ਹਾਈ ਕੋਰਟ ਪਹੁੰਚੀ ਮਮਤਾ ਖ਼ਿਲਾਫ਼ ਲੱਗੇ ‘ਚੋਰ’ ਦੇ ਨਾਅਰੇ
ਕੋਲਕਾਤਾ, 14 ਮਈ – ਬੰਗਾਲ ਦੀ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (TMC) ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਵੀਰਵਾਰ ਨੂੰ ਕਲਕੱਤਾ ਹਾਈ ਕੋਰਟ ਕੰਪਲੈਕਸ ਵਿੱਚ ਭਾਰੀ ਵਿਰੋਧ ਅਤੇ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਚੋਣਾਂ ਤੋਂ ਬਾਅਦ ਹੋਈ ਕਥਿਤ ਹਿੰਸਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੈਰਵੀ ਕਰਨ ਪਹੁੰਚੀ ਮਮਤਾ ਬੈਨਰਜੀ ਜਦੋਂ ਕੋਰਟ ਰੂਮ ਤੋਂ ਬਾਹਰ ਨਿਕਲ ਰਹੀ ਸੀ, ਤਾਂ ਵਕੀਲਾਂ ਦੇ ਇੱਕ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ‘ਚੋਰ-ਚੋਰ’ ਦੇ ਨਾਅਰੇ ਲਗਾਏ। ਚਸ਼ਮਦੀਦਾਂ ਦੇ ਅਨੁਸਾਰ, ਨਾਅਰੇਬਾਜ਼ੀ ਦੌਰਾਨ ਕੁਝ ਅਪਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ। ਇਸ ਤਣਾਅਪੂਰਨ ਸਥਿਤੀ ਦਰਮਿਆਨ ਮਮਤਾ ਨੇ ਵਕੀਲਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੈਨੂੰ ਮਾਰਿਆ ਹੈ। ਅਦਾਲਤ ਵਿੱਚ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਕੋਈ ‘ਬੁਲਡੋਜ਼ਰ ਸਟੇਟ’ ਨਹੀਂ ਹੈ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਨੇ ਅਦਾਲਤ ਵਿੱਚ ਕਿਹਾ – ਕਾਰਵਾਈ ਜਾਰੀ ਹੈ
ਉਨ੍ਹਾਂ ਇਹ ਵੀ ਕਿਹਾ ਕਿ ਮਾਮਲਿਆਂ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਦੂਜੇ ਪਾਸੇ ਪੁਲਿਸ ਨੇ ਅਦਾਲਤ ਵਿੱਚ ਦੱਸਿਆ ਕਿ ਸਾਰੀਆਂ ਘਟਨਾਵਾਂ ਚੋਣਾਂ ਤੋਂ ਬਾਅਦ ਨਹੀਂ ਹੋਈਆਂ ਹਨ। ਇਸ ਦੇ ਨਾਲ ਹੀ ਸਾਰੇ ਮਾਮਲਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਮੁੱਖ ਜੱਜ ਸੁਜੈ ਪਾਲ ਦੀ ਬੈਂਚ ਸਾਹਮਣੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਨਾਲ ਸਬੰਧਤ ਇੱਕ ਜਨਹਿਤ ਪਟੀਸ਼ਨ (PIL) ‘ਤੇ ਸੁਣਵਾਈ ਸੀ। ਵਕੀਲ ਸ਼ੀਰਸ਼ਾਨਿਆ ਬੈਨਰਜੀ ਵੱਲੋਂ ਦਾਇਰ ਇਸ ਕੇਸ ਵਿੱਚ ਮਮਤਾ ਬੈਨਰਜੀ ਖ਼ੁਦ ਵਕੀਲ ਵਜੋਂ ਬਹਿਸ ਕਰਨ ਲਈ ਸਵੇਰੇ ਕਰੀਬ 11 ਵਜੇ ਹਾਈ ਕੋਰਟ ਪਹੁੰਚੀ ਸੀ। ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਾਰ ਤੋਂ ਬਾਅਦ ਬੰਗਾਲ ਵਿੱਚ ਭਾਜਪਾ ਪਹਿਲੀ ਵਾਰ ਸੱਤਾ ਵਿੱਚ ਆਈ ਹੈ। ਚੋਣ ਨਤੀਜਿਆਂ ਤੋਂ ਬਾਅਦ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਿੰਸਾ, ਅਗਜ਼ਨੀ ਅਤੇ ਸਿਆਸੀ ਹਮਲਿਆਂ ਦੇ ਦੋਸ਼ ਲੱਗੇ ਸਨ, ਜਿਸ ਨੂੰ ਲੈ ਕੇ ਅਦਾਲਤ ਵਿੱਚ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।
TMC ਨੇ ਮਮਤਾ ਨੂੰ ਦੱਸਿਆ ‘ਯੋਧਾ’
ਤ੍ਰਿਣਮੂਲ ਕਾਂਗਰਸ ਨੇ ‘X’ (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਔਖੇ ਸਮੇਂ ਵਿੱਚ ਬੰਗਾਲ ਦੇ ਲੋਕਾਂ ਨੂੰ ਕਦੇ ਇਕੱਲਾ ਨਹੀਂ ਛੱਡਦੀ। ਪਾਰਟੀ ਨੇ ਕਿਹਾ ਕਿ ਸੱਚ, ਨਿਆਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਲੜਾਈ ਵਿੱਚ ਉਹ ਲਗਾਤਾਰ ਮੋਹਰੀ ਕਤਾਰ ਵਿੱਚ ਖੜ੍ਹੀ ਰਹਿੰਦੀ ਹੈ।
ਮਮਤਾ ਨੇ ਸਾਲ 1982 ਵਿੱਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਸੀ
ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਸਾਲ 1982 ਵਿੱਚ ਜੋਗੇਸ਼ ਚੰਦਰ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ਕੋਲ ਆਰਟਸ ਵਿੱਚ ਗ੍ਰੈਜੂਏਸ਼ਨ, ਬੀ.ਐੱਡ ਅਤੇ ਪੋਸਟ-ਗ੍ਰੈਜੂਏਸ਼ਨ ਦੀਆਂ ਡਿਗਰੀਆਂ ਵੀ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਦਾਲਤ ਵਿੱਚ ਮਮਤਾ ਬੈਨਰਜੀ ਦੀ ਇਹ ਸਰਗਰਮ ਮੌਜੂਦਗੀ ਸਿਰਫ਼ ਕਾਨੂੰਨੀ ਨਹੀਂ, ਸਗੋਂ ਸਿਆਸੀ ਤੌਰ ‘ਤੇ ਵੀ ਅਹਿਮ ਸੰਦੇਸ਼ ਦੇਣ ਵਾਲੀ ਹੈ।
Share this content:



Post Comment