ਮੇਰੀਆਂ ਲਿਖਤਾਂ-ਮੇਰੇ ਬੋਲ/ਦਲਜੀਤ ਸਿੰਘ ਕਾਹਲੋਂ
ਤਕਰੀਬਨ ਡੇੜ ਕੁ ਦਹਾਕੇ ਤੋਂ ਗਾਹੇ ਬਗਾਹੇ ਅਕਸਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਨਜ਼ਰ ਪੈ ਹੀ ਜਾਂਦੀ ਹੈ ਕਿ ਕੱਲ ਫਲਾਨੇ ਗੁਰਦੁਆਰੇ ਵਿੱਚ ਲੜਾਈ ਹੋਈ ਤੇ ਪੱਗਾਂ ਲੱਥੀਆਂ। ਮੰਨ ਮਾਯੂਸ ਹੋ ਜਾਂਦਾ ਹੈ ਸੱਭ ਸੁਣ ਵੇਖ ਕੇ। ਕੁੱਝ ਦਿਨ ਪਹਿਲਾਂ ਹੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਵੀ ਆਪਣੀ ਪੌਡਕਾਸਟ ਇੰਟਰਵਿਊ ਦੌਰਾਨ ਗੁਰਦਵਾਰਿਆਂ ਵਿੱਚ ਪੱਗਾਂ ਲਹੁਣ ਵਾਲਿਆਂ ਬਾਰੇ ਜ਼ਿਕਰ ਕਰਦੇ ਵੇਖੇ ਗਏ। ਉਹ ਵੀ ਅਕਸਰ ਧਾਰਮਿਕ ਪਵਿੱਤਰ ਸਥਾਨਾਂ ਉੱਪਰ ਐਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਦਾ ਜ਼ਿਕਰ ਕਰਕੇ ਗਿਲਾ-ਛਿਕਵਾ ਕਰਦੇ ਰਹਿੰਦੇ ਹਨ।
ਪਤਾ ਨਹੀਂ ਕਿਉਂ ਨਹੀਂ ਕੋਈ ਧਾਰਮਿਕ ਸਿਰਮੌਰ ਸੰਸਥਾ ਵਲੰਟੀਅਰ ਤੌਰ ਤੇ ਅੱਗੇ ਆ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਕੋਈ ਪੁਖਤਾ ਕਦਮ ਚੁੱਕਦੀ ਜਾਂ ਨੀਤੀ ਘੜਦੀ?ਕਈ ਵੇਰ ਬੜੇ ਸਵਾਲ ਉੱਠਦੇ ਹਨ ਕਿ: – ਕੀ ਇਨ੍ਹਾਂ ਲੋਕਾਂ ਨੂੰ ਪੱਗ ਦੀ ਅਹਿਮੀਅਤ ਦਾ ਪਤਾ ਨਹੀਂ? ਕੀ ਇਹ ਲੋਕ ਇਹ ਨਹੀਂ ਜਾਣਦੇ ਕਿ ਇਹ ਗੁਰੂ ਸਾਹਿਬਾਨ ਵਲੋਂ ਬਖਸ਼ਿਆ ਇੱਕ ਤਾਜ ਹੈ? ਕੀ ਉਹ ਜਾਣਦੇ ਨਹੀਂ , ਜਿਸਦੇ ਸਿਰ ਉੱਪਰ ਇਹ ਤਾਜ ਸਜ ਜਾਂਦਾ ਹੈ , ਉਸਨੂੰ ਆਦਰ ਨਾਲ “ਸਰਦਾਰ ਸਾਹਿਬ” ਸ਼ਬਦ ਨਾਲ ਮੁਖਾਤਿਬ ਕੀਤਾ ਜਾਂਦਾ ਹੈ ? ਕੀ ਉਹ ਜਾਣਦੇ ਨਹੀਂ ਇਹ ਸਰਦਾਰੀਆਂ ਗੁਰੂ ਸਾਹਿਬਾਨ ਵਲੋਂ ਕੁਰਬਾਨੀਆਂ ਦੇ ਕੇ ਸਾਨੂੰ ਬਖਸ਼ੀਆਂ ਗਈਆਂ ਹਨ?ਕੀ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੀ ਉੱਨਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਕਿ ਇਤਨੀ ਬੇਕਦਰੀ ? , ਕਿ ਇਤਨੇ ਅਕਿਰਤਘਣ ਹੋ ਗਏ ਹਨ ਉਹ ਲੋਕ।
ਢੇਰ ਸਾਰੇ ਸਵਾਲ ਹਨ ਉੱਨਾਂ ਕਸੂਰਵਾਰ ਲੋਕਾਂ ਲਈ ਜਿਨ੍ਹਾਂ ਦਾ ਉਹ ਜਵਾਬ ਦੇਣ ਤੋਂ ਅਸਮਰੱਥ ਹੋਣਗੇ। ਦੂਜਾ ਪੱਖ ਇਹ ਵੀ ਹੈ ਕਿ ਉਹ ਲੋਕ ਅਜਿਹੇ ਕਾਰਿਆਂ ਨੂੰ ਇਲਜ਼ਾਮ ਦੇਣ ਲਈ ਗੁਰਦੁਆਰੇ ਹੀ ਕਿਉਂ ਚੁਣਦੇ ਹਨ? ਸ਼ਾਇਦ ਜਾਣਬੁੱਝ ਕੇ ਸਿੱਖੀ ਭੇਸ ਵਿੱਚ (ਘੁਸਪੈਠ ਕਰਕੇ )ਸਿੱਖ ਧਰਮ ਨੂੰ ਬਦਨਾਮ ਤਾਂ ਨਹੀਂ ਕਰਨਾ ਚਹੁੰਦੇ ? ਉਹ ਗੁਰਦੁਆਰਿਆਂ ਨੂੰ ਹੀ ਅਜਿਹੇ ਘਿਨਾਉਣੇ ਕਾਰਿਆਂ ਨੂੰ ਇਲਜ਼ਾਮ ਦੇਣ ਲਈ ਸੁਰੱਖਿਅਤ ਕਿਉਂ ਸਮਝਦੇ ਹਨ? ਸ਼ਾਇਦ ਉਨਾਂ ਨੂੰ ਵੀ ਪਤਾ ਹੈ ਕਿ ਥੋੜੇ ਕੀਤੇ ਅਜਿਹੀ ਜਗ੍ਹਾ ਉੱਪਰ ਪੁਲਿਸ ਨਹੀਂ ਆਏਗੀ।
ਜਾਂ ਕੁੱਟ ਕੁੱਟਾਪੇ ਤੋਂ ਵੀ ਬਚਾਅ ਹੋ ਸਕਦਾ ਹੈ, ਕਿਉਂਕਿ ਕਾਫ਼ੀ ਸੰਗਤ ਹੁੰਦੀ ਹੈ ਛਡਾਉਣ ਲਈ। ਅਗਰ ਅਜਿਹੀ ਪੱਗ-ਲਾਹੂ ਲੜਾਈ ਝਗੜੇ ਦੀ ਵਾਰਦਾਤ ਕਿਤੇ ਬਾਹਰ ਪਬਲਿਕ ਪਲੇਸ ਤੇ ਹੋਈ ਹੋਵੇ ਤਾਂ ਪੁਲਿਸ ਤੁਰੰਤ ਦੋਸ਼ੀ ਨੂੰ ਹੱਥਕੜੀਆਂ ਲਾ ਕੇ ਲੈ ਜਾਵੇਗੀ। ਸੌ ਹੱਥ ਰੱਸਾ ਸਿਰੇ ਤੇ ਗੰਢ , ਇਹੀ ਆਖਾਂਗਾ ਕਿ ਜੋ ਕੁੱਝ ਵੀ ਹੁੰਦਾ ਹੈ ; ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ । ਕਿਸੇ ਤਮਾਸ਼ਬੀਨ ਦੀ ਕਹੀ ਗੱਲ ਚੇਤੇ ਆ ਗਈ ਜੋ ਕਿ ਗੁਰਦੁਆਰਿਆਂ ਦੀਆਂ ਇੰਨਾਂ ਪੱਗ ਲਾਹੂ ਲੜਾਈਆਂ ਦਾ ਗਰੰਟੀਸ਼ੁੱਦਾ ਪੱਕਾ ਇਲਾਜ ਕਰਨ ਬਾਰੇ ਦਾਅਵਾ ਕਰਦਾ ਸੀ।
ਪੁੱਛਣ ਤੇ ਕਹਿਣ ਲੱਗਿਆ ਕਿ ਜੋ ਕਲੀਨ ਸ਼ੇਵ ਸੰਗਤ ਲਈ ਸਕਾਰਫ ਦੀ ਟੋਕਰੀ ਰੱਖਦੇ ਹੋ ਉਸ ਨਾਲ ਇਕ ਟੋਕਰੀ ਵਿੱਚ ਫੌਜ ਵਲੋਂ ਵਰਤੇ ਜਾਣ ਵਾਲੇ ਕੈਮੋਫਲੇਜ ਕਨਸੀਲਮੈਂਟ ਟਰਾਂਸਪੇਰੈਂਟ ਨੈੱਟ ਵੀ ਰੱਖ ਦਿਆ ਕਰੋ । ਜਿਸਨੂੰ ਕੋਈ ਵੀ ਚਾਹਵਾਨ ਪੱਗ ਉੱਪਰ ਪਾ ਕੇ ਠੋਡੀ ਥੱਲੇ ਲੜੀਆਂ ਨਾਲ ਗੰਢ ਦੇ ਸਕਦਾ ਹੈ, ਜਿਵੇਂ ਕਿ ਲੜਾਈ ਦੇ ਮੈਦਾਨ ਵਿੱਚ ਸਿੱਖ ਆਪਣੀ ਪੱਗ ਉੱਪਰ ਦੀ Camouflage Concealment Net ਦੀ ਅਕਸਰ ਵਰਤੋਂ ਕਰਦੇ ਹਨ, ਬੜੇ ਕਾਰਗਰ ਸਿੱਧ ਹੋਣਗੇ।
ਸ਼ਰਤੀਆ ਇਲਾਜ ਹੈ,ਧੌਣ ਤਾਂ ਲਹਿ ਸਕਦੀ ਪਰ ਪੱਗ ਨਹੀਂ ਲਹਿ ਸਕਦੀ ।ਮੈਂ ਸ਼ਰਮਿੰਦਾ ਹੋਇਆ ਗੱਲ ਹਾਸੇ ਪਾ ਕੇ ਟਾਲ ਗਿਆ ; ਇਹੀ ਕਹਿਕੇ, (ਕਿ ਤੇਰੀ ਗੱਲ ਤਾਂ ਮੇਰੇ ਬਚਪਨ ਵਿੱਚ ਕੰਧਾਂ ਉੱਪਰ ਪੰਜਾਬ ਦੇ ਹੈਲਥ ਡਿਪਾਰਟਮੈਂਟ ਵਲੋਂ ਲਿੱਖੀ ਐਡ ਵਾਂਗ ਲਗਦੀ ਹੈ । ਲਿਖਿਆ ਹੁੰਦਾ ਸੀ : “ਮੱਛਰ ਰਹੇਗਾ ਪਰ ਮਲੇਰੀਆ ਨਹੀਂ ਰਹੇਗਾ।” ਜਿੰਨਾ ਦੇ ਹੈਲਥ ਵਰਕਰ ਮਲੇਰੀਆ ਦੀ ਰੋਕਥਾਮ ਲਈ ਘਰ ਘਰ ਜਾ ਕੇ ਕੁਨੈਨ ਦੀਆਂ ਗੋਲੀਆਂ ਫ੍ਰੀ ਵੰਡਦੇ ਹੁੰਦੇ ਸਨ ।) ਗੱਲ ਕਰ ਸੁਣਕੇ ਦੋਵੇਂ ਹੱਸ ਪਏ, ਪਰ ਮਸਲਾ ਸੀਰੀਅਸ ਹੋਣ ਕਰਕੇ ਫਿਰ ਇੱਕ ਦੱਮ ਚੁੱਪ ਜਿਹੇ ਕਰ ਗਏ। ਹੈ ਇਹ ਵਿਚਾਰਨ ਵਾਲੀ ਗੱਲ! ਆਸ ਹੈ ਇਹੋ ਜਿਹੀਆਂ ਕੁਤਾਹੀਆਂ ਕਰਨ ਵਾਲੇ ਭਵਿੱਖ ਵਿੱਚ ਸੰਕੋਚ ਕਰਨਗੇ।
Share this content:


Post Comment