ਹੰਗਰੀ ਵਿੱਚ ਔਰਬਨ ਸਾਮਰਾਜ ਦਾ ਪਤਨ
ਜਦੋਂ ਵਿਕਟਰ ਔਰਬਨ ਦੀ ਫਿਡੈਸ (Fidesz) ਪਾਰਟੀ 2022 ਵਿੱਚ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਈ ਸੀ ਤਾਂ ਉਸ ਸਮੇਂ ਔਰਬਨ ਨੇ ਗੁਮਾਨ ਭਰੀ ਟਿੱਪਣੀ ਕੀਤੀ ਸੀ: ‘‘ਅਸੀਂ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ ਕਿ ਤੁਸੀਂ ਇਸ ਨੂੰ ਚੰਦਰਮਾ ਤੋਂ ਦੇਖ ਸਕਦੇ ਹੋ।’’ ਹੰਗਰੀ ਦੀ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਸਾਲ 1989 ਤੋਂ ਬਾਅਦ ਪ੍ਰਾਪਤ ਕੀਤੀ ਗਈ ਇਹ ਸਭ ਤੋਂ ਵੱਡੀ ਜਿੱਤ ਸੀ, ਪਰ ਸਿਆਸਤ ਦਾ ਪਹੀਆ ਇੰਨੀ ਤੇਜ਼ੀ ਨਾਲ ਘੁੰਮਿਆ ਕਿ ਉਸ ਟਿੱਪਣੀ ਤੋਂ ਮਹਿਜ਼ ਚਾਰ ਸਾਲਾਂ ਬਾਅਦ 16 ਸਾਲਾਂ ਤੋਂ ਲਗਾਤਾਰ ਚਲੀ ਆ ਰਹੀ ਔਰਬਨ ਦੀ ਹਕੂਮਤ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿ-ਢੇਰੀ ਹੋ ਗਈ। ਫਿਡੈਸ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਅਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ 80 ਸੀਟਾਂ ਦੇ ਭਾਰੀ ਨੁਕਸਾਨ ਕਾਰਨ ਔਰਬਨ ਦੇ ਸਿਆਸੀ ਜੀਵਨ ਉੱਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਔਰਬਨ ਨੂੰ ਪੇਟਰ ਮਾਜਾਰ ਨੇ ਹਰਾਇਆ ਹੈ, ਜੋ ਟਿਸਜ਼ਾ ਪਾਰਟੀ ਦਾ ਆਗੂ ਹੈ।
ਇਹ ਪਾਰਟੀ ਸਿਰਫ਼ ਛੇ ਸਾਲ ਪਹਿਲਾਂ ਬਣੀ, ਪਰ 2024 ਵਿੱਚ ਮਾਜਾਰ ਨੇ ਇਸ ਦੀ ਵਾਗਡੋਰ ਸੰਭਾਲੀ ਤਾਂ ਇਸ ਵਿੱਚ ਨਵੀਂ ਰੂਹ ਫੂਕੀ ਗਈ। ਸਿਰਫ਼ ਦੋ ਸਾਲਾਂ ਦੇ ਅੰਦਰ ਇੱਕ ਵੱਡੀ ਤਾਕਤ ਵਜੋਂ ਉੱਭਰਦਿਆਂ ਟਿਸਜ਼ਾ ਨੇ ਹੁਣ ਪਾਰਲੀਮੈਂਟ ਵਿੱਚ ਦੋ-ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਬੁਡਾਪੈਸਟ ਦੀਆਂ ਗਲੀਆਂ ਵਿੱਚ ਜਸ਼ਨ ਦਾ ਮਾਹੌਲ ਹੈ, ਲੋਕ ਰਾਤ ਭਰ ਕਾਰਾਂ ਦੇ ਹਾਰਨ ਵਜਾ ਕੇ ਅਤੇ ਮੌਜ ਮੇਲਾ ਕਰਦਿਆਂ ਇਸ ਨੂੰ ਇੱਕ ‘ਇਨਕਲਾਬ’ ਵਜੋਂ ਦੇਖ ਰਹੇ ਹਨ। ਅੱਸੀ ਫ਼ੀਸਦੀ ਰਿਕਾਰਡ ਵੋਟਿੰਗ ਇਹ ਦੱਸਦੀ ਹੈ ਕਿ ਹੰਗਰੀ ਦੀ ਜਨਤਾ ਸਿਰਫ਼ ਬਦਲਾਅ ਨਹੀਂ ਸਗੋਂ ਪੁਰਾਣੇ ਨਿਜ਼ਾਮ ਤੋਂ ਪੂਰੀ ਤਰ੍ਹਾਂ ਨਿਜਾਤ ਚਾਹੁੰਦੀ ਸੀ।
ਚਾਰ ਸਾਲ ਪਹਿਲਾਂ ਅਜਿੱਤ ਲੱਗਦਾ ਆਗੂ ਹੁਣ ਇੰਨੀ ਬੁਰੀ ਤਰ੍ਹਾਂ ਕਿਵੇਂ ਹਾਰਿਆ? ਇਸ ਦਾ ਸਭ ਤੋਂ ਵੱਡਾ ਕਾਰਨ ਹੰਗਰੀ ਦੀ ਬਦਹਾਲ ਆਰਥਿਕਤਾ ਹੈ। ਔਰਬਨ ਨੇ ਲੰਮਾ ਸਮਾਂ ਯੂਰੋਪੀਅਨ ਯੂਨੀਅਨ ਦੀਆਂ ਸਬਸਿਡੀਆਂ ਅਤੇ ਰੂਸ ਦੇ ਸਸਤੇ ਤੇਲ ਤੇ ਗੈਸ ਵਿਚਕਾਰ ਸੰਤੁਲਨ ਬਣਾਉਣ ਦੀ ਖੇਡ ਖੇਡੀ। ਰੂਸ ਨੇ ਪਾਕਸ II ਪ੍ਰਮਾਣੂ ਪ੍ਰੋਜੈਕਟ ਵਿੱਚ 10 ਅਰਬ ਯੂਰੋ ਦਾ ਨਿਵੇਸ਼ ਵੀ ਕੀਤਾ, ਪਰ ਇਹ ਸਭ ਕੁਝ ਹੰਗਰੀ ਦੇ ਅੰਦਰੂਨੀ ਆਰਥਿਕ ਸੰਕਟ ਨੂੰ ਢਕਣ ਲਈ ਕਾਫ਼ੀ ਨਹੀਂ ਸੀ। ਜਿਉਂ-ਜਿਉਂ ਵਿਸ਼ਵ ਆਰਥਿਕਤਾ ਸੰਕਟ ਵਿੱਚ ਘਿਰਦੀ ਗਈ ਅਤੇ ਯੂਕਰੇਨ ਜੰਗ ਨੇ ਤੇਲ ਤੇ ਗੈਸ ਦੀਆਂ ਕੀਮਤਾਂ ਨੂੰ ਬਹੁਤ ਵਧਾ ਦਿੱਤਾ ਤਾਂ ਹੰਗਰੀ ਦੀ ਆਰਥਿਕਤਾ ’ਚ ਬਹੁਤ ਨਿਘਾਰ ਆਇਆ। ਸਾਲ 2020 ਤੋਂ ਬਾਅਦ ਹੰਗਰੀ ਵਿੱਚ ਮਹਿੰਗਾਈ ਦਰ 57 ਫ਼ੀਸਦੀ ਤੱਕ ਪਹੁੰਚ ਗਈ, ਜੋ ਯੂਰੋਪੀਅਨ ਯੂਨੀਅਨ ਦੀ ਔਸਤ 28 ਫ਼ੀਸਦੀ ਤੋਂ ਲਗਭਗ ਦੁੱਗਣੀ ਹੈ।
ਔਰਬਨ ਆਪਣੇ ‘ਰਾਸ਼ਟਰਵਾਦੀ ਆਰਥਿਕ ਮਾਡਲ’ ਤਹਿਤ ਸਥਾਨਕ ਪੂੰਜੀਪਤੀਆਂ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਉਦਯੋਗਾਂ ਨੂੰ ਆਪਣੇ ਸਹਿਯੋਗੀਆਂ ਨੂੰ ਸੌਂਪਣ ਦਾ ਤਰੀਕਾ ਵਰਤਦਾ ਸੀ, ਜੋ ਬੁਰੀ ਤਰ੍ਹਾਂ ਫੇਲ੍ਹ ਹੋਇਆ। ਇਸ ਤੋਂ ਇਲਾਵਾ ਮੁਲਕ ਵਿੱਚ ਪ੍ਰਜਣਨ ਦਰ ਵਧਾਉਣ ਲਈ ਜੀ ਡੀ ਪੀ ਦਾ 5 ਫ਼ੀਸਦੀ ਖਰਚਣ ਦੇ ਬਾਵਜੂਦ ਹੰਗਰੀ ਦੀ ਆਬਾਦੀ ਵਿੱਚ 5 ਲੱਖ ਦੀ ਗਿਰਾਵਟ ਆਈ ਹੈ। ਸਿਹਤ ਸੰਭਾਲ ਪ੍ਰਣਾਲੀ ਦਾ ਇਹ ਹਾਲ ਹੈ ਕਿ 8,500 ਤੋਂ ਵੱਧ ਡਾਕਟਰ ਬਿਹਤਰ ਤਨਖ਼ਾਹਾਂ ਲਈ ਦੇਸ਼ ਛੱਡ ਚੁੱਕੇ ਹਨ। ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੀ ਕਮੀ ਅਤੇ ਵਧਦੇ ਭ੍ਰਿਸ਼ਟਾਚਾਰ ਨੇ ਲੋਕਾਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ। ਜਦ ਜਿਊਣਾ ਦੁੱਭਰ ਹੋਣ ਲੱਗਾ ਅਤੇ ਤਨਖ਼ਾਹਾਂ ’ਚ ਕੋਈ ਸਿਫ਼ਤੀ ਤਬਦੀਲੀ ਨਾ ਹੋਈ ਤਾਂ ਲੋਕਾਂ ਨੇ ਔਰਬਨ ਦੇ ‘ਰਾਸ਼ਟਰਵਾਦ’ ਨੂੰ ਨਕਾਰ ਕੇ ਆਪਣੀ ਰੋਜ਼ੀ-ਰੋਟੀ ਦੇ ਸਵਾਲ ਨੂੰ ਤਰਜੀਹ ਦਿੱਤੀ।
ਮਾਜਾਰ ਅਜਿਹੇ ਸਮੇਂ ਸੱਤਾ ਵਿੱਚ ਆਇਆ ਹੈ ਜਦੋਂ ਵਿਸ਼ਵ ਆਰਥਿਕਤਾ ਡੂੰਘੇ ਸੰਕਟ ਵਿੱਚ ਹੈ। ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਜੰਗ ਕਾਰਨ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਹੰਗਰੀ ਆਪਣੀਆਂ 80 ਫ਼ੀਸਦੀ ਊਰਜਾ ਲੋੜਾਂ ਲਈ ਰੂਸ ’ਤੇ ਨਿਰਭਰ ਹੈ ਅਤੇ ਜੇਕਰ ਉਹ ਯੂਰੋਪੀਅਨ ਯੂਨੀਅਨ ਦੇ ਦਬਾਅ ਹੇਠ ਰੂਸ ਨਾਲੋਂ ਸਬੰਧ ਤੋੜਦਾ ਹੈ ਤਾਂ ਉਸ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ। ਇਸ ਤੋਂ ਇਲਾਵਾ ਬਰੱਸਲਜ਼ ਵੱਲੋਂ ਬਜਟ ਘਾਟਾ ਘਟਾਉਣ ਲਈ ਖਰਚਿਆਂ ਵਿੱਚ ਕਟੌਤੀ ਦਾ ਦਬਾਅ ਮਾਜਾਰ ਲਈ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸੁਧਾਰ ਕਰਨਾ ਲਗਭਗ ਅਸੰਭਵ ਬਣਾ ਦੇਵੇਗਾ। ਹੰਗਰੀ ਵਿੱਚ ਔਰਬਨ ਦਾ ਪਤਨ ਇੱਕ ਯੁੱਗ ਦਾ ਅੰਤ ਹੈ, ਪਰ ਮਾਜਾਰ ਦਾ ਉਭਾਰ ਕਿਸੇ ਅਸਲੀ ਇਨਕਲਾਬ ਦੀ ਗਾਰੰਟੀ ਨਹੀਂ ਹੈ। ਜਦੋਂ ਤੱਕ ਹੰਗਰੀ ਦੀ ਸਿਆਸਤ ਵਿੱਚ ਅਸਲੀ ਕਿਰਤੀਆਂ ਦੀ ਇੱਕ ਅਜਿਹੀ ਪਾਰਟੀ ਦਾ ਉਭਾਰ ਨਹੀਂ ਹੁੰਦਾ, ਜੋ ਦੇਸ਼ ਦੇ ਆਰਥਿਕ ਸਰੋਤਾਂ ਨੂੰ ਕਾਮਿਆਂ ਦੇ ਨਿਯੰਤਰਨ ਹੇਠ ਲਿਆਉਣ ਦਾ ਪ੍ਰੋਗਰਾਮ ਰੱਖਦੀ ਹੋਵੇ, ਉਦੋਂ ਤੱਕ ਇੱਕ ਸੱਜੇ-ਪੱਖੀ ਪਾਰਟੀ ਨੂੰ ਦੂਜੀ ਸੱਜੇ-ਪੱਖੀ ਪਾਰਟੀ ਨਾਲ ਬਦਲਣ ਨਾਲ ਆਮ ਜਨਤਾ ਦੀ ਤਕਦੀਰ ਨਹੀਂ ਬਦਲੇਗੀ।
Share this content:



Post Comment