ਬੁੱਧ ਬਾਣ/ਪਹਿਲਾ ਕਦਮ ਮੱਛੀਆਂ ਖਾਣ ਵਾਲੇ ਮਗਰਮੱਛ/ਬੁੱਧ ਸਿੰਘ ਨੀਲੋਂ
ਸਾਹਿਤ ਦੀਆਂ ਮੱਛੀਆਂ ਦੀ ਚਰਚਾ ਕਰਦਿਆਂ ਬਹੁਤ ਸਾਰਿਆਂ ਨੇ ਕਿਹਾ ਕਿ, ਤੁਸੀਂ ਸਾਹਿਤ ਦੀਆਂ ਮੱਛੀਆਂ ਦੀਆਂ ਕਿਸਮਾਂ ਉਹਨਾਂ ਦੇ ਲੱਛਣਾਂ ਸਮੇਤ ਦਿਖਾ ਦਿੱਤੀਆਂ ਹਨ। ਜਿਹੜੇ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਮਗਰਮੱਛ ਬੈਠੇ ਹਨ, ਉਹਨਾਂ ਬਾਰੇ ਵੀ ਕੋਈ ਗੱਲ ਕਰੋ? ਮੈਨੂੰ ਮਗਰਮੱਛਾਂ ਤੋਂ ਪਹਿਲਾਂ ਬਹੁਤ ਡਰ ਲੱਗਦਾ ਸੀ, ਇਸ ਕਰਕੇ ਕਦੇ ਦਰਿਆ, ਝੀਲ ਤੇ ਸਮੁੰਦਰ ਵਿੱਚ ਨਹੀਂ ਗਿਆ। ਸਿਆਣੇ ਕਹਿੰਦੇ ਹਨ ਜਦੋਂ ਦਿਨ ਮਾੜੇ ਹੋਣ, ਉਦੋਂ ਊਠ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਮੇਰੀ ਹਾਲਤ ਅਸਮਾਨ ਤੋਂ ਡਿੱਗੇ ਤੇ ਖੰਜੂਰ ਵਿੱਚ ਫਸੇ ਵਰਗੀ ਸੀ। ਸਮਾਜ ਵਿੱਚ ਐਨੇ ਮਗਰਮੱਛ ਹਨ, ਉਹਨਾਂ ਦੀਆਂ ਕਿਸਮਾਂ ਗਿਣਦਿਆਂ ਮੈਂ ਅਕ ਕੇ ਥੱਕ ਗਿਆ। ਥੱਕਿਆ ਤੇ ਅੱਕਿਆ ਹੋਇਆ ਬੰਦਾ ਜਸ਼ਨ ਬਾਵਾ ਸਰਪੰਚ ਵਾਂਗੂੰ ਖੁਦਕੁਸ਼ੀ ਕਰ ਜਾਂਦਾ ਹੈ। ਖੁਦਕੁਸ਼ੀ ਕਰਨੀ ਕੋਈ ਸੌਖਾ ਕੰਮ ਨਹੀਂ ਪਰ ਜਦੋਂ ਸਿਆਸੀ ਮਗਰਮੱਛ ਤੁਹਾਡੀਆਂ ਭਾਵਨਾਵਾਂ ਵੀ ਨਾ ਛੱਡਣ ਫੇਰ ਬੰਦਾ ਸੋਚਦਾ ਹੈ ਕਿ ਇਹਦੇ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਤੁਸੀਂ ਸੁਖਬੀਰ ਬਾਦਲ ਤੇ ਉਸ ਦੀ ਕੰਪਨੀ ਵਰਗੇ ਬੇਸ਼ਰਮ ਤੇ ਬੇਕਿਰਕ ਤਾਂ ਬਣ ਨਹੀਂ ਸਕਦੇ। ਸਿਆਣੇ ਕਹਿੰਦੇ ਹਨ ਕਿ ਜਿਸਨੇ ਲਾਈ ਲੋਈ ਉਸਦਾ ਕੀ ਕਰੇਗਾ ਕੋਈ।ਣ ਲੋਕਾਂ ਨੇ ਲੁੱਚਾ ਸਿੰਘ ਲੰਗਾਹ ਦਾ ਕੀ ਕਰ ਲਿਆ ਹੈ, ਜੀਹਦੀਆਂ ਨੀਲੀਆਂ ਫਿਲਮਾਂ ਲੋਕਾਂ ਨੇ ਲੁੱਕ ਲੁੱਕ ਕੇ ਦੇਖੀਆਂ ਹਨ। ਉਧਰ ਫੌਜਾ ਸਿੰਘ ਸਰਾਰੀ ਕਹਿੰਦਾ ਸੀ ਕਿ ਮੈਂ ਤਾਂ ਕਦੇ ਕਿਸੇ ਤੋਂ ਆਨਾ ਨਹੀਂ ਲਿਆ। ਜਿਸ ਤੋਂ ਲਿਆ ਲੱਖਾਂ ਰੁਪਏ ਮੇਰੇ ਪੀ ਏ ਨੇ ਲਿਆ।
ਉਸਨੂੰ ਪੁੱਛਿਆ ਜਾ ਸਕਦਾ ਹੈ ਕਿ ਉਸਨੇ ਐਡੀ ਵੱਡੀ ਕੋਠੀ ਕਿਵੇਂ ਬਣਾਈ ਹੈ ਤੇ ਉਸ ਨੇ ਥਾਰ ਕਿਥੋਂ ਲਈ ਹੈ। ਉਹ ਥਾਰ ਵਾਲ਼ੀ ਹੌਲਦਾਰਨੀ ਵਰਗਾ ਐਨਾ ਚੁਸਤ ਚਲਾਕ ਨਹੀਂ, ਕਿ ਬੈਂਕ ਤੋਂ ਕਰਜ਼ਾ ਬਿਨਾਂ ਮਹਿਕਮੇ ਦੀ ਪ੍ਰਵਾਨਗੀ ਤੋਂ ਲੈ ਲਵੇ। ਪੁਲਿਸ ਵਾਲ਼ੀ ਬੀਬੀ ਦੀ ਗੱਲ ਤੋਂ ਇੱਕ ਹੋਰ ਗੱਲ ਯਾਦ ਆਈ ਹੈ। ਬਠਿੰਡੇ ਦੇ ਮਗਰਮੱਛਾਂ ਨੇ ਮਾਸਟਰ ਕਿਉਂ ਮਾਰਿਆ ਹੈ, ਕੀ ਉਹਨਾਂ ਨੇ ਕੋਈ ਸੁਪਾਰੀ ਲਈ ਹੈ? ਸੁਪਾਰੀ ਤੋਂ ਗੱਲ ਚੇਤੇ ਆਉਂਦੀ ਹੈ, ਸਾਡੇ ਇਲਾਕੇ ਵਿੱਚ ਇੱਕ ਡਾਬਾ ਬੜਾ ਚੱਲਦਾ ਸੀ, ਨਾਲ ਹੀ ਕਿਸੇ ਦਾ ਵਧੀਆ ਹੋਟਲ ਸੀ, ਉਹ ਸਾਰਾ ਦਿਨ ਮੱਖੀਆਂ ਮਾਰੀ ਜਾਂਦੇ ਸਨ, ਨੌਕਰਾਂ ਦਾ ਖਰਚਾ ਪੂਰਾ ਨਹੀਂ ਸੀ ਹੁੰਦਾ। ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਡਾਢੇ ਵਾਲਿਆਂ ਉਤੇ ਰੇਡ ਪੁਆ, ਪੱਤਰਕਾਰ ਭਾਈਚਾਰੇ ਨੂੰ ਤੰਦੂਰੀ ਚਿਕਨ ਖੁਆ ਤੇ ਖਬਰਾਂ ਲੁਆ ਤੇ ਥਾਣਿਆਂ ਨਾਲ ਆੜੀ ਪਾ। ਫੇਰ ਦੇਖੀ ਕਿਵੇਂ ਹੁੰਦੀ ਹੈ ਤੋਏ ਤੋਏ। ਉਹੀ ਕੰਮ ਹੋਇਆ ਜਿਸ ਦੀ ਸੁਖਬੀਰ ਬਾਦਲ ਵਾਂਗ ਪਹਿਲਾਂ ਹੀ ਸਕ੍ਰਿਪਟ ਬਣਾਈ ਹੋਈ ਸੀ। ਹੁਣ ਡਾਬੇ ਵਾਲਾ ਜੇਲ੍ਹ ਵਿੱਚ ਹੈ ਤੇ ਹੋਟਲ ਵਾਲੇ ਨੇ ਹੋਰ ਹੋਟਲ ਖੋਲ੍ਹ ਦਿੱਤੇ ਹਨ। ਜਿਵੇਂ ਕਹਿੰਦੇ ਹਨ ਕਿ ਪੈਸੇ ਨੂੰ ਪੈਸਾ ਖਿੱਚਦਾ ਹੈ। ਪੈਸਾ ਬਣਾਉਣ ਲਈ ਅਕਲ ਦੀ ਲੋੜ ਹੁੰਦੀ ਹੈ। ਗੁਰੂ ਦੀ ਗੋਲਕ ਦੀ ਕੀਤੀ ਲੁੱਟ ਦੀ ਗੰਦੀ ਖੁੱਦੋ ਉਧੜਨ ਲੱਗੀ ਹੈ। ਵੱਡੇ ਮਗਰਮੱਛਾਂ ਨੂੰ ਬਚਾਉਣ ਲਈ ਛੋਟੇ ਛੋਟੇ ਮਗਰਮੱਛਾਂ ਵਲੋਂ ਬਚਾਉਣ ਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਿੱਤੀਆਂ ਸਫ਼ਾਈਆਂ ਨੂੰ ਕੋਹਲੀ ਦੀ ਗ੍ਰਿਫ਼ਤਾਰੀ ਨੇ ਹੂੰਝਾ ਫੇਰ ਦਿੱਤਾ ਹੈ। ਹੁਣ ਅਗਲੇ ਸਮਿਆਂ ਵਿੱਚ ਕੀ ਹੁੰਦਾ, ਉਹੀ ਜਾਣਦਾ ਹੈ ਜਿਹੜਾ ਇਹ ਖੇਡ ਕਬੱਡੀ ਖੇਡਦਾ ਰਿਹਾ ਹੈ।
ਭਗਵੰਤ ਮਾਨ ਦੇ ਮਾਲਕਾਂ ਨੇ ਪੱਤਰਕਾਰਾਂ ਦੀ ਸੰਘੀ ਘੁੱਟ ਕੇ ਸੁਰੱਖਿਆ ਨੂੰ ਸੰਨ੍ਹ ਲਾਉਣ ਦਾ ਦੋਸ਼ ਲਾਇਆ ਹੈ। ਹੁਣ ਲੋਕਾਂ ਦੀ ਜ਼ੁਬਾਨ ਬੰਦ ਕਰਨ ਲਈ ਨਵੀਆਂ ਸੂਈਆਂ ਤੇ ਕੈਂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਦੋਵੇਂ ਪਾਸੇ ਪੱਟਾਂ ਤੇ ਥਾਪੀਆਂ ਮਾਰ ਕੇ ਵੰਗਾਰਿਆ ਦਾ ਰਿਹਾ ਹੈ। ਕੁੰਢੀਆਂ ਦੇ ਸਿੰਙ ਫਸ ਗਏ ਹਨ। ਸਿਖ ਸਿੱਖਿਆ ਕ੍ਰਾਂਤੀ ਦੀ ਸਫਲਤਾ ਤੋਂ ਬਾਅਦ ਯੁੱਧ ਲੋਕਾਂ ਤੇ ਪੱਤਰਕਾਰਾਂ ਵਿਰੁੱਧ ਸ਼ੁਰੂ ਕਰ ਦਿੱਤਾ ਹੈ। ਬਚ ਕੇ ਮੋੜ ਤੋਂ ਅੱਗੇ ਪੁਲਿਸ ਨਾਕਾ ਹੈ। ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਹੁਣ ਇਹਨਾਂ ਮਗਰਮੱਛਾਂ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਵੇਂ ਤੁਹਾਡੀ ਨਿਸ਼ਕਾਮ ਸੇਵਾ ਕਰਨ ਵਾਲਿਆਂ ਵਾਂਗੂੰ “ਸੇਵਾ” ਕਰ ਜਾਂਦੇ ਹਨ। ਐਨ ਜੀ ਓ ਤੇ ਨਿਸ਼ਕਾਮ ਸੇਵਾ ਕਰਨ ਵਾਲਿਆਂ ਵਲੋਂ ਪਰਦੇ ਪਿੱਛੇ ਉਹ ਕੁੱਝ ਹੁੰਦਾ ਹੈ ਜਿਵੇਂ ਮਸਾਜ ਕਰਨ ਵਾਲੇ, ਬਿਊਟੀ ਪਾਰਲਰ ਵਾਲੇ ਧੰਦਾ ਕਰਦੇ ਹਨ। ਉਹ ਇਲਾਕੇ ਦੇ ਮਗਰਮੱਛਾਂ ਦਾ ਮੂੰਹ ਸੁੱਕਣ ਨਹੀਂ ਦੇਂਦੇ। ਹਰ ਰੋਜ਼ ਉਹਨਾਂ ਮਗਰਮੱਛਾਂ ਨੂੰ ਕੱਚਾ ਤੇ ਪੱਕਾ ਗੋਸ਼ਤ ਸਪਲਾਈ ਕਰਦੇ ਹਨ। ਇਸੇ ਕਰਕੇ ਸਭ ਚੱਲਦਾ ਹੈ, ਇਸੇ ਕਰਕੇ ਕਿਹਾ ਜਾਂਦਾ ਹੈ ਕਿ ਚੱਲਦੀ ਦਾ ਨਾਮ ਗਾੜੀ ਹੈ। ਤੁਸੀਂ ਕਦੇ ਚਲਾਈ ਹੈ ਗਾੜੀ? ਉਂਝ ਘੱਟ ਸਿਹਤ ਵਿਭਾਗ ਦੇ ਮਗਰਮੱਛ ਵੀ ਨਹੀਂ, ਇਹ ਖੁਰਾਕ ਸੁਰੱਖਿਆ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵਾਲਿਆਂ ਨਾਲ ਮਿਲ ਕੇ ਮੱਛੀਆਂ ਛੱਕਦੇ ਹਨ। ਜਦੋਂ ਇਹਨਾਂ ਦਾ ਮਗਰਮੱਛਾਂ ਦਾ ਢਿੱਡ ਭਰਿਆ ਪਿਆ ਹੋਵੇ ਫੇਰ ਉਹਨਾਂ ਨੇ ਕੀ ਲੈਣਾ ਹੈ ਕਿ ਬਾਜ਼ਾਰ ਵਿੱਚ ਹਲਵਾਈਆਂ ਵਲੋਂ, ਸਬਜ਼ੀ ਮੰਡੀ, ਪ੍ਰਚੂਨ ਦੀਆਂ ਦੁਕਾਨਾਂ ਉਤੇ ਮਿਲਾਵਟੀ ਸਾਮਾਨ ਕੀ ਕੀ ਵਿਕਦਾ ਹੈ? ਵਿਕਣ ਤੋਂ ਗੱਲ ਚੇਤੇ ਆ ਗਈ ਹੈ, ਉਹ ਵੀ ਸੁਣ ਲਓ, ਉਂਝ ਤੁਹਾਡੇ ਕੰਨਾਂ ਵਿੱਚ ਮੁੰਦਰਾਂ ਤੇ ਰੂੰ ਵੀ ਥੁੰਨੀ ਹੋਈਂ ਹੈ। ਦਿਖਦਾ ਤੁਹਾਨੂੰ ਖਾਣ ਪੀਣ ਦਾ ਸਮਾਨ ਹੀ ਹੈ, ਬਾਕੀ ਆਲੇ ਦੁਆਲੇ ਕੀ ਹੁੰਦਾ ਹੈ, ਤੁਹਾਨੂੰ ਪਤਾ ਹੋਣ ਤੇ ਵੀ ਪਤਾ ਨਹੀਂ। ਹੈ ਨਾ ਕਮਾਲ ਦੀ ਗੱਲ। ਬੋਲਣਾ ਤੁਹਾਨੂੰ ਆਉਂਦਾ ਨਹੀਂ, ਜੀਭਾਂ ਤੁਹਾਡੀਆਂ ਠਾਕੀਆਂ ਹੋਈਆਂ ਹਨ। ਇਸ ਕਰਕੇ ਤੁਸੀਂ ਪੜ੍ਹੇ ਲਿਖੇ ਮੂਰਖ਼ ਹੋ।
ਪੜ੍ਹੇ ਲਿਖੇ ਤਾਂ ਵਿਦਵਾਨ ਹੁੰਦੇ ਹਨ, ਇਹ ਕਿਵੇਂ ਮਗਰਮੱਛ ਬਣ ਕੇ ਮੱਛੀਆਂ ਦਾ ਸ਼ਿਕਾਰ ਕਰਦੇ ਹਨ। ਇਹਨਾਂ ਕੋਲ ਮੱਛੀਆਂ ਨੂੰ ਫਸਾਉਣ ਲਈ ਤਰ੍ਹਾਂ ਦੇ ਜਾਲ ਹੁੰਦੇ ਹਨ, ਜਿਹੜੀ ਮੱਛੀ ਇਹਨਾਂ ਦੀ ਕੁੰਡੀ ਵਿੱਚ ਨਾ ਫਸੇ ਉਸਨੂੰ ਫੇਰ ਇਹ ਸਾਲਾਂ ਬੱਧੀ ਯੂਨੀਵਰਸਿਟੀ ਦੀ ਪ੍ਰਕਰਮਾ ਕਰਨ ਲਗਾ ਦੇਂਦੇ ਹਨ। ਉਸ ਦੇ ਕੰਮਾਂ ਵਿੱਚ ਨੁਕਸ ਕੱਢਣ ਲਈ ਇਹ ਬਹੁਤ ਮਾਹਰ ਹੁੰਦੇ ਹਨ। ਇਥੋਂ ਤੱਕ ਦੇ ਕਿਧਰੇ ਉਹ ਇਹਨਾਂ ਦੇ ਤਾਲਾਬ ਵਿਚੋਂ ਨਿਕਲ ਜਾਵੇ, ਉਸ ਦਾ ਦੂਜੇ ਤਾਲਾਬਾਂ ਤੱਕ ਪਿੱਛਾ ਕਰਦੇ ਹਨ। ਅੱਜ ਇੱਕ ਗੰਦਾ ਛੱਪੜ ਬਣ ਰਹੀ ਯੂਨੀਵਰਸਿਟੀ ਦਾ ਇੱਕ ਵਿਦਵਾਨ ਚਰਚਾ ਵਿੱਚ ਹੈ। ਉਸ ਕੋਲ ਪਤਾ ਨਹੀਂ ਕੀ ਗਿੱਦੜ ਸਿੰਗੀ ਹੈ, ਉਹ ਆਪਣੀਆਂ ਧੀਆਂ ਵਰਗੀਆਂ ਕੁੜੀਆਂ ਨੂੰ ਹੱਥਾਂ ਉਤੇ ਨਚਾਉਂਦਾ ਹੈ। ਇਸ ਮੁਜਰੇ ਦੇਖਣ ਉਸਦੇ ਹੋਰ ਵੀ ਸਾਥੀ ਹਨ। ਮਹਾਂਭਾਰਤ ਦੀ ਕਥਾ ਤਾਂ ਸੁਣੀ ਹੋਵੇਗੀ। ਚਾਰ ਦਹਾਕੇ ਪਹਿਲਾਂ ਉਹ ਦੂਰਦਰਸ਼ਨ ਉਤੇ ਵਿਸ਼ੇਸ਼ ਤੌਰ ਉੱਤੇ ਦਿਖਾਇਆ ਗਿਆ ਸੀ। ਕਿ ਕਿਵੇਂ ਕੌਰਵਾਂ ਨੇ ਆਪਣੇ ਮਾਮੇ ਸੁਕਨੀ ਦੇ ਕਹੇ ਉਤੇ ਸ਼ਤਰੰਜ ਖੇਡਦਿਆਂ ਸਭ ਕੁੱਝ ਦਾਅ ਉਤੇ ਲਾ ਦਿੱਤਾ ਸੀ। ਆਖਿਰ ਉਹਨਾਂ ਆਪਣੀ ਪਤਨੀ ਦਰੋਪਤੀ ਵੀ ਲਗਾ ਦਿੱਤੀ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਨੂੰ ਦਰੋਪਤੀ ਵਾਂਗੂੰ ਦਾਅ ਉਤੇ ਲਗਾਇਆ ਹੈ। ਬਿਨਾਂ ਸੁਰੱਖਿਆ ਤੇ ਮਹਿਲਨੁਮਾ ਘਰ ਵਿੱਚ ਨਾ ਰਹਿਣ ਦੇ ਝੂਠੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਉਸਨੂੰ ਇਹ ਅੱਕ ਚੱਬਣ ਲਈ ਮਜਬੂਰ ਕੀਤਾ ਹੈ। ਹੁਣ ਬਾਜ਼ੀ ਪੁੱਠੀ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਆਪੇ ਬਣਿਆ ਵਾਰਿਸ ਭਗਵੰਤ ਮਾਨ ਹੁਣ ਧਮਕੀਆਂ ਦੇਣ ਲੱਗਿਆ ਹੋਇਆ ਸੀ। ਉਹ ਵੋਟਰਾਂ ਨੂੰ ਡਰਾਉਣ ਲੱਗਿਆ ਹੋਇਆ ਸੀ, ਕਹਿੰਦਾ ਦੇ ਤੁਸੀਂ ਕੋਈ ਹੋਰ ਵਿਧਾਇਕ ਚੁਣਿਆ ਤਾਂ ਸਰਕਾਰ ਤਾਂ ਸਾਡੀ ਹੈ। ਕੰਮ ਕਿਸ ਤੋਂ ਕਰਵਾਂਗੇ? ਅਗਲੇ ਕੋਲ ਸਰਕਾਰ ਹੈ, ਪੁਲਿਸ ਤੇ ਗੋਦੀ ਮੀਡੀਆ ਹੈ। ਉਹ ਕੁੱਝ ਵੀ ਕਰ ਤੇ ਕਰਵਾ ਸਕਦਾ ਹੈ। ਕੀ ਹੋਇਆ ਦੇ ਅਜੇ ਖਿਡਾਰੀਆਂ ਤੇ ਗਾਇਕ ਮੂਸੇ ਵਾਲੇ ਦੇ ਕਾਤਲ ਨਹੀਂ ਫੜੇ। ਸਰਕਾਰ ਪਚਾਸੀ ਹਜ਼ਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਉਹਨਾਂ ਨੂੰ ਕਿਹੜੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ, ਇਸ ਬਾਰੇ ਜਾਂਚ ਪੜਤਾਲ ਕਰਨ ਲਈ ਸਿੱਟ ਬਣਾ ਦਿੱਤੀ ਗਈ ਹੈ।
ਇਹੋ ਹਾਲ ਸਾਹਿਤਕ ਸੰਸਥਾਵਾਂ ਦਾ ਬਣਿਆ ਹੋਇਆ ਹੈ, ਜਿਹੜਾ ਇੱਕ ਵਾਰ ਕੁਰਸੀ ਉਪਰ ਬਹਿ ਜਾਂਦਾ ਹੈ, ਉਹ ਆਪਣੇ ਆਪ ਨੂੰ ਮਾਲਕ ਹੀ ਸਮਝਣ ਲੱਗ ਪੈਂਦਾ ਹੈ। ਉਹ ਭੁੱਲ ਜਾਂਦੇ ਹਨ ਕਿ ਉਹ ਮਾਲਕ ਨਹੀਂ ਸਗੋਂ ਨੌਕਰ ਹਨ। ਮਾਲਕ ਤਾਂ ਵੋਟਰ ਹੁੰਦੇ ਹਨ। ਜਿਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਵੋਟਰਾਂ ਨੇ ਵੱਡੇ ਵੱਡੇ ਮਹਾਂਰਥੀ ਆਗੂਆਂ ਦੇ ਪਤੀਲੇ ਮੂਝੇ ਮਾਰੇ ਸਨ। ਅਗਲੀ ਬਾਰੀ ਉਹਨਾਂ ਦੇ ਵੀ ਵੱਜਣਗੇ। ਜਿਹੜੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਪੱਲੇ ਝਾੜਦੇ ਰਹੇ ਹਨ। ਗੱਲ ਫਰਸ਼ ਤੇ ਸਾਬਣ ਵਾਂਗੂੰ ਤਿਲਕ ਗਈ ਹੈ। ਜੇ ਗੱਲ ਤਿਲਕਣ ਨਾਲ ਸਰ ਜਾਂਦੀ ਤਾਂ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪਟਿਆਲੇ ਦੇ ਮਗਰਮੱਛਾਂ ਦੀ ਸੀਬੀਆਈ ਜਾਂਚ ਪੜਤਾਲ ਨਹੀਂ ਸੀ ਹੋਣੀ। ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਆਮ ਲੋਕਾਂ ਨੂੰ ਫੜ ਕੇ ਕੁੱਟਣ ਮਾਰਨ ਵਾਲੇ ਹੁਣ ਆਪਣੀਆਂ ਜਾਨਾਂ ਬਚਾਉਣ ਲਈ ਰੂਪੋਸ਼ ਹਨ। ਜਿਹਨਾਂ ਦੇ ਕਹੇ ਉਹਨਾਂ ਨੇ ਇਹ ਚੰਦ ਚਾੜੇ ਹਨ, ਉਹ ਪਹਿਲਾਂ ਬਚਾਉਣ ਲੱਗੇ ਰਹੇ। ਹੁਣ ਉਹ ਵੀ ਚੁੱਪ ਹਨ। ਉਧਰ ਮਾਨਸੇ ਵਾਲਾ ਝੋਟਾ ਲਲਕਾਰੇ ਮਾਰਦਾ ਹੈ ਕਿ ਇਹਨਾਂ ਬਠਿੰਡੇ ਤੇ ਪਟਿਆਲੇ ਵਾਲੇ ਪੁਲਸ ਮੁਲਾਜ਼ਮਾਂ ਨੂੰ ਮੈਨੂੰ ਦਿਓ, ਜੇ ਨਾਂਹ ਤੋਤੇ ਵਾਗੂੰ ਬੋਲਣ ਲਾ ਦੇਵਾਂ। ਇਸੇ ਕਰਕੇ ਉਹਨਾਂ ਨੇ ਥਾਰ ਵਾਲ਼ੀ ਬੀਬੀ ਦਾ ਕੇਸ ਮਾੜਾ ਬਣਾਇਆ ਹੈ। ਕਹਿੰਦੇ ਉਸ ਬੀਬੀ ਦੇ ਅੰਦਰ ਵੀ ਬਹੁਤ ਰਾਜ ਛੁਪੇ ਹੋਏ ਹਨ। ਉਹਨਾਂ ਦੀਆਂ ਪੈੜਾਂ ਵੱਡੇ ਵੱਡੇ ਅਫਸਰਾਂ ਦੇ ਘਰਾਂ ਤੱਕ ਜਾਂਦੀਆਂ ਹਨ।
ਕਿਸੇ ਹੋਰ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਜਾਂਚ ਪੜਤਾਲ ਕਰਨ ਦੀ ਲੋੜ ਹੈ। ਸਭ ਨੂੰ ਪਤਾ ਲੱਗ ਜਾਵੇਗਾ ਕਿ ਇਹਨਾਂ ਮਗਰਮੱਛਾਂ ਨੇ ਕੀ ਕੀ ਛਕਿਆ ਹੈ। ਛਕਣ ਛਕਾਉਣ ਤੋਂ ਕਮੇਟੀ ਵਾਲੇ ਵੀ ਘੱਟ ਨਹੀਂ। ਉਹਨਾਂ ਨੇ ਵੀ ਗੁਰੂ ਦੀ ਗੋਲਕ ਨੂੰ ਆਪਣੇ ਤੇ ਬਾਬਰ ਕਿਆ ਨੂੰ ਛਕਾਉਣ ਲਈ ਲੇਖੇ ਲਗਾਇਆ ਹੈ। ਚਿੱਟੇ ਮਗਰਮੱਛਾਂ ਨੇ ਧਰਮ ਦੇ ਨਾਮ ਉੱਤੇ ਕਿੰਨਿਆਂ ਦਾ ਜੀਵਨ ਸਫ਼ਲਾ ਕੀਤਾ ਹੈ, ਇਹ ਤਾਂ ਉਹਨਾਂ ਦੇ ਡੇਰਿਆਂ ਤੇ ਜਾ ਪਤਾ ਲੱਗ ਜਾਂਦਾ ਹੈ। ਮੱਛੀਆਂ ਖਾਣ ਵਾਲੇ ਮਗਰਮੱਛਾਂ ਵਿੱਚ ਹਰ ਤਰ੍ਹਾਂ ਦੇ ਮਗਰਮੱਛ ਹਨ। ਉਹਨਾਂ ਵਿੱਚ ਪੀਲੇ, ਨੀਲੇ, ਲਾਲ, ਹਰੇ, ਚਿੱਟੇ, ਕਾਲੇ ਚੋਗਿਆਂ ਵਾਲੇ ਜੋਗੀ, ਰੋਗੀ ਤੇ ਭੋਗੀ ਹਨ। ਗੋਲਕਾਂ ਖਾਣ ਵਾਲਿਆਂ ਇਹਨਾਂ ਮਗਰਮੱਛਾਂ ਦੇ ਧੱਕੇ ਚੜ੍ਹਿਆ ਕੋਈ ਨਹੀਂ ਬਚਦਾ। ਉਹ ਸਣੇ ਹੱਡੀਆਂ ਦੇ ਹਜ਼ਮ ਕਰਦਾ ਹੈ। ਇਹ ਮਗਰਮੱਛ ਮੱਛੀਆਂ, ਮੱਝਾਂ, ਗਾਵਾਂ, ਹਿਰਨ, ਸ਼ੇਰ, ਬਘਿਆੜ, ਤੇ ਹਾਥੀ ਨੂੰ ਪੈ ਜਾਂਦੇ ਹਨ। ਹੁਣ ਇਹਨਾਂ ਮਗਰਮੱਛਾਂ ਤੋਂ ਖਹਿੜਾ ਕਿਵੇਂ ਛੁਡਾਇਆ ਜਾਵੇ? ਇਸ ਬਾਰੇ ਕੋਈ ਉਪਾਅ ਹੋਵੇ ਤਾਂ ਜ਼ਰੂਰ ਸਾਂਝਾ ਕਰੋ ਜੀ।

ਬੁੱਧ ਸਿੰਘ ਨੀਲੋਂ
9464370823
Share this content:


Post Comment