ਬਿਹਾਰ ਦੇ ਸੀਵਾਨ, ਛਪਰਾ ਤੇ ਗੋਪਾਲਗੰਜ ਜ਼ਿਲਿ੍ਹਆਂ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ ਲਗਪਗ 50 ਲੋਕਾਂ ਦੀਆਂ ਮੌਤਾਂ ਸ਼ਰਾਬਬੰਦੀ ਦੀ ਪੋਲ ਖੋਲ੍ਹਣ ਦੇ ਨਾਲ ਹੀ ਇਹ ਵੀ ਬਿਆਨ ਕਰ ਰਹੀਆਂ ਹਨ ਕਿ ਸੂਬਾ ਸਰਕਾਰ ਅਤੇ ਉਸ ਦਾ ਤੰਤਰ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਦੇ ਨਿਰਮਾਣ ਅਤੇ ਉਸ ਦੀ ਵਿਕਰੀ ਨੂੰ ਰੋਕ ਸਕਣ ਵਿਚ ਅਸਫਲ ਹਨ। ਜ਼ਹਿਰੀਲੀ ਸ਼ਰਾਬ ਕਾਰਨ ਇੰਨੇ ਵੱਧ ਲੋਕਾਂ ਦੀ ਮੌਤ ਇਸ ਲਈ ਗੰਭੀਰ ਚਿੰਤਾ ਦੀ ਗੱਲ ਹੈ ਕਿ ਬਿਹਾਰ ਵਿਚ ਇਸ ਤੋਂ ਪਹਿਲਾਂ ਵੀ ਜ਼ਹਿਰੀਲੀ ਸ਼ਰਾਬ ਕਈ ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਤੋਂ ਬਾਅਦ ਸ਼ਰਾਬ ਮਾਫ਼ੀਆ ਵਿਰੁੱਧ ਮੁਹਿੰਮ ਛੇੜ ਦਿੱਤੀ ਗਈ ਹੈ ਅਤੇ ਉਸ ਦੀ ਧਰ-ਪਕੜ ਕੀਤੀ ਜਾ ਰਹੀ ਹੈ। ਜੇ ਡ੍ਰੋਨ ਕੈਮਰਿਆਂ ਦੀ ਮਦਦ ਨਾਲ ਸ਼ਰਾਬ ਦੀਆਂ ਭੱਠੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਮੁਹਿੰਮ ਪਹਿਲਾਂ ਤੋਂ ਹੀ ਚੱਲ ਰਹੀ ਹੁੰਦੀ ਤਾਂ ਸ਼ਾਇਦ ਇੰਨੇ ਜ਼ਿਆਦਾ ਲੋਕ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦਾ ਸ਼ਿਕਾਰ ਨਾ ਬਣਦੇ। ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿ ਜ਼ਹਿਰੀਲੀ ਸ਼ਰਾਬ ਦੇ ਸੇਵਨ ਤੋਂ ਬਾਅਦ ਜਿਨ੍ਹਾਂ ਦੀ ਜਾਨ ਬਚ ਗਈ ਹੈ, ਉਨ੍ਹਾਂ ’ਚੋਂ ਕਈ ਆਪਣੀਆਂ ਅੱਖਾਂ ਦੀ ਲੋਅ ਗੁਆ ਚੁੱਕੇ ਹਨ। ਬਿਹਾਰ ਸਰਕਾਰ ਨੂੰ ਘੱਟ ਤੋਂ ਘੱਟ ਹੁਣ ਤਾਂ ਇਸ ਨਤੀਜੇ ’ਤੇ ਪੁੱਜ ਜਾਣਾ ਚਾਹੀਦਾ ਹੈ ਕਿ ਦੁਨੀਆ ਵਿਚ ਕਿਤੇ ਵੀ ਸ਼ਰਾਬਬੰਦੀ ਸਫਲ ਨਹੀਂ ਹੋਈ ਹੈ। ਬਿਹਾਰ ਵਿਚ ਵੀ ਇਹ ਨਾਕਾਮ ਹੈ।
ਕਹਿਣ ਨੂੰ ਪ੍ਰਦੇਸ਼ ਵਿਚ ਸ਼ਰਾਬਬੰਦੀ ਹੈ ਪਰ ਉਹ ਹਰ ਜਗ੍ਹਾ ਉਪਲਬਧ ਹੈ ਅਤੇ ਇੱਥੋਂ ਤੱਕ ਕਿ ਉਸ ਦੀ ਹੋਮ ਡਲਿਵਰੀ ਵੀ ਹੁੰਦੀ ਹੈ। ਸਪਸ਼ਟ ਹੈ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੇ ਆਪਣਾ ਇਕ ਸੰਗਠਿਤ ਤੰਤਰ ਵਿਕਸਤ ਕਰ ਲਿਆ ਹੈ। ਸਮੱਸਿਆ ਸਿਰਫ਼ ਇਹ ਨਹੀਂ ਹੈ ਕਿ ਦੂਜੇ ਸੂਬਿਆਂ ਤੋਂ ਲੁਕ-ਛਿਪ ਕੇ ਸ਼ਰਾਬ ਲਿਆ ਕੇ ਵੇਚਣ ਵਾਲੇ ਮਾਲੋਮਾਲ ਹੋ ਰਹੇ ਹਨ। ਸਮੱਸਿਆ ਇਹ ਵੀ ਹੈ ਕਿ ਸ਼ਰਾਬ ਦੀ ਜਾਇਜ਼ ਤਰੀਕੇ ਨਾਲ ਵਿਕਰੀ ਸਦਕਾ ਸਰਕਾਰ ਨੂੰ ਸੈਂਕੜੇ ਕਰੋੜ ਰੁਪਏ ਦਾ ਜੋ ਮਾਲੀਆ ਮਿਲਦਾ, ਉਹ ਨਾਜਾਇਜ਼ ਕਮਾਈ ਦੇ ਰੂਪ ਵਿਚ ਸ਼ਰਾਬ ਮਾਫ਼ੀਆ ਅਤੇ ਉਸ ਨੂੰ ਸ਼ਹਿ ਦੇਣ ਵਾਲਿਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ। ਨਿਰਸੰਦੇਹ ਸ਼ਰਾਬਬੰਦੀ ਨਾ ਹੋਣ ਤੋਂ ਬਾਅਦ ਵੀ ਚੁੱਪ-ਚਪੀਤੇ ਸ਼ਰਾਬ ਬਣਾਉਣ ਤੇ ਵੇਚਣ ਦਾ ਕੰਮ ਹੋ ਸਕਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਤੱਥ ਦੀ ਅਣਦੇਖੀ ਕਰ ਦਿੱਤੀ ਜਾਵੇ ਕਿ ਸ਼ਰਾਬਬੰਦੀ ਨਾਜਾਇਜ਼ ਤਰੀਕੇ ਨਾਲ ਸ਼ਰਾਬ ਬਣਾਉਣ ਵਾਲਿਆਂ ਨੂੰ ਵਧਣ-ਫੁੱਲਣ ਦਾ ਮੌਕਾ ਦਿੰਦੀ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਣਾਉਣ ਦੇ ਚੱਕਰ ਵਿਚ ਘਟੀਆ ਜਾਂ ਫਿਰ ਨਕਲੀ ਸ਼ਰਾਬ ਬਣਾਉਂਦੇ ਹਨ ਜੋ ਕਈ ਵਾਰ ਜ਼ਹਿਰੀਲੀ ਹੋ ਜਾਂਦੀ ਹੈ। ਅਜਿਹੇ ਤੱਤ ਉਦੋਂ ਹੀ ਸਰਗਰਮ ਹੋ ਪਾਉਂਦੇ ਹਨ ਜਦ ਉਨ੍ਹਾਂ ਨੂੰ ਅਣਡਿੱਠ ਕੀਤਾ ਜਾਂਦਾ ਹੈ। ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਸ਼ਰਾਬ ਦੀਆਂ ਕਈ ਨਾਜਾਇਜ਼ ਭੱਠੀਆਂ ਅਤੇ ਤਿਆਰ-ਅੱਧ ਪਚੱਧੀ ਬਣੀ ਸ਼ਰਾਬ ਮਿਲਣ ਨਾਲ ਇਸ ਦੀ ਪੁਸ਼ਟੀ ਹੀ ਹੁੰਦੀ ਹੈ ਕਿ ਇਸ ਦੀ ਨਿਗਰਾਨੀ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਹੀ ਸੀ ਕਿ ਕਿਤੇ ਛੁਪ ਕੇ ਘਟੀਆ ਤੇ ਜਾਨਲੇਵਾ ਸਾਬਿਤ ਹੋਣ ਵਾਲੀ ਸ਼ਰਾਬ ਦਾ ਨਿਰਮਾਣ ਤਾਂ ਨਹੀਂ ਕੀਤਾ ਜਾ ਰਿਹਾ ਹੈ? ਇਸ ਨਤੀਜੇ ’ਤੇ ਪੁੱਜਣ ਦੇ ਢੁੱਕਵੇਂ ਕਾਰਨ ਹਨ ਕਿ ਬਿਹਾਰ ਵਿਚ ਬਾਹਰ ਤੋਂ ਸ਼ਰਾਬ ਲਿਆ ਕੇ ਵੇਚਣ ਵਾਲੇ ਵੀ ਸਰਗਰਮ ਹਨ ਅਤੇ ਉਸ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣਾਉਣ ਵਾਲੇ ਵੀ। ਬਿਹਾਰ ਸਰਕਾਰ ਨੂੰ ਸ਼ਰਾਬਬੰਦੀ ਦੇ ਆਪਣੇ ਫ਼ੈਸਲੇ ’ਤੇ ਨਜ਼ਰਸਾਨੀ ਕਰਨ ਦੇ ਨਾਲ-ਨਾਲ ਸ਼ਰਾਬ ਮਾਫ਼ੀਆ ਦੀ ਵੀ ਲਗਾਮ ਕੱਸਣੀ ਚਾਹੀਦੀ ਹੈ।