ਖ਼ਤਰਨਾਕ ਰੂਪ ਧਾਰ ਰਹੀ ਹੈ ਰੂਸ-ਯੂਕਰੇਨ ਜੰਗ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਜਦ ਇਹ ਮੰਨਿਆ ਜਾ ਰਿਹਾ ਸੀ ਕਿ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਸਮਾਪਤ ਹੋ ਸਕਦੀ ਹੈ, ਉਦੋਂ ਉਹ ਖ਼ਤਰਨਾਕ ਮੋੜ ਲੈਂਦੀ ਦਿਸ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਅਜਿਹੇ ਹਥਿਆਰਾਂ ਨਾਲ ਲੈਸ ਕਰਨ ਦਾ ਫ਼ੈਸਲਾ ਕੀਤਾ ਤਾਂ ਕਿ ਉਹ ਰੂਸ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕੇ। ਇਸ ਲੜੀ ਵਿਚ ਉਨ੍ਹਾਂ ਨੇ ਯੂਕਰੇਨ ਨੂੰ ਰੂਸ ਵਿਰੁੱਧ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਇਸਤੇਮਾਲ ਦੀ ਆਗਿਆ ਵੀ ਦੇ ਦਿੱਤੀ। ਇਹ ਆਗਿਆ ਮਿਲਦੇ ਹੀ ਯੂਕਰੇਨ ਨੇ ਰੂਸ ਵਿਰੁੱਧ ਅਜਿਹੀ ਮਿਜ਼ਾਈਲ ਦਾ ਇਸਤੇਮਾਲ ਕਰਨ ਵਿਚ ਦੇਰੀ ਨਹੀਂ ਕੀਤੀ। ਉਸ ਨੇ ਰੂਸ ਖ਼ਿਲਾਫ਼ ਬਿ੍ਰਟੇਨ ਤੋਂ ਮਿਲੀਆਂ ਮਿਜ਼ਾਈਲਾਂ ਦਾ ਵੀ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਜਵਾਬ ਵਿਚ ਰੂਸ ਨੇ ਵੀ ਆਪਣੇ ਤੇਵਰ ਦਿਖਾਉਂਦੇ ਹੋਏ ਪਹਿਲੀ ਵਾਰ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਨਾਲ ਯੂਕਰੇਨ ਨੂੰ ਨਿਸ਼ਾਨਾ ਬਣਾਇਆ। ਇਹ ਮਿਜ਼ਾਈਲ ਪਰਮਾਣੂ ਹਥਿਆਰ ਲੈ ਕੇ ਜਾਣ ਵਿਚ ਵੀ ਸਮਰੱਥ ਹੈ। ਰੂਸੀ ਰਾਸ਼ਟਰਪਤੀ ਪੁਤਿਨ ਪਹਿਲੇ ਦਿਨ ਤੋਂ ਹੀ ਚਿਤਾਵਨੀ ਦੇ ਰਹੇ ਹਨ ਕਿ ਜੇ ਅਮਰੀਕਾ ਤੇ ਯੂਰਪ ਯੂਕਰੇਨ ਦੇ ਬਚਾਅ ਵਿਚ ਅੱਗੇ ਆਉਂਦੇ ਹਨ ਤਾਂ ਉਹ ਇਸ ਨੂੰ ਜੰਗ ਵਿਚ ਉਨ੍ਹਾਂ ਦਾ ਦਖ਼ਲ ਮੰਨਣਗੇ। ਹੁਣ ਰੂਸ ਨੇ ਯੂਕਰੇਨ ਦੇ ਨਾਲ ਅਮਰੀਕਾ ਤੇ ਯੂਰਪੀ ਦੇਸ਼ਾਂ ਨੂੰ ਧਮਕਾਉਣ ਲਈ ਪਰਮਾਣੂ ਹਥਿਆਰ ਇਸਤੇਮਾਲ ਕਰਨ ਦੇ ਨਿਯਮਾਂ ਵਿਚ ਬਦਲਾਅ ਕਰਨ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਪੋਲੈਂਡ ਸਥਿਤ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਵੇਗਾ। ਪਤਾ ਨਹੀਂ, ਅੱਗੇ ਕੀ ਹੋਵੇਗਾ ਪਰ ਇਹ ਠੀਕ ਨਹੀਂ ਕਿ ਜਿਸ ਜੰਗ ਦੇ ਸਮਾਪਤ ਹੋਣ ਦੀ ਉਮੀਦ ਜਾਗੀ ਸੀ, ਉਸ ਦੇ ਹੋਰ ਭੜਕਣ ਦੀ ਸ਼ੰਕਾ ਪੈਦਾ ਹੋ ਗਈ ਹੈ।

