84 ਦੁਹਰਾਉਣ ਵਾਲੀ ਦੀ ਧਮਕੀ ਦੇਣ ਵਾਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਕਾਰਵਾਈ ਕਰੇ: ਜਥੇਦਾਰ
ਅੰਮ੍ਰਿਤਸਰ, 27 ਜੂਨ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ ਵਿੱਚ ਵਾਪਰ ਰਹੇ ਘਟਨਾ ਕ੍ਰਮ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਆਸ਼ੀਸ਼ ਨੇਗੀ ਨਾਮ ਦੇ ਇੱਕ ਵਿਅਕਤੀ ਵੱਲੋਂ ਸਿੱਖਾਂ ਨੂੰ ਜੂਨ 1984 ਦਹੁਰਾਉਣ ਦੀ ਧਮਕੀ ਦੇਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਉਤਰਾਖੰਡ ਸਰਕਾਰ ਨੂੰ ਆਖਿਆ ਕਿ ਅਜਿਹੇ ਲੋਕ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਵੱਡਾ ਖਤਰਾ ਹਨ। ਉਨ੍ਹਾਂ ਸਰਕਾਰ ਨੂੰ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਲਈ ਆਖਿਆ ਹੈ। ਦੱਸਣ ਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ’ਤੇ ਗਏ ਕੁਝ ਨਿਹੰਗ ਸਿੰਘ ਨੌਜਵਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਏ ਝਗੜੇ ਦਾ ਮਾਮਲਾ ਫਿਲਹਾਲ ਸ਼ਾਂਤ ਨਹੀਂ ਹੋਇਆ ਹੈ। ਇਸ ਮਾਮਲੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗ੍ਰਿਫ਼ਤਾਰ ਕੀਤੇ ਨਿਹੰਗ ਸਿੰਘ ਨੌਜਵਾਨ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜਥੇਦਾਰ ਨੇ ਆਸ਼ੀਸ਼ ਨੇਗੀ ਵੱਲੋਂ ਦਿੱਤੀ ਗਈ ਧਮਕੀ ਅਤੇ ਸਿੱਖ-ਵਿਰੋਧੀ ਪ੍ਰਗਟਾਵੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਇਸ ਦੇ ਵਿਰੁੱਧ ਅੰਮ੍ਰਿਤਸਰ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਅਨਸਰਾਂ ਨੂੰ ਸਬਕ ਸਿਖਾਇਆ ਜਾ ਸਕੇ। ਜਥੇਦਾਰ ਗੜਗੱਜ ਨੇ ਕਿਹਾ ਕਿ ਆਸ਼ੀਸ਼ ਨੇਗੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਸਿੱਖ ਕੌਮ ਦੀਆਂ ਸ਼ਹਾਦਤਾਂ ਦੇ ਸਦਕਾ ਅੱਜ ਦੇਸ਼ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਉਹ ਉਨ੍ਹਾਂ ਨੂੰ ਖੁੱਲ੍ਹੇਆਮ ਲਲਕਾਰੇ ਮਾਰ ਰਿਹਾ ਹੈ, ਜਿਸ ਦੇ ਨਤੀਜੇ ਠੀਕ ਨਹੀਂ ਨਿਕਲਣਗੇ। ਉਨ੍ਹਾਂ ਕਿਹਾ ਕਿ ਨੇਗੀ ਦੇ ਪ੍ਰਗਟਾਵੇ ਤੋਂ ਸਿੱਧ ਹੁੰਦਾ ਹੈ ਕਿ ਦੇਸ਼ ਅੰਦਰ ਕੁਝ ਸ਼ਰਾਰਤੀ ਲੋਕਾਂ ਦੇ ਮਨਾਂ ਅੰਦਰ ਕਿੰਨੀ ਗਹਿਰੀ ਸਿੱਖ ਵਿਰੋਧੀ ਨਫ਼ਰਤ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਦੇ ਲੋਕ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਅਤੇ ਯਾਤਰਾ ਉੱਤੇ ਜਾਣ ਲੱਗਿਆਂ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਉਣ।
ਜਥੇਦਾਰ ਨੇ ਉਤਰਾਖੰਡ ਸਰਕਾਰ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਵਿੱਚ ਰੱਖਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਤਰਾਖੰਡ ਅੰਦਰ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖਾਂ ਦੇ ਕਕਾਰ ਪਹਿਨਣ ਦੇ ਅਧਿਕਾਰ ਉੱਤੇ ਵਾਰ-ਵਾਰ ਸਵਾਲ ਚੁੱਕੇ ਜਾ ਰਹੇ ਹਨ ਇਨ੍ਹਾਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਸਿੱਖ ਤੇ ਪੰਜਾਬੀ ਉਤਰਾਖੰਡ ਜਾਂਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿ ਪਹਿਲਾਂ ਕੁਝ ਸਥਾਨਕ ਲੋਕਾਂ ਨੇ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਕਕਾਰਾਂ ਅਤੇ ਬਾਣੇ ਦੇ ਕਾਰਨ ਨਿਸ਼ਾਨਾ ਬਣਾਇਆ ਅਤੇ ਬਾਅਦ ਵਿੱਚ ਘਟਨਾਵਾਂ ਨੂੰ ਦੋਵਾਂ ਭਾਈਚਾਰਿਆਂ ਵਿਚਕਾਰ ਫਿਰਕੂ ਰੰਗਤ ਦਿੱਤੀ।
Share this content:



Post Comment