ਹੁਣ ਗੁਜ਼ਾਰੇ ਜੋਗੀ ਨਹੀਂ, ਜਿਆਦਾ ਅੰਗਰੇਜ਼ੀ ਚੱਲੇਗੀ
-ਮਾਨਤਾ ਪ੍ਰਾਪਤ ਵਰਕ ਵੀਜ਼ਾ ਸਕਿੱਲ ਲੈਵਲ 3 ਦੀਆਂ ਨੌਕਰੀਆਂ ਲਈ ਅੰਗਰੇਜ਼ੀ ਭਾਸ਼ਾ ਦੀ ਸ਼ਰਤ ਲਾਗੂ-ਇਮੀਗ੍ਰੇਸ਼ਨ ਮੰਤਰੀ
-ਨਵੇਂ ਨਿਯਮ 1 ਜੂਨ 2026 ਤੋਂ, ਤੋਂ ਲਾਗੂ ਹੋਣਗੇ
ਔਕਲੈਂਡ, 25 ਮਈ, 2026 (ਹਰਜਿੰਦਰ ਸਿੰਘ ਬਸਿਆਲਾ) -ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਦਾ ਕਹਿਣਾ ਹੈ ਕਿ ਐਕ੍ਰੈਡਿਟਡ ਇੰਪਲਾਇਰ (ਮਾਨਤਾ ਪ੍ਰਾਪਤ) ਵਰਕ ਵੀਜ਼ਾ ਦੇ ਤਹਿਤ ਅੰਗਰੇਜ਼ੀ ਭਾਸ਼ਾ ਦੀਆਂ ਘੱਟੋ-ਘੱਟ ਸ਼ਰਤਾਂ ਨੂੰ ਹੁਣ ਸਕਿੱਲ ਲੈਵਲ 3 (ਹੁਨਰ ਪੱਧਰ 3) ਦੀਆਂ ਨੌਕਰੀਆਂ ਤੱਕ ਵਧਾਇਆ ਜਾ ਰਿਹਾ ਹੈ।
ਨਵੇਂ ਨਿਯਮ ਕਦੋਂ ਤੋਂ ਲਾਗੂ ਹੋਣਗੇ?
1 ਜੂਨ 2026 ਤੋਂ, ਇਹ ਸ਼ਰਤ ANZSCO ਅਤੇ ਨੈਸ਼ਨਲ ਆਕੂਪੇਸ਼ਨ ਲਿਸਟ (NOL) ਦੇ ਸਕਿੱਲ ਲੈਵਲ 3 ਦੀਆਂ ਨੌਕਰੀਆਂ ’ਤੇ ਲਾਗੂ ਹੋਵੇਗੀ, ਜਿਸ ਨਾਲ ਇਹ ਸਕਿੱਲ ਲੈਵਲ 4 ਅਤੇ 5 ਲਈ ਪਹਿਲਾਂ ਤੋਂ ਮੌਜੂਦ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਦੇ ਬਰਾਬਰ ਹੋ ਜਾਵੇਗੀ। ਮੰਤਰੀ ਸਟੈਨਫੋਰਡ ਨੇ ਕਿਹਾ, ਸਕਿੱਲ ਲੈਵਲ 3 ਹੁਣ ਐਕ੍ਰੈਡਿਟਡ ਇੰਪਲਾਇਰ ਵਰਕ ਵੀਜ਼ਾ (ਮਾਨਤਾ ਪ੍ਰਾਪਤ) ਸਮੂਹ ਦਾ ਸਭ ਤੋਂ ਵੱਡਾ ਹਿੱਸਾ ਹੈ। ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਦੀਆਂ ਲਗਭਗ ਅੱਧੀਆਂ ਅਰਜ਼ੀਆਂ ਸਕਿੱਲ ਲੈਵਲ 3 ਦੀਆਂ ਨੌਕਰੀਆਂ ਲਈ ਹਨ, ਜਦੋਂ ਕਿ ਸਕਿੱਲ ਲੈਵਲ 4 ਅਤੇ 5 ਦੋਵਾਂ ਨੂੰ ਮਿਲਾ ਕੇ ਇਹ ਸਿਰਫ਼ 16 ਫੀਸਦੀ ਹੈ। ਬੁਨਿਆਦੀ, ਰੋਜ਼ਾਨਾ ਦੀ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਦੇ ਯੋਗ ਹੋਣਾ ਇਹ ਯਕੀਨੀ ਬਣਾਉਂਦਾ ਹੈ ਕਿ ਕਰਮਚਾਰੀ ਇੱਥੇ ਰਹਿਣ ਦੌਰਾਨ ਆਪਣੇ ਅਧਿਕਾਰਾਂ ਨੂੰ ਸਮਝਣ ਅਤੇ ਕੰਮ ’ਤੇ ਤੇ ਸਮਾਜ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰ ਸਕਣ।
