Loading Now

ਸੰਦਲ ਦਾ ਸ਼ਰਬਤ ‘ਪੰਨੂ ਦੀ ਕਹਾਣੀ ਦੀ ਮੁੜ-ਸੁਰਜੀਤੀ/ਚਰਨਜੀਤ ਸਿੰਘ ਪੰਨੂ

ਸੰਦਲ ਦਾ ਸ਼ਰਬਤ ‘ਪੰਨੂ ਦੀ ਕਹਾਣੀ ਦੀ ਮੁੜ-ਸੁਰਜੀਤੀ/ਚਰਨਜੀਤ ਸਿੰਘ ਪੰਨੂ

ਪੰਜਾਬੀ ਦੇ ਚਰਚਿਤ ਆਧੁਨਿਕ ਕਹਾਣੀਕਾਰਾਂ ਵਿਚੋਂ ਚਰਨਜੀਤ ਸਿੰਘ ਪੰਨੂ ਦੀ ਇਹ ਹਥਲੀ ਪੁਸਤਕ ਉਸ ਦਾ ਤੀਜਾ ਕਹਾਣੀ-ਸੰਗ੍ਰਹਿ ਹੈ। ਉਸ ਦੀ ਸਾਹਿੱਤ ਸਿਰਜਣਾ ਦਾ ਸਫ਼ਰ, ਪੁਸਤਕ ਰੂਪ ਵਿਚ 1969 ਈ: ਵਿਚ ‘ਨਾਨਕ ਰਿਸ਼ਮਾਂ’ ਕਾਵਿ ਸੰਗ੍ਰਹਿ ਨਾਲ ਆਰੰਭ ਹੋਇਆ ਸੀ ਅਤੇ ਇਸ ਦੇ ਪਿੱਛੋਂ ਉਸ ਨੇ ‘ਭਟਕਦੀ ਰਾਤ’ 1978 ਅਤੇ ‘ਪੀੜ੍ਹੀਆਂ ਦਾ ਫ਼ਾਸਲਾ – 1979, ਦੋ ਕਹਾਣੀ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਨੂੰ ਅਰਪਿਤ ਕੀਤੇ ਸਨ। ਪਿਛਲੇ ਤਿੰਨ ਦਹਾਕਿਆਂ ਤੋਂ  ਉਸ ਦੀ ਕੋਈ ਵੀ ਪੁਸਤਕ ਪ੍ਰਕਾਸ਼ਿਤ ਨਹੀਂ ਹੋਈ, ਭਾਵੇਂ ਉਹ ਮੱਠੀ ਚਾਲੇ ਕੁੱਝ ਨਾ ਕੁੱਝ ਲਿਖਦਾ ਰਿਹਾ, ਛਪਦਾ ਰਿਹਾ  ਅਤੇ ਸਾਹਿੱਤਿਕ ਸਭਾਵਾਂ ਜਾਂ ਹੋਰ ਅਜਿਹੀਆਂ ਸੰਸਥਾਵਾਂ ਨਾਲ ਜੁੜਿਆ ਰਿਹਾ ਹੈ। ਕੁੱਝ ਸਮੇਂ ਤੋਂ ਉਹ ਮਹਿਸੂਸ ਕਰਨ ਲੱਗਾ ਕਿ ਜਿਵੇਂ ਉਹ ਸਾਹਿੱਤਿਕ ਜਗਤ ਵਿਚ ਪਛੜ ਗਿਆ ਹੋਵੇ, ਪਰ ਅਜਿਹਾ ਨਹੀਂ ਹੈ। ਇਸ ਸਮਾਂ-ਕਾਲ ਖੰਡ’ਚ ਉਸ ਦੀ ਵਿਚਲੀ ਸਾਹਿਤਿੱਕਤਾ ਆਪਣਾ ਪੁਖ਼ਤਾ ਮੁਹਾਂਦਰਾ (ਅੰਦਰੋ ਅੰਦਰੀ) ਘੜਦੀ ਰਹੀ ਹੈ। ਜਿਸ ਦੇ ਸਿੱਟੇ ਵਜੋਂ; ‘ਸੰਦਲ ਦਾ ਸ਼ਰਬਤ’ ਕਹਾਣੀ ਸੰਗ੍ਰਹਿ ਨਾਲ ਉਹ ਮੁੜ ਆਪਣੇ ਪਾਠਕਾਂ ਨਾਲ ਸਾਂਝ ਸਥਾਪਿਤ ਕਰਨ ਵਿਚ ਕਾਮਯਾਬ ਰਿਹਾ ਹੈ।

ਹਥਲੇ ਕਹਾਣੀ ਸੰਗ੍ਰਹਿ ਵਿਚ ਪੰਨੂ ਸਾਹਿਬ ਨੇ ਪੰਦਰਾਂ ਕਹਾਣੀਆਂ ਸਮਿਲਤ ਕੀਤੀਆਂ ਹਨ। ਸਮੁੱਚੇ ਰੂਪ ਵਿਚ ਇਹਨਾਂ ਕਹਾਣੀਆਂ ਵਿਚ ਸਾਡੇ ਕਹਾਣੀਕਾਰ ਨੇ ਪੰਜਾਬੀ ਸਮਾਜਕ, ਸਭਿਆਚਾਰਕ, ਆਰਥਿਕ, ਰਾਜਨੀਤਕ, ਪ੍ਰਸ਼ਾਸਨਿਕ, ਧਾਰਮਿਕ ਅਤੇ ਨੈਤਿਕ ਵਰਤਾਰੇ ਨੂੰ ਯਥਾਰਥਵਾਦੀ ਦ੍ਰਿਸ਼ਟੀ ਤੋਂ ਗ੍ਰਹਿਣ ਕਰਨ ਦਾ ਉਪਰਾਲਾ ਕੀਤਾ ਹੈ। ਉਹ ਅਜੋਕੇ  ਮਨੁੱਖ ਦੀ ਹੋਣੀ, ਭਾਵੀ ਅਤੇ ਸੰਤਾਪ ਦੀ ਹੋਂਦ-ਸਥਿਤੀ ਨੂੰ ਤੀਖਣ ਅਨੁਭਵ ਨਾਲ ਆਪਣੇ ਅੰਦਰ ਸੰਚਿਤ ਕਰਕੇ, ਉਸ ਦਾ ਪੁਖ਼ਤਗੀ ਸਹਿਤ ਨਿਰੂਪਣ ਕਰਦਾ ਹੋਇਆ ਪ੍ਰਤੀਤ ਹੋਇਆ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਵਧੇਰੇ ਕਰਕੇ ਮੱਧ-ਸ਼੍ਰੇਣੀ ਅਤੇ ਨਿਮਨ ਸ਼੍ਰੇਣੀ ਦੇ ਕਿਸਾਨ, ਕਿਰਤੀ, ਔਰਤਾਂ ਅਤੇ ਬੱਚੇ ਹਨ ਜਿਹੜੇ ਆਪਣੇ ਸਾਂਸਕ੍ਰਿਤਿਕ ਮੁੱਲ-ਵਿਧਾਨ ਨਾਲ ਪੀਡੀ ਗੰਢ ਪਾ ਕੇ ਜੁੜੇ ਹੋਏ ਵੀ ਹਨ ਅਤੇ ਆਪਣੀ ਤਕਦੀਰ ਘੜਨ ਲਈ ਸਥਾਪਿਤ ਅਸੰਗਤੀਆਂ ਨਾਲ ਜੂਝਦੇ ਵੀ ਹਨ, ਸੰਘਰਸ਼ ਵੀ ਕਰਦੇ ਹਨ ਅਤੇ ਕਦੇ ਕਦੇ ਹਾਰ-ਹੰਭ  ਕੇ ਟੁੱਟ-ਭੱਜ ਵੀ ਜਾਂਦੇ ਹਨ।

ਇਸ ਕਹਾਣੀਕਾਰ ਦੀ ਸਿਰਜਨਾਤਮਕ ਖ਼ੂਬੀ ਇਹ ਹੈ ਕਿ ਉਸ ਨੇ ਕਿਤੇ ਵੀ ਭਾਂਜਵਾਦੀ ਰਸਤੇ ਨੂੰ ਨਹੀਂ ਅਪਨਾਇਆ, ਸਗੋਂ ਟਕਰਾਓ ਅਤੇ ਸੰਘਰਸ਼ ਦੇ ਜ਼ਰੀਏ ਜੀਵਨ ਪੰਧ ਤੇ ਚਲਣ ਦੀ ਉਸਾਰੂ ਨੀਤੀ ਨੂੰ ਧਾਰਨ ਕੀਤਾ ਹੈ। ਪੰਜਾਬੀਆਂ ਦੇ ਆਪਸੀ ਰਿਸ਼ਤਿਆਂ ਦਾ ਪੇਚੀਦਾ  ਤਾਣਾ ਬਾਣਾ, ਪੁਸ਼ਤ ਦਰ ਪੁਸ਼ਤ ਮਿੱਟੀ ਦਾ ਮੋਹ, ਪ੍ਰਸ਼ਾਸਨਿਕ ਲੁੱਟ-ਖਸੁੱਟ, ਸਮਾਜ ਵਿਚ ਪਸਰਿਆ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਆਦਿ ਅਜਿਹੇ ਮੁੱਖ ਵਿਸ਼ੇ ਹਨ, ਜੋ ਵਿਚਾਰਧਾਰਕ ਪੱਧਰ ਤੇ ਸਫਲਤਾ ਪੂਰਵਕ ਨਿਭਾਏ ਗਏ ਹਨ।

‘ਸੰਦਲ ਦਾ ਸ਼ਰਬਤ’ ਵਿਚਲੀਆਂ ਕਹਾਣੀਆਂ ਦੀ ਭਾਸ਼ਾ ਜਾਂ ਸ਼ਬਦਾਵਲੀ  ਦੀ ਮੁੱਖ ਸੁਰ ਮਾਝੀ ਉਪਬੋਲੀ ਰਹੀ ਹੈ, ਪਰੰਤੂ ਵਧੇਰੇ ਵਾਕਾਂ ਦੇ ਅੰਤ ਤੇ ਦੁਆਬੀ ਉਪਬੋਲੀ ਭਾਰੂ ਹੋਈ  ਪ੍ਰਤੀਤ ਹੋਈ ਹੈ।  ਫਿਰ ਵੀ ਭਾਸ਼ਾ ਦੀ ਸਰਲਤਾ ਇਹਨਾਂ ਕਹਾਣੀਆਂ ਦੀ ਪ੍ਰਾਪਤੀ ਦਾ ਮੁੱਖ ਗੁਣ-ਲੱਛਣ ਹੈ। ਹਲਕੀ-ਫੁਲਕੀ ਗੱਲ ਬਾਤ ਵਿਚ ਵਿਅੰਗ ਸਿਰਜ ਜਾਣਾ ਵੀ ਪੰਨੂ ਦੀ ਕਹਾਣੀ ਦੀ ਪ੍ਰਾਪਤੀ ਹੈ। ਆਰੰਭ ਤੋਂ ਲੈ ਕੇ ਅੰਤ ਤਕ ਕਹਾਣੀ ਵਿਚ ਵਹਾਓ, ਰਸਿਕਤਾ, ਇਕਾਗਰਤਾ ਅਤੇ ਲੀਨਤਾ ਬਰਕਰਾਰ ਰਹਿੰਦੀ ਹੈ। ਇਕ ਦੋ ਕਹਾਣੀਆਂ ਛੱਡ ਕੇ ਬਾਕੀ ਸਭਨਾਂ ਕਹਾਣੀਆਂ ਦਾ ਪਲਾਟ ਇਕਹਿਰਾ ਹੈ ਭਾਵੇਂ ਕਿ ਸਥਿਤੀਆਂ ਸਿਰਜਣ ਜਾਂ ਮੌਕਾ-ਮੇਲ ਪੈਦਾ ਕਰਨ ਜਿਹੀ ਜੁਗਤ ਨੂੰ ਵਿਸ਼ੇਸ਼ ਤੌਰ ਤੇ ਧਾਰਨ ਕੀਤਾ ਗਿਆ ਮਿਲਦਾ ਹੈ। ਆਧੁਨਿਕ ਨਿੱਕੀ ਕਹਾਣੀ ਦੇ ਬਾਰੀਕ ਕਲਾਤਮਕ ਪਹਿਲੂਆਂ ਵੱਲ ਭਾਵੇਂ ਅਜੇ ਹੋਰ ਧਿਆਨ ਅਤੇ ਮਿਹਨਤ ਦੀ ਲੋੜ ਹੈ, ਪਰੰਤੂ ਫਿਰ ਵੀ ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਦਾ ਅਜੋਕਾ ਮੁਹਾਂਦਰਾ ਸਥਾਪਿਤ ਕਰਨ ਵਿਚ ਸਫਲ ਯਤਨ ਹੈ। ਉਮੀਦ ਹੈ ਕਿ ਸਾਡਾ ਇਹ ਕਹਾਣੀਕਾਰ ਹੁਣ ਨਿਰੰਤਰ ਇਸ ਵਿਧਾ ਨਾਲ ਜੁੜਿਆ ਰਹੇਗਾ। ਕਹਾਣੀਕਾਰ ਨੂੰ ਖ਼ੁਸ਼ ਆਮਦੀਦ ਆਖਦਾ ਹੋਇਆ-ਪਾਠਕ ਵਰਗ ਨੂੰ ਇਨ੍ਹਾਂ ਕਹਾਣੀਆਂ ਦੇ ਗਹਿਣ-ਅਧਿਐਨ ਦੀ ਅਪੀਲ ਕਰਦਾ ਹਾਂ।

ਡਾ. ਜਗੀਰ ਸਿੰਘ ਨੂਰ, ਗੁਰੂ ਨਾਨਕ ਕਾਲਜ, ਸੁਖ ਚੈਨਆਣਾ ਸਾਹਿਬ, ਫਗਵਾੜਾ – 144 401 (ਪੰਜਾਬ)

ਮਿਤੀ : 11-11-2000

ਦੋ-ਸ਼ਬਦ

ਚੌਥੀ ਪੁਸਤਕ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਕੇ ਮੈਨੂੰ ਬੇਹੱਦ ਅੰਤਰੀਵੀ ਮਾਨਸਿਕ ਸਕੂਨ ਉਪਲਬਧ ਹੋ ਰਿਹਾ ਹੈ। 1978-79 ਦੇ ਦੋ ਕਹਾਣੀ ਸੰਗ੍ਰਹਿ ਜੋ ਅਜੀਤ ਭਵਨ ਜਲੰਧਰ ਵਿਖੇ ਡਾਕਟਰ ਸਾਧੂ ਸਿੰਘ ਹਮਦਰਦ ਦੇ ਸ਼ੁੱਭ ਹੱਥਾਂ ਨਾਲ ਰੀਲੀਜ਼ ਕੀਤੇ ਗਏ ਸਨ, ਬਾਰੇ ਅਲੋਚਨਾਤਮਿਕ ਪਰਚੇ ਅਤੇ ਫਿਰ ਅਲੋਚਨਾ ਤੇ ਅਲੋਚਨਾ ਕਿੰਨਾ ਚਿਰ ਅਖ਼ਬਾਰਾਂ ‘ਚ ਛਪਦੀ ਰਹੀ ਸੀ, ਨੇ ਮੈਨੂੰ ਬੜਾ ਉਤਸ਼ਾਹ ਤੇ ਸਾਹਿੱਤਿਕ ਹੁਲਾਰਾ ਦਿਤਾ। ਮੇਰੀਆਂ ਕਹਾਣੀਆਂ ਡਰਾਮੇ ਤੇ ਕਵਿਤਾਵਾਂ ਕਈ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੀਆਂ ਰਹੀਆਂ ਹਨ। ਆਲ ਇੰਡੀਆ ਰੇਡੀਉ, ਜਲੰਧਰ ਤੇ ਪਟਿਆਲਾ ਤੋ ਮੇਰੇ ਕਈ ਡਰਾਮੇ ਤੇ ਕਹਾਣੀਆਂ ਪੇਸ਼ ਕੀਤੇ ਜਾ ਚੁਕੇ ਹਨ।

ਕੁੱਝ ਸਰਕਾਰੀ, ਸਮਾਜਕ ਰੁਝੇਵਿਆਂ ਅਤੇ ਹੋਰ ਕਾਰਨਾਂ ਕਰਕੇ ਮੈਂ ਹੋਰ ਰਚਨਾਵਾਂ ਨੂੰ ਕਿਤਾਬੀ ਸ਼ਕਲ ਨਹੀਂ ਦੇ ਸਕਿਆ ਤੇ ਆਪਣੀ ਛਪਣ ਸਮਰੱਥਾ ਵਿਚ ਵੀ ਤੇਜ਼ੀ ਨਹੀਂ ਲਿਆ ਸਕਿਆ। ਕਿੰਨਾ ਕੁੱਝ ਲਿਖਿਆ ਪਿਆ ਹੈ। ਉਹਨਾਂ ਨੂੰ ਸ਼ੁੱਧ/ਸਾਫ਼ ਰੂਪ ਵਿਚ ਲਿਖਣ ਲਈ ਸਮਾਂ ਨਾ ਕੱਢ ਸਕਿਆ। ਸਹੇ ਤੇ ਕੱਛੂਕੁੰਮੇ ਦੀ ਕਹਾਣੀ ਵਾਂਗ ਮੇਰੇ ਵਧੀਕ ਆਤਮ ਵਿਸ਼ਵਾਸ ਨੇ ਮੈਨੂੰ ਇਸ ਹੋੜ ਵਿਚ ਪਿਛਾੜ ਦਿਤਾ। ਮੇਰੇ ਨਾਲ ਦੇ ਸਮਕਾਲੀ ਜਿਨ੍ਹਾਂ ਨਾਲ ਮੈਂ 1969 ਵਿਚ ਇਹ ਸਾਹਿੱਤਿਕ ਸਫ਼ਰ ਸ਼ੁਰੂ ਕੀਤਾ ਤੇ ਉਨ੍ਹਾਂ ਨੂੰ ਸੁਣਦਾ/ਸੁਣਾਉਂਦਾ ਰਿਹਾ, ਨਾਲ ਛਪਦਾ ਰਿਹਾ, ਮੈਥੋਂ ਬਹੁਤ ਅੱਗੇ ਨਿਕਲ ਗਏ। ਮੈਨੂੰ ਆਪਣੀ ਇਸ  ਕਮਜ਼ੋਰੀ ਕਰਕੇ ਪਛਤਾਵਾ ਹੈ।

ਮੈਂ ਡਾਕਟਰ ਜਗੀਰ ਸਿੰਘ ਨੂਰ, ਤਲਵਿੰਦਰ ਸਿੰਘ ਤੇ ਹਰਜੀਤ ਅਟਵਾਲ ਦਾ ਤਹਿ ਦਿਲੋਂ ਰਿਣੀ ਹਾਂ ਤੇ ਸ਼ੁਕਰਗੁਜਾਰ ਹਾਂ ਜਿਨ੍ਹਾਂ ਨੇ ਮੈਨੂੰ ਇਸ ਸਾਹਿੱਤਿਕ ਅਵੇਸਲਾਪਣ, ਤੇ ਖੜੋਤ ਤੋਂ ਹਲੂਣਾ ਦੇ ਕੇ ਜਗਾਇਆ। ਮੈਂ ਲਿਖਾਰੀ ਸਭਾ ਜਗਤਪੁਰ ਦਾ ਵੀ ਹਾਰਦਿਕ ਆਭਾਰੀ ਹਾਂ ਜਿਸ ਨੇ ਮੇਰੀ ਸਾਹਿੱਤਿਕ ਚਿਣਗ ਨੂੰ ਫੂਕਾਂ ਮਾਰ ਮਾਰ ਚਾਨਣ ਦਾ ਰੂਪ ਦੇਣ ਲਈ ਹਲਾਸ਼ੇਰੀ ਦਿਤੀ ਤੇ ਸਮੇਂ ਸਮੇਂ ਸਿਰ ਸਾਰਥਿਕ ਸੇਧ ਦੇ ਕੇ ਮੈਨੂੰ ਦੁਸ਼ਾਂਦਾ ਦੇ ਕੇ ਖੜਾ ਕੀਤਾ। ਨਵੰਬਰ 1999 ਦੇ ਉਨ੍ਹਾਂ ਦੇ ਦਿੱਤੇ ਸਾਹਿੱਤਿਕ ਸਨਮਾਨ ਨੇ ਮੇਰੇ ਔਜ਼ਾਰਾਂ ਨੂੰ ਸਾਣ ਤੇ ਲਾ ਕੇ ਪਾਣ ਚੜਾ ਦਿਤੀ। ਕਿਤਾਬ ਦੇ ਟਾਈਟਲ ਵਾਲੇ ਪਿਛਲੇ ਸਫ਼ੇ ਤੇ ਮੇਰੀ ਫ਼ੋਟੋ ਅਤੇ ਮਿੰਨੀ ਕਹਾਣੀ ਦੀ ਚੋਣ ਮੇਰੀ ਛੋਟੀ ਜਿਹੀ ਦੋਹਤਰੀ ਸਪਨਦੀਪ ਕੌਰ ਕਾਹਲੋਂ ਦੀ ਹੈ ਤੇ ਉਸ ਦੇ ਮੋਹ ਅਤੇ ਪਿਆਰੇ ਜਿਹੇ ਸੁਝਾਅ ਦੀ ਕਦਰ ਕਰਕੇ ਮੈਨੂੰ ਬਹੁਤ ਮਾਨਸਿਕ ਸੰਤੁਸ਼ਟੀ ਹੋਈ ਹੈ।

ਮੇਰੀ ਕੋਸ਼ਿਸ਼ ਰਹੀ ਹੈ ਕਿ ਕਹਾਣੀਆਂ ਦੀ ਸ਼ੈਲੀ ਤੇ ਸ਼ਬਦਾਵਲੀ ਸਰਲ ਤੇ ਠੇਠ ਪੰਜਾਬੀ ਹੋਵੇ ਜੋ ਜਨ-ਸਾਧਾਰਨ ਪਾਠਕਾਂ ਦੀ ਸਮਝ  ਆ ਸਕੇ। ਮੈਂ ਕੁੰਡਲਾਂ ਵਾਲੀ ਪੰਡਤਾਊ ਭਾਸ਼ਾ ਨਹੀਂ ਵਰਤੀ, ਤੇ ਸ਼ਬਦਾਵਲੀ ਦੇ ਪੈਰਾਂ ਵਿਚ ਬਣਾਉਟੀ ਬਿੰਬ ਵਾਲੀਆਂ ਝਾਂਜਰਾਂ ਪਾਉਣ ਤੋਂ ਸੰਕੋਚ ਕੀਤਾ ਹੈ।

ਮੇਰੀਆਂ ਬਹੁਤੀਆਂ ਕਹਾਣੀਆਂ ਪਾਤਰ ਪ੍ਰਧਾਨ ਹਨ। ਸਾਰੀਆਂ ਕਹਾਣੀਆਂ ਦੇ ਪਾਤਰ ਇਸ ਧਰਤੀ ਦੇ ਜੀਵ ਹਨ, ਸਾਡੇ ਇਸੇ ਸਮਾਜ ਦੇ ਪ੍ਰਾਣੀ ਹਨ, ਜੋ ਸਮਾਜਕ ਕਦਰਾਂ ਕੀਮਤਾਂ, ਲੋੜਾਂ, ਥੁੜਾਂ, ਉਦਰੇਵੇਂ, ਦੁਸ਼ਵਾਰੀਆਂ, ਮਜਬੂਰੀਆਂ ਤੇ ਬੇਇਨਸਾਫ਼ੀਆਂ ਨਾਲ ਜੂਝਣ ਲਈ ਸੰਘਰਸ਼ਸ਼ੀਲ ਹਨ। ਇਹ ਸਾਰੇ ਪਾਤਰ ਮੇਰੇ ਆਪਣੇ ਵੀ ਹਨ, ਤੁਹਾਡੇ ਵੀ ਹਨ। ਤੁਸੀ ਆਪ ਇਹਨਾਂ ਵਿਚੋਂ ਕੁੱਝ ਕੁੱਝ ਚਿਹਰੇ ਪਛਾਣ ਸਕੋਗੇ। ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾ ਸਕੋਗੇ ਤੇ ਇਹ ਮੇਰੀ ਇਸ ‘ਸੰਦਲ ਦਾ ਸ਼ਰਬਤ’ ਦੀ ਪ੍ਰਾਪਤੀ ਹੋਣਗੇ। ਮੇਰਾ ਇਹ ਯਕੀਨ ਹੈ। “‘

ਚਰਨਜੀਤ ਸਿੰਘ ਪੰਨੂ, ਪੰਨੂ ਕਾਟੇਜ-ਪ੍ਰੀਤ ਨਗਰ, ਫਗਵਾੜਾ. ਫ਼ੋਨ : 01823-70099

01824-62159 ਮਿਤੀ : 10-11-2000

ਸੰਦਲ ਦਾ ਸ਼ਰਬਤ

ਦੂਰਦਰਸ਼ਨ ਕੇਂਦਰ ਦੇ ਸਿਕਿਉਰਿਟੀ ਸਟਾਫ਼ ਦੀ ਛਾਣਬੀਣ ਤੋਂ ਬਾਅਦ ਸਟਪਟਾਉਂਦਾ, ਪੁਛਦਾ-ਪੁਛਾਂਦਾ ਬੜੀ ਮੁਸ਼ਕਲ ਨਾਲ ਰਾਕੇਸ਼ ਟੀ.ਵੀ. ਸਾਹਿਬ ਦੇ ਕਮਰੇ ਅੱਗੇ ਪਹੁੰਚਾ…। ਪਰਦਾ ਸਰਕਾ ਕੇ ਅੰਦਰ ਘੁੱਸ ਗਿਆ…ਸਾਹਿਬ ਨੇ ਸਰਸਰੀ ਉੱਪਰ ਦੇਖਿਆ ਤੇ ਫਿਰ ਮੇਜ਼ ਤੇ ਪਏ ਕਾਗ਼ਜ਼ਾਂ ਤੇ ਨਜ਼ਰਾਂ ਗੱਡ ਦਿੱਤੀਆਂ, ਜਿਵੇਂ ਕੁੱਝ ਵੀ ਨਾ ਹੋਇਆ ਹੋਵੇ, ਜਿਵੇਂ ਕੋਈ ਵੀ ਨਾ ਆਇਆ ਹੋਵੇ।

‘ਹੋਵੇਗਾ ਕੋਈ! ਕਵੀ …, ਕਊਆ…ਜਾਂ ਕੋਈ ਕਲਾਕਾਰ!’ ਉਹ ਮਨ ਹੀ ਮਨ ਵਿਚ ਹੱਸਿਆ ਤੇ ਆਪ ਦਾ ਕੰਮ ਕਰਦਾ ਰਿਹਾ। ਰਾਕੇਸ਼ ਨੂੰ ਉਮੀਦ ਸੀ…ਕੋਈ ਵੀ ਸਾਹਿਬ ਜਾਂ ਮੇਜ਼ਬਾਨ ਜਿਸ ਕੋਲ ਕੋਈ ਜਾਂਦਾ ਹੈ…ਪੁੱਛਦਾ ਹੈ ‘ਆਉ ਜੀ…ਦੱਸੋ ਜੀ…ਕਿੱਦਾਂ ਆਏ! ਕੀ ਸੇਵਾ ?’ ਪਰ ਇਹ ਨਾਮੁਮਕਨ ਹੀ ਰਿਹਾ। ਉਸ ਨੇ ਆਪਣੇ ਆਪ ਵਿਚ ਹੀਣਤਾ ਤੇ ਨਮੋਸ਼ੀ ਜਿਹੀ ਮਹਿਸੂਸ ਕੀਤੀ। ‘ਨਮਸਕਾਰ ਸਰ।’ ਕੁੱਝ ਦੇਰ ਇੰਤਜ਼ਾਰ ਕਰਨ ਤੋਂ ਬਾਦ ਖੜੇ-ਖੜੇ ਉਸ ਨੇ ਟੀ ਵੀ ਸਾਹਿਬ ਨੂੰ ਆਪਣੀ ਆਮਦ ਤੇ ਹੋਂਦ ਦਾ ਅਹਿਸਾਸ ਕਰਾਇਆ।

‘ਨਮਸਕਾਰ ! ਆਉ ਬੈਠੋ !’ ਸਾਹਿਬ ਨੇ ਉੱਪਰ ਦੇਖਣ ਤੋਂ ਬਿਨਾਂ ਹੀ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਫਿਰ ਫਾਈਲਾਂ ਫੜ ਇੱਧਰ ਉਧਰ ਹੱਥ ਮਾਰਦਾ ਕਾਗ਼ਜ਼ ਫਰੋਲਨ ਲੱਗਾ…। ਲਾਗੇ ਪਏ ਪੈੱਨ ਸਟੈਂਡ ਨੂੰ ਬੇਲੋੜਾ ਹੀ ਕਦੇ ਉਧਰ ਖਿਸਕਾ ਦਿੰਦਾ ਕਦੇ ਇੱਧਰ… ਤੇ ਫਿਰ ਪੇਪਰ ਵੇਟ ਫੜ ਕੇ ਪੱਖੇ ਦੀ ਹਵਾ ਨਾਲ ਤੜਫਦੇ ਖੁਲੇ ਕਾਗ਼ਜ਼ਾਂ ਉੱਪਰ ਰੱਖ ਦਿੱਤਾ। ਰਾਕੇਸ਼ ਨੇ ਆਪਣੇ ਥੈਲੇ ਵਿਚੋਂ ਇਕ ਬੰਦ ਡੱਬਾ ਕੱਢਿਆ ਤੇ ਮੇਜ਼ ਤੇ ਟਿਕਾ ਦਿੱਤਾ, ‘ਸਰ ਜੀ, ਮੈਨੂੰ ਮੋਨਾ ਸਾਹਿਬ ਨੇ ਭੇਜਿਆ ਹੈ…।’ ਉਸ ਨੇ ਨਕਲੀ ਜਿਹੀ ਹਾਸੀ ਹੱਸਦੇ ਗੱਲ ਤੋਰੀ।

‘ਉਹੋ ! …ਸੌਰੀ …ਕੁੱਝ ਮਾਮਲਾ ਹੀ ਐਸਾ ਸੀ…ਮੁਆਫ਼ ਕਰਨਾ ! ਮੈਂ ਤੁਹਾਨੂੰ ਤਵੱਜੋ ਨਹੀ ਦੇ ਸਕਿਆ…। ‘ ਸਾਹਿਬ ਨੇ ਡੱਬਾ ਆਪਣੇ ਵੱਲ ਸਰਕਾ ਕੇ ਟਟੋਲਿਆ ਤੇ ਦਰਾਜ਼ ਵਿਚ ਸੁੱਟ ਲਿਆ …। ਘੰਟੀ ਦਾ ਬਟਨ ਦਬਾਇਆ…। ਚਪੜਾਸੀ ਅੰਦਰ ਆਇਆ…। ‘ਇਕ…! ਨਹੀਂ, ਚੱਲ ਦੋ ਹੀ ਲੈ ਆ, ਫ਼ਸਟ ਕਲਾਸ ਕੱਪ ਚਾਹ ਦੇ…, ਜਲਦੀ ਜ਼ਰਾ ਬਾਈ ਹੈਂਡ!…ਤੇ ਹਾਂ! ਸੁਣਾ ਬਈ ਕਾਕੇ! ਮੋਨਾ ਸਾਹਿਬ ਦਾ ਕੀ ਹਾਲ…?’ ਰਾਕੇਸ਼ ਨੂੰ ਕੁੱਝ ਤਸੱਲੀ ਜਿਹੀ ਹੋਈ। ਉਹ ਹੁਣ ਜ਼ਬਰਦਸਤੀ ਆਏ ਮਹਿਮਾਨ ਵਾਂਗ ਪੂਰਾ ਭਾਰ ਪਾ ਕੇ ਵਿਛ ਕੇ ਕੁਰਸੀ ਵਿਚ ਖੁੱਭ ਗਿਆ। ‘ਲਉ! ਕਰੋ ਦਸਖ਼ਤ!’ ਟੀ ਵੀ ਸਾਹਿਬ ਨੇ ਇਕ ਕਾਗ਼ਜ਼ ਕੱਢ ਕੇ ਮਹਿਮਾਨ ਅੱਗੇ ਟਿਕਾ ਦਿੱਤਾ।

‘ਛੇ ਸੋ ਪੰਜਾਹ ਰੂਪੈ ਫ਼ੀਸ! …’! ਰਾਕੇਸ਼ ਇਕ ਦਮ ਉੱਛਲ ਖੜਾ ਹੋਇਆ। ‘ਪਰ ਜਨਾਬ! ਮੈਂ ਤਾਂ ਕੋਈ ਰਚਨਾ ਲੈ ਕੇ ਨਹੀਂ ਆਇਆ… ਮੈਂ ਤਾਂ ਸਿਰਫ਼ ਅੱਜ ਤੁਹਾਡੇ ਦਰਸ਼ਨ ਕਰਨ ਹੀ ਆਇਆ ਸੀ, ‘ਕੋਈ ਨਹੀਂ ਤੁਸੀ ਦਸਖ਼ਤ ਕਰ ਦਿਓ…ਸਾਡੇ ਤਾਂ ਇੱਦਾਂ ਹੀ ਕੰਮ ਚੱਲਦੇ, …ਚਟਕ ਮੰਗਣੀ ਪਟੱਕ ਵਿਆਹ।’ ਰਾਕੇਸ਼ ਨੇ ਆਪਣੇ ਅੰਦਰਲੀ ਖ਼ੁਸ਼ੀ ਛੁਪਾਉਂਦੇ ਹੋਏ ਝਕਦੇ-ਝਕਦੇ ਦਸਖ਼ਤ ਕਰ ਦਿੱਤੇ। ‘ਟਰਨ…ਟਰਨ…’ ਟੈਲੀਫ਼ੋਨ ਦੀ ਘੰਟੀ ਵੱਜੀ। ‘ਹਾਂ…ਜੀ !…ਹਾਂ…ਹਾਂ, ਮੋਨਾ ਸਾਹਿਬ ਨਮਸਕਾਰ! ਹਾਂ…ਹਾਂ…ਔਹ! ਜੀ ਆਇਆ ਹੈ ਹੁਣੇ…।’ ਕੋਈ ਨਾ ਤੁਸੀਂ ਚਿੰਤਾ ਨਾ ਕਰੋ…।’ ਟੀ ਵੀ ਸਾਹਿਬ ਨੇ ਰਸੀਵਰ ਰੱਖਦੇ ਹੱਸਦੇ-ਹੱਸਦੇ ਘੰਟੀ ਦਾ ਬਟਨ ਦੱਬ ਦਿੱਤਾ…।

‘ਇਹਨੂੰ ਸਟੂਡਿਓ ਵਿਚ ਲੈ ਜਾਹ…ਮੈਂ ਹੁਣੇ ਆਇਆ…।’ ਟੀ ਵੀ ਸਾਹਿਬ ਨੇ ਚਪੜਾਸੀ ਨੂੰ ਇਸ਼ਾਰਾ ਕੀਤਾ।

ਰਾਕੇਸ਼ ਨੇ ਜਲਦੀ-ਜਲਦੀ ਚਾਹ ਦੀ ਆਖ਼ਰੀ ਘੁੱਟ ਭਰੀ ਤੇ ਚਪੜਾਸੀ ਦੇ ਪਿੱਛੇ ਹੋ ਤੁਰਿਆ…। ਉਹ ਅੰਦਰ ਹੀ ਅੰਦਰ ਡਰ ਰਿਹਾ ਸੀ..,…ਕੀ ਕਰੇਗਾ.., …ਕੀ ਬੋਲੇਗਾ..,…ਕੀ ਗਾਏਗਾ…।

ਬੜੇ ਵੱਡੇ ਸਾਰੇ ਹਾਲ ਵਿਚ ਬੜੀ ਵੱਡੀ ਸੁੰਦਰ ਸਵਾਰੀ ਹੋਈ ਸਟੇਜ! ਤੇ ਕਈ ਕੁੜੀਆਂ ਮੁੰਡੇ ਵੰਨ-ਸੁਵੰਨੀਆਂ ਪੁਸ਼ਾਕਾਂ ਵਿਚ ਸੱਜੇ ਰਿਹਰਸਲ ਕਰ ਰਹੇ ਸਨ…। ਸਾਹਮਣੇ ਦਰਸ਼ਕਾਂ ਦਾ ਭਰਿਆ ਪੰਡਾਲ। ਅਗਲੇ ਪਲ ਹੋਣ ਵਾਲੇ ਪ੍ਰੋਗਰਾਮ ਦੇਖਣ ਦੀ ਇੰਤਜ਼ਾਰ ਵਿਚ  ਉਤਾਵਲਾ ਸੀ। ਰੰਗ-ਬਿਰੰਗੀ ਰੌਸ਼ਨੀ ਆਰਕੈਸਟਰਾ ਤੇ ਹੋਰ ਸਮਾਨ! …ਚਪੜਾਸੀ ਨੇ ਉਸ ਨੂੰ ਰਿਸੈੱਪਸ਼ਨ ਤੇ ਛੱਡ ਦਿੱਤਾ।

‘ਕੀ ਬੋਲੋਗੇ…?’ ਲੜਕੀ ਨੇ ਉਸ ਦੇ ਹੱਥ ਵਿਚਲਾ ਕਾਗ਼ਜ਼ ਫੜਦੇ ਪੁਛਿਆ…।

‘ਕੁੱਝ ਨਹੀ…।’

‘ਕੀ ਗਾਉਗੇ ?’ ‘ਕੁੱਝ ਨਹੀ ‘।

‘ਭੰਗੜਾ ਜਾਣਦੇ ਓ…..?’      ‘ਨਹੀ…।’

‘ਨੱਚਣਾ ਜਾਣਦੇ ਓ…?’ ‘ਨਹੀ ਜੀ ।’ ਉਸ ਨੇ ਸਿਰ ਹਿਲਾਇਆ।

‘ਕੀ ਲਿਖਦੇ ਓ…?’ ‘ਜੀ ਮੈਂ ਕਵਿਤਾ ਲਿਖਦਾ ਹਾਂ ਕਦੇ ਕਦੇ…।’

‘ਹੋਰ ਕੀ ਜਾਣਦੇ ਓ ?’…’ਕੁੱਝ ਨਹੀਂ ਮੈਡਮ! ਮੈਂ ਤਾਂ ਸਿਰਫ਼ ਅਲਗੋਜ਼ਾ ਜਾਣਦਾ ਹਾਂ..,.. ਉਹ ਵੀ ਨਾਲ ਲੈ ਕੇ ਨਹੀਂ ਆਇਆ…।’

‘ਤੇ ਫਿਰ ਇੱਥੇ ਕਿੱਦਾਂ ਆਏ ?’

‘ਜੀ ਮੈਨੂੰ ਮੋਨਾ ਸਾਹਿਬ ਨੇ ਟੀ ਵੀ ਸਾਹਿਬ ਕੋਲ ਭੇਜਿਆ ਸੀ, ਉਨ੍ਹਾਂ ਅੱਗੇ ਤੁਹਾਡੇ ਵੱਲ ਤੋਰ ਦਿੱਤਾ…।’

‘ਅੱਛਾ ! ਹੁਣ ਸਮਝੇ! …।’ ਮੈਡਮ ਨੇ ਹਥਲੀ ਕਲਮ ਮੂੰਹ ਵਿਚ ਟਟੋਲਦੇ ਕਿਹਾ। ਤਾਂ ਫੇਰ ਏਦਾਂ ਕਰਨਾ । ਇੱਥੇ ਅੱਜ ਸਾਵਣ ਮੇਲੇ ਦੀ ਰਿਹਰਸਲ ਚੱਲ ਰਹੀ ਹੈ…ਤੁਸੀਂ ਬੱਸ ਟੱਪੀ ਹੀ ਜਾਣਾ, ਟੱਪੀ ਹੀ ਜਾਣਾ, ਭੁੜਕੀ ਹੀ ਜਾਣਾ।’  ਉਸ ਮਲੂਕ ਜਿਹੀ ਲੜਕੀ ਨੇ ਹੱਥਾਂ ਦੇ ਇਸ਼ਾਰੇ ਨਾਲ ਹੱਸਦੇ-ਹੱਸਦੇ ਉਸ ਨੂੰ ਹਿਦਾਇਤ ਦਿੱਤੀ, ਮਾਨੋ ਮਖ਼ੌਲ ਕਰ ਰਹੀ ਹੋਵੇ।

‘ਜੇ ਹੱਸ ਸਕਦੇ ਹੋ ਤਾਂ ਹੱਸ ਲੈਣਾ! ਜੇ ਹੱਸਣਾ ਨਹੀਂ ਆਉਂਦਾ ਤਾਂ ਰੋਣਾ ਜਿਹਾ ਮੂੰਹ ਬਣਾ ਲੈਣਾ..,… ਸਭ ਚੱਲੇਗਾ…।’

‘ਅੱਛਾ ਜੀ…।’

‘ਜੋ ਮਰਜ਼ੀ ਕਰੋ, ਜੋ ਕਰ ਸਕਦੇ ਹੋ ਕਰੋ। ਇਹ ਖੁਲਾ ਪ੍ਰੋਗਰਾਮ ਹੈ ਨਾਲੇ ਤੁਹਾਡੀ ਸਿਫ਼ਾਰਿਸ਼ ਵੀ ਤਾਂ ਬਹੁਤ ਵੱਡੀ ਹੈ…ਜਾਉ ਚੜ ਜਾਉ ਸਟੇਜ ਤੇ…।’ ਉਸ ਨੇ ਉਧਰ ਉਂਗਲ ਘੁਮਾਉਂਦੇ ਵੀਣੀ ਦੇ ਗਜਰੇ ਛਣਕਾਏ।

ਉਹ ਸਟੇਜ ਤੇ ਖੜੇ ਕਲਾਕਾਰਾਂ ਦੇ ਭੀੜ ਭੜਕੇ ਵਿਚ ਵੜ ਗਿਆ। ਸੰਗੀਤ ਦੀਆਂ ਕੰਨ ਪਾੜਦੀਆਂ ਸੁਰਾਂ ਫ਼ਿਜ਼ਾ ਵਿਚ ਖਿੱਲਰ ਗਈਆਂ…। ਨੌਜਵਾਨ ਮੁੰਡੇ ਕੁੜੀਆਂ ਦੀ ਅੱਡੀ ਟਪਕੀ…ਭੰਗੜਾ ਸ਼ੁਰੂ ਹੋਇਆ…, ਗਿੱਧਾ ਸ਼ੁਰੂ ਹੋਇਆ…। ਪਹਿਲਾਂ ਤਾਂ ਸੰਗਦੇ-ਸੰਗਦੇ ਰਾਕੇਸ਼ ਦੇ ਪੈਰਾਂ ਨੇ ਗਤੀ ਫੜੀ ਤੇ ਫਿਰ ਹੋਰਾਂ ਦੀ ਨਕਲ ਲਗਾ ਕੇ ਉਸ ਨੇ ਸੰਗੀਤ ਦੀ ਲੈਅ ਤਾਲ ਨਾਲ ਭੁੜਕਣਾ ਸ਼ੁਰੂ ਕੀਤਾ ਟੱਪਣਾ ਸ਼ੁਰੂ ਕੀਤਾ…। ਉਸ ਦੀ ਅੱਡੀਆਂ, ਲੱਤਾਂ, ਖੁੱਚਾਂ, ਬਾਂਹਾਂ, ਆਪ ਮੁਹਾਰੇ ਡਾਂਸ ਕਰਨ ਲੱਗੀਆਂ। ਉਸ ਦੀਆਂ ਲੱਤਾਂ ਬਾਂਹਾਂ ਵਿਚ ਅੰਤਾਂ ਦਾ ਜੋਰ ਆ ਗਿਆ…। ਹੋਰ ਕੁੜੀਆਂ ਮੁੰਡੇ ਵਾਰੋ ਵਾਰੀ ਟੱਪੇ ਛੜੱਪੇ ਲਗਾ ਕੇ ਪਾਸੇ ਹੋ ਜਾਂਦੇ, ਸਾਹ ਲੈ ਲੈਂਦੇ। ਪਰ ਉਹ ਸ਼ੁਰੂ ਤੋਂ ਅਖੀਰ ਤੱਕ ਡਾਂਸ ਕਰਦਾ ਰਿਹਾ…,ਇਕੱਲਾ…। ਉਸ ਦਾ ਜੀਅ ਕੀਤਾ ਦੂਜੀਆਂ ਕਈ ਜੋੜੀਆਂ ਵਾਂਗ ਉਹ ਵੀ ਕਿਸੇ ਦੀ ਕਮਰ ਦੁਆਲੇ ਬਾਂਹ ਵਲ਼ਾ ਕੇ ਸਾਥਣ ਬਣਾ ਲਏ, ਪਰ ਇਹ ਉਹ ਜੇਰਾ ਨਾ ਕਰ ਸਕਿਆ। ਉਸ ਮਨ ਹੀ ਮਨ ਵਿਚ ਮੋਨਾ ਸਾਹਿਬ ਦਾ ਤੇ ਫਿਰ ਟੀ ਵੀ ਸਾਹਿਬ ਦਾ ਲੱਖ ਲੱਖ ਸ਼ੁਕਰ ਕੀਤਾ… ਜਿਨ੍ਹਾਂ  ਉਸ ਨੂੰ ਡੰਗਰ ਚਾਰਦੇ ਨੂੰ ਫੜ ਕੇ ਉਸ ਦੀ ਜੂਨ ਬਦਲ ਦਿੱਤੀ…, ਤੇ ਦੂਰਦਰਸ਼ਨ ਦੀਆਂ ਪੌੜੀਆਂ ਚੜ੍ਹਾ ਦਿੱਤੀਆਂ।

ਮੇਲਾ ਖ਼ਤਮ ਹੋਇਆ…ਕਲਾਕਾਰ ਤੇ ਦਰਸ਼ਕ ਬਾਹਰ ਜਾਣ ਲੱਗੇ। ਰੌਸ਼ਨੀ ਘਟਣ ਲੱਗੀ, ਪਰ ਉਹ ਸਟੇਜ ਦੇ ਇਕ ਪਾਸੇ ਖੜਾ ਸਭ ਨੂੰ ਨਿਹਾਰ ਰਿਹਾ ਸੀ। ਕੁੱਝ ਸ਼ਕਲਾਂ ਚਿਹਰੇ ਉਸ ਦੇ ਜਾਣੇ ਪਛਾਣੇ ਸਨ। ਸ਼ੁਕਰ ਹੈ…, ਜਿਨ੍ਹਾਂ ਸ਼ਖ਼ਸੀਅਤਾਂ ਨੂੰ ਉਹ ਕਦੇ ਕਦਾਈ ਟੀ.ਵੀ ਦੇ ਪਰਦੇ ਤੇ ਦੇਖਦਾ ਸੀ…, ਅੱਜ ਉਹ ਉਸ ਦੇ ਸਾਹਮਣੇ ਸਾਕਾਰ ਖੜੇ ਸਨ…, ਅੱਜ ਤੋਂ ਉਹ ਵੀ ਟੀ ਵੀ ਕਲਾਕਾਰ ਬਣ ਗਿਆ…, ਹੁਣ ਉਸ ਦੇ ਸੱਜਣ ਮਿੱਤਰ ਰਿਸ਼ਤੇਦਾਰ ਤੇ ਉਸ ਦੀ ਛੱਲੋ ਵੀ ਉਸ ਨੂੰ ਛੋਟੇ ਪਰਦੇ ਤੇ ਵੇਖਿਆ ਕਰਨਗੇ…, ਉਸ ਦੀ ਖ਼ੁਸ਼ੀ ਦਾ ਕੋਈ ਵੀ ਹੱਦ ਬੰਨਾ ਨਾ ਰਿਹਾ। ਟੀ ਵੀ ਤੇ ਜਾਣ ਦੀ ਉਸ ਦੀ ਨਾਮੁਮਕਨ ਜਗਿਆਸਾ ਮੁਮਕਿਨ ਬਣ ਗਈ।

‘ਸ਼ਾਬਾਸ਼! ਵੈਰੀ ਗੁੱਡ…।  ਉਸ ਦੀ ਪਿੱਠ ਤੇ ਕਿਸੇ ਦੀ ਅਚਨਚੇਤ ਥਾਪੜੀ ਨੇ ਉਸ ਦੀ ਉਡਾਰੀ ਭੰਗ ਕਰ ਦਿੱਤੀ। ਇਕ ਹੋਰ ਅਸਮਾਨੀ ਪਰੀਆਂ ਵਰਗੀ ਹੱਸੂੰ ਹੱਸੂੰ ਕਰਦੀ ਬੀਬੀ ਹੱਥ ਵਿਚ ਰਜਿਸਟਰ ਲਈ ਉਸ ਦੀ ਤਾਰੀਫ਼ ਕਰ ਰਹੀ ਸੀ…।

‘ਕੀ ਨਾਂ ਏ ਤੇਰਾ…?’ ਸ਼ਾਬਾਸ਼…ਵੈਲ ਡੱਨ…।’

‘ਜੀ ਰਾਕੇਸ਼ ਤਿਆਗੀ…।’

‘ਕਿਥੋਂ ਸਿਖਿਆ ਏ ਡਾਂਸ ?’ ਉਹ ਚੁਪ ਚਾਪ ਭੋਰ ਭੋਰਾ ਦੇਖਦਾ ਰਿਹਾ।

‘ਕਿਥੋਂ ਲਈ ਏ ਟਰੇਨਿੰਗ ? ਭੰਗੜੇ ਦੀ…?’ ‘…,’ ਉਹ ਨਿਰਉੱਤਰ ਸੀ।

‘ਅਰੇ ਭਈ ਬੋਲੋ।’

‘ਜੀ । ਜੀ ਮੈਂ ਇਹ ਸਭ ਕੁੱਝ ਸਿਖਿਆ ਏ… ,ਸਾਵਣ ਦੀਆਂ ਤੀਆਂ ਤੋਂ…, ਭੰਗੜੇ ਤੋਂ …, ਚਰਖੇ ਦੀ ਘੂਕਰ ਤੋਂ…, ਮੋਰਾਂ ਦੀਆਂ ਪੈਲਾਂ ਤੋਂ…, ਹਿਰਨਾਂ ਦੀਆਂ ਚੁੰਗੀਆਂ ਤੋਂ…, ਖੂਹਾਂ ਦੇ ਕੁੱਤੇ ਤੋਂ…, ਕਬੂਤਰ ਦੀਆਂ ਗੁਟਕਦੀਆਂ ਗਟਾਰਾਂ ਤੋਂ…,ਬੀਨ ਨਾਲ ਕੀਲੇ ਸੱਪਾਂ ਦੀਆਂ ਫੁੰਕਾਰਾ ਤੋਂ।’

‘ ਐਹ ਲੈ 650 ਰੂਪੈ…, ਗਿਣ ਲੈ…। ‘ ਨੋਟਾਂ ਦੀ ਥੱਬੀ ਹੱਥ ਵਿਚ ਲੈ ਕੇ ਉਹ ਬਹੁਤ ਖੀਵਾ ਹੋਈ ਜਾ ਰਿਹਾ ਸੀ…ਜਿਵੇਂ ਅੱਜ ਸੱਤੇ ਅਸਮਾਨ ਉਸ ਦੀ ਝੋਲੀ ਆ ਪਏ ਹੋਣ…। ਸਾਢੇ ਛੇ ਸੋ ਲੈਣ ਦੀ ਥਾਂ ਅੱਜ ਉਹ ਆਪ ਮੂੰਹ ਮੰਗੀਆਂ ਮੁਰਾਦਾਂ ਵੰਡਣ ਲਈ ਤਿਆਰ ਸੀ। ਪਿਉ ਦਾਦੇ ਨੇ ਕਦੇ ਪਿੰਡ ਦਾ ਬਸੀਵਾ ਤੇ ਜਾਂ ਫਿਰ ਮਿਲਟਰੀ ਦੀ ਰਾਮ ਕਾਰ ਟੱਪ ਕੇ ਨਹੀ ਸੀ ਡਿੱਠੀ ਤੇ ਉਹ ਹੁਣ ਟੀ. ਵੀ. ਤੇ ਛਾਏਗਾ…। ਉਸ ਦਾ ਜੀਅ ਕੀਤਾ 650 ਰੂਪੈ ਦੀ ਗੁੱਥੀ ਉਹ ਆਪਣੇ ਉੱਤੋਂ ਵਾਰ ਕੇ ਹਵਾ ਵਿਚ ਖਿਲਾਰ ਦੇਵੇ…।

‘ਮੈਂ ਕਿਹੜੇ ਛੋਲੇ ਵੇਚੇ ਨੇ…’ ਤੇ ਉਸ ਨੇ ਸੌ ਦਾ ਨੋਟ ਕੱਢ ਕੇ ਮੈਡਮ ਵੱਲ ਤੋਰ ਦਿੱਤਾ। ਪਿਉ ਦਾ ਝਿੜਕਿਆ ਸਕੂਲੇ ਗਿਆ…, ਤਿੰਨ ਵੇਰਾਂ ਫੈਲ ਹੋਇਆ ਦਸਵੀਂ ਨਾ ਟੱਪ ਸਕਿਆ… ਮਾਸਟਰ ਦੇ ਡੰਡਾ ਪੀਰ ਤੋਂ ਡਰਦਾ ਫਿਰ ਹਵੇਲੀ ਮੁੜ ਆਇਆ…, ਮਾਲ ਅਫ਼ਸਰ ਬਣ ਗਿਆ। ਡੰਗਰ ਚਾਰਦਾ ਵਾਗੀਆਂ ਤੋਂ ਸੀਟੀ ਮਾਰਨਾ ਸਿਖਿਆ, ਅਲਗੋਜ਼ਾ ਬੰਸਰੀ ਸਿਖ ਗਿਆ ਤੇ ਟੀ. ਵੀ. ਰੇਡੀਉ ਵੇਖ ਸੁਣ ਕੇ ਪਰਦੇ ਤੇ ਆਉਣ ਦਾ ਸ਼ੌਕ ਜਾਗ ਪਿਆ।

‘ਤੇਰੀ ਕਲਾ ਦਰਸ਼ਕਾਂ ਨੇ ਬੜੀ ਪਸੰਦ ਕੀਤੀ ਹੈ…, ਸਾਹਿਬ ਨੇ ਵੀ ਤੇਰਾ ਰੋਲ ਵੇਖ ਕੇ ਤੇਰਾ ਨਾਮ ਪੱਕੇ ਕਲਾਕਾਰਾਂ ਵਿਚ ਲਿਖਣ ਦੀ ਸਿਫ਼ਾਰਸ਼ ਕੀਤੀ ਹੈ…।’ ਮੈਡਮ ਨੇ ਨੋਟ ਮਰੋੜਦੇ ਰਜਿਸਟਰ ਵਿਚ ਰੱਖ ਲਿਆ।

‘ਜੀ ਧੰਨਵਾਦ!…।’ ਇਸ ਤੋਂ ਵੱਧ ਉਹ ਕੁੱਝ ਨਾ ਬੋਲ ਸਕਿਆ। ਉਸ ਨੂੰ ਕੋਈ ਸਮਝ ਨਹੀ ਸੀ ਆ ਰਿਹਾ, ਇਹ ਸਭ ਕੁੱਝ ਕਿਵੇਂ ਤੇ ਕਿਉਂ ਹੋਇਆ…।

ਵਾਪਸ ਮੁੜ ਕੇ ਟੀ.ਵੀ. ਸਾਹਿਬ ਦੇ ਕਮਰੇ ਤੱਕ ਅਪੜਨ ਤੱਕ ਉਹ ਪੂਰੀ ਤਰ੍ਹਾਂ ਆਪਣੇ ਹੋਸ਼ ਹਵਾਸ ਵਿਚ ਆ ਚੁਕਾ ਸੀ…, ਉਸ ਦਾ ਪਸੀਨਾ ਪੂਰੀ ਤਰ੍ਹਾਂ ਸੁੱਕ ਚੁੱਕਾ ਸੀ…, ਅੰਦਰ ਵੜਦਿਆਂ ਬੜੀ ਹੀ ਅਧੀਨਗੀ ਨਾਲ ਉਸ ਨੇ ਟੀ.ਵੀ. ਸਾਹਿਬ ਦੇ ਪੈਰੀਂ ਹੱਥ ਲਗਾਇਆ।  ‘ਬਹੁਤ ਧੰਨਵਾਦ ਤੁਹਾਡਾ ਅੰਕਲ ਜੀ …।’

‘ਕੋਈ ਨਹੀ ਬੈਠੋ ਬੈਠੋ…, ਇਸ ਵਿਚ ਧੰਨਵਾਦ ਵਾਲੀ ਕੋਈ ਗੱਲ ਨਹੀ…ਅਸੀਂ ਵੀ ਤਾਂ ਟੇਲੈਂਟ ਦੀ ਤਲਾਸ਼ ਵਿਚ ਹਾਂ…। ਪਿੰਡਾਂ ਵਿਚ ਅਣਗੌਲੇ ਕਲਾਕਾਰਾਂ ਨੂੰ ਉਭਾਰਨਾ ਸਾਡਾ ਮੁੱਖ ਉਦੇਸ਼ ਹੈ…, ਸਾਨੂੰ ਟੇਲੈਂਟ ਦੀ ਲੋੜ ਹੈ ਪਰ ਕਈ ਵੇਰਾਂ ਸਿਫ਼ਾਰਸ਼ੀ ਬੰਦਿਆਂ ਨੂੰ ਪਰਦੇ ਤੇ ਭੇਜਣਾ ਸਾਡੀ ਕਮਜ਼ੋਰੀ ਸਮਝੋ ਜਾਂ ਮਜਬੂਰੀ ਬਣ ਜਾਂਦੀ ਹੈ।’

‘ਤੇਰੇ ਮਾਮਾ ਜੀ ਲਗਦੇ ਨੇ ਉਹ…?’

‘ਨਹੀ ਸਰ! ਮੇਰੇ ਅੰਕਲ ਨੇ… ਮੇਰੀ ਮੰਮੀ ਨੇ ਉਨ੍ਹਾਂ ਨੂੰ ਭਰਾ ਜੀ ਬਣਾਇਆ ਹੋਇਐ…।’

‘ਬੜੇ ਚੰਗੇ ਨੇ ਮੋਨਾ ਸਾਹਿਬ । ਮੇਰੇ ਬੜੇ ਕਰੀਬੀ ਦੋਸਤ ਨੇ…ਬੜੇ ਕੰਮ ਆਉਣ ਵਾਲੇ ਸੱਜਣ ਨੇ…, ਤੇ ਨਾਲੇ ਬੇਟਾ!… ਇਹ ਤਾਂ ਲੈਣ ਦਾ ਹੀ ਦੇਣ ਹੈ। ਉਹ ਅਖ਼ਬਾਰ ਦੇ ਉੱਚੇ ਅਹੁਦੇ  ਤੇ ਹੋਣ ਕਰਕੇ ਮੇਰੀ ਰਚਨਾ, ਫ਼ੋਟੋ, ਖ਼ਬਰ ਬੜੀ ਜਲਦੀ ਛਾਪਦੇ ਰਹਿੰਦੇ ਨੇ…, ਮੇਰਾ ਵੀ ਤਾਂ ਫ਼ਰਜ਼ ਬਣਦਾ ਹੈ, ਮੈਂ ਉਨ੍ਹਾਂ ਦੇ ਕਿਸੇ ਕੰਮ ਆ ਸਕਾਂ…।’

ਰਾਕੇਸ਼ ਨੂੰ ਅੱਜ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਸ ਦਾ ਅੰਕਲ ਕਿੰਨੀ ਵੱਡੀ  ਹਸਤੀ ਹੈ ਤੇ ਕਿੰਨੀ ਪਹੁੰਚ ਵਾਲਾ ਹੈ…, ਜਦੋਂ ਕਿ ਉਨ੍ਹਾਂ ਦੇ ਘਰ ਤਾਂ ਉਹ ਬੜਾ ਸਿੱਧਾ ਸਾਦਾ, ਬਿਨਾਂ ਕਿਸੇ ਨਿੰਦ ਵਿਚਾਰ ਦੇ ਅਲਾਣੀ ਮੰਜੀ ਤੇ ਹੀ ਬੈਠ ਕੇ ਉਸ ਦੀ ਮੰਮੀ ਨਾਲ ਦੁੱਖ ਸੁੱਖ ਸਾਂਝਾ ਕਰਦਾ ਰਹਿੰਦਾ ਸੀ। ਮਿਲਟਰੀ ਤੋਂ ਅਪੰਗ ਰਿਟਾਇਰ ਹੋਣ ਕਰਕੇ ਨੌਕਰੀ ਕਰਨੀ ਉਸ ਦੀ ਮਜਬੂਰੀ ਸੀ…, ਇਹ ਨੌਕਰੀ ਉਸ ਨੂੰ ਇਕ ਮੰਨੇ ਪਰਮੰਨੇ ਅਖ਼ਬਾਰ ਵਿਚ ਮਿਲੀ…, ਉਹ ਆਪ ਵੀ ਤਾਂ ਕਈ ਵੇਰਾਂ ਟੀ.ਵੀ. ਸਾਹਿਬ ਦੀ ਮਿਹਰਬਾਨੀ ਨਾਲ ਪਰਦੇ ਤੇ ਆ ਚੁੱਕਾ ਸੀ।

‘ਕੀ ਨਾਂ ਏ ਤੇਰੀ ਮੰਮੀ ਦਾ…?’

‘ਜੀ ਕਰਨ ਬਾਲਾ…।’

‘ਬਾਲੋ ?…’

‘ਜੀ ਹਾਂ ਬਾਲੋ …ਜੀ…।’

ਟੀ.ਵੀ. ਸਾਹਿਬ ਨੂੰ ਜਿਵੇਂ ਅਸਮਾਨੀ ਬਿਜਲੀ ਦਾ ਬੜਾ ਵੱਡਾ ਝਟਕਾ ਲੱਗਾ ਹੋਵੇ… ਉਸ ਦੇ ਹੱਥੋਂ ਕਲਮ ਥਿੜਕ ਗਈ…, ਹੱਥ ਆਪ ਮੁਹਾਰੇ ਗੱਲ ਤੇ ਜਾ ਟਿਕੇ…। ਉਹ ਉੱਠਿਆ, ਬਾਥਰੂਮ ਵਿਚ ਜਾ ਕੇ ਦੇਖਿਆ…ਗੱਲ ਮੂੰਹ ਸਾਫ਼ ਸੀ…ਗੱਲ ਤੇ ਕੋਈ ਵੀ ਤਾਂ ਉਂਗਲਾਂ ਦੇ ਨਿਸ਼ਾਨ ਨਹੀਂ ਸਨ…। ਉਸ ਨੇ ਸਰਸਰੀ ਬੇਲੋੜਾ ਛਿੱਟੇ ਅੱਖਾਂ ਤੇ ਮਾਰੇ ਤੇ ਆ ਕੇ ਕੁਰਸੀ ਤੇ ਪਏ ਤੋਲੀਏ ਨਾਲ ਮੂੰਹ ਸਾਫ਼ ਕਰਨ ਲਗਾ…। ਦੋ ਚਾਰ ਸਾਲ ਪਹਿਲਾਂ ਮੋਨਾ ਸਾਹਿਬ ਦੇ ਘਰ ਉਸ ਦੀ ਇਕ ਅਜਿਹੀ ਔਰਤ ਨਾਲ ਮੁਲਾਕਾਤ ਹੋਈ ਸੀ ਜੋ ਇਕੱਲੀ ਡਰਾਇੰਗ ਰੂਮ ਵਿਚ ਬੈਠੀ ਅਖ਼ਬਾਰ ਪੜ੍ਹ ਰਹੀ ਸੀ ‘ਮੋਨਾ ਸਾਹਿਬ…?’

‘ਜੀ ਜੀ। ਉਹ ਬਾਹਰ ਗਏ ਹੋਏ ਨੇ…, ਤੁਸੀਂ ਆਓ ਬੈਠੋ…।’

ਜਿੰਨੀ ਸ਼ਿਸ਼ਟਾਚਾਰ ਨਾਲ ਉਹ ਉਸ ਨੂੰ ਪੇਸ਼ ਆਈ, ਓਨੀ ਹੀ ਬੇਹਯਾਈ ਨਾਲ ਉਹ ਬੇਝਿਜਕ ਅੰਦਰ ਵੜ ਗਿਆ।

ਮੋਨਾ ਸਾਹਿਬ ਦੇ ਘਰ!

ਤੇ ਇਹ ਰੰਗੀਨ ਔਰਤ।’ ਉਹ ਹੈਰਾਨ ਸੀ।

‘ਪਰ ਉਹ ਕੌਣ ਸੀ?’ ਪੁਛਣ ਦੀ ਉਹ ਜੁਰਅਤ ਨਾ ਕਰ ਸਕਿਆ…।

ਔਰਤ ਨੇ ਉੱਠ ਕੇ ਬੜੇ ਸਲੀਕੇ ਨਾਲ ਰਸੋਈ ਚੋਂ ਸ਼ਰਬਤ ਦਾ ਗਿਲਾਸ ਬਣਾ ਕੇ ਉਸ ਨੂੰ ਪੇਸ਼ ਕੀਤਾ। ‘ਧੰਨਵਾਦ! ਕੋਈ ਲੋੜ ਨਹੀਂ ਸੀ ਇਸ ਤਕੱਲਫ਼ ਦੀ…।’

ਸੰਦਲੀ ਸ਼ਰਬਤ ਦੀ ਖ਼ੁਸ਼ਬੂ ਨਾਲ ਦੁੱਧ ਚਿੱਟੀ ਨਾਈਟੀ ਵਰਗੀ ਉਸ ਦੀ ਪੋਸ਼ਾਕ ਵਿਚੋਂ ਬਦਾਮੀ ਬਦਨ ਦੀ ਮਹਿਕ ਤੇ ! ਉਸ ਦੇ ਹੱਥਾਂ ਦੀ ਸਪਰਸ਼ ਟੀ.ਵੀ. ਸਾਹਿਬ ਦੀ ਨਾੜ ਨਾੜ ਨੂੰ ਜ਼ਖਮੀ ਕਰ ਗਈ…। ਉਸ ਨੂੰ ਜਾਪਿਆ ਜਿਵੇਂ ਇਹ ਠੰਢੇ ਸ਼ਰਬਤ ਦਾ ਗਿਲਾਸ ਨਾ ਹੋ ਕੇ  ਕੋਈ ਬਹੁਤ ਪ੍ਰਚੰਡ ਤਰੰਗ ਹੋਵੇ।

‘ਚੰਗਾ ਪੁਰਜਾ ਮਾਰਿਆ …ਮੋਨੇ ਨੇ…।’

‘ਤੁਸੀਂ …?’

‘ਜੀ ਮੈਂ ਬਾਲੋ ਆਂ। …ਉਹ ਮੇਰੇ ਦੋਸਤ ਨੇ…।’

ਉਸ ਨੇ ਹੁਣ ਇਕ ਸਿੱਧੀ ਜਿਹੀ ਬੋਲੀ ਵਿਚ ਸਭ ਕੁੱਝ ਸਪਸ਼ਟ ਕਹਿ ਮਾਰਿਆ…।’

ਟੀ.ਵੀ. ਸਾਹਿਬ ਨੂੰ ਮੋਨੇ ਨਾਲ ਬਹੁਤ ਈਰਖਾ ਹੋਈ…, ਉਹ ਤਾਂ ਆਪ ਔਂਤਰਾ ਨਖੱਤਰਾ ਲੱਤਾਂ ਤੋਂ ਅਪਾਹਜ!  ਨਾ ਮੂੰਹ ਨਾ ਮੱਥਾ ਤੇ ਇਹ ਅਰਸ਼ੀ ਇਨਾਇਤ ਕਿਹੜੇ ਕਰਮਾਂ  ਦਾ ਇਵਜ਼ਾਨਾ ਦਿਤਾ ਹੈ ਈਸ਼ਵਰ ਨੇ ਉਸ ਨੂੰ…।

‘ਜੀ ਉਹ ਮੇਰੇ ਵੀ ਦੋਸਤ ਨੇ ਬੜੇ ਕਰੀਬੀ ਦੋਸਤ…, ਕਦੋਂ ਆਉਣਗੇ ਉਹ…?’

ਟੀ.ਵੀ. ਨੇ ਬੜੇ ਦਿਲਕਸ਼ ਅੰਦਾਜ਼ ਵਿਚ ਟੁਣਕਾ ਜਿਹਾ ਮਾਰਿਆ।

‘ਤੁਸੀਂ ਬੈਠੋ ਆਰਾਮ ਨਾਲ ਬੱਸ ਆ ਜਾਣਾ ਜਲਦੀ ਹੀ ਉਨ੍ਹਾਂ, ਬੈਠੋ ਮੈਂ ਚਾਹ ਬਣਾਵਾਂਗੀ…।’ ਉਹ ਉਠੇ ਕੇ ਤੁਰਨ ਲੱਗੀ।

‘ਨਹੀਂ-ਨਹੀਂ… ਚਾਹ ਦੀ ਲੋੜ ਨਹੀਂ, ਤੁਸੀਂ ਬੈਠੋ…। ਟੀ.ਵੀ. ਸਾਹਿਬ ਨੇ ਪਤਾ ਨਹੀ ਕਿਵੇਂ ਉੱਠ ਕੇ ਉਸ ਦਾ ਹੱਥ ਫੜ ਕੇ ਉਸ ਨੂੰ ਰੋਕ ਲਿਆ… ਉਹ ਉਸ ਦੇ ਸਾਹਮਣੇ ਬੈਠ ਗਈ।

‘ਤੁਸੀਂ ਕੀ ਕਰਦੇ ਓ ? ਕਿਥੇ ਰਹਿੰਦੇ ਉ…?’

‘ਜੀ ! ਜੀ! ਮੈਂ 1971 ਦੇ ਯੁੱਧ ਦੀ ਇਕ ਵਿਧਵਾ ਹਾਂ ਜਿਸ ਨੂੰ ਮੋਨਾ ਸਾਹਿਬ ਨੇ ਸਹਾਰਾ ਦਿੱਤਾ…। ਉਨ੍ਹਾਂ ਦੇ ਮਰਨ ਵੇਲੇ ਇਹ ਮੇਰੇ ਪਤੀ ਦੇ ਨਾਲ ਹੀ ਸਨ ਮਿਲਟਰੀ ਵਿਚ… ਉਹ ਸ਼ਹੀਦ ਹੋ ਗਏ… ਤੇ ਇਹਨਾਂ ਦੀ ਇਕ ਲੱਤ ਨਿਕਾਰਾ ਹੋ ਗਈ…।’

‘ਸੌਰੀ! ਬਹੁਤ ਅਫ਼ਸੋਸ। …ਤੁਹਾਡੇ ਦੁਖਾਂਤ ਤੇ…।’

‘ਨਹੀ ਨਹੀਂ । ਹੁਣ ਮੈਂ ਆਪਣੇ ਦੁਖਾਂਤ ਨੂੰ ਭੁੱਲ ਗਈ ਹਾਂ…, ਮੋਨਾ ਸਾਹਿਬ ਦੀ ਹਮਦਰਦੀ ਨੇ ਮੇਰੇ ਡਿਗਦੇ ਪਸਤ ਹੋਏ ਮਨੋਬਲ ਨੂੰ ਢਾਰਸ ਦਿੱਤਾ…। ਪਰ ਉਸ ਪਿੱਛੋਂ ਇਕ ਹੋਰ ਬਹੁਤ ਵੱਡਾ ਕਹਿਰ ਵਾਪਰਿਆ। ਭਿਆਨਕ ਬਿਮਾਰੀ ਨੇ ਮੋਨਾ ਸਾਹਿਬ ਦੀ ਘਰਵਾਲੀ ਤੇ ਦੋ ਬੱਚੇ ਨਿਗਲ ਲਏ। ਇਕ ਹਫ਼ਤੇ ਦੇ ਵਿਚ ਇਹ ਘਰ ਸ਼ਮਸ਼ਾਨਘਾਟ ਬਣ ਗਿਆ। ਤਾਂ ਫਿਰ ਮੈਂ ਸਾਰੀ ਲੋਕ ਲੱਜ ਛਿਕੇ ਟੰਗ ਕੇ ਇਹਨਾਂ ਨੂੰ ਆਪਣੀ ਸੇਵਾ ਅਰਪਣ ਕਰ ਦਿੱਤੀ…। ਮੈਂ ਸਵੇਰੇ ਸ਼ਾਮ ਆਉਂਦੀ ਹਾਂ, ਇਹਨਾਂ ਦਾ ਖਾਣਾ ਬਣਾ ਜਾਂਦੀ ਹਾਂ…, ਇਸ ਨਾਲ ਮੇਰਾ ਆਪਣਾ ਵੀ ਸਮਾਂ ਠੀਕ ਗੁਜ਼ਰ ਜਾਂਦਾ ਹੈ…, ਧਿਆਨ ਹੋਰ ਪਾਸੇ ਲੱਗ ਜਾਂਦਾ ਹੈ…।

‘ਮੈਂ ਵੀ ਤਾਂ ਕਵਾਰਾ ਹੀ ਹਾਂ ਅਜੇ, ਮੈਨੂੰ ਵੀ ਤਲਾਸ਼ ਹੈ ਕਿਸੇ ਚੰਗੇ ਸਾਥੀ ਦੀ …।’ ਉਸ ਨੂੰ ਦਿਲਰੁਬਾ ਬਣਾਉਣ ਲਈ ਟੋਹ ਮਾਰੀ।

‘ਨਹੀਂ ! ਮੈਂ ਹੁਣ ਤੁਹਾਡੇ ਕੰਮ ਜੋਗੀ ਨਹੀਂ…।’

‘ਨਹੀਂ ਬਾਲੋ! ਤੂੰ ਮੇਰੇ ਨੇੜੇ ਆ, ਉਨ੍ਹਾਂ ਦੀ ਵੀ ਸੇਵਾ ਕਰੀ ਜਾ, ਇਸ ਵਿਚ ਮੋਨਾ ਸਾਹਿਬ ਨੂੰ ਵੀ ਕੋਈ ਇਤਰਾਜ਼ ਨਹੀਂ ਹੋਵੇਗਾ…।’

‘ਕੀ ਕਹਿ ਰਹਿ ਓ ਬਾਬੂ ਜੀ! ਮੈਂ ਔਰਤ ਹਾਂ ਇਨਸਾਨੀ ਰੂਪ, ਪਸ਼ੂ ਨਹੀਂ…। ਇਕ ਔਰਤ ਇਕ ਵੇਲੇ ਇਕ ਮਰਦ ਨਾਲ ਹੀ ਰਹਿ ਸਕਦੀ ਹੈ…।’ ਬਾਲੋ ਨੇ ਉਸ ਦੀ ਦੁਰਭਾਵਨਾ ਨੂੰ ਛੰਡ ਦਿੱਤਾ।

‘ਤੂੰ ਆ ਤਾਂ ਸਹੀ…।’ ਟੀ.ਵੀ. ਸਾਹਿਬ ਨੇ ਉਸ ਨੂੰ ਖਿੱਚ ਕੇ ਆਪਣੇ  ਨਾਲ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਭੂਤਰੀ ਗਾਂ ਵਾਂਗ ਭੜਕ ਉਠੀ।

‘ਚਟਾਕ। ਫੜਾਕ।’

ਆਪਣੇ ਆਪ ਨੂੰ ਛੁਡਾ ਕੇ ਦੋਹਾਂ ਹੱਥਾਂ ਨਾਲ ਉਸ ਦੀਆਂ ਦੋਹਾਂ ਗੱਲਾਂ ਤੇ ਮਹਾਂ ਭਾਰਤ ਦਾ ਨਕਸ਼ਾ ਉੱਕਰ ਦਿੱਤਾ…।

‘ਅੱਛਾ ਸਰ! ਮੈਂ ਜਾਵਾਂ … ?’

ਰਾਕੇਸ਼ ਦੀ ਆਵਾਜ਼ ਨੇ ਟੀ ਵੀ ਸਾਹਿਬ ਨੂੰ ਫਿਰ ਆਪਣੀ ਕੁਰਸੀ ਤੇ ਲਿਆ ਬਿਠਾਇਆ।

ਉਸ ਨੇ ਇਕ ਲੰਬਾ ਹਉਕਾ ਲਿਆ…, ਮੱਥੇ ਤੋਂ ਤਰੇਲੀਆਂ ਸਾਫ਼ ਕੀਤੀਆਂ। ਮੁੰਡੇ ਦੀਆਂ ਅੱਖਾਂ ਵਿਚ ਬੜੀ ਨੀਝ ਨਾਲ ਵੇਖਣ ਲੱਗਾ…, ਵੇਖਦਾ ਰਿਹਾ। ਫਿਰ ਘੰਟੀ ਮਾਰੀ…ਚਪੜਾਸੀ ਆਇਆ…।

‘ਸ਼ਰਬਤ ਦੋ ਗਿਲਾਸ…ਸੰਦਲ ਦਾ ਸ਼ਰਬਤ…।’

‘ਯੈਸ ਸਰ’ ਚਪੜਾਸੀ ਸਲੂਟ ਮਾਰਦਾ ਬਾਹਰ ਨਿਕਲ ਗਿਆ…।

‘ਤੇ ਬੇਟੇ ਇਸ ਤਰ੍ਹਾਂ ਕਰੀਂ। ਸਾਨੂੰ ਹੋਰ ਨਵੇਂ ਕਲਾਕਾਰਾਂ ਦੀ ਲੋੜ ਹੈ । ਅਗਲੇ ਐਤਵਾਰ ਆਪਣੀ ਮੰਮੀ ਨੂੰ ਵੀ ਲੈ ਆਵੀਂ… ਤੇ ਨਾਲੇ ਉਹਨੂੰ ਦੱਸ ਦੇਵੀ। ਅੰਕਲ ਨੇ  ਸ਼ਰਬਤ ਪਿਲਾਇਆ ਸੀ…, ਸੰਦਲ ਦਾ ਸ਼ਰਬਤ …।’ “‘

 

 

 

 

 

 

 

 

 

 

 

 

 

ਬੱਕਰੇ ਦੀ ਜੂਨ

ਸਵੇਰੇ ਘਰ ਤੋਂ ਬਾਹਰ ਨਿਕਲਦੇ ਇੰਸਪੈਕਟਰ ਜਾਨੀ ਦਾ ਮਨ ਜਰਾ ਕੁ ਘਬਰਾਇਆ…। ਅਖ਼ਬਾਰ ਦੀਆਂ ਸੁਰਖ਼ੀਆਂ ਲੁੱਟ, ਮਾਰ, ਬੈਂਕ ਡਾਕੇ, ਕਤਲੇਆਮ, ਪੁਲਸ ਮੁਕਾਬਲਾ, ਇਹ ਤਾਂ ਇਕ ਰੁਟੀਨ ਮਾਮਲਾ ਬਣ ਕੇ ਰਹਿ ਗਈਆਂ ਸਨ। ਘਰ ਤੋਂ ਦਫ਼ਤਰ, ਤੇ ਦਫ਼ਤਰ ਤੋਂ ਘਰ, ਬੱਸ ਇਹੀ ਦੋ ਚਾਰ ਕਿੱਲੋਮੀਟਰ ਦਾ ਫ਼ਾਸਲਾ ਮਿੰਟ ਗਿਣ-ਗਿਣ ਕੇ ਲੰਘਦਾ ਸੀ। ਜਿਹੜੀ ਘੜੀ ਲੰਘ ਗਈ ਉਹੀ ਸੁਲਖਣੀ, ਅੱਗੇ ਕੀ ਹੋਣ ਵਾਲਾ ਹੈ ਕਿਸੇ ਨੂੰ ਪਤਾ ਨਹੀ ਸੀ। ਦਫ਼ਤਰ ਪਹੁੰਚ ਕੇ ਉਸ ਨੂੰ ਖ਼ਬਰ ਮਿਲੀ ਕਿ ਤਰਨਤਾਰਨ ਤੇ ਭਿੱਖੀਵਿੰਡ ਇਲਾਕਿਆਂ ਵਿਚ ਫਿਰ ਉਸ ਦੀ ਡਿਊਟੀ ਲਗੀ ਹੈ ਦੋਬਾਰਾ, ਤੇ ਦਿਲੀ ਦੇ ਹੁਕਮਾਂ ਅਨੁਸਾਰ ਇਸ ਤੇ ਜਲਦੀ ਅਮਲ ਕਰਾਉਣ ਦੀ ਤਾਕੀਦ ਕੀਤੀ ਗਈ ਸੀ। ਥਾਂ ਥਾਂ ਤੇ ਲੱਗੀਆਂ ਪੁਲਿਸ ਰੋਕਾਂ ਤੇ ਪੈਰ ਪੈਰ, ਟਾਹਣੀ ਟਾਹਣੀ ਤੇ ਲਗੇ ਖਾੜਕੂਆਂ ਦੇ ਡੂਮਣੇ ਪਲ ਵਿਚ ਹੀ ਉਸ ਦੀਆਂ ਨਜ਼ਰਾਂ ਚੋ ਗੁਜ਼ਰ ਗਏ…। ਖਾੜਕੂ ਉਸ ਨੇ ਸੁਣੇ ਤਾਂ ਸਨ, ਉਨ੍ਹਾਂ ਦੇ ਕਾਰਨਾਮੇ ਤੇ ਕਰਤੂਤਾਂ ਜਾਨੀ ਹਰ ਰੋਜ ਟੀ ਵੀ ਰੇਡੀਉ ਤੇ ਅਖ਼ਬਾਰਾਂ ਰਾਹੀ ਬੜਾ ਕੰਨ ਲਾ ਕੇ ਸਰਵਣ ਕਰਦਾ ਸੀ, ਪਰ ਖਾੜਕੂਆਂ ਦੀ ਕਦੇ ਸ਼ਕਲ ਨਹੀਂ ਸੀ ਵੇਖੀ ਉਸ ਨੇ…। ਕਿੱਦਾਂ ਦੇ ਹੁੰਦੇ ਨੇ, ਉਹ ਬੇਕਿਰਕੇ। ਜਿਹੜੇ ਬਿਨਾਂ ਕਿਸੇ ਦੁਆ ਦਵੈਤ ਦੇ ਏ ਕੇ ਸੰਤਾਲੀ ਦਾ ਘੋੜਾ ਨੱਪ ਕੇ ਕਈ ਵੱਸਦੇ ਰਸਦੇ ਘਰਾਂ ਵਿਚ ਲਹੂ ਦੀ ਪਰਤ ਵਿਛਾ ਦਿੰਦੇ ਹਨ।

ਜਾਨ ਤਲੀ ਤੇ ਧਰ ਕੇ ਮਹਿਕਮੇ ਦੀ ਦਿਤੀ ਚੁਨੌਤੀ ਉਸ ਨੇ ਹੱਸ ਕੇ ਸਵੀਕਾਰ ਕਰ ਲਈ…, ਹੋਰ ਕੋਈ ਉਧਰ ਜਾਣ ਦਾ ਹੀਆ ਨਹੀਂ ਸੀ ਕਰਦਾ…। ਪਰ ਉਸ ਨੇ ਆਪਣੀ  ਰਜ਼ਾਮੰਦੀ ਭੇਜ ਦਿੱਤੀ। ਤਰਨਤਾਰਨ ਪਹੁੰਚ ਕੇ ਉਸ ਦੀ ਜਾਨ ਬਿਖੜ ਕੇ ਤੀਲ੍ਹਾ ਤੀਲ੍ਹਾ ਹੋ ਗਈ…, ਸੁੰਨਸਾਨ ਗਲੀਆਂ ਬਾਜ਼ਾਰ…, ਬੇਰੌਣਕੇ ਚਿਹਰੇ…, ਕੁੱਤਿਆਂ ਤੇ ਪੁਲਸ ਦੀ ਹਰਲ-ਹਰਲ…। ਕਾਗ਼ਜ਼ੀ ਕਾਰਵਾਈ ਪਾਉਣ ਲਈ ਉਸ ਨੇ ਘਸੀਟ ਪੁਰੀਆਂ ਦੇ ਸ਼ੈਲਰ ਵੱਲ ਸਕੂਟਰ ਮੋੜਿਆ… ਉਸ ਦੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਹੋ ਗਈ। ਦਫ਼ਤਰ ਦੇ ਗੇਟ ਨੂੰ ਵੱਡਾ ਸਾਰਾ ਤਾਲਾ। ਉਹ ਬਹੁਤ ਚਿੰਤਾਤੁਰ ਹੋਇਆ… ਇਹ ਸ਼ੈਲਰ ਉਸ ਦੀ ਠਾਹਰ ਸੀ… ਉਸ ਦੀ ਹੀ ਨਹੀ…, ਹਰ ਚੰਗੇ ਮਾੜੇ ਦੀ…।

ਜਗਤਾਰ ਸਿੰਘ ਘਸੀਟ ਪੂਰੀਆ ਜੋ ਇਸ ਕਾਰਖ਼ਾਨੇ ਦਾ ਮਾਲਕ ਸੀ, ਹਰ ਉੱਚੇ ਨੀਵੇਂ ਨੂੰ ਜੀ ਆਇਆ ਕਹਿੰਦਾ ਸੀ…। ਸ਼ਹਿਰ ਦੇ ਆਸੇ ਪਾਸੇ ਦੇ ਹਰ ਚੰਗੇ ਮਾੜੇ ਦੀ ਉਸ ਤੱਕ ਪਹੁੰਚ ਸੀ… ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਸੀ ਉਹ, ਤੇ ਘਸੀਟਪੁਰੇ ਪਿੰਡ ਦਾ ਸਰਪੰਚ। ਤੂਤੀ ਬੋਲਦੀ ਸੀ ਸਾਰੇ ਇਲਾਕੇ ਵਿਚ ਉਸ ਦੀ…। ਬੜਾ ਸੁਹਣਾ, ਸੁਨੱਖਾ, ਮਿਲ਼ਨਸਾਰ ਤੇ ਮਿਲਾਪੜੇ ਮਜਾਜ਼ ਵਾਲਾ, ਹਰ ਛੋਟੇ ਵੱਡੇ ਦੀ ਦੀਦ ਕਰਦਾ ਸੀ। ਭਾਊਆਂ ਨਾਲ ਵੀ ਉਸ ਦਾ ਯਾਰਾਨਾ ਸੀ, ਤੇ ਉਸ ਨੇ ਕਈਆਂ ਦੇ ਕੰਮ ਕਰਾਏ ਸਨ…। ਉੱਪਰ ਵਾਲੇ ‘ਘੜੇ’ ਚੋਂ ਜਿਸ ਦੀ ਪਰਚੀ (ਲਾਟਰੀ) ਨਿਕਲਦੀ…, ਉਸ ਨੂੰ ਸੰਮਣ ਪਹੁੰਚ ਜਾਂਦੇ… ਤੇ ਫਿਰ ਉਹ ਜਗਤਾਰ ਸਿੰਘ ਤੱਕ ਪਹੁੰਚ ਕਰਦੇ…। ਜੇ ਕਿਸੇ ਦੀ ਵਧੀ ਹੁੰਦੀ, ਦਾਣਾ ਪਾਣੀ ਬਾਕੀ ਹੁੰਦਾ ਤਾਂ ਇਸ ਦੇ ਮਾਧਿਅਮ ਨਾਲ ਫ਼ੈਸਲਾ ਹੋ ਜਾਂਦਾ। ਉਨ੍ਹਾਂ ਦੀ ਜਾਨ ਬਖ਼ਸ਼ੀ ਹੋ ਜਾਂਦੀ। ਉਸ ਦਾ ਸਕੂਟਰ ਕੰਬ ਕੇ ਰਹਿ ਗਿਆ…, ਉਹ ਆਪ ਕੰਬ ਕੇ ਰਹਿ ਗਿਆ, ਜਦ ਉਸ ਨੇ ਦੇਖਿਆ, ਆਏ ਗਏ ਅਜਨਬੀਆਂ ਦੀ ਠਾਹਰ ਤੇ ਅੱਜ ਸੱਥਰ ਵਿਸ਼ੇ ਪਏ ਨੇ…। ਸੋਚਾਂ ਵਿਚ ਡੁੱਬੇ ਕਰਿੰਦੇ ਤੇ ਹੋਰ ਭੈਣ ਭਾਈ ਰੋ ਰੋ ਕੇ ਲਾਲ ਹੋਈਆਂ ਅੱਖਾਂ ਨਾਲ ਉਸ ਨੂੰ ਮਿਲੇ…। ਉਨ੍ਹਾਂ ਨੂੰ ਪਤਾ ਸੀ, ਜਾਨੀ ਦਾ ਉਸ ਨਾਲ ਕੁੱਝ ਜ਼ਿਆਦਾ ਹੀ ਮੋਹ ਸੀ ਤੇ ਪੱਗ ਵਟਵੀਂ ਯਾਰੀ ਸੀ…। ਅਜੇ ਉਸ ਦੀ ਪਿਛਲੀ ਫੇਰੀ ਸਮੇਂ ਹੀ ਜਗਤਾਰ ਨੇ ਸਲਾਹ ਦਿਤੀ ਸੀ…। ‘ਭਾਅ ਜੀ, ਤੁਸੀਂ ਅਜਿਹੀ ਕਾਲੀ ਬੋਲੀ ਹਨੇਰੀ ਵਿਚ ਇੱਧਰ ਦੌਰਾ ਨਾ ਕਰਿਆ ਕਰੋ…। ਇੱਥੇ ਤਾਂ ਉਨ੍ਹਾਂ ਦੀ ਸਮਾਨ-ਅੰਤਰ ਸਰਕਾਰ ਬਣੀ ਹੋਈ ਹੈ।’ ਤੇ ਅੱਗੋਂ ਉਸ ਨੇ ਹੱਸ ਕੇ ਟਾਲ ਦਿੱਤਾ ਸੀ…। ‘ਇਹ ਤਾਂ ਮੇਰਾ ਆਪਣਾ ਹੀ ਇਲਾਕਾ ਹੈ, ਇਹਨਾਂ ਗਲੀਆਂ ਦੀ ਮੈਂ ਖਾਕ ਛਾਣੀ ਹੈ, ਇੱਥੇ ਰਿੜ੍ਹ ਖੁੜ ਕੇ ਜਵਾਨੀ ਚੜਿਆ ਹਾਂ…। ਮਾਨੋਚਾਹਲ ਦੇ ਮੇਲੇ ਦੇ ਪੰਘੂੜੇ ਮੈਂ ਆਪ ਝੂਟੇ ਹਨ… ਤਾਂ ਹੁਣ ਮੈਨੂੰ ਡਰ ਕਾਹਦਾ…?’

‘ਨਹੀਂ, ਫਿਰ ਵੀ ਆਪਣੇ ਆਪ ਦਾ ਬਚਾਅ ਕਰਨਾ ਚਾਹੀਦਾ ਹੈ… ਇਹਨਾਂ ਨਾਲ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ, ਉਹ ਕਿਸੇ ਦਾ ਲਿਹਾਜ਼ ਨਹੀ ਕਰਦੇ…। ਇਹ ਕਿਸੇ ਦੇ ਮਿੱਤ ਨਹੀਂ…।’ ਤੇ ਅੱਜ ਉਸ ਹੋਰਾਂ ਨੂੰ ਮੱਤਾਂ ਦੇਣ ਵਾਲੇ ਨੂੰ, ਭਾਊ ਗੱਡੀ ਚੜ੍ਹਾ ਗਏ ਨੇ, ਧੁਰ ਦੀ ਗੱਡੀ…। ਉਸ ਦਾ ਮਨ ਬੁਝ ਗਿਆ, ਹੌਸਲੇ ਦੇ ਥੰਮ ਪਸਤ ਹੋ ਗਏ…। ਜੇ ਉਸ ਦਾ ਇਹ ਹਾਲ ਹੋਇਆ ਹੈ ਤਾਂ ਉਹ ਆਪ ਕਿਸ ਦਾ ਪਾਣੀ ਹਾਰ ਹੈ ? ਕੋਈ ਵੀ ਸੁਰੱਖਿਅਤ ਨਹੀ ਇੱਥੇ, ਕੋਈ ਵੀ ਥਾਂ ਖ਼ਤਰੇ ਤੋਂ ਖਾਲੀ ਨਹੀਂ।

ਇਹੋ ਜਿਹੇ ਗ਼ਮਗੀਨ ਮੌਸਮ ਵਿਚ ਕਿਸੇ ਅਦਾਰੇ ਵਿਚ ਸਰਕਾਰੀ ਕੰਮ ਲਈ ਜਾਣਾ ਕਿੰਨੀ ਮੂਰਖਤਾ ਵਾਲੀ ਗੱਲ ਹੈ…, ਉਨ੍ਹਾਂ ਦੇ ਕਾਰਖ਼ਾਨੇ ਆ ਕੇ ਸਕੇ ਸੰਬੰਧੀਆਂ ਦੀ ਚੀਕ ਪੁਕਾਰ ਤੇ ਕੁਰਲਾਟ ਸੁਣ ਕੇ ਉਸ ਦੇ ਆਪਣੇ ਮਿਥੇ ਸਰਕਾਰੀ ਮਨੋਰਥ ਧਰੇ ਧਰਾਏ ਰਹਿ ਗਏ…।

‘ਚਲੋ ਭਿੱਖੀਵਿੰਡ ਹੀ ਚਲਦੇ ਹਾਂ…। ਅਕਸਰ ਤਾਂ ਉੱਥੇ ਵੀ ਜਾਣਾ ਹੀ ਪੈਣਾ ਹੈ, ਅੱਜ ਨਹੀ ਤਾਂ ਕੱਲ੍ਹ…।’ ਉਹ ਮਨ ਵਿਚ ਬੜਾ ਕਲਪਿਆ।

ਤਰਨਤਾਰਨ ਤੋਂ ਭਿੱਖੀਵਿੰਡ ਦੀ ਸੜਕ ਹੋਰ ਵੀ ਜ਼ਿਆਦਾ ਖ਼ਤਰਨਾਕ ਤੇ ਨਾਜ਼ਕ ਸੀ, ਤੇ ‘ਉਨ੍ਹਾਂ’ ਦੀ ਹਕੂਮਤ ਸੀ ਉਸ ਸੜਕ ਤੇ ਪੂਰੀ ਤਰਾਂ… । ਇਹੀ ਉਸ ਨੂੰ ਖ਼ਾਸ ਤੋਰ ਤੇ ਦੱਸਿਆ ਸੀ ਜਗਤਾਰ ਸਿੰਘ ਨੇ…। ਪਰ ਅੰਦਰ ਵੜ ਕੇ ਵੀ ਤਾਂ ਕਿੱਦਾਂ ਦਿਨ ਕਟੀ ਹੋ ਸਕਦੀ ਹੈ… ਕੰਮ ਤੋਂ ਕੰਨੀ ਕਤਰਾਉਣਾ… ਤਾਂ ਬੁਜ਼ਦਿਲੀ ਹੈ…। ਉਸ ਦੇ ਮਨ ਦੇ ਅੰਦਰ ਤੂਫ਼ਾਨ ਉਠਦੇ ਰਹੇ ਘੋਲ ਕਰਦੇ ਰਹੇ, ਤੇ ਆਖ਼ਰ  ਉਸ ਨੇ ਉਧਰ ਜਾਣ ਦਾ ਫ਼ੈਸਲਾ ਕਰ ਲਿਆ।

ਉਸ ਨੇ ਵਡੇ ਵਡੇਰਿਆਂ ਤੋ ਸੁਣਿਆ ਸੀ, ‘ਭਵਸਾਗਰ ਨੂੰ ਪਾਰ ਕਰਨ ਲਈ ਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ…, ਗੁਰਬਾਣੀ ਦੀ ਡੰਗੋਰੀ ਨਾਲ ਹਰ ਵਿੰਗਾ ਟੇਢਾ ਚਿੱਕੜ ਪਾਰ ਕੀਤਾ ਜਾ ਸਕਦਾ ਹੈ…। ਮੂੰਹ ਵਿਚ ਪਾਠ ਕਰਦੇ-ਕਰਦੇ ਉਹ ਮਾਣੋਚਾਹਲ ਦੀ ਹਦੂਦ ਵਿਚ ਦਾਖਲ ਹੋਇਆ…। ਉਸ ਦੇ ਲੂੰ ਕੰਢੇ ਖੜੇ ਹੋ ਗਏ… ਦੂਰ ਤੱਕ ਸੜਕ ਤੇ ਕੋਈ ਬੰਦਾ ਪਰਿੰਦਾ ਜਾਂ ਸੁਰੱਖਿਆ ਕਰਮਚਾਰੀ ਨਹੀਂ ਸੀ…। ਸੱਜੇ ਪਾਸੇ ਦੂਰ ਤੱਕ ਲਹਿਲਹਾਉਂਦੇ ਹਰੇ ਭਰੇ ਖੇਤ …। ਇਸ ਜਗਾ ਕਿਸੇ ਵੇਲੇ ਦੂਰ ਤੱਕ ਜੀਉਬਾਲੇ ਵਾਲੀ ਰੋਹੀ ਨੇ ਆਪਣੀਆਂ ਜ਼ੁਲਫਾਂ ਖਿਲਾਰ ਕੇ ਹਜ਼ਾਰਾਂ ਏਕੜ ਰਕਬਾ ਤਬਾਹ ਕਰ ਦਿੱਤਾ ਸੀ ਤੇ ਫਿਰ ਇਕ ਕੈਰੋਂ ਦੇ ਵਜੀਰ ਨੇ ਨੱਥ ਪਾ ਕੇ ਸੱਪ ਦੀ ਪਟਾਰੀ ਵਾਂਗ ਇਸ ਨੂੰ ਇਕ ਡਰੇਨ ਵਿਚ ਬੰਦ ਕਰ ਦਿੱਤਾ ਸੀ, ਉਸ ਦੀ ਹੋਂਦ ਖ਼ਤਮ ਕਰ ਦਿੱਤੀ ਸੀ।

ਖੱਬੇ ਪਾਸੇ ਇਕ ਪੱਕਾ ਟੋਟਾ ਸੀ ਸੜਕ ਦਾ…, ਸਖੀਰੇ ਪਿੰਡ ਨੂੰ ਜਾਂਦਾ। ਇਹ ਕਦੇ ਕੱਚਾ ਸੀ ਪੁਰਾਣੇ ਵੇਲੇ ਤੇ ਇਸ ਰਸਤੇ ਪਤਾ ਨਹੀ ਕਿੰਨੀ ਕੁ ਵੇਰਾਂ ਉਸ ਨੇ ਵਾਟਾਂ ਵਾਹੀਆਂ ਸਨ, ਉਸ ਵੇਲੇ ਕੋਈ ਡਰ ਨਹੀ ਸੀ, ਅੱਜ ਡਰ ਕਿਉਂ…?

ਟਾਂਗੇ ਦੇ ਘੋੜੇ ਨੂੰ ਜਿਵੇਂ ਫਨੀਅਰ ਨੇ ਅੱਗੋਂ ਘੇਰ ਲਿਆ ਹੋਵੇ। ਉਸ ਦੇ ਸਕੂਟਰ ਨੂੰ ਇਕ ਦਮ ਬਰੇਕ ਲੱਗ ਗਈ…। ਉਸ ਦੇ ਮਨ ਦੇ ਵਹਿਣ ਉਸ ਨੂੰ ਮਾਣੋਚਾਹਲ ਦੀ ਸੜਕ ਤੇ ਬੋਹੜ ਥੱਲੇ ਲੈ ਆਏ…। ਮਲੇਸ਼ੀਆ ਕੁੜਤਾ ਪਜਾਮਾ ਪਾਈ ਦੋ ਨੌਜਵਾਨ ਉਸ ਦੇ ਅੱਗੇ ਖੜੇ ਸਨ…। ਖੱਬੇ ਪਾਸੇ ਉਸ ਨੇ ਵੇਖਿਆ ਇਹ ਤਾਂ ਬੱਸ ਸਟਾਪ ਸੀ ਤੇ ਕੋਈ ਦਸ ਪੰਦਰਾਂ ਸਵਾਰੀਆਂ ਖੜੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ…। ਉਸ ਨੂੰ ਸਮਝਣ ਵਿਚ ਜ਼ਰਾ ਵੀ ਦੇਰ ਨਾ ਲੱਗੀ ਕਿ ਜਿਨ੍ਹਾਂ ਨੂੰ ਵੇਖਣ ਲਈ ਉਹ ਹਰ ਰੋਜ਼ ਚਾਹਤ ਕਰਦਾ ਸੀ, ਤਰਲੋ-ਮੱਛੀ ਹੁੰਦਾ ਸੀ, ਉਹ ਉਸ ਦੇ ਸਾਹਮਣੇ ਖੜੇ ਸਨ। ਮਿੰਟ ਦੀ ਮਿੰਟ ਉਸ ਦਾ ਜੀਅ ਕੀਤਾ ਉਹ ਉਚੀ ਉਚੀ ਚਿਲਾ ਕੇ ਲਾਗੇ ਖੜੀਆਂ ਸਵਾਰੀਆਂ ਨੂੰ ਆਪਣੀ ਮਦਦ ਲਈ ਪੁਕਾਰੇ… ਪਰ ‘ਟੀਂਅ ਕਰਦੀ ਗੋਲੀ’ ਦੀ ਤਵੱਕੋ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ।

‘ਕਿਥੇ ਜਾਣਾ ਭਾਅ ਜੀ…?’ ਇਕ ਨੇ ਸਕੂਟਰ ਦੇ ਹੈਂਡਲ ਤੇ ਹੱਥ ਧਰ ਕੇ ਬੜੇ ਮਿੱਠੇ ਲਹਿਜ਼ੇ ਵਿਚ ਪੁਛਿਆ…।

‘ਮੈਂ ਭਿੱਖੀਵਿੰਡ ਜਾਣਾ… ਬਾਬਿਓ…।’

‘ਕੀ ਕੰਮ ਕਰਦੇ ਓ…?’ ‘ਜੀ ਮੈਂ ਖੇਤੀ ਕਰਦਾਂ…।’

ਉਸ ਨੂੰ ਇਕ ਦਮ ਫੁਰਨਾ ਫੁਰਿਆ ਤੇ ਉਸ ਨੇ ਬੜੀ ਹਾਜ਼ਰ ਜੁਆਬੀ ਨਾਲ ਉਨ੍ਹਾਂ ਦਾ ਜੁਆਬ ਦਿੱਤਾ…। ਉਸ ਨੂੰ ਪਤਾ ਸੀ ਉਹ ਸਰਕਾਰੀ ਬੰਦੇ ਨੂੰ ਜਾਂ ਅਫ਼ਸਰ ਨੂੰ ਨਹੀਂ ਬਖ਼ਸ਼ਦੇ ਤੇ ਸਿਧੇ ਹਰੀਕੇ ਵਾਲੇ ‘ਮੰਡ’ ਵਿਚ ਜਾ ਸੁੱਟਦੇ ਨੇ…। ਤੇ ਫੇਰ ਮੂੰਹ ਮੰਗੀ ਫਿਰੌਤੀ ਮੰਗਦੇ ਨੇ ਤੇ ਜਾਂ ਫਿਰ ਇਕ ਅੱਧ ਗੋਲੀ ਠੰਢੀ ਕਰ ਸੁੱਟਦੇ ਨੇ…।

‘ਕਿਥੇ ਰਹਿੰਦੇ ਓ…?’ ਸੋਨੇ ਦਾ ਮੋਟਾ ਲਿਸ਼ਕਦਾ ਕੜਾ ਦੂਜੇ ਹੱਥ ਨਾਲ ਉੱਪਰ ਕਲੁੰਜਦੇ ਉਸ ਨੇ ਅੱਗੇ ਕਿਹਾ।

‘ਜੀ ਅੰਮ੍ਰਿਤਸਰ…।’

‘ਤਾਂ ਫਿਰ ਇਸ ਰਸਤੇ ਕਿਉਂ ਆਏ… ? ਦੂਸਰੇ ਸਿੱਧੇ ਰਸਤੇ ਕਿਉਂ ਨਹੀ ਗਏ ?’

‘ਉੱਥੇ ਜੀ ਇਕ ਬਿਮਾਰ ਆਦਮੀ ਹੈ ਅੰਮ੍ਰਿਤਸਰ, ਉਸ ਦਾ ਸੁਨੇਹਾ ਦੇਣਾ ਸੀ ਤਰਨਤਾਰਨ ਵੀ ਤੇ ਭਿੱਖੀਵਿੰਡ ਵੀ…।’

ਮੌਤ ਨੂੰ ਸਾਹਮਣੇ ਖੜੀ ਦੇਖ ਕੇ ਵੀ ਉਹ ਬੜੇ ਸਵੈ ਭਰੋਸੇ ਤੇ ਨਿਡਰਤਾ ਨਾਲ ਉਨ੍ਹਾਂ ਦੀ ਹਰ ਗੱਲ ਦਾ ਪੂਰੀ ਤਸੱਲੀ ਨਾਲ ਜੁਆਬ ਦਿੰਦਾ ਰਿਹਾ…।

‘ਭਾਅ ਜੀ ਸਾਨੂੰ ਤੁਹਾਡੀ ਗੱਡੀ ਚਾਹੀਦੀ ਹੈ…।’ ਇਕ ਨੇ ਬੜੇ ਪ੍ਰੇਮ ਨਾਲ ਕਿਹਾ।

ਗੱਡੀ ਤੋਂ ਉਨ੍ਹਾਂ ਦਾ ਮਤਲਬ ਸਕੂਟਰ ਸੀ… ਉਹ ਇਕ ਦਮ ਸਮਝ ਗਿਆ। ਇਕੇਰਾਂ ਤੇ ਉਸ ਦੀ ਖ਼ਾਨਿਓਂ ਗਈ ਕਿ ਨਵਾਂ ਸਕੂਟਰ ਅਜੇ ਨੰਬਰ ਵੀ ਨਹੀ ਲੱਗਾ। ਪਿੱਛੇ ‘ਦਿਲਜਾਨੀ’ ਹੀ ਲਿਖਿਆ ਹੈ ਇਕੱਲਾ, ਜਾਂ ‘ਉਡੀਕਾਂ ਨੰਬਰ’। ਪਰ ਇਕ ਗੱਲੋਂ ਉਸ ਨੇ ਸੁੱਖ ਦਾ ਸਾਹ ਲਿਆ ਕਿ ਸ਼ੁਕਰ ਹੈ ਸਕੂਟਰ ਦੇ ਕੇ ਜਾਨ ਤਾਂ ਬਚਦੀ ਹੈ…।

‘ਕੋਈ ਨੀਂ ਲੈ ਜਾਉ…ਸਕੂਟਰ …, ਮੈਨੂੰ ਪਤਾ ਤੁਸੀਂ ਇਹ ਸ਼ੁੱਭ ਕੰਮਾਂ ਲਈ ਹੀ ਵਰਤਣਾ ਹੈ… ਸ਼ੁਕਰ ਰੱਬ ਦਾ ਮੇਰਾ ਸਕੂਟਰ ਵੀ ਸ਼ੁੱਭ ਮਨੋਰਥਾਂ ਲਈ ਕੰਮ ਆਏ…।’ ਉਸ ਨੇ ਨਿਸੰਗ ਹੋ ਕੇ ਕਹਿ ਦਿੱਤਾ।

‘ਤੁਸੀਂ ਬੜੇ ਬਹਾਦਰ ਜੋਧੇ ਹੋ…, ਜੋ ਏਨਾ ਕਸ਼ਟ ਝੱਲ ਕੇ ਰਾਤ ਦਿਨ ਪੰਥ ਦੀ ਸੇਵਾ ਕਰਦੇ ਹੋ…।’ ਜਾਨੀ ਨੇ ਉਨ੍ਹਾਂ ਦਾ ਦਿਲ ਜਿੱਤਣਾ ਚਾਹਿਆ, ਪਰ ‘ਇਹ ਬੈਂਕ ਲੁੱਟਣਗੇ…ਡਾਕੇ ਮਾਰਨਗੇ…ਤੇ ਕਈ ਬੇਗੁਨਾਹਾਂ ਨੂੰ ਇਕ ਪਾਲ ਵਿਚ ਖੜਾ ਕਰਕੇ ਭੁੰਨ ਦੇਣਗੇ ਤੇ ਫਿਰ ਇਹ ਸਕੂਟਰ ਉੱਥੇ ਕਿਸੇ ਚੌਰਾਹੇ ਵਿਚ ਖੜਾ ਕਰਕੇ ਹਰਨ ਹੋ ਜਾਣਗੇ…।’ ਉਸ ਦੇ ਸਾਹਮਣੇ ਭਾਵੀ ਘਟਨਾਵਾਂ ਦੀ ਰੀਲ ਘੁੰਮ ਗਈ…। ‘ਕੋਈ ਫ਼ਿਕਰ ਨਾ ਕਰੋ ਭਾਅ ਜੀ! ਸਾਨੂੰ ਆਪਣਾ ਐਡਰੈੱਸ ਦੱਸ ਜਾਉ, ਅਸੀਂ ਤੁਹਾਡੀ ਗੱਡੀ ਉੱਥੇ ਪੁੱਜਦੀ ਕਰ ਦਿਆਂਗੇ… ਜੇ ਚਾਹੋ ਤਾਂ ਕਿਸੇ ਨੇੜੇ ਥਾਣੇ ਵਿਚ ਰਪਟ ਲਿਖਾ ਦਿਓ…, ਤੁਹਾਡਾ ਵੀ ਬਚਾ ਹੋ ਜਾਵੇਗਾ…।’

‘ਮੈਨੂੰ ਇਸ ਪੰਗੇ ਵਿਚ ਨਾਂ ਹੀ ਪਾਉ… ਮੈਂ ਇਕ ਬਿਮਾਰ ਆਦਮੀ ਦਾ ਸੁਨੇਹਾ ਦੇਣਾ ਹੈ…।’ ਜਾਨੀ ਦੇ ਤਰਲੇ ਨੇ ਉਨ੍ਹਾਂ ਕੋਲੋਂ ਰਹਿਮਤ ਦੀ ਦੁਆ ਮੰਗੀ।

‘ਨਹੀ ! ਚਲੋ ਤੁਹਾਨੂੰ ਭਿੱਖੀਵਿੰਡ ਪਹੁੰਚਾ ਦਿਆਂਗੇ…।’ ਇਕ ਨੇ ਫਿਰ ਬੜੇ ਹਮਦਰਦੀ ਭਰੇ ਲਹਿਜ਼ੇ ਨਾਲ ਜਾਨੀ ਦੀਆਂ ਸਾਰੀਆਂ ਚੂਲਾਂ ਢਿੱਲੀਆਂ ਕਰ ਦਿੱਤੀਆਂ।

‘ਆਪੇ ਫਾਥੜੀਏ ਤੈਨੂੰ ਕੌਣ ਛਡਾਏ…।’ ਹੁਣ ਉਹ ਦੋਨਾਂ ਦੇ ਵਿਚਕਾਰ ਸਕੂਟਰ ਤੇ ਬੈਠਾ ਪਾਰੇ ਵਾਂਗ ਕੰਬ ਰਿਹਾ ਸੀ…। ਹੁਣੇ ਹੁਣੇ ਟੋਕਰੀ ਵਿਚਲੇ ਕਾਗ਼ਜ਼ …, ਜੋ ਸਰਕਾਰੀ ਕਾਗ਼ਜ਼ ਹਨ ਉਸ ਦੀ ਮੌਤ ਦੀ ਸਾਹੇ ਚਿੱਠੀ ਬਣਨਗੇ…, ਤੇ ਹੋਰ ਉਨ੍ਹਾਂ ਅੱਗੇ  ਮਾਰਿਆ ਝੂਠ ਇਹਨਾਂ ਸਰਕਾਰੀ ਕਾਗ਼ਜ਼ਾਂ ਨੇ ਸਾਰਾ ਨੰਗਾ ਕਰ ਦੇਣਾ ਹੈ…।’ ਉਹ ਫੇਰ ਪਾਠ ਕਰਨ ਲੱਗਾ… ਆਪਣੇ ਇਸ਼ਟ ਨੂੰ ਇਸ ਭਵ ਸਾਗਰ ਤੋਂ ਪਾਰ ਉਤਾਰਨ ਲਈ ਅਰਜੋਈ ਕਰਨ ਲੱਗਾ। ਠੀਕ ਉਸੇ ਤਰ੍ਹਾਂ ਜਿਵੇਂ ਭਿਆਨਕ ਡਰਾਉਣੀਆਂ ਰਾਤਾਂ ਵਿਚ ਕਦੇ ਉਹ ਛੋਟਾ ਹੁੰਦਾ ਆਪਣੇ ਬਾਬੇ ਨਾਲ ਜੀਉਬਾਲੇ ਵਾਲੀ ਦੋ ਚਾਰ ਕਿੱਲੋਮੀਟਰ ਵਿਚ ਫੈਲੀ ਰੋਹੀ ਪਾਰ ਕਰਦੇ ਸਮੇਂ ਪਾਠ ਕਰਿਆ ਕਰਦੇ ਸਨ। ਉਸ ਨੇ ਆਪਣੇ ਕੰਨ ਚੁਕੰਨੇ ਕਰ ਸੁਣਿਆ, ਉਹ ਵੀ ਦੋਨੋ ਜਣੇ ਪਾਠ ਕਰ ਰਹੇ ਸਨ…ਜਗਤਾਰ ਦੀ ਕਹੀ ਗੱਲ ਉਸ ਨੂੰ ਬਿਲਕੁਲ ਠੀਕ ਹੀ ਜਾਪੀ ਕਿ ਇਹ ਪੰਥ ਦੇ ਹਮਦਰਦ ਸਿਰਫ਼ ਤਿੰਨ ਕੰਮ ਹੀ ਕਰਦੇ ਹਨ। ‘ਬੰਦੇ ਮਾਰਨੇ, ਬੈਂਕ ਲੁੱਟਣੇ ਜਾਂ ਫਿਰ ਵਿਹਲੇ ਸਮੇਂ ਪਾਠ ਕਰਨਾ।’ ਉਨ੍ਹਾਂ ਦੋਨਾਂ ਦੀਆਂ ਡੱਬਾਂ ਵਿਚ ਲਕੋਏ ਹਥਿਆਰ ਕਦੇ ਕਦੇ ਸਕੂਟਰ ਦਾ ਹੁਝਕਾ ਲੱਗਣ ਕਰਕੇ ਉਸ ਦੀ ਵੱਖੀਆਂ ਦਾ ਕੋਈ ਪਾਸਾ ਚੋਭ ਜਾਂਦੇ… ਤੇ ਉਸ ਦੀ ‘ਊਈ ਈ…’ ਉਸ ਦੇ ਦੰਦਾਂ ਵਿਚ ਹੀ ਦਮ ਤੋੜ ਜਾਂਦੀ।

‘ਲਉ ਭਾਅ ਜੀ…।’ ਹੁਣ ਇਸ ਤੋਂ ਅੱਗੇ ਤੁਸੀਂ ਆਪਣਾ ਇੰਤਜ਼ਾਮ ਕਰ ਲਉ… ਅਸੀਂ ਅਜੇ ਬੜੇ ਕੰਮ ਕਰਨੇ ਨੇ, ਅਸੀਂ ਵੀ ਲੇਟ ਹੋ ਰਹੇ ਹਾਂ… ।’ ਬੱਕਰਾ ਝਟਕਾਉਣ ਲਈ ਕਿੱਲੇ ਨਾਲ ਬੰਨ੍ਹ ਦਿਤਾ ਤੇ ਫਿਰ ਖੋਲ੍ਹ ਕੇ ਆਜ਼ਾਦ ਕਰ ਦਿੱਤਾ। ਇਹ ਥੋੜੇ ਜਿਹੇ ਪਲ ਵਰ੍ਹਿਆਂ ਵਾਂਗ ਲੰਮੇ ਹੋ ਕੇ ਉਸ ਨੂੰ ਪੋਟਾ ਪੋਟਾ ਕੋਹੰਦੇ ਕਰੇ, ਕਰੁੰਡਦੇ ਰਹੇ… । ਉਹ ਇਹਨਾਂ ਪਲਾਂ ਵਿਚ ਕਿੰਨੀ ਵੇਰਾਂ ਮਰਿਆ ਕਿੰਨੀ ਵਾਰੀ ਜੀਵਿਆ।

ਕਦੇ ਕਿਸੇ ਦੇ ਸਾਈਕਲ ਤੇ, ਕਦੇ ਸਕੂਟਰ ਤੇ, ਪੈਂਡਾ ਮਾਰਦਾ ਉਹ ਭਿੱਖੀਵਿੰਡ ਪਹੁੰਚਾ…। ਉੱਥੇ ਸਹਿਮ ਤਾਂ ਸੀ, ਪਰ ਲੋਕ ਆਪਣੇ ਆਪਣੇ ਕੰਮਾਂ ਵਿਚ ਮਸਰੂਫ਼ ਸਨ… ਕਈ ਅਦਾਰਿਆਂ ਦੇ ਨੁਮਾਇੰਦੇ ਇਕੇ ਥਾਂ ਇਕੱਤਰਤਾ ਕਰ ਰਹੇ ਸਨ…। ਉਸ ਨੂੰ ਵੇਖ ਕੇ  ਸਾਰੇ ਹੈਰਾਨ ਹੋ ਗਏ। ਇਕੱਠ ਵੀ ਸਿਰਫ਼ ‘ਉਨ੍ਹਾਂ’ ਨਾਲ ਮਾਸਿਕ ਹਿੱਸਾ ਪੱਤੀ ਬਾਰੇ ਹੀ ਸੀ। ‘ਆਉ ਜੀ ਜਨਾਬ !…।’ ਇਕ ਨੇ ਉੱਠ ਕੇ ਉਸ ਦੀ ਟੁੱਟੇ ਹੋਏ ਸ਼ੀਸ਼ੇ ਵਰਗੀ ਸ਼ਕਲ ਵੇਖ ਕੇ ਚਿੰਤਾ ਜਾਹਰਿ ਕੀਤੀ।

‘ਮੈਨੂੰ ਪਾਣੀ ਪਲਾਉ ਜਲਦੀ…।’ ਉਹ ਹਫਦਾ ਹਫਦਾ ਕੁਰਸੀ ਤੇ ਢਹਿ ਪਿਆ…।

‘ਕੀ ਹੋਇਆ ਜਾਨੀ ਸਾਹਿਬ।  ਤਬੀਅਤ ਠੀਕ ਨਹੀਂ ਸੀ ਤਾਂ ਨਾ ਆਉਂਦੇ …।’ ਪ੍ਰਧਾਨ ਨੇ ਉਸ ਦੀ ਤਬੀਅਤ ਦੇਖ ਕੇ ਹਮਦਰਦੀ ਪ੍ਰਗਟਾਈ…।

ਉਸ ਨੇ ਬੜੀ ਮੁਸ਼ਕਲ ਨਾਲ ਟੋਟੇ ਟੋਟੇ ਜੋੜ ਕੇ ਆਪਣੀ ਹੱਡ ਬੀਤੀ ਸੁਣਾਈ…। ਉਹ ‘ਉਨ੍ਹਾਂ’ ਕੋਲੋਂ ਏਨਾ ਨਹੀਂ ਸੀ ਡਰਿਆ ਜਿੰਨਾਂ ਉਹ ਆਪਣੀ ਬੀਤੀ ਨੂੰ ਸੁਣਾਉਂਦੇ ਡਰਨ ਲੱਗਾ…।

‘ਕੋਈ ਨਹੀ ਸ਼ੁਕਰ ਕਰੋ…ਇਹ ਤਾਂ ਉੱਚੇ ਲੰਮੇ ‘ਆਦਰਸ਼ਕ ਪਲਟਣ ‘ ਦੇ ਸਿਪਾਹੀ ਨੇ…, ਇਹ ਕਿਸੇ ਸਰਕਾਰੀ ਅਫ਼ਸਰ ਨੂੰ ਨਹੀ ਛੱਡਦੇ…ਤੁਸੀ ਸਮਝੋ ਅੱਜ ਤੋਂ ਬਾਅਦ ਤੁਹਾਡਾ ਜੀਵਨ ਬੋਨਸ ਦਾ ਜੀਵਨ ਹੈ।…।’ ਫ਼ਿਕਰ ਦੀਆਂ ਰੇਖਾਵਾਂ ਮੱਧਮ ਹੋਈਆਂ ਉਹ ਵੀ ਕੁੱਝ ਖ਼ੁਸ਼ ਹੋਏ…, ਮਿਨ੍ਹਾ ਮਿਨ੍ਹਾ ਹੱਸਣ ਨਾਲ ਉਸ ਦਾ ਦੁਖ ਕੁੱਝ ਘਟ ਗਿਆ।

‘ਤੁਹਾਨੂੰ ਕਿਹਾ ਸੀ ਨਾ ਜਾਨੀ ਸਾਹਿਬ! ਕਿ ਤੁਸੀਂ ਨਾ ਆਇਆ ਕਰੋ ਸਾਡੇ ਕੋਲ…। ਅਸੀਂ ਆਪੇ ਬਣਦਾ ਸਰਦਾ ਤੁਹਾਨੂੰ ਪੁੱਜਦਾ ਕਰ ਦਿਆ ਕਰਾਂਗੇ…।’ ਫਿਰ ਹੱਸਦੇ ਹਨ, ਉਸ ਨੂੰ ਚਿੜਾਉਂਦੇ ਹਨ ਕਿ ਉਹ ਪੈਸੇ ਦੀ ਲਾਲਚ ਖ਼ਾਤਰ ਆਪਣੀ ਜਾਨ ਗਵਾਉਣ ਲੱਗਾ ਸੀ।

‘ਨਹੀਂ ਪ੍ਰਧਾਨ ਸਾਹਿਬ। ਸਰਕਾਰੀ ਨੌਕਰੀ ਦੀ ਮਜਬੂਰੀ ਹੈ, ਕੱਲ੍ਹ ਹੀ ਦਿੱਲੀ ਤੋਂ ਉਚੇਚਾ ਸੁਨੇਹਾ ਆਇਆ ਸੀ, ਹੁਕਮ ਆਇਆ ਸੀ ਪਈ ਤਰਨਤਾਰਨ ਤੇ ਭਿੱਖੀਵਿੰਡ ਦਾ ਸਪੈਸ਼ਲ ਸਰਵੇ ਕਰਕੇ ਜਲਦੀ ਰਿਪੋਰਟ ਦਿੱਤੀ ਜਾਵੇ…।’

