਦ ਪ੍ਰੋਫੈਸਰ ਰਾਮ ਗੋਪਾਲ ਯਾਦਵ ਨੇ ਕਿਹਾ ਹੈ ਕਿ ਨਿੱਕੇ-ਨਿੱਕੇ ਜੱਜ ਦੇਸ਼ ’ਚ ਅੱਗ ਲੁਆਉਣੀ ਚਾਹੁੰਦੇ ਹਨ।
ਉਨ੍ਹਾ ਕਿਹਾਮੈਂ ਪਹਿਲਾਂ ਹੀ ਕਿਹਾ ਸੀ ਕਿ ਨਿੱਕੇ-ਨਿੱਕੇ ਜੱਜ ਦੇਸ਼ ਵਿੱਚ ਅੱਗ ਲੁਆਉਣੀ ਚਾਹੁੰਦੇ ਹਨ। ਅਜਮੇਰ ਸ਼ਰੀਫ ਵਿਚ ਸਾਡੇ ਪ੍ਰਧਾਨ ਮੰਤਰੀ ਖੁਦ ਚਾਦਰ ਭਿਜਵਾਉਦੇ ਹਨ। ਸਾਰੇ ਦੇਸ਼ ਤੇ ਦੁਨੀਆ ਤੋਂ ਲੋਕ ਉੱਥੇ ਪੁੱਜਦੇ ਹਨ। ਹੁਣ ਉਸ ਨੂੰ ਵਿਵਾਦਾਂ ’ਚ ਪਾਉਣਾ ਬਹੁਤ ਹੀ ਘਿ੍ਰਣਤ ਤੇ ਹੋਛੀ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਸੱਤਾ ਵਿੱਚ ਰਹਿਣ ਲਈ ਭਾਜਪਾ ਦੀ ਹਮਾਇਤ ਵਾਲੇ ਲੋਕ ਕੁਝ ਵੀ ਕਰ ਸਕਦੇ ਹਨ। ਦੇਸ਼ ਵਿੱਚ ਅੱਗ ਲੱਗ ਜਾਵੇ, ਇਨ੍ਹਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ, ਪਰ ਸੱਤਾ ਵਿੱਚ ਬਣੇ ਰਹਿਣ। ਉਨ੍ਹਾ ਕਿਹਾਹੁਣ ਕੋਈ ਜਮਹੂਰੀਅਤ ਨਹੀਂ ਬਚੀ। ਮਨਮਾਨੇ ਤਰੀਕੇ ਨਾਲ ਡੰਡੇ ਤੇ ਗੋਲੀ ਦੇ ਜ਼ੋਰ ਨਾਲ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਜਾ ਰਹੀਆਂ। ਚੋਣਾਂ ਵਿਚ ਗੜਬੜ ’ਤੇ ਲੋਕਾਂ ’ਚ ਚਰਚਾ ਨਾ ਹੋਵੇ, ਇਸ ਕਰਕੇ ਸੰਭਲ ’ਚ ਗੜਬੜ ਕਰਵਾ ਦਿੱਤੀ ਗਈ। ਉੱਥੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਸੰਭਲ ਮਾਮਲੇ ’ਚ ਸੌ ਫੀਸਦੀ ਦੋਸ਼ੀ ਹੈ ਅਤੇ ਜਿਸ ਦਿਨ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇਗੀ, ਵੱਡੇ-ਵੱਡੇ ਅਧਿਕਾਰੀ ਜੇਲ੍ਹ ਜਾਣਗੇ।
ਅਜਮੇਰ ਵਿੱਚ ਸਥਾਨਕ ਕੋਰਟ ਨੇ ਹਿੰਦੂ ਧਿਰ ਦੀ ਉਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ, ਜਿਸ ਵਿੱਚ ਅਜਮੇਰ ਸ਼ਰੀਫ ਦਰਗਾਹ ਨੂੰ ਹਿੰਦੂ ਮੰਦਰ ਦੱਸਿਆ ਗਿਆ ਹੈ। ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਣੂ ਗੁਪਤਾ ਨੇ ਆਪਣੀ ਪਟੀਸ਼ਨ ਵਿੱਚ ਉੱਥੇ ਪੂਜਾ ਕਰਨ ਦੀ ਵੀ ਆਗਿਆ ਮੰਗੀ ਹੈ। ਉਨ੍ਹਾ ਕਿਹਾ ਕਿ ਇਸ ਦਾ ਪੁਰਾਤੱਤਵ ਵਿਭਾਗ ਤੋਂ ਸਰਵੇਖਣ ਕਰਵਾਇਆ ਜਾਵੇ। ਕੋਰਟ ਨੇ ਦਰਗਾਹ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਜਦਕਿ ਦਰਗਾਹ ਕਮੇਟੀ ਨੇ ਅਜੇ ਟਿੱਪਣੀ ਨਹੀਂ ਕੀਤੀ। ਅਜਮੇਰ ਦਰਗਾਹ ਦੀ ਸੰਭਾਲ ਕਰਨ ਵਾਲਿਆਂ (ਖਾਦਿਮ) ਦੀ ਜਥੇਬੰਦੀ ਅੰਜੁਮਨ ਸਈਅਦ ਜ਼ਾਦਗਾਨ ਦੇ ਸਕੱਤਰ ਸਈਅਦ ਸਰਵਰ ਚਿਸ਼ਤੀ ਨੇ ਕਿਹਾ ਹੈ ਕਿ ਇਹ ਪਟੀਸ਼ਨ ਸਮਾਜ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਗਿਣੀ-ਮਿੱਥੀ ਸਾਜ਼ਿਸ਼ ਹੈ। ਖਵਾਜਾ ਮੋਈਨੂਦੀਨ ਚਿਸ਼ਤੀ ਪਰਸ਼ੀਆ ਦੇ ਸੂਫੀ ਸੰਤ ਸਨ ਤੇ ਉਨ੍ਹਾ ਅਜਮੇਰ ਨੂੰ ਆਪਣਾ ਘਰ ਬਣਾਇਆ। ਉਨ੍ਹਾ ਦੇ ਸਤਿਕਾਰ ਵਿਚ ਮੁਗਲ ਬਾਦਸ਼ਾਹ ਹਮਾਯੂੰ ਨੇ ਦਰਗਾਹ ਬਣਾਈ ਸੀ। ਬਾਦਸ਼ਾਹ ਅਕਬਰ ਇੱਥੇ ਹਰ ਸਾਲ ਆਉਦਾ ਸੀ। ਬਾਦਸ਼ਾਹ ਸ਼ਾਹਜਹਾਂ ਨੇ ਕੰਪਲੈਕਸ ਦੇ ਅੰਦਰ ਮਸਜਿਦਾਂ ਬਣਵਾਈਆਂ ਸਨ।