Loading Now

3.38 ਤੋਂ 4.99 ਕਰੋੜ ਰੁਪਏ ਤੱਕ ਦੀਆਂ ਲਗਜ਼ਰੀ ਕਾਰਾਂ ਅਤੇ ਲੱਖਾਂ ਦੇ VIP ਨੰਬਰਾਂ ਦਾ ਚੰਡੀਗੜ੍ਹੀਆਂ ’ਚ ਵਧ ਰਿਹੈ ਕ੍ਰੇਜ਼

3.38 ਤੋਂ 4.99 ਕਰੋੜ ਰੁਪਏ ਤੱਕ ਦੀਆਂ ਲਗਜ਼ਰੀ ਕਾਰਾਂ ਅਤੇ ਲੱਖਾਂ ਦੇ VIP ਨੰਬਰਾਂ ਦਾ ਚੰਡੀਗੜ੍ਹੀਆਂ ’ਚ ਵਧ ਰਿਹੈ ਕ੍ਰੇਜ਼

ਚੰਡੀਗੜ੍ਹ, 14 ਨਵੰਬਰ – 3.38 ਤੋਂ 4.99 ਕਰੋੜ ਰੁਪਏ ਤੱਕ ਦੀਆਂ ਕਾਰਾਂ ਅਤੇ ਲੱਖਾਂ ਰੁਪਏ ਦੇ ਨੰਬਰ… ਸ਼ੌਕ ਦੇ ਅੱਗੇ ਕੀਮਤ ਦੀ ਪਰਵਾਹ ਨਹੀਂ ਕਰਦੇ ਚੰਡੀਗੜ੍ਹ ਦੇ ਲੋਕ। ਸ਼ਹਿਰ ਵਿੱਚ ਲਗਜ਼ਰੀ ਕਾਰਾਂ ਅਤੇ VIP ਨੰਬਰਾਂ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਇਸ ਸਾਲ ਅਕਤੂਬਰ ਤੱਕ 11,001 ਫੈਂਸੀ ਨੰਬਰ ਵਿਕ ਚੁੱਕੇ ਹਨ, ਜਿਨ੍ਹਾਂ ਲਈ ਸ਼ਹਿਰ ਵਾਸੀਆਂ ਨੇ 21.63 ਕਰੋੜ ਰੁਪਏ ਖਰਚ ਕੀਤੇ ਹਨ। ਹਾਲੇ ਸਾਲ ਦੇ ਦੋ ਮਹੀਨੇ ਬਾਕੀ ਹਨ। ਪਿਛਲੇ ਪੂਰੇ ਸਾਲ ਦੌਰਾਨ 21.19 ਕਰੋੜ ਰੁਪਏ ਦੇ ਫੈਂਸੀ ਨੰਬਰ ਵਿਕੇ ਸਨ। ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਦੇ ਅੰਕੜਿਆਂ ਅਨੁਸਾਰ, ਇਸ ਸਾਲ ਸਭ ਤੋਂ ਮਹਿੰਗਾ ਨੰਬਰ CH-01-DD-0001 ਰਿਹਾ। ਇਸ ਨੰਬਰ ਲਈ 53.88 ਲੱਖ ਰੁਪਏ ਦੀ ਬੋਲੀ ਲੱਗੀ। ਇਹ ਸਾਲ 2025 ਵਿੱਚ 36.43 ਲੱਖ ਰੁਪਏ ਵਿੱਚ ਵਿਕੇ CH-01-DA-0001 ਦੇ ਪਿਛਲੇ ਰਿਕਾਰਡ ਨਾਲੋਂ ਕਰੀਬ 48 ਫ਼ੀਸਦੀ ਵੱਧ ਹੈ। ਸਾਲ 2020 ਵਿੱਚ ਸਭ ਤੋਂ ਮਹਿੰਗਾ ਨੰਬਰ ਸਿਰਫ਼ 8 ਲੱਖ ਰੁਪਏ ਵਿੱਚ ਵਿਕਿਆ ਸੀ। ਇਸ ਤਰ੍ਹਾਂ ਛੇ ਸਾਲਾਂ ਵਿੱਚ ਸਭ ਤੋਂ ਮਹਿੰਗੇ ਨੰਬਰ ਦੀ ਕੀਮਤ ਵਿੱਚ ਕਰੀਬ ਸੱਤ ਗੁਣਾ ਵਾਧਾ ਦਰਜ ਕੀਤਾ ਗਿਆ ਹੈ।

ਫੈਂਸੀ ਨੰਬਰਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਵਿੱਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2020 ਵਿੱਚ 3,308 ਨੰਬਰਾਂ ਦੀ ਵਿਕਰੀ ਤੋਂ 4.08 ਕਰੋੜ ਰੁਪਏ ਦੀ ਆਮਦਨ ਹੋਈ ਸੀ। ਸਾਲ 2021 ਵਿੱਚ 6,167 ਨੰਬਰ ਵਿਕੇ ਅਤੇ ਕਮਾਈ 8.92 ਕਰੋੜ ਰੁਪਏ ਰਹੀ। ਸਾਲ 2022 ਵਿੱਚ 9,055 ਨੰਬਰਾਂ ਤੋਂ 14.59 ਕਰੋੜ ਰੁਪਏ, ਜਦਕਿ 2023 ਵਿੱਚ 9,599 ਨੰਬਰਾਂ ਤੋਂ 16.34 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਸਾਲ 2024 ਵਿੱਚ ਵਿਕਰੀ ਘਟ ਕੇ 8,752 ਨੰਬਰ ਰਹਿ ਗਈ ਅਤੇ ਕਮਾਈ 15.16 ਕਰੋੜ ਰੁਪਏ ’ਤੇ ਆ ਗਈ। ਹਾਲਾਂਕਿ, ਸਾਲ 2025 ਵਿੱਚ ਬਾਜ਼ਾਰ ਨੇ ਮੁੜ ਰਫ਼ਤਾਰ ਫੜੀ। ਇਸ ਦੌਰਾਨ 10,429 ਨੰਬਰਾਂ ਦੀ ਵਿਕਰੀ ਤੋਂ 21.19 ਕਰੋੜ ਰੁਪਏ ਦਾ ਮਾਲੀਆ ਮਿਲਿਆ। ਹੁਣ ਸਾਲ 2026 ਵਿੱਚ 31 ਅਕਤੂਬਰ ਤੱਕ ਹੀ 11,001 ਨੰਬਰ ਵਿਕ ਚੁੱਕੇ ਹਨ ਅਤੇ ਕਮਾਈ 21.63 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

RLA ਦੇ ਅੰਕੜਿਆਂ ਮੁਤਾਬਕ, ਸਾਲ 2020 ਤੋਂ 2026 ਦਰਮਿਆਨ ਕੁੱਲ 58,311 ਫੈਂਸੀ ਨੰਬਰਾਂ ਦੀ ਵਿਕਰੀ ਤੋਂ ਪ੍ਰਸ਼ਾਸਨ ਨੂੰ 101.90 ਕਰੋੜ ਰੁਪਏ ਦੀ ਆਮਦਨ ਹੋਈ ਹੈ। ਔਸਤਨ ਇੱਕ ਨੰਬਰ ਦੀ ਕੀਮਤ ਵੀ ਸਾਲ 2020 ਵਿੱਚ ਕਰੀਬ 12,300 ਰੁਪਏ ਤੋਂ ਵਧ ਕੇ ਸਾਲ 2026 ਵਿੱਚ ਲਗਪਗ 19,700 ਰੁਪਏ ਹੋ ਗਈ ਹੈ। ਇਸ ਤਰ੍ਹਾਂ ਔਸਤ ਕੀਮਤ ਵਿੱਚ ਕਰੀਬ 60 ਫ਼ੀਸਦੀ ਦਾ ਵਾਧਾ ਹੋਇਆ ਹੈ। RLA ਦੀ ਰਜਿਸਟ੍ਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਰਾਧਿਕਾ ਸਿੰਘ ਅਨੁਸਾਰ, ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਜਵਾਬਦੇਹ ਹੈ। ਹਰੇਕ ਬੋਲੀ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਪੂਰੀ ਪ੍ਰਕਿਰਿਆ ਆਨਲਾਈਨ ਹੋਣ ਕਾਰਨ ਲੋਕਾਂ ਦਾ ਇਸ ਪ੍ਰਣਾਲੀ ’ਤੇ ਭਰੋਸਾ ਵਧਿਆ ਹੈ।

ਲਗਜ਼ਰੀ ਕਾਰਾਂ ਦਾ ਵੀ ਸ਼ੌਕ

ਚੰਡੀਗੜ੍ਹ ਵਿੱਚ 3.38 ਕਰੋੜ ਤੋਂ 4.99 ਕਰੋੜ ਰੁਪਏ ਤੱਕ ਦੀ ਕੀਮਤ ਵਾਲੀਆਂ 15 ਲਗਜ਼ਰੀ ਕਾਰਾਂ ਰਜਿਸਟਰਡ ਹਨ। ਇਨ੍ਹਾਂ ਦੀ ਕੁੱਲ ਕੀਮਤ 61.59 ਕਰੋੜ ਰੁਪਏ ਦੱਸੀ ਗਈ ਹੈ। ਇਨ੍ਹਾਂ ਵਿੱਚ ਅੱਠ ਬੈਂਟਲੇ, ਚਾਰ ਰੋਲਸ ਰਾਇਸ, ਦੋ ਲੈਂਬੋਰਗਿਨੀ ਅਤੇ ਇੱਕ ਮੈਕਲਾਰੇਨ ਸ਼ਾਮਲ ਹੈ। ਸਭ ਤੋਂ ਮਹਿੰਗੀ 4.99 ਕਰੋੜ ਰੁਪਏ ਦੀ ਮੈਕਲਾਰੇਨ 750S ਸਪਾਈਡਰ ਹੈ। ਇਹ ਇੱਕ ਬਿਲਡਰ ਕੰਪਨੀ ਦੇ ਨਾਂ ’ਤੇ ਰਜਿਸਟਰਡ ਹੈ। ਇਸ ਲਈ 52.44 ਲੱਖ ਰੁਪਏ ਟੈਕਸ ਅਦਾ ਕੀਤਾ ਗਿਆ ਹੈ। ਇਨ੍ਹਾਂ 15 ਕਾਰਾਂ ਵਿੱਚੋਂ 11 ਕੰਪਨੀਆਂ ਅਤੇ ਚਾਰ ਨਿੱਜੀ ਮਾਲਕਾਂ ਦੇ ਨਾਂ ’ਤੇ ਰਜਿਸਟਰਡ ਹਨ।

Share this content:

Post Comment