ਹੁਸ਼ਿਆਰਪੁਰ ‘ਚ ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੀ ਹਿਦਾਇਤ
ਹੁਸ਼ਿਆਰਪੁਰ, 13 ਸਤੰਬਰ – ਇੱਥੋਂ ਦੇ ਦੀਪ ਨਗਰ ਦੇ ਬੱਚੇ ਦੀ ਪ੍ਰਵਾਸੀ ਮਜ਼ਦੂਰ ਵਲੋਂ ਕੀਤੀ ਦਰਦਨਾਕ ਹੱਤਿਆ ਤੋਂ ਬਾਅਦ ਜ਼ਿਲ੍ਹੇ ਦੀਆਂ ਕੁਝ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਪ੍ਰਤੀ ਸਖ਼ਤ ਫੈਸਲੇ ਲੈਂਦਿਆਂ ਮਤੇ ਪਾਸ ਕੀਤੇ ਹਨ। ਇਨ੍ਹਾ ਵਿੱਚ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਜਵਾੜਾ ਅਤੇ ਸਾਂਤੀ ਨਗਰ ਦੀਆਂ ਪੰਚਾਇਤਾਂ ਦੀ ਕਾਰਵਾਈ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਦੀਪ ਨਗਰ ਦੇ 5 ਸਾਲਾ ਬੱਚੇ ਹਰਵੀਰ ਸਿੰਘ ਨੂੰ ਅਗਵਾ ਕਰਕੇ ਇੱਕ ਪ੍ਰਵਾਸੀ ਵਲੋਂ ਬੱਚੇ ਦੀ ਹੱਤਿਆ ਕਰਕੇ ਲਾਸ਼ ਸਮਸ਼ਾਨਘਾਟ ਵਿਖੇ ਸੁੱਟ ਦਿੱਤੀ ਗਈ ਸੀ। ਬੱਚੇ ਦੀ ਹੱਤਿਆ ਖਿਲਾਫ਼ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ’ਚ ਪਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵਧਦੀ ਹੀ ਜਾ ਰਹੀ ਹੈ। ਲੋਕਾਂ ਵਲੋਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਮੰਗ ਕੀਤੀ ਜਾਣ ਲੱਗੀ ਹੈ। ਸ਼ਾਂਤੀ ਨਗਰ ਦੀ ਪੰਚਾਇਤ ਵੱਲੋਂ ਜਸਵੀਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੌਰਾਨ ਪੰਚਾਇਤ ਵਲੋਂ ਪਾਸ ਕੀਤੇ ਗਏ ਮਤੇ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੋ ਵੀ ਪ੍ਰਵਾਸ਼ੀ ਸਾਂਤੀ ਨਗਰ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੈ ਉਹ 20 ਸਤੰਬਰ ਤੱਕ ਪਿੰਡ ਛੱਡ ਕੇ ਚਲਾ ਜਾਵੇ।
ਜਿਹੜੇ ਜਾਇਜ਼ ਤਰੀਕੇ ਨਾਲ ਰਹਿ ਰਹੇ ਹਨ, ਉਹ ਵੀ ਸਬੰਧਿਤ ਪੁਲੀਸ ਥਾਣੇ ਤੋਂ ਆਪਣੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਾਉਣ। ਮਤੇ ਵਿੱਚ ਪੱਕੇ ਮਕਾਨ ਬਣਾ ਕੇ ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿਣ ਅਤੇ ਉਨ੍ਹਾਂ ਦੇ ਬੱਚੇ ਕਿਸੇ ਕਿਸਮ ਦੀ ਹੁੱਲੜਬਾਜ਼ੀ ਨਾ ਕਰਨ। ਉਨ੍ਹਾ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਪ੍ਰਵਾਸੀਆਂ ਨੂੰ ਮਕਾਨ ਕਿਰਾਏ ‘ਤੇ ਦਿੱਤੇ ਹੋਏ ਹਨ, ਉਨ੍ਹਾਂ ਪ੍ਰਵਾਸੀਆਂ ਦੇ ਮਾਮਲੇ ਵਿੱਚ ਜ਼ਿੰਮੇਵਾਰੀ ਮਕਾਨ ਮਾਲਕਾਂ ਦੀ ਹੋਵੇਗੀ। ਜੇਕਰ ਅਜਿਹੇ ਪ੍ਰਵਾਸੀਆਂ ਵਲੋਂ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਸਬੰਧਤ ਮਕਾਨ ਮਾਲਕ ਖਿਲਾਫ਼ ਪੰਚਾਇਤ ਵਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Share this content:



Post Comment