ਇਸ ਵਾਸਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਹਾਲਾਤ ਵਿਗਾੜਨ ਦੇ ਨਾਲ-ਨਾਲ ਵਿਸ਼ਵ ਨੂੰ ਤੀਜੀ ਜੰਗ ਵੱਲ ਧੱਕ ਰਹੇ ਹਨ। ਜੋਅ ਬਾਇਡਨ ਦੇ ਫ਼ੈਸਲੇ ਦੀ ਆਲੋਚਨਾ ਅਮਰੀਕਾ ਵਿਚ ਵੀ ਹੋ ਰਹੀ ਹੈ ਪਰ ਇਹ ਵੀ ਧਿਆਨ ਰਹੇ ਕਿ ਉਨ੍ਹਾਂ ਨੇ ਯੂਕਰੇਨ ਨੂੰ ਘਾਤਕ ਹਥਿਆਰ ਦੇਣ ਦਾ ਫ਼ੈਸਲਾ ਉਨ੍ਹਾਂ ਖ਼ਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਕਿ ਰੂਸ ਦੀ ਮਦਦ ਲਈ ਉੱਤਰੀ ਕੋਰੀਆ ਦੀਆਂ ਫ਼ੌਜਾਂ ਮੋਰਚੇ ’ਤੇ ਡਟੀਆਂ ਹੋਈਆਂ ਹਨ। ਅਮਰੀਕੀ ਰਾਸ਼ਟਰਪਤੀ ਆਪਣੇ ਫ਼ੈਸਲੇ ਨੂੰ ਉੱਚਿਤ ਠਹਿਰਾ ਸਕਦੇ ਹਨ ਪਰ ਇਸ ਤੋਂ ਵੀ ਇਨਕਾਰ ਨਹੀਂ ਕਿ ਉਨ੍ਹਾਂ ਨੇ ਰੂਸ ਤੇ ਯੂਕਰੇਨ ਵਿਚਾਲੇ ਛਿੜੀ 33 ਮਹੀਨੇ ਪੁਰਾਣੀ ਲਾਮ ਨੂੰ ਖ਼ਤਮ ਕਰਨ ਦੀ ਕੋਈ ਇਮਾਨਦਾਰੀ ਵਾਲੀ ਕੋਸ਼ਿਸ਼ ਨਹੀਂ ਕੀਤੀ। ਅਮਰੀਕਾ ਦੀ ਤਰ੍ਹਾਂ ਯੂਰਪੀ ਮੁਲਕਾਂ ਨੇ ਵੀ ਉਨ੍ਹਾਂ ਕਾਰਨਾਂ ਦਾ ਹੱਲ ਕਰਨ ਦੀ ਜ਼ਹਿਮਤ ਨਹੀਂ ਉਠਾਈ ਜਿਨ੍ਹਾਂ ਕਾਰਨ ਰੂਸ ਦੀਆਂ ਸੁਰੱਖਿਆ ਚਿੰਤਾਵਾਂ ਵਧ ਗਈਆਂ ਸਨ ਤੇ ਜਿਨ੍ਹਾਂ ਨੂੰ ਦੂਰ ਕਰਨ ਦੇ ਬਹਾਨੇ ਉਸ ਨੇ ਯੂਕਰੇਨ ਨੂੰ ਨਿਸ਼ਾਨਾ ਬਣਾਇਆ।

ਸਾਂਝਾ ਕਰੋ

ਪੜ੍ਹੋ

ਬਹੁਤ ਜਲਦ ਲਿਆ ਜਾਵੇਗਾ ਸੁਖਬੀਰ ਬਾਦਲ ਬਾਰੇ

ਸ੍ਰੀ ਆਨੰਦਪੁਰ ਸਾਹਿਬ, 23 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ...