24 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਹੋਇਆ ਐਲਾਨ
ਨਵੀਂ ਦਿੱਲੀ, 22 ਮਈ – ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ, ਰਾਜ ਸਭਾ ਦੀਆਂ 24 ਖਾਲੀ ਸੀਟਾਂ ਨੂੰ ਭਰਨ ਲਈ ਆਉਂਦੀ 18 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਮੁਤਾਬਕ, 1 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਤੋਂ ਬਾਅਦ 9 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 11 ਜੂਨ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ। ਇਸ ਤੋਂ ਬਾਅਦ 10 ਰਾਜਾਂ ਦੀਆਂ 24 ਸੀਟਾਂ ‘ਤੇ 18 ਜੂਨ ਨੂੰ ਵੋਟਿੰਗ ਹੋਵੇਗੀ। ਰਾਜ ਸਭਾ ਚੋਣਾਂ ਲਈ ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ।
10 ਰਾਜਾਂ ਲਈ ਹੋਣਗੀਆਂ ਚੋਣਾਂ
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ 18 ਜੂਨ ਨੂੰ 24 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕੀਤਾ। ਇੱਕ ਬਿਆਨ ਵਿੱਚ, ਚੋਣ ਕਮਿਸ਼ਨ (EC) ਨੇ ਕਿਹਾ ਕਿ ਰਾਜ ਸਭਾ ਸੀਟਾਂ ਲਈ ਚੋਣਾਂ 10 ਰਾਜਾਂ ਵਿੱਚ ਹੋਣਗੀਆਂ, ਜਿੱਥੇ ਮੌਜੂਦਾ ਮੈਂਬਰ 21 ਜੂਨ ਤੋਂ 19 ਜੁਲਾਈ ਦਰਮਿਆਨ ਵੱਖ-ਵੱਖ ਤਰੀਕਾਂ ‘ਤੇ ਸੇਵਾਮੁਕਤ ਹੋ ਰਹੇ ਹਨ।
ਕਿਸ ਰਾਜ ਵਿੱਚ ਕਿੰਨੀਆਂ ਸੀਟਾਂ ਖਾਲੀ?
ਰਾਜ ਸਭਾ ਚੋਣਾਂ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਿੱਚ ਚਾਰ-ਚਾਰ ਸੀਟਾਂ ‘ਤੇ; ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ ਸੀਟਾਂ ‘ਤੇ; ਝਾਰਖੰਡ ਵਿੱਚ ਦੋ ਸੀਟਾਂ ‘ਤੇ; ਅਤੇ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਇੱਕ-ਇੱਕ ਸੀਟ ‘ਤੇ ਹੋਣਗੀਆਂ।
ਇਨ੍ਹਾਂ ਆਗੂਆਂ ਦਾ ਕਾਰਜਕਾਲ ਹੋ ਰਿਹਾ ਹੈ ਖ਼ਤਮ
ਦੱਸ ਦੇਈਏ ਕਿ ਰਾਜ ਸਭਾ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਕੇਂਦਰੀ ਮੰਤਰੀ ਜਾਰਜ ਕੂਰੀਅਨ ਅਤੇ ਰਵਨੀਤ ਸਿੰਘ ਬਿੱਟੂ ਸਮੇਤ 24 ਆਗੂਆਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ
Share this content:



Post Comment