ਹੁਣ ਸਾਡਾ ਟੀਚਾ ਹੋਵੇ ਆਰਥਿਕ ਆਜ਼ਾਦੀ
ਭਾਰਤ ਨੇ ਆਜ਼ਾਦੀ ਦੇ 78 ਸਾਲਾਂ ਦੀ ਯਾਤਰਾ ਵਿਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਇਹ ਸਫ਼ਰ ਸਿਰਫ਼ ਰਾਜਨੀਤਕ ਆਜ਼ਾਦੀ ਦਾ ਹੀ ਨਹੀਂ ਸਗੋਂ ਆਤਮ-ਸਨਮਾਨ, ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦਾ ਵੀ ਰਿਹਾ ਹੈ। ਹੁਣ ਜਦੋਂ ਅਸੀਂ 2047 ਵਿਚ ਵਿਕਸਤ ਭਾਰਤ ਬਣਾਉਣ ਦਾ ਸੁਪਨਾ ਦੇਖ ਰਹੇ ਹਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਰਾਸ਼ਟਰ ਪਹਿਲਾਂ’ ਦਾ ਸੰਕਲਪ ਹੀ ਸਾਨੂੰ ਉਸ ਸੁਨਹਿਰੇ ਟੀਚੇ ਤੱਕ ਪਹੁੰਚਾਏਗਾ। ਆਉਣ ਵਾਲੇ 21 ਸਾਲ ਸਾਨੂੰ ਆਰਥਿਕ ਅਤੇ ਤਕਨੀਕੀ ਮਹਾਸ਼ਕਤੀ ਬਣਨ ਦਾ ਮੌਕਾ ਦੇ ਰਹੇ ਹਨ। ਭਾਰਤ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਤਕਨੀਕੀ ਮਾਹਰਾਂ ਨੇ ਦਹਾਕਿਆਂ ਤੋਂ ਆਲਮੀ ਮੰਚ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਅੱਜ ਵੀ ਸਫਲਤਾ ਦੀਆਂ ਗਾਥਾਵਾਂ ਲਿਖੀਆਂ ਜਾ ਰਹੀਆਂ ਹਨ। ਪੁਲਾੜ ਵਿਚ ਚੰਦਰਯਾਨ-3 ਅਤੇ ਮੰਗਲਯਾਨ ਦੀ ਸਫਲਤਾ, ਡਿਜੀਟਲ ਭੁਗਤਾਨ ਪ੍ਰਣਾਲੀ ਦਾ ਅਦੁੱਤੀ ਵਿਸਥਾਰ ਅਤੇ ਵੈਕਸੀਨ ਨਿਰਮਾਣ ਵਿਚ ਵਿਸ਼ਵ ’ਚ ਮੋਹਰੀ ਭੂਮਿਕਾ ਸਾਡੀਆਂ ਸਮਰੱਥਾਵਾਂ ਦੇ ਸਬੂਤ ਹਨ।
ਅੱਜ ਦੁਨੀਆ ਵਿਚ ਅਜ਼ਾਰੇਦਾਰੀ ਦੀ ਲੜਾਈ ਯੁੱਧ ਭੂਮੀ ’ਤੇ ਨਹੀਂ, ਸਗੋਂ ਆਰਥਿਕਤਾ, ਤਕਨੀਕ ਅਤੇ ਇਨੋਵੇਸ਼ਨ ਦੇ ਮੋਰਚੇ ’ਤੇ ਹੋ ਰਹੀ ਹੈ। ਡਾਟਾ, ਡਿਜੀਟਲ ਨੈੱਟਵਰਕ ਅਤੇ ਉੱਨਤ ਤਕਨੀਕ ’ਤੇ ਨਿਯੰਤਰਣ ਰੱਖਣ ਵਾਲੇ ਦੇਸ਼ ਹੀ ਆਉਣ ਵਾਲੇ ਕੱਲ੍ਹ ਦੀ ਆਲਮੀ ਵਿਵਸਥਾ ਤੈਅ ਕਰਨਗੇ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇਸ ਨਵੇਂ ਸਮੀਕਰਨ ਦਾ ਕੇਂਦਰੀ ਸਤੰਭ ਹੈ। ਇਹ ਸਿਹਤ, ਸਿੱਖਿਆ, ਕਿਸਾਨੀ, ਆਵਾਜਾਈ ਅਤੇ ਰੱਖਿਆ-ਹਰ ਖੇਤਰ ਵਿਚ ਬਦਲਾਅ ਲਿਆ ਰਿਹਾ ਹੈ। ਏਆਈ ਸਿਰਫ਼ ਤਕਨੀਕ ਨਹੀਂ ਸਗੋਂ ਆਰਥਿਕ ਸਸ਼ਕਤੀਕਰਨ ਅਤੇ ਰਣਨੀਤਕ ਸਮਰੱਥਾ ਦਾ ਆਧਾਰ ਹੈ। ਨੈਸਕਾਮ ਅਨੁਸਾਰ 2025 ਤੱਕ ਏਆਈ ਅਤੇ ਡਾਟਾ ਭਾਰਤ ਦੀ ਜੀਡੀਪੀ ਵਿਚ ਲਗਪਗ 500 ਅਰਬ ਡਾਲਰ ਦਾ ਯੋਗਦਾਨ ਦੇ ਸਕਦੇ ਹਨ। ਵਰਲਡ ਇਕੋਨੋਮਿਕ ਫੋਰਮ ਦਾ ਅਨੁਮਾਨ ਹੈ ਕਿ 2030 ਤੱਕ ਏਆਈ ਲਗਪਗ ਤਿੰਨ ਕਰੋੜ ਨਵੇਂ ਰੁਜ਼ਗਾਰ ਪੈਦਾ ਕਰ ਸਕਦਾ ਹੈ। ਭਾਰਤ ਇਸ ਖੇਤਰ ਵਿਚ ਪਿੱਛੇ ਰਹਿਣ ਦਾ ਖ਼ਤਰਾ ਨਹੀਂ ਉਠਾ ਸਕਦਾ।
ਏਆਈ ਆਧਾਰਤ ਵੱਖ-ਵੱਖ ਤਕਨੀਕੀ ਪ੍ਰਯੋਗਾਂ ਦਾ ਹਰ ਖੇਤਰ ਵਿਚ ਮੁਲਾਂਕਣ ਕਰਦੇ ਹੋਏ ਉਸ ਨਾਲ ਆਪਣੀਆਂ ਸਮਰੱਥਾਵਾਂ ਅਤੇ ਉਤਪਾਦਕਤਾ ਨੂੰ ਵਧਾਉਣਾ ਜ਼ਰੂਰੀ ਹੈ। ਏਆਈ ਦੀ ਮਦਦ ਨਾਲ ਖੇਤੀ ਵਿਚ ਪੈਦਾਵਾਰ ਦਾ ਪੂਰਵ-ਅਨੁਮਾਨ, ਸਿਹਤ ਵਿਚ ਤੁਰੰਤ ਨਿਦਾਨ, ਸਿੱਖਿਆ ਵਿਚ ਨਿੱਜੀ ਮਾਰਗਦਰਸ਼ਨ ਅਤੇ ਆਫ਼ਤ ਪ੍ਰਬੰਧਨ ਵਿਚ ਸਟੀਕ ਯੋਜਨਾ ਬਣਾ ਕੇ ਅਸੀਂ ਇਨ੍ਹਾਂ ਖੇਤਰਾਂ ਵਿਚ ਉਤਪਾਦਕਤਾ ਅਤੇ ਰੁਜ਼ਗਾਰ ਵਧਾ ਸਕਦੇ ਹਾਂ। ਸਿਰਫ਼ ਤਕਨੀਕ ਦਾ ਇਸਤੇਮਾਲ ਕਰਨਾ ਕਾਫ਼ੀ ਨਹੀਂ ਹੋਵੇਗਾ। ਸਾਨੂੰ ਏਆਈ ਐਲਗੋਰਿਦਮ, ਭਾਸ਼ਾਈ ਮਾਡਲ ਅਤੇ ਹਾਰਡਵੇਅਰ ਹੱਲ ਵੀ ਖ਼ੁਦ ਵਿਕਸਤ ਕਰਨੇ ਹੋਣਗੇ। ਇਹ ਸਾਡੇ ਡਿਜੀਟਲ ਸਵਦੇਸ਼ੀ ਅੰਦੋਲਨ ਦੀ ਮਜ਼ਬੂਤੀ ਲਈ ਵੀ ਬਹੁਤ ਜ਼ਰੂਰੀ ਹੈ। ਅੱਜ ਸਵਦੇਸ਼ੀ ਦਾ ਦਾਇਰਾ ਸਿਰਫ਼ ਕੱਪੜਿਆਂ ਜਾਂ ਕਿਸਾਨੀ ਤੱਕ ਸੀਮਤ ਨਹੀਂ ਹੈ। ਡਿਜੀਟਲ ਯੁੱਗ ਵਿਚ ਇਸ ਦਾ ਮਤਲਬ ਹੈ- ਡਾਟਾ, ਸਾਫਟਵੇਅਰ ਅਤੇ ਹਾਰਡਵੇਅਰ ’ਤੇ ਆਤਮ-ਨਿਰਭਰਤਾ। ਸਰਕਾਰ ਅਨੁਸਾਰ, ਭਾਰਤ ਦੀ ਡਿਜੀਟਲ ਆਰਥਿਕਤਾ ਵਿੱਤੀ ਵਰ੍ਹੇ 2022-23 ਵਿਚ ਰਾਸ਼ਟਰੀ ਆਮਦਨ ਦਾ 11.7 ਪ੍ਰਤੀਸ਼ਤ ਸੀ ਅਤੇ 2030 ਤੱਕ ਇਹ 20 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ। ਇਹ ਕਿਸਾਨੀ ਅਤੇ ਨਿਰਮਾਣ ਤੋਂ ਵੀ ਵੱਡੀ ਸ਼ਕਤੀ ਬਣ ਸਕਦੀ ਹੈ, ਬਸ ਇਹ ਜ਼ਰੂਰੀ ਹੈ ਕਿ ਅਸੀਂ ਤਕਨੀਕੀ ਅਗਵਾਈ ਆਪਣੇ ਹੱਥ ਵਿਚ ਰੱਖੀਏ।
ਭਾਰਤ ਏਆਈ, ਬਾਇਓਟੈਕਨਾਲੋਜੀ, ਗ੍ਰੀਨ ਐਨਰਜੀ ਦੇ ਨਾਲ-ਨਾਲ ਹੁਣ ਕਵਾਂਟਮ ਕੰਪਿਊਟਿੰਗ ਜਿਹੇ ਅਤਿ-ਆਧੁਨਿਕ ਖੇਤਰਾਂ ਵਿਚ ਵੀ ਕਦਮ ਰੱਖ ਰਿਹਾ ਹੈ। ਭਾਰਤ ਨੇ ‘ਨੈਸ਼ਨਲ ਕਵਾਂਟਮ ਮਿਸ਼ਨ’ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਟੀਚਾ 2031 ਤੱਕ ਕਵਾਂਟਮ ਤਕਨੀਕ ਵਿਚ ਵਿਸ਼ਵ ਦੀ ਅਗਵਾਈ ਕਰਨਾ ਹੈ। ਇਸ ਦਿਸ਼ਾ ਵਿਚ ਚੱਲ ਰਹੇ ਖੋਜ ਅਤੇ ਸਟਾਰਟਅੱਪ ਆਉਣ ਵਾਲੇ ਸਾਲਾਂ ਵਿਚ ਡਿਜੀਟਲ ਅਤੇ ਰਾਸ਼ਟਰੀ ਸੁਰੱਖਿਆ, ਇਨੋਵੇਸ਼ਨ ਅਤੇ ਉਦਯੋਗਿਕ ਤਰੱਕੀ ’ਚ ਨਵੇਂ ਬੂਹੇ ਖੋਲ੍ਹ ਸਕਦੇ ਹਨ। ਅੱਜ ਦਾ ਵਿਸ਼ਵ ਮੁਹਾਂਦਰਾ ਵੀ ਸਾਨੂੰ ਇਸ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵਧਣ ਦਾ ਸੰਕੇਤ ਦਿੰਦਾ ਹੈ। ਊਰਜਾ ਸੰਕਟ, ਵਾਤਾਵਰਨ ਸਬੰਧੀ ਚੁਣੌਤੀਆਂ, ਆਰਥਿਕ ਅਸਥਿਰਤਾ ਅਤੇ ਸੁਰੱਖਿਆ ਸਬੰਧੀ ਖ਼ਤਰਿਆਂ ਨਾਲ ਨਿਪਟਣਾ ਹੁਣ ਵਿਸ਼ਵ ਪੱਧਰ ’ਤੇ ਲਾਜ਼ਮੀਅਤ ਬਣ ਚੁੱਕਾ ਹੈ। ਇਨ੍ਹਾਂ ਜਟਿਲ ਹਾਲਾਤ ਵਿਚ ਆਤਮ-ਨਿਰਭਰਤਾ ਸਿਰਫ਼ ਇਕ ਆਰਥਿਕ ਨੀਤੀ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਅਤੇ ਸਥਿਰਤਾ ਦਾ ਵੀ ਆਧਾਰ ਹੈ। ਭਾਰਤ ਆਪਣੇ ਪ੍ਰਾਚੀਨ ਸੱਭਿਆਚਾਰ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਦੇ ਆਧਾਰ ’ਤੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਮਾਡਲ ਪੇਸ਼ ਕਰ ਸਕਦਾ ਹੈ।
ਭਾਰਤ ਕੋਲ ਅੱਜ ਦੁਨੀਆ ਦਾ ਸਭ ਤੋਂ ਵੱਡਾ ਯੁਵਾ ਕਾਰਜਬਲ ਹੈ। ਸਾਡੇ ਕੋਲ ਕੰਮ ਕਰਨ ਵਾਲੀ ਉਮਰ ਦੇ ਲੋਕਾਂ ਦੀ ਗਿਣਤੀ ਇੰਨੀ ਵੱਧ ਹੈ ਕਿ ਜੇਕਰ ਉਨ੍ਹਾਂ ਨੂੰ ਸਹੀ ਦਿਸ਼ਾ, ਸਿੱਖਿਆ ਅਤੇ ਮੌਕੇ ਮਿਲਣ ਤਾਂ ਉਹ ਦੇਸ਼ ਦੀ ਆਰਥਿਕ ਤਰੱਕੀ ਨੂੰ ਬੇਮਿਸਾਲ ਰਫ਼ਤਾਰ ਦੇ ਸਕਦੇ ਹਨ। ਭਾਰਤ ਇੰਟਰਨੈੱਟ ’ਤੇ ਏਆਈ ਸਿੱਖਣ ਵਾਲੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਗਿਣਤੀ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ। ਇਸ ਦਾ ਮਤਲਬ ਹੈ ਕਿ ਰੁਚੀ ਅਤੇ ਉਤਸ਼ਾਹ ਢੁੱਕਵੀਂ ਮਾਤਰਾ ਵਿਚ ਮੌਜੂਦ ਹਨ ਪਰ ਸਿੱਖਣ ਦੀ ਗਿਣਤੀ ਦੇ ਬਾਵਜੂਦ ਕੌਸ਼ਲ ਅਤੇ ਮੁਹਾਰਤ ਦੇ ਪੱਧਰ ਵਿਚ ਹਾਲੇ ਫ਼ਰਕ ਹੈ। ਇਸ ਦਾ ਮਤਲਬ ਹੈ ਕਿ ਜੋ ਸਿੱਖਿਆ ਜਾ ਰਿਹਾ ਹੈ, ਉਸ ਨੂੰ ਡੂੰਘਾਈ ਨਾਲ ਸਮਝਣ ਅਤੇ ਵਿਵਹਾਰਕ ਤੌਰ ’ਤੇ ਲਾਗੂ ਕਰਨ ਦੀ ਸਮਰੱਥਾ ਵਿਚ ਹੋਰ ਸੁਧਾਰ ਦੀ ਜ਼ਰੂਰਤ ਹੈ।
ਜੇਕਰ ਅਸੀਂ ਇਸ ਫ਼ਰਕ ਨੂੰ ਦੂਰ ਕਰਨ ਵਿਚ ਸਫਲ ਹੋਏ ਤਾਂ ਇਹ ਯੁਵਾ ਸ਼ਕਤੀ ਨਾ ਸਿਰਫ਼ ਭਾਰਤ, ਸਗੋਂ ਪੂਰੇ ਵਿਸ਼ਵ ਲਈ ਤਕਨੀਕੀ ਹੱਲ ਤਿਆਰ ਕਰ ਸਕਦੀ ਹੈ। ਭਾਰਤ ਦਾ ਟੀਚਾ ਸਿਰਫ਼ ਤਕਨੀਕੀ ਉਤਪਾਦਾਂ ਅਤੇ ਸੇਵਾਵਾਂ ਦਾ ਆਯਾਤ ਜਾਂ ਉਪਭੋਗ ਨਹੀਂ ਹੋਣਾ ਚਾਹੀਦਾ ਸਗੋਂ ਆਪਣੇ-ਆਪ ਨੂੰ ਤਕਨੀਕੀ ਨਿਰਮਾਤਾ, ਇਨੋਵੇਸ਼ਨ ਅਤੇ ਵਿਸ਼ਵ ਆਗੂ ਦੇ ਤੌਰ ’ਤੇ ਸਥਾਪਤ ਕਰਨਾ ਹੋਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੈ ਜਦ ਅਸੀਂ ਸਾਰੇ ਤਕਨੀਕੀ ਸਿੱਖਿਆ, ਖੋਜ, ਇਨੋਵੇਸ਼ਨ ਅਤੇ ਉਦਯੋਗਸ਼ੀਲਤਾ ਨੂੰ ਕੌਮੀ ਤਰਜੀਹ ਦੇ ਤੌਰ ’ਤੇ ਸੰਜੀਦਗੀ ਨਾਲ ਲਈਏ। ਇਸ ਲਈ ਸਿੱਖਿਆ ਸੰਸਥਾਵਾਂ ਅਤੇ ਖੋਜ ਕੇਂਦਰਾਂ ਨੂੰ ਅਜਿਹਾ ਮਾਹੌਲ ਅਤੇ ਸਰੋਤ ਪ੍ਰਦਾਨ ਕਰਨੇ ਹੋਣਗੇ ਜਿੱਥੇ ਉਨ੍ਹਾਂ ਨੂੰ ਪ੍ਰਯੋਗ, ਇਨੋਵੇਸ਼ਨ ਅਤੇ ਅਗਲੀ ਪੀੜ੍ਹੀ ਦੀਆਂ ਤਕਨੀਕਾਂ ਦੇ ਵਿਕਾਸ ਦਾ ਪੂਰਾ ਮੌਕਾ ਮਿਲੇ। ਸਰਕਾਰ, ਉਦਯੋਗ ਅਤੇ ਅਕਾਦਮਿਕ ਜਗਤ ਮਿਲ ਕੇ ਅਜਿਹਾ ਮਾਹੌਲ ਤਿਆਰ ਕਰਨ ਜੋ ਤਕਨੀਕੀ ਹੁਨਰ ਵਿਕਾਸ, ਸਟਾਰਟਅੱਪ ਸਮਰਥਨ ਅਤੇ ਰੁਜ਼ਗਾਰ ਸਿਰਜਣ ਲਈ ਉਪਯੋਗੀ ਹੋਵੇ। ਸਾਫ਼ ਹੈ ਕਿ 2047 ਦਾ ਭਾਰਤ ਅੱਜ ਦੇ ਫ਼ੈਸਲਿਆਂ ਤੋਂ ਆਕਾਰ ਲਵੇਗਾ। ਜੇਕਰ ਅਸੀਂ ਤਕਨੀਕੀ ਆਤਮ-ਨਿਰਭਰਤਾ, ਖੋਜ ਅਤੇ ਰੁਜ਼ਗਾਰ ਸਿਰਜਣ ਵਿਚ ਸਰਗਰਮ ਹੋਏ ਤਾਂ ਅਗਲੇ ਦੋ ਦਹਾਕੇ ਸਾਨੂੰ ਵਿਸ਼ਵ ਲੀਡਰਸ਼ਿਪ ਦੀ ਅਗਲੀ ਪੰਕਤੀ ਵਿਚ ਖੜ੍ਹਾ ਕਰ ਦੇਣਗੇ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਸਾਨੂੰ ਜੋ ਆਜ਼ਾਦੀ ਦਿੱਤੀ, ਅਸੀਂ ਉਸ ਦਾ ਹੋਰ ਜ਼ਿਆਦਾ ਵਿਸਥਾਰ ਕਰਦੇ ਹੋਏ ਆਰਥਿਕ ਅਤੇ ਤਕਨੀਕੀ ਆਜ਼ਾਦੀ ਨੂੰ ਓਨੀ ਹੀ ਦ੍ਰਿੜ੍ਹਤਾ ਨਾਲ ਹਾਸਲ ਕਰੀਏ।
Share this content:



Post Comment