Loading Now

100 ਫੀਸਦੀ ‘ਹੋਲ ਵੀਟ ਬ੍ਰੈੱਡ’ ਦੇ ਦਾਅਵੇ ’ਤੇ ਬ੍ਰਿਟਾਨੀਆ ਨੂੰ 1 ਲੱਖ ਰੁਪਏ ਦਾ ਜੁਰਮਾਨਾ

100 ਫੀਸਦੀ ‘ਹੋਲ ਵੀਟ ਬ੍ਰੈੱਡ’ ਦੇ ਦਾਅਵੇ ’ਤੇ ਬ੍ਰਿਟਾਨੀਆ ਨੂੰ 1 ਲੱਖ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ, 27 ਅਕਤੂਬਰ – ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (CCPA) ਨੇ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੰਪਨੀ ’ਤੇ ਆਪਣੀ ਬ੍ਰੈੱਡ ਨੂੰ ‘100 ਫੀਸਦ ਹੋਲ ਵੀਟ ਬ੍ਰੈੱਡ’ ਦੱਸ ਕੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ, ਜਦੋਂ ਕਿ ਤਿਆਰ ਉਤਪਾਦ ਵਿੱਚ ਕਣਕ ਦਾ ਆਟਾ ਮਹਿਜ਼ 62 ਫ਼ੀਸਦ ਦੇ ਕਰੀਬ ਸੀ। 22 ਅਕਤੂਬਰ ਦੇ ਹੁਕਮ ਵਿੱਚ ਉਪਭੋਗਤਾ ਸੰਸਥਾ ਨੇ ਕੰਪਨੀ ਨੂੰ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ’ਤੇ ਇਸ ਇਸ਼ਤਿਹਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਬ੍ਰਿਟਾਨੀਆ ਨੂੰ 15 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਸੌਂਪਣ ਲਈ ਵੀ ਕਿਹਾ ਗਿਆ ਹੈ। ਅਥਾਰਟੀ ਨੇ ਉਤਪਾਦ ਦੇ ਮੁੱਖ ਦਾਅਵੇ ‘100 ਫੀਸਦ ਹੋਲ ਵੀਟ ਬ੍ਰੈੱਡ’ ਅਤੇ ਇਸ ਦੀ ਅਸਲ ਸਮੱਗਰੀ ਵਿਚਕਾਰ ਅੰਤਰ ਪਾਏ ਜਾਣ ਤੋਂ ਬਾਅਦ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਸੀ।

ਹੁਕਮ ਵਿੱਚ ਨੋਟ ਕੀਤਾ ਗਿਆ ਕਿ ਬ੍ਰੈੱਡ ਵਿੱਚ ਲਗਪਗ 62 ਫ਼ੀਸਦ ਕਣਕ ਦਾ ਆਟਾ ਸੀ, ਜਦੋਂ ਕਿ ਬਾਕੀ ਹਿੱਸੇ ਵਿੱਚ ਪਾਣੀ, ਈਸਟ (ਖਮੀਰ), ਕਣਕ ਦੀ ਭੂਸੀ ਅਤੇ ਹੋਰ ਚੀਜ਼ਾਂ ਸ਼ਾਮਲ ਸਨ। ਕੰਪਨੀ ਦੀ ਸਫ਼ਾਈ ਨੂੰ ਰੱਦ ਕਰਦਿਆਂ ਅਥਾਰਟੀ ਨੇ ਕਿਹਾ ਕਿ ‘100 ਫੀਸਦ’ ਦੀ ਵਰਤੋਂ ਇਹ ਪ੍ਰਭਾਵ ਦਿੰਦੀ ਹੈ ਕਿ ਪੂਰਾ ਉਤਪਾਦ ਕਣਕ ਦੇ ਆਟੇ ਤੋਂ ਬਣਿਆ ਹੈ। ਬ੍ਰਿਟਾਨੀਆ ਨੇ ਦਲੀਲ ਦਿੱਤੀ ਸੀ ਕਿ ਇਹ ਦਾਅਵਾ ਬ੍ਰੈੱਡ ਵਿੱਚ ਵਰਤੇ ਗਏ ਆਟੇ ਨਾਲ ਸਬੰਧਤ ਸੀ ਅਤੇ ਉਤਪਾਦ ਵਿੱਚ ਮੈਦਾ ਸ਼ਾਮਲ ਨਹੀਂ ਸੀ। ਕੰਪਨੀ ਨੇ ਪੈਕਿੰਗ ’ਤੇ ਲਿਖੀ ਛੋਟੀ ਲਾਈਨ ਦਾ ਹਵਾਲਾ ਵੀ ਦਿੱਤਾ। ਹਾਲਾਂਕਿ ਅਥਾਰਟੀ ਨੇ ਕਿਹਾ ਕਿ ਛੋਟੇ ਅੱਖਰਾਂ ਵਿੱਚ ਲਿਖੀ ਸ਼ਰਤ ਪੈਕੇਜਿੰਗ ’ਤੇ ਕੀਤੇ ਗਏ ਵੱਡੇ ਦਾਅਵੇ ਨੂੰ ਝੂਠਾ ਨਹੀਂ ਠਹਿਰਾ ਸਕਦੀ। ਅਥਾਰਟੀ ਨੇ ਫੂਡ ਸੇਫਟੀ ਨਿਯਮਾਂ ਦਾ ਹਵਾਲਾ ਵੀ ਦਿੱਤਾ, ਜਿਨ੍ਹਾਂ ਅਨੁਸਾਰ ਕਿਸੇ ਉਤਪਾਦ ਨੂੰ ‘ਹੋਲ ਵੀਟ ਬ੍ਰੈੱਡ’ ਲੇਬਲ ਕਰਨ ਲਈ ਘੱਟੋ-ਘੱਟ 75 ਫ਼ੀਸਦ ਕਣਕ ਦਾ ਆਟਾ ਹੋਣਾ ਜ਼ਰੂਰੀ ਹੈ। FSSAI ਨੇ ਮਈ 2025 ਵਿੱਚ ਅਜਿਹੇ ਦਾਅਵਿਆਂ ਨੂੰ ਬੰਦ ਕਰਨ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਸੀ।

Share this content:

Post Comment