ਸਾਡਾ ਸੰਵਿਧਾਨ ਅਤੇ ਪੁਰਾਣੇ ਗ੍ਰੰਥਾਂ ਦੀ ਨਿਆਂ ਪ੍ਰਣਾਲੀ/ਸੁੱਚਾ ਸਿੰਘ ਖੱਟੜਾ

‘ਬਟੇਂਗੇ ਤੋ ਕਟੇਂਗੇ’ ਦਾ ਨਾਅਰਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਆਦਿੱਤਿਆ ਨਾਥ ਨੇ ਦਿੱਤਾ ਸੀ ਤਾਂ ਕਿ ਖਾਸ ਫਿ਼ਰਕੇ ਦੀਆਂ ਵੱਧ ਤੋਂ ਵੱਧ ਵੋਟਾਂ ਲਈਆਂ ਜਾ ਸਕਣ। ਥੋੜ੍ਹਾ-ਥੋੜ੍ਹਾ ਫ਼ਰਕ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੀ ਇਹੀ ਭਾਸ਼ਾ ਬੋਲ ਰਹੇ ਹਨ; ਹਾਲਾਂਕਿ ਇਤਿਹਾਸ ਗਵਾਹ ਹੈ ਕਿ ਭਾਰਤੀ ਸਮਾਜ ਨੂੰ ਵੰਡਿਆ ਤਾਂ ਇਨ੍ਹਾਂ ਮਨੂਵਾਦੀਆਂ ਦੇ ਪੁਰਖਿਆਂ ਨੇ ਹੀ ਹੈ। ਇਹ ਲੋਕ ਵੋਟਾਂ ਖ਼ਾਤਿਰ ਆਪਣੇ ਵੱਲੋਂ ਹੀ ਵੰਡੇ ਸਮਾਜ ਨੂੰ ਅੱਜ ਹਿੰਦੂ ਸ਼ਬਦ ਦੀ ਛਤਰੀ ਅਧੀਨ ਇੱਕ ਕਰਨਾ ਚਾਹੁੰਦੇ ਹਨ ਜਦਕਿ ਅੱਜ ਵੰਡ ਹੋਰ ਦੀ ਹੋਰ ਹੋ ਚੁੱਕੀ ਹੈ। ਹੁਣ ਵੰਡ ਅਮੀਰੀ ਗਰੀਬੀ ਵਿਚਕਾਰ ਹੈ; ਬੇਰੁਜ਼ਗਾਰੀ, ਮਹਿੰਗਾਈ ਮਾਰੇ ਸਾਧਨਹੀਣ ਅਤੇ ਸਾਧਨਾਂ ਵਾਲੇ ਲੋਕਾਂ ਵਿਚਕਾਰ ਹੈ; ਇਸ ਤੋਂ ਵੀ ਅਗਾਂਹ, ਅਜਿਹੀ ਅਵਸਥਾ ਬਣਾ ਕੇ ਰੱਖਣ ਵਾਲਿਆਂ ਅਤੇ ਇਸ ਅਵਸਥਾ ਤੋਂ ਪੀੜਤਾਂ ਦੇ ਵਿਚਕਾਰ ਹੈ।

ਇਸ ਲੇਖ ਦਾ ਮੰਤਵ ਹੈ ਕਿ ਲੋਕ ਮਨੂ ਸਿਮ੍ਰਤੀ ਖੁਦ ਪੜ੍ਹਨ ਤਾਂ ਕਿ (ੳ) ਉਨ੍ਹਾਂ ਨੂੰ ਦੇਸ਼ ਵਿੱਚ ਉਭਰੇ ਭਗਤੀ ਮਾਰਗ ਦੇ ਸੰਤਾਂ, ਭਗਤਾਂ ਅਤੇ ਲਗਭਗ ਉਨ੍ਹਾਂ ਹੀ ਸਮਿਆਂ ਵਿੱਚ ਸੂਫੀ ਮਾਰਗ ਵਾਲੇ ਸੂਫੀਆਂ ਅਤੇ ਵਿਸ਼ੇਸ਼ ਤੌਰ ’ਤੇ ਬਾਬਾ ਨਾਨਕ ਦੀ ਉਸ ਦਲੇਰੀ ਅਤੇ ਵਿਗਿਆਨਕਤਾ ਦਾ ਪਤਾ ਲੱਗ ਸਕੇ ਜਿਸ ਨਾਲ ਉਨ੍ਹਾਂ ਮਨੂ ਸਿਮ੍ਰਤੀ ਦੁਆਰਾ ਪੈਦਾ ਕੀਤੇ ਸਮਾਜਿਕ ਵਿਗਾੜਾਂ ਨੂੰ ਬੇਪਰਦ ਕਰ ਕੇ ਮਨੁੱਖੀ ਬਰਾਬਰੀ ਅਤੇ ਏਕਤਾ ਦਾ ਮੁੱਢਲਾ ਆਧਾਰ ਸਮਝਾਇਆ; (ਅ) ਮਨੂਵਾਦੀਆਂ ਨੂੰ ਇਸ ਬਰਾਬਰੀ ਨੂੰ ਸੰਵਿਧਾਨ ਤੱਕ ਪਹੁੰਚਾਉਣ ਵਾਲਿਆਂ ਦੀ ਪਛਾਣ ਹੋ ਸਕੇ; (ੲ) ਉਨ੍ਹਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਆਧਾਰਾਂ ਅਤੇ ਹਿੰਦੂ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਵਿਰੁੱਧ ਹਮਲਿਆਂ ਦਾ ਅਗਾਊਂ ਗਿਆਨ ਹੋ ਸਕੇ; (ਸ) ਉਨ੍ਹਾਂ ਨੂੰ ਪਿਛਾਖੜੀ ਤੇ ਅਗਾਂਹਵਧੂ ਧਾਰਨਾਵਾਂ ਦੇ ਅਰਥਾਂ ਦਾ ਪਤਾ ਲੱਗ ਸਕੇ।

ਉਪਰੋਕਤ ਮੰਤਵ ਨੂੰ ਹੋਰ ਪ੍ਰਚੰਡ ਕਰਨ ਲਈ ਮਨੂ ਸਿਮ੍ਰਤੀ ਵਿੱਚ ਦਰਸਾਈ ਨਿਆਂ ਪ੍ਰਣਾਲੀ ਦੇ ਕੇਵਲ ਕੁਝ ਕੁ ਪਹਿਲੂ ਵਿਚਾਰਾਂਗੇ। ਇਹ ਅੱਠਵੇਂ ਅਧਿਆਇ ਉੱਤੇ ਆਧਾਰਿਤ ਹੈ। ਮਨੂ ਸਿਮ੍ਰਤੀ ਵਿੱਚ ਭਾਵੇਂ ਇਸ ਅਧੀਨ ਰਾਜੇ ਦੇ ਧਰਮ ਅਤੇ ਕੰਮਾਂ ਦੀ ਹੀ ਗੱਲ ਹੈ ਪਰ ਕਿਉਂਕਿ ਇਸ ਅਧਿਆਇ ਵਿੱਚ ਜੁਰਮਾਂ ਅਤੇ ਸਜ਼ਾਵਾਂ ਦਾ ਹੀ ਜਿ਼ਕਰ ਹੈ, ਇਸ ਲਈ ਇਹ ਨਿਆਂ ਪ੍ਰਣਾਲੀ ਨਾਲ ਜੁੜਦੀ ਹੈ। ਉਂਝ ਹੈਰਾਨੀ ਹੈ ਕਿ ਪੂਰੇ ਗ੍ਰੰਥ ਵਿੱਚ ਕਿਧਰੇ ਨਿਆਂ ਪ੍ਰਣਾਲੀ ਸ਼ਬਦ ਦਾ ਜਿ਼ਕਰ ਨਹੀਂ। ਆਰਐੱਸਐੱਸ ਅਤੇ ਭਾਜਪਾ ਵਾਲੇ ਇਸ ਮਨੂ ਸਿਮ੍ਰਤੀ ਨੂੰ ਆਪਣੇ ਹਿੰਦੂ ਰਾਸ਼ਟਰ ਵਿੱਚ ਦੇਸ਼ ਦੇ ਮੌਜੂਦਾ ਸੰਵਿਧਾਨ ਦੇ ਬਦਲ ਵਜੋਂ ਲਾਗੂ ਕਰਨ ਦੀ ਵਕਾਲਤ ਅਕਸਰ ਕਰਦੇ ਹਨ। ਸਾਡੇ ਸੰਵਿਧਾਨ ਵਿੱਚ ਲੋਕਤੰਤਰੀ ਸਰਕਾਰ ਦੀ ਵਿਵਸਥਾ ਹੈ। ਇਸ ਵਿੱਚ ਸਰਕਾਰ ਚਲਾਉਣ ਲਈ ਵਿਧਾਨਕਾਰੀ, ਕਾਰਜਕਾਰੀ ਅਤੇ ਨਿਆਂ ਪਾਲਿਕਾ ਸ਼ਕਤੀ ਦੇ ਤਿੰਨ ਕੇਂਦਰ ਹਨ। ਇਨ੍ਹਾਂ ਤਿੰਨਾਂ ਨੂੰ ਸੰਵਿਧਾਨ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ। ਇੱਧਰ ਮਨੂ ਸਿਮ੍ਰਤੀ ਵਿੱਚ ਅਜਿਹਾ ਕੁਝ ਵੀ ਨਹੀਂ। ਰਾਜਾ ਹੀ ਸਰਬ ਸ਼ਕਤੀਮਾਨ ਹੈ। ਰਾਜੇ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਵਿਧਾਨ ਹੈ; ਭਾਵ ਰਾਜਾ ਹੀ ਕਾਨੂੰਨ ਬਣਾਉਂਦਾ ਹੈ ਤੇ ਲਾਗੂ ਕਰਦਾ ਹੈ।

ਸਾਡਾ ਸੰਵਿਧਾਨ ਹਰ ਕਾਨੂੰਨ ਦਾ ਆਧਾਰ ਹੈ। ਇਹੀ ਆਧਾਰ ਕਿਸੇ ਕਾਨੂੰਨ ਦੇ ਸਹੀ ਜਾਂ ਗ਼ਲਤ ਹੋਣ ਦਾ ਫ਼ੈਸਲਾ ਕਰਦਾ ਹੈ। ਦੇਸ਼ ਦਾ ਕੋਈ ਕਾਨੂੰਨ ਨਾਗਰਿਕ ਦੇ ਬਰਾਬਰੀ ਅਤੇ ਸੁਤੰਤਰਤਾ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ। ਹਰ ਨਾਗਰਿਕ ਨੂੰ ਮੁਢਲੇ ਅਧਿਕਾਰ ਉਸ ਦੇ ਧਰਮ, ਜਾਤ, ਲਿੰਗ, ਰੰਗ, ਭਾਸ਼ਾ, ਖਿੱਤੇ ਆਦਿ ਦੇ ਵਿਤਕਰੇ ਤੋਂ ਬਗੈਰ ਦਿੱਤੇ ਗਏ ਹਨ। ਭਾਰਤੀ ਨਿਆਂ ਪ੍ਰਣਾਲੀ ਸੰਵਿਧਾਨ ਅਨੁਸਾਰ ਹੈ। ਕਦਮ-ਕਦਮ ਉੱਤੇ ਦੀਵਾਨੀ, ਫੌਜਦਾਰੀ ਕਾਨੂੰਨਾਂ ਲਈ ਬਾਕਾਇਦਾ ਕਿਤਾਬਾਂ ਹਨ, ਸੰਵਿਧਾਨ ਅਨੁਸਾਰ ਹੀ ਅਦਾਲਤੀ ਫ਼ੈਸਲੇ ਹਨ। ਮਨੂ ਸਿਮ੍ਰਤੀ ਵਿੱਚ ਅਜਿਹੀਆਂ ਅਗਵਾਈ ਲੀਹਾਂ ਕਿਧਰੇ ਨਹੀਂ। ਮੌਜੂਦਾ ਸੰਵਿਧਾਨ ਨਾਗਰਿਕ ਦੇ ਜੀਵਨ ਦੇ ਹਰ ਪਹਿਲੂ ਵਿੱਚ ਉਸ ਦੇ ਨਾਲ ਖੜ੍ਹਾ ਹੈ। ਮਨੂ ਸਿਮ੍ਰਤੀ ਵਿੱਚ ਨਾਗਰਿਕ ਨਹੀਂ, ਮਨੁੱਖ ਹਨ; ਕੇਵਲ ਆਦਮੀ ਤੇ ਔਰਤਾਂ ਹਨ। ਠੀਕ ਹੈ ਹਜ਼ਾਰਾਂ ਵਰ੍ਹੇ ਪਹਿਲਾਂ ਨਾਗਰਿਕ, ਨਾਗਰਿਕਤਾ, ਸੰਵਿਧਾਨ ਵਗੈਰਾ ਮਨੁੱਖੀ ਸਭਿਅਤਾ ਦੇ ਵਿਕਾਸ ਪੜਾਅ ਉੱਤੇ ਸੰਭਵ ਨਹੀਂ ਸਨ, ਫਿਰ ਸਦੀਆਂ ਪਹਿਲੇ ਵਿਕਾਸ ਦੇ ਪੜਾਅ ਵਿੱਚ ਵਾਪਿਸ ਜਾਣ ਦੀ ਤੜਫਾਹਟ ਕਿਉਂ ਹੈ? ਆਰਐੱਸਐੱਸ, ਭਾਜਪਾ ਅਤੇ ਇਸ ਦੇ ਸੰਗਠਨਾਂ ਵੱਲੋਂ ਸੈਂਕੜੇ ਵਰ੍ਹੇ ਪਿਛਾਂਹ ਵਾਲੀ ਸਮਾਜਿਕ ਬਣਤਰ ਲਈ ਝੂਰਨ ਕਰ ਕੇ ਹੀ ਇਨ੍ਹਾਂ ਨੂੰ ਪਿਛਾਖੜੀ ਸੋਚ, ਪਿਛਾਖੜੀ ਸ਼ਕਤੀਆਂ ਕਿਹਾ ਜਾਂਦਾ ਹੈ। ਨਿਆਂ ਪ੍ਰਣਾਲੀ ਦੀਆਂ ਕੁਝ ਕੁ ਝਲਕੀਆਂ ਰਾਹੀਂ ਮਨੂ ਸਿਮ੍ਰਤੀ ਦਾ ਨਿਆਂ ਦਰਸ਼ਨ ਸਾਂਝਾ ਕੀਤਾ ਜਾ ਸਕਦਾ ਹੈ। ਸੂਤਰ 4 ਤੋਂ 7 ਅਨੁਸਾਰ, ਸਮਾਜ ’ਚ 18 ਪ੍ਰਕਾਰ ਦੇ ਝਗੜੇ ਮੰਨੇ ਗਏ ਹਨ। ਅੱਜ ਦੇ ਸਮਾਜ ਲਈ ਕੀ ਇਹ ਢੁੱਕਵਾਂ ਹੈ? ਨਹੀਂ। ‘ਰਾਜਾ 18 ਪ੍ਰਕਾਰ ਦੇ ਝਗੜੇ ਵਾਲੇ ਸਥਾਨਾਂ ਜਾਂ ਕੰਮਾਂ ਦੀ ਦੇਸ਼, ਜਾਤੀ ਅਤੇ ਕੁਲ ਅਨੁਸਾਰ ਪੜਚੋਲ ਕਰੇ ਅਤੇ ਸੋਚ ਵਿਚਾਰ ਕੇ ਫੈਸਲਾ ਕਰੇ।’ (ਸੂਤਰ 3)

‘ਜਿਸ ਰਾਜੇ ਦਾ ਰਾਜ ਨਾਸਤਿਕਾਂ ਤੇ ਸ਼ੂਦਰਾਂ ਨਾਲ ਭਰਿਆ ਹੈ, ਉਸ ਰਾਜ ਨੂੰ ਅਕਾਲ ਅਤੇ ਬਿਮਾਰੀਆਂ ਜਲਦੀ ਹੀ ਨਸ਼ਟ ਕਰ ਦਿੰਦੀਆਂ ਹਨ।’ (ਸੂਤਰ 22) ‘ਜੱਜਾਂ ਨੂੰ ਭਲਾਈ ਬੁਰਾਈ ਸੱਚ ਝੂਠ ਦੀ ਛਾਣਬੀਣ ਅਤੇ ਮੁਕੱਦਮਿਆਂ ਦੀ ਸੁਣਵਾਈ ਵਰਣਾਂ ਅਨੁਸਾਰ ਕਰਨੀ ਚਾਹੀਦੀ ਹੈ।’ (ਸੂਤਰ 24) ‘ਜਿੱਥੇ ਸੱਚ ਬੋਲਣ ਨਾਲ ਸ਼ੂਦਰ, ਵੈਸ਼, ਕਸ਼ੱਤਰੀ, ਬ੍ਰਾਹਮਣ ਨੂੰ ਫਾਂਸੀ ਹੋ ਸਕਦੀ ਹੈ, ਉਸ ਕੇਸ ਵਿੱਚ ਝੂਠੀ ਗਵਾਹੀ ਦੇਣਾ ਹੀ ਠੀਕ ਮੰਨਿਆ ਗਿਆ ਹੈ ਕਿਉਂਕਿ ਅਜਿਹਾ ਝੂਠ ਸੱਚ ਨਾਲੋਂ ਸ੍ਰੇਸ਼ਟ ਹੁੰਦਾ ਹੈ।’ (ਸੂਤਰ 104)