ਅੰਗਰੇਜ਼ੀ ਦਾ ਲੋੜੀਂਦਾ ਪੱਧਰ (Standard) ਕੀ ਹੈ?
ਲੋੜੀਂਦਾ ਮਿਆਰ ਮੌਜੂਦਾ ਬੇਸਲਾਈਨ (IELTS 4.0 ਜਾਂ ਇਸਦੇ ਬਰਾਬਰ) ਹੈ, ਜੋ ਕਿ ਆਮ ਸਥਿਤੀਆਂ ਲਈ ਬੁਨਿਆਦੀ, ਰੋਜ਼ਾਨਾ ਦੀ ਅੰਗਰੇਜ਼ੀ ਨੂੰ ਦਰਸਾਉਂਦਾ ਹੈ, ਨਾ ਕਿ ਅੰਗਰੇਜ਼ੀ ਦਾ ਕੋਈ ਉੱਚਾ ਜਾਂ ਐਡਵਾਂਸ ਪੱਧਰ। ਅਗਸਤ ਵਿੱਚ ਦੋ ਨਵੇਂ ਸਕਿੱਲਡ ਰੈਜ਼ੀਡੈਂਸ ਮਾਰਗਾਂ (Skilled residence pathways) ਦੀ ਸ਼ੁਰੂਆਤ ਦੇ ਨਾਲ, ਇਹ ਵੀ ਮਹੱਤਵਪੂਰਨ ਹੈ ਕਿ ਜੋ ਲੋਕ ਮਿਡ-ਸਕਿੱਲਡ ਨੌਕਰੀਆਂ ਲਈ ਨਿਊਜ਼ੀਲੈਂਡ ਆ ਰਹੇ ਹਨ ਅਤੇ ਪੱਕੇ ਹੋਣ (PR) ਦੀ ਇੱਛਾ ਰੱਖਦੇ ਹਨ, ਉਹ ਘੱਟੋ-ਘੱਟ ਬੁਨਿਆਦੀ, ਰੋਜ਼ਾਨਾ ਦੀ ਅੰਗਰੇਜ਼ੀ ਦੇ ਨਾਲ ਇੱਥੇ ਪਹੁੰਚਣ। ਇਸ ਤੋਂ ਬਾਅਦ ਉਨ੍ਹਾਂ ਕੋਲ ਰੈਜ਼ੀਡੈਂਸੀ ਲਈ ਲੋੜੀਂਦੇ ਅੰਗਰੇਜ਼ੀ ਦੇ ਉੱਚ ਪੱਧਰ ਨੂੰ ਪੂਰਾ ਕਰਨ ਲਈ ਪੰਜ ਸਾਲ ਤੱਕ ਦਾ ਸਮਾਂ ਹੋਵੇਗਾ।
ਇਹ ਨਵੀਂ ਸ਼ਰਤ 1 ਜੂਨ 2026 ਜਾਂ ਉਸ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਅਰਜ਼ੀਆਂ ’ਤੇ ਲਾਗੂ ਹੋਵੇਗੀ, ਅਤੇ ਉਨ੍ਹਾਂ ਲੋਕਾਂ ’ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਕੋਲ ਮੌਜੂਦਾ ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਹੈ ਜੋ 1 ਦਸੰਬਰ 2026 ਤੋਂ ਬਾਅਦ ਖਤਮ ਹੋ ਰਿਹਾ ਹੈ ਅਤੇ ਉਹ ਸਕਿੱਲ ਲੈਵਲ 3 ’ਤੇ ਅਗਲੇ (further) ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਲਈ ਅਪਲਾਈ ਕਰਦੇ ਹਨ।
ਤਰਸ ਦੇ ਅਧਾਰ ’ਤੇ ਜਾਂ ਅੰਤਰਿਮ ਪ੍ਰਬੰਧ (Transitional arrangements): ਅਜਿਹੇ ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਧਾਰਕ ਜਿਨ੍ਹਾਂ ਦੇ ਵੀਜ਼ੇ 1 ਦਸੰਬਰ 2026 ਨੂੰ ਜਾਂ ਉਸ ਤੋਂ ਪਹਿਲਾਂ ਖਤਮ ਹੋ ਰਹੇ ਹਨ, ਉਨ੍ਹਾਂ ਨੂੰ ਆਪਣੀ ਅਧਿਕਤਮ ਨਿਰੰਤਰ ਰਿਹਾਇਸ਼ (maximum continuous stay) ਦਾ ਬਾਕੀ ਸਮਾਂ ਪ੍ਰਾਪਤ ਕਰਨ ਲਈ ਸਕਿੱਲ ਲੈਵਲ 3 ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਲਈ ਅਪਲਾਈ ਕਰਨ ਵੇਲੇ ਇਸ ਨਵੀਂ ਅੰਗਰੇਜ਼ੀ ਭਾਸ਼ਾ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ।
ਪੁਰਾਣੇ ਬਿਨੈਕਾਰ: ਉਹ ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਧਾਰਕ ਜੋ ਪਹਿਲਾਂ ਹੀ ਆਪਣੀ ਪਿਛਲੀ ਅਰਜ਼ੀ ਦੇ ਹਿੱਸੇ ਵਜੋਂ ਘੱਟੋ-ਘੱਟ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦਾ ਸਬੂਤ ਦੇ ਚੁੱਕੇ ਹਨ, ਉਨ੍ਹਾਂ ਨੂੰ ਸ਼ਰਤ ਪੂਰੀ ਕਰਨ ਵਾਲਾ ਹੀ ਮੰਨਿਆ ਜਾਵੇਗਾ।
ਛੋਟਾਂ (Exemptions): ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ (Global Workforce Seasonal Visa) ਅਤੇ ਪੀਕ ਸੀਜ਼ਨਲ ਵੀਜ਼ਾ (Peak Seasonal Visa) ਦੀਆਂ ਐਕ੍ਰੈਡਿਟਡ ਐਂਪਲਾਇਰ ਵਰਕ ਵੀਜ਼ਾ ਅਰਜ਼ੀਆਂ ਲਈ ਅੰਗਰੇਜ਼ੀ ਦੇ ਘੱਟੋ-ਘੱਟ ਮਿਆਰ ਨੂੰ ਪੂਰਾ ਕਰਨਾ ਲਾਜ਼ਮੀ ਨਹੀਂ ਹੈ, ਅਤੇ ਇਹ ਸ਼ਰਤ ਜੌਬ ਚੇਂਜ (Job Change) ਦੀਆਂ ਅਰਜ਼ੀਆਂ ’ਤੇ ਵੀ ਲਾਗੂ ਨਹੀਂ ਹੁੰਦੀ ਹੈ।
Share this content:



Post Comment