5 ਕਿਲੋ ਫ੍ਰੀ ਟ੍ਰੇਡ ਐਲ ਪੀ ਜੀ ਸਿਲੰਡਰ ਢੁਕਵੀਂ ਗਿਣਤੀ ਵਿੱਚ ਉਪਲਬਧ; ਮੋਹਾਲੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਬਰਾਹਟ ਤੋਂ ਬਚਣ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਮੂਹ ਨਿਵਾਸੀਆਂ, ਖਾਸ ਕਰਕੇ ਪਰਵਾਸੀ ਅਤੇ ਮਜ਼ਦੂਰ ਵਰਗ ਦੀ ਸੁਵਿਧਾ ਹਿਤ ਸੂਚਿਤ ਕੀਤਾ ਗਿਆ ਹੈ ਕਿ 5 ਕਿਲੋ ਫ੍ਰੀ ਟ੍ਰੇਡ ਐਲ ਪੀ ਜੀ ਸਿਲੰਡਰ ਜ਼ਿਲ੍ਹੇ ਵਿੱਚ ਢੁਕਵੀਂ ਮਾਤਰਾ ਵਿੱਚ ਉਪਲਬਧ ਹਨ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਦੱਸਿਆ ਇਹ ਸਿਲੰਡਰ ਬੀ ਪੀ ਸੀ ਐਲ, ਆਈ ਓ ਸੀ ਐਲ ਅਤੇ ਐਚ ਪੀ ਸੀ ਐਲ ਦੇ ਅਧਿਕਾਰਿਤ ਵਿਤਰਕਾਂ ਕੋਲੋਂ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਨ੍ਹਾਂ ਕੋਲ ਇਸ ਸਮੇਂ ਉਪਯੁਕਤ ਮਾਤਰਾ ਵਿੱਚ ਸਟਾਕ ਮੌਜੂਦ ਹੈ।

ਪ੍ਰਸ਼ਾਸਨ ਵੱਲੋਂ ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਅਤੇ ਘਰੇਲੂ ਐਲ ਪੀ ਜੀ ਸਿਲੰਡਰਾਂ ਲਈ ਪ੍ਰੇਸ਼ਾਨ ਹੋ ਕੇ ਭੀੜ ਨਾ ਲਾਉਣ। ਇਸ ਦੀ ਬਜਾਏ, ਉਹ
5 ਕਿਲੋ ਦੇ ਐਫ ਟੀ ਐਲ ਸਿਲੰਡਰ ਦੀ ਵਰਤੋਂ ਕਰਨ, ਜੋ ਕਿ ਆਸਾਨੀ ਨਾਲ ਅਤੇ ਬਿਨਾਂ ਕਿਸੇ ਔਖ ਦੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ, ਵੱਖ-ਵੱਖ ਥਾਵਾਂ ‘ਤੇ ਐਲ ਪੀ ਜੀ ਡਿਸਟ੍ਰਿਬਿਊਟਰਾਂ ਵੱਲੋਂ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ, ਜਿੱਥੇ ਲੋਕਾਂ ਨੂੰ 5 ਕਿਲੋ ਵਾਲੇ ਸਿਲੰਡਰਾਂ ਦੀ ਉਪਲਬਧਤਾ ਅਤੇ ਉਨ੍ਹਾਂ ਨੂੰ ਲੈਣ ਦੀ ਸੌਖੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ, ਬੇਲੋੜੀ ਭੀੜ ਤੋਂ ਬਚਣ ਅਤੇ ਐਲ ਪੀ ਜੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਲਈ ਉਪਲਬਧ ਵਿਕਲਪਾਂ ਦੀ ਵਰਤੋਂ ਕਰਨ।
Share this content:



Post Comment