‘ਦੇ ਦਿਓ ਰੀਪੋਟ। ਸਭ ਠੀਕ ਠੀਕ ਹੈ… ਅਸੀਂ ‘ਉਨ੍ਹਾਂ’ ਨੂੰ ਪੱਤੀ ਭਰਦੇ ਹਾਂ…ਮਹੀਨਾ ਭਰਦੇ ਹਾਂ… ਸਾਡੇ ਤੇ ‘ਉਹ’ ਮਿਹਰਬਾਨ ਹਨ… ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ। ਆਪਣੇ ਅੰਦਰਲੀ ਕਸਕ ਛੁਪਾਉਂਦੇ ਪ੍ਰਧਾਨ ਨੇ ਸਪਸ਼ਟੀਕਰਨ ਦੇ ਦਿੱਤਾ। ਸਰਸਰੀ ਕਾਰਵਾਈ ਕਰਕੇ ਆਪਣਾ ਲਾਗ ਲੈ ਕੇ ਉਹ ਬੱਸ ਵਿਚ ਬੈਠ ਗਿਆ। ਖੜ ਖੜ ਛਣਕਦੀ ਬੱਸ ਜੂੰ ਦੀ ਤੋਰ ਤੁਰਦੀ ਏਦਾਂ ਜਾਪਦੀ ਸੀ ਜਿਵੇਂ ਉਹ ਵੀ ਖਾੜਕੂਆਂ ਦੇ ਡਰ ਤੋਂ ਡਰਦੀ ਤਰਾਹ ਤਰਾਹ ਕਰਦੀ ਜਾ ਰਹੀ ਹੋਵੇ। ਥੋੜ੍ਹੀਆਂ ਜਿਹੀਆਂ ਚਾਰ ਕੁ ਸਵਾਰੀਆਂ ਤੇ ਕੰਡਕਟਰ ਤੇ ਡਰਾਈਵਰ ਦੇ ਚਿਹਰਿਆਂ ਉੱਤੇ ਖ਼ੌਫ਼ ਦੀ ਪਰਛਾਈਂ ਪੈਰੋ ਪੈਰ ਡੁਬਦੇ ਸੂਰਜ ਦੇ ਨਾਲ ਡੂੰਘੀ ਹੁੰਦੀ ਜਾ ਰਹੀ ਸੀ। ਜਾਨ ਬਚੀ ਸੋ ਲਾਖੋਂ ਪਾਏ…। ਪਰ ਅਜੇ ਵੀ ਘਰ ਪਹੁੰਚਣ ਤੱਕ ਉਸ ਦਾ ਆਪਾ ਦਿਨ ਦੀ ਘਟਨਾ ਯਾਦ ਕਰਦਾ ਕੰਬੀ ਜਾ ਰਿਹਾ ਸੀ, ਫਿਸਲਦਾ ਜਾ ਰਿਹਾ ਸੀ।

ਘਰ ਪਹੁੰਚਣ ਤੱਕ ਡੂੰਘਾ ਹਨੇਰਾ ਹੋ ਚੁਕਾ ਸੀ। ਬੱਤੀਆਂ ਜਗ ਚੁੱਕੀਆਂ ਸਨ।  ਅੰਮ੍ਰਿਤਸਰ ਸ਼ਹਿਰ ਵਿਚ ਬਲੈਕ ਆਊਟ ਵਰਗਾ ਮਾਹੌਲ ਸੀ, ਠੀਕ ਓਵੇਂ ਜਿਵੇਂ 1965 ਤੇ 1971 ਦੀਆਂ ਪਾਕਿਸਤਾਨੀ ਲੜਾਈਆਂ ਵੇਲੇ ਹੋਇਆ ਕਰਦਾ ਸੀ। ਆਪਣੇ ਦਰਵਾਜ਼ੇ ਦੇ ਮੂਹਰੇ ਆਪਣਾ ਸਕੂਟਰ ਖੜਾ ਦੇਖ ਕੇ ਉਹ ਅਸ਼ ਅਸ਼ ਹੋ ਉੱਠਿਆ…’ਸ਼ੁਕਰ ਹੈ …ਮੈਂ ਵੀ ਠੀਕ ਠਾਕ ਮੁੜ ਆਇਆ ਤੇ ਮੇਰਾ ਸਕੂਟਰ ਵੀ…ਚੰਗੇ ਹਨ ਇਹ ਸੂਰੇ, ਕਹਿਣੀ ਤੇ ਕਰਨੀ ਦੇ ਪੂਰੇ…।’ ਉਸ ਨੇ ਦਰਵਾਜ਼ਾ ਖੜਕਾਇਆ…ਇਕ ਦੋ ਤਿੰਨ ਠੱਕ ਠੱਕ…। ਪਰ ਉਸ ਨੂੰ ਅੰਦਰੋਂ ਇਕ ਡਰ ਤੇ ਸਹਿਮ ਭਰੀ ਡਰਾਉਣੀ ਝਲਕ ਫਿਰ ਉਸ ਦੀਆਂ ਮੁੜੀਆਂ ਪਲਕ ਝਲਕ ਦੀਆਂ ਖ਼ੁਸ਼ੀਆਂ ਲੀਰੋ ਲੀਰ ਕਰ ਗਈ। ਉਸ ਦੀ ਮਾਤਾ ਨੇ ਕੁੰਡਾ ਖੋਲਿਆ…ਤੇ ਬਾਹਰ ਨਿਕਲ ਕੇ ਉਸ ਨਾਲ ਚੰਬੜ ਕੇ ਰੋਣ ਲੱਗੀ… ‘ਵੇ ਜਾਹ ਪੁੱਤ…ਲੁਕ ਜਾ ਕਿਧਰੇ ਜਾ ਕੇ, ਜਮਦੂਤ ਆਏ ਬੈਠੇ ਨੇ ਤੈਨੂੰ ਲੈਣ ਲਈ…।’ ਤੇ ਮਾਂ ਨੇ ਪੁੱਤ ਨੂੰ ਫਿਰ ਘਰੋਂ ਬਾਹਰ ਧੱਕਾ ਦੇ ਕੇ ਕੁੰਡਾ ਮਾਰ ਲਿਆ।

‘ਬਾਹਰ ਹੁਣ ਕਿਥੇ ਜਾਏ…? ਆਪਣਾ ਘਰ ਛੱਡ ਕੇ ਬਾਹਰ ਜਾਏ…? ਉਸ ਦੇ ਘਰ ਬਿਗਾਨੇ ਬੈਠੇ ਨੇ ਤੇ ਉਹ ਉਨ੍ਹਾਂ ਤੋਂ ਡਰ ਕੇ ਬਾਹਰ ਨਿਕਲ ਜਾਏ…।’  ਉਸ ਦਾ ਖੂਨ ਉਬਾਲੇ ਮਾਰਨ ਲੱਗਾ…।

ਪਿਛਲੀ ਕੰਧ ਨਾਲ ਪੌਡਾ ਲਾ ਕੇ ਛਾਲ ਮਾਰ ਕੇ ਉੱਪਰ ਪਹਿਲੇ ਝਟਕੇ ਹੀ ਚੜ ਗਿਆ…। ਘਰ ਦਾ ਕੁੱਤਾ ਇਕ ਵੇਰਾਂ ਭੌਂਕਿਆ ਤੇ ਫਿਰ ਪੂਛ ਹਿਲਾਉਂਦਾ ਚੁਪ ਕਰ ਗਿਆ… ਉਸ ਨੇ ਘਰ ਦੇ ਮੈਂਬਰ ਨੂੰ ਜਿਵੇਂ ਪਛਾਣ ਲਿਆ ਸੀ…। ਉਹ ਸਾਹ ਰੋਕਦਾ-ਰੋਕਦਾ ਹਨੇਰੇ ਦੀ ਓਟ ਵਿਚ ਦਲਾਨ ਦੇ ਨਾਲ ਜਾ ਖੜਾ ਹੋਇਆ। ‘ਸਾਡੀ ਤਾਂ ਉਸ ਨਾਲ ਕੋਈ ਦੁਸ਼ਮਣੀ ਨਹੀਂ… ਸਾਡੀ ਤਾਂ ਡਿਊਟੀ ਲੱਗੀ ਹੈ ਉਸ ਨੂੰ ਸੋਧਣ ਦੀ…।’ ਪ੍ਰਸ਼ਾਦੇ ਛਕਦੇ ਛਕਦੇ ਉਹ ਬੋਲੀ ਜਾ ਰਹੇ ਸਨ। ‘ਉਹ ਨਹੀਂ ਹਟਦਾ…ਸਾਡੇ ਮਿਸ਼ਨ ਦੇ ਖ਼ਿਲਾਫ਼ ਲਿਖੀ ਜਾ ਰਿਹੈ ਊਟ ਪਟਾਂਗ…।’ ਅਜਨਬੀ ਆਵਾਜ਼ ਸੀ। ‘ਵੇ ਵੀਰਾ ਇਕ ਵੇਰਾਂ ਮੁਆਫ਼ ਕਰ ਦਿਓ…ਪੁਤ ਅਸੀਂ ਉਹਨੂੰ ਸਮਝਾਵਾਂਗੇ…ਹੁਣ ਕੁੱਝ ਨੀਂ ਲਿਖਦਾ…।’ ਮਾਤਾ ਦੀ ਲਿਲ੍ਹਕੜੀ ਸੀ। ‘ਅਸੀਂ ਤਾਂ ਪੰਥ ਦੇ ਗ਼ੱਦਾਰਾਂ ਨੂੰ ਗੱਡੀ ਚੜ੍ਹਾਉਣਾ ਹੈ… ਤੇ ਜੇ ਅਸੀਂ ਇਹ ਉੱਪਰਲਾ ਹੁਕਮ ਨਾ ਮੰਨਿਆ ਤਾਂ ਉਹਨੇ ਅਗਲੇ ਨੇ ਸਾਡੇ ਹੱਥ ਖੜੇ ਕਰਵਾ ਲੈਣੇ ਨੇ…।’ ਉਨ੍ਹਾਂ ਆਪਣੀ ਮਜਬੂਰੀ ਦੱਸੀ। ‘ਕੌਣ ਲਗਾਉਂਦਾ ਹੈ ਇਹ ਡਿਊਟੀ…।’ ਉਸ ਦੇ ਡੈਡੀ ਦੀ ਸਹਿਮ ਭਿੱਜੀ ਆਵਾਜ਼ ਸੀ।

‘ਉਹੀ ਨੇ ਬਾਬੇ ਵੱਡੇ…ਬਾਬਾ ਸੁੱਖਾ…। ਵੱਡੇ ਬਾਬੇ ਤੋਂ ਉਹਨੂੰ ਹੁਣੇ ਮਿਲੀ ਹੈ ਅਸ਼ੀਰਵਾਦ …ਬਾਬੇ ਭਿੰਡਰਾਂ ਵਾਲੇ ਤੋਂ…।’

‘ਕਿਹੜਾ ਸੁਖਾ…?…ਸੁਖਾ ਸਖੀਰੀਆ…?’ ਉਸ ਦੇ ਡੈਡੀ ਨੂੰ ਜਿਵੇਂ ਕੋਈ ਪਾਰਸ ਮਣੀ ਮਿਲ ਗਈ ਹੋਵੇ…।

‘ਹਾਂ ਜੀ ਹਾਂ ਉਹੀ। ਸਾਡੇ ਗੁਰੂ ਨੇ…ਬੜੀ ਮਹਾਨ ਸ਼ਖ਼ਸੀਅਤ ਹੈ… ਛੋਟੀ ਜਿਹੀ ਉਮਰ ਵਿਚ ਹੀ ਏਨਾ ਵੱਡਾ ਰੁਤਬਾ ਪਾ ਲਿਆ…, ਬੜੀ ਕੁਰਬਾਨੀ ਹੈ ਉਸ ਦੀ…ਬੜੇ ਗ਼ੱਦਾਰਾਂ ਨੂੰ ਸੁਧਾਰਿਆ ਹੈ ਉਸ ਨੇ…।’

ਸਖੀਰਿਆਂ ਦਾ ਨਾਮ ਸੁਣ ਕੇ ਜਾਨੀ ਨੂੰ ਕੁੱਝ ਹੌਸਲਾ ਹੋਇਆ। ਪਰ, ‘ਉਹ ਕਿਸੇ ਦਾ ਲਿਹਾਜ਼ ਨਹੀ ਕਰਦਾ… ਦਾੜੀ ਕੱਟੇ ਸਿੱਖ ਨੂੰ ਨਹੀ ਮੁਆਫ਼ ਕਰਦਾ…ਸ਼ਰਾਬ ਪੀਣ ਵਾਲੇ ਨੂੰ, ਦਾਜ ਲੈਣ ਵਾਲਿਆਂ ਨੂੰ ਉਹ ਇਕ ਲਾਈਨ ਵਿਚ ਖੜੇ ਕਰਾ ਲੈਂਦਾ ਹੈ। ਦਸ ਤੋਂ ਜ਼ਿਆਦਾ ਬਰਾਤ ਦੇ ਬੰਦਿਆਂ ਨੂੰ ਏ. ਕੇ. 47 ਤਾਣ ਲੈਂਦਾ ਹੈ…। ਪਰ ਹੋ ਸਕਦਾ ਪਿੰਡ ਦਾ ਨਾਮ ਸੁਣ ਕੇ ਉਸ ਦੇ ਮਨ ਮਿਹਰ ਪੈ ਜਾਏ।’ ਉਹ ਹੌਸਲਾ ਕਰਕੇ ਅੰਦਰ ਜਾ ਕੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ। ਉਹ ਉਹੀ ਹਨ…ਬਿਲਕੁਲ ਉਹੀ ਸਵੇਰ ਵਾਲੇ…। ਉਸ ਨੂੰ ਦੇਖ ਕੇ ਪਛਾਣ ਕੇ ਖੜੇ ਹੋ ਗਏ…। ਦੋਹਾਂ ਦੇ ਹੱਥ ਚ ਇਕ ਦਮ ਰਿਵਾਲਵਰ ਤਣ ਗਏ। ਉਸ ਦੇ ਡੈਡੀ ਮੰਮੀ ਕੰਬਦੇ-ਕੰਬਦੇ ਬੋਲਦੇ ਹਨ ‘ਲਉ ਜੀ ਆ ਗਿਆ…ਤੁਹਾਡਾ ਸ਼ਿਕਾਰ…।’

‘ਇਹਨੂੰ ਜੋ ਮਰਜ਼ੀ ਕਰੋ…ਪਰ ਛੋਟੇ ਨੂੰ ਛੱਡ ਦਿਓ… ਉਹਨੂੰ ਹੁਣ ਨਾਲ ਨਾ ਲਿਜਾਇਓ…।’ ਉਸ ਦੀ ਮਾਤਾ ਨੇ ਸੁਮਕਦੇ ਸੁਮਕਦੇ ਨਲੀ ਪੂੰਝਦੇ ਹੱਥ ਜੋੜੇ।

ਜਾਨੀ ਵੱਲ ਵੇਖਦੇ ਵੇਖਦੇ ਉਨ੍ਹਾਂ ਦਾ ਮੂੰਹ ਅੱਡਿਆ ਰਹਿ ਗਿਆ।

‘ਸਾਡਾ ਵੀ ਪਿੰਡ ਸਖੀਰਾ ਹੈ, ਜੇ ਉਹ ਸੁੱਖਾ ਇਹ ਡਿਊਟੀ ਲਗਾਉਂਦਾ ਹੈ ਤਾਂ ਮੈ ਮਿਲਾਂਗਾ ਉਸ ਨੂੰ ਜ਼ਰੂਰ…, ਜ਼ਰੂਰ ਜਾਵਾਂਗਾ…।’ ਸਖੀਰੇ ਦਾ ਨਾਮ ਸੁਣ ਕੇ ਉਨ੍ਹਾਂ ਦੇ ਹੱਥ ਚ ਫੜੇ ਰਿਵਾਲਵਰ ਨੀਵੇਂ ਹੋ ਗਏ। ਤੇ ਫਿਰ ਉਨ੍ਹਾਂ ਦੀਆਂ ਡੱਬਾਂ ਵਿਚ ਲੁਕ ਗਏ। ਤੁਰਦੇ ਤੁਰਦੇ ਉਹ ਫਿਰ ਬੈਠ ਗਏ…।

‘ਮੁਆਫ਼ ਕਰਨਾ ਬਾਪੂ ਜੀ ! ਅਸੀਂ ਜਿਸ ਕੰਮ ਵਿਚ ਪੈ ਗਏ ਹਾਂ, ਸਾਨੂੰ ਪਤਾ ਹੈ ਇਹ ਮਾੜਾ ਹੈ ਤੇ ਇਸ ਦਾ ਅੰਜਾਮ ਵੀ ਮਾੜਾ ਹੈ, ਪਰ ਅਸੀਂ ਜਿੱਥੇ ਪਹੁੰਚ ਗਏ ਹਾਂ ਉੱਥੋਂ ਮੁੜਨਾ ਵੀ ਸਾਡੇ ਲਈ ਸੌਖਾ ਕੰਮ ਨਹੀ।’ ਇਕ ਨੇ, ਜੋ ਦੋਹਾ ਚੋਂ ਸਿਰ ਕੱਢ ਲੀਡਰ ਜਾਪਦਾ ਸੀ, ਨੇ ਦੁਖੀ ਦਿਲ ਨਾਲ ਆਪਣੀ ਸਫ਼ਾਈ ਪੇਸ਼ ਕੀਤੀ।

‘ਅਸੀਂ ਤੁਹਾਡੇ ਕੰਮ ਵਿਚ ਦਖ਼ਲ ਅੰਦਾਜ਼ੀ ਨਹੀਂ ਕਰ ਸਕਦੇ… ਕੀ ਚੰਗਾ ਹੈ ਕੀ ਬੁਰਾ… ਤੁਹਾਨੂੰ ਸਭ ਪਤਾ ਹੈ…ਅਸੀ ਤਾਂ ਜਾਨੀ ਨੂੰ ਵੀ ਰੋਕਦੇ ਰਹੇ ਹਾਂ ਕਿ ਇਹਨਾਂ ਭੂੰਡਾਂ ਦੀ ਖੱਖਰ ਨੂੰ ਨਾ ਛੇੜੇ ਤੇ ਇਹ ਨਹੀਂ ਟਲਿਆ ਤੇ ਅਖੀਰ ਇਸ ਦਾ ਅੰਜਾਮ ਹੁਣ ਏਹੀ ਨਹੀ, ਇਸ ਦਾ ਟੱਬਰ, ਮਾਂ ਪਿਉ ਤੇ ਭੈਣ ਭਰਾ ਸਾਰਿਆਂ ਨੇ ਭੁਗਤਣਾ ਹੈ… ਇਹਨਾਂ ਗੋਲੀਆਂ ਨੇ ਇਹ ਨਿਰਖ ਨਹੀ ਕਰਨਾ, ਇਹ ਤਾਂ ਅੰਨ੍ਹੀਆਂ ਹੁੰਦੀਆਂ ਨੇ, ਜਿੱਧਰ ਤੋਰ ਦਿਓ ਉਧਰ ਹੀ ਇਹਨਾਂ ਵਰ ਜਾਣਾ ਹੈ।’

‘ਮੇਰੇ ਵੀਰ ! ਜੇ ਤੁਸੀਂ ਵੀ ਇਹ ਕੰਮ ਬੱਧੇ ਰੁਧੇ ਹੁਕਮਾਂ ਥੱਲੇ ਕਰਦੇ ਹੋ, ਤੇ ਇਹ ਵੀ ਸਮਝਦੇ ਹੋ ਕਿ ਇਹ ਮਾੜਾ ਕੰਮ ਹੈ…, ਤਾਂ ਫਿਰ ਵੀ ਤੁਸੀਂ ਮੇਰੇ ਤੇ ਚੜ੍ਹਾਈ ਕਰਕੇ ਆ ਗਏ ਓ…, ਕਿ ਮੈਂ ਇਸ ਦੇ ਖ਼ਿਲਾਫ਼ ਲਿਖਿਆ… ਤਾਂ ਇਹ ਲੜਾਈ ਜਿਸ ਨੂੰ ਲੜਨ ਵਾਲੇ ਵੀ ਮਾੜੀ ਕਹਿੰਦੇ ਨੇ ਕਿਵੇਂ ਤੇ ਕਿਥੇ ਜਾ ਕੇ ਰੁਕੇਗੀ…? ਜਾਨੀ ਨੇ ਹੌਸਲਾ ਭਰ ਕੇ ਉਨ੍ਹਾਂ ਨੂੰ ਸੰਬੋਧਨ ਕੀਤਾ, ਭਾਵੇਂ ਉਹਨੂੰ ਪਤਾ ਸੀ ਕਿ ਉਸ ਦੀ ਜਾਨ ਉਨ੍ਹਾਂ ਦੀ ਬੁੱਕਲ ਵਿਚ ਹੈ।

‘ਜੇ ਤੁਹਾਡੀ ਬਾਬੇ ਨਾਲ ਵਾਕਫ਼ੀ ਹੈ ਤਾਂ ਜਾਓ… ਆਪਣਾ ਕੰਮ ਵੀ ਕਰਾਓ ਤੇ ਸਾਡਾ ਵੀ ਖਹਿੜਾ ਛੜਾਓ…ਨਹੀਂ ਤੇ ਅਸੀਂ ਤਾਂ ਉਨ੍ਹਾਂ ਦੇ ਸਿਪਾਹੀ ਹਾਂ …ਅੱਖਾਂ ਮੀਟ ਕੇ ਹੁਕਮ ਮੰਨਣਾ ਹੈ, ਜਿੰਨੇ ਬੰਦੇ ਵੱਧ ਮਾਰਾਂਗੇ ਸਾਡੀ ਤਰੱਕੀ ਹੋਈ ਜਾਣੀ ਹੈ। ਇਕ ਸੌ ਬੰਦਾ ਮਾਰਨ ਤੋਂ ਬਾਦ ਸਾਡੀ ਤਰੱਕੀ ਹੋ ਜਾਂਦੀ ਹੈ। ਏਰੀਆ ਕਮਾਂਡਰ ਦੇ ਤੌਰ ਤੇ…।’

‘ਸੁਖੇ ਨੂੰ ਤਾਂ ਮੈਂ ਪਹਿਲਾਂ ਵੀ ਮਿਲਿਆ ਸੀ ਤੇ ਹੁਣ ਵੀ ਮਿਲਾਂਗਾ… ਉਹ ਮੈਨੂੰ ਬੜੇ ਪ੍ਰੇਮ ਨਾਲ ਮਿਲਿਆ ਸੀ… ਉਸ ਨੇ ਮੇਰਾ ਇਕ ਬੜਾ ਤਕੜਾ ਹੱਲੇ ਦਾ ਕੰਮ ਕੀਤਾ ਸੀ…।’

‘ਕੀ ਸਰ !…ਕਿਹੜਾ ਕੰਮ…?’ ਉਹ ਦੋਵੇਂ ਚੇਤੰਨ ਹੋ ਕੇ ਸੁਣਨ ਲਈ ਤਿਆਰ ਹੋ ਬੈਠੇ। ਆਪਣੇ ਸ਼ਿਕਾਰ ਨੂੰ ਹੁਣ ਸਰ ਕਹਿਣ ਲੱਗੇ।

‘ਮੈਂ ਤਾਂ ਤੁਹਾਨੂੰ ਸਵੇਰੇ ਹੀ ਦੱਸਣ ਵਾਲਾ ਸੀ… ਕਿ ਸੁੱਖਾ ਜਰਨੈਲ ਮੇਰਾ ਭਤੀਜਾ ਹੀ ਹੈ… ਪਰ ਤੁਸਾਂ ਮੈਨੂੰ ਏਨਾ ਸਮਾਂ ਹੀ ਨਹੀਂ ਦਿਤਾ। ਮੈਨੂੰ ਕੁੱਝ ਵੀ ਨਹੀ ਸੁੱਝਿਆ ਔੜਿਆ…।’

‘ਕਿੱਦਾਂ ਮਿਲੇ ਤੁਸੀਂ ਉਨ੍ਹਾਂ ਨੂੰ ਕਿਥੇ ਮਿਲੇ…?’ ਉਸ ਦੀ ਸਾਂਝ ਨੂੰ ਭਾਂਪਦੇ ਹੋਏ ਉਹ ਕੁੱਝ ਡਰ ਗਏ ਸਨ।

‘ਖਾਸੇ ਵਾਲਾ ਸੀ ਚਰਨ ਸਿੰਘ! ਜੋ ਕਿਸੇ ਗੁਰਦੁਆਰੇ ਦਾ ਮੁਲਾਜ਼ਮ ਸੀ। ਉਸ ਨੇ ਸ਼ਾਮਲਾਟ ਦੀ ਦਸ ਏਕੜ ਜ਼ਮੀਨ ਬੜੀ ਮਿਹਨਤ ਨਾਲ ਆਬਾਦ ਕੀਤੀ ਸੀ, ਮੈਂ ਇਸ ਨੂੰ ਬੜੀ ਚੰਗੀ ਤਰਾਂ ਜਾਣਦਾ ਸਾਂ। ਸਰਕਾਰੀ ਕਾਨੂੰਨਾਂ ਅਨੁਸਾਰ ਇਹ ਜ਼ਮੀਨ ਉਸ ਦੇ ਨਾਮ ਚੜ ਗਈ। ਪਰ ਇਕ ਹੋਰ ਵਜੀਰ ਦੇ ਰਿਸ਼ਤੇਦਾਰ ਨੇ ਸਰਕਾਰੀ ਕਾਗ਼ਜ਼ਾਂ ਵਿਚ ਹੇਰਾ ਫੇਰੀ ਕਰਾ ਕੇ ਇਹ ਜ਼ਮੀਨ ਉਸ ਦੇ ਨਾਮ ਤੋਂ ਤੁੜਾ ਕੇ ਕਿਸੇ ਹੋਰ ਦੇ ਨਾਮ ਕਰਾ ਦਿੱਤੀ। ਗਰੀਬ ਸੀ ਵਿਚਾਰਾ, ਹਾਈਕੋਰਟ ਤੱਕ ਉਸ ਦਾ ਕੇਸ ਫੈਲ ਹੋ ਗਿਆ…।

‘ਹਾਂ ਜੀ ਇਹ ਕੇਸ ਤਾਂ ਅਸੀ ਜਾਣਦੇ ਹਾਂ… ਇਸ ਦਾ ਫ਼ੈਸਲਾ ਫਿਰ ਬਾਬਿਆਂ ਨੇ ਕੀਤਾ ਸੀ…।’ ਉਹ ਦੋਵੇਂ ਫਿਰ ਹਾਮੀ ਭਰਦੇ ਹਨ। ‘ਬਾਬੇ ਸੁਖੇ ਕੋਲ ਇਹ ਕੇਸ ਪਹੁੰਚਿਆ। ਉਸ ਦੇ ਦਰਬਾਰ ਵਿਚ ਦੂਸਰੀ ਪਾਰਟੀ ਕਈ ਪਿੰਡਾਂ ਦੀਆਂ ਪਰੇ ਪੰਚਾਇਤਾਂ ਲੈ ਕੇ ਪਹੁੰਚੀ ਤੇ ਚਰਨ ਦੇ ਖ਼ਿਲਾਫ਼ ਕਈ ਕੁਫਰ ਤੁਫ਼ਾਨ ਬੋਲ ਕੇ, ਗਲਤ ਤੱਥ ਪੇਸ਼ ਕਰਕੇ ਫ਼ੈਸਲਾ ਆਪਣੇ ਹੱਕ ਵਿਚ ਕਰਵਾ ਲਿਆ।’

‘ਉਹ ਵਿਚਾਰਾ ਧੱਕੇ ਧੋੜੇ ਖਾਂਦਾ ਮੇਰੇ ਕੋਲ ਪਹੁੰਚਾ…ਤੋਰੀ ਵਰਗਾ ਢਿੱਲਾ ਜਿਹਾ ਮੂੰਹ ਲਟਕਾਈ… ਆ ਗਿਆ।’

‘ਭਾ ਜੀ ਮੈਂ ਲੁਟਿਆ ਗਿਆ, ਮੇਰੇ ਨਾਲ ਬਾਬੇ ਦੇ ਦਰਬਾਰ ਵਿਚੋਂ ਵੀ ਬੇਇਨਸਾਫ਼ੀ ਹੋਈ…।’ ਉਹ ਉਭੇ ਸਾਹੇ ਲੈ ਰਿਹਾ ਸੀ… ਫਿਰ ਭਾਈ! ਡਰਦਾ ਤਾਂ ਮੈਂ ਵੀ ਸੀ… ਪਰ ਪਹੁੰਚ ਗਿਆ ਉੱਥੇ…।

‘ਵੇਖ ਜੱਟ ਦਾ ਟੌਹਰ !’ ਮੇਰੇ ਨਾਲ ਦੇ ਸਿਫ਼ਾਰਸ਼ੀ ਨੇ ਮੈਨੂੰ ਹੁੱਝ ਮਾਰ ਕੇ ਕਿਹਾ।

‘ਇਹ ਟਾਹਰ ਕਾਹਦਾ …? ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਓ…।’ ਮੈਂ ਸਹਿਜ ਸੁਭਾ ਪੋਲੇ ਮੂੰਹ ਕਿਹਾ ਸੀ। ਉਸ ਦੇ ਸਿਰ ਤੇ ਪੰਜ ਲੱਖ ਦਾ ਇਨਾਮ ਸੀ ਸਰਕਾਰ ਵੱਲੋਂ ਉਸ ਵੇਲੇ…। ਉਹ ਫਿਰਦਾ ਸੀ ਉੱਥੇ ਜੰਗਲ ਦੇ ਸ਼ੇਰ ਵਾਂਗ…! ਅਸੀਂ ਆਪਣੀ ਜਾਣ-ਪਛਾਣ ਕਰਾਈ…ਗੁਰੂ ਫਤਿਹ ਬੁਲਾਈ…। ਉਸ ਨੇ ਹੱਥ ਜੋੜ ਕੇ ਫਤਿਹ ਪ੍ਰਵਾਨ ਕੀਤੀ।

‘ਦੱਸੋ ਸਿੰਘ ਜੀ! ਕੀ ਹੁਕਮ ! ਕੀ ਸੇਵਾ! ‘

‘ਮੈਂ ਬਾਬਾ ਜੀ ! ਚਰਨ ਸਿੰਘ ਬਾਰੇ ਗੱਲ ਕਰਨੀ ਹੈ…।’

‘ਕਿਹੜੇ ਚਰਨ ਸਿੰਘ ਬਾਰੇ …? ਖਾਸੇ ਵਾਲੇ…?’ ਉਸ ਦੀਆਂ ਅੱਖਾਂ ਚ ਗ਼ੁੱਸਾ ਉਤਰ ਆਇਆ।

‘ਹਾਂ ਜੀ… ਉਸ ਦੀ ਜ਼ਮੀਨ ਬਾਰੇ…।’

‘ਉਹ ਤਾਂ ਪੰਥ ਦਾ ਗ਼ੱਦਾਰ ਹੈ! ਮੈਂ ਤਾਂ ਉਸ ਨੂੰ ਗੋਲੀ ਨਾਲ ਉਡਾਉਣਾ ਹੈ…।’ ਬਾਬੇ ਨੇ ਪੈਰ ਥੱਲੇ ਥਪਥਪਾਇਆ।

ਮੈਂ ਝੇਪ ਗਿਆ। ਉਸ ਦੇ ਨਾਲ ਖੜੇ ਉਸ ਦੇ ਹਥਿਆਰਬੰਦ ਗੰਨਮੈਨ ਸੇਵਾਦਾਰ ਹਥਿਆਰਾਂ ਨੂੰ ਫੜ ਹੁਸ਼ਿਆਰ ਹੋ ਗਏ…, ਉਸ ਦੇ ਹੁਕਮ ਦੀ ਉਡੀਕ ਵਿਚ।

‘ਪਰ ਜ਼ਮੀਨ ਤਾਂ ਉਸ ਨੇ ਬੜੀ ਮਿਹਨਤ ਨਾਲ ਕਰਾਹ ਕੇ, ਪੁੱਟ ਕੇ ਆਬਾਦ ਕੀਤੀ ਹੈ… ਇਹ ਮੈਂ ਆਪ ਆਪਣੀ ਅੱਖੀਂ ਵੇਖਦਾ ਰਿਹਾ ਹਾਂ…।’ ਬਾਕੀ ਜੇ ਉਸ ਨੇ ਪੰਥ ਦਾ ਕੋਈ ਹੋਰ ਗੁਨਾਹ ਕੀਤਾ ਹੈ, ਤਾਂ ਹੋਰ ਜੋ ਮਰਜ਼ੀ ਸਜਾ ਦੇ ਦਿਓ…। ਮੈਂ ਹਥਿਆਰਾਂ ਦੇ ਡਰ ਨੂੰ ਵਿਸਾਰ ਕੇ ਬੇਰੋਕ ਬੋਲਦਾ ਰਿਹਾ। ‘ਮੈਂ ਤੁਹਾਡੇ ਡੈਡੀ ਨਾਲ ਖੇਡਦਾ ਰਿਹਾ ਹਾਂ, ਪੜਦਾ ਰਿਹਾ ਹਾਂ…।’

‘ਇਹ ਗੱਲ ਤਾਂ ਠੀਕ! ਪਰ ਤੁਸੀਂ ਪਹਿਲਾਂ ਕਿਉਂ ਨਹੀਂ ਆਏ…?’

‘ਪਹਿਲਾਂ ਤਾਂ ਮੈਨੂੰ ਪਤਾ ਸੀ, ਤੁਹਾਡੇ ਦਰਬਾਰ ਵਿਚ ਇਨਸਾਫ਼ ਹੀ ਹੋਵੇਗਾ…।’

‘ਜਾਓ…, ਪੰਝੀ ਤਰੀਕ ਨੂੰ ਆ ਜਾਣਾ… ਪ੍ਰਸ਼ਾਦਿ ਪਾਣੀ ਛੱਕ ਕੇ ਜਾਇਓ…।’ ਉਹਨੇ ਆਪਣੇ ਨਾਲ ਦੇ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ…।

‘ਏਹੀ ਨਹੀ ਜਨਾਬ ! ਉਨ੍ਹਾਂ ਕਈ ਕੇਸ ਜੋ ਉੱਪਰਲਿਆਂ ਕਚਹਿਰੀਆਂ ਵਿਚੋਂ ਵੀ ਵੀਹ ਵੀਹ ਸਾਲ ਫ਼ੈਸਲੇ ਨਹੀਂ ਹੋਏ, ਉਨ੍ਹਾਂ ਨੇ ਇਨਸਾਫ਼ ਕੀਤੇ। ਦਾਜ ਦੀਆਂ ਸਤਾਈਆਂ ਸੈਂਕੜੇ ਲੜਕੀਆਂ ਉਨ੍ਹਾਂ ਮੁੜ ਸਹੁਰੇ ਘਰ ਇਜਤਾਂ ਨਾਲ ਵਸਾਈਆਂ। ਜਿਹੜੀ ਸ਼ਰਾਬ ਪੁਲਿਸ ਨਹੀ ਬੰਦ ਕਰਾ ਸਕੀ ਉਨ੍ਹਾਂ ਦੇ ਇਕ ਦਬਕੇ ਨਾਲ ਬੰਦ ਹੋ ਗਈ।’

ਦੋਨੇਂ ਖਾੜਕੂ ਆਪਣਾ ਅਸਲ ਮਨੋਰਥ ਭੁੱਲ ਕੇ ਉਸ ਟੱਬਰ ਨਾਲ ਦੁਖ ਸੁਖ ਫੋਲਣ ਲੱਗੇ।

ਤੇ ਫਿਰ ਪੰਝੀ ਤਰੀਕ ਵੀ ਆ ਗਈ। ਦੂਜੀ ਪਾਰਟੀ ਵੀ ਪਹੁੰਚੀ ਹੋਈ ਵੇਖ ਕੇ ਸਾਨੂੰ ਯਕੀਨ ਆਇਆ ਕਿ ਕੁੱਝ ਕੁੱਝ ਹੋਣ ਵਾਲਾ ਹੈ ਅੱਜ…। ਪਰ ਦੁਪਹਿਰੇ ਬਾਰਾਂ ਵਜੇ ਤੱਕ ਬਾਬਾ ਸੁਖਾ ਨਾ ਆਇਆ, ਪੁਛਣ ਤੇ ਪਤਾ ਲੱਗਾ ਕਿ ਉਹ ਤਾਂ ਬਾਹਰ ਗਏ ਹੋਏ ਨੇ, ਕਿਸੇ ਖ਼ਾਸ ਮਿਸ਼ਨ ਤੇ। ਚਰਨ ਸਿੰਘ ਨੇ ਫਿਰ ਮੇਰੇ ਵੱਲ ਵੇਖ ਕੇ ਮੂੰਹ ਢਿੱਲਾ ਜਿਹਾ ਛੱਡ ਲਿਆ। ਏਨੇ ਨੂੰ ਬਾਬਾ ਮਾਣੋਚਾਹਲ ਸੰਗਤ ਵਿਚ ਆ ਬਿਰਾਜੇ…। ਕੇਸ ਸ਼ੁਰੂ ਹੋ ਗਏ…ਸਭ ਤੋਂ ਪਹਿਲਾਂ ਆਵਾਜ਼ ‘ਚਰਨ ਸਿੰਘ…ਸਾਧੂ ਸਿੰਘ’ ਦੀ ਸੀ…। ਦੋਨੇਂ ਹੱਥ ਜੋੜ ਕੇ ਖੜੇ ਹੋ ਗਏ…।

‘ਬਈ ਸਾਧੂ ਸਿੰਘ ! ਉਸ ਦਿਨ ਫ਼ੈਸਲਾ ਕੁੱਝ ਗਲਤ ਹੋ ਗਿਆ ! ਅਸਾਂ ਆਪਣੇ ਤੌਰ ਤੇ ਇਸ ਦੀ ਮੌਕੇ ਤੇ ਪੜਤਾਲ ਕਰਾਈ ਹੈ…ਇਹ ਬੰਜਰ ਜ਼ਮੀਨ ਸੱਚ ਮੁਚ ਹੀ ਚਰਨ ਸਿੰਘ ਨੇ ਪੁੱਟ ਕੇ ਆਬਾਦ ਕੀਤੀ ਹੈ ਤੇ ਉਹੀ ਇਸ ਦਾ ਹੱਕਦਾਰ ਹੈ… ਤੇਰੇ ਕੋਲ ਤਾਂ ਹੋਰ ਵੀ ਕਈ ਮੁਰੱਬੇ ਹਨ ਪਰ ਇਸ ਵਿਚਾਰੇ ਗਰੀਬ ਕੋਲ ਇਹੀ ਢਾਈ ਟੋਟਰੂ …। ਤੂੰ ਇਹ ਜ਼ਮੀਨ ਛੱਡ ਦੇ ਇਸ ਨੂੰ… ਜੇ ਤੇਰੀ ਅਜੇ ਵੀ ਹੋਰ ਜ਼ਮੀਨ ਦੀ ਭੁਖ ਹੈ ਤਾਂ ਜਾਹ! ਮੇਰੀ ਆਪਣੀ ਜ਼ਮੀਨ ਜਾ ਕੇ ਮੱਲ ਲੈ ਮੇਰੇ ਪਿੰਡ…। ਬੋਲ ! ਚਾਹਲ ਦੀ ਗਰਜਵੀ ਆਵਾਜ਼ ਨੇ ਸੰਗਤ ਵਿਚ ਸੰਨਾਟਾ ਪੈਦਾ ਕਰ ਦਿੱਤਾ।’

‘ਠੀਕ ਹੈ ਬਾਬਾ ਜੀ ! ਜੋ ਹੁਕਮ !…।’

‘ਬੋਲੇ ਸੋ ਨਿਹਾਲ…ਸਤਿ ਸ੍ਰੀ ਅਕਾਲ !’ ਦੇ ਜੈਕਾਰੇ ਨਾਲ ਇਸ ਨਵੇਂ ਫ਼ੈਸਲੇ ਤੇ ਮੋਹਰ ਲੱਗ ਗਈ।

‘ਦੇਖ ਲਾ ਅਜੇ ਵੀ ! ਜੇ ਪਿੰਡ ਜਾ ਕੇ ਫਿਰ ਇਸ ਨੂੰ ਤੰਗ ਕੀਤਾ ਤਾਂ ਸਾਡੇ ਸਿੰਘ ਆਉਣਗੇ ਇਹ ਫ਼ੈਸਲਾ ਲਾਗੂ ਕਰਨ ਲਈ…।’

‘ਮੈਨੂੰ ਮਨਜ਼ੂਰ ਹੈ ਬਾਬਾ ਜੀ ! ਤੁਹਾਡਾ ਫ਼ੈਸਲਾ ਮੇਰੇ ਸਿਰ ਮੱਥੇ ਤੇ…।’

ਚਰਨ ਸਿੰਘ ਗੱਲ ਵਿਚ ਪੱਲਾ ਪਾ ਬਾਬੇ ਦੇ ਚਰਨੀ ਢਹਿ ਪਿਆ…। ਜਾਓ ਸਿੰਘੋ ਹੱਕ ਹਲਾਲ ਦੀ ਮਿਹਨਤ ਕਰੋ ਕਮਾਈ ਕਰੋ… ਪਰ ਆਪਣਾ ਕਿਰਦਾਰ ਉਚਾ ਰੱਖੋ। ਰੱਬ ਤੇ ਭਰੋਸਾ ਰੱਖੋ। ਅਕਾਲ ਪੁਰਖ ਨੂੰ ਯਾਦ ਰੱਖੋ…।’ ਮਾਣੋਚਾਹਲ ਨੇ ਉਸ ਦੇ ਸਿਰ ਤੇ ਹੱਥ ਰਖਿਆ।

‘ਇਕ ਪਾਸੇ ਤੁਸੀਂ ਉਨ੍ਹਾਂ ਦੀ ਨੇੜਤਾ ਦਿਖਾਉਂਦੇ ਹੋ, ਪਰ ਦੂਜੇ ਪਾਸੇ ਉਨ੍ਹਾਂ ਦੇ ਖ਼ਿਲਾਫ਼ ਲਿਖਦੇ ਹੋ…।’ ਦੋਨਾਂ ਸਿੰਘਾਂ ਨੇ ਵਿਚੋਂ ਟੋਕਿਆ।

‘ਮੈਂ ਉਨ੍ਹਾਂ ਦੇ ਖ਼ਿਲਾਫ਼ ਕਦੇ ਨਹੀਂ ਲਿਖਿਆ… ਉਨ੍ਹਾਂ ਦੇ ਨਾਮ ਥੱਲੇ… ਉਨ੍ਹਾਂ ਦਾ ਨਾਮ ਲੈ ਕੇ ਜੋ ਲੋਕ ਗਲਤ ਕੰਮ ਕਰਦੇ ਹਨ…, ਉਨ੍ਹਾਂ ਦੇ ਮਿਸ਼ਨ ਨੂੰ ਭੰਡਦੇ ਹਨ, ਗ੍ਰਿਹਨ ਲਗਾਉਂਦੇ ਹਨ, ਮੈਂ ਉਨ੍ਹਾਂ ਦੀ ਡੌਂਡੀ ਪਿੱਟਦਾ ਹਾਂ। ਖਾੜਕੂਆਂ ਦੀ ਢਾਣੀ ਕਿਸੇ ਹੱਸਦੇ ਵੱਸਦੇ ਘਰ ਜਾ ਕੇ ਸ਼ਰਾਬ ਪੀਂਦੀ ਹੈ, ਮੁਰਗ਼ਾ ਖਾਂਦੇ ਹਨ ਫਿਰ ਔਰਤਾਂ ਨਾਲ ਖੇਹ ਖ਼ਰਾਬੀ ਕਰਦੇ ਹਨ… ਤੇ ਫਿਰ ਉਹੀ ਆਦਮੀ ਪੁਲੀਸ ਦੀ ਵਰਦੀ ਵਿਚ ਆ ਕੇ ਉਨ੍ਹਾਂ ਨੂੰ ਲੁੱਟਦੇ ਹਨ, ਬਲੈਕ ਮੇਲ ਕਰਦੇ ਹਨ, ਨਕਲੀ ਨਿਹੰਗ ਬਣ ਕੇ ਸਿਗਰਟ ਬੀੜੀ ਪੀਂਦੇ ਹਨ…, ਬੱਚੇ ਚੁੱਕਦੇ ਹਨ, ਗੱਡੀਆਂ ਬੱਸਾਂ ਵਿਚ ਸਮੂਹਿਕ ਕਤਲ ਕਰਦੇ ਹਨ ਤੇ ਹਿੰਦੂ ਸਿੱਖਾਂ ਵਿਚ ਨਫ਼ਰਤ ਦੀ ਦੀਵਾਰ ਖੜੀ ਕਰਦੇ ਹਨ…। ਜੇ ਕੋਈ ਆਮ ਨਾਗਰਿਕ ਗੋਲੀ ਦਾ ਸ਼ਿਕਾਰ ਬਣਦਾ ਹੈ ਤਾਂ ਉਹ ਵੀ ਪੰਜਾਬੀ, ਜੇ ਪੁਲਸ ਵਾਲੇ ਮਰਦੇ ਹਨ ਤਾਂ ਉਹ ਵੀ ਪੰਜਾਬੀ ਨੌਜੁਆਨ, ਜੇ ਅੱਤਵਾਦੀ ਡਿਗਦੇ ਹਨ ਤਾਂ ਉਹ ਵੀ ਪੰਜਾਬੀ ਕਰੀਮ… ਇਸ ਗਤੀ ਨਾਲ ਜੇ ਇਵੇਂ ਕਤਲ ਹੁੰਦੇ ਗਏ ਤਾਂ ਦੋ ਚਾਰ ਸਾਲ ਵਿਚ ਤੁਹਾਨੂੰ ਪੰਜਾਬ ਵਿਚ ਕੋਈ ਵੀ ਜਵਾਨ ਆਦਮੀ ਨਹੀ ਲੱਭਣਾ…। ਮੈਂ ਇਹੀ ਲਿਖਦਾ ਹਾਂ…ਤੇ ਮੈਂ ਉਨ੍ਹਾਂ ਨੂੰ ਵੀ ਇਸ ਗੱਲੋਂ ਕਾਇਲ ਕਰ ਲਵਾਂਗਾ…, ਉਹ ਜ਼ਰੂਰ ਇਸ ਨਾਲ ਸੰਤੁਸ਼ਟ ਹੋ ਜਾਣਗੇ…।’

‘ਲਉ ਸਿੰਘ ਜੀ ਆਪਣਾ ਸਕੂਟਰ ! ਤੇ ਸਾਨੂੰ ਛੁੱਟੀਆਂ ਬਖ਼ਸ਼ੋ…ਸਕੂਟਰ ਦੇ ਕੇ ਸਾਡੀ ਸੇਵਾ ਵਿਚ ਹਿੱਸਾ ਪਾਉਣ ਲਈ ਧੰਨਵਾਦ।’ ਖਾੜਕੂ ਮੁਖੀ ਨੇ ਜਾਨੀ ਨੂੰ ਚਾਬੀ ਫੜਾਉਂਦੇ ਉਸ ਨਾਲ ਹੱਥ ਮਿਲਾਇਆ। ‘ਸਾਡੀ ਤਾਂ ਬੱਕਰੇ ਦੀ ਜੂਨ ਹੈ। ਜਿਉਂਦੇ ਰਹੇ ਤਾਂ ਫਿਰ ਮਿਲਾਂਗੇ ਕੱਲ੍ਹ… ।’ ਇਹ ਦੋ ਘੰਟੇ ਕਲਜੁਗੀ ਸਦੀ ਵਾਂਗ ਉਸ ਟੱਬਰ ਤੇ ਦੋ ਧਾਰੀ ਤਲਵਾਰ ਬਣ ਕੇ ਲਟਕਦੇ ਰਹੇ। ਅੱਜ ਦਾ ਦਿਨ ਕੀ! ਜਿਵੇਂ ਸਾਰੇ ਮਾੜੇ ਗ੍ਰਿਹ ਉਨ੍ਹਾਂ ਤੇ ਕਰੋਪ ਹੋ ਗਏ ਹੋਣ, ਤੇ ਇਹ ਬਾਣੀ ਹੀ ਸੀ ਜਿਸ ਦੇ ਸਹਾਰੇ ਅੱਜ ਦੇ ਸਾਰੇ ਗ੍ਰਹਿ ਨਿਰਅਸਰ ਹੋ ਗਏ। ਜਾਨੀ ਦੀ ਮੌਤ ਦਾ ਸੁਨੇਹਾ ਲੈ ਕੇ ਆਏ ਜਮ ਛੋਟੇ ਨੂੰ ਵੀ ਪਸੰਦ ਕਰਕੇ ਠਾਕਾ ਲਗਾ ਗਏ ਤੇ ਦੋ ਲੱਖ ਦੀ ਮੰਗ ਵੀ ਧਰ ਗਏ…। ਤੇ ਅਗਲੇ ਦਿਨ ਸਾਹੇ ਦਾ ਦਿਨ ਮਿਥ ਗਏ। ਜਾਨੀ ਜਿਸ ਧਰਮਰਾਜ ਦੀ ਕਚਹਿਰੀ ਵਿਚ ਕਿਸੇ ਹੋਰ ਦੀ ਸਿਫ਼ਾਰਿਸ਼ ਲੈ ਕੇ ਗਿਆ ਸੀ, ਹੁਣ ਉਹ ਆਪ ਜਾ ਕੇ ਉਸ ਕਟਹਿਰੇ ਵਿਚ ਖੜਾ ਹੋਵੇਗਾ… ਤੇ ਪਤਾ ਨਹੀਂ ‘ਉਸ’ ਦਾ ਮੂਡ… ਕਹਿ ਦੇਵੇ ਜਲਾਦਾਂ ਨੂੰ …ਸੁੱਟ ਦਿਓ ਤਖ਼ਤਾ…ਤੇ… ਤੇ ਕੱਲ੍ਹ ਸਵੇਰ ਦਾ ਚੇਤਾ ਆਉਂਦੇ ਹੀ ਖੜੇ ਖੜੇ ਉਹ ਇਕੇਰਾਂ ਫਿਰ ਕੰਬ ਗਿਆ… । ਮਾਂ ਪਿਉ ਤੇ ਛੋਟੇ ਭਰਾ ਦੀ ਹਾਲਤ ਵੀ ਉਸ ਤੋਂ ਵੇਖੀ ਨਹੀਂ ਜਾਂਦੀ ਸੀ। ‘ਚਲੋ ਸਵੋਂ… ਸਵੇਰੇ ਵੇਖੀ ਜਾਏਗੀ…।’ ਉਸ ਨੇ ਉਨ੍ਹਾਂ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।

ਬਾਬੇ ਦੀ ਕਚਹਿਰੀ ਪਹੁੰਚ ਕੇ ਉਹ ਹੋਰ ਵੀ ਘਬਰਾ ਗਿਆ। ਪਹਿਲਾਂ ਹੀ ਕੱਲ੍ਹ ਦਾ ਉਹ ਜ਼ਰਾ ਜ਼ਰਾ ਨੋਚਿਆ ਜਾ ਰਿਹਾ ਸੀ…। ਅੱਜ ਦੀ ਅਦਾਲਤ ਖੁੱਲ੍ਹੀ ਛੱਤ ਤੇ ਨਾ ਹੋ ਕੇ ਕਿਸੇ ਗੁਪਤ ਜਗਾ ਸੀ। ਸੇਵਾਦਾਰ ਉਸ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਵਿੰਗੀਆਂ ਟੇਢੀਆਂ ਉੱਚੀਆਂ ਨੀਵੀਂਆਂ ਕਈ ਪੌੜੀਆਂ ਟੱਪ ਕੇ ਲੈ ਗਏ…। ਅੰਦਰ ਜਾ ਕੇ ਜਦ ਉਸ ਦੀ ਪੱਟੀ ਖੁੱਲ੍ਹੀ ਤਾਂ ਇਕ ਮੱਧਮ ਜਿਹੀ ਰੌਸ਼ਨੀ ਵਿਚ ਉਹੋ ਜਿਹੇ ਪੰਜ ਸੱਤ ਹੋਰ ਕਰਮਾਂ ਮਾਰੇ ਬੱਕਰਿਆਂ ਵਾਂਗ ਆਪਣੀ ਉਡੀਕ ਕਰ ਰਹੇ ਸਨ, ਝਟਕੇ ਜਾਣ ਲਈ ਜਾਂ ਬਖ਼ਸ਼ੇ ਜਾਣ ਲਈ। ਉਨ੍ਹਾਂ ਵਿਚ ਦੋ ਉਹੀ ਸਨ, ਤਰਨਤਾਰਨ ਦੇ ਸੇਠ, ਤੇ ਇਕ ਵਕੀਲ ਜਿਨ੍ਹਾਂ ਨੇ ਕਈ ਵੇਰਾਂ ਜਾਨੀ ਨੂੰ ਤਰਲਾ ਕੱਢਿਆ ਸੀ, ‘ਬਾਬੂ ਜੀ ਸਾਡੀ ਉਸ ਨਾਲ ਗੱਲ ਕਰਾ ਦਿਓ… ਸਾਨੂੰ ਨਿੱਤ ਚਿੱਠੀਆਂ ਆਉਂਦੀਆਂ ਨੇ, ਉਸ ਦੇ ਨਾਮ ਤੇ ਸਾਨੂੰ ਕਈ ਧਮਕੀਆਂ ਮਿਲਦੀਆਂ ਨੇ,ਉਹ ਤੁਹਾਡੇ ਪਿੰਡ ਦਾ ਹੈ… ਸਾਡੀ ਮਦਦ ਕਰੋ, ਤੇ ਅੱਜ ਆਪ ਉਹ ਇਹਨਾਂ ਮੁਲਜ਼ਮਾਂ ਵਿਚ ਦਾਖਲ ਹੋ ਕੇ ਨੱਕੋ ਨੱਕ ਸ਼ਰਮਸਾਰ ਹੋ ਰਿਹਾ ਸੀ। ਬਾਬੇ ਨੇ ਉੱਪਰ ਸਿਰ ਚੁੱਕਿਆ… ਉਹ ਕਿਸੇ ਕੇਸ ਨੂੰ ਸਮਝ ਰਿਹਾ ਸੀ ਬੜੀ ਗੰਭੀਰਤਾ ਨਾਲ… ਬੜੀ ਬਰੀਕੀ ਨਾਲ… ਜਿਵੇਂ ਵਾਲ ਦੀ ਖੱਲ ਲਾਹ ਰਿਹਾ ਹੋਵੇ…। ਉਨ੍ਹਾਂ ਦੀਆਂ ਅੱਖਾਂ ਚਾਰ ਹੋਈਆਂ…।

‘ਤੁਸੀਂ ! ਦੱਸੋ ! … ਅੱਜ ਕਿਵੇਂ…।’ ਬਾਬੇ ਸੁਖੇ ਨੇ ਹੈਰਾਨੀ ਪ੍ਰਗਟਾਈ।

‘ਮੈਂ ਤਾਂ ਅੱਜ ਤੁਹਾਡਾ ਮੁਲਜ਼ਮ ਹਾਂ…ਕੱਲ੍ਹ ਤੁਹਾਡੇ ਸਿੰਘ ਗਏ ਸੀ…।’

ਉਸ ਨੇ ਨਕਲੀ ਜਿਹੀ ਮੁਸਕਰਾਹਟ ਬੁੱਲ੍ਹਾਂ ਤੇ ਧਰ ਕੇ ਸਿਰ ਨਿਵਾਇਆ ਤੇ ਸਾਰੀ ਕਹਾਣੀ ਦੱਸੀ। ਨਾਲ ਬੈਠੇ ਦਰਬਾਨ ਨੇ ਖਾਤਾ ਫੋਲਿਆ…ਤੇ ਉਸ ਅਗੇ ਕਰ ਦਿੱਤਾ।

‘ਇਹ ਸਿੰਘਾਂ ਦੇ ਖ਼ਿਲਾਫ਼ ਲਿਖ ਕੇ … ਉਨ੍ਹਾਂ ਦਾ ਮਨੋਬਲ ਢਾਹ ਰਿਹੈ…।’

‘ਇਸ ਜੁਰਮ ਦੀ ਤੇ ਬੜੀ ਵੱਡੀ ਸਜਾ ਹੈ… ਤੁਹਾਨੂੰ ਪਤੈ ਇੱਥੇ ਕਿਸੇ ਦਾ ਲਿਹਾਜ਼ ਨਹੀ ਕੀਤਾ ਜਾਂਦਾ… ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ…।’

‘ਪਰ ਮੈਂ ਤਾਂ ਸੱਚ ਤੇ ਹੱਕ ਤੇ ਖ਼ਿਲਾਫ਼ ਕਦੇ ਨਹੀਂ ਲਿਖਿਆ… ਤੁਸੀਂ ਹੱਕ ਤੇ ਸੱਚ ਦਾ ਪਹਿਰਾ ਦਿੰਦੇ ਹੋ…, ਮੈਂ ਤਾਂ ਉਨ੍ਹਾਂ ਗਲਤ ਤਾਕਤਾਂ ਦੇ ਵਿਰੋਧ ਵਿਚ ਲਿਖਿਆ ਹੈ ਜੋ ਤੁਹਾਡੇ ਹੱਕ ਤੇ ਸੱਚ ਇਨਸਾਫ਼ ਦੇ ਘੋਲ ਨੂੰ ਗਲਤ ਰੰਗਤ ਦੇ ਕੇ ਸਮਾਜ ਵਿਚ ਘ੍ਰਿਣਾ ਦੇ ਬੀਜ ਬੀਜ ਰਹੇ ਨੇ…, ਤੁਹਾਡਾ ਅਕਸ ਵਿਗਾੜ ਰਹੇ ਨੇ।’

ਉਸ ਨੇ ਅਖ਼ਬਾਰਾਂ ਦੀਆਂ ਕਾਤਰਾਂ ਉਨ੍ਹਾਂ ਅੱਗੇ ਢੇਰੀ ਕਰ ਦਿੱਤੀਆਂ। ‘ਠੀਕ ਐ ਸੱਤ ਬਚਨ…।’

ਮੋਬਾਈਲ ਫ਼ੋਨ ਦੀ ਲੋਰੀ ਵਰਗੀ ਟੂੰ ਟੂੰ ਨਾਲ ਪੀ ਏ ਨੇ ਘਬਰਾਏ ਹੋਏ,ਫ਼ੋਨ ਸੁੱਖੇ ਨੂੰ ਫੜਾ ਦਿੱਤਾ…।

‘ਬਾਬਾ ਜੀ ਬਾਹਰ ਉੱਪਰਲੀ ਸਰਕਾਰ ਦੀ ਘੇਰਾ ਬੰਦੀ ਹੋਣ ਵਾਲੀ ਹੈ ਜਲਦੀ ਬਾਹਰ ਆ ਜਾਉ…।’

ਬਾਬੇ ਨੇ ਚਾਰ ਚੁਫੇਰੇ ਨਜ਼ਰਾਂ ਘੁਮਾਈਆਂ… ਸੇਵਾਦਾਰਾਂ ਨੇ ਹਥਿਆਰ ਸਾਂਭੇ ਕਾਗ਼ਜ਼ ਪੱਤਰ ਸਾਂਭੇ…।

‘ਜਾਉ ਅੱਜ ਦੇ ਸਾਰੇ ਕੇਸ ਬਰੀ… ।’ ਸਾਰਿਆਂ ਦੇ ਰੱਸੇ ਢਿੱਲੇ ਛੱਡ ਦਿੱਤੇ ਗਏ। ਇਕ ਸੇਵਾਦਾਰ ਫਿਰ ਸਭ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਬਾਹਰ ਗੇਟ ਤੇ ਛੱਡ ਗਿਆ। ਸਾਰੇ ਬੱਕਰਿਆਂ ਨੇ ਇਕ ਦੂਜੇ ਨਾਲ ਅੱਖਾਂ ਮਿਲਾਈਆਂ, ਹੱਥ ਮਿਲਾਏ…।

‘ਬਹੁਤ ਬਹੁਤ ਧੰਨਵਾਦ। ਤੁਹਾਡੇ ਕਰਕੇ ਸਾਡੀ ਵੀ ਜਾਨ ਬਖ਼ਸ਼ੀ ਹੋਈ ਹੈ, ਸਾਰੇ ਜਾਨੀ ਨੂੰ ਹੱਥ ਜੋੜ ਰਹੇ ਸਨ।’

ਵੱਡੇ ਸਾਰੇ ਗੇਟ ਤੋਂ ਬਾਹਰ ਨਿਕਲਦੇ ਹੀ ਤੜਾ-ਤੜ ਤੜ … ਸਟੇਨਗਨ ਦੇ ਬਰਸਟ ਦੀ ਆਵਾਜ਼ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮਿੰਟ ਦੀ ਮਿੰਟ ਸਾਰਾ ਬਾਜ਼ਾਰ ਵਿਹਲਾ ਹੋ ਗਿਆ। ਦੁਕਾਨਦਾਰਾਂ ਨੇ ਆਪਣੇ ਸ਼ਟਰ ਥੱਲੇ ਸੁੱਟ ਲਏ…। ਇਕ ਜੀਪ ਇਹ ਕਾਰਾ ਕਰ ਕੇ ਦੌੜ ਗਈ… ਦੋ ਚਾਰ ਮਿੰਟ ਬਾਦ ਪੁਲਿਸ ਵਾਲੇ ਹੌਸਲਾ ਕਰਕੇ ਅੱਗੇ ਆਏ। ਤਿੰਨ ਲਾਸ਼ਾਂ ਖੂਨ ਨਾਲ ਲੱਥਪੱਥ ਨਿੱਸਲ ਹੋਈਆਂ ਪਈਆਂ ਸਨ। ਇਕ ਬਾਬਾ ਸੁਖਾ ਤੇ ਦੂਜੇ ਦੋ ਉਨ੍ਹਾਂ ਦੇ ਕਰੀਬੀ ਸਾਥੀ ਤੇ ਬਾਡੀ ਗਾਰਡ…। ਅੰਦਰ ਬਾਹਰ ਖਲਬਲੀ ਮੱਚ ਗਈ… ਫਿਰ ਵੇਖਦੇ-ਵੇਖਦੇ ਇਕ ਲੰਬੇ ਹੂਟਰ ਵਾਲੀ ਪੁਲਿਸ ਵੈਨ ਆਈ ਤੇ ਤਿੰਨੇ ਲਾਸ਼ਾਂ ਪਿੱਛੇ ਸੁੱਟ ਕੇ ਕਈ ਸਵਾਲ ਸੜਕ ਤੇ ਛੱਡ ਕੇ ਦੌੜ ਗਈ।

‘ਇਹ ਤਾਂ ਇਹਨਾਂ ਦੀ ਅੰਦਰੂਨੀ ਲੜਾਈ ਕਰਕੇ ਕਾਰਾ ਹੋਇਆ ਹੈ…।’

‘ਇਹ ਤਾਂ ਉਹੀ ਪੁਲਿਸ ਜੀਪ ਸੀ ਜੋ ਪਹਿਲਾਂ ਵੀ ਕਈ ਵੇਰਾਂ ਸੁੱਖਾ ਆਸੇ ਪਾਸੇ ਆਪ ਵੱਡੀ ਵਾਰਦਾਤ ਕਰਨ ਲਈ ਮੰਗਵਾਉਂਦਾ ਹੁੰਦਾ ਸੀ, ਤੇ ਅੱਜ ਉਨ੍ਹਾਂ ਹੀ ਪੁਲਸ ਵਾਲਿਆਂ ਨੇ ਉਸ ਨੂੰ ਭਾਚਾ ਦੇ ਕੇ, ਉਸ ਨੂੰ ਬਚਾਉਣ ਦੇ ਬਹਾਨੇ, ਹਮਦਰਦੀ ਜਿਤਾਈ…, ਬਾਹਰ ਬੁਲਾ ਕੇ ਚੜਾ ਦਿਤਾ ਗੱਡੀ…।’ ਬਾਹਰ ਢਾਣੀਆਂ ਵਿਚ ਵੰਨ ਸੁਵੰਨੀ ਕਾਨਾ ਫੂਸੀ ਹੋ ਰਹੀ ਸੀ।

‘ਨਵੇਂ ਪੁਲਿਸ ਮੁਖੀ ਦਾ ਇਹ ਐਲਾਨ ਕਿ ਜਿਹੜਾ ਪੁਲਸ ਅਫ਼ਸਰ ਅਜਿਹੇ ਨਾਮੀ ਖਾੜਕੂ ਨੂੰ ਜਿਊਂਦੇ ਜਾਂ ਮਰੇ ਫੜੇਗਾ … ਉਸ ਨੂੰ ਤਰੱਕੀ ਮਿਲੇਗੀ ਤੇ ਉਸ ਦੇ ਸਿਰ ਤੇ ਰੱਖਿਆ ਇਨਾਮ ਵੀ ਨਕਦ ਦਿੱਤਾ ਜਾਵੇਗਾ…।’

‘ਫੀਤੀਆਂ ਚਮਕਾਉਣ ਲਈ, ਨਵੇਂ ਲੋਭ ਵਿਚ ਆ ਕੇ ਸੁੱਖੇ ਦੇ ਯਾਰ ਪੁਲਸੀਆਂ ਨੇ ਹੀ ਉਸ ਨਾਲ ਵਿਸ਼ਵਾਸ ਘਾਤ ਕੀਤਾ ?’

ਇਹ ਸਵਾਲ ਸੜਕ ਤੇ ਬਿਖਰਿ ਗਏ। ਇੰਸਪੈਕਟਰ ਜਾਨੀ ਖੁੱਲ ਕੇ ਖਿੜਖਿੜਾ ਕੇ ਹੱਸਿਆ ‘ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ ? ਆਖ਼ਰ ਤਾਂ ਉਸ ਨੇ ਕਟਰ ਥੱਲੇ ਹੀ ਜਾਣਾ ਹੈ ।’ “‘

ਦੋਗਲੀ ਨਸਲ

ਚਿੰਤੂ ਡਾਂਗਰੀ ਆਪਣੀ ਸੋਮਾਂ ਨੂੰ ਘਰ ਵੱਲ ਹਿੱਕੀ ਲਿਆਉਂਦਾ ਵੇਖ ਕੇ ਬੁੱਧਾਂ ਦਾ ਤਰਾਹ ਨਿਕਲ ਗਿਆ, ਉਸ ਨੇ ਅੱਡੀਆਂ ਚੁੱਕ ਕੇ ਹੋਰ ਉਚੇਰੀ ਹੋ ਕੇ ਕੰਧ ਉੱਤੋਂ ਬਾਹਰ ਬੜੀ ਬੇਸਬਰੀ ਨਾਲ ਝਾਕਿਆ। ਉਸ ਦਾ ਅੰਦਰ ਕੰਬਣ ਲੱਗਾ।

‘ਜ਼ਰੂਰ ਇਸ ਪੁਆੜੇ ਹੱਥੀ ਨੇ ਕੋਈ ਨਵਾਂ ਉਲਾਂਭਾ ਲਿਆਂਦਾ ਹੋਣੈ…’।

ਉਹ ਸੋਮਾਂ ਦੇ ਰੋਜ ਰੋਜ ਦੇ ਉਲਾਂਭਿਆਂ ਤੋਂ ਤੰਗ ਆ ਚੁਕੀ ਸੀ।

‘ਅੱਜ ਇਹ ਜ਼ਰੂਰ ਕੋਈ ਨਵੀਂ ਲੜਾਈ ਸਹੇੜ ਕੇ ਆਈ ਹੋਣੀ’।

‘ਵਹੁਟੀਏ ਤੇਰੀ ਸੋਮਾਂ ਦੀ ਨੀਯਤ ਬੜੀ ਮਾੜੀ ਆ। ਇਹ ਘਰ ਦੇ ਵਹਿੜੇ ਛੱਡ ਕੇ ਦੂਸਰੇ ਡਾਂਗਰੀਆਂ ਦੇ ਵੱਗ ਵਿਚ ਜਾ ਰਲਦੀ ਹੈ, ਬਿਗਾਨਿਆਂ ਵੱਛਿਆਂ ਦੀਆਂ ਪੂਛਾਂ ਸੁੰਘਦੀ ਰਹਿੰਦੀ ਆ…। ਮੱਝਾਂ ਗਾਵਾਂ ਟੱਪਦੀ ਫਿਰਦੀ ਆ।  ਇਹ ਹਮੇਸ਼ਾ ਆਪਣਾ ਚੌਣਾ ਛੱਡ ਕੇ ਆਸੇ ਪਾਸੇ ਲੋਕਾਂ ਦੇ ਖੇਤਾਂ ਖੁਰਲੀਆਂ ਵਿਚ ਮੂੰਹ ਮਾਰਦੀ ਰਹਿੰਦੀ ਆ। ਕਦੇ ਵੀ ਚੱਜ ਨਾਲ ਆਪਣੇ ਵੱਗ ਵਿਚ ਦਿਲ ਲਾ ਕੇ ਨਹੀਂ ਚਰੀ।’

ਚਿੰਤੂ ਡਾਂਗਰੀ ਦੀ ਚੇਤਾਵਨੀ ਨੇ ਬੁਧਾਂ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ।

‘ਕੋਈ ਨੀ ਚਿੰਤੂ ! ਸੁਖ ਨਾਲ ਤਿੰਨ ਸਾਲ ਦੀ ਹੋਣ ਲੱਗੀ ਆ। ਇਸ ਦਾ ਜਰਾ ਖਿਆਲ ਰੱਖਿਆ ਕਰ ਬਾਹਰ।’ ਬੁਧਾਂ ਦੀ ਸੱਸ ਨੇ ਚਿੰਤੂ ਦੀ ਗੱਲ ਦਾ ਮੋੜਾ ਮੋੜਿਆ।

‘ਮੈਨੂੰ ਤਾਂ ਇਹ ਸਾਂਭਣੀ ਬੜੀ ਮਹਿੰਗੀ ਪੈਂਦੀ ਐ, ਇਹ ਅੱਖੜ ਸ਼ੋਹਰੀ ਸਾਰੇ ਵੱਗ ਨੂੰ ਖ਼ਰਾਬ ਕਰਦੀ ਐ…ਅੱਗੇ ਪਿੱਛੇ ਦੌੜਦੀ ਆਸੇ ਪਾਸੇ ਦੇ ਖੇਤੀ ਉਜਾੜਾ ਕਰਦੀ ਏ…ਮੈਨੂੰ ਗਾਲ੍ਹਾਂ ਪੁਆਉਂਦੀ ਐ ਲੋਕਾਂ ਕੋਲੋਂ।’ ਚਿੰਤੂ ਨੇ ਮਿੱਠਾ ਜਿਹਾ ਸ਼ਿਕਵਾ ਕੀਤਾ।

‘ਕੋਈ ਨਾਂ ਭਾਈ ਇਹ ਉਮਰ ਹੀ ਐਸੀ ਐ ਨੱਸਣ ਟੱਪਣ ਦੀ। ਪਰ ਕੋਈ ਨਾਂ…। ਤੂੰ ਇਸ ਦੇ ਗਲ ਡਹਿਆ ਪਾ ਦੇਹ। ਆਪੇ ਠੀਕ ਹੋ ਜੂ…।’

ਬੁਧਾਂ ਨੂੰ ਕੁੱਝ ਨਾ ਸੁੱਝੀ, ਕੀ ਜੁਆਬ ਦੇਵੇ। ਤੇ ਫਿਰ ਸੱਸ ਕੇ ਕਹੇ ਅੰਦਰੋਂ ਪੁਰਾਣੇ ਮੰਜੇ ਦਾ ਪਾਵਾਂ ਲਾਹ ਕੇ ਸੋਮਾਂ ਦੇ ਗਲ ਹਾਰ ਪਾ ਦਿਤਾ।

‘ਲੈ ਹਰਾਮ ਦੀਏ। ਜੇ ਤੂੰ ਇਸੇ ਵਾਹ ਜੋਗੀ ਹੈ ਤਾਂ ਏਦਾਂ ਹੀ ਸਹੀ ਕਲਮੂੰਹੀਂਏ ‘… ਕਲਜੋਗਣੇ, ਤੇ ਅੱਜ ਵਿਚਾਰੀ ਸੋਮਾਂ ਉਸ ਨੂੰ ਸੱਚ ਮੁਚ ਹੀ ਵਿਚਾਰੀ ਲੱਗੀ। ਉਸ ਦੀ ਹਾਲਤ ਵੇਖ ਕੇ ਬੁਧਾਂ ਨੂੰ… ਬਹੁਤ ਤਰਸ ਆਇਆ। ਡਹੇ ਨੇ ਵੱਜ ਵੱਜ ਕੇ ਉਸ ਦੇ ਅਗਲੇ ਦੋਨੋ ਗੋਡੇ ਛਿੱਲ ਦਿਤੇ ਸਨ। ਉਸ ਦੀ ਤੋਰ ਬੜੀ ਮੱਧਮ ਸੀ। ਚਿੰਤੂ ਦੇ ਬਾਰ ਬਾਰ ਹਿੱਕਣ ਤੇ ਵੀ ਉਹ ਢਿੱਲੀ ਤੇ ਸੁਸਤ ਚੱਲ ਰਹੀ ਸੀ। ਉਸ ਦੀ ਤਰਸ ਯੋਗ ਹਾਲਤ ਤੋਂ ਏਦਾਂ ਜਾਪਦਾ ਸੀ ਜਿਵੇਂ ਉਹ ਬੜੇ ਨਿਰਦਈ ਪੁਣੇ ਵਿਚ ਕੁੱਟੀ ਗਈ ਹੋਵੇ ਜਾਂ ਜਿਵੇਂ ਉਸ ਨਾਲ ਜ਼ਬਰਦਸਤੀ ਹੋਈ ਹੋਵੇ। ਉਸ ਦੀਆਂ ਡਰੀਆਂ ਹੋਈਆਂ ਅੱਖਾਂ ਗਿੱਲੀਆਂ ਹੋ ਰਹੀਆਂ ਸਨ ਮਾਨੋਂ ਬੁਧਾਂ ਨੂੰ ਸ਼ਿਕਾਇਤ ਲਗਾ ਰਹੀਆਂ ਹੋਣ।

‘ਕੰਜਰ ਦੀਏ ਖੋਲੀਏ ! ਢਾਈ ਟੱਪਾਂ ਨਾਲ ਹੀ ਚਿੱਤ ਹੋ ਗਈ ?’

ਚਿੰਤੂ ਨੇ ਹੱਸਦੇ-ਹੱਸਦੇ ਉਸ ਦੇ ਪੋਲੀ ਜਿਹੀ ਸੋਟੀ ਜੜ ਦਿਤੀ।

‘ਵਧਾਈ ਹੋਵੇ ਕੁੜੀਏ…।’

‘ਕਾਹਦੀ ਵਧਾਈ ਬਾਬਾ?’ ਬੁਧਾਂ ਨੂੰ ਅਜੇਹੀ ਅਚਨਚੇਤ ਵਧਾਈ ਦੀ ਸਮਝ ਨਾ ਆਈ।

‘ਤੇਰੀ ਸੋਮਾਂ ਵਿਆਹੀ ਗਈ ਅੱਜ। ਲਿਆ ਮੂੰਹ ਮਿੱਠਾ ਕਰਾ…।’ ਤੇ ਨਾਲੇ ਇਹਨੂੰ ਨੁਹਾ ਛੱਡ।  ਸ਼ੱਕਰ, ਮਹਿੰਦੀ, ਵੇਸਣ ਦੀ ਕਰਿਆਟੀ ਘੋਲ ਕੇ ਇਹਦੇ ਅੰਦਰ ਸੁੱਟ। ਕੀ ਪਤਾ ਇਹੋ ਜਿਹੀ ਸ਼ੂਕਰ ਦਾ।’ ਚਿੰਤੂ ਨੇ ਇਕੋ ਸਾਹੇ ਸਭ ਕੁੱਝ ਕਹਿ ਦਿਤਾ।

ਬੁਧਾਂ ਨੇ ਦੌੜ ਕੇ ਅੰਦਰ ਬੈਠੀ ਬੁੜ੍ਹੀ ਸੱਸ ਦੇ ਕੰਨੀ ਜਾ ਗੱਲ ਪਾਈ।

‘ਸ਼ੁਕਰ ਐ ਧੀਏ…ਤੇਰੀ ਵੀ ਮਿਹਨਤ ਵਰ ਆਈ ਆ। ਕਿੰਨਾ ਪ੍ਰੇਸ਼ਾਨ ਕੀਤਾ ਇਹਨੇ ਤੈਨੂੰ ਤਿੰਨ ਸਾਲ…।’

‘ਜਲਦੀ ਆ ਜਾਹ  ਕੁੜੀਏ ਮੈਂ ਜਾਣਾ ਵੀ ਆ…।’

ਚਿੰਤੂ ਦੀ ਆਵਾਜ਼ ਨਾਲ ਦੋਵੇਂ ਨੂੰਹ ਸੱਸ ਬਾਹਰ ਆ ਗਈਆਂ।

‘ਕਈਆਂ ਦਿਨਾ ਦਾ ਅੜਿੰਗ ਅੜਿੰਗ ਕੇ ਇਹਨੇ ਅਸਮਾਨ ਚੁੱਕਣਾ ਲਿਆ ਸੀ।’

ਬੁਧਾਂ ਨੇ ਗੁੜ ਦੀ ਭੇਲੀ ਚਿੰਤੂ ਦੇ ਹੱਥ ਤੇ ਧਰ ਦਿਤੀ। ਚਿੰਤੂ ਮਿੰਟ ਦੀ ਮਿੰਟ ਖੜਾ ਰਿਹਾ, ਉਹ ਬੁਧਾਂ ਦੇ ਮੂੰਹੋਂ ਧੰਨਵਾਦ ਦੀ ਉਡੀਕ ਕਰਨ ਲੱਗਾ। ਪਰ ਉਧਰੋਂ ਕੋਈ ਹੁੰਗਾਰਾ ਨਹੀ ਸੀ।

‘ਹੋਰ 20 ਰੂਪੈ ਵੀ ਦੇ ਦੇ – ਲਾਲਿਆ ਦੇ ਕੇਸਰ ਦਾ ਬੜਾ ਹੀ ਪਿਆਰਾ ਵਹਿੜਾ। ਦੋ ਵਾਰ ਲੱਗੀ ਆ…ਮੈਂ ਆਪ ਪੂਰੀ ਨਿਸ਼ਾ ਕਰਾਈ…ਆ…।’

‘ਚੰਗਾ ਹੋਇਆ ਭਾਈ ਜੀ! ਐਹ ਲੋ ਵੀਹ ਰੂਪੈ।’

ਉਸ ਨੇ ਆਪਣੇ ਗਲ਼ਾਵੇਂ ਚੋਂ ਵੀਹ ਰੂਪੈ ਕੱਢ ਕੇ ਚਿੰਤੂ ਨੂੰ ਫੜਾਉਂਦੇ ਸਿਰ ਦਾ ਪੱਲੂ ਥੱਲੇ ਸੁੱਟ ਲਿਆ।

‘ਭਲਾ ਹੋਵੇ ਤੇਰਾ।’ ਬੁੜ੍ਹੀ ਨੇ ਚਿੰਤੂ ਦਾ ਧੰਨਵਾਦ ਕੀਤਾ। ‘ਤੇ ਤੂੰ ਕਦੋਂ ਮੂੰਹ ਮਿੱਠਾ ਕਰਾਉਣੇ…?’ ਚਿੰਤੂ ਨੇ ਮੁਸਕੜੀ ਭਰੀ।

‘ਇਹ ਵੀ ਤੇਰੀ ਮੁਰਾਦ ਪੂਰੀ ਹੋ ਜੂ ਛੇਤੀ…ਰੱਬ ਖੈਰ ਕਰੇ…ਉਹਦੇ ਘਰ ਕੀ ਘਾਟਾ…?’ ਬੁੜ੍ਹੀ ਨੇ ਚਿੰਤੂ ਦੀ ਗੱਲ ਦਾ ਜੁਆਬ ਬੜੇ ਸਵੈ ਭਰੋਸੇ ਨਾਲ ਦਿਤਾ। ਬੁਧਾਂ ਘੁੰਡ ਵਿਚ ਸੁੰਗੜ ਕੇ ਹੋਰ ਛੋਟੀ ਹੋ ਗਈ।

ਬੁਧਾਂ ਅੱਜ ਬਹੁਤ ਖ਼ੁਸ਼ ਹੋਈ। ਉਹਦੇ ਲਈ ਅੱਜ ਕਿੰਨਾ ਭਾਗਾਂ ਭਰਿਆ ਦਿਨ ਸੀ।  ਅੱਜ ਉਸ ਦੀ ਤੀਸਰੀ ਸਾਲਗਰਾਹ ਸੀ, ਤੇ ਸੋਮਾਂ ਦਾ ਤੀਸਰਾ ਜਨਮ ਦਿਨ। ਬੜੀ ਚੰਗੀ ਨਿਕਲੀ ਵਹਿੜੀ…, ਬੜੀ ਕਰਮਾਂ ਵਾਲੀ ਵੱਛੀ ਹੈ ਇਹ। ਉਸ ਨੇ ਮਨ ਹੀ ਮਨ ਵਿਚ ਆਪਣਾ ਕੱਦ ਇਕ ਫੁੱਟ ਹੋਰ ਵਧਿਆ ਮਹਿਸੂਸ ਕੀਤਾ। ਇਹ ਵੱਛੀ ਉਸ ਨੂੰ ਉਸ ਦੇ ਪੇਕਿਆਂ ਤੋਂ ਮਿਲੀ ਸੀ…ਦਾਜ ਵਿਚ। ਉਸ ਦੇ ਬਾਪੂ ਦੀ ਬਲੋਚਣ ਗਾਂ  ਅੱਸੂ ਦੀ ਮੱਸਿਆ ਨੂੰ ਸੂਈ ਸੀ ਤੇ ਬੜੀ ਸੁੰਦਰ ਵੱਛੀ ਦਿਤੀ  ਉਸ ਨੇ।  ਸੋਮਵਾਰ ਦਾ ਦਿਨ ਹੋਣ ਕਰਕੇ ਵੱਛੀ ਦਾ ਨਾਮ ਸੋਮਾਂ ਰੱਖ ਦਿਤਾ ਗਿਆ। ਤੇ ਉਸੇ ਹੀ ਦਿਨ ਕੁੱਝ ਦੇਰ ਬਾਦ ਡੁਬਈ ਤੋਂ ਆਇਆ ਲਾਗਲੇ ਪਿੰਡ ਦਾ ਮੁੰਡਾ , ਕੁੜੀ ਵੇਖਣ ਆਏ, ਬੁਧਾਂ ਨੂੰ ਪਸੰਦ ਕਰਕੇ ਚੁੰਨੀ ਚੜ੍ਹਾ ਕੇ ਆਏ ਵਿਆਹ ਕੇ ਲੈ ਗਏ। ਸਾਰੇ ਟੱਬਰ ਨੇ ਸੋਮਾਂ ਦੀ ਆਮਦ ਬੜੀ ਸ਼ੁੱਭ ਸਮਝੀ।

ਬੁਧਾਂ ਦਾ ਨਾਮ ਵੀ ਬੁੱਧਵਾਰ ਦੇ ਜਨਮ ਕਰਕੇ ਹੀ ਰੱਖਿਆ ਗਿਆ ਸੀ। ਕਿਹਾ ਚੰਗਾ   ਜ਼ਮਾਨਾ ਸੀ। ਬੁਧ ਸਿੰਘ, ਸੋਮ ਨਾਥ, ਕਿੱਕਰ ਸਿੰਘ, ਤੂਤ ਸਿੰਘ ਨਾਮ ਅੱਜ  ਕੱਲ੍ਹ ਕਿੰਨੇ ਉਪਰੇ ਲਗਦੇ ਨੇ…ਮੈਂ ਤਾਂ ਸੋਮਾਂ ਦੀ ਵੱਛੀ ਦਾ ਨਾਮ ਏਦਾਂ ਨਹੀਂ ਰੱਖਣਾ। ਮੈਂ ਤਾਂ ਨਾਮ ਰੱਖੂੰ ਲਵਲੀ, ਹੈਪੀ, ਸਵੀਟੀ! ਨਹੀਂ! ਨਹੀਂ ! ਪੋਪਲੀ। ਬੁਧਾਂ ਨੇ ਮਨ ਹੀ ਮਨ ਵਿਚ ਸੋਮਾਂ ਦੀ ਹੋਣ ਵਾਲੀ ਸੰਤਾਨ ਦਾ ਨਾਮ ਧਾਰ ਲਿਆ।  ਉਸ ਨੇ ਬੜੇ ਚਾਅ ਕੀਤੇ …। ਖ਼ੁਸ਼ੀ ਮਨਾਈ, ਪਰ ਅੰਦਰੋ ਅੰਦਰ ਉਸ ਨੂੰ ਸੋਮਾਂ ਨਾਲ ਈਰਖਾ ਉਮਡ ਆਈ। ਇਹ ਤਿੰਨ ਸਾਲ ਦੀ ਮਾਂ ਬਣਨ ਲੱਗੀ ਐ ਤੇ ਮੈਂ ਅਜੇ ਫੁੱਲਾਂ ਤੋ ਬਿਨਾਂ ਸੱਖਣੀ ਕੰਡਿਆਲੀ ਬੇਰੀ।  ਸ਼ਰੀਕਾਂ ਦੀਆਂ ਚੋਟਾਂ ‘ਇਹ ਦੋਵੇਂ ਸ਼ੂਕਰਾਂ, ਖਾਲੀ ਹੀ ਟੱਪਣ ਵਾਲੀਆਂ ਨੇ। ਹੋਰ ਹੱਥ ਪੱਲੇ ਕੁੱਝ ਨਹੀਂ?’ ਉਸ  ਨੂੰ ਧੁਰ ਅੰਦਰ ਤੱਕ ਤੋੜ ਗਈਆਂ। ਉਹ ਹੋਰ ਉਪਰਾਮ ਹੋ ਗਈ।

ਉਸ ਦਾ ਬੂਟਾ ਡੁਬਈ ਵਾਪਸ ਨਾ ਜਾ ਸਕਿਆ। ਫੇਰ ਦੁਬਾਰਾ ਕਈ ਚੱਕਰ ਮਾਰਦਾ ਰਿਹਾ ਦਿੱਲੀ ਵਾਲੇ ਏਜੰਟ ਕੋਲ, ਪਰ ਵੀਜ਼ਾ ਨਹੀਂ ਮਿਲਿਆ। ‘ਹੱਥ ਨਾਂ ਲੱਗੇ ਥੂਹ ਕੌੜੀ।’ ਇਕ ਦਿਨ ਬੁਧਾਂ ਨੂੰ ਬੜੇ ਹੀ ਮੋਹ ਨਾਲ ਭਰਮਾਉਣ ਲੱਗਾ। ‘ਸੌਂਹ ਰੱਬ ਦੀ। ਤੇਰੇ ਜਿਹੀ ਇਤਨੀ ਸੁੰਦਰ ਤੇ ਹੁਸੀਨ ਨਾਰ ਨੂੰ ਛੱਡ ਕੇ ਜਾਣ ਨੂੰ ਕਤੱਈ ਮੇਰਾ ਦਿਲ ਨਹੀਂ ਕਰਦਾ’। ਤੇ ਏਸੇ  ਨਾਲ ਜਲਦੀ ਹੀ ਬੁਧਾਂ ਵੀ ਪਸੀਜ ਗਈ। ਉਹ ਵੀ ਅੰਦਰੋਂ ਚਾਹੁਣ ਲੱਗ ਪਈ ਸੀ ਕਿ ਜਵਾਨੀ ਦੇ ਇਹਨਾਂ ਰੋਮਾਂਟਿਕ ਪਲਾਂ ਵਿਚ ਉਸ ਦਾ ਸਾਥੀ ਉਸ ਤੋਂ ਦੂਰ ਨਾ ਜਾਏ… ਚਾਰ ਟਕਿਆਂ ਦੀ ਚਾਹਤ ਵਾਸਤੇ। ਤੇ ਏਸੇ ਲਈ ਉਸ ਨੇ ਆਪਣੇ ਬਾਪੂ ਨੂੰ ਕਹਿ ਕੇ ਸ਼ਹਿਰ ਵਿਚ ਕਿਸੇ ਕਾਰਖ਼ਾਨੇ ਬੂਟੇ ਨੂੰ ਨੌਕਰੀ ਲੁਆ ਦਿਤਾ  ਸੀ। ਉਹ ਹਰ ਰੋਜ ਪੰਦਰਾਂ ਮੀਲ ਸਾਈਕਲ ਤੇ ਸਵੇਰੇ ਚਲਾ ਜਾਂਦਾ ਕੁਕੜ ਬਾਂਗੇ, ਤੇ ਤਾਰਿਆਂ ਦੀ ਛਾਵੇਂ ਥੱਕਾ ਟੁੱਟਾ ਘਰ ਆ ਵੜਦਾ …। ਉਹ ਫਿਰ ਵੀ ਸੰਤੁਸ਼ਟ ਸਨ ਤੇ ਉਸ ਨੂੰ ਜਰਾ ਜਿੰਨੀ ਵੀ ਚਿੰਤਾ ਨਹੀਂ ਸੀ, ਭੋਰਾ ਵੀ ਗਿਲਾ ਨਹੀਂ ਸੀ, ਬੂਟੇ ਦੇ ਵਾਪਸ ਨਾ ਜਾਣ ਵਿਚ।

‘ਕੁੜੇ ਬੁੱਧਾਂ ! ਕੀ ਗੱਲ ! ਅੱਜ ਘਾਹ ਪੱਠਾ ਨਹੀਂ ਸੀ ਲਿਆਉਣਾ ?’

ਬਾਹਰੋਂ ਬਚਨੀ ਦੀ ਆਵਾਜ਼ ਨੇ ਉਸ ਨੂੰ ਆਪੇ ਵਿਚ ਲੈ ਆਂਦਾ।

‘ਹਾਏ ਮੈਂ ਮਰਗੀ। ਦਿਨ ਢਲ ਗਿਐ ਤੇ ਮੈਂ ਹੁਣ ਕਿਥੇ ਜਾਊਂ ?’ ਉਸ ਦੀਆਂ ਦੂਜੀਆਂ ਰੋਜ ਦੀਆਂ ਸਾਥਣਾਂ ਡਾਰਾਂ ਦੀਆਂ ਡਾਰਾਂ ਬੰਨੀ ਸਾਰੀਆਂ ਪੰਡਾਂ ਚੁੱਕੀ ਮੁੜ ਰਹੀਆਂ ਸਨ।

‘ਭੈਣ ਜੀ ਮੈਨੂੰ ਵੀ ਵਾਜ ਮਾਰ ਲੈਂਦੀਓਂ।’ ਉਸ ਨੇ ਨਿਹੋਰਾ  ਜਿਹਾ ਮਾਰਿਆ…।

‘ਹੁਣ ਮੈਂ ਕਿਥੇ ਜਾਊਂ ਕੱਲੀ ਧੱਕੇ ਖਾਂਦੀ?’

‘ਤੈਨੂੰ ਕੱਲੀ ਨੂੰ ਕੌਣ ਖਾਣ ਲੱਗਾ ਉਧਰ?’

‘ਕਰਾੜੀ ਕਿਥੇ ਲੱਭੂ ਭੈਣ ਜੀ ?’

‘ਕਿਉਂ ਅੱਜ ਤੈਨੂੰ ਕਰਾੜੀ ਦੀ ਕੀ ਲੋੜ ਪੈ ਗਈ?’

‘ਮੈਨੂੰ ਨਹੀਂ, ਮੇਰੀ ਸੋਮਾਂ ਨੂੰ ਲੋੜ ਹੈ ਇਸ ਦੀ ਅੱਜ’।

ਤੇ ਉਸ ਨੇ ਹੱਸ ਹੱਸ ਕੇ ਆਪਣੀ ਖ਼ੁਸ਼ੀ ਦਾ ਕਾਰਨ ਦੱਸ ਦਿਤਾ।

‘ਚੰਗਾ ਕੁੜੀਏ…ਪਾਰਟੀ ਹੋ ਗਈ ਫਿਰ ਤਾਂ …। ਮੈਂ ਵੀ ਕਹਾਂ ਪਤਾ ਨੀ, ਅੱਜ ਇਹਨੂੰ ਕੀ ਸ਼ੀਰਨੀ ਮਿਲ ਗਈ ਜਿਹੜੀ ਏਨੀ ਖ਼ੁਸ਼ ਹੈ…ਜਾਹ ਲਾਲਿਆਂ ਦੀ ਮੋਟਰ ਵਾਲੀ ਕਪਾਹੇ ਕਰਾੜੀ ਬਥੇਰੀ। ਜਾ ਕੇ ਪੁੱਟ ਲਿਆ…ਤੇ ਇਹਨੂੰ ਖੁਆ…। ਚਲ ਇਹ ਤਾਂ ਚੰਗਾ ਹੋਇਆ…ਹੁਣ ਆਪਣਾ ਵੀ ਓੜ ਪੋੜ ਕਰ…।’

ਬੁਧਾਂ ਨੇ ਡੂੰਘਾ ਸਾਹ ਭਰਿਆ… ‘ਡੁੱਬੀ ਤਾਂ ਜੇ ਸਾਹ ਨਾ ਆਇਆ।’ ਹੱਥ ਵਿਚ ਦਾਤੀ ਤੇ ਕੱਛ’ਚ ਤਪੜੀ ਲੈ ਕੇ ਉਸ ਦੀ ਤੁਰੀ ਜਾਂਦੀ ਦੀ ਭੋਂ ਤੇ ਅੱਡੀ ਨਹੀਂ ਸੀ ਲਗਦੀ ਜਿਵੇਂ ਧਰਤੀ ਤੋਂ ਫੁੱਟ ਫੁੱਟ ਉੱਪਰ ਤੈਰ ਰਹੀ ਹੋਵੇ।

ਪਿੰਡੋਂ ਨਿਕਲਦੇ ਫਿਰਨੀ ਤੇ ਬੋਹੜ ਵਾਲੇ ਚੌਂਕ ਵਿਚ ਖੜੀ ਮੁੰਡੀਰ ਨੇ ਉਧਰ ਉਂਗਲਾਂ ਕੀਤੀਆਂ ਪਰ ਛੇਤੀ ਹੀ ਸੰਭਲ ਗਏ। ਬੁਧਾਂ ਨੂੰ ਵੇਖ ਕੇ ਟੱਮਕ ਤੇ ਹੋਰ ਜੋਰ ਜੋਰ ਦੀ ਚੋਟਾਂ ਲਗਾਉਣ ਲੱਗੇ। ਲਾਲੇ  ਧਨੀ ਰਾਮ ਦਾ ਕਾਲਜ ਪੜਦਾ ਮੁੰਡਾ, ਜੋ ਕਦੇ ਛੀ.ਛਮਾਹੀ ਹੀ ਪਿੰਡ ਚੱਕਰ ਲਗਾਉਂਦਾ ਸੀ, ਪੂਰੇ ਜੋਰ ਨਾਲ ਟੱਮਕ ਕੁਟ ਰਿਹਾ ਸੀ ਪਸੀਨੋ ਪਸੀਨੀ ਹੋਇਆ, ਜਿਵੇਂ ਇੱਥੇ ਹੀ ਉਹ ਆਪਣਾ ਸਾਰਾ ਜੋਰ ਮਾਪ ਰਿਹਾ ਹੋਵੇ। ਕੱਲ੍ਹ ਨੂੰ ਪਿੰਡ ਵਿਚ ਛਿੰਝ ਸੀ ਤੇ ਏਸੇ ਲਈ ਸ਼ਗਨ ਵਜੋਂ ਸਭ ਨੇ ਵਾਰੀ ਵਾਰੀ ਟੱਮਕ ਦੇ ਭਾਅ  ਦੀ ਬਣਾ ਰੱਖੀ ਸੀ। ਟੱਮਕ ਵਿਚਾਰੀ ਇਕ ਤੇ ਕੁੱਟਣ ਵਾਲੇ ਮੁਸ਼ਟੰਡੇ ਦਸ ਬਾਰਾਂ… ਉਹ ਚੁਪ ਚੁਪੀਤੇ ਕੁੱਟ ਖਾਈ ਜਾ ਰਹੀ ਸੀ।

ਪੈਰੋ ਪੈਰ ਸੂਰਜ ਥੱਲੇ ਜਾ ਰਿਹਾ ਸੀ…ਅਸਮਾਨੇ ਕਿਤੇ ਕਿਤੇ ਬੱਦਲ ਖਿੱਲਰ ਆਏ ਸਨ…ਠੰਢੀ ਹਵਾ ਦੇ ਝੋਂਕੇ ਕਾਲੇ ਸੰਘਣੇ ਕਮਾਦ ਵਿਚ ਸਰਕਾਹਟ ਪੈਦਾ ਕਰਦੇ ਵੇਖ ਕੇ ਉਸ ਦੇ ਲੂੰ ਕੰਡੇ ਖੜੇ ਹੋ ਗਏ।  ਪਰ ਉਸ ਨੇ ਕਦੇ ਡਰਨਾ ਨਹੀਂ ਸੀ ਸਿਖਿਆ। ਇਹਨਾਂ ਕਮਾਦਾਂ ਕਪਾਹਾਂ  ਵਿਚ ਹੀ ਤਾਂ ਉਹ ਜੰਮੀ ਪਲੀ ਸੀ… ਵੱਡੀ  ਹੋਈ ਸੀ। ਉਹ ਵੀ ਤਾਂ ਆਪਣੇ ਪੇਕੇ ਘਰ ਪਸ਼ੂ ਸੰਭਾਲਦੀ ਸੀ… ਮਾਂ ਪਿਉ ਨਾਲ ਮੁੰਡਿਆਂ ਵਾਂਗ।

ਉਸ ਨੇ ਆਸੇ ਪਾਸੇ ਵੇਖਿਆ…ਦੂਰ ਨੇੜੇ ਢਲਦੇ ਸੂਰਜ ਦੀ ਲਾਲ ਟਿੱਕੀ ਤੋਂ ਬਿਨਾ ਹੋਰ ਕੋਈ ਵੀ ਉਸ ਵੱਲ ਨਹੀਂ ਸੀ ਵੇਖ ਰਿਹਾ। ਤਪੜੀ ਦੀ ਝੋਲੀ ਬਣਾ ਕੇ ਕੰਨੀਆਂ ਬੰਨ੍ਹ ਕੇ ਸਿਰ ਤੇ ਟਿਕਾਈ ਤੇ ਝੋਲੀ ਢਾਕ ਪਿੱਛੇ ਲਟਕਾ ਕੇ ਉਸ ਦੀ ਦਾਤੀ ਕਚਰ ਕਚਰ ਚੱਲਣ ਲੱਗੀ…। ਕਰਾੜੀ ਵਾਲੇ ਘਾਹ ਦੀਆਂ ਥੱਥੀਆਂ ਉਸ ਦੀ ਝੋਲੀ’ਚ ਭਰਦੀਆਂ ਗਈਆਂ…। ਬੰਬੀ ਵੱਲੋਂ ਆਉਂਦੀ ਕਮਾਦ ਤੇ ਕਪਾਹ ਦੀ ਵਿਚਕਾਰਲੀ ਵੱਟ ਤੇ ਕੁੱਝ  ਸਰਕ ਸਰਕ ਹੋਈ ਤੇ ਲਾਲਿਆਂ ਦਾ ਉਹੀ ਮੁੰਡਾ ਟੱਮਕ ਕੁੱਟਣ ਵਾਲਾ ਮੁਸਕਰਾਹਟਾਂ ਵੰਡਦਾ ਉਸ ਅੱਗੇ ਆ ਖੜਾ ਹੋਇਆ। ਉਹ ਮਿੰਟ ਦੀ ਮਿੰਟ ਘਬਰਾ ਗਈ…ਉਹਦੇ ਹੋਸ਼ ਹਵਾਸ ਗੁੰਮ ਹੋਣ ਲੱਗੇ…ਅਕਲ ਜਵਾਬ ਦੇ ਗਈ।

‘ਲਿਆ ਮੈਂ ਵੱਢ ਦਿਆਂ ਛੇਤੀ ਛੇਤੀ…।’ ਮੁੰਡੇ ਨੇ ਇਕ ਝਪਟੇ, ਨਾਲ ਉਸ ਦੇ ਹੱਥੋਂ ਦਾਤੀ ਫੜ ਲਈ…। ਬੁੱਧਾਂ ਦੀ ਸੁੱਧ ਬੁੱਧ ਗੁੰਮ ਗਈ …। ਉਹ ਬੌਂਦਲ ਗਈ।

ਜਦੋਂ ਉਸ ਨੂੰ ਥੋੜੀ ਜਿਹੀ ਹੋਸ਼ ਪਰਤੀ ਤਾਂ ਉਸ ਨੇ ਮਹਿਸੂਸ ਕੀਤਾ, ਉਸ ਦਾ ਸਾਰਾ ਸਰੀਰ ਖਿੱਲਰਿਆ ਪਿਆ ਸੀ। ਉਸ ਨੂੰ ਲੱਗਾ ਜਿਵੇਂ ਉਹ ਕਿਸੇ ਵੱਡੇ ਸੁਪਨੇ ਚੋਂ ਜਾਗੀ ਹੋਵੇ…, ਉਹੀ ਨੌਜੁਆਨ-ਲਾਲਿਆ ਦਾ ਮੁੰਡਾ ਉਸ ਸਾਹਵੇਂ ਖੜਾ ਹੱਸ ਰਿਹਾ ਸੀ ਸਾਹੋ ਸਾਹ ਹੋਇਆ…। ਉਸ ਨੇ ਆਪਣੇ ਆਪ ਨੂੰ ਲਪੇਟਿਆ ਸਮੇਟਿਆ ਤੇ ਇਕੱਠਾ ਕੀਤਾ। ਪਲ ਝਪਟ ਵਿਚ ਫੁਰਤੀ ਨਾਲ ਉਸ ਨੇ ਪੂਰੇ ਜ਼ੋਰਾਂ ਨਾਲ ਦਾਤੀ ਉਧਰ ਵਗਾਹ ਮਾਰੀ। ਮੁੰਡੇ ਨੂੰ ਇਸ ਸਭ ਕੁੱਝ ਦੀ ਉਮੀਦ ਨਹੀਂ ਸੀ, ਫਿਰ ਵੀ ਉਹ ਇਕ ਦਮ ਪਾਸੇ ਖਿਸਕਿਆ। ਦਾਤੀ ਧਰਤੀ ਦੀ ਹਿਕ ਵਿਚ ਛੇ ਇੰਚ ਤੱਕ ਖੁੱਭ ਗਈ।

‘ਮਾਫ਼ ਕਰ ਲਾਡੋ…ਤੇਰਾ ਹੁਸਨ ਵੇਖ ਕੇ ਮੈਥੋਂ ਰਹਿਆ ਨਹੀਂ ਗਿਆ…ਮੈਨੂੰ ਮਾਫ਼ ਕਰ…।’  ਸ਼ੀਹਣੀ  ਦਾ ਗੁਸਾ ਵੇਖ ਕੇ ਨੌਜੁਆਨ ਮੂਲੋਂ  ਹੀ ਘਬਰਾ ਗਿਆ ਸੀ।

‘ਜਾਹ ਹੁਣ ਤੂੰ ਘਰ ! ਮੈਂ ਘਾਹ ਦੀ ਹੋਰ ਪੰਡ ਤੇਰੇ ਪਿੱਛੇ ਭੇਜ ਦਿੰਦਾ ਹਾਂ…।’

ਉਹ  ਉਹੀ ਦੋ ਚਾਰ ਦੱਥੀਆਂ ਤੱਪੜ ਚ ਪਾ ਕੇ ਪਿੰਡ ਨੂੰ ਹੋ ਤੁਰੀ। ਸੂਰਜ ਦੀ ਟਿੱਕੀ ਪੂਰੀ ਤਰਾਂ ਅਲੋਪ ਹੋ ਚੁਕੀ ਸੀ।

ਜਾਂਦੇ ਜਾਂਦੇ ਕਮਾਦ ਦੀ ਛੋਟੀ ਵੱਟ ਤੋਂ ਉਹ ਕਈ ਵੇਰਾਂ ਡਿਗਦੀ ਡਿਗਦੀ ਬਚੀ। ਉਸ ਨੂੰ ਆਪਣਾ ਆਪ ਬੜਾ ਭਾਰਾ ਘਿਣਾਉਣਾ ਤੇ ਭ੍ਰਿਸ਼ਟ ਲੱਗ ਰਿਹਾ ਸੀ। ਕੋਈ ਮੱਛਰ ਮੱਖੀ ਨਿਗਲ ਜਾਣ ਤੋਂ ਬਾਦ ਉਲਟੀ ਕਰਨ ਨੂੰ ਦਿਲ ਕਰਦਾ ਹੈ, ਬੁਰਸ਼ ਕਰ ਕੇ ਅੰਦਰੋਂ ਕੱਢਣ  ਦਾ ਉਪਰਾਲਾ ਕੀਤਾ ਜਾਂਦਾ ਹੈ…। ਕੁੱਝ ਅਜਿਹੀ ਹੀ ਹਾਲਤ ਹੋ ਗਈ ਬੁੱਧਾਂ ਦੀ …। ਘਰ ਜਾਣ ਤੱਕ ਉਸ ਦਾ ਦਿਲ ਕੱਚਾ ਕੱਚਾ ਹੋਣ ਲੱਗਾ।

ਪਤਾ ਨਹੀਂ ਕੀ ਧੂੜ ਦਿਤਾ ਹਰਾਮ ਦੇ ਨੇ ਮੇਰੇ ਸਿਰ ਵਿਚ…ਪਤਾ ਨਹੀਂ ਕੀ ਸੁੰਘਾ ਦਿਤਾ ਮੈਨੂੰ…ਕੁੱਝ ਪਤਾ ਨਹੀਂ ਲੱਗਾ…ਕਿਵੇਂ ਥੋੜੀ ਦੇਰ ਵਿਚ ਏਨਾ ਕੁੱਝ ਵਾਪਰ ਗਿਆ। ਜਲਜਲੇ ਦੇ ਝਟਕੇ ਵਾਂਗ ਕੁੱਝ ਵਾਪਰਿਆਂ ਤੇ ਕਈ ਕੁੱਝ ਲਿਤਾੜ ਕੇ ਚਲਾ ਗਿਆ।

ਉਹ ਕਈ ਵੇਰਾਂ ਆਪਣੇ ਘਰ ਵਾਲੇ ਨਾਲ ਗਿਲਾ ਕਰਦੀ ਹੁੰਦੀ ਸੀ। ‘ਅੱਜਕੱਲ੍ਹ ਦੇ ਬੱਦਲ ਪਤਾ ਨਹੀਂ ਕਿਹੜੀ ਕੱਚੀ ਹੱਡੀ ਦੇ ਬਣੇ ਨੇ …ਕਿੰਨਾ ਕਿੰਨਾ ਚਿਰ…ਗੱਜਦੇ ਰਹਿੰਦੇ ਨੇ ਤੇ ਫਿਰ ਦੋ ਚਾਰ ਕਣੀਆਂ ਪਾ ਕੇ ਘੱਟਾ ਜਿਹਾ ਝਾੜ ਕੇ ਖਿੰਡਪੁੰਡ ਜਾਂਦੇ ਨੇ…।’ ਪਰ ਅੱਜ ਉਹ ਬੜੀ ਹੈਰਾਨ ਸੀ, ਕਿਵੇਂ ਮਿੰਟਾਂ ਵਿਚ ਕਿਥੋਂ  ਬੇਮੌਸਮੀ ਕਾਲਾ ਬੋਲਾ ਬੱਦਲ ਚੜ੍ਹਿਆ ਤੇ ਛਹਿਬਰ ਲਗਾ ਕੇ ਜਲ ਥਲ ਕਰਕੇ ਅੜਿਆ ਤੇ ਜੰਮ ਗਿਆ… ਘੁਲ ਗਿਆ।

ਅੱਜ ਉਸ ਦਾ ਵਿਉਂ ਟੁੱਟ ਗਿਆ…। ਉਹ ਬਾਹਰ ਅੰਦਰ ਜਾਣ ਵਾਲੀਆਂ ਸਾਰੀਆਂ ਕੁੜੀਆਂ ਤੇ ਜ਼ਨਾਨੀਆਂ ਤੋਂ ਸੁੰਦਰ ਸੀ… ਹੁਸੀਨ ਸੀ ਤੇ ਸਿਰ ਕੱਢ ਮੁਟਿਆਰ ਸੀ। ਨਵੀਂ ਨਵੀਂ ਵਿਆਹੀ ਜਦ ਕਦੇ ਉਹ ਸਾਥਣਾਂ ਨਾਲ ਬਾਹਰ ਨਿਕਲਦੀ ਤਾਂ ਲੰਬੜਾਂ ਦਾ ਦਿਆਲਾ ਆਨੇ ਬਹਾਨੇ ਖੰਘੂਰੇ ਮਾਰਦਾ, ਸੀਟੀਆਂ ਮਾਰਦਾ ਤੇ ਕਦੇ ਕਦੇ ਦੋ ਘੰਟੀਆਂ ਵਾਲੇ ਸਾਈਕਲ ਤੇ ਬੇਲੋੜਾ ਘੰਟੀਆਂ ਵਜਾਉਂਦਾ ਅੱਗੇ ਪਿੱਛੇ ਲੰਘਦਾ ਰਹਿੰਦਾ…। ਸਾਰੀਆਂ ਨੇ ਉਸ ਦੀ ਕਾਣੀ ਨੀਯਤ ਤਾੜ ਲਈ ਸੀ, ਪਰ ਬਿੱਲੀ ਦੇ ਗਲ ਟੱਲੀ ਕੌਣ ਬੰਨੇ…, ਸਾਰੀਆਂ ਡਰਦੀਆਂ ਸਨ। ਇਕ ਦਿਨ ਦਿਆਲੇ ਤੇ ਉਸ ਦੇ ਇਕ ਹੋਰ ਸਾਥੀ ਨੂੰ ਵੇਖ ਕੇ ਉਹ ਪਿੱਛੇ ਰਹਿ ਗਈ ਜਾਣ ਕੇ…।

‘ਤੁਸੀ ਚਲੋ। ਅੱਜ ਮੈਂ ਤੁਹਾਨੂੰ ਤਮਾਸ਼ਾ ਦਿਖਾਉਂਦੀ ਹਾਂ…।’ ਦਿਆਲਾ ਨੇੜੇ ਆਇਆ…, ਪਰ ਉਸ ਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਬੁਧਾਂ ਉਸ ਤੇ ਝਪਟ ਪਈ।

”ਆ ਭੈਣ ਦੇਣਿਆ। ਦੱਸ ਤੈਨੂੰ ਕੀ ਚਾਹੀਦੈ? ਆ ਤੇਰੀ ਖੰਘ ਮੈਂ ਲਾਹਾਂ…।’ ਉਹਨੇ ਉੱਪਰ ਘਸੁੰਨ ਉਲਾਰਿਆ। ਦਿਆਲਾ ਅਚਨਚੇਤੀ ਪਈ ਇਸ ਬਿੱਜ ਤੋਂ ਘਬਰਾ ਕੇ ਪਿੱਛੇ ਹੁੰਦਾ ਥੱਲੇ ਡਿਗ ਪਿਆ।  ਉਸ ਦੇ ਨਾਲ ਦਾ ਸਾਥੀ ਮਜਨੂੰ ਆਸ਼ਕ ਪਿੱਛੇ ਦੌੜ ਗਿਆ।

ਬੁਧਾਂ ਥੱਲੇ ਡਿੱਗੇ  ਦਿਆਲੇ ਦੀ ਹਿੱਕ ਤੇ ਚੜ ਦੁਹੱਥੜਾਂ ਨਾਲ ਫਾੜ ਫਾੜ ਉਸ ਨੂੰ ਝੰਬਣ  ਲੱਗੀ।  ਅੱਗੇ ਜਾਂਦੀ ਬਚਨੀ  ਨੇ ਪਿੱਛੇ ਦੌੜ  ਕੇ ਉਸ ਨੂੰ ਉੱਪਰੋਂ ਲਾਹਿਆ…।’

‘ਛੱਡ ਦੇ ਨੀ! ਮਰ ਜੂ ਬਿਗਾਨਾ ਪੁਤ…।’

‘ਪਰੇ ਹੋ ਜਾਂ ਭੈਣ ਜੀ…ਮੈਨੂੰ ਇਹਦੀ ਖੁਰਕ ਲਾਹ ਦੇਣ ਦੇ ਅੱਜ…। ਇਹ ਹਰਾਮ ਦੇ ਬੀਜ ਆਪਣੇ ਆਪ ਨੂੰ ਕੀ ਫੰਨੇ ਖਾਂ ਸਮਝਦੇ ਨੇ। ਇਹ ਕਾਲੀ ਕਰਤੂਤਾਂ ਵਾਲੇ ਜੋ ਚਿੱਟੀਆਂ ਵਰਦੀਆਂ ਵਿਚ ਆਪਣੇ ਪਸ਼ੂਆਂ ਵਾਲੇ ਰੂਪ ਲੁਕਾਈ ਬੈਠੇ ਨੇ…ਇਹਨਾਂ ਦੀਆਂ ਤਜੌਰੀਆਂ ਗ਼ਰੀਬਾਂ ਦੀਆਂ ਮਜਬੂਰੀਆਂ ਨਾਲ ਭਰੀਆਂ ਪਈਆਂ ਨੇ…ਇਹਨਾਂ ਦੇ ਹੱਥ  ਹਮ੍ਹਾਤੜਾਂ ਦੇ ਖੂਨ ਨਾਲ ਰੰਗੇ ਪਏ ਨੇ…ਇਹਨਾਂ ਦੀਆਂ ਚਾਦਰਾਂ ਗ਼ਰੀਬਾਂ ਦੀਆਂ ਇਜਤਾਂ ਨਾਲ ਲਿੱਬੜੀਆਂ ਪਈਆਂ ਨੇ।’

ਤੇ ਉਹ ਲਾਲੋ ਲਾਲ ਹੋਈ ਚੰਡਾਲਣੀ ਦਾ ਰੂਪ ਧਾਰ ਕੇ ਬਚਨੀ ਨੂੰ ਵੀ ਧੱਕ ਧੱਕ ਪਿਛਾਂਹ ਸੁੱਟ ਰਹੀ ਸੀ। ਦਿਆਲਾ ਘੱਟਾ ਝਾੜਦਾ ਕੰਨਾ ਨੂੰ ਹੱਥ ਲਗਾਉਂਦਾ …

‘ਭੈਣ ਜੀ ਮੁਆਫ਼ ਕਰੋ…ਭੈਣ ਜੀ ਕਿਸੇ ਹੋਰ ਨੂੰ ਨਾ ਦੱਸਿਓ…’

ਕੰਨ ਲਪੇਟ ਕੇ ਪੱਤਰਾਂ ਵਾਚ ਗਿਆ ਸੀ। ਉਸ ਦਿਨ ਤੋਂ ਬਾਦ ਉਸ ਨੂੰ ਤਾਂ ਕੀ, ਆਬਾਦੀ ਦੀ ਕਿਸੇ ਧੀ ਭੈਣ ਨੂੰ ਕਿਸੇ ਸਹੁਰੀ ਦੇ ਨੂੰ ਛੇੜਨ ਦੀ ਹਿੰਮਤ ਨਹੀਂ ਪਈ। ਉਸ ਦਿਨ ਤੋਂ ਬਾਦ ਕੁੜੀਆਂ ਦੀ ਜਿਸ ਟੋਲੀ ਵਿਚ ਬੁਧਾਂ ਦਾ ਝਾਉਲਾ ਪੈਂਦਾ, ਛਟੱਲੀ ਮੁਸ਼ਟੰਡੇ ਰਸਤਾ ਛੱਡ ਕੇ ਪਾਸੇ ਹੋ ਜਾਂਦੇ।

ਬੁਧਾਂ ਨੇ ਘਰ ਅੱਪੜ ਕੇ ਸੋਮਾਂ ਦੀ ਸੇਵਾ ਕਰਨ ਦੀ ਥਾਂ ਡੰਡਾਂ ਫੜ ਉਸ ਨੂੰ ਫਾੜ ਫਾੜ ਭੰਨ ਸੁੱਟਿਆ। ਮਾਰ ਮਾਰ ਉਹ ਆਪ ਵੀ ਬੇਹਾਲ ਹੋਈ ਜਾ ਰਹੀ ਸੀ।

‘ਕਮਜਾਤੇ ਖੋਲੇ! ਤੇਰੇ ਕਰਕੇ ਅੱਜ ਮੇਰੀ ਇੱਜ਼ਤ ਮਿੱਟੀ ਚ ਰੁਲੀ… ਨਾ ਲੱਖੀਂ ਨਾ ਹਜ਼ਾਰੀਂ…ਨਾ ਮੈਂ ਕੁਵੇਲੇ ਬਾਹਰ ਜਾਂਦੀ ਤੇਰਾ ਸਿਆਪਾ ਕਰਨ ਤੇ ਨਾਂ ਉਮਰਾਂ ਦੀ ਸਾਂਭੀ ਭੰਗ ਦੇ ਭਾੜੇ ਲੁੱਟੀ ਜਾਂਦੀ ਬਦਮਾਸ਼ਾਂ ਕੋਲੋਂ …’। ਤੇ ਉਹ ਸਿਸਕੀਆਂ ਭਰ ਰੋਣ ਲੱਗੀ।

ਬੁੜ੍ਹੀ ਸੱਸ ਨੇ ਜਵਾਨ ਨੂੰਹ ਦੀ ਸਿਸਕੀਆਂ ਦੀ ਆਵਾਜ਼ ਸੁਣ ਕੇ ਸਭ ਕੁੱਝ ਸਮਝ ਲਿਆ…ਦਾਲ ਵਿਚ ਜ਼ਰੂਰ ਕੁੱਝ ਕਾਲਾ ਕਾਲਾ ਹੈ। ਚਰਖੇ ਦੀ ਤੰਦ ਵਿਚੇ ਛੱਡ ਉਹ ਬੁਧਾਂ ਕੋਲ ਆਈ।

‘ਕੀ ਗੱਲ ਪੁਤ! ਅੱਜ ਏਨੀ ਅਵਾਜ਼ਾਰ ਕਿਉਂ…?’

ਬੁਧਾਂ ਨੇ ਨਾਂ ਚਾਹੁੰਦੇ ਹੋਏ ਵੀ, ਰੋਂਦੇ ਰੋਂਦੇ ਸਭ ਕੁੱਝ ਸੱਸ ਅੱਗੇ ਢੇਰੀ ਕਰ ਦਿਤਾ। ਉਹ ਨਹੀਂ ਸੀ ਚਾਹੁੰਦੀ ਇਹ ਸਭ ਕੁੱਝ ਦੱਸ ਕੇ ਬੁੱਢੀ ਉਮਰਾਂ ਨਾਲ ਜੂਝ ਰਹੀ ਸੱਸ ਦੇ ਦਿਲ ਨੂੰ ਸਦਮਾ ਪੁਚਾਏ ਪਰ ਉਹ ਰਹਿ ਨਾ ਸਕੀ।

‘ਮੈਂ ਤਾਂ ਪਹਿਲਾਂ ਹੀ ਔਹਲ ਗਈ ਸੀ ਪੁਤ! ਤੈਨੂੰ ਕਹਿੰਦੀ ਕਹਿੰਦੀ ਰਹਿ ਗਈ, ਪਈ  ਏਨੇ ਕਵੇਲੇ ਦੂਰ ਨਾ ਜਾਈਂ, ਇੱਥੇ ਫਿਰਨੀ ਲਾਗੇ ਕੱਖ ਕਾਨ ਥੋੜਾ…?’

ਪਰ ਬੁਧਾਂ  ਦੀਆਂ ਸਿਸਕੀਆਂ ਉਭੇ ਸਾਹੇ ਲੈ ਰਹੀਆਂ ਸਨ। ਸੱਸ ਨੇ ਉਸ ਦਾ ਸਿਰ ਪਲੋਸਿਆ…, ਦਿਲਾਸਾ ਦਿਤਾ…ਤੇ ਘੁੱਟ ਕੇ ਛਾਤੀ ਨਾਲ ਲਾਇਆ…।

‘ਬੱਸ ਕਰ ਪੁਤ। ਬੱਸ ਕਰ। ਸਬਰ ਕਰ। ਮੇਰੀ ਗੱਲ ਮੰਨ…। ਕੁੱਤਾ ਕਪਾਹ ਚੋਂ ਲੰਘ ਜਾਊ ਤੇ ਕਿਹੜਾ ਰਜਾਈ ਭਰਾ ਕੇ ਲੈ ਜਾਉ।’  ਨੂੰਹ ਨੇ ਅੱਖਾਂ ਪੂੰਝਦੇ ਸਿਰ ਤੇ ਦੁਪੱਟਾ ਲਿਆ।

‘ਇਹ ਸਭ ਕੁੱਝ ਬੱਤੀ ਦੰਦਾਂ ਦੇ ਅੰਦਰ ਹੀ ਪੀ ਜਾ, ਜੇ ਰੌਲਾ ਪੈ ਗਿਆ, ਜਾਂ ਜੇ ਅਸੀ ਕਿਸੇ ਲੰਬੜ ਸਰਪੰਚ ਕੋਲ ਸ਼ਿਕਾਇਤ ਕਰੀਏ ਤਾਂ ਸਾਡੀ ਕਿਸੇ ਨੇ ਨਹੀਂ ਸੁਣਨੀ…। ਸਾਨੂੰ ਕਿਸੇ ਨੇ ਆਪਣੇ ਬਸੀਮੇਂ ਨਹੀਂ ਚੜ੍ਹਨ ਦੇਣਾ… ਜੰਗਲ ਪਾਣੀ ਲਈ।  ਆਪਣੇ ਬੂਟੇ ਨੂੰ ਵੀ ਨਾ ਦੱਸੀਂ, ਉਹ ਵੀ ਐਵੇਂ ਆਪਣੇ ਆਪ ਵਿਚ ਖ਼ਫ਼ਾ ਹੋਊ।’

ਪਰ ਬੁਧਾਂ ਜ਼ਖਮੀ ਸੱਪਣੀ ਵਾਂਗ ਵਿੱਸ ਘੋਲੀ ਜਾ ਰਹੀ ਸੀ।

ਬਾਹਰਲਾ ਦਰਵਾਜਾ ਖੁੱਲ੍ਹਾ। ਹਨੇਰੇ ਵਿਚੋਂ ਕੋਈ ਆਕਾਰ ਪਰਗਟ ਹੋਇਆ ਤੇ ਮਲਕੜੇ ਜਿਹੇ ਪੱਠਿਆਂ ਦੀ ਇਕ ਭਰੀ ਟੋਕੇ ਲਾਗੇ ਸੁੱਟ ਕੇ ਮੁੜ ਗਿਆ। ਪੰਡ ਵੇਖ ਕੇ ਉਸ ਨੂੰ ਹੋਰ ਰੋਹ ਚੜ ਗਿਆ ਤੇ ਅੰਦਰ ਇਕ ਡਰ ਵੀ…। ਇਹ ਪੰਡ ਉਸ ਨੂੰ ਸੱਪਾਂ ਦੀ ਵਰਮੀ ਵਾਂਗ ਜਾਪੀ ਜਿੱਥੋਂ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਕੁ ਫਨੀਅਰ ਨਿਕਲ ਕੇ ਉਸ ਦੀ ਮਾਨਸਿਕਤਾ ਨੂੰ ਡੰਗ ਜਾਣਗੇ…।

‘ਕੋਈ ਨਾ ਪੁਤ ਤੂੰ ਬਹੁਤਾ ਹਿਰਖ ਨਾ ਕਰ। ਉਹ ਵੀ ਤਾਂ ਤੇਰੇ ਸਹੁਰੇ ਦਾ ਹੀ ਪੁਤ ਹੈ।’

ਸਾਰੇ ਹਥਿਆਰ ਫੈਲ ਹੁੰਦੇ ਵੇਖ ਕੇ ਬੁੜ੍ਹੀ ਨੇ ਚਿਰਾਂ ਦੀ ਬੱਧੀ  ਗੰਢ ਖੋਲ੍ਹ ਦਿਤੀ। ਬੁਧਾਂ ਨੇ ਮੂੰਹ ਉੱਪਰ ਚੁੱਕ…ਸੱਸ ਵੱਲ ਸਵਾਲੀਆਂ ਨਜ਼ਰਾਂ ਮਿਲਾਈਆਂ।

‘ਹਾਂ! ਹਾਂ! ਪੁਤ! ਉਹ ਤੇਰਾ ਦੇਰ ਹੈ…ਤੇਰੇ ਸਹੁਰੇ ਦਾ ਪੁਤ…ਸਕਾ ਦੇਰ…।’

ਮਾਂ ਨੇ ਬੁਝਾਰਤ ਜਿਹੀ  ਛੇੜ ਦਿਤੀ।

ਬੁਧਾਂ ਦੀ ਤੜਪ ਰਹੀ ਆਤਮਾ ਥੋੜੀ ਜਿਹੀ ਸ਼ਾਂਤ ਹੋਈ।

‘ਉਹ ਕਿੱਦਾਂ ਮਾਂ ? ਕਿਥੇ ਉਹ ਅਮੀਰ ਜਾਦੇ ਤੇ ਕਿਥੇ ਅਸੀਂ ਗਰੀਬ ਜਾਤ।’

ਪ੍ਰਸਿਨੀ ਬੁੱਢੀ ਨੇ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ।

‘ਸੁਣ ਧੀਏ ਸੱਚੀ ਗੱਲ ਸੁਣ ਲੈ…। ਬੜੀ ਲੰਮੀ ਕਹਾਣੀ ਹੈ…।’

ਬੁਧਾਂ ਨੇ ਬੜੀ ਉਤਸੁਕਤਾ ਨਾਲ ਉਧਰ ਅੱਖਾਂ ਚੁੱਕੀਆਂ।

‘ਤੇਰਾ ਸਹੁਰਾ ਇਕ ਲਾਲੇ ਧਨੀ ਰਾਮ ਦਾ ਸੀਰੀ ਸੀ। ਮੈਂ ਵੀ ਉਸ ਦਾ ਗੋਹਾ ਕੂੜਾ ਕਰਦੀ ਸੀ। ਘਰ ਦਾ ਕੰਮ ਕਰਨ ਵਾਲੀਆਂ ਨਾਲ ਤੇ ਗੋਹਾ ਕੂੜਾ ਕਰਨ ਵਾਲੀਆਂ ਨਾਲ ਕਈ ਵੱਡੇ ਲੋਕ ਕੀ ਤੇ ਕਿੱਦਾਂ ਦਾ ਸਲੂਕ ਕਰਦੇ ਨੇ, ਇਹ ਦੱਸਣ ਦੀ ਲੋੜ ਨਹੀਂ। ਬੜਾ ਵੱਡਾ ਘਰ ਸੀ ਲਾਲੇ ਦਾ…, ਨਾਲ ਤਕੜੀ  ਹਵੇਲੀ ਸੀ…। ਅਸੀਂ ਵੀ ਰੱਜ ਕੇ ਰੋਟੀ ਖਾਂਦੇ ਸੀ, ਸੁਖ ਦੀ ਨੀਂਦ ਸੌਂਦੇ ਸੀ…। ਲਾਲੇ ਦੇ ਕੋਈ ਔਲਾਦ ਨਹੀਂ ਸੀ…। ਦੇਂਦੇ ਉਹ ਤੀਵੀਂ ਆਦਮੀ ਤੇ ਅਸੀਂ ਦੋਵੇਂ ਜੀਅ ਰਹਿੰਦੇ ਸੀ ਉੱਥੇ…। ਹਵੇਲੀ ਦੀ ਨੁੱਕਰੇ ਸਾਡੇ ਲਈ ਵੀ ਉਨ੍ਹਾਂ ਨੇ ਦੋ ਕਮਰੇ ਅੱਡ ਬਣਾ ਦਿਤੇ ਸਨ ਬੜੇ ਸੁਹਣੇ। ਉਨ੍ਹਾਂ ਸਾਨੂੰ ਕਦੇ ਕੋਈ ਤੰਗੀ ਤੁਰਸ਼ੀ ਨਹੀਂ ਆਉਣ ਦਿਤੀ।

ਇਕ ਰਾਤ ਲਾਲੀ ਨੇ ਧਨੀ ਰਾਮ ਲਾਲਾ ਮੇਰੇ ਕਮਰੇ ਵਿਚੋਂ ਨਿਕਲਦਾ ਵੇਖ ਲਿਆ। ਬੂਟੇ ਦਾ ਪਿਉ ਘਰ ਨਹੀਂ ਸੀ ਉਸ ਵੇਲੇ। ਰਾਤ ਨੂੰ ਆ ਕੇ ਮੈਨੂੰ ਬਹੁਤ ਬੁਰਾ ਭਲਾ ਕਹਿਣ ਲੱਗੀ…। ਮੈਂ ਹੱਥ ਜੋੜੇ, ਤਰਲੇ ਪਾਏ। ਬੀਬੀ ਜੀ ਇਸ ਵਿਚ ਮੇਰਾ ਕੋਈ ਕਸੂਰ ਨਹੀ…। ਉਸ ਨੇ ਜਾ ਕੇ ਲਾਲੇ ਨਾਲ ਕਲੇਸ਼ ਵਿੱਢ ਲਿਆ…। ਤੇ ਅਗਲੇ ਦਿਨ ਸਵੇਰੇ ਲਾਲੇ ਨੇ ਸੀਰੀ ਨੂੰ ਨਾਲ ਲੈ ਕੇ ਉਸ ਦੀ ਲਾਸ਼ ਨਾਲ ਦੇ ਖੂਹ ਵਿਚੋਂ ਕੱਢੀ ਤੇ ਬਿਲੇ ਲਗਾਈ…। ਲਾਲਾ ਬੜਾ ਕਲਪਿਆ ਤੇ ਤੜਫਿਆ…। ਵੱਡੀ  ਹਵੇਲੀ, ਕੋਠੀ ਸੁੰਨੀ ਹੋ ਗਈ, ਪਰ ਉਹ ਕੁੱਝ ਖ਼ੁਸ਼ ਵੀ ਸੀ… ਉਸ ਬਾਂਝ ਜ਼ਨਾਨੀ ਤੋਂ ਛੁਟਕਾਰਾ ਮਿਲ ਗਿਆ ਸੀ ਉਸ ਨੂੰ, ਜਿਵੇਂ ਉਹ ਲਾਲੀ ਨੂੰ ਮਿਹਣੇ ਤਾਹਨੇ ਦਿੰਦਾ ਹੁੰਦਾ ਸੀ। ਉਸ ਨੂੰ ਜ਼ਮੀਨ ਚਾਹੀਦੀ ਸੀ ਜੋ  ਉਸ ਲਈ ਪੁੱਤਰ ਪੈਦਾ ਕਰ ਸਕੇ, ਉਸ ਦੀ ਜ਼ਮੀਨ ਜਾਇਦਾਦ ਲਈ ਵਾਰਸ ਬਣਾ ਕੇ ਦੇ ਸਕੇ।

ਮਾਤਾ ਦੀਆਂ ਗੱਲਾਂ ਸੁਣਦੇ ਸੁਣਦੇ ਬੁੱਧਾਂ ਨੂੰ ਜਿਵੇਂ ਆਰਾਮ ਆ ਰਿਹਾ ਸੀ…।  ਉਸ ਦੀ ਆਤਮਿਕ ਪੀੜਾ ਠੰਢੀ ਪੈ ਰਹੀ ਸੀ।

‘ਹੱਛਾ ਮਾਂ ਨੀ। ਫਿਰ ਇਹ ਮੁੰਡਾ ਕਿਥੋਂ ਆਇਆ…?’

‘ਅਜੇ ਲਾਲੀ ਦੀਆਂ ਹੱਡੀਆਂ ਤੇ ਰਹਿੰਦ ਖੂੰਹਦ ਹਰਿਦੁਆਰ ਚੜਾ ਕੇ ਆਏ ਹੀ ਸੀ…ਨਵੇਂ ਰਿਸ਼ਤਿਆਂ ਦੀ ਗੱਲ ਚੱਲਣ ਲੱਗੀ। ਤੇ ਅਖੀਰ ਇਕ  ਦਿਨ ਵੀਹ ਪੱਚੀ ਸਾਲ ਦੀ, ਕਿਸੇ ਗਰੀਬ ਘਰ ਦੀ ਕੁੜੀ ਠੁੰਮਕ ਠੁੰਮਕ ਕਰਦੀ ਉਸ ਹਵੇਲੀ ਦਾ ਸ਼ਿੰਗਾਰ ਬਣ ਗਈ…। ਲੋਕਾਂ ਵਿਚ ਦੋ ਚਾਰ ਦਿਨ ਦੰਦ ਕਥਾ ਚੱਲੀ ਕਿ ਲਾਲਾ ਆਪਣੀ ਉਮਰ ਨਾਲੋਂ ਅੱਧੀ ਉਮਰ ਦੀ, ਮੁਲ ਦੀ ਤੀਵੀਂ ਲੈ ਆਇਆ ਹੈ ਤੇ ਫਿਰ ਇਹ ਚਰਚਾ ਪੁਰਾਣੀ ਲਾਲੀ ਦੇ ਸਿਵੇ ਵਾਂਗ ਠੰਢੀ ਪੈ ਗਈ।

ਇਸ ਨਵੀਂ ਵਹੁਟੀ ਨੇ ਹਵੇਲੀ ਦੇ ਹਨੇਰੇ ਵਿਚ ਚਾਨਣ ਭਰ ਦਿਤਾ ਤੇ ਗਲੀ ਮੁਹੱਲੇ ਵਿਚ ਇਸ ਤਰਾਂ  ਰਚ ਮਿਚ ਗਈ ਜਿਵੇਂ ਉਸ ਵਿਚ ਪੁਰਾਣੀ ਬੀਬੀ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ।  ਨਵੀਂ ਵਹੁਟੀ ਦੇ ਆਗਮਨ ਨਾਲ ਲਾਲੇ ਦੀ ਸਕੀ ਸਕੀਰੀ ਨੇ ਉਸ ਨਾਲ ਈਰਖਾ ਕੀਤੀ, ਪਰ ਉਸ ਨੇ ਆਪਣੇ ਨਿੱਘੇ ਸੁਭਾਅ ਨਾਲ ਸਭ ਦੇ ਮਨ ਕੀਲ ਲਏ। ਜਦੋਂ ਉਹ ਮੁਲ ਦੀ ਤੀਵੀਂ ਲਾਲੇ ਦੇ ਚਿਟੇ ਗੰਜ ਤੇ ਹੱਥ ਫੇਰਦੀ ਤੇਲ ਮਾਲਸ਼ ਕਰਦੀ ਤਾਂ ਮੈਨੂੰ ਉਸ ਤੇ ਬੜਾ ਤਰਸ ਆਉਂਦਾ। ਸਾਨੂੰ ਵੀ ਉਹ ਬੜਾ ਮੋਹ ਕਰਦੀ ਸੀ…। ਕਿੰਨਾ ਕਿੰਨਾ ਚਿਰ ਸਾਡੇ ਕਮਰੇ ਵਿਚ ਆ ਕੇ ਅਲਾਣੀ ਮੰਜੀ ਤੇ ਬੈਠ ਕੇ ਦੁਖ ਸੁਖ ਕਰਦੀ ਰਹਿੰਦੀ… ਪੁੱਛਦੀ ਰਹਿੰਦੀ। ਉਸ ਦੇ ਮਨ ਵਿਚ ਵੱਡਿਆਂ ਵਾਲੀ ਕੋਈ ਬੋਅ ਨਹੀਂ ਸੀ। ਪਰ ਕਰਨੀ ਰੱਬ ਦੀ ਜਾਂ ਕਰੋਪੀ ਰੱਬ ਦੀ ਸਮਝੋ, ਦੋ ਸਾਲ ਬੀਤ ਗਏ ਉਹ ਵੀ ਲਾਲੇ ਦੀ ਮੁਰਾਦ ਪੂਰੀ ਨਾ ਕਰ ਸਕੀ…। ਡਾਕਟਰਾਂ ਦੇ ਪ੍ਰੀਖਣ ਅਨੁਸਾਰ ਲਾਲਾ ਆਪ ਹੀ ਇਸ ਪੱਖੋਂ ਹੀਣਾ ਸੀ।’

ਮਾਈ ਦੇ ‘ਹੀਣੇ’ ਸ਼ਬਦ ਨਾਲ ਬੁਧਾਂ ਤ੍ਰਭਕ ਪਈ ਇਹ ਸ਼ਬਦ ਉਸ ਨੂੰ ਠੋਹਰ ਵਾਂਗ ਚੁੱਭਿਆ। ਉਸ ਦਾ ਜੀਅ ਕੀਤਾ ਉਹ ਮਾਤਾ ਨੂੰ ਕਹੇ, ਆਪਣੇ ਪੁੱਤਰ ਦਾ ਵੀ ਪ੍ਰੀਖਣ ਕਰਾ  ਵੇਖੇ…। ਪਰ ਉਸ ਦੀ ਜ਼ਬਾਨ ਨੂੰ ਤਾਲਾ ਲੱਗਾ ਰਿਹਾ।

‘ਤੇ ਫਿਰ ਲਾਲਾ ਔਲਾਦ ਦਾ ਰਾਹ ਤੱਕਦਾ ਤੱਕਦਾ ਥੱਕ ਗਿਆ, ਹਾਰ  ਗਿਆ…। ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ…। ਉਹਨੀਂ ਦਿਨੀਂ ਹੀ ਤੇਰਾ ਨੀਂਗਰ ਚੰਦ ਪੈਦਾ ਹੋਇਆ … ਉਸ ਨੇ ਬੜਾ ਚਾਅ ਕੀਤਾ…। ਬਾਲ ਨੂੰ ਚੁੱਕ ਕੇ ਕਿੰਨਾ ਚਿਰ ਉਸ ਦੇ ਨੈਣ-ਨਕਸ਼ ਨਿਹਾਰਦਾ ਰਿਹਾ ਤੇ ਉਸੇ ਨੇ ਹੀ ਇਸ ਦਾ ਨਾਮ ਬੂਟਾ ਰੱਖਿਆ ਸੀ। ਨਵੀਂ ਵਹੁਟੀ ਨੇ ਵੀ ਪ੍ਰਸੂਤ ਦੇ ਦਿਨਾਂ ਵਿਚ ਚੰਗੇ ਡਾਕਟਰ ਜਾਂ ਨਰਸ ਵਾਂਗ ਮੇਰੀ ਸੇਵਾ ਕੀਤੀ। ਜਦ ਮੈਂ ਜਣੇਪੇ ਤੋ ਵਿਹਲੀ ਹੋ ਕੇ ਉਠੀ ਤਾਂ ਵੇਖਿਆ, ਇਕ ਦਿਨ ਉਹ ਮੁੱਲ ਦੀ ਤੀਵੀਂ… ਨਵੀ ਲਾਲੀ … ਦੁਧ ਚੋਅ ਰਹੇ ਤੇਰੇ ਸਹੁਰੇ ਕੋਲ ਬੈਠੀ ਬੜੀ ਨੀਝ ਲਾ ਕੇ ਤੱਕਦੀ ਉਸ ਨਾਲ ਗੱਲਾਂ ਕਰਦੀ ਰੁਮਕ ਰਹੀ ਸੀ… ਗੁਟਕ ਰਹੀ ਸੀ… ਖਿੜ ਰਹੀ ਸੀ। ਮੈਨੂੰ ਹੈਰਾਨੀ ਹੋਈ। ਮੇਰੇ ਵੇਖਦੇ ਵੇਖਦੇ ਉਸ ਨੇ ਦੁੱਧ ਦੀ ਧਾਰ ਲਾਲੀ ਦੇ ਮੂੰਹ ਤੇ ਦੇ ਮਾਰੀ…ਤੇ ਲਾਲੀ ਨੇ ਚਿੜੀ ਦੇ ਬੋਟ ਵਾਂਗ ਮੂੰਹ ਅੱਡ ਕੇ ਮੂੰਹ ਚ ਪੁਆ ਲਈ।

‘ਮੈਨੂੰ ਵੀ ਸਿਖਾਅ…।’ ਉਹ ਚੁੰਨੀ ਨਾਲ ਦੁੱਧ ਛਿੱਟੇ ਸਾਫ਼ ਕਰਦੇ ਉਸ ਦੇ ਹੋਰ ਨੇੜੇ ਹੋ ਗਈ।

ਤੇ ਫਿਰ ਉਹ ਲਾਲੀ ਦਾ ਹੱਥ ਫੜ ਕੇ ਮੱਝ ਦੇ ਥਣ, ਉਸ ਦੇ ਹੱਥ ਵਿਚ ਦੇ ਕੇ, ਹੱਥ ਘੁੱਟਣ ਲੱਗਾ…। ਮੈਂ ਪਿਛਲੇ  ਪੈਰੀਂ ਮੁੜ ਆਪਣੇ ਮੰਜੇ ਤੇ  ਆ ਕੇ ਢਹਿ ਪਈ… ਰਿੱਝਣ ਲੱਗੀ…। ਮੈਂ ਰਿੱਝਦੀ ਰਹੀ ਸਾਗ ਦੀ ਤੌੜੀ ਵਾਂਗ। ਮੈਨੂੰ ਕੁੱਝ ਨਾਂ ਸੁੱਝੀ ਕਿ ਇਸ ਨੂੰ ਚੰਗਾ ਕਹਾਂ ਕਿ ਬੁਰਾ? ਨਵੀਂ ਬੀਵੀ ਆਪਣੇ ਨੌਕਰ ਦਾ ਬਹੁਤਾ ਹੀ ਤੇਹ ਕਰਨ ਲੱਗੀ। ਜਦ ਕਦੇ ਬਿੰਦ ਘੜੀ ਉਹ ਮੇਰੇ ਕੋਲ ਆ ਬੈਠਦਾ ਤਾਂ ਉਹ ਪਿੱਛੇ ਆ ਧਮਕਦੀ ਤੇ ਆਨੇ ਬਹਾਨੇ ਉਹਨੂੰ ਹਰ ਵਕਤ ਆਪਣੇ ਸਾਹਮਣੇ ਕਾਰੇ ਲਾਈ ਰੱਖਦੀ। ਜਦ ਕਦੇ ਲਾਲਾ ਉਹਨੂੰ ਬਾਹਰ ਖੇਤਾਂ ਨੂੰ ਭੇਜਦਾ, ਉਹ ਕੋਠੇ ਚੜ ਉਸ ਦਾ ਰਸਤਾ  ਨਾਪਦੀ ਰਹਿੰਦੀ।  ਲਾਲਾ ਬਿਮਾਰ ਰਹਿਣ ਲੱਗਾ…। ਉਸ ਦਾ ਖੂਨ ਦਾ ਦਬਾਅ ਵਧਣ ਲੱਗਾ। ਹੋਰ ਕਈ ਬਿਮਾਰੀਆਂ ਨੇ ਉਸ ਤੇ ਗ਼ਲਬਾ ਪਾ ਲਿਆ। ਅਖੀਰ ਉਹ ਅਧਰੰਗ ਦਾ ਸ਼ਿਕਾਰ ਹੋ ਕੇ ਮੰਜਾ ਮੱਲ ਬੈਠਾ। ਜਦ ਲਾਲਾ ਮੰਜੇ ਤੇ ਪਿਆ ਹੌਕਾ ਭਰਦਾ ਤਾਂ ਉਸ ਗੁਟਕੂੰ ਗੁਟਕੂੰ ਕਰਦੀ ਪਾਰਬਤੀ ਦੇ ਬੁੱਲ੍ਹਾਂ ਤੇ ਕਾਲੋਂ ਫਿਰਨ ਲਗਦੀ।

ਲਾਲੇ ਨੂੰ ਉਹ ਬੇਸ਼ੁਮਾਰ ਪਿਆਰ ਕਰਦੀ ਸੀ। ਪਰ ਬਿਮਾਰੀ ਦੀ ਹਾਲਤ ਵਿਚ ਉਸ ਦਾ ਪਾਸਾ ਮੋੜਨਾ, ਟੱਟੀ ਪਿਸ਼ਾਬ ਕਰਾਉਣਾ, ਉਠਾ ਕੇ ਦਵਾਈ ਦੇਣੀ, ਇਹ ਉਸ ਦੇ ਵੱਸੋਂ ਬਾਹਰਾ ਸੀ। ਇਹ ਜ਼ਿੰਮੇਵਾਰੀ ਉਨ੍ਹਾਂ ਦੇ ਨੌਕਰ ਦੀ ਲੱਗ ਗਈ। ਉਹੀ ਰਾਤ ਬਰਾਤੇ ਉਸ ਦੀ ਸੇਵਾ ਕਰਦਾ, ਦਵਾਈ ਦਿੰਦਾ…, ਰਾਤ ਉਨ੍ਹਾਂ ਦੇ ਕਮਰੇ ਚ ਹੀ ਸੌਣ ਲੱਗ ਗਿਆ। ਮੈਂ ਹਿੱਕ ਤੇ ਪੱਧਰ ਧਰ ਕੇ ਇਹਨਾਂ ਨਹਿਸ਼ ਰਾਤਾਂ ਦੀ ਜ਼ਿਆਦਤੀ ਜਰਦੀ ਰਹੀ। ਕਹਿ ਵੀ ਕੀ ਸਕਦੀ ਸੀ, ਜਦ ਪਾਰਬਤੀ ਨੇ ਮੇਰੇ ਜਣੇਪੇ ਦੇ ਦਿਨਾਂ ਵਿਚ ਮੇਰੀ ਏਨੀ ਤੀਮਾਰਦਾਰੀ ਕੀਤੀ ਤਾਂ ਮੈਂ ਉਸ ਆਪਣੇ ਅੰਨਦਾਤੇ ਦੀ ਸੇਵਾ ਲਈ ਆਪਣੇ ਘਰ ਵਾਲੇ ਨੂੰ ਕਿਵੇਂ ਰੋਕ ਸਕਦੀ ਸੀ ? ਮੈਂ ਵੀ ਜਦ ਕਦੇ ਲਾਲਾ ਜੀ ਦਾ ਹਾਲ ਪੁਛਣ ਜਾਂਦੀ ਤਾਂ ਉਹ ਆਪਣੀ ਫ਼ਤੂਹੀ ਚੋਂ ਕੱਢ ਕੇ ਦਸ ਵੀਹ ਰੂਪੈ ਮੈਨੂੰ ਫੜਾ ਦਿੰਦਾ…। ਬੂਟੇ ਦਾ ਸਿਰ ਪਲੋਸਦਾ ਆਪਣੇ ਵਿੰਗ ਤੜਿੰਗੇ ਹੱਥਾਂ ਨਾਲ …ਤੇ ਅੱਖਾਂ ਭਰ ਆਉਂਦਾ।

ਫਿਰ ਮੈਂ ਕਈ ਵੇਰਾਂ, ਰਾਤਾਂ ਜਾਗ ਕੇ ਕੱਟਦੀ। ਮੈਨੂੰ ਏਦਾ ਜਾਪਦਾ ਜਿਵੇਂ ਇਹ ਹਾਏ ਦੀ ਲੇਰ, ਇਹ ਖੰਘ ਦੀ ਆਵਾਜ਼ ਲਾਲੇ ਧਨੀ ਰਾਮ ਦੀ ਨਾ ਹੋ ਕੇ ਮੇਰੇ ਆਪਣੇ ਹੀ ਹਮਜੋਲੀ ਦੀ ਹੋਵੇ। ਲਾਲੇ ਦੇ ਖੁਰਨ ਦੇ ਨਾਲ ਮੇਰਾ ਆਪਣਾ ਵੀ ਹੱਥੋਂ ਕਿਰ ਰਿਹਾ ਸੀ। ਖਿੜਕੀ ਵਿਚੋਂ ਦੇਖਦੀ…ਇਕ ਮੰਜੇ ਤੇ ਦਵਾਈਆਂ ਦੇ ਅਮਲ ਨਾਲ ਮਦਹੋਸ਼ ਲਾਲਾ ਮੂੰਹ ਅੱਡੀ ਪਿਆ ਹੁੰਦਾ ਤੇ ਦੂਜੇ ਪਲੰਘ ਤੇ ਲਾਲੀ ਤੇ ਉਸ ਦਾ ਨੌਕਰ! ਸਾਰੀ ਦੁਨੀਆਂ ਦੀ ਹੋਸ਼ ਭੁਲਾਕੇ ਪਏ ਹੁੰਦੇ। ਉੱਚੇ ਵਿਹੜੇ ਦੀ ਅੱਗ ਨੀਵੇਂ ਵਿਹੜੇ ਦੇ ਪਾਣੀਆਂ ਨਾਲ ਸ਼ਾਂਤ ਹੁੰਦੀ ਵੇਖ ਕੇ ਮੇਰਾ ਜੀਅ ਕਰਦਾ, ਕੋਠੇ ਚੜ੍ਹਕੇ, ਉਚੀ ਉਚੀ ਚਿਲਾ ਕੇ ਲੋਕਾਂ ਨੂੰ ਕਹਾਂ ‘ਵੇਖੋ ਲੋਕੋ…ਆਉ ਵੇਖੋ..ਦਰਿਆਵਾਂ ਦੇ ਪਾਣੀ ਕਿੱਦਾਂ ਪੁੱਠੇ ਪਾਸੇ, ਨੀਵੇਂ ਪਾਸਿਉਂ, ਉਚਾਣਾਂ ਵੱਲ ਨੂੰ ਵਹਿ ਤੁਰੇ ਨੇ…।’ ਤੇ ਉਹ ਦੋਨੇਂ ਨੂੰਹ ਸੱਸ ਖਿੜ ਖਿੜਾ ਕੇ ਹੱਸ ਪਈਆ। ਦੋਹਾਂ ਨੂੰ ਹੱਸਦੇ ਵੇਖ ਕੇ ਸੋਮਾਂ ਨੇ ਵੀ ਮੱਠਾ ਜਿਹਾ ਖਰਰ…ਰਰ ਕਰ ਕੇ ਉਨ੍ਹਾਂ ਦੀ ਸੁਰਤ ਆਪਣੇ ਵੱਲ ਖਿੱਚੀ…। ਮਾਤਾ ਦਾ ਪ੍ਰਸੰਗ ਸੁਣਦੇ ਸੁਣਦੇ ਹੁਣ ਤੱਕ ਬੁਧਾਂ ਆਪਣੇ ਆਪ ਵਿਚ ਨਾਰਮਲ ਹੋ ਚੁੱਕੀ ਸੀ।

‘ਇਕ ਦਿਨ  ਬਿਮਾਰ ਪਏ ਲਾਲੇ ਨੂੰ ਪਾਰਬਤੀ ਨੇ ਹੱਸਦੇ ਹੱਸਦੇ ਖ਼ੁਸ਼ਖ਼ਬਰੀ ਦਿਤੀ…। ਲਾਲੇ ਦੇ ਬੁੱਲ੍ਹ ਫਰਕੇ, ਉਸ ਨੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਸ ਨਾ ਸਕਿਆ। ਉਸ ਦਾ ਅੰਦਰ ਖ਼ੁਸ਼ੀ ਨਾਲ ਹਿੱਲ ਗਿਆ। ਜਿੰਦਾ ਰਹਿਣ ਲਈ ਉਸ ਨੂੰ ਹੁਣ ਉਮੀਦ ਹੋਈ ਸੀ। ਉਸ ਨੂੰ ਜੀਉਣ ਦੀ ਲਾਲਸਾ ਮੁੜ ਵਾਪਸ ਪਰਤਣ ਲੱਗੀ। ਉਹ ਹੁਣ ਮਰਨਾ ਨਹੀਂ ਸੀ ਚਾਹੁੰਦਾ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ…। ਉਸ ਦੇ ਸੀਰੀ ਨੇ ਸਹਾਰਾ ਦੇ ਕੇ ਉਠਾ ਕੇ ਪਿੱਛੇ ਸਿਰਹਾਣਿਆਂ ਨਾਲ ਢੋਅ ਲੁਆ ਕੇ ਬਿਠਾ ਦਿਤਾ। ਇਕ ਨਜ਼ਰ ਪੁੱਟ ਕੇ ਪਾਰਬਤੀ ਵੱਲ ਵੇਖਿਆ।

‘ਹਾਂ ਹਾਂ ਬਿਲਕੁਲ ਸੱਚ! ਠੀਕ।’  ਪਾਰਬਤੀ ਲਾਲੇ ਦੇ ਨਾਲ ਹੋ ਕੇ ਬੈਠ ਗਈ…ਉਸ ਦੀਆਂ ਕਮਜ਼ੋਰ ਬਾਂਹਾਂ ਟੋਹਣ ਲੱਗੀ…।

ਲਾਲੇ ਨੂੰ ਸ਼ਹਿਰ ਵਾਲੇ ਵੱਡੇ ਮਹਿੰਗੇ ਹਸਪਤਾਲ ਲੈ ਕੇ ਗਏ। ਲਾਲਾ ਨਿਭਦਾ ਜਾ ਰਿਹਾ ਸੀ, ਟਿਭਦਾ ਜਾ ਰਿਹਾ ਸੀ… ਖੁਰਦਾ ਜਾ ਰਿਹਾ ਸੀ। ਦਸ ਪੰਦਰਾਂ ਦਿਨ ਡਾਕਟਰਾਂ ਨੇ ਪੂਰੀ ਵਾਹ ਲਾਈ ਤੇ ਇਕ ਦਿਨ ਜੁਆਬ ਦੇ ਦਿਤਾ, ‘ਇਸ ਨੂੰ ਘਰ ਲੈ ਜਾਉ, ਘਰ ਜਾ ਕੇ ਇਸ ਦੀ ਸੇਵਾ ਕਰੋ।’ ਤੇ ਵਿਚਾਰੀ ਫੁੱਲਾਂ ਤੋਂ ਕੋਮਲ ਪਾਰਬਤੀ ਆਪਣੇ ਸਿਰ ਦੇ ਸਾਈਂ ਨੂੰ ਕੰਧਾੜੇ ਚੁੱਕ ਕੇ ਘਰ ਲੈ ਆਈ। ਅਣਹੋਣਾ ਭਾਣਾ ਜੋ ਕਿਆਸਿਆ ਸੀ ਜਲਦੀ ਹੀ ਵਰਤ ਗਿਆ।  ਰਿਸ਼ਤੇਦਾਰ ਆਏ…, ਕਈਆਂ ਨੇ ਲਾਲੇ ਦੀ ਜ਼ਮੀਨ ਜਾਇਦਾਦ ਦਾ ਵੇਰਵਾ ਪੁੱਛਣਾ ਸ਼ੁਰੂ ਕੀਤਾ, ਪਰ ਨਵੀਂ ਖ਼ਬਰ ਸੁਣ ਕੇ ਚੱਡਿਆਂ ਚ ਪੂਛ ਲੁਕਾ ਕੇ ਵਾਪਸ ਪਰਤ ਗਏ। ਪਾਰਬਤੀ ਦੇ ਮਾਪੇ ਉਸ ਨੂੰ ਚਿੱਟੀ ਚੁੰਨੀ ਦੇ ਕੇ ਘਰ ਮੁੜ ਲੈ ਗਏ। ਉਹ ਇੱਥੇ ਰਹਿਣਾ ਚਾਹੁੰਦੀ ਸੀ ਪਰ ਲਾਲੇ ਦੇ ਦੂਜੇ, ਭਰਾ ਭਾਈ ਜੋ ਆਪਣੇ ਆਪ ਨੂੰ ਵਾਰਸ ਸਮਝਦੇ ਸਨ, ਤੋਂ ਉਸ ਦੀ ਜਾਨ ਨੂੰ ਖ਼ਤਰਾ ਸੀ। ਤੇ ਫਿਰ ਜਦ ਉੱਥੋਂ ਪਾਰਬਤੀ ਦੇ ਮੁੰਡਾ ਹੋਣ ਦੀ ਖ਼ਬਰ ਇੱਥੇ ਪਹੁੰਚੀ ਤਾਂ ਸ਼ਰੀਕਾਂ ਦੇ ਚੁੱਲ੍ਹੇ ਦੀ ਅੱਗ ਠੰਢੀ ਪੈ ਗਈ। ਉਨ੍ਹਾਂ ਦੀਆਂ ਉਮੀਦਾਂ ਤੇ ਹਨੇਰਾ ਛਾ ਗਿਆ। ਕੋਠੀ ਨੂੰ ਤਾਲੇ ਲੱਗ ਗਏ…ਸਮਾਂ ਪਲਟੀ ਖਾ ਗਿਆ…। ਸਾਡੇ ਲਈ ਵੀ ਪਰਲੋ ਆ ਗਈ, ਸਾਨੂੰ ਉੱਥੋਂ ਜੁਆਬ ਮਿਲ ਗਿਆ…।’

‘ਹੱਛਾਅ…ਤਾਂ ਇਹ ਉਸ ਮੁਲ ਦੀ ਤੀਵੀਂ ਦਾ ਮੁੰਡਾ ਸੀ…ਹਰਾਮ ਦਾ… ਦੋਗਲੀ ਨਸਲ…।’ ਬੁਧਾਂ ਨੇ ਕਚੀਚੀ ਜਿਹੀ ਵੱਟੀ।

ਮਾਤਾ ਦੀ ਰਾਮ ਕਹਾਣੀ ਸੁਣ ਕੇ ਬੁਧਾਂ ਵਿਸਮਾਦਤ ਹੋ ਉਠੀ।

‘ਜਾਹ ਧੀਏ। ਹੁਣ ਪੱਠਾ ਦੱਥਾ ਪਾ ਵਿਚਾਰੀ ਬੇਜ਼ਬਾਨ ਨੂੰ…।’ ਇਹਨੂੰ ਦੇਹ ਕੁੱਝ ਨਿਕ-ਸੁਕ ਬਣਾ ਕੇ, ਬੁੜ੍ਹੀ ਨੇ ਡੰਗੋਰੀ ਖੜਕਾਈ।

ਡਰੀ ਹੋਈ ਸੋਮਾਂ ਬੁਧਾਂ ਵੱਲ ਬਿਟਰ ਬਿਟਰ ਤੱਕ ਰਹੀ ਸੀ। ਬੁਧਾਂ ਉਠੀ ਤੇ ਉਸ ਨੇ ਕਰਾੜੀ ਵਾਲੇ ਘਾਹ ਦੀ ਥੱਬੀ ਭਰ ਸੋਮਾਂ  ਅੱਗੇ ਸੁੱਟੀ।

‘ਲਾਲੀਆਂ ਵਿਚਾਰੀਆਂ ਦਾ ਕੀ ਕਸੂਰ। ਟੱਮਕ ਦਾ ਕੀ ਗੁਨਾਹ। ਮੇਰੀ ਸੱਸ ਦਾ ਕੀ ਕਸੂਰ। ਮੇਰਾ ਕੀ ਕਸੂਰ। ਸੋਮਾਂ ਦਾ ਕੀ ਗੁਨਾਹ।’ ਸਭ ਕੁੱਝ ਸੁਣ ਕੇ, ਸਭ ਕੁੱਝ ਭੁਲਾ ਕੇ ਆਪਣੇ ਆਪ ਨਾਲ ਸਮਝੌਤਾ ਕਰਨ ਲੱਗੀ । ‘ਅੱਜ ਮੇਰੀ ਬੁਧਾਂ ਵਿਆਹੀ ਗਈ ਏ।’  ਉਸ ਨੇ ਸੋਮਾਂ ਦੇ ਪਿੰਡੇ ਤੇ ਥਪਕੀ ਦਿਤੀ। ਬੁੱਧਾਂ ਦੀ ਪਿਆਰ ਭਰੀ ਆਵਾਜ਼ ਸੁਣ ਕੇ ਸੋਮਾਂ ਦੀਆਂ ਅੱਖਾਂ ਛਲਕ ਪਈਆਂ।

‘ਮਾਂ ਮਰ ਜੈ…ਮੇਰੇ ਹੱਥ ਸੜ ਜਾਣ…। ਕਾਹਨੂੰ ਮਾਰਿਆ ਮੈਂ ਆਪਣੀ ਸੋਮਾਂ ਨੂੰ…?’ ਉਸ ਨੇ ਸੋਮਾਂ ਦਾ ਸਿਰ ਫੜ ਆਪਣੀ ਬੁੱਕਲ ਵਿਚ ਘੁੱਟ ਲਿਆ।

ਉਸ ਨੂੰ ਬਹੁਤ ਪਛਤਾਵਾ ਲੱਗਾ। ਬਾਲਟੀ ਫੜ ਨਲਕੇ ਤੋਂ ਭਰ ਕੇ ਉਸ ਨੇ ਬੁਧਾਂ ਨੂੰ ਨੁਹਾਇਆ…ਮਲ ਮਲ ਕੇ ਨੁਹਾਇਆ…ਪਿਆਰ ਨਾਲ ਨੁਹਾਇਆ। ਸੋਮਾਂ ਬੜੀ ਸੀਲ ਸ਼ਰੀਫ਼ ਬਣੀ ਭੋਲੀ ਭਾਲੀ ਬਣ ਕੇ ਖੜੀ ਰਹੀ। ਉਸ ਦੀ ਲੱਤਾਂ ਛੜੀਆਂ ਮਾਰਨ ਦੀ ਆਦਤ ਅੱਜ ਬਦਲ ਗਈ ਸੀ।  ‘ਜਦ ਪਸ਼ੂ ਸੌਰ ਜੈ ਇਸ ਨੂੰ ਪਾਣਾ ਪਿਲਾਉਣਾ ਚਾਹੀਦਾ ਹੈ। ਫਿਰ ਕੋਈ ਸ਼ੱਕ ਸ਼ੁਭਾ ਨਹੀਂ ਰਹਿੰਦਾ।’ ਉਸ ਦਾ ਬਾਪ ਜੋ ਪਸ਼ੂਆਂ ਦਾ ਵਪਾਰੀ ਸੀ, ਦੇ ਕੋਲੋਂ ਉਸ ਨੇ ਕਈ ਵੇਰਾਂ ਹੋਰਾਂ ਨੂੰ ਮੱਤਾਂ ਦਿੰਦੇ ਸੁਣਿਆ ਸੀ।

ਛੋਲਿਆਂ ਦਾ ਆਟਾ ਤੇ ਹੋਰ ਦੱਸੇ ਹੋਏ ਨੁਸਖ਼ੇ ਦਾ ਪਾਣਾ ਬਣਾ ਕੇ ਬਾਲਟੀ ਸੋਮਾ ਅੱਗੇ ਧਰ ਦਿਤੀ। ‘ਲੈ! ਪੀ ਲਾ ਮੇਰੀ ਭੈਣੇ…।’ ਉਸ ਨੇ ਉਸ ਦੇ ਪਿੰਡੇ ਤੇ ਹੱਥ ਫੇਰਿਆ…।

‘ਪੀ ਲੈ…ਇਹਦੇ ਵਿਚ ਤੇਰੀ ਵੀ ਇੱਜ਼ਤ ਹੈ ਤੇ ਮੇਰੀ ਵੀ…।’ ਸੋਮਾਂ ਚਟਕ ਚਟਕ ਕਰ ਕੇ ਅੱਧਾ ਪਾਣੀ ਪੀ ਗਈ। ਉਸ ਨੇ ਮੂੰਹ ਉੱਪਰ ਚੁੱਕਿਆ! ਮਾਨੋ ਬੁਧਾਂ ਦਾ ਧੰਨਵਾਦ ਕਰ ਰਹੀ ਹੋਵੇ…।

‘ਕੀ ਕਹਿੰਦੀ ਏ…?’

ਸੋਮਾਂ ਨੇ ਥੱਲੇ ਨੂੰ ਹਾਂ ਵਾਚਕ ਸਿਰ ਹਿਲਾਇਆ ਜਿਵੇਂ ਬਾਲਟੀ ਵੱਲ ਇਸ਼ਾਰਾ ਕਰ ਰਹੀ ਹੋਵੇ…।

‘ਕੀ ਕਹਿੰਦੀ ਏ…? ਮੈਂ ਵੀ ਪੀ ਲਾਂ…?’

ਤੇ ਉਹ ਆਪਣੇ ਆਪ ਵਿਚ ਹੱਸ ਪਈ…।

‘ਉਹ ਵੀ ਤੇਰੇ ਸਹੁਰੇ ਦਾ ਪੁੱਤ ਹੈ…ਉਹ ਵੀ ਤੇਰੇ ਸਹੁਰੇ ਦਾ ਪੁੱਤ ਹੈ…ਉਹ ਤੇਰਾ ਦੇਰ ਹੈ ਸਕਾ…।’ ਸੱਸ ਦੇ ਬੋਲ ਉਸ ਦੇ ਦਿਮਾਗ਼ ਵਿਚ ਟੱਲੀਆਂ ਵਾਂਗ ਖੜਕਣ ਲੱਗੇ। ਸੋਮਾਂ ਦੀ ਜੂਠੀ ਬਾਲਟੀ ਵਿਚੋਂ ਉਸ ਨੇ ਗਿਲਾਸ ਭਰਿਆ  ਤੇ ਗਟ ਗਟ ਕਰਕੇ ਇਕੇ ਸਾਹੇ ਪੀ ਗਈ।

‘ਲੈ ਫਿਰ ! ਤੈਨੂੰ ਇਸ ਦੀ ਲੋੜ ਹੈ, ਤਾਂ ਮੈਨੂੰ ਵੀ ਤਾਂ ਹੈ…।’ ਉਸ ਨੇ ਸੋਮਾਂ ਦੀ ਬੂਥੀ ਫੜ ਆਪਣੀ ਛਾਤੀ ਨਾਲ ਲਾ ਘੁੱਟ ਲਈ। “‘

ਝੂਠ ਸਭ ਝੂਠ

ਚੇਨਈ-ਦਿੱਲੀ ਰਾਜਧਾਨੀ ਐਕਸਪ੍ਰੈੱਸ ਜੰਜ ਵਾਲੀ ਘੋੜੀ ਵਾਂਗ ਸ਼ਿੰਗਾਰੀ ਮਦਰਾਸ ਰੇਲਵੇ ਸਟੇਸ਼ਨ ਤੇ ਖੜੀ ਵਾਰਮ-ਅਪ ਹੋ ਰਹੀ ਸੀ। ਸਵਾਰੀਆਂ ਕੁੱਲੀਆਂ ਦੇ ਸਿਰ ਸਮਾਨ ਚੁਕਾਈ ਰਾਖਵੇਂਕਰਨ ਫੱਟੇ ਤੋਂ ਆਪਣਾ ਨਾਮ ਲੱਭ ਰਹੀਆਂ ਸਨ। ਮੈਂ ਤੇ ਮੇਰੇ ਦੋਸਤ ਆਪਣੀ-ਆਪਣੀ ਸੀਟਾਂ ਤੇ ਸਮਾਨ ਰੱਖ ਕੇ ਬਾਹਰ ਖੜੇ ਇਹ ਨਜ਼ਾਰਾ ਵੇਖ ਰਹੇ ਸਾਂ।  ਮੈਰੀਨੋ ਬੀਚ ਤੇ ਬਿਤਾਏ ਕੁੱਝ ਪਲ  ਮੇਰੇ ਦਿਮਾਗ਼ ਵਿਚ ਤਰੋ ਤਾਜ਼ਾ ਘੁੰਮ ਰਹੇ ਸਨ। ਮੱਛੀਆਂ ਵਾਂਗ ਕੰਢੇ ਤੇ ਰੇਤ ਵਿਚ ਲੇਟੇ ਮਾਰਦੀਆਂ, ਧੁੱਪ-ਇਸ਼ਨਾਨ ਕਰਦੀਆਂ ਨੱਢੀਆਂ ਅੱਖਾਂ ਸਾਹਮਣੇ ਓਵੇਂ ਹੀ ਪਈਆਂ ਦਿਸ ਰਹੀਆਂ ਸਨ। ਕਲਕਲ ਕਲੋਲਾਂ ਕਰਦੀਆਂ ਉੱਚੀਆਂ ਲਹਿਰਾਂ ਦੂਰੋਂ ਛਲਾਂਗਾਂ ਛੜੱਪੇ ਮਾਰਦੀਆਂ ਆਉਂਦੀਆਂ ਤੇ ਮਲਕੜੇ ਜਿਹੇ ਸਾਡੀਆਂ ਲੱਤਾਂ ਉਦਾਲੇ ਲਿਪਟ ਜਾਂਦੀਆਂ ਤੇ ਫਿਰ ਝਕਾਨੀ ਜਿਹੀ ਦੇ ਕੇ ਵਾਪਸ ਮੁੜ ਅਲੋਪ ਹੋ ਜਾਂਦੀਆਂ। ਘਰ ਦੇ ਰੱਖੇ ਪਾਲਤੂ ਕੁੱਤੇ ਵਾਂਗ ਪਿਆਰੀ ਜਿਹੀ ਛੂਹ ਪੈਰਾਂ ਨੂੰ, ਗੋਡਿਆਂ ਦੇ ਥੱਲੇ ਪਿੰਨੀਆਂ ਨੂੰ ਤੇ ਕਦੇ ਕਦੇ ਗੋਡਿਆਂ ਤੋਂ ਉੱਪਰ ਟੰਗੀ ਪੈਂਟ ਨੂੰ ਗਿੱਲਾ ਕਰ ਕੇ ਦੌੜ ਜਾਂਦੀਆਂ। ਖੜੇ ਖੜੇ ਸਾਡੇ ਪੈਰਾਂ ਹੇਠੋਂ ਰੇਤ ਖੁਰਨ ਲਗਦੀ ਤੇ ਅਸੀਂ ਬੜੀ ਮੁਸ਼ਕਲ ਡਿਗਦੇ ਡਿਗਦੇ ਸੰਭਲ ਜਾਂਦੇ। ਪਹਿਲੀ ਵੇਰਾਂ ਦੂਰ ਤੱਕ ਠਾਠਾਂ ਮਾਰਦਾ ਸਮੁੰਦਰ ਵੇਖ ਕੇ ਮੇਰਾ ਦਿਲ ਡਰਨ ਲੱਗਾ ਸੀ, ਦੂਰ ਤੱਕ ਪਾਣੀ ਹੀ ਪਾਣੀ…ਕੋਈ ਹੱਦ ਬੰਨਾ ਨਹੀਂ। ਸਾਡਾ ਤੀਜਾ ਸਾਥੀ ਮਾਨ ਸਾਹਿਬ ਫਟਾਫਟ ਕੱਪੜੇ ਲਾਹ ਕੇ ਦੂਰ ਤੱਕ ਸਮੁੰਦਰ ਦੀ ਹਿੱਕ ਤੇ ਜਾ ਖੜ੍ਹਾ ਹੋਇਆ। ਕਈ ਵੇਰਾਂ ਉਹ ਤੇਜ਼ ਲਹਿਰਾਂ ਦਾ ਧੱਕਿਆ ਬਾਹਰ ਕੰਢੇ ਵੱਲ ਆਉਂਦਾ ਤੇ ਕਦੇ ਕਦੇ ਟਪੂਸੀਆਂ ਮਾਰਦਾ ਲਹਿਰਾਂ ਵਿਚ ਗੁਆਚ ਜਾਂਦਾ…ਵੇਖ ਕੇ ਮੇਰਾ ਸਾਹ ਸੂਤਿਆ ਜਾਂਦਾ।

‘ਆ ਜਾਓ! ਮਾਨ ਸਾਹਿਬ!  ਆ ਜਾਓ.. ਐਵੇਂ ਹਾਸੇ ਭਾਣੇ ਕਿਤੇ ਸਾਨੂੰ ਅੰਦਰ ਨਾ ਕਰਾ ਦਿਓ।’ ਪਰ ਉਸ ਨੂੰ ਜਿਵੇਂ ਮਜ਼ਾ ਆ ਰਿਹਾ ਸੀ… ਖ਼ੂਬ ਊਠਕ ਬੈਠਕ ਟੁੱਭੀਆਂ ਲਗਾਉਂਦਾ ਲਹਿਰਾਂ ਨੂੰ ਕਲਾਵੇ ਵਿਚ ਲੈ ਕੇ ਖੇਲ੍ਹ ਰਿਹਾ ਸੀ।

ਸਲਮਾਨ ਨੇ ਸਟੇਸ਼ਨ ਤੇ ਖੜੇ ਫਿਰ ਆਪਣੇ ਬਾਸ ਦੇ ਖ਼ਿਲਾਫ਼ ਤਵਾ ਲਗਾ ਦਿੱਤਾ। ‘ਸਾਥੀ ਦੀ ਸੀਟ ਕਿਥੇ?’ ‘ਹੈਤ…ਤੇਰੀ!’ ਮੇਰੇ ਮੂੰਹ ਜਿਵੇਂ ਖੀਰ ਖਾਂਦੇ ਖਾਂਦੇ ਰੇਤ ਦੇ ਕਿਣਕੇ ਆ ਗਏ ਹੋਣ… ‘ਚੂਹੇ ਨੂੰ ਬਿੱਲੀ ਦੇ ਸੁਪਨੇ।’ ਇਸ ਤੋਂ ਪਹਿਲਾਂ ਲਗਾਤਾਰ ਸਲਮੇ ਦੀ ਮੁਹਾਰਨੀ ਨੇ ਬੜਾ ਬੋਰ ਕੀਤਾ। ਉਹ ਹਰ ਪਲ ਹਰ ਘੜੀ ਆਪਣੇ ਸਾਹਿਬ ਦੇ ਸੋਹਲੇ ਗਾਉਂਦਾ ਉਸ ਨੂੰ ਬੁਰਾ ਭਲਾ ਕਹਿੰਦਾ ਸਾਨੂੰ ਚਿੜਚਿੜਾਂਦਾ ਰਿਹਾ। ‘ਉਹ ਬੜਾ ਮਾੜਾ ਆਦਮੀ ਹੈ …ਸਵੇਰੇ ਮੱਥੇ ਲੱਗ ਜਾਏ ਤਾਂ ਸਾਰਾ ਦਿਨ ਖਾਣਾ ਨਹੀਂ ਮਿਲਦਾ… ਬੜਾ ਸਖ਼ਤ ਹੈ… ਬੜਾ ਨਿਰਦਈ ਹੈ… ਬੜੇ ਟੀ. ਏ. ਕੱਟਦਾ ਹੈ, ਕਿਸੇ ਨਾਲ ਬੋਲਦਾ ਨਹੀਂ…ਹੱਥ ਨਹੀਂ ਮਿਲਾਉਂਦਾ…ਹੱਸਦਾ ਨਹੀਂ…ਹਰ ਵਕਤ ਰਿਝੂੰ ਰਿਝੂੰ ਕਰਦਾ ਰਹਿੰਦਾ ਹੈ। ਉਸ ਦੇ ਮੱਥੇ ਤੇ ਹਰ ਵਕਤ ਫਨੀਅਰ ਫੁੰਕਾਰਦੇ ਰਹਿੰਦੇ ਨੇ। ਨਾ ਆਪ ਲੇਟ ਹੁੰਦਾ ਹੈ ਨਾ ਹੋਰ ਕਿਸੇ ਨੂੰ ਬਰਦਾਸ਼ਤ ਕਰਦਾ ਹੈ।  ਹਰ ਮਿੰਟ ਦੀ ਖ਼ਬਰ ਕੰਪਿਊਟਰ ਵਿਚ ਫੀਡ ਕਰੀ ਜਾਂਦਾ ਹੈ ਤੇ ਫਿਰ ਮਹੀਨੇ ਤੇ ਅਖੀਰ ਜਦ ਕਰਿੰਦੇ ਦੀ ਡਾਇਰੀ ਆਉਂਦੀ ਹੈ ਤਾਂ ਮੀਮੋ ਫੜਾ ਦਿੰਦਾ ਹੈ। ਸਾਰਾ ਦਿਨ ਸ਼ਰਾਬ ਪੀ ਕੇ ਲੇਡੀ ਸਟਾਫ਼ ਨੂੰ ਤਾੜਦਾ ਰਹਿੰਦਾ ਹੈ। ਸਟੈਨੋ ਨੂੰ ਸਾਰਾ ਦਿਨ ਅੰਦਰ ਬਿਠਾ ਕੇ ਟਿੱਪ ਟਿੱਪ ਕਰਦਾ ਰਹਿੰਦਾ ਹੈ। ਹੋਰ ਕਿਸੇ ਨੂੰ ਬਿਨ ਮਤਲਬ ਅੰਦਰ ਨਹੀਂ ਵੜਨ ਦਿੰਦਾ।’

ਮੈਨੂੰ ਸਲਮੇ ਦੇ ਵਿਖਿਆਨ ਤੇ ਹਾਸਾ ਵੀ ਆਉਂਦਾ ਹੈ ਤੇ ਗ਼ੁੱਸਾ ਵੀ, ਉਹ ਨਾਰਾਜ਼ ਹੈ  ਆਪਣੇ  ਸਾਹਿਬ ਤੇ ਜੋ ਬਿਨਾ ਕੰਮ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦਾ… ਕਿਸੇ ਨਾਲ ਅੱਖ ਨਹੀਂ ਮਿਲਾਉਂਦਾ, ਪਰ ਮੇਰਾ ਸਾਹਿਬ ਜੋ ਮੇਰੇ ਮਾਤਹਿਤਾਂ ਨਾਲ ਹੱਥ ਵੀ ਮਿਲਾਉਂਦਾ ਹੈ… ਜੱਫੀਆਂ ਵੀ ਪਾਉਂਦਾ ਹੈ… ਪਿਆਲੇ ਵੀ ਟਣਕਾਉਂਦਾ ਹੈ… ਮੈਨੂੰ ਉਲੰਘ ਕੇ ਘਿਉ ਖਿਚੜੀ ਹੈ ਸਾਰੇ ਸਟਾਫ਼ ਨਾਲ। ਸਾਰੇ ਕਰਮਚਾਰੀ ਉਸ ਨੂੰ ਸਿੱਧੇ ਜਾ ਮਿਲਦੇ ਹਨ। ਮੇਰੇ ਥੱਲੇ ਦੇ ਸਟਾਫ਼ ਨੂੰ ਮੇਰਾ ਸਾਹਿਬ ਉਸਤਾਦ ਜੀ ਕਹਿ ਕੇ ਸੰਬੋਧਨ ਕਰਦਾ ਹੈ। ਮੈਂ ਉਸ ਨੂੰ ਕੀ ਕਹਾਂ?

ਭਾਵੇਂ ਮੈਨੂੰ ਸਲਮੇ ਦੀ ਆਦਤ ਦਾ ਪਤਾ ਹੈ… ਉਹ ਬੜਾ ਹੰਢਿਆ ਹੋਇਆ ਕਾਰੀਗਰ ਹੈ। ਕਿਧਰੇ ਲਾਉਣੀ ਕਿਧਰੇ ਬੁਝਾਉਣੀ। ਜਦ ਕੋਈ ਨਵਾਂ ਅਧਿਕਾਰੀ ਆਉਂਦਾ ਹੈ ਤਾਂ ਉਸ ਦੇ ਨੇੜੇ ਢੁੱਕਦਾ ਹੈ… ਉਸ ਤੇ ਪੱਟੂ ਪਾਉਣ ਦੀ ਕੋਸ਼ਿਸ਼ ਕਰਦਾ ਹੈ… ਉਸ ਤੋਂ ਸਿੱਧੇ ਜਾਂ ਅਸਿੱਧੇ ਗ਼ਲਤ ਕੰਮ ਕਰਾਉਂਦਾ ਹੈ। ਆਪਣੇ  ਕੁਲੀਗਾਂ ਦੀਆਂ ਜੜਾਂ ਕੱਟਦਾ ਹੈ ਤੇ ਮਾਤਹਿਤਾਂ ਨੂੰ ਦੋਸ਼-ਪੱਤਰ ਦਿਵਾਉਂਦਾ ਹੈ। ਉੱਪਰ ਕਹਿੰਦਾ ਹੈ ਥੱਲੇ ਵਾਲੇ ਮਾੜੇ ਹਨ ਤੇ ਥੱਲੇ ਕਹਿੰਦਾ ਹੈ ਉੱਪਰ ਵਾਲਾ ਭੈੜਾ ਹੈ। ਦੋਨੇਂ ਪਾਸੇ ਕੁੜੱਤਣ ਪੈਦਾ ਕਰ ਕੇ ਆਪ ਚਾਤਰ ਬਣਦਾ ਹੈ। ਆਂਡੇ ਕਿਤੇ ਕੁੜ-ਕੁੜ ਕਿਤੇ… ਸਾਲਸ ਬਣਦਾ ਹੈ… ਸੁਲ੍ਹਾ-ਸਫ਼ਾਈ ਕਰਾਉਂਦਾ ਹੈ। ਸਾਹਿਬ ਨੂੰ ਬਲੈਕ ਮੇਲ ਕਰ ਕੇ ਉੱਪਰੋਂ ਨੰਬਰ ਬਣਾਉਂਦਾ ਹੈ ਹੇਠੋਂ ਮਾਲ ਖਾਂਦਾ ਹੈ। ਆਪਣੀ ਮਰਜ਼ੀ ਦਾ ਸਟਾਫ਼ ਲੈਂਦਾ ਹੈ… ਮਰਜ਼ੀ ਦੀ ਸਕੀਮ ਤੇ ਮਰਜ਼ੀ ਦਾ ਇਲਾਕਾ। ਪਰ ਉਹ ਇਸ ਦੇ ਕਾਬੂ ਕਿਉਂ ਨਹੀਂ ਆਇਆ? ਮੈਂ ਹੈਰਾਨ ਹੁੰਦਾ ਹਾਂ। ‘ਆ ਜਾਏਗਾ ਛੇਤੀ ਹੀ।’ ਮੇਰਾ ਮਨ ਸ਼ਾਹਦੀ ਭਰਦਾ ਹੈ।

ਇੰਜਨ ਨੇ ਵਿਸਲ ਦਿੱਤੀ… ਸਾਰੇ ਪਲੇਟਫ਼ਾਰਮ ਤੇ ਹਫ਼ੜਾ ਦਫ਼ੜੀ ਮੱਚ ਗਈ। ਮੈਂ ਸੱਜਾ ਪੈਰ ਪਾਇਦਾਨ ਤੇ ਰੱਖ ਕੇ ਉੱਪਰ ਚੜ੍ਹਿਆ… ਸੀਟ ਨੰਬਰ ਤੇਈ ਤੇ ਆਰਾਮ ਨਾਲ ਜਾ ਕੇ ਬੈਠ ਗਿਆ… ਤਾਕੀ ਨਾਲ ਦੀ ਬਾਹਰਲੀ ਸੀਟ ਸੀ ਲੰਮੇ ਰੁਖ ਦੀ। ਮਾਨ ਸਾਹਿਬ ਤੇ ਸਲਮੇ ਦੀਆਂ ਸੀਟਾਂ ਮੈਥੋਂ ਜਰਾ ਦੂਰ ਸਨ ਅਗਲੇ ਪਾਸੇ। ਮੇਰੇ ਖੱਬੇ ਪਾਸੇ ਚਾਰ ਚਾਰ ਸੀਟਾਂ ਦੇ ਸਾਰੇ ਕੈਬਿਨ ਪੜ੍ਹਦਿਆਂ ਨਾਲ ਢੱਕੇ ਹੋਏ ਸਨ। ਮੇਰੇ ਨਾਲ ਦੀ ਸਾਹਮਣੇ ਵਾਲੀ ਕੈਬਿਨ ਵਿਚ ਤਿੰਨ ਔਰਤਾਂ, ਇੱਕ ਅਧਖੜ ਤੇ ਦੋ ਜੁਆਨ… ਇੱਕ ਸ਼ਾਇਦ ਉਸ ਔਰਤ ਦੀ ਲੜਕੀ ਹੈ ਤੇ ਦੂਸਰੀ ਨੂੰਹ… ਦੋਨੋਂ ਬੜੀਆਂ ਹੁਸੀਨ… ਮੋਟੀਆਂ ਤਾਜ਼ੀਆਂ ਬਿੱਲੀਆਂ ਬਲੌਰੀ ਅੱਖਾਂ ਵਾਲੀਆਂ, ਹਨੇਰੀ ਕੈਬਿਨ ਵਿਚ ਜਿਵੇਂ ਚਾਨਣ ਖਿੰਡਾ ਰਹੀਆਂ ਸਨ। ਚਲੋ ਤਿੰਨ ਦਿਨਾਂ ਦਾ ਸਫ਼ਰ ਚੰਗਾ ਗੁਜ਼ਰ ਜਾਏਗਾ… ਮਨ ਹੀ ਮਨ ਵਿਚ ਮੈਂ ਰਾਹਤ ਮਹਿਸੂਸ ਕੀਤੀ।

ਦੂਜੇ ਹੀ ਪਲ… ਮੈਂ ਕੀ ਦੇਖਦਾ ਹਾਂ। ਚੌਥੀ ਸਵਾਰੀ! ਉਹੀ ਸਾਹਿਬ! ਜਿਸ ਬਾਰੇ ਸਲਮੇ ਨੇ ਪਿਛਲੇ ਕਈ ਦਿਨ ਸਾਡੇ ਕੰਨ ਖਾ ਛੱਡੇ ਨੇ… ਬੈਗ ਅਟੈਚੀ ਲੈ ਕੇ ਆ ਵੜਦਾ ਹੈ। ਮੇਰੇ ਪੈਰ ਉੱਖੜ ਜਾਂਦੇ ਹਨ… ਸੀਟ ਘੁੰਮਦੀ ਜਾਪਦੀ ਹੈ। ਗੱਡੀ ਦੇ ਸੁਹਾਵਣੇ ਸਫ਼ਰ ਵਿਚ ਅਜਿਹੇ ਮਨਹੂਸ ਕਿਸਮ ਦਾ ਸਾਹਮਣੇ ਬੈਠਾ ਆਦਮੀ ਅੱਖਾਂ ਵਿਚ ਰੜਕਦਾ ਰਹੇਗਾ। ਜਿਵੇਂ ਸੁਆਦੀ ਦਾਲ ਖਾਂਦੇ ਖਾਂਦੇ ਕੋਈ ਕੋੜਕੂ ਆ ਗਿਆ ਹੋਵੇ। ਖਾਵਾਂ ਕਿ ਸੁੱਟਾਂ … ਕੋਈ ਰਸਤਾ ਨਹੀਂ। ਮੈਂ ਉਸ ਨੂੰ ਜਾਣਦਾ ਹਾਂ… ਸਲਮੇ ਨੇ ਉਸ ਦਾ ਚੰਗੀ ਤਰ੍ਹਾਂ ਤੁਆਰਫ਼ ਕਰਵਾ ਦਿੱਤਾ ਹੈ… ਪਰ ਸ਼ਾਇਦ ਉਹ ਮੈਨੂੰ ਨਹੀਂ ਜਾਣਦਾ। ਮੈਂ ਹੋਰ ਜਾਣਨਾ ਵੀ ਨਹੀਂ ਚਾਹੁੰਦਾ ਅਜਿਹੇ ਆਦਮੀ ਨੂੰ… ਜਿਸ ਨੇ ਕਿਸੇ ਨਾਲ ਬੋਲਣਾ ਨਹੀਂ… ਹੱਸਣਾ ਨਹੀਂ। ਜਿਹੜਾ ਉਸ ਨੂੰ ਬੁਲਾਏਗਾ ਉਹੀ ਧੋਖਾ ਖਾਏਗਾ।

ਫੇਰ ਇੱਕ ਲੰਬੀ ਵਿਸਲ ਹੋਈ। ਇੰਜਨ ਨੇ ਸੀਟੀ ਮਾਰੀ। ਗੱਡੀ ਹੌਲੀ ਹੌਲੀ ਹਿੱਲੀ ਤੇ ਫਿਰ ਤੇਜ਼ ਹੁੰਦੀ ਹੁੰਦੀ ਤੇਜ਼ ਹੋ ਗਈ। ਮਦਰਾਸ ਦੀਆਂ ਉੱਚੀਆਂ ਉੱਚੀਆਂ ਸੁੰਦਰ ਇਮਾਰਤਾਂ, ਸੜਕਾਂ ਪਿੱਛੇ ਛੱਡਦੀ ਹੋਈ ਸ਼ਹਿਰੋਂ ਬਾਹਰ ਨਿਕਲ ਕੇ ਆਸੇ ਪਾਸੇ ਦੇ ਖੇਤਾਂ ਵਿਚ ਚਿੱਟੀ ਬਰਫ਼ ਵਾਂਗ ਲੂਣ ਦੇ ਖੇਤ…, ਕਿਤੇ ਕਿਤੇ ਕਪਾਹ ਦੇ ਢੇਰਾਂ ਵਾਂਗ ਇਕੱਠੇ ਕੀਤੇ ਲੂਣ ਦੇ ਢੇਰ ਪਿੱਛੇ ਛੱਡਦੀ ਹੋਈ ਚੁੰਗੀਆਂ ਭਰਨ ਲੱਗੀ। ਇੱਕ ਐਲਾਨ ਹੁੰਦਾ ਹੈ… ਬੜੀ ਮਿੱਠੀ ਸੁਰੀਲੀ ਆਵਾਜ਼ ਸਾਰੇ ਯਾਤਰੀਆਂ ਨੂੰ ਜੀ ਆਇਆਂ ਕਹਿੰਦੀ ਗੱਡੀ ਦੇ ਰਸਤੇ ਦੇ ਠਹਿਰਾਓ ਤੇ ਟਾਈਮ ਬਾਰੇ ਜਾਣਕਾਰੀ ਦਿੰਦੀ ਹੈ। ਹਲਕਾ ਹਲਕਾ ਮਿਉਜ਼ਿਕ ਸ਼ੁਰੂ ਹੋ ਜਾਂਦਾ ਹੈ। ਮੈਂ ਥੱਕਿਆ ਥੱਕਿਆ ਮਹਿਸੂਸ ਕਰਦਾ ਟਿਕਣ ਦੀ ਸੋਚਦਾ ਹਾਂ। ਨਾਸ਼ਤਾ ਆਉਂਦਾ ਹੈ, ਪਾਣੀ ਦੀ ਬੋਤਲ ਆ ਜਾਂਦੀ ਹੈ, ਮੈਂ ਖਾ ਕੇ ਸੌਣ ਦੀ ਤਿਆਰੀ ਕਰਨ ਲੱਗਦਾ ਹਾਂ।

ਸਾਹਮਣੇ ਚਾਰ ਨੰਬਰ ਕੈਬਿਨ ਵਿਚੋਂ ਕੁੱਝ ਘੁਸਰ ਮੁਸਰ ਹੋਈ। ਸਾਹਿਬ ਔਰਤਾਂ ਨਾਲ ਗੱਲਾਂ ਕਰਨ ਲੱਗੇ ਨੇ… ਜਾਣ ਪਛਾਣ ਕਰ ਰਹੇ ਨੇ, ਕਰਵਾ ਰਹੇ ਨੇ।

ਦਫ਼ਾ ਹੋਣ… ਮੈਂ ਕੀ ਲੈਣਾ। ਮੈਂ ਪਾਸਾ ਪਰਤ ਕੇ ਮੂੰਹ ਬਾਹਰਲੀ ਤਾਕੀ ਵੱਲ ਕਰ ਲੈਂਦਾ ਹਾਂ।

ਕੰਡਕਟਰ ਟਿਕਟਾਂ ਚੈੱਕ ਕਰਦਾ ਹੈ। ਟਿਕਟਾਂ ਵੇਖ ਕੇ ਤਿੰਨਾਂ, ਔਰਤਾਂ ਕੋਲੋਂ ਪੰਦਰਾਂ ਸੌ ਰੂਪੈ ਹੋਰ ਮੰਗਦਾ ਹੈ। ਉਨ੍ਹਾਂ ਦੇ ਟਿਕਟਾਂ ਖ਼ਰੀਦਣ ਤੋਂ ਬਾਦ ਰੇਲ ਦਾ ਕਿਰਾਇਆ ਵਧ ਗਿਆ ਸੀ। ਔਰਤਾਂ ਰੋਣ ਹਾਕੀਆਂ ਹੋ ਗਈਆਂ।  ‘ਕਿਥੋਂ ਦੇਈਏ ਪੰਦਰਾਂ ਸੌ ਰੂਪੈ? ਸਾਡੇ ਕੋਲ ਤਾਂ ਦੋ ਤਿੰਨ ਸੌ ਹੋਵੇਗਾ।’ ਹੈੱਡ ਲੇਡੀ ਨੇ ਕੰਬਦੀ ਆਵਾਜ਼ ਵਿਚ ਕਿਹਾ।

‘ਇਹ ਤਾਂ ਬੀਬੀ ਦੇਣੇ ਹੀ ਪੈਣੇ ਨੇ।’ ਸਾਥੀ ਸਾਹਿਬ ਨੇ ਕਾਨੂੰਨ ਦੀ ਗੱਲ ਕੀਤੀ ਹੈ।

‘ਇਹ ਬੀਬੀਆਂ ਵਿਚਾਰੀਆਂ ਵੀ ਤਾਂ ਠੀਕ ਨੇ… ਰੇਲਵੇ ਨੂੰ ਇਹਨਾਂ ਦੇ ਘਰ ਸੂਚਿਤ ਕਰਨਾ ਚਾਹੀਦਾ ਸੀ।’ ਸਾਥੀ ਸਾਹਿਬ ਦੀ ਹਮਦਰਦੀ ਨਾਲ ਹੈੱਡ ਲੇਡੀ ਅਹਿਸਾਨ ਮੰਦੀ ਨਾਲ ਉਸ ਵੱਲ ਝਾਕਦੀ ਹੈ।

‘ਹਮ ਦਿਲੀ ਜਾ ਕੇ ਦੇ ਸਕਤੇ ਹੈ… ਯਹਾਂ ਸੇ ਹਮ ਫ਼ੋਨ ਕਰ ਦੇਂਗੇ… ਇਨ ਕੇ ਅੱਬਾ ਆਗੇ ਪੈਸੇ ਲੇ ਕੇ ਆ ਜਾਏਂਗੇ।’

‘ਪਰ ਮਾਤਾ ਮੈਂ ਐਸਾ ਨਹੀਂ ਕਰ ਸਕਤਾ, ਯਹ ਬਾਣੀਏ ਕੀ ਦੁਕਾਨ ਨਹੀਂ ਹੈ।’ ਕੰਡਕਟਰ ਰੁਹਬ ਝਾੜਦਾ ਹੈ।

ਹੈੱਡ ਲੇਡੀ ਬਾਹਰ ਨਿਕਲ ਕੇ ਸਾਰੀਆਂ ਕੈਬਿਨਾਂ ‘ਚ ਘੋਖ ਕਰਦੀ ਹੈ, ਪੁੱਛਦੀ ਹੈ… ਪਰ ਕੋਈ ਵੀ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਨਹੀਂ ਹੋਇਆ। ਨਿੰਮੋਝੂਣੀ ਜਿਹੀ ਹੋ ਕੇ ਹਉਕੇ ਭਰਦੀ ਵਾਪਸ ਆ ਜਾਂਦੀ ਹੈ।

‘ਸਰਦਾਰ ਜੀ ਆਪ ਹੀ ਕੁਛ ਮਦਦ ਕਰੀਏ।’ ਹੈੱਡ ਲੇਡੀ ਨੇ ਤਰਲਾ ਕੀਤਾ। ਸਾਥੀ ਸਾਹਿਬ ਨੇ ਜੇਬ ਵਿਚ ਹੱਥ ਪਾਇਆ। ‘ਮੇਰੇ ਕੋਲ ਤਾਂ ਇਹ ਬਾਰਾਂ ਸੌ ਰੂਪੈ ਹਨ।’  ਸਾਰੇ ਕਾਗ਼ਜ਼, ਪੈਸੇ ਕੱਢ ਕੇ ਉਨ੍ਹਾਂ ਸੀਟ ਤੇ ਢੇਰੀ ਕਰ ਦਿੱਤੇ।

‘ਠੀਕ ਬਾਤ ਹੈ… ਦੋ ਤੀਨ ਸੌ ਤਾਂ ਹਮਾਰੇ ਪਾਸ ਭੀ ਹੈ।’ ਯਹ ਲੌ ਹਮਾਰਾ ਯਹ ਜ਼ੇਵਰ ਆਪਣੇ ਪਾਸ ਗਿਰਵੀ ਰਾਖ ਲੀਜੀਏ।’ ਉਸ ਨੇ ਆਪਣੇ ਗਲ ਦੀ ਚੇਨ ਲਾਹ ਕੇ ਸਾਹਿਬ ਵੱਲ ਵਧਾਈ।

‘ਨਹੀਂ ਭੈਣ ਜੀ! ਯਹ ਆਪ ਕਿਆ ਕਰ ਰਹੇ ਹੈ… ਬੰਦਾ ਬੰਦੇ ਦਾ ਦਾਰੂ ਹੈ… ਜੋ ਕਿਸੀ ਕੇ ਔਖੇ ਸਮੇਂ ਮੇਂ ਕਾਮ ਨਹੀਂ ਆਤਾ ਵਹ ਇਨਸਾਨ ਹੀ ਕਿਆ?’  ਚੈਨੀ ਵਾਪਸ ਮੁੜ ਜਾਂਦੀ ਹੈ।

ਪੰਦਰਾਂ ਸੌ ਰੂਪੈ ਪੂਰੇ ਕਰ ਕੇ ਉਨ੍ਹਾਂ ਸੁਖ ਦਾ ਸਾਹ ਲਿਆ। ਕੰਡੱਕਟਰ ਛੋਟੀ ਜਿਹੀ ਕਾਪੀ ਵਿਚ ਕਾਰਬਨ ਰੱਖ ਕੇ ਟਿਕਟ ਬਣਾਉਂਦਾ ਹੈ।

‘ਮੁਝੇ ਪਤਾ ਥਾ…, ਐਸਾ ਕਾਮ ਸਰਦਾਰ ਹੀ ਕਰ ਸਕਤੇ ਹੈ… ਜੋ ਬਿਨਾ ਜਾਨਤੇ ਕਿਸੀ ਕੇ ਕਾਮ ਆਤੇ ਹੈ।’ ਟਿਕਟ ਫੜਾ ਕੇ ਹੱਸਦਾ ਚਲਾ ਜਾਂਦਾ ਹੈ। ਗੱਡੀ ਵਿਚ ਐਲਾਨ ਹੁੰਦਾ ਹੈ।

‘ਅਬ ਆਪ ਥੋੜ੍ਹੀ ਹੀ ਦੇਰ ਮੇਂ ਵਿਜੇਵਾੜਾ ਪਹੁੰਚਣੇ ਵਾਲੇ ਹੈ ਯਹ ਆਂਧਰਾ ਪ੍ਰਦੇਸ਼ ਕਾ ਬੜਾ ਸੁੰਦਰ ਮਹਾਂ ਨਗਰ ਹੈ।’ ਗੱਡੀ ਦੀ ਰਫ਼ਤਾਰ ਮੱਧਮ ਹੁੰਦੀ ਹੈ ਤੇ ਬਰੇਕਾਂ ਲੱਗਣ ਦੀ ਆਵਾਜ਼ ਨਾਲ ਖੜੀ ਹੋ ਜਾਂਦੀ ਹੈ।

ਗੱਡੀ ਰੁਕਦੇ ਹੀ ਸਾਥੀ ਸਾਹਿਬ ਤੇ ਉਸ ਨਾਲ ਉਹ ਲੜਕੀ ਥੱਲੇ ਉਤਰ ਜਾਂਦੇ ਹਨ।

‘ਪੰਨਾ ਭਾਈ ! …ਠੀਕ ਹੈ…?’ ਦੂਜੀ ਨੁੱਕਰੋਂ ਸਲਮੇਂ ਦੀ ਲੰਮੀ ਸਾਰੀ ਆਵਾਜ਼ ਹੈ। ਮੈਂ ਉਸ ਦਾ ਇਸ਼ਾਰਾ ਸਮਝ ਜਾਂਦਾ ਹਾਂ।

‘ਬੇਗਾਨੀ ਮੁਟਿਆਰ ਹੁੰਦਲ-ਹੇੜ੍ਹ ਲੜਕੀ ਨੂੰ ਕਿੱਦਾਂ ਫੂਸਲਾ ਕੇ ਵਰਗ਼ਲਾ ਕੇ ਬਾਹਰ ਲੈ ਤੁਰਿਆ ਹੈ। ਕੀ ਵਸੀ-ਮੰਤਰ ਧੂੜ ਦਿੱਤਾ ਹੈ ਇਸ ਨੇ ਏਨੀ ਜਲਦੀ ਇਸ ਹੈੱਡ ਲੇਡੀ ਦੇ ਸਿਰ ਤੇ।’

ਮੈਨੂੰ ਸਰਦਾਰ ਤੋਂ ਨਫ਼ਰਤ ਹੁੰਦੀ ਹੈ… ਪਤਾ ਨਹੀਂ ਕੀ ਚੰਦ ਚੜ੍ਹਾਏਗਾ ਇਹ ਹੁਣ।  ਮੈਨੂੰ ਉਹ ਹੈਵਾਨ ਲੱਗਣ ਲੱਗਦਾ ਹੈ… ਜਿਵੇਂ ਉਸ ਦੇ ਸਿਰ ਸਿੰਗ ਉੱਗ ਆਏ ਹੋਣ।

ਵਾਪਸੀ ਉਹ ਚੰਚਲੋ ਜਿਹੀ ਲੜਕੀ ਉਸ ਦੀ ਉਂਗਲ ਫੜੀ  ਹੱਸਦੀ ਆਉਂਦੀ ਹੈ। ਦੋਨੋਂ ਖ਼ੁਸ਼ ਹਨ ਬਹੁਤ ਖ਼ੁਸ਼।

‘ਕਰ ਦੀਆਂ ਫ਼ੋਨ ਦਿਲੀ ਕੋ… ਪਾਪਾ ਸਟੇਸ਼ਨ ਪਰ ਮਿਲੇਂਗੇ ਪੈਸੇ ਲੇ ਕੇ।’ ਉਹ ਸਾਰੇ ਬੜਾ ਸਕੂਨ ਮਹਿਸੂਸ ਕਰਦੇ ਹਨ। ਹੁਣ ਉਹ ਤਿੰਨ ਨਹੀਂ, ਚਾਰ ਮੈਂਬਰਾਂ ਦੀ ਫੈਮਲੀ ਬਣ ਗਈ ਹੈ। ਮੈਂ ਬਾਹਰ ਬੈਠਾ ਕੁੜ੍ਹਦਾ ਹਾਂ, ਭੁੱਜਦਾ ਹਾਂ… ਝੂਰਦਾ ਹਾਂ। ਉਹ ਤਾਸ਼ ਕੱਢਦੇ ਹਨ… ਖੇਲ੍ਹਦੇ ਹਨ… ਮੇਰਾ ਜੀਅ ਕਰਦਾ ਹੈ, ਮੈਂ ਵੀ ਜਾ ਕੇ ਕਿਸੇ ਦਾ ਹਾਂਡੀ ਬਣ ਜਾਵਾਂ ਪਰ ‘ਆ ਬੈਲ ਮੁਝੇ ਮਾਰ!’ ਮੇਰੀ ਤਮੰਨਾ ਦਮ ਤੋੜ ਜਾਂਦੀ ਹੈ। ਸਾਥੀ ਸਾਹਿਬ ਹੱਸਦਾ ਵੀ ਹੈ, ਬੋਲਦਾ ਵੀ ਹੈ, ਖੇਲ੍ਹਦਾ ਵੀ ਹੈ। ਮੈਂ ਸਲਮੇਂ ਦੇ ਉਸਾਰੇ ਉਸ ਦੇ ਕਿਰਦਾਰ ਨਾਲ ਉਸ ਨੂੰ ਤੋਲਦਾ ਹਾਂ, ਮੈਨੂੰ ਆਪਣੇ ਆਪ ਨਾਲ ਚਿੜ ਹੁੰਦੀ ਹੈ… ਪਛਤਾਵਾ ਹੁੰਦਾ ਹੈ। ਮੈਂ ਕਿਉਂ ਕਿਸੇ ਦੇ ਕਹੇ ਕਿਸੇ ਸ਼ਰੀਫ਼ ਆਦਮੀ ਬਾਰੇ ਐਵੇਂ ਫ਼ਜ਼ੂਲ ਕੁਫ਼ਰ ਤੂਫ਼ਾਨ ਮਨ ਵਿਚ ਉਬਾਲ ਰੱਖੇ ਨੇ।

ਖਾਣਾ ਆਉਂਦਾ ਹੈ। ਸਾਥੀ ਸਾਹਿਬ ਆਪ ਹੀ ਸਾਰੇ ਟਰੇਆਂ ਵਿਚਲੇ ਪੈਕ ਖ਼ੋਲ ਕੇ ਸਭ ਦੇ ਅੱਗੇ ਰੱਖੀ  ਜਾਂਦੇ ਹਨ। ਸਾਰੇ ਇਕੱਠੇ ਰਲ ਕੇ ਖਾਂਦੇ ਹਨ। ਗੱਡੀ ਬੜੇ ਉੱਚੇ ਉੱਚੇ ਪਹਾੜ ਪਿੱਛੇ ਛੱਡਦੀ  ਦੌੜਦੀ ਜਾ ਰਹੀ ਹੈ। ਦਰਿਆ ਨਦੀਆਂ ਖੇਤ ਪਿੱਛੇ ਦੌੜਦੇ ਹਨ। ਮੇਰੀਆਂ ਅੱਖਾਂ ਬਾਹਰ ਵੱਲ ਪ੍ਰਕਿਰਤੀ ਦੀ ਬੇਮਿਸਾਲ ਕਾਰੀਗਰੀ ਵੇਖਦੀਆਂ ਹਨ ਤੇ ਕੰਨ ਕੈਬਿਨ ਦੀ ਅੰਦਰਲੀ ਖੁੜਕ ਲੈ ਰਹੇ ਹਨ। ਮੇਰੇ ਅੰਦਰਲੀ ਕਸ਼ਮਕਸ਼ ਨਿਰੰਤਰ ਜਾਰੀ ਹੈ।

ਹੁਣ ਸਾਹਿਬ ਟਾਫ਼ੀ ਦੇ ਪੈਕਟ ਖੋਲ੍ਹਦਾ ਹੈ… ਉਨ੍ਹਾਂ ਨੂੰ ਦੇ ਰਿਹਾ ਹੈ। ਉਨ੍ਹਾਂ ਦੇ ਨਾਂਹ ਨਾਂਹ ਕਰਨ ਤੇ ਵੀ ਬਾਰ ਬਾਰ ਜ਼ੋਰ ਦੇ ਰਿਹਾ ਹੈ।

ਬਾਹਰ ਹਨੇਰਾ ਹੋਣ ਲੱਗਦਾ ਹੈ… ਫਿਰ ਸੌਣ ਦੀ ਤਿਆਰੀ ਕਰਦੇ ਹਨ। ਬੋਗੀ ਦਾ ਅਟੈਂਡੈਂਟ ਕੰਬਲ ਤੇ ਚਾਦਰਾਂ ਦੇ ਗਿਆ ਹੈ। ਇੱਕ ਕੰਬਲ ਘੱਟ ਹੈ। ‘ਕੋਈ ਨਹੀਂ, ਹੋਰ ਮੰਗਵਾ ਲੈਂਦੇ ਹਾਂ।’

‘ਸਰਦਾਰ ਸਾਹਿਬ! ਜਰਾ ਸਾਹਮਣੇ ਸਟੋਰ ‘ਚੋਂ ਇੱਕ ਹੋਰ ਕੰਬਲ ਮੰਗਵਾ ਦਿਓ।’ ਸਾਥੀ ਸਾਹਿਬ ਦੀ ਸਿਫ਼ਾਰਿਸ਼ ਤੇ ਮੈਂ ਜਾਂਦਾ ਹਾਂ। ਸਟੋਰ ਸਲਮੇ ਦੀ ਸੀਟ ਦੇ ਲਾਗੇ ਹੈ। ਉਹ ਦੋਨੋਂ ਮੇਰੇ ਨਾਲ ਨਾਰਾਜ਼ ਹੁੰਦੇ ਹਨ, ਇੱਕੋ ਬੋਲੀ ਬੋਲਦੇ ਹਨ।

‘ਤੂੰ ਕੋਈ ਉਸ ਦਾ ਨੌਕਰ ਹੈ? ਉਸ ਦੇ ਕਹੇ ਇਹ ਕੰਮ ਕਰ ਰਿਹੈਂ।’

ਉਹ ਦੋਨੇਂ ਟੁੱਨ ਹੋਏ ਪਏ ਨੇ, ਬਾਰ ਬਾਰ ਉਹੀ ਗੱਲ, ਉਲਾਂਭਾ ਦੁਹਰਾ ਰਹੇ ਨੇ। ਮੈਂ ਉਨ੍ਹਾਂ ਦੀਆਂ ਚੋਭਾਂ ਵਿਸਾਰ ਕੇ ਕੰਬਲ ਕੈਬਿਨ ਵਿਚ ਦਿੰਦਾ ਹਾਂ। ਚਾਰਾਂ ਦੇ ਮੂੰਹੋਂ ‘ਧੰਨਵਾਦ ਸ਼ੁਕਰੀਆ’ ਦੀਆਂ ਆਵਾਜ਼ਾਂ ਆਉਂਦੀਆਂ ਹਨ। ਕੈਬਿਨ ਦੇ ਪਰਦਿਆਂ ਦੇ ਸਰਕਣ ਦੀ ਆਵਾਜ਼ ਆਉਣ ਲੱਗੀ ਹੈ।

‘ਇੱਧਰ ਤੋਂ ਕੈਬਿਨ ਬੰਦ ਹੋਣੀ ਚਾਹੀਏ ਥੀ… ਕੋਈ ਦਰਵਾਜ਼ਾ ਨਹੀਂ… ਰਾਤ ਇਸ ਸਮਾਨ ਕਾ ਕਿਆ ਹੋਗਾ?’  ਹੈੱਡ ਲੇਡੀ ਨੇ ਪ੍ਰੇਸ਼ਾਨੀ ਜ਼ਾਹਿਰ ਕੀਤੀ।

‘ਆਪ ਚਿੰਤਾ ਮੱਤ ਕਰੀਏ… ਸਭ ਠੀਕ ਹੋਗਾ।’ ਸਾਥੀ ਸਾਹਿਬ ਨੇ ਤਸੱਲੀ ਦਿੱਤੀ ਹੈ।

‘ਏਕ ਦਫ਼ਾ ਬਹੁਤ ਸਾਲ ਪਹਿਲੇ ਕੀ ਬਾਤ ਹੈ… ਜਬ ਮੈਂ ਆਪਣੇ ਬੱਚੋਂ ਔਰ ਬੀਵੀ ਕੇ ਸਾਥ ਫ਼ਸਟ ਕਲਾਸ ਮੇਂ ਸਫ਼ਰ ਕਰ ਰਹਾ ਥਾ। ਦਰਵਾਜੇ ਕੀ ਕੁੰਡੀ ਲਗਾ ਕੇ ਸਾਰੇ ਸੋ ਗਏ।’ ਸਰਦਾਰ ਦੀ ਗਾਥਾ ਤੇ ਤਿੰਨਾਂ ਬੇਗਮਾਂ ਨੇ ਘਬਰਾਈਆਂ  ਨਜ਼ਰਾਂ ਨਾਲ ਉੱਪਰ ਵੇਖਿਆ।

‘ਕਿਸੀ ਕੇ ਪੈਰੋਂ ਕੀ ਆਹਟ ਨੇ ਮੁਝੇ ਜਗਾ ਦੀਆ। ਦਰਅਸਲ ਖ਼ੁਸ਼ਕਿਸਮਤੀ ਸੇ ਮੈਂ ਸੋਇਆ ਨਹੀਂ ਥਾ ਪਰ ਆਂਖੇ ਬੰਦ ਥੀ… ਬੱਤੀ ਬੁਝੀ ਹੂਈ ਥੀ। ਮੈਂ ਨੇ ਦੇਖਾ ਇੱਕ ਅਜਨਬੀ ਆਦਮੀ ਕੈਸੇ ਕੁੰਡੀ ਖ਼ੋਲ ਕੇ ਅੰਦਰ ਘੁੱਸ ਆਇਆ ਔਰ ਮੁਝੇ ਜਾਗਤੇ ਦੇਖ ਕਰ ਉੱਪਰ ਵਾਲੀ ਖਾਲੀ ਸੀਟ ਪਰ ਚੜ ਗਿਆ।

‘ਕੌਣ ਏ ਤੂੰ?’ ਮੈਂ ਬੜੀ ਹਿੰਮਤ ਨਾਲ ਉਸ ਕੋ ਦਬਕਾ ਲਗਾਇਆ।

‘ਜੀ ! ਜੀ! ਮੈਂ ਸਟਾਫ਼ ਕਾ ਆਦਮੀ ਹੂੰ।’

‘ਕੈਸੇ ਆਇਆ ਤੂੰ ਅੰਦਰ ਕੁੰਡੀ ਖ਼ੋਲ ਕੇ? ਤੇਰੇ ਪਾਸ ਕੌਣ ਸੀ ਟਿਕਟ ਹੈ?’ ਚੋਰ ਕੇ ਪੈਰ ਨਹੀਂ ਹੋਤੇ… ਮੇਰੀ ਡਾਂਟ ਸੁਣ ਕੇ ਘਬਰਾ ਕੇ ਉਹ ਬਾਹਰ ਦੌੜ ਗਿਆ। ਸਾਰੀ ਰਾਤ ਜਾਗ ਕੇ ਬਿਤਾਈ। ਸੁਭਾ ਮੁਝੇ ਦੂਸਰੇ ਕੈਬਨੋਂ ਵਾਲੋਂ ਨੇ ਭੀ ਬਿਤਾਇਆ ਕਿ ਰਾਤ ਉਨ ਕੀ ਭੀ ਕੋਈ ਕੁੰਡੀ ਖੜਕਾ ਰਹਾ ਥਾ। ਔਰ ਅਜਿਹੇ ਪੇਸ਼ਾਵਰ ਚੋਰ ਡਾਕੂ ਰੇਲਵੇ ਸਟਾਫ਼ ਕੀ ਮਿਲੀ ਭੁਗਤ ਸੇ ਯਾਤਰੀਓਂ ਕੋ ਲੂਟਤੇ ਹੈਂ।’ ਕਹਾਣੀ ਸੁਣਦੇ ਸੁਣਦੇ ਤਿੰਨਾਂ ਔਰਤਾਂ ਦੇ ਮੱਥੇ ਡਰ ਦੀਆਂ ਲਕੀਰਾਂ ਹੋਰ ਡੂੰਘੀਆਂ ਹੋ ਗਈਆਂ।

‘ਕੋਈ ਚਿੰਤਾ ਨਾ ਕਰੋ… ਆਪ ਘਬਰਾਏਂ ਮੱਤ … ਮੈਂ ਜਾਗ ਕੇ ਰਾਖੀ ਕਰਾਂਗਾ।’ ਉਹ ਉਨ੍ਹਾਂ ਨੂੰ ਢਾਰਸ ਦਿੰਦੇ ਹਨ। ਪੜਦੇ ਤਣ ਗਏ ਤੇ ਵੱਡੀ ਬੱਤੀ ਬੁਝ  ਗਈ ਹੈ। ਰਾਤ ਦੇ ਬਾਰਾਂ ਵਜੇ ਨੇ। ਮਨ ਬੜਾ ਅਵਾਜ਼ਾਰ ਹੈ… ਨੀਂਦ ਕਿਧਰੇ ਉੱਡ ਗਈ ਹੈ… ਝੀਤਾਂ ਵਿੱਚਦੀ ਦੇਖਦਾ ਹਾਂ…, ਕੇਸਰੀ ਪਟਕਾ ਬੰਨੀ ਸਰਦਾਰ ਚੌਕੀਦਾਰ ਵਾਂਗ ਬੈਠਾ ਪਹਿਰਾ ਦੇ ਰਿਹਾ ਹੈ। ਮੇਰਾ ਦਿਲ ਧੱਕ ਧੱਕ ਕਰਨ ਲੱਗਦਾ ਹੈ.. ਦੂਸਰੇ ਪਲ  ਕੀ ਹੋਣ ਵਾਲਾ ਹੈ। ਮੇਰੇ ਮਨ ਅੰਦਰ ਇੱਕ ਸ਼ੋਰ ਹੈ…, ਧਿਆਨ ਕੈਬਿਨ ਦੇ ਪਰਦਿਆਂ ਪਿੱਛੇ ਹੈ… ਮਾਨੋ ਕੋਈ ਫ਼ਿਲਮ ਚੱਲ ਰਹੀ ਹੋਵੇ। ਮੈਂ ਫਿਰ ਵੇਖਣ ਲਈ ਤਤਪਰ ਉਤਾਵਲਾ ਹਾਂ। ਬਾਥ  ਜਾਣ ਦੇ ਬਹਾਨੇ ਉੱਠਦਾ ਹਾਂ। ਸਾਥੀ ਸਾਹਿਬ ਚੌਕੜੀ ਮਾਰ ਕੇ ਬੈਠੇ ਪਾਠ ਕਰ ਰਹੇ ਨੇ। ਮੇਰੇ ਪੈਰਾਂ ਦੀ ਆਵਾਜ਼ ਨਾਲ ਉਨ੍ਹਾਂ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ। ਉਹ ਵੀ ਉੱਠ ਕੇ ਬਾਹਰ ਨਿਕਲਦਾ ਹੈ। ਮੈਂ ਸ਼ਰਮਿੰਦਾ ਜਿਹਾ ਹੋ ਕੇ ਆਪਣੀ ਸੀਟ ਤੇ ਆ ਪੈਂਦਾ ਹਾਂ। ਉਹ ਡੱਬੇ ਦੀ ਪੂਰੀ ਗੈਲਰੀ ਵਿਚ ਚੱਕਰ ਲਗਾਉਂਦਾ ਹੈ। ਵਾਸ਼ਬੇਸ਼ਨ ਤੋਂ ਮੂੰਹ ਨੂੰ ਛਿੱਟੇ ਮਾਰਦਾ ਹੈ ਤੇ ਵਾਪਸ ਆਪਣੀ ਕੈਬਿਨ ਵਿਚ ਆ ਕੇ ਪਰਦਾ ਸਰਕਾ ਲੈਂਦਾ ਹੈ।

ਮੇਰੇ ਮਨ ਦੀ ਭਟਕਣ ਵਧ ਰਹੀ ਹੈ। ਨੀਂਦਰ ਨੂੰ ਅਰਜੋਈ ਕਰਦਾ ਹਾਂ… ਇੰਤਜ਼ਾਰ ਕਰਦਾ ਹਾਂ… ਦਾਅਵਤ ਦਿੰਦਾ ਹਾਂ… ਭਟਕਣ ਭੁਲਾਉਣ ਦੀ ਕੋਸ਼ਿਸ਼ ਕਰਦਾ ਹਾਂ… ਨੀਂਦਰ ਆਵੇ ਜਾਂ ਨਾ ਪਰ ਸਲਮਾ ਤੇ ਮਾਨ ਫਿਰ ਮੇਰੀ ਕਲਪਣਾ ਵਿਚ ਆ ਵੜਦੇ ਨੇ। ਮੈਂ ਪਿਛਾ ਛੁੜਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਸ਼ਾਖਸ਼ਾਤ ਮੇਰੇ ਸਾਹਮਣੇ ਖੜੇ ਹਨ ਮੇਰੀ ਕਲਪਨਾ ਨੂੰ ਜ਼ਖਮੀ ਕਰਦੇ ਹੋਏ।

ਅਗਲੇ ਰੇਲਵੇ ਸਟੇਸ਼ਨ ਤੇ ਡੱਬੇ ਵਿਚ ਚੜ੍ਹਦਿਆਂ ਸਲਮੇਂ ਨੇ ਮੇਰਾ ਬੈਗ ਫੜ ਲਿਆ। ਟੋਹ ਕੇ ਵੇਖਿਆ…ਉਸ ਦੀਆਂ ਵਰਾਸ਼ਾਂ ਖਿੜ ਗਈਆਂ। ਉਸ ਨੇ ਮਾਨ ਵਲ ਬੈਗ ਵਧਾਉਂਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ… ਸਫ਼ਰ ਲੰਬਾ ਸੀ… ਉਹ ਦੋਨੋਂ ਬੜੇ ਕਾਹਲੇ ਸਨ… ਬੈਗ ਚੁੱਕ ਕੇ ਟਾਇਲੈਟ ਅੰਦਰ ਲੈ ਗਏ… ਤੇ ਕੁੱਝ ਦੇਰ ਬਾਦ ਬੁੱਲ੍ਹ ਸੰਵਾਰਦੇ ਵਾਪਸ ਆਏ…’ਜਾਹ ਤੂੰ ਵੀ ਲਾ ਲੈ।’

‘ਨਹੀਂ ਮੈਂ ਇਸ ਵੇਲੇ ਨਹੀਂ ਲਗਾਉਂਦਾ… ਚਾਹੇ ਕੋਈ ਲੱਖ ਰੂਪੈ ਨਾਲ ਦੇਵੇ… ਸ਼ਾਮ ਨੂੰ ਲਗਾਵਾਂਗਾ।’ ਮੈਂ ਇੱਕ ਟੁੱਕ ਫ਼ੈਸਲਾ ਦੇ ਦਿੰਦਾ ਹਾਂ। ਦੋਬਾਰਾ ਬੱਤੀਆਂ ਜਗਣ ਤੋਂ ਪਹਿਲਾਂ ਹੀ ਉਹ ਦੋਨੇਂ ਉੱਪਰਲੀ ਸੀਟ ਤੇ ਚੜ ਕੇ ਫੇਰ ਜਾਮ ਖ਼ੋਲ ਲੈਂਦੇ ਹਨ। ਮੈਂ ਸੰਕੋਚ ਕਰਦਾ ਹਾਂ…। ਸ਼ਿਕਾਰੀ ਕੁੱਤਿਆਂ ਵਾਂਗ ਸੁੰਘਦੇ-ਸੁੰਘਦੇ ਪੁਲਸ ਕਰਮੀ ਆ ਜਾਂਦੇ ਹਨ…ਤੇ ਉੱਪਰੋਂ ਬੋਤਲ ਤੇ ਗਿਲਾਸ ਚ ਪਿਆ ਪੈੱਗ ਫੜ ਕੇ ਉਨ੍ਹਾਂ ਨੂੰ ਥੱਲੇ ਉਤਾਰ ਲੈਂਦੇ ਹਨ। ਮੈਂ ਡਰਦਾ ਹਾਂ, ਮੈਂ ਨਹੀਂ ਚਾਹੁੰਦਾ ਮਾਨ ਸਾਹਿਬ ਦੀ ਬੇਇੱਜ਼ਤੀ ਹੋਵੇ। ‘ਇਹ ਬੜੇ ਵੱਡੇ ਅਫ਼ਸਰ ਨੇ…।’ ਮੈਂ ਇੱਕ ਸਿਪਾਹੀ ਦੇ ਕੰਨ ਵਿਚ ਕਹਿੰਦਾ ਹਾਂ।  ਉਹ ਮਾਨ ਸਾਹਿਬ ਨੂੰ ਛੱਡ ਕੇ ਸਲਮੇਂ ਨੂੰ ਅੱਗੇ ਲਾ ਤੁਰਦੇ ਹਨ।  ਮੈਂ ਪਿੱਛੇ ਜਾਂਦਾ ਹਾਂ।

‘ਕਿਥੇ ਲਿਜਾ ਰਹੇ ਹੋ ਇਹਨੂੰ? ਇਹ ਵੀ ਸਰਕਾਰੀ ਅਫ਼ਸਰ ਹੈ।’ ਸਿਪਾਹੀ ਜਿਵੇਂ ਮੈਥੋਂ ਝਕਦੇ ਹਨ।

‘ਜਾਓ ਸਰਦਾਰ ਜੀ! ਅਸੀ ਇਹਨੂੰ ਕੁੱਝ ਨਹੀਂ ਕਹਿੰਦੇ… ਤੁਸੀ ਵਾਪਸ ਜਾ ਕੇ ਆਰਾਮ ਕਰੋ।’

ਥੋੜ੍ਹੀ ਦੇਰ ਬਾਦ ਸਲਮਾ ਵਾਪਸ ਮੁੜਦਾ ਹੈ, ਢਿਲਾ ਜਿਹਾ ਚਿਹਰਾ ਸੀ ਉਸ ਦਾ।

‘ਪੰਜ ਸੌ ਵੀ ਦੇਣੇ ਪਏ ਤੇ ਬੋਤਲ ਵੀ ਗਈ ਤਿੰਨ ਸੌ ਦੀ।’ ਮੈਨੂੰ ਗ਼ੁੱਸਾ ਚੜ੍ਹਦਾ ਹੈ, ਮੈਂ ਸਿਪਾਹੀਆਂ ਦਾ ਪਿਛਾ ਕਰਦਾ ਹਾਂ… ਕਈ ਡੱਬੇ ਫੋਲ ਕੇ ਜਾ ਪੁੱਛਦਾ ਹਾਂ, ‘ਅਰੇ ਭਾਈ ਪਾਂਚ ਸੌ ਲੇ ਲੀਆ ਤੋ ਹਮਾਰਾ ਮਾਲ ਮਸਾਲਾ ਤੋ ਵਾਪਸ ਕਰ ਦੋ।’

‘ਲੋ ਸਰਦਾਰ ਜੀ ਲੇ ਲੋ।’ ਜਿਵੇਂ ਉਹ ਪਹਿਲਾਂ ਹੀ ਤਿਆਰ ਸਨ। ਉਨ੍ਹਾਂ ਬਿਨਾ ਕਿਸੇ ਹੀਲ-ਹੁੱਜਤ ਬੜੀ ਸ਼ਰਾਫ਼ਤ ਨਾਲ ਬੋਤਲ ਵਾਪਸ ਕਰ ਦਿੱਤੀ। ‘ਪਰ ਆਪ ਕੇ ਦੋਸਤ ਹਮੇਂ ਪਾਂਚ ਸੌ ਨਹੀਂ, ਦੋ ਸੌ ਰੂਪੈ ਦੇ ਕੇ ਗਏ ਹੈਂ… ਹਮ ਨੇ ਕਹਾ ਚਲੋ ਹਮਾਰੇ ਮੁਲਾਜ਼ਮ ਭਾਈ ਹੈ ਛੋੜ ਦੋ।’ ਸਲਮੇ ਦੀ ਨਵੀਂ ਕੀਤੀ ਕਰਤੂਤ ਸੁੱਤੇ ਹੋਏ ਵੀ ਮੇਰੇ ਜ਼ਿਹਨ ਵਿਚ ਖਲਬਲੀ ਮਚਾਉਣ ਲੱਗੀ।

ਪਿਛਲੇ ਦਿਨਾਂ ਦਾ ਸਲਮੇਂ ਦਾ ਲਿਖਿਆ ਖਰਚ-ਖਾਤਾ ਮੇਰੇ ਸਾਹਮਣੇ ਆ ਗਿਆ, ਜੋ ਸਾਡਾ ਤਿੰਨਾਂ ਦਾ ਸਾਂਝਾ ਸੀ। ਇਸ ਪੁਲਸ ਦੇ ਨਾਂ ਖਾਤੇ ਪੰਜ ਸੌ ਰੂਪੈ ਲਿਖੇ ਵੇਖ ਕੇ ਮੈਂ ਅੱਗ ਬਗੁਲਾ ਹੋ ਜਾਂਦਾ ਹਾਂ… ਇਹ ਕੀ ਬਕਵਾਸ! ਇਹ ਕੀ ਫਰਾਡ… ਘਰ ਦਾ ਚੂਹਾ ਘਰ ਨੂੰ ਮੋਰੀਆਂ!’ ਗ਼ੁੱਸੇ ਨਾਲ ਮੇਰੀ ਮੁੱਠੀ ਤਣ ਜਾਂਦੀ ਹੈ।

‘ਉਠੋ ਸਰਦਾਰ ਜੀ। ਦਿਨ ਚੜ ਆਇਆ ਜੇ… ਇਟਾਰਸੀ ਸਟੇਸ਼ਨ ਆਉਣ ਵਾਲੀ ਹੈ।’ ਮੇਰਾ ਤਣਿਆ ਹੋਇਆ ਹੱਥ ਕਿਸੇ ਦੇ ਹੱਥ ਮਹਿਸੂਸ ਕਰਦੇ ਮੈਂ ਅੱਭੜਵਾਹ ਅੱਖਾਂ ਖੋਲ੍ਹਦਾ ਹਾਂ। ਸਾਥੀ ਸਾਹਿਬ ਚਾਹ ਦਾ ਕੱਪ ਹੱਥ ਵਿਚ ਫੜੀ ਮੈਨੂੰ ਬੜੇ ਪਿਆਰ ਨਾਲ ਜਗਾ ਦਿੰਦੇ ਨੇ।

‘ਲਉ ਚਾਹ ਪੀਉ… ਤੁਸੀ ਸਾਰੀ ਰਾਤ ਬਰੜਾਉਂਦੇ ਰਹੇ ਹੋ।’

ਨਵੀਂ ਸਵੇਰ ਵਾਂਗ ਉਨ੍ਹਾਂ ਦਾ ਚਿਹਰਾ ਦਗਮਗਾ ਰਿਹਾ ਹੈ ਤੇ ਬਨਾਵਟੀ ਦੰਦਾ ਦਾ ਸੈੱਟ ਸਾਰੇ ਦਾ ਸਾਰਾ ਕਪਾਹ ਦੀਆਂ ਫੁੱਟੀਆਂ ਵਾਂਗ ਖਿੜ ਪੈਂਦਾ ਹੈ।

‘…ਝੂਠ ਸਭ ਝੂਠ…।’ ਮੈਂ ਚਿਲਾ ਉੱਠਦਾ ਹਾਂ। “‘

ਪੰਜਾਬ ਵਾਪਸੀ

ਪੰਜਾਬ ਦੀਆਂ ਸਖ਼ਤ ਹਵਾਵਾਂ ਜਰਾਂ ਕੁ ਨਰਮ ਹੋਈਆਂ। ਅਸਮਾਨ ਵਿਚ ਤਰਦੇ ਕਾਲੇ ਬੋਲੇ ਬੱਦਲ ਖਿੰਡ ਗਏ। ਲੋਕ ਹੁਣ ਰਾਤ ਤੱਕ ਸੜਕਾਂ ਤੇ ਫਿਰ ਸਕਦੇ ਸਨ। ਪਿੰਡੋਂ ਸ਼ਹਿਰ ਤੇ ਸ਼ਹਿਰੋਂ ਪਿੰਡ ਜਾਣ ਲਈ ਰਿਕਸ਼ੇ, ਟਾਂਗੇ, ਟੈਕਸੀਆਂ ਦੇਰ ਰਾਤ ਤੱਕ ਮਿਲ ਸਕਦੀਆਂ ਸਨ। ਲੋਕਾਂ ਸੁੱਖ ਦਾ ਸਾਹ ਲਿਆ। ਹੁਣ ਖਾੜਕੂਆਂ ਦਾ ਕੋਈ ਡਰ ਨਹੀ ਸੀ ਤੇ ਨਾ ਹੀ ਪੁਲਸੀਆਂ ਦਾ ਤੇ ਨਾ ਹੀ ਲੋਕ ਹੁਣ ਵਰਦੀ ਵਾਲੇ ਅੱਤਵਾਦੀਆਂ ਤੋਂ, ਤੇ ਨਾ ਹੀ ਕਾਲੀਆਂ ਬਿੱਲੀਆਂ ਜਾਂ ਕਾਲੇ ਕੱਛੇ ਵਾਲੇ ਕੁੱਤਿਆਂ ਤੋਂ ਡਰਦੇ ਸਨ।

ਪੰਜਾਬ ਦੇ ਮਾਪਿਆਂ ਨੇ ਪੁਲਿਸ ਤੋਂ ਡਰਦੇ ਜਾਂ ਅੱਤਵਾਦੀਆਂ ਤੋਂ ਡਰਦੇ ਆਪਣੇ ਬੱਚੇ ਵਿਦੇਸ਼ ਕੈਨੇਡਾ ਅਮਰੀਕਾ ਜਾਂ ਬਾਹਰਲੇ ਸੂਬਿਆਂ ਵਿਚ ਭੇਜ ਛੱਡੇ ਸਨ, ਉਹ ਹੁਣ ਹੌਲੀ-ਹੌਲੀ ਆਪਣੇ ਘਰਾਂ ਨੂੰ ਪਨਾਹਗੀਰਾਂ ਵਾਂਗ ਵਾਪਸ ਪਰਤਣ ਲੱਗੇ। ਕਿੰਨਾ ਕਹਿਰ ਤੇ ਬਿਗਾਨਾਪਨ ਸੀ ਇਹਨਾਂ ਹਵਾਵਾਂ ਵਿਚ! ਕੁੱਝ ਚੋਣਵੀਂਆਂ ਜਵਾਨੀਆਂ ਖਾੜਕੂਆਂ ਨੇ ਚੁਣ ਲਈਆਂ ਤੇ ਕੁੱਝ ਹੋਰ ਬਾਕੀ ਰਹਿੰਦੇ ਨੌਜੁਆਨ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਹੋ ਗਏ ਜਾਂ ਪੁਲਸ ਚੁੱਕ ਕੇ ਅਣਦੱਸੀ ਥਾਂ ਲੈ ਗਈ।

ਹੁਣ ਪੰਜਾਬ ਦੇ ਵਾਤਾਵਰਨ ਵਿਚ ਨਵੀਂ ਜਵਾਨੀ ਪਰਤੀ ਸੀ। ਪੁਲਿਸ ਵਾਲਿਆਂ ਨੇ ਆਮ ਜਨਤਾ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਦਾ ਵਚਨ ਲਿਆ ਸੀ ਤੇ ਭਰੋਸਾ ਦਿਵਾਇਆ ਸੀ। ਏਸੇ ਕਰਕੇ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ-ਪੜ੍ਹ ਕੇ ਅੰਬਾਂ ਸੇਠ ਅੱਜ ਕਿੰਨੇ ਸਾਲਾਂ ਪਿੱਛੋਂ ਪੰਜਾਬ ਵਾਪਸ ਪਰਤਿਆ ਸੀ। ਸ਼ੰਭੂ ਬੈਰੀਅਰ ਤੇ ਦਾਖਲ ਹੁੰਦਿਆਂ ਉਸ ਦੀਆਂ ਅੱਖਾਂ ਜ਼ਜਬਾਤਾਂ ਦੇ ਹੜ੍ਹ ਨਾਲ ਤਰ ਹੋ ਗਈਆਂ। ਚੈਕਿੰਗ ਲਈ ਟਰੱਕਾਂ ਦੀ ਲਾਈਨ ਲੱਗੀ ਹੋਈ ਸੀ…। ਪਰ ਉਸ ਨੂੰ ਤਾਂ ਅੱਜ ਜਲਦੀ ਸੀ, ਉਹ ਬਹੁਤ ਜਲਦੀ ਆਪਣੇ ਪਿੰਡ ਦੀ ਮਿੱਟੀ ਦਾ ਸਪਰਸ਼ ਮਾਣਨ ਲਈ ਵਿਆਕੁਲ ਸੀ। ਟਰੱਕ ਪਾਸੇ-ਪਾਸੇ ਕਰਕੇ ਉਹ ਅੱਗੇ ਲੰਘਿਆ। ਦੂਰੋਂ ਹੌਲਦਾਰ ਸਾਹਿਬ ਮੁਸਕਰਾਉਂਦੇ ਉਸ ਦੀ ਤਾਕੀ ਲਾਗੇ ਆ ਖੜ੍ਹੇ ਹੋਏ। ਉਸ ਨੇ ਜੇਬ ਵਿਚੋਂ ਵੀਹ ਦਾ ਨੋਟ ਕੱਢਿਆਂ, ਤੇ ਉੱਧਰ ਸਰਕਾਇਆ।

‘ਇਹ ਪੰਜਾਬ ਹੈ ਭਾਈ! ਇੱਥੇ ਵੀਹ ਵੂਹ ਨਹੀ ਚੱਲਦੇ।’

‘ਮੈਂ ਵੀ ਪੰਜਾਬੀ ਹਾਂ, ਹੌਲਦਾਰਾ! ਕੀ ਹੋਇਆ ਮੇਰਾ ਨੰਬਰ ਬੰਬੇ ਦਾ ਹੈ।’

‘ਤਾਂ ਫਿਰ ਕੱਢ ਕਾਗ਼ਜ਼।’ ਅਜੇਹੇ ਦਬਕੇ ਤਾਂ ਉਹ ਹਰ ਰੋਜ਼ ਝੱਲਦਾ ਆਇਆ ਸੀ।

ਉਸ ਨੇ ਕਾਗ਼ਜ਼ ਕੱਢ ਕੇ ਉਸ ਦੇ ਹੱਥ ਫੜਾਏ। ਸਭ ਠੀਕ-ਠੀਕ ਸੀ।

‘ਲਿਖਾ ਫਿਰ ਚਾਲਾਨ…।’ ਹੌਲਦਾਰ ਦੀਆਂ ਮੁੱਛਾਂ ਵਿਚ ਕਾਂਬਾ ਜਿਹਾ ਛਿੜ ਗਿਆ।

‘ ਕਾਹਦਾ ਚਾਲਾਨ …?’ ਉਸ ਨੇ ਵੀ ਅੱਗੋਂ ਡਰੈਵਰੀ ਰੋਹਬ ਝਾੜਿਆ।

‘ਤੂੰ ਗੱਡੀ ਲਾਇਨ ਤੋਂ ਪਾਸੇ ਖੜੀ ਕਰਕੇ ਟਰੈਫ਼ਿਕ ਵਿਚ ਰੁਕਾਵਟ ਪਾਈ ਹੈ…।’

‘ਮੈਨੂੰ ਜ਼ਰਾ ਜਲਦੀ ਹੈ, ਹੌਲਦਾਰ ਸਾਹਿਬ।’ ਹੁਣ ਉਸ ਨੇ ਪੰਜਾਹ ਦਾ ਨੋਟ ਕੱਢ ਕੇ ਉਸ ਵੱਲ ਵਧਾਇਆ।

‘ਚੱਲੋ ਓਏ…! ਕਰੋ ਇਹਦੀ ਤਲਾਸ਼ੀ ! ਉੱਤਰ ਥੱਲੇ…।’ ਹੌਲਦਾਰ ਨੇ ਡੰਡਾ ਖੜਕਾਇਆ। ਕੁੱਝ ਹੋਰ ਸਿਪਾਹੀ ਨਾਲ ਆ ਰਲੇ।

‘ਕੀ ਲੱਦਿਆ ਈ ?’ ਉਨ੍ਹਾਂ ਨੇ ਖਿੱਚ ਕੇ ਉਸ ਨੂੰ ਥੱਲੇ ਉਤਾਰ ਲਿਆ।

‘ਕੇਲਾ ਹੈ… ਦੇਖ ਲੋ…।’

‘ਹਾਂ ਤੇ ਜਰਾਂ ਚੰਗੀ ਤਰ੍ਹਾਂ ਵੇਖੋ… ਇਹਦੇ ਵਿਚ ਪਲੇਗ ਦੇ ਕੀਟਾਣੂ ਵੀ ਹੋਣਗੇ… ਗੱਡੀ ਅੱਗੇ ਨਹੀ ਜਾ ਸਕਦੀ… ।’ ਹੌਲਦਾਰ ਦੇ ਲਹਿਜ਼ੇ ਵਿਚ ਕੁੱਝ ਗਰਮੀ ਆ ਗਈ।

‘ਵਿਸਕੀ ਦੀਆਂ ਦੋ ਬੋਤਲਾਂ ।’ ਤਲਾਸ਼ੀ ਲੈਂਦੇ ਇੱਕ ਸਿਪਾਹੀ ਨੇ ਬੋਤਲਾਂ ਉੱਪਰ ਉਲਾਰਦੇ ਆਪਣੀ ਕਾਰਗੁਜ਼ਾਰੀ ਦਾ ਸਬੂਤ ਦਿੱਤਾ।

‘ਚਲੋ ਗੱਡੀ ਥਾਣੇ ਲੈ ਚੱਲੋ… ਇਹ ਸਮਗਲਿੰਗ ਦਾ ਬਹੁਤ ਗੰਭੀਰ ਮਾਮਲਾ ਹੈ।’ ਉਹ ਸਾਰੇ ਗੱਡੀ ਵਿਚ ਚੜ੍ਹ ਗਏ। ਉਸ ਦਾ ਕਲੀਨਰ ਬੈਰੀਅਰ ਤੋਂ ਰਾਹਦਾਰੀ ਲੈ ਆਇਆ ਸੀ। ਹੁਣ ਉਸ ਦੀ ਗੱਡੀ ਪੰਜਾਬ ਵਿਚ ਸੀ, ਉਸ ਦੇ ਆਪਣੇ ਪੰਜਾਬ ਵਿਚ, ਤੇ ਪੰਜਾਬ ਦੇ ਲੋਕਾਂ ਦੇ ਰਖਵਾਲੇ ਉਸ ਦੇ ਨਾਲ ਬੈਠੇ ਸਨ।

‘ਹਾਂ ਫਿਰ, ਦੱਸ ਕੀ ਇਰਾਦਾ…?’ ਇੱਕ ਸਿਪਾਹੀ ਨੇ ਫਿਰ ਧਮਕੀ ਜਿਹੀ ਮਾਰੀ।

‘ਫੜ ਯਾਰ…।’ ਹੁਣ ਉਸ ਨੇ ਸੌ ਦਾ ਨੋਟ ਕੱਢਿਆ।

‘ਨਹੀ! ਇਹ ਸੌਦਾ ਨਹੀ ਬਣਨਾ, ਤੂੰ ਪੰਜਾਬ ਪੁਲਿਸ ਨੂੰ ਨਹੀਂ ਜਾਣਦਾ, ਇਹ ਸੌ ਪੰਜਾਹ ਤਾਂ ਭਈਆਂ ਦੇ ਸੌਦੇ ਨੇ, ਸਾਡੇ ਤਾਂ ਘੱਟੋ ਘੱਟ ਇਕ ਹਜਾਰ ਲੱਗੂ…, ਜੇ ਚਾਲਾਨ ਹੋ ਗਿਆ ਤਾਂ ਫਿਰ ਵੇਖੀ ਕਿੰਨੀ ਵੀਹੀ ਸੋ ਹੁੰਦਾ ਹੈ।’ ਉਸ ਦੇ ਸਾਹਮਣੇ ਇਕਦਮ ਠਾਣੇ, ਕਚਹਿਰੀ, ਵਕੀਲ, ਮੁਨਸ਼ੀ, ਜੇਲ੍ਹ ਸਭ ਰੀਲ ਵਾਂਗ ਘੁੰਮ ਗਏ।

‘ਤੇ ਫਿਰ ਪੰਜ ਸੌ ਵਿਚ ਸਾਰ ਲਉ ਮੇਰੇ ਯਾਰ…। ਮੈਂ ਤਾਂ ਬੜੀ ਦੇਰ ਬਾਅਦ ਪੰਜਾਬ ਆਉਣ ਦੀ ਗ਼ਲਤੀ ਕੀਤੀ ਹੈ…।’

‘ਹੈ! ਸਾਲਾ ਪੰਜ ਸੌ ਦਾ…। ਅਸੀਂ ਤੇਰੇ ਮੰਗਤੇ ਹਾਂ ? ਤੂੰ ਸ਼ੁਕਰ ਕਰ, ਤੇਰੇ ਛਿੱਤਰ ਪਰੇਡ ਨਹੀ ਹੋਈ…।’

ਡਰਾਈਵਰ ਨੇ ਕੋਈ ਹੋਰ ਚਾਰਾ ਨਾ ਚਲਦਾ ਵੇਖ ਕੇ ਸੌ-ਸੌ ਦੇ ਦਸ ਨੋਟ ਕੱਢ ਕੇ ਉੱਧਰ ਵਗਾਹ ਮਾਰੇ ਤੇ ਉਹ ਬੜੇ ਆਰਾਮ ਨਾਲ ਥੱਲੇ ਉਤਰ ਗਏ।

ਥੋੜੀ ਦੂਰ ਅੱਗੇ ਗਿਆ। ਕੁੱਝ ਖ਼ਾਕੀ ਵਰਦੀ ਵਾਲੇ ਵਾਲੇ ਲਾਲ ਰੁਮਾਲ ਹਿਲਾ ਰਹੇ ਸਨ।

‘ਵੱਡਾ ਸਾਹਿਬ ਹੈ ਅੱਗੇ…।’ ਇਕ ਲਾਲ ਪਗੜੀ ਵਾਲੇ ਨੇ ਪਾਸੇ ਖੜ੍ਹੀ ਕਾਰ ਵੱਲ ਇਸ਼ਾਰਾ ਕੀਤਾ।

‘ਤੂੰ ਗੱਡੀ ਇੰਨੀ ਓਵਰ ਲੋਡ ਕਿਉਂ ਕੀਤੀ? ਕਾਗ਼ਜ਼ ? ਟੈਕਸ ?…।’

ਡਰਾਈਵਰ ਨੇ ਪੰਜਾਹ ਦਾ ਨੋਟ ਕੱਢ ਕੇ ਬਾਹਰ ਵਧਾਇਆ। ਇਨ੍ਹਾਂ ਮੂਰਖਾਂ ਭੁੱਖਿਆਂ ਨਾਲ ਬਾਰ ਬਾਰ… ਕੋਣ ਸਿਰ ਖਪਾਈ ਕਰੇ! ਸੰਤਰੀ ਸਾਹਿਬ ਨੇ ਨੋਟ ਜੇਬ ਵਿਚ ਪਾਇਆ ਤੇ ਹੱਥ ਦੇ ਇਸ਼ਾਰੇ ਨਾਲ ਜਾਣ ਦੀ ਖੁੱਲ ਦੇ ਦਿੱਤੀ।

‘ਇਹ ਤਾਂ ਸੇਠ! ਕੋਈ ਨਕਲੀ ਸਾਹਿਬ ਹੀ ਲਗਦਾ…?’ ਕਲੀਨਰ ਨੇ ਬਾਹਰ ਝਾਤੀ ਮਾਰਦੇ ਕਿਹਾ।

‘ਚਲ ਦਫ਼ਾ ਕਰ…।’ ਸੌ ਪੰਜਾਹ ਰੂਪੈ ਪਿੱਛੇ ਆਪਣਾ ਹੋਰ ਸਮਾਂ ਖ਼ਰਾਬ ਕਰਾਂਗੇ…। ਟਾਈਮ ਹੁੰਦਾ ਤਾਂ ਸਾਲੇ ਨੂੰ ਨਾਨੀ ਯਾਦ ਕਰਾ ਦਿੰਦੇ…।ਟਰੱਕ ਦਾ ਬਾਹਰਲਾ ਨੰਬਰ ਦੇਖ ਕੇ ਲੁਧਿਆਣਾ ਬਾਈ ਪਾਸ ਤੇ ਇੱਕ ਸਿਪਾਹੀ ਦੌੜਾ ਆਇਆ… ਉਸ ਨੇ ਮਲਕੜੇ ਜਿਹੇ ਕੱਢ ਕੇ ਪੰਜਾਹ ਦਾ ਨੋਟ ਉਸ ਦੇ ਹਵਾਲੇ ਕਰ ਦਿੱਤਾ… ਤੇ ਨਾਲੇ ਇਕ ਨੋਟ ਬੁੱਕ ਵੀ, ‘ਐਂਟਰੀ?’ ਸਿਪਾਹੀ ਨੇ ਚੁੱਪਚਾਪ ਕਾਪੀ ਵਿਚ ਕੁੱਝ ਐਕਸ ਵਾਈ ਕੋਡ ਲਿਖ ਦਿੱਤੇ। ਉਹ ਸਮਝ ਗਿਆ ਹੁਣ ਲੁਧਿਆਣਾ ਜਿੱਲ੍ਹਾ ਉਹ ਨਿਰਵਿਘਨ ਪਾਸ ਕਰ ਸਕਦਾ ਹੈ।

‘ਇਹ ਤਾਂ ਲਾਗ ਦੇਣਾ ਹੀ ਪੈਣੇ, ਨਹੀ ਤੇ ਹੋਰ ਖੱਜਲ ਖੁਆਰ ਕਰਨਗੇ।’ ਅੰਬੇ ਨੇ ਕੌੜਾ ਘੁੱਟ ਭਰਿਆ।

ਅਗਲੇ ਚੌਕ ਵਿਚ ਫਿਰ ਉਹੋ ਜਿਹੀ ਹੋਰ ਤਿੱਕੜੀ…

‘ਹੋ ਗਿਆ ਹੋ ਗਿਆ…।’ ਅੰਬੇ ਨੇ ਕਾਪੀ ਬਾਹਰ ਕੱਢ ਕੇ ਵਿਖਾਲਦੇ ਕਿਹਾ…। ਦੋ ਜਿਲੇ ਇਸ ਤਰ੍ਹਾ ਹੀ ਲੰਗ ਗਏ।

ਆਪਣਾ ਜਿਲ੍ਹਾ, ਤਰਨਤਾਰਨ ਨੇੜੇ ਆ ਰਿਹਾ ਸੀ। ਉਹ ਸ਼ਹਿਰ, ਹੁਣ ਉਸ ਦਾ ਆਪਣਾ ਇਲਾਕਾ ਜਿਸ ਨੇ ਉਸ ਨੂੰ ਅੰਬੇ ਤੋਂ ਅੰਬਾ ਖਾੜਕੂ ਬਣਾਇਆ ਤੇ ਫਿਰ ਡਰਾਈਵਰ ਤੇ ਫਿਰ ਟਰੱਕ ਦਾ ਮਾਲਕ ਅੰਬਾ ਸੇਠ। ਉਸ ਨੇ ਸਿਰ ਨਿਵਾ ਕੇ ਧਰਤੀ ਨੂੰ ਸਿਜਦਾ ਕੀਤਾ। ਬਾਹਰ ਨਾ ਦੌੜਦਾ ਤਾਂ ਪਤਾ ਨਹੀ ਹੁਣ ਤੱਕ ਕਿੰਨੀਆਂ ਕੁ ਜੇਲ੍ਹਾਂ ਕੱਟਣੀਆਂ ਪੈਣੀਆਂ ਸਨ, ਪੁਲਿਸ ਦੇ ਕਿੰਨੇ ਤਸੀਹੇ ਝੱਲਣੇ ਸਨ, ਖਾੜਕੂ ਬਣਨਾ ਸੀ ਜਾਂ ਅੱਤਵਾਦੀ…ਜਾਂ ਫਿਰ ਸ਼ਹੀਦ ਕਹਾਉਣਾ ਸੀ।

ਗੱਲ ਕੀ ਸੀ? ਗੱਲ ਤਾਂ ਕੁੱਝ ਵੀ ਨਹੀਂ ਸੀ। ਥਾਣੇਦਾਰ ਨੇ ਜਦ ਪਿੰਡ ਦੇ ਸਿਮਰੂ ਅਮਲੀ ਨੂੰ ਦੋਵੇਂ ਬਾਂਹਾਂ ਬੰਨ੍ਹ ਕੇ ਮੂੰਹ ਕਾਲਾ ਕਰਕੇ ਪਿੰਡ ਵਿਚ ਘੁਮਾਉਣ ਲਈ ਹੁਕਮ ਦਿੱਤਾ ਸੀ ਤਾਂ ਅੰਬਾ ਹੀ ਸੀ, ਜਿਸ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ, ‘ਮੂੰਹ ਕਾਲਾ ਇਸ ਦਾ ਨਾ ਕਰੋ, ਉਸ ਲਾਲੇ ਦਾ ਕਰੋ ਜਿਸ ਨੇ ਲਾਲਚ ਦੇ ਕੇ ਇਸ ਨੂੰ ਭੁੱਕੀ ਵੇਚਣ ਲਈ ਦਿੱਤੀ।’ ਬੱਸ ਫਿਰ ਕੀ ਸੀ, ਥਾਣੇਦਾਰ ਵੀ ਖ਼ਿਲਾਫ਼, ਲਾਲਾ ਵੀ ਖ਼ਿਲਾਫ਼ ਤੇ ਲਾਲੇ ਦੇ ਹਮਾਇਤੀ ਵੀ ਖ਼ਿਲਾਫ਼ ਯਾਨੀ ਕਿ ਸਾਰਾ ਪਿੰਡ ਹੀ ਖ਼ਿਲਾਫ਼। ਅਮਲੀ ਦੇ ਨਾਲ ਇਹਨੂੰ ਵੀ ਫੜ ਕੇ ਥਾਣੇ ਲੈ ਗਏ। ਅਖੇ ਖਾੜਕੂ ਹੈ ਇਹ! ਇਸ ਨੇ ਪੁਲਸ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਏ। ਪਿੰਡ ਦੇ ਪੰਚਾਂ, ਸਰਪੰਚਾਂ ਨੇ ਜਾ ਕੇ ਇਸ ਦੇ ਠੀਕ ਆਚਰਨ ਦੀ ਸਫ਼ਾਈ ਦਿੱਤੀ ਸੀ ਤੇ ਥਾਣੇਦਾਰ ਦੀ ਮੁੱਠੀ ਗਰਮ ਕਰਕੇ ਉਸ ਨੂੰ ਮਸਾਂ ਛਡਾਇਆ ਸੀ।

‘ਪੁਲਿਸ ਦਾ ਡੰਗ ਤੇਜ਼ ਹੈ ਸੱਜਣੋ, ਜਿਹਨੂੰ ਮਰਜ਼ੀ ਫੜੇ, ਜਿਹਨੂੰ ਮਰਜ਼ੀ ਛੱਡੇ, ਜਿਹਨੂੰ ਮਰਜ਼ੀ ਅੱਤਵਾਦੀ ਬਣਾ ਦੇਵੇ, ਜਿਹਨੂੰ ਮਰਜ਼ੀ ਚੋਰ… ਕੋਈ ਦਾਤ ਫ਼ਰਿਆਦ ਨਹੀ, ਛਿੱਤਰ ਵੀ ਮਾਰਦੇ ਨੇ ਤੇ ਰੋਣ ਵੀ ਨਹੀਂ ਦਿੰਦੇ।’ ਅਮਲੀ ਵਿਚਾਰੇ ਨੇ ਰੋਂਦੇ ਹੋਏ ਕਿਹਾ ਸੀ।

ਫਿਰ ਕੁੱਝ ਦਿਨਾਂ ਬਾਦ ਰਾਤ ਬਾਰਾਂ ਵਜੇ ਉਨ੍ਹਾਂ ਦਾ ਦਰਵਾਜਾ ਖੜਕਿਆ। ਬਾਪੂ ਨੇ ਡਰਦੇ ਡਰਦੇ ਦਰਵਾਜਾ ਖੋਲਿਆ…, ਚਾਰ ਆਦਮੀ ਮੂੰਹ ਬੰਨੀ ਧੁੱਸ ਦਿੱਤੀ ਅੰਦਰ ਵੜ ਆਏ।

‘ਕਿਥੇ ਐ ਅੰਬਾ …?’ ਦਬਕਾਵੀਂ ਰੋਹਬਦਾਰ ਆਵਾਜ਼ ਸੁਣ ਕੇ ਮਾਂ ਕੰਬਣ ਲੱਗੀ।  ਉਨ੍ਹਾਂ ਨੂੰ ਸਮਝਣ ਵਿਚ ਜਰਾਂ ਵੀ ਦੇਰ ਨਾ ਲੱਗੀ। ਅਖ਼ਬਾਰਾਂ ਰਸਾਲਿਆਂ ਦੀਆਂ ਸੁਰਖ਼ੀਆਂ ਵਾਲੇ ਹੀਰੋ ਕਾਲੀਆਂ ਲੋਈਆਂ ਵਿਚ ਲਪੇਟੇ ਸਾਹਮਣੇ ਖੜੇ ਸਨ।

‘ਸਾਨੂੰ ਮੁਆਫ਼ ਕਰ ਦਿਓ ਬਾਬਿਉ।’ ਸਾਡੇ ਤਾਂ ਅੱਗੇ ਹੀ ਪੁਲਿਸ ਵਾਲੇ ਖਹਿੜਾ ਨਹੀ ਛੱਡਦੇ।’ ਬਾਪੂ ਨੇ ਫ਼ਰਿਆਦ ਕੀਤੀ।

‘ਤੁਸੀਂ ਉਹਨੂੰ ਸਾਡੇ ਨਾਲ ਭੇਜ ਦਿਓ… ਅਸੀਂ ਉਹਨੂੰ ਕੁੱਝ ਨਹੀਂ ਕਹਿਣਾ. ਤੁਹਾਡਾ ਮੁੰਡਾ ਬਹੁਤ ਬਹਾਦਰ ਹੈ ਜੀਹਨੇ ਪੁਲਿਸ ਵਾਲੇ ਪਿੰਡੋਂ ਦੁੜਾ ਦਿੱਤੇ, ਸਾਡੀ ਪੰਥਕ ਜਥੇਬੰਦੀ ਨੂੰ ਉਸ ਦੀ ਬੜੀ ਲੋੜ ਹੈ।’ ਅਜਨਬੀ ਆਗੂ ਬਿਨਾ ਰੁਕੇ ਕਹਿੰਦਾ ਗਿਆ।

‘ਮੇਰੇ ਪੁੱਤ ਨੂੰ ਨਾ ਲਿਜਾਇਉ ਸੋਹਣਿਓ।’ ਮਾਂ ਦੀ ਲਿਲ੍ਹਕੜੀ ਉਸ ਨੇ ਦਰਵਾਜੇ ਪਿੱਛੇ ਖੜ ਕੇ ਸੁਣੀ ਸੀ।

‘ਮਾਤਾ ਜੀ ! ਚਿੰਤਾ ਨਾ ਕਰੋ ! ਕੋਈ ਪੁਲਸ ਵਾਲਾ ਤੁਹਾਡੇ ਵੱਲ ਉਂਗਲ ਕਰੇ ਤਾਂ ਅਸੀਂ ਜ਼ਿੰਮੇਵਾਰ ਹਾਂ।’

‘ਸਾਡੇ ਕੋਲ ਕਿਹੜਾ ਕੋਈ ਹੋਰ ਐ …, ਸਾਨੂੰ ਬਖ਼ਸ਼ ਦਿਓ ਬੱਚਿਓ।’

‘ਤਾਂ ਫਿਰ ਕੰਨ ਖੋਲ੍ਹ ਕੇ ਸੁਣ ਲਉ… ਅਸੀਂ ਐਤਵਾਰ ਨੂੰ ਆਵਾਂਗੇ, ਜਾਂ ਉਹਨੂੰ ਸਾਡੇ ਨਾਲ ਭੇਜ ਦਿਓ ਤੇ ਜਾਂ… ਇੱਕ ਲੱਖ ਰੂਪੈ ਨਕਦ।’ ਉਹ ਚਲਦੇ ਬਣੇ।

ਅਗਲੇ ਦਿਨ ਘਰ ਨੂੰ ਤਾਲਾ ਲੱਗ ਗਿਆ ਸੀ। ਬਾਪੂ ਨੇ ਇੱਕ ਲੱਖ ਮੇਰੇ ਪੱਲੇ ਬੰਨ੍ਹ ਕੇ ਮੈਨੂੰ ਬੰਬੇ ਦੀ ਗੱਡੀ ਰਿਸ਼ਤੇਦਾਰਾਂ ਵੱਲ ਚੜ੍ਹਾ ਦਿੱਤਾ ਸੀ ਤੇ ਮਾਂ ਬਾਪੂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਸੀ।

‘ਜਦੋਂ ਡੰਢ-ਠੰਢੌੜਾ ਹੋਇਆ ਤਾਂ ਅਸੀਂ ਆਪੇ ਤੈਨੂੰ ਬੁਲਾ ਲਵਾਂਗੇ।’ ਮਾਂ ਨੇ ਕਿੰਨਾ ਭਾਰਾ ਪੱਥਰ ਛਾਤੀ ਧਰ ਕੇ ਇਕਲੌਤੇ ਪੁਤ ਨੂੰ ਤੋਰ ਦਿਤਾ ਸੀ। ਪਲਕ ਝਲਕ ਵਿਚ ਬੀਤ ਚੁੱਕੀ ਡਾਇਰੀ ਦੇ ਸਾਰੇ ਪੰਨੇ ਉਸ ਦੇ ਸਾਹਮਣੇ ਆਪਣੇ ਆਪ ਉਲਟਦੇ ਗਏ।

ਟਰੱਕ ਸੜਕ ਦੇ ਪਾਸੇ ਖੜਾ ਕਰ ਕੇ ਉਹ ਬਾਜਾਰ ਵਿਚ ਵੜ ਗਿਆ। ਸ਼ਹਿਰ ਵਿਚ ਖੂਬ ਗਹਿਮਾ ਗਹਿਮੀ ਸੀ। ਹੋਰ ਲੋਕਾਂ ਵਾਂਗ ਉਹ ਵੀ ਜਲਦੀ ਜਲਦੀ ਸੌਦਾ ਪੱਤਾ ਲੈ ਕੇ ਘਰ ਪਹੁੰਚਣ ਦੀ ਤੜਫਣਾ ਵਿਚ ਸੀ। ਆਂਡੀ ਗੁਆਂਢੀ ਭਰਾ ਭਤੀਜਿਆਂ ਲਈ ਫਲ ਫਰੂਟ, ਮਿਠਾਈ, ਕੱਪੜੇ ਤੇ ਹੋਰ ਨਿਕ-ਸੁਕ ਲੈ ਕੇ ਵਾਪਸ ਮੁੜਿਆ। ਗੱਡੀ ਦੇ ਬੋਨਟ ਤੇ ਬੈਠਾ ਸਿਪਾਹੀ ਉਸ ਨੂੰ ਆਉਂਦਾ ਵੇਖ ਕੇ ਪਹਿਲਾਂ ਮੁਸਕਰਾਇਆ ਤੇ ਫਿਰ ਘੂਰੀ ਪਾ ਕੇ ਗਰਜਿਆ।

‘ਓ ਤੇਰਾ ਏ ਟਰੱਕ ਬਾਊ…?’

‘ਹਾਂ ਜੀ…’। ਹੱਥ ਦੇ ਲਿਫ਼ਾਫ਼ੇ ਉਸ ਤੋਂ ਮਸਾਂ ਡਿਗਦੇ ਡਿਗਦੇ ਬਚੇ।

‘ਤੈਨੂੰ ਨਹੀ ਪਤਾ… ਇੱਥੇ ਟਰੱਕ ਖੜ੍ਹਾ ਕਰਨਾ ਮਨਾ ਹੈ…? ਕੱਢ ਕਾਗ਼ਜ਼..?’

‘ਕਾਗ਼ਜ਼ ਤੂੰ ਕੀ ਕਰਨੈ? ਲੈ! ਜਾ ਕੇ ਨਿਆਣਿਆਂ ਨੂੰ ਪਟਾਕੇ ਪਟੂਕੇ ਲੈ ਕੇ ਦੇਹ।’ਜੇਬ ਵਿਚੋਂ ਵੀਹ ਦਾ ਨੋਟ ਕੱਢ ਕੇ ਉਧਰ ਕੀਤਾ।

‘ਸਾਲਾ ਪਟਾਕਿਆਂ ਦਾ… ਦੱਸਦਾਂ ਹੁਣੇ ਤੈਨੂੰ। ਮੈਨੂੰ ਰਿਸ਼ਵਤ ਦੇਣ ਲੱਗੈ? ਚੱਲ ਵੱਡੇ ਸਾਹਿਬ ਕੋਲ।’ ਸੇਠ ਦਾ ਜੀਅ ਕੀਤਾ ਉਸ ਦੇ ਦੋ ਥੱਪੜ ਲਾ ਕੇ ਜਰਾ ਸਬਕ ਸਿਖਾਵੇ… ਪਰ ਪੁਰਾਣੀ ਅਮਲੀ ਦੀ ਕਹਾਣੀ ਯਾਦ ਕਰ ਕੇ ਸਭ ਕੁੱਝ ਵਿਚੇ ਵਿਚ ਪੀ ਗਿਆ।

‘ਅਰੇ ਕਿਆ ਬਾਤ ਹੈ ਬਾਈ… ?’ ਦੋਹਾਂ ਨੂੰ ਬਹਿਸਦੇ ਵੇਖ ਕੇ ਦੂਰ ਖੜਾ ਹੌਲਦਾਰ ਉਧਰ ਆ ਧਮਕਿਆ…।

‘ਇਸ ਦਾ ਚਾਲਾਨ ਕੱਟੋ ਜਨਾਬ! ਇਸ ਨੇ ਜੁਰਮ ਕੀਤਾ ਹੈ… ਮੈਂ ਬੜਾ ਸਮਝਾਇਆ… ਇਹ ਮੇਰਾ ਇਸ਼ਾਰਾ ਨਹੀ ਸਮਝਦਾ…।’

‘ਛੋੜੋ ਯਾਰ…ਜਾਣੇ ਦੋ ਬਿਚਾਰੇ ਕੋ…ਪਤਾ ਨਹੀ ਕਿਤਨੀ ਦੂਰ ਸੇ ਆਇਆ ਹੈ…।’ ਹੌਲਦਾਰ ਨੇ ਡਰਾਈਵਰ ਦੀ ਹਮਦਰਦੀ ਜਿਤ ਲਈ।

‘ਜਾਏ ਖ਼ੁਸ਼ੀ ਨਾਲ ਜਾਏ… ਅਸੀ ਰੋਕ ਕੇ ਕਿਹੜਾ ਇਹਤੋਂ ਗੋਡੀ ਕਰਾਉਣੀ ਐ… ਪਰ ਸਾਡਾ ਚਾਹ ਪਾਣੀ ਦੇ ਜਾਏ…ਬੋਤਲ ਦੇ ਦੇਵੇ।’

‘ਨਾ ਤੰਗ ਕਰੋ ਭਾਈ! ਐਤਕੀਂ ਗ਼ਲਤੀ ਨਾਲ ਆ ਗਏ ਪੰਜਾਬ…, ਫਿਰ ਨਹੀ ਆਉਂਦੇ।’

‘ਉਸ ਨੇ ਸੀਟ ਥੱਲਿਓਂ ਇਕ ਬੋਤਲ ਕੱਢ ਕੇ ਉਨ੍ਹਾਂ ਨੂੰ ਫੜਾਈ ਤੇ ਆਪਣਾ ਪਿਛਾ ਛੜਾਇਆ।’

‘ਜਾਹ ਦੋੜ ਜਾ…ਇੱਥੇ ਦੁਬਾਰਾ ਗੱਡੀ ਖੜੀ ਨਾ ਕਰੀਂ।’

‘ਚੰਗਾ ਜਨਾਬ!’ ਗੱਡੀ ਸਟਾਰਟ ਕਰਦੇ ਉਹਨੇ ‘ਹਾਂ’ ਭਰੀ।

‘ਤੇ ਸੁਣ ! ਜੇ ਕਿਸੇ ਕੋਲ ਗੱਲ ਕੀਤੀ ਤਾਂ ਕੱਲ੍ਹ ਨੂੰ ਫੇਰ ਫੜਿਆ ਲਵੀਂ।’

ਉਸ ਨੇ ਸੀਟ ਪਿੱਛੇ ਭਉ ਕੇ ਵੇਖਿਆ। ਵੱਡਾ ਅਟੈਚੀ ਤੇ ਬੈਗ ਜਿਸ ਵਿਚ ਉਸ ਦੀ ਸਾਰੀ ਦਸ ਸਾਲਾਂ ਦੀ ਕਮਾਈ, ਪੈਸੇ, ਕਪੜੇ ਤੇ ਵਿਆਹ ਲਈ ਗਹਿਣਾ ਸੀ। ਅਜੇ ਤੱਕ ਇਨ੍ਹਾਂ ਦੀ ਨਜ਼ਰੀਂ ਨਹੀਂ ਚੜੇ ਸਨ, ਨਹੀ ਤੇ ਇਹ ਰਸਤੇ ਵਿਚ ਹੀ ਖੁੱਸ ਜਾਣੇ ਸਨ। ਉਸ ਨੇ ਸ਼ੁਕਰ ਕੀਤਾ।

‘ਇੱਧਰ ਆ ਜਰਾ…।’ ਉਸ ਨੇ ਕਲੀਨਰ ਨੂੰ ਗੱਡੀ ਚਲਾਉਣ ਦਾ ਇਸ਼ਾਰਾ ਕੀਤਾ ਤੇ ਆਪ ਸੀਟ ਥਲੋਂ ਬੈਗ ਅਟੈਚੀ ਬਾਹਰ ਖਿੱਚੇ, ਨਵੇਂ ਸੁਹਣੇ ਕੱਪੜੇ ਪਾਏ… ਤੇ ਪੱਗ ਬੰਨ੍ਹ ਕੇ ਤਰੋ ਤਾਜ਼ਾ ਹੋ ਗਿਆ। ਹੁਣ ਉਹ ਪੂਰਾ ਪੰਜਾਬੀ ਗੱਭਰੂ ਸੱਜ ਗਿਆ ਸੀ। ਹਨੇਰਾ ਉੱਤਰ ਆਇਆ ਸੀ। ਉਸ ਨੇ ਪੰਦਰਾਂ ਮਿੰਟਾਂ ਵਿਚ ਆਪਣੇ ਘਰ ਆਪਣੇ ਮਾਂ ਬਾਪ ਕੋਲ ਪਹੁੰਚ ਜਾਣਾ ਸੀ।

ਉਸ ਦੇ ਦਿਲ ਦੀ ਧੜਕਣ ਹੋਰ ਤੇਜ ਹੋ ਗਈ। ਨਹਿਰ ਦੀ ਪੁਲੀ ਤੇ ਮੁਘੜ ਮਾਰੀ ਤਿੰਨ ਚਾਰ ਆਦਮੀ ਗੱਡੀ ਅੱਗੇ ਆ ਖੜੇ ਹੋਏ।

‘ਕੱਢ ਲੈ… ਨਿਕਲ ਚੱਲ।’ ਉਸ ਨੇ ਕਲੀਨਰ ਨੂੰ ਲਲਕਾਰਿਆ। ਪਰ ਕਲੀਨਰ ਘਬਰਾ ਗਿਆ…ਗੱਡੀ ਡਿਗਦੀ ਡਿਗਦੀ … ਪਾਸੇ ਕੱਚੇ ਲੱਥ ਕੇ ਟੇਢੀ ਹੋ ਗਈ।

ਤਾੜ ਤਾੜ ਗੋਲੀਆਂ ਦੀ ਆਵਾਜ਼ ਰਾਤ ਦੀ ਹਨੇਰੀ ਹਵਾ ਦਾ ਸੀਨਾ ਪਾੜ ਗਈ।

ਉਸ ਨੇ ਕਲੀਨਰ ਸਾਈਡ ਬਾਰੀ ਖੋਲ੍ਹ ਕੇ ਦੌੜਨ ਦੀ ਕੋਸ਼ਿਸ਼ ਕੀਤੀ… ਥੋੜੀ ਦੂਰ ਜਾ ਕੇ ਠੇਡਾ ਖਾ ਕੇ ਮੂਧੇ ਮੂੰਹ ਡਿਗ ਪਿਆ। ਉਸ ਨੂੰ ਹਨੇਰਨੀ ਜਿਹੀ ਆਈ। ਇਹ ਕੀ ਹੋਇਆ? ਮੂਸਾ ਮੌਤੋਂ ਭੱਜਾ ਮੌਤ ਅੱਗੇ ਖੜੀ। ਕੁੱਝ ਦੇਰ ਬਾਦ ਉਸ ਨੂੰ ਹੋਸ਼ ਆਈ। ਆਪਣਾ ਆਪ ਸੰਭਾਲ ਕੇ ਹੌਸਲਾ ਕਰਕੇ ਗੱਡੀ ਵੱਲ ਮੁੜਿਆ।

ਕਲੀਨਰ ਖੂਨ ਦੀ ਛਪੜੀ ਚ ਲੱਥ ਪੱਥ ਸੀਟ ਤੇ ਲੁੜ੍ਹਕਿਆ ਪਿਆ ਸੀ ਤੇ ਗੱਡੀ ਵਿਚਲਾ ਸਾਰਾ ਸਾਮਾਨ ਬੈਗ ਅਟੈਚੀ ਲੀੜਾ ਕੱਪੜਾ ਸਭ ਸਾਫ਼ ਸੀ। “‘

1970-72 ਦੇ ਦਰਮਿਆਨ ਆਪਣੇ ਹੱਕ ਮੰਗਦੇ ਪ੍ਰੋਫੈੱਸਰਾਂ ਦਾ ਸੰਘਰਸ਼ ਚੱਲਿਆ ਸੀ ਜਿਸ ਵਿਚ ਬਹੁਤ ਦੇਰ ਉਨ੍ਹਾ ਨੂੰ ਲਾਠੀ ਚਾਰਜ ਤੇ ਪਾਣੀ ਦੀਆਂ ਤੋਪਾਂ ਦੀ ਮਾਰ ਪੈਂਦੀ ਰਹੀ ਸੀ। ਹੁਣ ਓਹੋ ਹਸ਼ਰ ਹੱਕ ਮੰਗਦੇ ਅਧਿਆਪਕਾਂ ਨਾਲ ਹੁੰਦਾ ਵੇਖ ਕੇ ਮੇਰੀ ਲਿਖੀ ਪੁਰਾਣੀ ਕਹਾਣੀ ਤਾਜ਼ਾ ਹੋ ਗਈ ਹੈ।

 

ਸਾਡੇ ਹੱਕ ਐਥੇ ਰੱਖ

‘ਠੱਕ…ਠੱਕ…ਠੱਕ’ ਦਰਵਾਜੇ ਦੀ ਕੁੰਡੀ ਖੜਕੀ। ਪ੍ਰੋਫੈਸਰ ਕੁਮਾਰ ਨੇ ਉੱਪਰ ਲਈ ਲੋਈ ਚੋਂ ਬਾਹਰ ਸਿਰ ਕੱਢ ਕੇ ਝਾਕਿਆ।

‘ਠੱਕ…ਠੱਕ…ਠੱਕ ‘ ਦਰਵਾਜਾ ਫਿਰ ਖੜਕਿਆ।

‘ਕੌਣ ਐ ਭਾਈ…? ਸਵੇਰੇ ਸਵੇਰੇ …!’

‘ਅਖ਼ਬਾਰ !…।’

‘ਤੇ ਸੁੱਟ ਦੇ ਅੰਦਰ ਰੋਜ ਵਾਂਗ।’ ਉਹ ਖਿਝਿਆ ਹੋਇਆ ਬੋਲਿਆ। ਫਿਰ ਕੁੱਝ ਯਾਦ ਆਉਣ ਤੇ ਝਟਪਟ ਅੱਖਾਂ ਮਲ਼ਦਾ ਉੱਠਿਆ ਤੇ ਬਾਹਰਲੇ ਦਰਵਾਜੇ ਤੱਕ ਜਾ ਪਹੁੰਚਾ। ਅਖ਼ਬਾਰ ਵਾਲਾ ਸਾਹਮਣੇ ਖੜਾ ਸੀ… ਖੜਾ ਰਿਹਾ, ਸਵੇਰੇ ਸਵੇਰੇ ਨੰਬਰਦਾਰ ਦੇ ਮੱਥੇ ਲੱਗਣ ਵਾਂਗ ਮਨਹੂਸ। ਅਖ਼ਬਾਰ ਵਾਲੇ ਦੀਆਂ ਅੱਖਾਂ ਵਿਚ ਭਿਆਨਕ ਡਰਾਉਣੀ ਵਗਾਰ ਨਿਕਲਦੀ ਦਿਸੀ… ਵਗਾਰ ਨਹੀ… ਉਸ ਦਾ ਆਪਣਾ ਹੱਕ ਹੀ ਤਾਂ ਸੀ। ਪਿਛਲੇ ਕਈ ਮਹੀਨਿਆਂ ਤੋਂ ਅਖ਼ਬਾਰ ਦਾ ਬਿੱਲ ਬਕਾਇਆ ਸੀ ਤੇ ਉਹ ਆਪਣਾ ਹੱਕ ਹੀ ਤਾ ਮੰਗ ਰਿਹਾ ਸੀ।

‘ਅਜੇ ਤਾਂ ਤਨਖ਼ਾਹ ਨਹੀ ਮਿਲੀ… ਸੋਮੇ…। ਬੱਸ ਅੱਜ ਕੱਲ੍ਹ ਫ਼ੈਸਲਾ ਹੋਣ ਹੀ ਵਾਲਾ ਹੈ… ਹੋ ਸਕਦਾ ਅੱਜ ਹੀ ਕੱਟੀ ਕੱਟਾ ਨਿਕਲ ਜਾਏ. ਸਰਕਾਰ ਈ ਭੁਖੀ ਨੰਗੀ ਹੋਈ ਪਈ ਏ… ਛੇ ਮਹੀਨੇ ਤੋਂ ਤਨਖ਼ਾਹ ਦੀ ਟਰਕਾਈ ਲਾਈ ਜਾ ਰਹੇ ਨੇ।’ ਕੁਮਾਰ ਦਾ ਤਰਲੇ ਭਰਿਆ ਲੰਮਾ ਹਉਕਾ ਸੋਮੇ ਨੂੰ ਵੀ ਝੰਜੋੜ ਗਿਆ। ਉਸ ਨੂੰ ਅੱਜ ਤਾਂ ਪੂਰੀ ਉਮੀਦ ਸੀ ਪਈ ਇੱਧਰੋਂ ਅੱਜ ਕੁੱਝ ਨਾ ਕੁੱਝ ਜ਼ਰੂਰ ਮਿਲੇਗਾ। ਉਹ ਨਿਰਾਸ਼ਤਾ ਦੇ ਘੁੱਟ ਭਰ ਚੁਪ ਚੁਪੀਤਾ ਅਗਲੇ ਦਰਵਾਜੇ ਵੱਲ ਤੁਰ ਗਿਆ। ਪ੍ਰੋਫੈਸਰ ਸਾਹਿਬ ਦਾ ਮਨ ਤਰਸ ਨਾਲ ਪਿਘਲ ਉੱਠਿਆ. ਉਸ ਨੂੰ ਸੋਮੇ ਤੇ ਬਹੁਤ ਤਰਸ ਆਇਆ…ਉਸ ਦਾ ਕੀ ਕਸੂਰ! ਤਨਖ਼ਾਹ ਸਾਨੂੰ ਨਹੀਂ ਮਿਲੀ ਤੇ ਭੁਗਤੇ ਵਿਚਾਰਾ ਸੋਮਾ! ਇਕੱਲਾ ਸੋਮਾ ਹੀ ਨਹੀ, ਹੁਣੇ ਹੁਣੇ ਦੁੱਧ ਵਾਲਾ ਵੀ ਆਉਣ ਵਾਲਾ ਹੈ… ਬਾਣੀਆਂ ਵੀ ਆ ਧਮਕੇਗਾ… ਸਭ ਨੂੰ ਪਤਾ ਹੈ ਕਿ ਪਹਿਲੇ ਹਫ਼ਤੇ ਸਭ ਤਨਖ਼ਾਹਦਾਰਾਂ ਨੂੰ ਵੇਤਨ ਮਿਲ ਜਾਂਦੇ ਨੇ, ਪਰ ਉਨ੍ਹਾਂ ਨੂੰ ਕੀ ਪਤਾ ਕਿ ਦੇਸ਼ ਦੀ ਪਨੀਰੀ ਸਿੰਜਣ ਵਾਲੇ ਤੇ ਨੇਪਰੇ ਚਾੜ੍ਹਨ ਵਾਲੇ ਅਧਿਆਪਕ ਅੱਜ ਆਪ ਢਿੱਡੋਂ ਭੁਖੇ ਨੇ। ਅਸੀਂ ਇਹ ਵੀ ਨਹੀ ਕਹਿ ਸਕਦੇ, ‘ਭੁਖੇ ਭਗਤ ਨਾ ਕੀਚੈ, ਇਹ ਮਾਲਾ ਆਪਣੀ ਲੀਜੇ।’ ਹਾਂ ਇਹ ਜ਼ਰੂਰ ਹੈ ਕਿ ਜੇ ਆਪਣੀ ਮਿਹਨਤ ਕਮਾਈ ਦਾ ਇਵਜ਼ਾਨਾ ਪ੍ਰੇਮ ਨਾਲ ਜਾਂ ਸੁਲ੍ਹਾ ਸਫ਼ਾਈ ਨਾਲ ਨਹੀਂ ਮਿਲਦਾ ਤਾਂ ਇਸ ਲਈ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਹੀ ਪੈਂਦਾ ਹੈ।

ਕੀ ਬਣੇਗਾ ਇਸ ਦੇਸ਼ ਦਾ? ਕੀ ਬਣੇਗਾ ਇਸ ਸਮਾਜ ਦਾ? ਜਿੱਥੇ ਹੱਕ ਸੱਚ ਤੇ ਇਨਸਾਫ਼ ਲੈਣ ਲਈ ਪਿੰਡੇ ਤੇ ਲੋਹੇ ਦੇ ਸੰਗਲ ਖਾਣੇ ਪੈਂਦੇ ਨੇ… ਜੇਲ੍ਹਾਂ ਦੀ ਯਾਤਰਾ ਕਰਨੀ ਪੈਂਦੀ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ‘ਸਾਡੇ ਦੇਸ਼ ਦਾ ਬੱਚਾ ਚੰਗਾ ਖਿਡਾਰੀ ਨਹੀ ਬਣ ਸਕਦਾ, ਜਿਸ ਦਾ ਢਿੱਡ ਵੀ ਭੁਖਾ ਹੈ ਤੇ ਕੱਛਾ ਵੀ ਪਾਟਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਬੱਚਿਆਂ ਦੇ ਭਵਿੱਖ ਘੜਨ ਵਾਲੇ ਵਿਚਲ ਜਾਣ ਤਾਂ ਸਾਰੀ ਸਰਕਾਰ ਠਹਿਚਲ ਜਾਵੇਗੀ।’

ਨਾਲ ਨਾਲ ਅਖ਼ਬਾਰ ਦੀਆਂ ਸੁਰਖ਼ੀਆਂ ਪੜਦੇ ਪੜਦੇ ਉਸ ਦੀਆਂ ਨਜ਼ਰਾਂ ਰਾਸ਼ੀ-ਫਲ਼ ਵਾਲੇ ਕਾਲਮ ਤੇ ਟਿਕ ਗਈਆਂ…’ਸਿਤਾਰਾ ਉਤਮ, ਕਾਰੋਬਾਰ ਬਿਹਤਰ, ਸਮਾਜਕ ਰੁਤਬਾ ਉਚਾ, ਸਾਰੇ ਵਿਗੜੇ ਕੰਮ ਰਾਸ ਆਉਣਗੇ… ਜਿੱਧਰ ਜਾਓ ਫਤਿਹ ਪਾਓਓ।’ ਉਸ ਦਾ ਚਿਹਰਾ ਉਤਸ਼ਾਹ ਨਾਲ ਚਮਕ ਉੱਠਿਆ।

ਅੱਜ ਸਾਰੇ ਕਾਲਜਾਂ ਦੇ ਟੀਚਰਾਂ ਨੇ ਰਾਜਧਾਨੀ ਜਾਣਾ ਸੀ…ਰੈਲੀ ਕਰਨੀ ਸੀ… ਆਪਣੀਆਂ ਗਰਾਂਟਾਂ ਰੀਲੀਜ਼ ਕਰਾਉਣ ਦੇ ਹੱਕ ਵਿਚ। ਉਹ ਜਲਦੀ ਜਲਦੀ ਤਿਆਰ ਹੋ ਕੇ ਛਾਹਵੇਲਾ ਖਾਣ ਤੋਂ ਬਿਨਾਂ ਹੀ ਬਾਹਰ ਨਿਕਲ ਗਿਆ। ਅਜੇ ਥੋੜੀ ਦੂਰ ਹੀ ਗਿਆ ਸੀ ਕਿ ਇਕ ਬਿੱਲੀ ਦੌੜਦੀ ਦੌੜਦੀ ਆਈ ਤੇ ਉਸ ਦੇ ਪੈਰਾਂ ਵਿਚ ਆ ਕੇ ਬੈਠ ਗਈ। ਉਸ ਦਾ ਸਾਰਾ ਵਜੂਦ ਕੰਬ ਗਿਆ। ਬਿੱਲੀ ਕੰਬ ਰਹੀ ਸੀ…’ਹਰੇ ਰਾਮ ! ਇਹ ਕੀ ਬਦਸਗਨੀ?’ ਉਹ ਸੋਚਣ ਲੱਗਾ. ਉਸ ਨੂੰ ਜਿਵੇਂ ਕੋਈ ਡਰਾਉਣਾ ਸੁਪਨਾ ਆਇਆ ਹੋਵੇ… ਜੇ ਬਿੱਲੀ ਰਸਤਾ ਕੱਟ ਜਾਏ ਤਾਂ ਅਨਰਥ ਹੁੰਦਾ ਹੈ, ਅਣਹੋਣੀ ਵਰਤਦੀ ਹੈ…ਨੁਕਸਾਨ ਹੁੰਦਾ ਹੈ… ਪਰ ਇਹ ਤਾਂ ਮੇਰੇ ਪੈਰਾਂ ਥੱਲੇ ਹੀ ਆ ਕੇ ਅੜ ਗਈ!। ਉਸ ਨੇ ਭੁੜਕ ਕੇ ਇਕ ਝਟਕੇ ਨਾਲ ਠੁੱਡਾ ਮਾਰ ਕੇ ਬਿੱਲੀ ਪਰਾਂ ਸੁੱਟ ਮਾਰੀ।

ਜੀਭਿਆਣੀ ਬਿੱਲੀ! ਰਹਿਮ ਮੰਗਦੀ ਬਿੱਲੀ…। ਉਸ ਦੇ ਸਾਹਮਣੇ ਵੇਖਦੇ ਵੇਖਦੇ ਪਲਕ ਝਲਕ ਵਿਚ ਵੱਡੇ ਕੁੱਤਿਆਂ ਨੇ ਲੀਰੋ ਲੀਰ ਕਰ ਦਿੱਤੀ। ਪਲ ਦੀ ਪਲ ਉਸ ਨੂੰ ਜਾਪਿਆ ਇਹ ਬਿੱਲੀ ਨਹੀ, ਉਸ ਦੀ ਆਪਣੀ ਮਾਨਸਿਕਤਾ ਲੀਰੋ ਲੀਰ ਹੋਈ ਹੈ. ਉਸ ਨੇ ਆਪਣੇ ਆਪ ਨੂੰ ਬੜਾ ਵੱਡਾ ਗੁਨਾਹਗਾਰ ਸਮਝਿਆ। ‘ਮੈਂ ਆਪਣੇ ਆਪ ਦਾ ਆਤਮਘਾਤ ਕੀਤਾ ਹੈ… ਬੜਾ ਪਾਪ ਹੋਇਆ ਹੈ ਮੈਥੋਂ। ਚਲੋ ਕੋਈ ਗੱਲ ਨਹੀਂ…ਪਤਾ ਨਹੀ ਕੀ ਬਲ਼ਾ ਸੀ… ਕੀ ਅਣਹੋਣੀ ਕਰਨੀ ਸੀ ਇਸ ਨੇ!’ ਉਸ ਨੇ ਆਪਣੀ ਅੰਤਰ ਆਤਮਾ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਰਾਸ਼ੀ ਫਲ ਦੀਆਂ ਸਤਰਾਂ ਬਾਰ ਬਾਰ ਉਸ ਦੇ ਢਹਿੰਦੇ ਮਨ ਨੂੰ ਸਹਾਰਾ ਦੇ ਰਹੀਆਂ ਸਨ। ਉਸ ਦਾ ਬਾਸ ਉਸ ਨਾਲ ਨਾਰਾਜ਼ ਰਹਿੰਦਾ ਸੀ… ਉਸ ਦਾ ਪ੍ਰਧਾਨ ਉਸ ਤੋਂ ਨਾ ਖ਼ੁਸ਼ ਸੀ. ਅੱਜ ਪਹਿਲਾਂ ਜਾ ਕੇ ਉਹ ਦੋਹਾਂ ਨੂੰ ਮਿਲੇਗਾ…ਸਭ ਗਿਲੇ ਸ਼ਿਕਵੇ ਦੂਰ ਕਰੇਗਾ… ਪੈਂਤੜੇਬਾਜ਼ੀ ਮਾਰੇਗਾ ਤੇ ਰਾਸ਼ੀ-ਫਲ਼ ਦੇ ਮਹਾਤਮ ਨੂੰ ਸਫਲਤਾ ਦੀ ਪੌੜੀ ਚੜ੍ਹਦਾ ਦੇਖੇਗਾ।

ਅੱਡੇ ਤੱਕ ਪਹੁੰਚਦੇ ਪਹੁੰਚਦੇ ਉਸ ਦਾ ਸਰੀਰ ਮੁੜ੍ਹਕੇ ਮੁੜਕੀ ਹੋ ਗਿਆ। ਬੋਟੀ ਬੋਟੀ ਤੁੜਾਉਂਦੀ ਬਿੱਲੀ ਦੀ ਕੁਰਲਾਟ ਉਸ ਨੂੰ ਅਸਮਾਨੋਂ ਲੱਥੇ ਸਰਾਪ ਵਾਂਗ ਰੜਕ ਰਹੀ ਸੀ। ਉਹ ਇਕ ਮਾਸੂਮ ਬਿੱਲੀ ਨੂੰ ਜਾਬਰ ਕੁੱਤਿਆਂ ਤੋਂ ਨਹੀ ਬਚਾਅ ਸਕਿਆ, ਲਾਹਨਤ ਹੈ ਅਜੇਹੇ ਮਾਣਸ ਤੇ. ਅੱਡੇ ਦੇ ਇਕ ਪਾਸੇ ਸੜਕ ਤੇ ਕੁੱਝ ਜ਼ਿਆਦਾ ਹੀ ਭੀੜ ਲੱਗੀ ਹੋਈ ਸੀ। ਲੋਕ ਉਧਰ ਜਾ ਰਹੇ ਸਨ… ਆ ਰਹੇ ਸਨ… ਜਿਵੇਂ ਕੋਈ ਭਿਆਨਕ ਹਾਦਸਾ ਵਰਤ ਗਿਆ ਹੋਵੇ।

‘ਕੀ ਹੋਇਐ ਇੱਧਰ…?’ ਪ੍ਰੋਫੈਸਰ ਸਾਹਿਬ ਨੇ ਹੈਰਾਨੀ ਨਾਲ ਪੁਛਿਆ।

‘ਬਾਬੇ ਪ੍ਰਗਟ ਹੋਏ ਨੇ ਇੱਥੇ… ਪ੍ਰੋਫੈਸਰ ਸਾਹਿਬ! ਸ਼ੇਸ਼ਨਾਗ ਦੀ ਜਨਮ ਭੂਮੀ ਉਜਾਗਰ ਹੋਈ ਹੈ ਇੱਥੇ।’ ਹੱਸਦੇ ਹੱਸਦੇ ਰੁਲੀਏ ਅਮਲੀ ਨੇ ਉਧਰ ਇਸ਼ਾਰਾ ਕੀਤਾ।

‘ਜਾਓ ਤੁਸੀਂ ਵੀ ਜਾ ਕੇ ਮੱਥਾ ਟੇਕ ਲਓ… ਦਿਲੀ ਮੁਰਾਦਾਂ ਪੂਰੀਆਂ ਕਰਦੇ ਨੇ ਬਾਬੇ।’ ਕਿਸੇ ਹੋਰ ਸ਼ਰਧਾਲੂ ਦੀ ਸਿਫ਼ਾਰਸ਼ ਸੀ।

ਉਹ ਝਕਦਾ ਝਕਦਾ ਅੱਗੇ ਹੋਇਆ। ਸੱਚੀ ਮੁਚੀ ਕਈ ਤਰ੍ਹਾਂ ਦੇ ਸੱਪ, ਸਪੋਲੀਏ, ਸਪੂੰਡੇ, ਗਡੋਇਆਂ ਵਾਂਗ ਇਕੱਠੇ ਹੋਏ ਇਕ ਦੂਸਰੇ ਦੇ ਥੱਲੇ ਵੜ ਕੇ ਠੰਢ ਤੋਂ ਬਚਣ ਦਾ ਉਪਰਾਲਾ ਕਰ ਰਹੇ ਸਨ। ਲਾਗੇ ਮੱਥੇ ਤੇ ਤਿਲਕ ਲਗਾਈ ਇਕ ਅਖੌਤੀ ਪੁਜਾਰੀ ਇਕ ਕੁੱਪੇ ਵਿਚ ਧੂਫ਼ ਧੁਖਾ ਕੇ ਉਨ੍ਹਾਂ ਨੂੰ ਧੂਫ਼ ਦਾ ਸੇਕ ਦੇ ਰਿਹਾ ਸੀ।

‘ਆ ਜਾ ਭਗਤਾ ਤੂੰ ਵੀ ਆ ਜਾ… ਮੰਗ ਲੈ ਜੋ ਕੁੱਝ ਮੰਗਣਾ।’ ਤਿਲਕਧਾਰੀ ਨੇ ਕਾਸਾ ਅੱਗੇ ਕੀਤਾ।

‘ਨਾ ਬਾਬਾ ਨਾ…ਸੱਪ! ਹਾਂ ਸੱਪ ਤਾਂ ਸੱਪ ਹੀ ਹੁੰਦਾ ਹੈ… ਮੈ ਉਸ ਨੂੰ ਪੂਜਾਂ… ਮੱਥਾ ਟੇਕਾਂ? ਕੀ ਪਤਾ ਕਿਹੜੇ ਵੇਲੇ ਉੱਠ ਕੇ ਡੰਗ ਮਾਰ ਸੁੱਟੇ…ਤੋਬਾ ਤੋਬਾ … ਮੈ ਨਾਗ ਦੇਵਤਾ ਦੀ ਹਦੂਦ ਵਿਚ ਦਖ਼ਲ ਨਹੀ ਦੇਣਾ ਚਾਹੁੰਦਾ।’ ਉਹ ਆਪਣਾ ਆਪ ਬਚਾਉਂਦਾ ਬੱਸ ਤੇ ਜਾ ਚੜ੍ਹਿਆ।

ਕਾਲਜ ਦੇ ਗੇਟ ਤੱਕ ਪਹੁੰਚਦੇ ਪਹੁੰਚਦੇ ਉਸ ਨੇ ਵੇਖਿਆ, ਘਰੋਂ ਸਵਖਤੇ ਤੁਰਦੇ ਤੁਰਦੇ ਵੀ ਅੱਜ ਉਹ ਫਿਰ ਅੱਧਾ ਘੰਟਾ ਲੇਟ ਹੋ ਗਿਆ ਸੀ। ਉਸ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸਿੰਮ ਆਈਆਂ… ਅੱਜ ਕੀ ਬਹਾਨਾ ਲਗਾਏਗਾ? ਹਾਂ ਕਹਿ ਦੇਵੇਗਾ ਸਕੂਟਰ ਪੈਂਚਰ ਹੋ ਗਿਆ… ਫਿਰ ਬੱਸ ਲਈ…ਸਾਲੀ ਬੱਸ ਵੀ ਪੈਂਚਰ ਹੋ ਗਈ ਜਾਂ ਕਹਾਂਗਾ ਐਕਸੀਡੈਂਟ ਹੁੰਦੇ ਹੁੰਦੇ ਮਸਾਂ ਬਚੀ। ਹਾਜ਼ਰੀ ਰਜਿਸਟਰ ਵੱਲ ਵਧਿਆ।

‘ਸਾਹਿਬ ਦੇ ਅੰਦਰ…।’ ਕਲਰਕ ਨੇ ਮੁਸਕਰਾ ਕੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ। ਪਰਦਾ ਚੁੱਕ ਕੇ ਅੰਦਰ ਗਿਆ। ਮੀਟਿੰਗ ਚੱਲ ਰਹੀ ਸੀ…ਉਹ ਚੁਪ ਚੁਪੀਤੇ ਪਿੱਛੇ ਬੈਠ ਗਿਆ। ਪ੍ਰੋਫੈਸਰ ਲਾਮਾ ਸਪੀਚ ਦੇ ਰਿਹਾ ਸੀ। ਰਾਜਧਾਨੀ ਦੀ ਰੈਲੀ ਬਾਰੇ…ਸਰਕਾਰ ਦੀ ਡੰਗ ਟਪਾਊ ਟਰਕਾਊ ਨੀਤੀ ਬਾਰੇ… ਜਾਦੂ ਟੂਣੇ ਵਹਿਮਾਂ ਭਰਮਾਂ ਬਾਰੇ…ਭੂਤਾਂ ਚੁੜੇਲਾਂ ਬਾਰੇ। ਤੇ ਫਿਰ…

‘ਮੈਂ ਪ੍ਰੋਫੈਸਰ ਕੁਮਾਰ ਦਾ ਨਾਮ ਤਜਵੀਜ਼ ਕਰਦਾ ਹਾਂ ਕਿ ਉਹ ਅੱਜ ਦੀ ਸਾਰੀ ਮੁਹਿੰਮ ਦੀ ਅਗਵਾਈ ਕਰਨਗੇ।’ ਸਾਰੀਆਂ ਧੌਣਾਂ ਪਿੱਛੇ ਮੁੜੀਆਂ।

‘ਮੈਂ ਤਾਈਦ ਕਰਦਾ ਹਾਂ।’ ਪ੍ਰਿੰਸੀਪਲ ਦੀ ਆਵਾਜ਼ ਆਈ। ਤਾੜੀਆਂ ਦੀ ਗੜਗੜਾਹਟ ਸੁਣ ਕੇ ਪ੍ਰੋਫੈਸਰ ਕੁਮਾਰ ਦੀ ਛਾਤੀ ਫੁਲ ਗਈ. ਉਸ ਨੂੰ ਰਾਸ਼ੀ-ਫਲ਼ ਦੇ ਹਰਫ਼ ਸੱਚੋ ਸੱਚ ਚਮਕਦੇ ਨਜ਼ਰ ਆਉਣ ਲੱਗੇ।

ਉਹ ਉੱਠ ਕੇ ਸਟੇਜ ਵੱਲ ਵਧਿਆ. ਤਾੜੀਆਂ ਨੇ ਫਿਰ ਉਸ ਦਾ ਸਵਾਗਤ ਕੀਤਾ।  ਹੱਥ ਜੋੜ ਕੇ ਸਿਰ ਨਿਵਾ ਕੇ ਉਸ ਨੇ ਤਾੜੀਆਂ ਦਾ ਹੁੰਗਾਰਾ ਭਰਿਆ ਤੇ ਸਭ ਦਾ ਧੰਨਵਾਦ ਕੀਤਾ। ਉਸ ਨੇ ਪ੍ਰਿੰਸੀਪਲ ਤੇ ਪ੍ਰਧਾਨ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਜਿਨ੍ਹਾਂ ਉਸ ਨਿਮਾਣੇ ਜਿਹੇ ਨਿਗੂਣੇ ਜਿਹੇ ਨੂੰ ਇਸ ਵੱਡੀ ਸਾਰੀ ਮੁਹਿੰਮ ਦਾ ਮੋਢੀ ਬਣਾਇਆ। ਉਸ ਦੇ ਸਾਹਮਣੇ ਉਸ ਦੇ ਆਪਣੇ ਹੀ ਨਹੀ ਹੋਰਾਂ ਕਾਲਜਾਂ ਦੇ ਨੁਮਾਇੰਦੇ ਵੀ ਆਏ ਬੈਠੇ ਸਨ।

‘ਸਾਥੀਓ! ਪ੍ਰੋਫੈਸਰ ਲਾਮਾ ਸਾਹਿਬ ਭੁੱਲ ਗਏ ਨੇ… ਕਿ ਜਿੰਨਾ ਚਿਰ ਇਹ ਪੇਟ ਭੁਖਾ ਹੈ… ਜਿੰਨਾ ਚਿਰ ਇਸ ਭੱਠੀ ਵਿਚ ਬਾਲਣ ਨਹੀ ਪੈਂਦਾ, ਉਤਨੀ ਦੇਰ ਹੋਰ ਸੁਪਨੇ ਲੈਣੇ ਬੇਕਾਰ ਹਨ. ਭੁੱਖੇ ਢਿੱਡ ਤੁਸੀਂ ਸਰਕਾਰ ਨਾਲ ਜਾਂ ਭੂਤਾਂ ਚੁੜੇਲਾਂ ਨਾਲ ਤਾਂ ਕੀ… ਆਪਣੀ ਆਤਮਾ ਨਾਲ ਵੀ ਨਹੀ ਲੜ ਸਕਦੇ।’

‘ਬਿਲਕੁਲ ਠੀਕ! ਅਸੀਂ ਹਾਮੀ ਭਰਦੇ ਹਾਂ…।’ ਫਿਰ ਤਾੜੀਆਂ!

‘ਛੇ ਮਹੀਨੇ ਜਿਸ ਮੁਲਾਜ਼ਮ ਨੂੰ ਤਨਖ਼ਾਹ ਨਾ ਮਿਲੇ ਉਹ ਕੰਮ ਕੀ ਕਰੇਗਾ? ਛੇ ਮਹੀਨੇ ਜਿਸ ਪ੍ਰਾਧਿਆਪਕ ਨੂੰ ਰੋਟੀ ਨਾ ਮਿਲੇ … ਮਿਹਨਤਾਨਾ ਨਾ ਮਿਲੇ ਜਿਸ ਦੇ ਆਪਣੇ ਬੱਚੇ ਸਾਹਮਣੇ ਰੋਟੀ ਕਪੜੇ ਤੋਂ ਊਣੇ ਹੋਣ ਉਹ ਹੋਰਾਂ ਬੱਚਿਆਂ ਨੂੰ ਕੀ ਪੜਾਏਗਾ? ਕੀ ਸਿਖਾਏਗਾ ?’ ਪ੍ਰੋਫੈਸਰ ਕੁਮਾਰ ਨੇ ਸਹਿਜ-ਸੁਭਾ ਗੱਲ ਸ਼ੁਰੂ ਕਰ ਕੇ ਜੁਝਾਰੂ ਰੰਗ ਭਰ ਕੇ  ਗੱਲ ਦਾ ਮਾਹੌਲ ਬਦਲ ਦਿੱਤਾ।

‘ਕਿਸੇ ਮਾਲਕ ਨੇ ਆਪਣੇ ਬੱਚੇ ਪਾਲਨ ਪੋਸ਼ਣ ਤੇ ਖਿਡਾਉਣ ਪੜਾਉਣ ਲਈ ਇਕ ਨੌਕਰ ਰੱਖਿਆ…ਉਸ ਦੇ ਹੱਥੀ ਬੱਚਿਆਂ ਨੂੰ ਚੰਗਾ ਚੋਖਾ ਖਾਣ ਨੂੰ ਮਿਲਦਾ ਪਰ ਉਸ ਨੂੰ ਬਚੀ-ਖੁਚੀ ਬਹੀ ਵਾਧੂ ਘਾਟੂ ਖ਼ੁਰਾਕ ਨਸੀਬ ਹੁੰਦੀ। ਨੌਕਰ ਇਕ ਦਿਨ ਤੰਗ ਆ ਕੇ ਬੱਚਿਆ ਨੂੰ ਬਾਹਰ ਲੈ ਗਿਆ ਤੇ ਕੀੜਿਆਂ ਦੇ ਭੌਣ ਤੇ ਬਿਠਾ ਦਿਤਾ. ਕੀੜੇ ਲੜਨ ਲੱਗੇ… ਬੱਚੇ ਚਲਾਉਣ ਲੱਗੇ…। ਜਦ ਚੰਗੀ ਤਰ੍ਹਾਂ ਝੁੱਟੀ ਲੱਗ ਗਈ ਤਾਂ ਉਸ ਨੇ ਚੁੱਕ ਕੇ ਬੱਚੇ ਪਾਸੇ ਕੀਤੇ ਤੇ ਕਹਿਣ ਲੱਗਾ, ‘ਵੇਖਿਆ ਬੱਚਿਓ! ਕਿੰਨੇ ਚੰਗੇ ਸੀ ਇਹ ਕਾਢੇ?… ਇਹਨਾਂ ਦੀ ਰਾਣੀ ਕਹਿੰਦੀ ਸੀ ਕਿ ਅੱਗੇ ਤੋਂ ਜੋ ਖਾਣਾ ਬੱਚੇ ਖਾਣਗੇ ਜੇ ਉਹੀ ਖਾਣਾ ਨੌਕਰ ਖਾਏਗਾ ਤਾਂ ਫਿਰ ਇਹ ਕੀੜੇ ਨਹੀਂ ਲੜਨਗੇ।’ ਬੱਚਿਆਂ ਨੇ ਉਹੀ ਸੁਨੇਹਾ ਘਰ ਜਾ ਕੇ ਦੇ ਦਿੱਤਾ। ਬੱਚਿਆਂ ਦੇ ਥਾਂ ਥਾਂ ਤੋਂ ਚਰੁੰਡੇ ਸਰੀਰਾਂ ਨੇ ਮਾਲਕ ਨੂੰ ਜਗਾਇਆ। ਉਨ੍ਹਾਂ ਦੀ ਹੋਸ਼ ਪਰਤੀ। ਉਨ੍ਹਾਂ ਸੱਚ ਮੁਚ ਹੀ ਆਪਣੀ ਗ਼ਲਤੀ ਮਹਿਸੂਸ ਕਰ ਕੇ ਨੌਕਰ ਨੂੰ ਵੀ ਸਾਵਾਂ ਚੰਗੇਰਾ ਖਾਣਾ ਦੇਣਾ ਸ਼ੁਰੂ ਕਰ ਦਿੱਤਾ।’

‘ਅਸੀਂ ਕੀਹਨੂੰ ਰੱਖੀਏ ਭੌਣ ਤੇ…?’ ਸਰੋਤਿਆਂ ਚੋਂ ਆਵਾਜ਼ਾਂ।

‘ਸਾਨੂੰ ਭੌਣ ਤੇ ਰੱਖਣ ਦੀ ਲੋੜ ਨਹੀਂ… ਸਾਨੂੰ ਧੌਣ ਤੇ ਲੱਤ ਰੱਖਣ ਦੀ ਲੋੜ ਹੈ. ਇਹ ਕੰਮ ਸਖ਼ਤ ਹੱਥਾਂ ਨਾਲ ਕਰਨਾ ਪੈਣਾ ਹੈ. ਗਲ ਵਿਚ ਢੋਲ ਪਾ ਕੇ ਵਜਾਉਣਾ ਪੈਣਾ ਹੈ ਤਾਂ ਜੋ ਸੁੱਤੇ ਕੁੰਭਕਰਨ ਨੂੰ ਜਗਾਇਆ ਜਾ ਸਕੇ। ਸਾਨੂੰ ਆਪਣੇ ਹੱਕ ਦੇ ਨਾਲ ਫ਼ਰਜ਼ ਦੀ ਵੀ ਉਤਨੀ ਹੀ ਰਾਖੀ ਕਰਨੀ ਚਾਹੀਦੀ ਹੈ. ਅਸੀਂ ਵਿਦਿਆ ਨੂੰ ਵਪਾਰ ਨਹੀ, ਪਰਉਪਕਾਰ ਸਮਝਦੇ ਹਾਂ. ਟੀਚਰ ਟੀਚਰ ਹੀ ਰਹਿਣੇ ਚਾਹੀਦੇ ਨੇ… ਵਿਦਿਆ ਦਾ ਵਪਾਰੀਕਰਨ ਮਨੁੱਖਤਾ ਦੀ ਪਿੱਠ ਵਿਚ ਛੁਰਾ ਮਾਰਨਾ ਹੈ। ਅਸੀ ਪਹਿਲਾਂ ਹੀ ਭੁਖੇ ਹਾਂ…ਭੁਖ ਸਹਿਣ ਦੇ ਆਦੀ ਹੋ ਗਏ ਹਾਂ… ਕੀ ਅਸੀਂ ਦਸ ਦਿਨ ਹੋਰ ਭੁਖ ਹੜਤਾਲ ਨਹੀਂ ਕਰ ਸਕਦੇ!’

‘ਕਰ ਸਕਦੇ ਹਾਂ…ਹਾਂ…ਕਰੋ…ਸ਼ਾਂਤਮਈ ਮਾਰਚ! ਭੁਖ ਹੜਤਾਲ।’ ਸਰੋਤਿਆਂ ਦੀਆਂ ਆਵਾਜ਼ਾਂ।

‘ਕਿੱਥੇ ਫਿਰ ਰਹੇ ਹੋ…ਭਲਿਓ ਲੋਕੋ! ਇਸ ਅਰਾਜਕਤਾ ਦੇ ਦੌਰ ਵਿਚ ਪਾਰਦਰਸ਼ਤਾ ਲੱਭਦੇ ਓ! ਉਹ ਫਿਰੇ ਨੱਥ ਘੜਾਉਣ ਨੂੰ…ਉਹ ਫਿਰੇ ਨੱਕ ਵਢਾਉਣ ਨੂੰ। ਤੁਸੀਂ ਉਨ੍ਹਾਂ ਤੋਂ ਵੱਧ ਤਨਖ਼ਾਹਾਂ ਦੀ ਉਮੀਦ ਕਰਦੇ ਹੋ? ਰਾਸ਼ਟਰੀਅਤਾ ਦੇ ਨਾਮ ਥੱਲੇ ਉਨ੍ਹਾਂ ਦੀਆਂ ਮੜ੍ਹੀਆਂ ਤੇ ਦੀਵੇ ਜਗਾਉਂਦੇ ਹੋ… ਉਹ ਤੁਹਾਡੇ ਲਈ ਉੱਖਲ਼ੀਆਂ ਖ਼ੋਦ ਰਹੇ ਨੇ। ਕਹਿੰਦੇ ਨੇ ਨਾਂ, ਡਰਾਈਵਰ ਭੁੱਖੇ ਰਹਿਣ ਤਾਂ ਐਕਟਿਵ ਰਹਿੰਦੇ ਨੇ ਤੇ ਜੇ ਰੱਜ ਕੇ ਸਟੇਅਰਿੰਗ ਤੇ ਬੈਠ ਜਾਣ ਤਾਂ ਐਕਸੀਡੈਂਟ ਕਰ ਮਾਰਦੇ ਨੇ। ਅਧਿਆਪਕ ਭੁਖੇ ਹੀ ਚੰਗੇ ਨੇ… ਰੱਜ ਗਏ ਤਾਂ ਸੌਂ ਜਾਣਗੇ… ਸੌ ਗਏ ਤਾਂ ਦੇਸ਼ ਦਾ ਭਵਿਖ ਸੌਂ ਜਾਵੇਗਾ।’ ਇਕ ਫ਼ੱਕਰ ਕਿਸਮ ਦਾ ਪ੍ਰਾਧਿਆਪਕ ਸਟੇਜ ਤੇ ਚੜ ਬੈਠਾ।

‘ਵਾਹ…ਵਾਹ…ਗੁੱਡ ਆਈਡੀਆ…ਚੰਗੀ ਥਾਟ ਹੈ।’

‘ਅਧਿਆਪਕ ਤਾਂ ਭੁਖ ਸਹਿਣ ਵਾਲੇ ਚਾਹੀਦੇ ਨੇ… ਪਾ ਦਿਓ ਉਨ੍ਹਾਂ ਦੇ ਗਲ ਕਾਠ ਦੀਆਂ ਰੋਟੀਆਂ… ਉਹ ਲੰਗੋਟਧਾਰੀ ਹੋਣੇ ਚਾਹੀਦੇ ਨੇ, ਦੇ ਦਿਓ ਉਨ੍ਹਾਂ ਨੂੰ ਅੱਧਾ ਮੀਟਰ ਕੱਪੜਾ…ਉਹ ਨਾਗੇ ਹੋਣੇ ਚਾਹੀਦੇ ਨੇ, ਦੇ ਦਿਓ ਉਨ੍ਹਾਂ ਨੂੰ ਕੇਲੇ ਦੇ ਪੱਤਿਆਂ ਦੀਆਂ ਕਾਤਰਾਂ… ਉਹ ਤੁਹਾਡੇ ਮਸ਼ਕੂਲੇ ਨੇ ਕਰਦੇ ਰਹੋ ਉਨ੍ਹਾਂ ਨਾਲ ਮਸ਼ਕਰੀਆਂ।’ ਬੁਲਾਰੇ ਨੇ ਹਾਸੇ ਤੇ ਗੰਭੀਰਤਾ ਦਾ ਮਿਲਗੋਭਾ ਵੰਡ ਦਿਤਾ।

‘ਗੰਧਲਾਏ ਅਸਮਾਨ ਦੇ ਚੰਦ ਧੁੰਦਲਾਏ ਹੀ ਹੋਣਗੇ… ਕਦੇ ਪੂਰਾ ਚਾਨਣ ਨਹੀ ਦੇਣਗੇ। ਆਵਾਰਾਗਰਦ ਨਸ਼ੀਲੀ ਹਵਾ ਕਦੇ ਵੀ ਸਵੱਸ਼ ਪੌਣ ਪਾਣੀ ਨਹੀ ਦੇਵੇਗੀ. ਉਹ ਵੰਡੇਗੀ ਸਮੈਕ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ… ਦੇਸ਼ ਦੇ ਆਉਣ ਵਾਲੇ ਹਾਕਮਾਂ ਨੂੰ। ਜੇ ਮੰਨਦੇ ਹੋ ਕਿ ਅਧਿਆਪਕ ਦੇਸ ਦੇ ਭਵਿਖ ਦੇ ਘੜਨ ਹਾਰੇ ਨੇ ਤਾਂ ਉਨ੍ਹਾਂ ਨਾਲ ਅਜਿਹਾ ਲੱਚਰਪੁਣਾ ਕਿਉ? ਸੌਂਕਣਾਂ ਵਾਲਾ ਵਤੀਰਾ ਕਿਉ? ਇਸ ਲਈ ਕਿ ਉਹ ਸਾਊ ਹਨ! ਤੁਹਾਡੀ ਡਾਂਗ ਅੱਗੋਂ ਨਹੀਂ ਫੜਦੇ…ਖੇਖਣਹਾਰੀਆਂ ਕਲਾਬਾਜ਼ੀਆਂ ਦਿਖਾਉਣ ਦੀ ਥਾਂ ਸਾਰਥਿਕ ਤੇ ਉਸਾਰੂ ਪਹੁੰਚ ਕਰਦੇ ਨੇ! ਅਧਿਆਪਕ ਬੜਾ ਉਚਾ ਤੇ ਸੁੱਚਾ ਰੁਤਬਾ ਹੈ। ਰੱਬ ਨਾਲੋਂ ਵੀ ਪਵਿੱਤਰ! ਪਰ ਭੁੱਖ, ਹਾਂ ਭੁੱਖ ਤੇ ਨੀਂਦ ਤਾਂ ਜਿਉਂਦੇ ਜੀਅ ਆਉਂਦੀ ਹੀ ਹੈ ਸਭ ਨੂੰ …ਤੇ ਪੇਟ ਝੁਲਕੇ ਲਈ ਕੁੱਝ ਕਰਨਾ ਹੀ ਪੈਣਾ ਹੈ. ਪੜ੍ਹਿਆ ਲਿਖਿਆ ਅਧਿਆਪਕ ਇਸ ਕਾਰਜ ਲਈ ਚੋਰੀ ਨਹੀ ਕਰ ਸਕਦਾ, ਡਾਕੇ ਨਹੀਂ ਮਾਰ ਸਕਦਾ। ਉਸ ਨੇ ਤਾਂ ਸ਼ਾਂਤਮਈ ਤਰੀਕੇ ਨਾਲ ਆਪਣਾ ਹੱਕ ਮੰਗਣਾ ਹੈ।’

‘ਮੈਂ ਮਰਨ ਵਰਤ ਤੇ ਬੈਠਾਂਗਾ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ…ਇਹ ਲੜੀ ਜਾਰੀ ਰਹੇਗੀ।’ ਪ੍ਰੋਫੈਸਰ ਕੁਮਾਰ ਨੇ ਪੇਸ਼ਕਸ਼ ਕੀਤੀ।

‘ਪਿਛਲੇ ਵੱਡੇ ਵਜੀਰ ਨੇ ਸਾਡੇ ਨਾਲ ਹਮਦਰਦੀ ਜਿਤਾਈ ਸੀ… ਸਾਡੇ ਗਰੇਡ ਕਲੀਅਰ ਕਰ ਦਿਤੇ ਸਨ…ਨੋਟੀਫ਼ਿਕੇਸ਼ਨ ਵੀ ਹੋ ਗਈ ਸੀ…ਪਰ ਉਸ ਨੇ ਆਪਣਾ ਫ਼ੈਸਲਾ ਸੁਹਿਰਦਤਾ ਨਾਲ ਲਾਗੂ ਨਹੀਂ ਕੀਤਾ। ਸਰਕਾਰ ਨੇ ਉਸ ਦੇ ਇੰਤਕਾਲ ਤੋ ਬਾਦ ਇਹ ਫ਼ੈਸਲਾ ਫ਼ੰਡ ਨਾ ਹੋਣ ਦਾ ਬਹਾਨਾ ਲਗਾ ਕੇ ਫਿਰ ਠੰਢੇ ਬਸਤੇ ਵਿਚ ਬੰਦ ਕਰ ਦਿੱਤਾ ਤੇ ਉਸ ਵਜੀਰ ਦੀ ਸਮਾਧ ਬਣਾਉਣ ਲਈ ਕਰੋੜਾ ਰੂਪੈ ਖ਼ਰਚ ਕਰ ਦਿਤੇ। ਉਨ੍ਹਾਂ ਹੀ ਪੈਸਿਆਂ ਨਾਲ ਉਹ ਹਜ਼ਾਰਾਂ ਰੁਲਦੇ ਅਧਿਆਪਕਾਂ ਦਾ ਭਵਿਖ ਸੰਵਾਰਿਆ ਜਾ ਸਕਦਾ ਸੀ। ਇਕ ਵਜੀਰ ਤੇ ਘੱਟੋ ਘੱਟ ਪੰਜ ਦਸ ਲੱਖ ਰੂਪੈ ਮਾਸਿਕ ਖ਼ਰਚ ਹੁੰਦਾ ਹੈ ਤੇ ਜੇ ਇਹ ਵਜੀਰਾ ਦੀ ਫ਼ੌਜ ਅੱਧੀ ਕਰ ਦਿੱਤੀ ਜਾਏ ਤਾਂ ਸਾਰੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਹਨ। ਕਿਸੇ ਵੀ ਮੁਲਾਜ਼ਮ ਜਥੇਬੰਦੀ ਨੂੰ ਹੜਤਾਲਾਂ ਕਰਨ ਲਈ ਮਜਬੂਰ ਨਹੀਂ ਹੋਣਾ ਪਵੇਗਾ।’

‘ਰਾਣੀ ਨੂੰ ਕੋਣ ਕਰੇ ਅੱਗਾ ਢੱਕ?’

ਬਾਹਰ ਗੱਡੀਆਂ ਦੇ ਹਾਰਨ ਵੱਜੇ… ਰੈਲੀ ਵਾਸਤੇ ਜਾਣ ਵਾਲੀਆਂ ਗੱਡੀਆਂ ਦੀ ਆਵਾਜ਼ ਸੁਣ ਕੇ ਪ੍ਰੋਫੈਸਰ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ. ਸ਼ਾਂਤਮਈ ਪ੍ਰਦਰਸ਼ਨ ਲਈ ਬੇਨਤੀ ਕੀਤੀ ਤੇ ਜੋਰ ਦਿੱਤਾ ਕਿ ਕੋਈ ਵੀ ਹਿੰਸਾ ਵਾਲਾ ਕੰਮ ਨਾ ਕੀਤਾ ਜਾਏ।

ਕੁੱਝ ਵਾਹਨ ਬੀਤ ਚੁੱਕੇ ਵਜ਼ੀਰ ਦੀ ਢਾਈ ਏਕੜ ਸਮਾਧ ਵੱਲ ਹੋ ਤੁਰੇ ਕਿ ਚੱਲੋ ਉਸ ਕੋਲ ਜਾ ਕੇ ਰੋਂਦੇ ਹਾਂ ਕਿ ਤੂੰ ਇਕਰਾਰ ਕੀਤਾ ਸੀ, ਹੁਣ ਆਪਣੇ ਜਾਨਸ਼ੀਨਾਂ ਨੂੰ ਕਹਿ ਕੇ ਆਪਣਾ ਇਕਰਾਰ ਲਾਗੂ ਕਰਵਾ। ਸਮਾਧ ਤੇ ਕੀਤਾ ਕਰੋੜਾਂ ਰੂਪੈ ਦਾ ਖ਼ਰਚ… ਇਸ ਦੀ ਰਾਖੀ ਲਈ ਸੁਰੱਖਿਆ ਕਰਮੀ… ਰੱਖ ਰਖਾਵ ਲਈ ਹੋਰ ਕਰਮਚਾਰੀ ਤੇ ਮਾਲੀ … ਚਾਰ ਚੁਫੇਰੇ  ਲਹਿਲਹਾਉਂਦੇ ਬਾਗ ਬਗੀਚੇ ਫੁਹਾਰੇ ਵੇਖ ਕੇ ਪ੍ਰੋਫੈੱਸਰ ਤੜਪ ਉਠੇ।

‘ਕਿੰਨਾ ਲੋਹੜਾ ਲੋਕੋ! ਕਿਧਰੇ ਜੀਊਦਿਆਂ ਨੂੰ ਇੱਥੇ ਰੋਟੀ ਨੀ ਮਿਲਦੀ ਤੇ ਮੋਇਆਂ ਤੇ ਇਤਨਾ ਬੇਲੋੜਾ ਖ਼ਰਚ! ਸ਼ਰਮ ਨਹੀ ਅਜਿਹੀ ਸਿਆਸਤ ਨੂੰ!’ ਕੁੱਝ ਔਰਤ ਅਧਿਆਪਕਾਂ ਪੁਲਸ ਰੋਕਾਂ ਤੋੜ ਕੇ ਅੱਗੇ ਵੱਧ ਗਈਆਂ ਤੇ ਸਮਾਧ ਤੇ ਖੜੋ ਕੇ ਪਿੱਟਣਾ ਸ਼ੁਰੂ ਹੋਇਆ…ਵੈਣ ਪਾਉਣ ਲੱਗੀਆਂ…ਸਿਆਪੇ ਹੋਣ ਲੱਗੇ।

‘ਹੈ ਹੈ ਸ਼ੇਰਾ…ਤੂੰ ਕਿਉਂ ਮਰਿਆ।’ ਇਕ ਟੋਲੀ ਵੱਲੋਂ ਆਵਾਜ਼ ਆਈ।

‘ਸਾਡਾ ਵਾਅਦਾ ਨਾ ਪੂਰਾ ਕਰਿਆ’। ਦੂਜੀ ਟੋਲੀ ਦੀ ਹੇਕ ਸੀ।

‘ਤੂੰ ਨਾ ਆਪਣੀ ਜ਼ਬਾਨ ਪੁਗਾਈ।’

ਸਾਡੀ ਪਿੱਠ ਵਿਚ ਛੁਰੀ ਖੁਭੋਈ।’

ਭੀੜ ਵਿਚ ਹੁੱਲੜ ਬਾਜੀ ਮੱਚ ਗਈ। ਪੁਲਸ ਹੱਥਾਂ ਵਿਚ ਲਾਠੀਆਂ ਫੜੀ ਬੇਵੱਸ ਹੋਈ ਉੱਪਰ ਦਾ ਹੁਕਮ ਉਡੀਕ ਰਹੀ ਸੀ। ਕੁੱਝ ਲੀਡਰ ਨੁਮਾ ਲੋਕ ਸਮਾਧ ਤੇ ਫੁਲ ਚੜਾ ਰਹੇ ਸਨ… ਕੁੱਝ ਬੁਰਾ ਭਲਾ ਕਹਿ ਰਹੇ ਸਨ।

‘ਮੜ੍ਹੀਆਂ ਨੂੰ ਪੂਜਣ ਵਾਲ਼ਿਓਂ…ਸ਼ਰਮ ਕਰੋ… ਕੁੱਝ ਹੋਸ਼ ਕਰੋ। ਜੋ ਜਿਉਂਦੇ ਜੀਅ ਕੁੱਝ ਦੇ ਨਾ ਸਕਾ, ਕੀ ਮਰ ਕੇ ਤੁਹਾਨੂੰ ਦੇਵੇਗਾ।’ ਲਾਗੇ ਦਰਖਤ ਤੇ ਚੜ੍ਹਿਆ ਕੋਈ ਮਨਚਲਾ ਗਾਣਾ ਗਾ ਰਿਹਾ ਸੀ।

ਪ੍ਰੋਫੈਸਰ ਕੁਮਾਰ ਚਬੂਤਰੇ ਤੇ ਚੜ ਕੇ ਮਾਈਕ ਫੜ ਬੈਠਾ। ਸਭ ਦਾ ਧਿਆਨ ਉਧਰ ਖਿੱਚਿਆ ਗਿਆ। ਉਸ ਦੇ ਹੱਥ ਵਿਚ ਸ਼ਾਮ ਦਾ ਖ਼ਬਰਨਾਮਾ/ਜ਼ਮੀਮਾ ਫੜਿਆ ਹੋਇਆ ਸੀ।

‘ਭੈਣੋ ਤੇ ਭਰਾਓ! ਅੱਜ ਅਸੀਂ ਬੜੇ ਚੰਗੇ ਵੇਲੇ ਆ ਗਏ ਹਾਂ। ਅੱਜ ਸਾਡੀ ਵਜ਼ਾਰਤ ਵਿਚ ਦਸ ਨਵੇਂ ਵਜੀਰ ਸਹੁੰ ਚੁੱਕਣ ਵਾਲੇ ਹਨ… ਅਸੀਂ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਸ਼ੋਭਾ ਵਧਾਵਾਂਗੇ।’

‘ਸਾਡੇ ਹੱਕ… ਇੱਥੇ ਰੱਖ…।’ ਨਾਅਰੇ ਲੱਗਦੇ ਹਨ।

ਦੂਜੀ ਇਕ ਹੋਰ ਤਾਜ਼ਾ ਖ਼ਬਰ ਕਿ ਵਜੀਰਾ ਅਤੇ ਵਿਧਾਇਕਾਂ ਦੀ ਮਾਸਿਕ ਤਨਖ਼ਾਹ ਤੇ ਭੱਤਿਆਂ ਵਿਚ ਹੋਰ ਵਾਧਾ ਕਰਨ ਲਈ ਮਤਾ ਪਾਸ ਹੋ ਗਿਆ ਹੈ। ਤੀਜੀ ਹੋਰ ਮੰਦਭਾਗੀ ਖ਼ਬਰ ਕਿ ਅਸੈਂਬਲੀ ਭਵਨ ਵਿਚ ਬਹਿਸ ਮੁਬਾਹਸੇ ਵਿਚ ਵਿਧਾਇਕਾਂ ਦੀ ਇਕ ਦੂਜੇ ਨਾਲ ਹੱਥੋ ਪਾਈ… ਛਿੱਤਰੋ-ਛਿੱਤਰੀ ਲੜਾਈ … ਤੇ ਕੁਰਸੀਆਂ ਦੀ ਭਿੜੰਤ ਵਿਚ ਅੱਧੀ ਦਰਜਨ ਵਿਧਾਇਕ ਜ਼ਖਮੀ ਹੋ ਗਏ.

‘ਭੂਤ ! ਭੂਤ… ਇਹ ਸਾਰੇ ਭੂਤ।’ ਭੀੜ ਵਿਚੋਂ ਆਵਾਜ਼ਾਂ ਸੁਣ ਕੇ ਸਾਰੀ ਭੀੜ ਖਿੰਡ-ਪੁੰਡ ਕੇ ਗੱਡੀਆਂ ਵਿਚ ਜਾ ਸਵਾਰ ਹੋਈ।

ਔਰਤਾਂ ਮਰਦ ਸਾਰੇ ਪ੍ਰੋਫੈਸਰ ਇਕ ਦੂਜੇ ਤੋਂ ਮੂਹਰੇ ਜਲਦੀ ਸਕੱਤਰੇਤ ਵਿਚ ਪਹੁੰਚਣ ਦੀ ਕਾਹਲ ਵਿਚ ਸਨ। ਗੱਡੀਆਂ ਦਾ ਕਾਫ਼ਲਾ ਬਹੁਤ ਦੂਰ ਪਹਿਲਾਂ ਹੀ ਰੁਕ ਗਿਆ, ਇਸ ਤੋਂ ਅਗੇ ਪੈਦਲ ਮਾਰਚ! ਪੈਰ ਪੈਰ ਤੇ ਪੁਲਿਸ ਦੀ ਚੈਕਿੰਗ ਤੇ ਬੈਰੀਕੇਡ… ਪੁਲਿਸ ਮੋਬਾਈਲ ਫ਼ੋਨ ਤੇ ਵਾਇਰਲੈੱਸ ਸਤਰਕ ਹੋਏ, ਥਾਂ ਥਾਂ ਪੈਰ ਪੈਰ ਟੂੰ ਟੂੰ ਕਰ ਰਹੇ ਸਨ। ਅਗਲੇ ਪੁਲਿਸ ਨਾਕੇ ਤੇ ਸਿਪਾਹੀ ਔਰਤਾਂ ਤੇ ਮਰਦ ਬੜੀ ਉਤਸੁਕਤਾ ਤੇ ਬੇਸਬਰੀ ਨਾਲ ਇਸ ਕੋਮ ਦੇ ਘੜਨ ਹਾਰਿਆਂ ਦੀ ਸੇਵਾ ਕਰਨ ਹਿਤ ਉਡੀਕ ਕਰ ਰਹੇ ਸਨ। ਸੜਕ ਡਰੰਮਾਂ ਨਾਲ, ਲੋਹੇ ਦੇ ਸੰਗਲ਼ਾਂ ਨਾਲ ਤੇ ਰੱਸਿਆਂ ਨਾਲ ਬੰਦ ਕੀਤੀ ਪਈ ਸੀ. ਪਿੱਛੇ ਸਿਪਾਹੀ ਹੱਥ ਨਾਲ ਹੱਥ, ਪਾਈ ਇਕ ਲਾਈਨ ਵਿਚ ਖੜੇ ਸਨ, ਮਾਨੋ ਕਿਸੇ ਵੱਡੇ ਵਜੀਰ ਨੇ ਇੱਥੇ ਫੀਤਾ ਕੱਟਣ ਦੀ ਰਸਮ ਲਈ ਆਉਣਾ ਹੋਵੇ।

‘ਸਾਡਾ ਸਬਰ ਹੋਰ ਨਾ ਪਰਖੋ। ਤੁਹਾਨੂੰ ਪਤਾ ਹੈ ਸਾਡੀ ਇਹ ਕੌਮ ਬਹੁਤ ਸਾਊ ਹੈ। ਤੁਸੀਂ ਸਰਕਾਰ ਦੇ ਚੌਕੀਦਾਰ ਸਾਡੇ ਨਾਲ ਮੱਥਾ ਨਾ ਲਾਓ।’ ਤੇਜ ਹੜ ਦੇ ਵਹਾਅ ਵਾਂਗ ਇਕ ਧੱਕੇ ਵਿਚ ਹੀ ਹਜੂਮ ਰੱਸੇ ਧੂੰਹਦਾ ਸਿਪਾਹੀਆਂ ਨੂੰ ਪਾਸੇ ਧੱਕਦਾ ਅੱਗੇ ਵਧ ਗਿਆ। ਇਹ ਸਭ ਵੇਖ ਕੇ ਅੱਗੇ ਖੜੇ ਪੁਲਿਸ ਸੁਪਰਿਟੈਂਡੈਂਟ ਤੇ ਮੈਜਿਸਟਰੇਟ ਦੀਆਂ ਫੀਤੀਆਂ ਥਰਥਰਾਈਆਂ।

‘ਵਾਟਰ ਫਾਇਰ…।’ ਹੁਕਮ ਮਿਲਦੇ ਪਹਿਲਾਂ ਹੀ ਤਿਆਰ ਖੜੀਆਂ ਪਾਣੀ ਦੀਆਂ ਤੋਪਾਂ ਨੇ ਅੱਧ-ਪਚੱਧੇ ਮੁਜਾਹਰਾਕਾਰੀਆਂ ਨੂੰ ਨਿੱਸਲ ਕਰ ਦਿੱਤਾ। ਬਾਕੀ ਅੱਗੇ ਪਿੱਛੇ ਦੌੜਦੇ ਦੌੜਦੇ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋਏ। ਪੁਲਿਸ ਉਨ੍ਹਾਂ ਦਾ ਪਿਛਾ ਕਰ ਰਹੀ ਸੀ, ਜਿਵੇਂ ਅੱਤਵਾਦੀ ਖਾੜਕੂ ਪੁਲਿਸ ਦਾ ਪਿਛਾ ਕਰ ਰਹੇ ਹੋਣ। ਨਾਇਕ ਕੁਮਾਰ ਕੁੱਝ ਪਾਣੀ ਦੀ ਸੱਟ ਖਾ ਕੇ ਤੇ ਕੁੱਝ ਸੜਕ ਤੇ ਸਿਰ ਭਾਰ ਡਿੱਗਣ ਕਰ ਕੇ ਨੀਮ ਬੇਹੋਸ਼ ਲਹੂ ਦੇ ਛੱਪੜ ਵਿਚ ਪਿਆ ਸੀ। ਬਾਕੀ ਔਰਤਾਂ ਮਰਦ ਆਪਣੇ ਗੜੁੱਚ ਹੋਏ ਕੱਪੜੇ ਸਮੇਟ ਕੇ ਪਿੱਛੇ ਬੈਰੀਕੇਡ ਦੇ ਬਾਹਰ ਪੁਲਿਸ ਘੇਰੇ ਵਿਚ ਧਰਨੇ ਤੇ ਬੈਠ ਗਏ। ਪ੍ਰੋਫੈਸਰ ਕੁਮਾਰ ਨੇ ਸਿਰ ਚੁੱਕਿਆ… ਆਸੇ ਪਾਸੇ ਵੇਖਿਆ ਉਸ ਨੂੰ ਅਸਮਾਨ ਘੁੰਮਦਾ ਜਾਪਿਆ… ਅਸੈਂਬਲੀ ਹਾਲ ਤੇ ਸਕੱਤਰੇਤ ਘੁੰਮਦੇ ਜਾਪੇ।

ਐੱਸ. ਪੀ. ਤੇ ਮੈਜਿਸਟਰੇਟ ਐਂਬੂਲੈਂਸ ਨੂੰ ਇਸ਼ਾਰਾ ਕਰ ਕੇ ਇੱਧਰ ਦੋੜੇ।

‘ਪ੍ਰੋਫੈਸਰ ਕੁਮਾਰ…।’ ਮੈਜਿਸਟਰੇਟ ਦੀਆਂ ਡਾਡਾਂ ਨਿਕਲ ਗਈਆਂ। ਪ੍ਰੋਫੈਸਰ ਨੇ ਅੱਖਾਂ ਪੁੱਟ ਕੇ ਵੇਖਿਆ… ਫਿਰ ਅੱਖ ਝਪਕ ਕੇ ਵੇਖਿਆ। ਉਹ ਅਰਧ ਚੇਤਨਾ ਵਿਚ ਬੋਲਿਆ…’ਸੁਦਰ…ਸ਼…ਨ।’

‘ਹਾਂ ਸੁਦਰਸ਼ਨ! ਮੈਂ ਤੁਹਾਡਾ ਸੁਦਰਸ਼ਨ! ਤੁਹਾਡਾ ਸਟੂਡੈਂਟ।’

ਉਸ ਨੇ ਆਪ ਪ੍ਰੋਫੈਸਰ ਦਾ ਸਿਰ ਆਪਣੇ ਪੱਟਾਂ ਵਿਚ ਰੱਖਿਆ… ਮਰਹਮ ਪੱਟੀ ਕਰਾਈ। ਉਧਰ ਉਸ ਦੇ ਸਾਥੀ ਪੁਲਿਸ ਘੇਰੇ ਵਿਚ ਤਰਲੋਮੱਛੀ ਹੋ ਰਹੇ ਸਨ। ਕੁੱਝ ਦੇਰ ਬਾਅਦ ਉਸ ਦੀ ਪੂਰੀ ਯਾਦ-ਸ਼ਕਤੀ ਪਰਤੀ।

‘ਮੁਆਫ਼ ਕਰਨਾ ਸਰ! ਤੁਹਾਨੂੰ ਹਸਪਤਾਲ ਪਹੁੰਚਾ ਰਹੇ ਹਾਂ।’

‘ਨਹੀ! ਨਹੀ! ਮੈ ਹਸਪਤਾਲ ਨਹੀ ਜਾਣਾ, ਮੈਨੂੰ ਮੇਰੇ ਸਾਥੀ ਮਿਲਾਓ।’

‘ਮੈਂ ਤੁਹਾਡਾ ਸ਼ਾਗਿਰਦ ਹਾਂ, ਬੇਟੇ ਜਿਹਾ, ਤੁਸੀਂ ਮੈਨੂੰ ਪਿਆਰ ਨਾਲ ਬੇਟਾ ਕਿਹਾ ਕਰਦੇ ਸੀ।’

‘ਹਾਂ …ਹਾਂ…ਮੈਨੂੰ ਯਾਦ ਹੈ… ਤੂੰ ਵੀ ਕਿਹਾ ਕਰਦਾ ਸੀ ਅਫ਼ਸਰ ਬਣ ਕੇ ਮੈਂ ਕਾਨੂੰਨ ਅਨੁਸਾਰ ਫਰਜ ਨਿਭਾਵਾਂਗਾ ਤੇ ਇਸ ਵਾਸਤੇ ਆਪਣੇ ਪਿਉ ਦਾ ਵੀ ਲਿਹਾਜ਼ ਨਹੀ ਕਰਾਂਗਾ। ਤੇ ਹਾਂ… ਅੱਜ ਤੂੰ ਕਰ ਵਿਖਾਈ ਆਪਣੀ ਨੌਕਰੀ… ਸ਼ਾਬਾਸ਼!’ ਪ੍ਰੋਫੈਸਰ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਸੁਦਰਸ਼ਨ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਗਈਆਂ।

‘ਤੇ ਸਰ ਤੁਹਾਨੂੰ ਯਾਦ ਹੈ…ਤਾਰੂ ਪੰਛੀ…!’ ਉਸ ਨੇ ਰੁਮਾਲ ਨਾਲ ਅੱਖਾਂ ਦੀ ਨਮੀ ਛੁਪਾਉਂਦੇ ਕਿਹਾ।

‘ਹਾਂ…ਹਾਂ…ਕੀ ਹੋਇਐ ਉਹਨੂੰ …? ਮੈਂ ਹੀ ਪੰਛੀ ਨਾਮ ਰੱਖਿਆ ਸੀ ਉਸ ਦਾ।

ਕਲਾਸ ਵਿਚ ਕਦੇ ਟਿਕ ਕੇ ਨਹੀਂ ਸੀ ਬੈਠਦਾ…ਉਡਿਆ ਹੀ ਰਹਿੰਦਾ ਸੀ ਸਦਾ।’ ਪ੍ਰੋਫੈਸਰ ਕੁਮਾਰ ਹੁਣ ਉੱਠ ਕੇ ਖੜੋ ਗਿਆ।

‘ਉਹ ਅੱਜ ਵਿਦਿਆ ਮੰਤਰੀ ਬਣਿਆ ਹੈ, ਉਸ ਨੇ ਸਹੁੰ ਚੁੱਕਣੀ ਹੈ।’

‘ਹੈਂ ਉਹ ਵਿਦਿਆ ਮੰਤਰੀ! ਉਹ ਤਾਰੂ ਜੋ ਕਈ ਸਾਲ ਫੇਲ੍ਹ ਹੁੰਦਾ ਰਿਹਾ ਤੇ ਅਖੀਰ ਉਹ ਰਿੜ੍ਹਦਾ ਖੜ੍ਹਦਾ ਪਤਾ ਨਹੀਂ ਕਿੱਦਾਂ ਪਾਸ ਹੋ ਗਿਆ ਇਹ ਮੈਨੂੰ ਹੀ ਪਤਾ ਹੈ।’ ਪ੍ਰੋਫੈਸਰ ਸਾਹਿਬ ਦੀਆਂ ਅੱਖਾਂ ਵਿਚ ਚਮਕ ਆ ਗਈ. ਸਰੀਰ ਵਿਚ ਜਿਵੇਂ ਵੀਹ ਘੋੜਿਆਂ ਜਿੰਨਾ ਜੋਰ ਆ ਗਿਆ ਹੋਵੇ।

‘ਬਣ ਗਿਆ ਕੰਮ ਫਿਰ ਸਮਝੋ…।’ ਉਸ ਨੇ ਚੁਟਕੀ ਮਾਰੀ।

‘ਲੱਜੋਂ ਕੁਲੱਜੋਂ ਸਾਡੇ ਕੀਤੇ ਪਰਉਪਕਾਰ ਦੀ ਵਿੜ੍ਹੀ ਤਾਂ ਲਾਹੇਗਾ ਹੀ।’ ਉਸ ਦੀ ਜਗਿਆਸਾ ਹੋਰ ਪ੍ਰਚੰਡ ਹੋ ਕੇ ਪੂਰਨਤਾ ਨੂੰ ਛੂੰਹਦੀ ਜਾਪੀ। ਅੱਜ ਦੇ ਦਿਨ ਵਿਚ ਉਹ ਵੱਧ ਤੋਂ ਵੱਧ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਤੇ ਬੰਨ੍ਹਣ ਲਈ ਤਤਪਰ ਸੀ। ਉਸ ਦਾ ਜੀਅ ਕੀਤਾ ਹੁਣੇ ਹੀ ਜਾ ਮਿਲੇ ਆਪਣੇ ਤਾਰੂ ਨੂੰ! ਤਾਰੂ ਪੰਛੀ ਨੂੰ, ਤੇ ਰੱਖ ਦੇਵੇ ਮੰਗਾਂ ਦਾ ਚਾਰਟਰ ਉਹਦੇ ਅੱਗੇ। ਪ੍ਰੋ. ਕੁਮਾਰ ਦੀ ਜ਼ਿੱਦ ਕਰ ਕੇ ਉਸ ਨੂੰ ਬਾਇੱਜ਼ਤ ਧਰਨਾਕਾਰੀਆਂ ਵਿਚ ਪਹੁੰਚਾ ਦਿਤਾ ਗਿਆ। ਸੁਦਰਸ਼ਨ ਦੇ ਮੋਬਾਈਲ ਫ਼ੋਨ ਨੇ ਤਾਰੂ ਨੂੰ ਉਨ੍ਹਾਂ ਬਾਰੇ ਖ਼ਬਰ ਦੇ ਦਿਤੀ। ਮੈਜਿਸਟਰੇਟ ਦੀ ਚਾਹ ਦੀ ਸੁਲ੍ਹਾ ਸਭ ਨੇ ਠੁਕਰਾ ਦਿੱਤੀ।

ਰਾਤ ਪਈ… ਐੱਮ ਐੱਲ. ਏ ਹੋਸਟਲ ਵਿਚੋਂ ਆਤਸ਼ਬਾਜ਼ੀ ਚੱਲਣ ਦੀ ਆਵਾਜ਼, ਦੀਪ ਮਾਲਾ ਤੇ ਨਵੇਂ ਵਜੀਰਾ ਵੱਲੋਂ ਮਨਾਏ ਜਾ ਰਹੇ ਜਸ਼ਨਾਂ ਨੇ ਧਰਨਾਕਾਰੀਆਂ ਦੇ ਗ਼ੁੱਸੇ ਨੂੰ ਹੋਰ ਬਲਦੀ ਤੇ ਤੇਲ ਵਾਂਗ ਭਾਂਬੜ ਭੜਕਾ ਦਿਤੇ। ਉੱਥੇ ਮੁਰਗ਼ੇ ਭੁੰਨੇ ਗਏ ਵਿਕਸੀਆਂ ਦੇ ਡੱਟ ਖੁਲੇ ਤੇ ਇੱਧਰ ਇਹ ਵਜੀਰ ਮੈਜਿਸਟਰੇਟ ਐੱਸ. ਪੀ. ਤੇ ਹੋਰ ਸਭ ਨੂੰ ਉੱਚੀਆਂ ਪੌੜੀਆਂ ਚੜ੍ਹਾਉਣ ਵਾਲੇ ਕੌਮ ਦੇ ਥੰਮ ਭੁਖੇ ਬੈਠੇ ਆਪਣੀ ਕਿਸਮਤ ਨੂੰ ਝੂਰ ਰਹੇ ਉਨ੍ਹਾਂ ਤੋਂ ਆਪਣੇ ਬੱਚਿਆਂ ਲਈ ਰੋਟੀ ਮੰਗ ਰਹੇ ਸਨ।

‘ਅੱਜ ਦੀ ਰਾਤ ਔਖੀ ਸੌਖੀ ਕੱਟੋ…ਵਿਦਿਆ ਮੰਤਰੀ ਮੇਰਾ ਚੇਲਾ ਹੈ…ਮੇਰਾ ਸਟੂਡੈਂਟ ਹੈ… ਮੇਰਾ ਬਰਖੁਰਦਾਰ ਹੈ…ਕੱਲ੍ਹ ਨੂੰ ਸਾਡਾ ਕੰਮ ਤਾਂ ਉਹ ਕਰ ਹੀ ਦੇਵੇਗਾ।’ ਪ੍ਰੋਫੈਸਰ ਕੁਮਾਰ ਨੇ ਥਿੜਕਦੇ ਥਿੜਕਦੇ ਵਿਸ਼ਵਾਸ ਨਾਲ ਸਭ ਨੂੰ ਢਾਰਸ ਬਨਾਇਆ।

‘ਪਰ ਪ੍ਰੋਫੈਸਰ ਸਾਹਿਬ! ਅਸਾਂ ਲਿਖਤੀ ਇਕਰਾਰਨਾਮਾ ਲੈਣਾ ਹੈ… ਜ਼ਬਾਨੀ ਕਲਾਮੀ ਉਨ੍ਹਾਂ ਤੇ ਯਕੀਨ ਨਾ ਕਰ ਲਿਉ… ਸਿਆਸਤ ਬੜੀ ਬੁਰੀ ਬਲ਼ਾ ਹੈ।’ ਇਹ ਸ਼ਬਦ ਪ੍ਰੋਫੈਸਰ ਕੁਮਾਰ ਨੇ ਅਣਗੌਲੇ ਕਰ ਦਿੱਤੇ ਤੇ ਮੱਥੇ ਚੋਂ ਨਿਕਲਦੀ ਚੀਸ ਨੂੰ ਟਟੋਲਨ ਲੱਗ ਪਿਆ।

ਸਾਰੇ ਅਧਿਆਪਕ ਦਿਨ ਦੇ ਥੱਕੇ ਹੋਏ ਸੁਸਤਾ ਰਹੇ ਸਨ। ਭੁਖ ਨਾਲ ਸਭ ਦੇ ਕਾਲਜੇ ਲੂਸ ਰਹੇ ਸਨ। ਚੌਧਰੀ ਕਿਸਮ ਦੇ ਕੁੱਝ ਆਗੂ ਬਿਆਨਬਾਜ਼ੀ ਕਰ ਰਹੇ ਸਨ। ਟੀਚਰਾਂ ਨਾਲ ਕੀਤਾ ਪੁਲਿਸ ਦਾ ਸਲੂਕ, ਪਾਣੀ ਵਰ੍ਹਾਉਣਾ, ਡਾਂਗਾਂ ਵਰ੍ਹਾਉਣਾ…ਤੇ ਡੰਡੇ ਦੇ ਜੋਰ ਨਾਲ ਉਨ੍ਹਾਂ ਦੀ ਜ਼ਬਾਨ ਬੰਦ ਕਰਾਉਣਾ, ਬਾਰੇ ਵਿਖਿਆਨ ਚੱਲ ਰਹੇ ਸਨ। ਭੁਖੇ ਢਿੱਡ ਨੀਂਦ ਕਿਸ ਨੂੰ ਆਏ!

ਸਰਕਾਰੀ ਜੀਪਾਂ ਕਾਰਾਂ ਦੇ ਹੂਟਰਾਂ ਨੇ ਸਭ ਨੂੰ ਫਿਰ ਭੱਜ-ਦੌੜ ਪਾ ਦਿਤੀ… ਪਤਾ ਨਹੀ ਕੀ ਹੋਣ ਵਾਲਾ ਹੈ… ਸਾਰੇ ਡਰ ਕੇ ਸੁੰਗੜ ਗਏ। ਹਾਰਾਂ ਨਾਲ ਲੱਦਿਆ… ਲੜਖੜਾਉਂਦਾ ਤਾਰੂ…, ਤਾਰੂ ਪੰਛੀ, ਵਿਦਿਆ ਮੰਤਰੀ ਲਾਲ ਬੱਤੀ ਵਾਲੀ ਕਾਰ ਵਿਚੋਂ ਉਤਰਿਆ ਵੇਖ ਕੇ ਪ੍ਰੋਫੈਸਰ ਕੁਮਾਰ ਦੇ ਸਭ ਦੁਖ ਦਰਦ, ਥਕੇਵੇਂ ਦੂਰ ਹੋ ਗਏ।

‘ਸਾਡੇ ਹੱਕ…?’ ‘ਇੱਥੇ ਰੱਖ…।’ ਅੱਧ ਸੁੱਤੀਆਂ ਜ਼ਬਾਨਾਂ ਫਿਰ ਗਰਜ ਉੱਠੀਆਂ।

ਮੰਤਰੀ ਨੇ ਪ੍ਰੋਫੈਸਰ ਕੁਮਾਰ ਦੇ ਪੈਰੀਂ ਹੱਥ ਲਾਇਆ… ਹੱਥ ਜੋੜ ਕੇ ਸਭ ਨੂੰ ਨਮਸਕਾਰ ਕਰੀ।

‘ਮੇਰੇ ਬਹੁਤ ਪੂਜਣ ਯੋਗ ਪ੍ਰੋਫੈਸਰ ਸਾਹਿਬਾਨ,…ਤੁਸੀਂ ਮੇਰੇ ਦੇਸ਼ ਦੀ ਕਿਸ਼ਤੀ ਦੇ ਮਲਾਹ ਹੋ… ਸਾਰੀ ਕੌਮ ਦੇ ਘੜਨਹਾਰੇ ਹੋ। ਮੈਨੂੰ ਸੁਣ ਕੇ ਬਹੁਤ ਸ਼ਰਮ ਆਈ ਹੈ…ਕਿ ਮੇਰੇ ਅਧਿਆਪਕ ਆਪਣੇ ਹੱਕਾਂ ਲਈ ਏਨਾ ਕਸ਼ਟ ਝੱਲ ਕੇ ਏਥੇ ਆਏ ਹਨ। ਮੈਂ ਸਭ ਕੁੱਝ ਸੁਣ ਲਿਆ ਹੈ। ਮੈਂ ਯਕੀਨ ਦਿਵਾਉਂਦਾ ਹਾਂ… ਤੁਹਾਡੇ ਸਾਰੇ ਹੱਕ ਥਾਲ਼ੀ ਵਿਚ ਪਰੋਸ ਕੇ ਮੈਂ ਤੁਹਾਡੇ ਅੱਗੇ ਸਜਾਵਾਂਗਾ। ਮੈਨੂੰ ਦੋ ਦਿਨ ਦਾ ਸਮਾਂ ਦਿਓ। ਤੁਸੀਂ ਅੱਜ ਤੋਂ ਸਮਝੋਂ…ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ। ਮੇਰੇ ਸਾਰੇ ਆਦਰ ਯੋਗ ਅਧਿਆਪਕ ਤੇ ਇਸ ਮੁਹਿੰਮ ਦੇ ਹੋਰ ਸਾਰੇ ਨੇਤਾਵਾਂ ਨੂੰ ਬੇਨਤੀ ਹੈ ਕਿ ਉਧਰ ਸਾਹਮਣੇ ਹੋਸਟਲ ਵਿਚ ਪਾਰਟੀ ਚੱਲ ਰਹੀ ਹੈ… ਮੇਰੀ ਸਭ ਨੂੰ ਦਾਅਵਤ ਹੈ…ਚੱਲ ਕੇ ਸਾਰੇ ਆਨੰਦ ਮਾਣੋ… ਤੇ ਆਪਣੇ ਬਾਲ ਬੱਚਿਆਂ ਵਿਚ ਘਰਾਂ ਨੂੰ ਜਾਓ।’

‘ਵਿਦਿਆ ਮੰਤਰੀ ਜਿੰਦਾ ਬਾਦ…।’ ਪ੍ਰੋਫੈਸਰਾਂ ਦਾ ਨਾਅਰਾ ਗੂੰਜਿਆ।

‘ਪ੍ਰੋਫੈਸਰ ਕੁਮਾਰ ਜਿੰਦਾ ਬਾਦ.’ ਵਿਦਿਆ ਮੰਤਰੀ ਦਾ ਜੁਆਬ ਆਇਆ।

ਪ੍ਰੋਫੈਸਰਾਂ ਵਿਚ ਕੁੱਝ ਤੂੰ ਤੂੰ ਮੈਂ ਮੈਂ ਹੋਈ… ਪਰ ਟਕਰਾ-ਬਾਜੀ ਤੋਂ ਛੇਤੀ ਹੀ ਨਜਾਤ ਮਿਲ ਗਈ। ਕੁੱਝ ਲੋਕ ਲਿਖਤੀ ਸਰਕਾਰੀ ਸਹਿਮਤੀ ਹੁਕਮ ਚਾਹੁੰਦੇ ਸਨ ਤੇ ਕੁੱਝ ਮਿਨਿਸਟਰ ਦੀ ਜ਼ਬਾਨ ਤੇ ਯਕੀਨ ਕਰਨਾ ਮੰਨਦੇ ਸਨ।

‘ਚਲੋ! ਚਲੋ ਮੇਰੇ ਬਜ਼ੁਰਗੋ… ਪਹਿਲਾਂ ਵੀ ਮੈਂ ਤੁਹਾਡੀ ਮਿਹਰਬਾਨੀ ਸਦਕਾ ਇਸ ਪੌੜੀ ਤੇ ਚੜਿਆ ਹਾਂ ਤੇ ਅੱਗੇ ਵੀ ਮੈਨੂੰ ਅਸ਼ੀਰਵਾਦ ਦਿਓ। ਮੈਂ ਯਕੀਨ ਦਿਵਾਉਂਦਾ ਹਾਂ …ਤੁਹਾਡਾ ਕੰਮ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਕਰਾਂਵਾਗਾਂ।’ ਤਾਰੂ ਪੰਛੀ ਦੀ ਅਧੀਨਗੀ ਭਰੀ ਬੇਨਤੀ ਤੇ ਜੁੜੇ ਹੱਥ ਵੇਖ ਕੇ …ਕੁੱਝ ਕੁੱਝ ਲੋਕ ਉਠੇ ਤੇ ਬਾਕੀ ਉਨ੍ਹਾਂ ਦੇ ਪਿੱਛੇ ਹੋ ਤੁਰੇ।

ਵਜੀਰਾਂ ਦੇ ਸਲੂਣੇ ਨਾਲ ਦਾੜ੍ਹ ਸਲੂਣੀ ਕਰ ਕੇ, ਪੇਟ ਭਰ ਕੇ ਡਕਾਰ ਮਾਰ ਕੇ ਤੇ ਕੁੱਝ ਕੁੱਝ ਵੋਧਕਾ ਦੇ ਸਰੂਰ ਨਾਲ ਦੇਸ਼ ਦੇ ਉਸਰੱਈਏ ਨਿਹਾਲ ਹੋ ਗਏ।

ਅਗਲੀ ਸਵੇਰ ਕੁਕੜ ਨੇ ਬਾਂਗ ਦਿਤੀ ਤਾਂ ਪ੍ਰੋਫੈਸਰ ਕੁਮਾਰ ਆਪਣੇ ਆਪ ਨੂੰ ਆਪਣੇ ਘਰ, ਆਪਣੇ ਬੈੱਡ ਤੇ ਦੇਖ ਕੇ ਫਿਰ ਚਿੰਤਾਵਾਨ ਹੋ ਗਿਆ।

ਅਖ਼ਬਾਰ ਦੇ ਪਹਿਲੇ ਪੰਨੇ ਤੇ ਪਹਿਲੀ ਮੋਟੀ ਖ਼ਬਰ ਪੜ੍ਹ ਕੇ ਉਸ ਦਾ ਸਾਹ ਘੁੱਟਣ ਲੱਗਾ… ਗਲਾ ਖ਼ੁਸ਼ਕ ਹੋ ਗਿਆ।

‘ਅਧਿਆਪਕਾਂ ਦੀ ਰੈਲੀ ਠੁੱਸ। ਉਹ ਇਕ ਵੇਰਾਂ ਫਿਰ ਸਿਆਸਤ ਦੇ ਹੱਥੋਂ ਠੱਗੇ ਗਏ।’  ਚਰਨਜੀਤ ਸਿੰਘ ਪੰਨੂ ਕੈਲੀਫੌਰਨੀਆ। “‘

ਦੋਹਰੀ ਕੈਦ

‘ਦੋ ਸਾਲ ਹੋ ਗਏ ਮੈਨੂੰ ਵਿਆਹੀ ਨੂੰ ਅਤੇ ਦੋ ਸਾਲ ਹੀ ਹੋ ਗਏ ਮੈਨੂੰ ਛੁੱਟੜ ਹੋਈ ਨੂੰ। ਹਾਏ… ਹਾਏ ਨੀ ਸੁੱਖੀਸਾਂਦੀ! ਮੇਰੀ ਜ਼ਬਾਨ ਸੜ ਜੇ… ਮੇਰਾ ਸੁਹਾਗ ਸਲਾਮਤ ਰਹੇ ਰੱਬ ਕਰਕੇ।’ ਸਾਹਮਣੇ ਵਾਧਰੇ ਤੇ ਪਈ ਮੇਰੇ ਪਤੀ ਦੀ ਫ਼ੋਟੋ ਘੱਟੇ ਮਿੱਟੀ ਨਾਲ ਲੱਥਪੱਥ ਲਿੱਬੜੀ, ਮੇਰੇ ਵੱਲ ਵੇਖ ਕੇ ਮੁਸਕਰਾ ਰਹੀ ਹੈ। ਦੁਪੱਟੇ ਨਾਲ ਫ਼ੋਟੋ ਤੇ ਪਿਆ ਘੱਟਾ ਝਾੜਦੀ ਹਾਂ…ਪੂੰਝਦੀ ਹਾਂ। ਇਹ ਫ਼ੋਟੋ ਆਪ ਮੁਹਾਰੇ ਮੇਰੀ ਛਾਤੀ ਤੇ ਜਾ ਟਿਕਦੀ ਹੈ…। ਦੋ ਸਾਲ ਤੋਂ ਮੈਂ ਇਸੇ ਫ਼ੋਟੋ ਨੂੰ ਪੂਜਦੀ ਰਹੀ ਹਾਂ…ਇਹ ਫ਼ੋਟੋ ਮੇਰਾ ਸੁਹਾਗ ਹੈ, ਇਹੀ ਮੇਰਾ ਜੀਵਨ ਤੇ ਇਹੀ ਮੇਰਾ ਸਭ ਕੁੱਝ…।

ਸੁੱਖ ਹੋਵੇ ਦੋ ਤਿੰਨ ਦਿਨ ਤੋਂ ਮੇਰੀ ਸੱਜੀ ਅੱਖ ਫ਼ਰਕ ਰਹੀ ਹੈ…। ਕੋਈ ਚੰਗੀ ਖ਼ਬਰ ਮਿਲੇ…ਖ਼ੁਦਾ ਖੈਰ ਕਰੇ, ਮੇਰਾ ਦਿਲ ਤਾਂ ਅੱਗੇ ਹੀ ਹੌਲਾ ਪੈ ਗਿਆ ਹੌਕੇ ਖਾ ਖਾ ਕੇ…। ਕਿਹੀ ਕੁਲੱਛਣੀ ਘੜੀ ਇਸ ਘਰ ਵਿਚ ਪੈਰ ਪਾਇਆ। ਦੋ ਸਾਲਾਂ ਵਿਚ ਦੋ ਪਹਿਰ ਵੀ ਸੁੱਖ ਦੀ ਘੜੀ ਨਹੀਂ ਦੇਖੀ। ਸਾਰੇ ਦਿਨ ਰਾਤ ਇੱਦਾਂ ਹੀ ਤੜਫ਼ਦੀ ਨੂੰ ਲੰਘ ਗਏ…ਮੈਂ ਤਾਂ ਚਾਰ ਭੁਆਂਟਣੀਆਂ ਲੈਣ ਦੀ ਹੀ ਚੋਰ ਹੋਈ…ਇਸ ਫ਼ੋਟੋ ਨਾਲ। ਹਾਂ ਇਸ ਗਾਮੇ ਦੀ ਫ਼ੋਟੋ ਨਾਲ…। ਗਾਮਾ! ਜਿਸ ਨੂੰ ਲੋਕੀ ਮੇਰਾ ਪਤੀ ਕਹਿੰਦੇ…। ਹੈ ਨਾਂ ਗਾਮਿਆ? ਕੀ ਤੂੰ ਸੱਚਮੁੱਚ ਹੀ ਮੇਰਾ ਪਤੀ ਏ? ਮੇਰਾ ਜੀਵਨ ਸਾਥੀ ਏ? ਮੇਰੇ ਦੁੱਖ-ਸੁੱਖ ਦਾ ਸ਼ਰੀਕ ਏ? ਪਰ ਫ਼ੋਟੋ ਚੁੱਪ ਹੈ। ਤੇ ਉਸ ਦਿਨ…ਉਸ ਪਹਿਲੇ ਦਿਨ, ਜਿਸ ਦਿਨ ਤੂੰ ਘੋੜੀ ਚੜ੍ਹ ਕੇ ਆਉਣਾ ਸੀ…ਸਿਹਰੇ ਲਾ ਕੇ ਢੁੱਕਣਾ ਸੀ…ਤੇਰੀ ਉਡੀਕ  ਸੀ ਮੈਨੂੰ…ਮੈਂ ਏਦਾਂ ਹੀ ਤੜਫ਼ਦੀ ਰਹੀ ਸੀ, ਸਾਰੀ ਰਾਤ। ਉਹ ਦਿਨ ਮੈਨੂੰ ਕਿੱਡਾ ਪਹਾੜ ਜੇਡਾ ਲੱਗਾ ਸੀ। ਹਰ ਪਲ ਹਰ ਘੜੀ…ਮੇਰੇ ਕੰਨ …ਮੇਰੀਆਂ ਅੱਖਾਂ ਬਾਹਰ ਪਿੰਡ ਦੀ ਫਿਰਨੀ ਵੱਲ ਵਿਚਰਦੇ ਰਹੇ, ਜਿੱਧਰੋਂ ਤੂੰ ਆਉਣਾ ਸੀ। ਤੂੰ ਕਦ ਆਏਂ ਤੇ ਕਦ ਮੈਂ ਘੋੜੀ ਚੜ ਕੇ ਚਲੀ ਜਾਵਾਂ ਤੇਰੇ ਨਾਲ…ਕਸ਼ਮੀਰ ਦੀ ਸੈਰ ਨੂੰ…। ਪਰ ਤੂੰ ਨਾ ਆਇਆ।

‘ਖਾਲੀ ਬਰਾਤ। ਲਾੜੇ ਤੋ ਸੱਖਣੀ ਬਰਾਤ।’ ਮੇਰੇ ਕੰਨਾਂ ਵਿਚ ਜਿਵੇਂ ਕਿਸੇ ਨੇ ਸਿੱਕਾ ਪਿਘਲਾ ਕੇ ਪਾ ਦਿੱਤਾ ਹੋਵੇ। ਕਸ਼ਮੀਰ ਦੀ ਲੜਾਈ ਲੱਗ ਗਈ ਸੀ…ਤੇਰੀ ਤਾਰ ਆ ਗਈ ਸੀ ‘ਛੁੱਟੀ ਨਹੀਂ ਮਿਲੀ’. ਕਿੰਨਾ ਅਨਰਥ ਹੋਇਆ ਸੀ। ਮਜਬੂਰੀ ਸੀ ਨੱਕ ਰੱਖਣ ਦੀ…ਲਾਜ ਰੱਖਣ ਦੀ…ਸਮਾਜ ਬਰਾਦਰੀ ਵਿਚ। ਸਾਹਾ ਜੂ ਸੁਧਾਇਆ ਹੋਇਆ ਸੀ…ਚੂੜਾ ਜੂ ਪਾਇਆ ਹੋਇਆ ਸੀ। ਮਜਬੂਰੀ ਸੀ ਤੇਰੇ ਮਾਪਿਆਂ ਦੀ ਜਾਂ ਮੇਰੇ ਮਾਪਿਆਂ ਦੀ। ਮੈਥੋਂ ਰੋਂਦੀ ਚੀਕਦੀ ਕੋਲੋਂ ਤੇਰੀ ਫ਼ੋਟੋ ਦੇ ਗਲ ਹਾਰ ਪੁਆ ਦਿੱਤੇ ਗਏ। ਮੈਂ ਰੋਣਾ ਨਹੀਂ ਸੀ ਚਾਹੁੰਦੀ, ਉਨ੍ਹਾਂ ਝੱਲੀਆਂ ਕੁੜੀਆਂ ਵਾਂਗ। ਜੋ ਸੁੱਖੀ ਸਾਂਦੀ ਆਪਣੇ ਜੀਵਨ ਸਾਥੀ ਨਾਲ ਤੁਰਨ ਲੱਗੀਆਂ ਰੋਂਦੀਆਂ ਨੇ। ਪਰ ਸੱਚ ਜਾਣੀ ਸੱਜਣਾ। ਉਸ ਦਿਨ ਮੈਂ ਹੀ ਨਹੀਂ, ਮੇਰੀ ਸਾਰੀ ਸਾਕ ਸਕੀਰੀ ਧਰਤੀ ਤੇ ਅਸਮਾਨ ਕੁੱਲ ਭੁੱਬਾਂ ਮਾਰ ਕੇ ਰੋਏ ਸਨ ਜਿਵੇਂ ਉਸ ਘਰ ਵਿਚ ਸ਼ਾਦੀ ਨਹੀਂ ਸੋਗ ਗ਼ਮੀ ਹੋਈ ਹੋਵੇ। ਤੇ ਫਿਰ ਤੇਰੀ ਫ਼ੋਟੋ ਮੈਨੂੰ ਆਪਣੇ ਲੜ ਲਾ ਕੇ ਤੇਰੇ ਘਰ ਲੈ ਆਈ ਸੀ। ਉਸ ਦਿਨ ਤੋਂ ਮੈਂ ਤੇਰੀ ਇਸ ਫ਼ੋਟੋ ਨੂੰ ਸੰਵਾਰਦੀ ਰਹੀ ਹਾਂ। ਤੇਰੀ ਨਿਸ਼ਾਨੀਆਂ ਨੂੰ ਪੂਜਦੀ ਰਹੀ ