ਹਰਚਰਨ ਸਿੰਘ ਨੇ ਪਾਕਿਸਤਾਨੀ ਫੌਜ ਵਿੱਚ ਰਚਿਆ ਇਤਿਹਾਸ
ਇਸਲਾਮਾਬਾਦ, 12 ਫਰਵਰੀ – ਗੜੀਧਾਰੀ ਪਾਕਿਸਤਾਨੀ ਸਿੱਖ ਅਫਸਰ ਹਰਚਰਨ ਸਿੰਘ ਨੇ ਪਾਕਿਸਤਾਨੀ ਫੌਜ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਹੁਣ ਲੈਫਟਿਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਇਸ ਉਪਲਬਧੀ ਨਾਲ ਘੱਟ ਗਿਣਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਪਾਕਿਸਤਾਨ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਕਈ ਇਸਾਈ ਪਾਕਿਸਤਾਨੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ, ਪਰ ਇਸ ਤੋਂ ਪਹਿਲਾਂ ਕੋਈ ਵੀ ਹਿੰਦੂ ਜਾਂ ਸਿੱਖ ਇਸ ਦਰਜੇ ਤੱਕ ਨਹੀਂ ਪਹੁੰਚਿਆ ਸੀ। ਜਾਣਕਾਰੀ ਅਨੁਸਾਰ ਹਰਚਰਨ ਸਿੰਘ 2007 ਵਿੱਚ ਸਿਰਫ਼ 20 ਸਾਲ ਦੀ ਉਮਰ ਵਿੱਚ ਕੈਪਟਨ ਵਜੋਂ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਏ ਸਨ।
ਸ਼ੁਰੂਆਤ ਵਿੱਚ ਉਨ੍ਹਾਂ ਨੇ ਆਯੁਧ ਕੋਰ ਵਿੱਚ ਸੇਵਾ ਨਿਭਾਈ। ਬਾਅਦ ਵਿੱਚ ਉਨ੍ਹਾਂ ਨੇ ਖੁਦ ਲੜਾਕੂ ਭੂਮਿਕਾ ਲਈ ਅਰਜ਼ੀ ਦਿੱਤੀ ਅਤੇ ਉਨ੍ਹਾਂ ਨੂੰ ਬਲੂਚ ਰੈਜੀਮੈਂਟ ਦੀ 12ਵੀਂ ਬਟਾਲੀਅਨ ਵਿੱਚ ਤੈਨਾਤ ਕੀਤਾ ਗਿਆ। ਮੁੱਖਰੂਪ ਵਿੱਚ ਸਰਹੱਦੀ ਅਤੇ ਚੁਣੌਤੀਪੂਰਨ ਇਲਾਕਿਆਂ ਵਿੱਚ ਸੇਵਾ ਦੌਰਾਨ ਉਨ੍ਹਾਂ ਨੇ ਮੇਜਰ ਦੇ ਅਹੁਦੇ ‘ਤੇ ਰਹਿੰਦੇ ਹੋਏ ਕਈ ਆਪਰੇਸ਼ਨਾਂ ਵਿੱਚ ਭਾਗ ਲਿਆ। ਉਨ੍ਹਾਂ ਦੀ ਲਗਨ ਅਤੇ ਕਾਬਲਿਅਤ ਦੇ ਮੱਦੇਨਜ਼ਰ ਹੁਣ ਉਨ੍ਹਾਂ ਨੂੰ ਲੈਫਟਿਨੈਂਟ ਕਰਨਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਹਰਚਰਨ ਸਿੰਘ ਦੀ ਇਹ ਉਪਲਬਧੀ ਪਾਕਿਸਤਾਨੀ ਫੌਜ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਲਈ ਇਕ ਮਹੱਤਵਪੂਰਨ ਮੀਲ ਪੱਥਰ ਮੰਨੀ ਜਾ ਰਹੀ ਹੈ।
Share this content:



Post Comment