15 ਅਗਸਤ: ਆਜ਼ਾਦੀ/ਮੁਲਕ ਵੰਡ/ਉਜਾੜਾ/ਯਸ਼ ਪਾਲ
*ਪੰਜ-ਆਬਾਂ ਦੀ ਚੀਸ*
–ਸੁਰਜੀਤ ਪਾਤਰ
ਸਤਲੁਜ ਨੂੰ ਕੁੱਝ
ਸਮਝ ਨਾ ਆਵੇ
ਜਸ਼ਨਾਂ ਵਿੱਚ ਕਿੰਜ ਰੋਵੇ
ਨਾ ਵੀ ਰੋਵੇ
ਤਾਂ ਲਹਿਰਾਂ ਵਿੱਚ
ਲਾਸ਼ਾਂ ਕਿਵੇਂ ਲੁਕੋਵੇ
ਸੁਣਿਆ ਸੀ
ਪਾਣੀ ਨੂੰ ਕੋਈ ਖੰਜਰ
ਚੀਰ ਨਾ ਸਕਿਆ
ਪਰ ਰਾਵੀ ਦੋ ਟੁਕੜੇ ਹੋਏ
ਅਸੀਂ ਤਾਂ ਆਪਣੇ
ਅੱਖੀਂ ਤੱਕਿਆ
ਨਾਲ ਨਮੋਸ਼ੀ
ਪਾਣੀ-ਪਾਣੀ
ਹੋਏ ਝਨਾਂ ਦੇ ਪਾਣੀ
ਨਫ਼ਰਤ ਦੇ ਵਿੱਚ
ਡੁੱਬ ਕੇ ਮਰ ਗਈ
ਹਰ ਇੱਕ ਪ੍ਰੀਤ-ਕਹਾਣੀ
ਕਹੇ ਬਿਆਸਾ
ਮੈਂ ਬੇਆਸਾ
ਮੈਂ ਕੀ ਧੀਰ ਧਰਾਵਾਂ
ਇਹ ਰੱਤ ਰੰਗੇ
ਆਪਣੇ ਪਾਣੀ
ਕਿੱਥੇ ਧੋਵਣ ਜਾਵਾਂ
ਜਿਹਲਮ ਆਖੇ
ਚੁੱਪ ਭਰਾਵੋ
ਪਾਣੀ ਦਾ ਕੀ ਰੋਣਾ
ਕਿਸ ਤੱਕਣਾ
ਪਾਣੀ ਦਾ ਹੰਝੂ
ਪਾਣੀ ਵਿੱਚ ਸਮੋਣਾ
ਲਾਸ਼ਾਂ ਭਰੀਆਂ
ਗੱਡੀਆਂ ਘੱਲੀਆਂ
ਤੁਹਫ਼ਿਆਂ ਵਾਂਗ ਭਰਾਵਾਂ
ਮੈਂ ਤਾਂ ਖ਼ੁਦ ਦਰਿਆ ਹਾਂ
ਡੁੱਬ ਕੇ ਕਿਸ ਦਰਿਆ
ਮਰ ਜਾਵਾਂ
ਲਾਸ਼ਾਂ ਭਰੀਆਂ
ਗੱਡੀਆਂ ਜਿਸ ਦਮ
ਲੰਘ ਪੁਲਾਂ ਤੋਂ ਗਈਆਂ
ਦਿਨ ਲੱਥਾ ਜੋ
ਇਸ ਧਰਤੀ ‘ਤੇ
ਅੰਤਿਮ ਸ਼ਾਮਾਂ ਪਈਆਂ
ਫਿਰ ਮੁੜ ਕੇ
ਸੂਰਜ ਨਹੀਂ ਚੜ੍ਹਿਆ
ਹੋਇਆ ਇੰਜ ਹਨੇਰਾ
ਕਦੀ ਕਦੀ
ਕਿਸੇ ਅੱਖ ‘ਚੋਂ ਸਿੰਮਦਾ
ਇੱਕ ਅੱਧ ਬੂੰਦ ਸਵੇਰਾ
ਪੇਸ਼ਕਸ਼:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment