28 ਮਾਰਚ ਨੂੰ ਪੇਸ਼ ਹੋਵੇਗਾ SGPC ਦਾ ਸਾਲਾਨਾ ਬਜਟ
ਅੰਮ੍ਰਿਤਸਰ, 7 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2026-27 ਵਿੱਤੀ ਵਰ੍ਹੇ ਦਾ ਸਾਲਾਨਾ ਬਜਟ 28 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਬਾਰੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਾਲਾਨਾ ਬਜਟ 28 ਮਾਰਚ ਨੂੰ ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਟਰੱਸਟ ਵਿਭਾਗ, ਸੈਕਸ਼ਨ 85 ਦੇ ਗੁਰਦੁਆਰਿਆਂ, ਸੈਕਸ਼ਨ 87 ਦੇ ਗੁਰਦੁਆਰਿਆਂ, ਵਿਦਿਅਕ ਟਰੱਸਟ ਤੇ ਹੋਰ ਵਿਭਾਗਾਂ ਦੇ ਬਜਟ ਪੇਸ਼ ਕੀਤੇ ਜਾਣਗੇ। ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਏ ਜਾ ਰਹੇ ਐਕਟ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਹਨ ਅਤੇ ਇਸ ਸਬੰਧੀ ਵੱਖਰਾ ਐਕਟ ਬਣਨਾ ਚਾਹੀਦਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਕਮੇਟੀ ਵੀ ਕੰਮ ਕਰ ਰਹੀ ਹੈ। ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹਨ ਅਤੇ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ।
ਸਮਾਣਾ ਵਿੱਚ ਭਾਈ ਗੁਰਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਪੂਰਨ ਸਮਰਥਨ ਦਿੱਤਾ ਹੈ। ਅੰਤ੍ਰਿੰਗ ਕਮੇਟੀ ਨੇ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਦੌਰਾਨ ਸਿੱਖ ਬੱਚੀ ਦੀ ਦਸਤਾਰ ਅਤੇ ਕਿਰਪਾਨ ਉਤਾਰੇ ਜਾਣ ਖ਼ਿਲਾਫ਼ ਨਿੰਦਾ ਮਤਾ ਪਾਸ ਕਰਦਿਆਂ ਇਸ ਨੂੰ ਸਿੱਖਾਂ ਦੇ ਮੌਲਿਕ ਅਧਿਕਾਰਾਂ ’ਤੇ ਹਮਲਾ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਵਹੀਰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੱਕ ਚੈਨਲ ਵੱਲ ਸ਼੍ਰੋਮਣੀ ਕਮੇਟੀ ਦਾ ਬਕਾਇਆ ਹੋਣ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਪੱਤਰ ਦੀ ਰੌਸ਼ਨੀ ਵਿੱਚ ਸੰਗਤ ਦੀ ਮੰਗ ਅਤੇ ਭਾਵਨਾਵਾਂ ਅਨੁਸਾਰ ਪੀ ਟੀ ਸੀ ਚੈੱਨਲ ’ਤੇ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦਾ ਫ਼ੈਸਲਾ ਹੋਇਆ ਸੀ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮੀਰ ਸਿੰਘ ਰਸੀਦਾਂ ਅਤੇ ਟੈਕਸਲਾ ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਦੇ ਅਕਾਲ ਚਲਾਣੇ ’ਤੇ ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰ ਕੇ ਸਤਿਕਾਰ ਭੇਟ ਕੀਤਾ ਗਿਆ।
Share this content:


Post Comment