‘ਚਾਰੇ ਵਰਣਾਂ ਦੀ ਜੀਵ ਰੱਖਿਆ ਲਈ ਝੂਠੀ ਗਵਾਹੀ ਦੇਣ ਵਾਲੇ ਲੋਕ ਝੂਠ ਬੋਲਣ ਦੇ ਪਾਪ ਤੋਂ ਮੁਕਤ ਹੋਣ ਲਈ ਸਰਸਵਤੀ ਦੀ ਪੂਜਾ ਅਤੇ ਯੱਗ ਕਰਨ।’ (ਸੂਤਰ 105) ‘ਵਰਣ ਅਨੁਸਾਰ ਵਿਆਜ ਦੀ ਦਰ 2% ਤੋਂ 5% ਮਾਸਕ ਦੀ ਦਰ ਨਾਲ ਵਿਆਜ ਲਿਆ ਜਾ ਸਕਦਾ ਹੈ। ਵਿਆਜ ਬ੍ਰਾਹਮਣ ਤੋਂ 2%, ਕਸ਼ੱਤਰੀ ਤੋਂ 3%, ਵੈਸ਼ ਤੋਂ 4% ਅਤੇ ਸ਼ੂਦਰ ਤੋਂ 5% ਹੈ।’ (ਸੂਤਰ 142) ‘ਬ੍ਰਾਹਮਣ ਨੂੰ ਕਠੋਰ ਸ਼ਬਦ ਕਹਿਣ ਵਾਲੇ ਸ਼ੂਦਰ ਦੀ ਜੀਭ ਕੱਟ ਦੇਣੀ ਚਾਹੀਦੀ ਹੈ ਕਿਉਂਕਿ ਉਹ ਨੀਚ ਅਤੇ ਪੈਰਾਂ ਤੋਂ ਉਤਪੰਨ ਹੈ।’ (ਸੂਤਰ 270) ‘ਰਾਜਾ ਵੈਸ਼ ਅਤੇ ਸ਼ੂਦਰਾਂ ਤੋਂ ਉਨ੍ਹਾਂ ਦੇ ਕਰਮਾਂ ਅਨੁਸਾਰ ਕੰਮ ਕਰਵਾਉਂਦਾ ਰਹੇ ਕਿਉਂਕਿ ਕਰਮ ਤੋਂ ਹੀਣ ਇਹ ਦੋਵੇਂ ਸੰਸਾਰ ਨੂੰ ਹਿਲਾ ਦੇਣਗੇ।’ (ਸੂਤਰ 418)

ਜੇ ਮਨੂ ਸਿਮ੍ਰਤੀ ਦੀ ਨਿਆਂ ਪ੍ਰਣਾਲੀ ਅਜਿਹੀ ਨਾ-ਬਰਾਬਰੀ, ਵਿਤਕਰੇ ਅਤੇ ਘਿਰਣਾ ਭਰੀ ਹੈ ਤਾਂ ਸੱਚ ਮੁੱਚ ਇਹ ਨਫ਼ਰਤ ਦਾ ਬਾਜ਼ਾਰ ਹੈ। ਮਨੁੱਖ ਨੇ ਸੁਤੰਤਰਤਾ ਤੇ ਬਰਾਬਰੀ ਦੇ ਅਧਿਕਾਰਾਂ ਲਈ ਸੰਸਾਰ ਦੇ ਵੱਡੇ ਹਿੱਸੇ ਵਿੱਚ ਲਹੂ ਵੀਟਵੇਂ ਸੰਗਰਾਮ ਕੀਤੇ ਹਨ ਅਤੇ ਇਨ੍ਹਾਂ ਅਧਿਕਾਰਾਂ ਨੂੰ ਪ੍ਰਾਪਤ ਕੀਤਾ ਹੈ। ਜਿਹੜੇ ਅੱਜ ਵੀ ਮੌਜੂਦਾ ਸੰਵਿਧਾਨ ਦੀ ਥਾਂ ਮਨੂ ਸਿਮ੍ਰਤੀ ਆਧਾਰਿਤ ਸੰਵਿਧਾਨ ਸਥਾਪਤ ਕਰਨਾ ਚਾਹੁੰਦੇ ਹਨ ਤਾਂ ਨਿਸਚੇ ਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿੱਚੋਂ 99% ਨੇ ਮਨੂ ਸਿਮ੍ਰਤੀ ਪੜ੍ਹੀ ਨਹੀਂ। ਅੰਧ-ਭਗਤੀ ਅਧੀਨ ਹੀ ਅਸੰਭਵ ਲਈ ਰਾਗ ਅਲਾਪਣ ਵਾਲਿਆਂ ਦੀ ਗਿਣਤੀ ਵਧੇਰੇ ਹੈ।

ਫਿਰ ਵੀ ਭਾਰਤੀ ਨਾਗਰਿਕਾਂ ਨੂੰ ਹਿੰਦੂ ਰਾਸ਼ਟਰ, ਮਨੂ ਸਿਮ੍ਰਤੀ ਆਧਾਰਿਤ ਨਵੇਂ ਸੰਵਿਧਾਨ ਦੇ ਨਾਅਰਿਆਂ ਉੱਤੇ ਚੌਕਸੀ ਨਹੀਂ, ਗਿਆਨਵਾਨ ਚੌਕਸੀ ਰੱਖਣੀ ਪਏਗੀ। ਇਸ ਸੋਚ ਦੇ ਬੰਦਿਆਂ ਨਾਲ ਸਿੱਖਿਆ ਦੀਆਂ ਉੱਚ ਸੰਸਥਾਵਾਂ, ਪ੍ਰਸ਼ਾਸਨਿਕ ਸੇਵਾਵਾਂ ਅਤੇ ਸੰਵਿਧਾਨਕ ਸੰਸਥਾਵਾਂ ਭਾਜਪਾ ਨੇ ਭਰ ਲਈਆਂ ਹਨ। ਸਮੱਸਿਆ ਡੂੰਘੀ ਹੋ ਗਈ ਹੈ। ਮੁਹੱਬਤ ਦੀ ਦੁਕਾਨ ਦੀ ਥਾਂ ਮੁਹੱਬਤ ਦੇ ਪਿੰਡ ਤੇ ਸ਼ਹਿਰ ਉਸਾਰਨੇ ਪੈਣਗੇ। ਰਾਜਨੀਤਕ ਮੋਰਚਾ ਫਤਿਹ ਕਰ ਕੇ ਇੱਥੇ ਉੱਥੇ ਸਰਕਾਰਾਂ ਬਣਾਉਣਾ ਸਭ ਕੁਝ ਨਹੀਂ। ਮੁੜ ਸੰਗਰਾਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਣਾ ਹੈ। ਸੰਗਰਾਮੀਏ ਅਗਾਂਹਵਧੂ ਅਤੇ ਮਨੂਵਾਦੀਏ ਪਿਛਾਖੜੀ ਹੁੰਦੇ ਹਨ। ਜਿੱਤ ਆਖਿ਼ਰ ਅਗਾਂਹ ਵਧੂਆਂ ਦੀ ਹੀ ਹੁੰਦੀ ਹੈ। ਇਨ੍ਹਾਂ ਜਿੱਤਾਂ ਨਾਲ ਹੀ ਸਮਾਜ ਅੱਜ ਪਿਛੋਕੜ ਨੂੰ ਇੰਨਾ ਦੂਰ ਪਿਛਾਂਹ ਛੱਡ ਕੇ ਸੌਖੇ ਸਾਹ ਲੈ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਬਹੁਤ ਜਲਦ ਲਿਆ ਜਾਵੇਗਾ ਸੁਖਬੀਰ ਬਾਦਲ ਬਾਰੇ

ਸ੍ਰੀ ਆਨੰਦਪੁਰ ਸਾਹਿਬ, 23 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ...