15 ਮਾਰਚ ਤਕ ਭਰਨਾ ਜ਼ਰੂਰੀ, ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਨਵੀਂ ਦਿੱਲੀ, 14 ਮਾਰਚ – ਜੇਕਰ ਤੁਸੀਂ ਅਜੇ ਤਕ ਐਡਵਾਂਸ ਟੈਕਸ ਦੀ ਆਖਰੀ ਕਿਸ਼ਤ ਨਹੀਂ ਭਰੀ ਹੈ, ਤਾਂ ਸਾਵਧਾਨ ਹੋ ਜਾਓ। ਵਿੱਤੀ ਸਾਲ 2025-26 ਲਈ ਐਡਵਾਂਸ ਟੈਕਸ ਦੀ ਚੌਥੀ ਅਤੇ ਅੰਤਿਮ ਕਿਸ਼ਤ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 15 ਮਾਰਚ 2026 ਹੈ। ਜੇਕਰ ਇਸ ਤਾਰੀਖ਼ ਤੱਕ ਟੈਕਸ ਜਮ੍ਹਾ ਨਹੀਂ ਕੀਤਾ ਗਿਆ, ਤਾਂ ਇਨਕਮ ਟੈਕਸ ਵਿਭਾਗ ਵੱਲੋਂ ਵਿਆਜ ਅਤੇ ਪੈਨਲਟੀ ਲਗਾਈ ਜਾ ਸਕਦੀ ਹੈ।
ਕੀ ਹੁੰਦਾ ਹੈ ਐਡਵਾਂਸ ਟੈਕਸ ਸਿਸਟਮ?
ਭਾਰਤ ਵਿਚ ਐਡਵਾਂਸ ਟੈਕਸ ਉਹ ਸਿਸਟਮ ਹੈ ਜਿਸ ਵਿਚ ਟੈਕਸਦਾਤਾ ਪੂਰੇ ਸਾਲ ‘ਚ ਕਿਸ਼ਤਾਂ ‘ਚ ਟੈਕਸ ਜਮ੍ਹਾ ਕਰਦੇ ਹਨ, ਯਾਨੀ ਇਨਕਮ ਟੈਕਸ ਰਿਟਰਨ ਭਰਨ ਵੇਲੇ ਇਕੱਠਾ ਟੈਕਸ ਦੇਣ ਦੀ ਬਜਾਏ, ਸਾਲ ਦੇ ਦੌਰਾਨ ਅਨੁਮਾਨਿਤ ਆਮਦਨ ਦੇ ਅਧਾਰ ‘ਤੇ ਟੈਕਸ ਜਮ੍ਹਾ ਕੀਤਾ ਜਾਂਦਾ ਹੈ। ਟੈਕਸਦਾਤਾਵਾਂ ਨੂੰ ਵਿੱਤੀ ਸਾਲ ਦੀ ਸ਼ੁਰੂਆਤ ‘ਚ ਆਪਣੀ ਸੰਭਾਵੀ ਆਮਦਨ ਦਾ ਅਨੁਮਾਨ ਲਗਾ ਕੇ ਟੈਕਸ ਦੇਣਦਾਰੀ ਤੈਅ ਕਰਨੀ ਹੁੰਦੀ ਹੈ। ਇਸ ਤੋਂ ਬਾਅਦ ਚਾਰ ਵੱਖ-ਵੱਖ ਕਿਸ਼ਤਾਂ ਵਿੱਚ ਐਡਵਾਂਸ ਟੈਕਸ ਜਮ੍ਹਾ ਕੀਤਾ ਜਾਂਦਾ ਹੈ।
ਕਿਸ ਨੂੰ ਦੇਣਾ ਹੁੰਦਾ ਹੈ ਐਡਵਾਂਸ ਟੈਕਸ?
ਜੇਕਰ ਕਿਸੇ ਵਿਅਕਤੀ ਦੀ ਕੁੱਲ ਟੈਕਸ ਦੇਣਦਾਰੀ ₹10,000 ਜਾਂ ਇਸ ਤੋਂ ਵੱਧ ਹੈ ਅਤੇ ਇਹ ਰਕਮ TDS, TCS ਜਾਂ ਹੋਰ ਟੈਕਸ ਕ੍ਰੈਡਿਟ ਤੋਂ ਬਾਅਦ ਵੀ ਬਚਦੀ ਹੈ, ਤਾਂ ਐਡਵਾਂਸ ਟੈਕਸ ਦੇਣਾ ਲਾਜ਼ਮੀ ਹੋ ਜਾਂਦਾ ਹੈ।
ਇਨ੍ਹਾਂ ਲੋਕਾਂ ਨੂੰ ਖਾਸ ਤੌਰ ‘ਤੇ ਐਡਵਾਂਸ ਟੈਕਸ ਦੇਣਾ ਪੈਂਦਾ ਹੈ:
ਫ੍ਰੀਲਾਂਸਰ ਅਤੇ ਕੰਸਲਟੈਂਟ – ਜੋ ਸੁਤੰਤਰ ਰੂਪ ‘ਚ ਸੇਵਾਵਾਂ ਦੇ ਕੇ ਫੀਸ ਕਮਾਉਂਦੇ ਹਨ।
ਕਿਰਾਇਆ ਆਮਦਨ ਵਾਲੇ ਲੋਕ – ਜਿਨ੍ਹਾਂ ਦੀ ਕਮਾਈ ਦਾ ਇੱਕ ਹਿੱਸਾ ਪ੍ਰਾਪਰਟੀ ਦੇ ਕਿਰਾਏ ਤੋਂ ਆਉਂਦਾ ਹੈ।
ਕੈਪੀਟਲ ਗੇਨ ਕਮਾਉਣ ਵਾਲੇ – ਸ਼ੇਅਰ, ਮਿਊਚਲ ਫੰਡ ਜਾਂ ਪ੍ਰਾਪਰਟੀ ਵੇਚਣ ਤੋਂ ਮੁਨਾਫਾ ਕਮਾਉਣ ਵਾਲੇ।
ਵਿਆਜ ਆਮਦਨ ਵਾਲੇ ਲੋਕ – ਫਿਕਸਡ ਡਿਪਾਜ਼ਿਟ (FD) ਜਾਂ ਹੋਰ ਨਿਵੇਸ਼ ਤੋਂ ਵਿਆਜ ਕਮਾਉਣ ਵਾਲੇ।
ਵਾਧੂ ਆਮਦਨ ਵਾਲੇ ਸੈਲਰੀਡ ਕਰਮਚਾਰੀ – ਜਿਵੇਂ ਸ਼ੇਅਰ ਟ੍ਰੇਡਿੰਗ, ਕ੍ਰਿਪਟੋ ਜਾਂ ਕਿਰਾਏ ਤੋਂ ਆਮਦਨ।
ਹਾਲਾਂਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ, ਜਿਨ੍ਹਾਂ ਦੀ ਕੋਈ ਬਿਜ਼ਨਸ ਜਾਂ ਪ੍ਰੋਫੈਸ਼ਨਲ ਆਮਦਨ ਨਹੀਂ ਹੈ, ਉਨ੍ਹਾਂ ਨੂੰ ਐਡਵਾਂਸ ਟੈਕਸ ਦੇਣ ਦੀ ਲੋੜ ਨਹੀਂ ਹੁੰਦੀ। ਪਰ ਇਹ ਛੋਟ ਐਨਆਰਆਈ (NRI) ‘ਤੇ ਲਾਗੂ ਨਹੀਂ ਹੁੰਦੀ।
ਡੈੱਡਲਾਈਨ ਮਿਸ ਕਰਨ ‘ਤੇ ਕੀ ਹੋਵੇਗਾ?
ਜੇਕਰ ਕੋਈ ਟੈਕਸਦਾਤਾ 15 ਮਾਰਚ ਤਕ ਐਡਵਾਂਸ ਟੈਕਸ ਜਮ੍ਹਾ ਨਹੀਂ ਕਰਦਾ ਜਾਂ ਤੈਅ ਰਕਮ ਤੋਂ ਘੱਟ ਟੈਕਸ ਜਮ੍ਹਾ ਕਰਦਾ ਹੈ ਤਾਂ ਇਨਕਮ ਟੈਕਸ ਐਕਟ ਦੀ ਧਾਰਾ 234B ਅਤੇ 234C ਤਹਿਤ ਵਿਆਜ ਲਗਾਇਆ ਜਾ ਸਕਦਾ ਹੈ। ਇਸ ਸਥਿਤੀ ‘ਚ ਬਕਾਇਆ ਟੈਕਸ ‘ਤੇ ਹਰ ਮਹੀਨੇ 1 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ 15 ਮਾਰਚ ਤੱਕ ਕੁੱਲ ਟੈਕਸ ਦੇਣਦਾਰੀ ਦਾ 90% ਤੋਂ ਘੱਟ ਟੈਕਸ ਜਮ੍ਹਾ ਕੀਤਾ ਗਿਆ, ਤਾਂ ਬਾਕੀ ਰਕਮ ‘ਤੇ ਵੀ ਵਿਆਜ ਉਦੋਂ ਤੱਕ ਲੱਗਦਾ ਰਹੇਗਾ ਜਦੋਂ ਤੱਕ ਪੂਰਾ ਟੈਕਸ ਜਮ੍ਹਾ ਨਹੀਂ ਹੋ ਜਾਂਦਾ।
ਐਡਵਾਂਸ ਟੈਕਸ ਦਾ ਪੂਰਾ ਸ਼ਡਿਊਲ
ਇਨਕਮ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ ਐਡਵਾਂਸ ਟੈਕਸ ਚਾਰ ਕਿਸ਼ਤਾਂ ‘ਚ ਜਮ੍ਹਾ ਕੀਤਾ ਜਾਂਦਾ ਹੈ :
15 ਜੂਨ – ਕੁੱਲ ਟੈਕਸ ਦਾ 15%
15 ਸਤੰਬਰ – ਕੁੱਲ ਟੈਕਸ ਦਾ 45%
15 ਦਸੰਬਰ – ਕੁੱਲ ਟੈਕਸ ਦਾ 75%
15 ਮਾਰਚ – ਕੁੱਲ ਟੈਕਸ ਦਾ 100%
ਯਾਨੀ 15 ਮਾਰਚ ਤਕ ਪੂਰੀ ਟੈਕਸ ਦੇਣਦਾਰੀ ਸਾਫ਼ ਕਰਨੀ ਜ਼ਰੂਰੀ ਹੈ। ਜੇਕਰ ਤੁਸੀਂ ਫ੍ਰੀਲਾਂਸਰ ਹੋ, ਨਿਵੇਸ਼ ਤੋਂ ਕਮਾਈ ਕਰਦੇ ਹੋ ਜਾਂ ਤੁਹਾਡੀ ਵਾਧੂ ਆਮਦਨ ਹੈ ਤਾਂ ਸਮੇਂ ਸਿਰ ਐਡਵਾਂਸ ਟੈਕਸ ਜਮ੍ਹਾ ਕਰਨਾ ਜ਼ਰੂਰੀ ਹੈ, ਨਹੀਂ ਤਾਂ ਵਿਆਜ ਦਾ ਬੋਝ ਵਧ ਸਕਦਾ ਹੈ।
Share this content:



Post Comment