ਹੇਸਟਿੰਗਜ਼ ਬੁਆਏ’ਜ਼ ਹਾਈ ਸਕੂਲ ਦੇ ਬੋਰਡ ਵਿਚ ਵਿਦਿਆਰਥੀਆਂ ਦੀ ਅਗਵਾਈ ਕਰੇਗਾ ਜਸਰੀਮਨ ਸਿੰਘ
ਔਕਲੈਂਡ, 01 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) – ਬੀਤੇ ਦਿਨੀਂ ਹੇਸਟਿੰਗਜ਼ ਬੁਆਏਜ਼ ਹਾਈ ਸਕੂਲ ਹੇਸਟਿੰਗਜ਼ ਦੇ ਬੋਰਡ ਦੀ ਚੋਣ ਹੋਈ ਜਿਸ ਦੇ ਵਿਚ ਮਾਪਿਆਂ ਵੱਲੋਂ ਪ੍ਰਤੀਨਿਧਾਂ ਦੀ ਚੋਣ, ਸਕੂਲ ਸਟਾਫ ਵੱਲੋਂ ਪ੍ਰਤੀਨਿਧ ਦੀ ਚੋਣ ਅਤੇ ਵਿਦਿਆਰਥੀਆਂ ਵੱਲੋਂ ਪ੍ਰਤੀਨਿਧ ਦੀ ਚੋਣ ਵੋਟਾਂ ਦੇ ਅਧਾਰ ਉਤੇ ਹੋਈ। ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ 13 ਸਾਲਾ ਜਸਰੀਮਨ ਸਿੰਘ ਜੋ ਕਿ ਸਾਲ 9 ਦੀ ਪੜ੍ਹਾਈ ਕਰ ਰਿਹਾ ਹੈ, ਹੁਣ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਸਤੇ ਚੁਣਿਆ ਗਿਆ। 6 ਵਿਦਿਆਰਥੀ ਨਾਮਜ਼ਦ ਸਨ ਅਤੇ 1988 ਤੋਂ ਇਹ ਪਹਿਲੀ ਵਾਰ ਹੋਇਆ ਕਿ ਸਾਲ-9 ਦੀ ਪੜ੍ਹਾਈ ਕਰ ਰਿਹਾ ਬੱਚਾ ਬੋਰਡ ਆਫ ਟ੍ਰਸਟੀ (ਵਿਦਿਆਰਥੀ ਚੁਣਿਆ ਗਿਆ। ਇਸ ਗੱਲ ਦੀ ਪੁਸ਼ਟੀ ਸਕੂਲ ਨੇ ਵੀ ਕੀਤੀ ਹੈ। ਸ. ਹਰਮਨਪ੍ਰੀਤ ਸਿੰਘ ਦਸੂਆ ਅਤੇ ਸਰਦਾਰਨੀ ਰਾਜਵੀਰ ਕੌਰ ਦਾ ਇਹ ਹੋਣਹਾਰ ਬੇਟਾ ਇਸ ਵੇਲੇ 9ਵੀਂ ਕਲਾਸ ਦੇ ਵਿਚ ਪੜ੍ਹਦਾ ਹੈ। ਜਸਰੀਮਨ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ ਜਦੋਂ ਉਹ 3 ਸਾਲਾਂ ਦਾ ਸੀ ਤਾਂ ਨਿਊਜ਼ੀਲੈਂਡ ਆ ਗਿਆ।
ਪੜ੍ਹਾਈ ਤੋਂ ਇਲਾਵਾ ਇਸਨੇ ਸ਼ਤਰੰਜ ਖੇਡ ਦੇ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਉਸਨੇ ਸਾਲ 9 ਦੇ ਹਾਕਸ ਬੇਅ ਰੀਜਨ ਇੰਟਰਮੀਡੀਏਟ ਅਤੇ ਸੈਕੰਡਰੀ ਸਕੂਲ ਸ਼ਤਰੰਜ ਟੂਰਨਾਮੈਂਟ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਟੀਮਾਂ ਦੀ ਤਰਫ਼ੋਂ ਕ੍ਰਾਈਸਟਚਰਚ ਵਿੱਚ ਹੋਈ ਨਿਊਜ਼ੀਲੈਂਡ ਸੈਕੰਡਰੀ ਇੰਟਰ-ਸਕੂਲ ਚੈਂਪੀਅਨਸ਼ਿਪ 2025 ਵਿੱਚ ਹਾਕਸ ਬੇਅ ਦੀ ਨੁਮਾਇੰਦਗੀ ਕੀਤੀ। ਵਰਨਣਯੋਗ ਹੈ ਕਿ ਇਹ ਬੋਰਡ ਆਫ ਟ੍ਰਸਟ ਪੂਰੇ ਸਕੂਲ ਦੀ ਕਾਰਗੁਜ਼ਾਰੀ, ਸਰਕਾਰੀ ਨੀਤੀਆਂ ਦੀ ਪਾਲਣਾ, ਅਗਾਂਹਵਧੂ ਮੋਕੇ ਪ੍ਰਦਾਨ ਕਰਨਾ, ਮੁੱਖ ਅਧਿਆਪਕ ਅਤੇ ਸਟਾਫ ਪ੍ਰਤੀਨਿਧ ਦੇ ਨਾਲ ਮੀਟਿੰਗਾਂ ਦੇ ਵਿਚ ਆਪਣਾ ਪੱਖ ਰੱਖਣਾ ਅਤੇ ਸਕੂਲ ਅਤੇ ਸਕੂਲ ਦੇ ਨਤੀਜਿਆਂ ਨੂੰ ਸ਼ਿਖਰ ਤੱਕ ਲਿਜਾਉਣਾ ਸ਼ਾਮਿਲ ਹੁੰਦਾ ਹੈ। ਇਹ ਚੋਣ ਇਕ ਸਾਲ ਲਈ ਕੀਤੀ ਜਾਂਦੀ ਹੈ।
ਇਸ ਬੱਚੇ ਨੂੰ ਸਥਾਨਿਕ ਕਮਿਊਨਿਟੀ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਸ਼ਾਲਾ! ਇਹ ਨੌਜਵਾਨ ਹੋਰ ਤਰੱਕੀਆਂ ਕਰੇ।
Share this content:



Post Comment