ਹਿੰਸਾ ਦੀ ਲਪੇਟ ’ਚ ਲੇਹ
ਲੱਦਾਖ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਅਤੇ ਇਸ ਖੇਤਰ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਵਿਚ ਸ਼ਾਮਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਲੇਹ ਵਿਚ ਜਾਰੀ ਅੰਦੋਲਨ ’ਚ ਹੁਣ ਤੱਕ ਚਾਰ ਲੋਕ ਮਾਰੇ ਗਏ ਅਤੇ 89 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਅੰਦੋਲਨ ਕਿਵੇਂ ਹਿੰਸਕ ਰੂਪ ਧਾਰਨ ਕਰ ਗਿਆ, ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਹਿੰਸਾ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਅੱਗ ਲਾਉਣ ਦੇ ਨਾਲ ਹੀ ਲੱਦਾਖ ਖ਼ੁਦਮੁਖਤਾਰ ਪਰਬਤੀ ਵਿਕਾਸ ਕੌਂਸਲ ਦੇ ਦਫ਼ਤਰ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਵੀਰਵਾਰ ਨੂੰ ਦੂਜੇ ਦਿਨ ਵੀ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਕਰਫਿਊ ਲੱਗਾ ਰਿਹਾ। ਇਹ ਅੰਦੋਲਨ ਹਿੰਸਕ ਹੁੱਲੜਬਾਜ਼ੀ ਵਿਚ ਤਬਦੀਲ ਹੋ ਗਿਆ ਕਿਉਂਕਿ ਵਰਤ ’ਤੇ ਬੈਠੇ ਦੋ ਲੋਕਾਂ ਦੀ ਤਬੀਅਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣਾ ਪਿਆ। ਲੱਦਾਖ ਦੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਭਾਵੇਂ ਹੀ ਲੇਹ ਅਪੈਕਸ ਬਾਡੀ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੀ ਅਗਵਾਈ ਵਿਚ ਹੋ ਰਿਹਾ ਹੋਵੇ ਪਰ ਉਸ ਦੀ ਕਮਾਨ ਮੁੱਖ ਰੂਪ ਨਾਲ ਵਾਤਾਵਰਨ ਤੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੇ ਹੱਥ ਵਿਚ ਸੀ।
ਲੱਗਦਾ ਹੈ ਕਿ ਉਹ ਆਪਣੇ ਅੰਦੋਲਨ ਵਿਚ ਸ਼ਾਮਲ ਲੋਕਾਂ ਅਤੇ ਖ਼ਾਸ ਤੌਰ ’ਤੇ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ ’ਤੇ ਕੰਟਰੋਲ ਨਹੀਂ ਰੱਖ ਸਕੇ। ਇਹ ਠੀਕ ਹੈ ਕਿ ਹਿੰਸਾ ਭੜਕਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਰਤ ਸਮਾਪਤ ਕਰ ਦਿੱਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ ਪਰ ਉਨ੍ਹਾਂ ਨੂੰ ਇਸ ’ਤੇ ਗ਼ੌਰ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਸ਼ਾਂਤੀਪੂਰਨ ਅੰਦੋਲਨ ਨੂੰ ਹਿੰਸਕ ਤੱਤਾਂ ਨੇ ਕਿਵੇਂ ਪਟੜੀ ਤੋਂ ਲਾਹ ਦਿੱਤਾ? ਇਸ ਹਿੰਸਾ ਦੀ ਇਸ ਲਈ ਕੋਈ ਤੁਕ ਨਹੀਂ ਸੀ ਕਿਉਂਕਿ ਗ੍ਰਹਿ ਮੰਤਰਾਲੇ ਨੇ ਛੇ ਅਕਤੂਬਰ ਨੂੰ ਲੱਦਾਖ ਦੇ ਵਫ਼ਦ ਨਾਲ ਅਗਲੇ ਦੌਰ ਦੀ ਗੱਲਬਾਤ ਕਰਨੀ ਯਕੀਨੀ ਬਣਾ ਲਈ ਸੀ। ਇਹ ਗੱਲਬਾਤ ਹੋਣ ਤੋਂ ਪਹਿਲਾਂ ਹੀ ਮੰਗਾਂ ਨੂੰ ਮੰਨਣ ਦੀ ਜ਼ਿੱਦ ਫੜਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਸੀ। ਜਦੋਂ ਲੱਦਾਖ ਜੰਮੂ-ਕਸ਼ਮੀਰ ਦਾ ਹਿੱਸਾ ਸੀ, ਉਦੋਂ ਇਸ ਖੇਤਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਮੰਗ ਹੁੰਦੀ ਸੀ। ਜਦੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਉਸ ਨੂੰ ਇਹ ਦਰਜਾ ਮਿਲ ਗਿਆ ਤਾਂ ਵੱਖ ਸੂਬੇ ਦੀ ਮੰਗ ’ਤੇ ਜ਼ੋਰ ਦਿੱਤਾ ਜਾਣ ਲੱਗਾ।
ਇਸ ਨੂੰ ਸਹੀ ਸਿੱਧ ਕਰਨ ਵਾਲੇ ਤਰਕ ਦਿੱਤੇ ਜਾ ਸਕਦੇ ਹਨ ਪਰ ਉਨ੍ਹਾਂ ’ਤੇ ਜ਼ੋਰ ਦੇਣ ਲਈ ਹਿੰਸਾ ਦੇ ਰਸਤੇ ’ਤੇ ਜਾਣਾ ਜਿੱਥੇ ਮੰਦਭਾਗਾ ਹੈ ਉੱਥੇ ਹੀ ਚਿੰਤਾਜਨਕ ਵੀ ਹੈ। ਲੱਦਾਖ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਦੀ ਮੰਗ ਕਰਨ ਵਾਲੇ ਇਸ ਖੇਤਰ ਲਈ ਆਪਣਾ ਪਬਲਿਕ ਸਰਵਿਸ ਕਮਿਸ਼ਨ ਵੀ ਚਾਹੁੰਦੇ ਹਨ ਅਤੇ ਇਕ ਦੀ ਬਜਾਏ ਦੋ ਲੋਕ ਸਭਾ ਸੀਟਾਂ ਵੀ-ਇਕ ਲੇਹ ਲਈ ਅਤੇ ਦੂਜੀ ਕਾਰਗਿਲ ਵਾਸਤੇ। ਇਹ ਸਹੀ ਹੈ ਕਿ ਜੰਮੂ-ਕਸ਼ਮੀਰ ਦਾ ਹਿੱਸਾ ਹੋਣ ਦੌਰਾਨ ਲੱਦਾਖ ਨੂੰ ਧਾਰਾ-370 ਤਹਿਤ ਜਿਹੜੇ ਵਿਸ਼ੇਸ਼ ਅਧਿਕਾਰ ਮਿਲੇ ਸਨ, ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਸਮਾਪਤ ਹੋ ਗਏ ਪਰ ਇਸ ਨਤੀਜੇ ’ਤੇ ਪੁੱਜਣਾ ਸਹੀ ਨਹੀਂ ਹੋਵੇਗਾ ਕਿ ਇਸ ਨਾਲ ਖੇਤਰ ਦੇ ਲੋਕਾਂ ਦੇ ਸੱਭਿਆਚਾਰ ਅਤੇ ਜ਼ਮੀਨਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ।
Share this content:


Post Comment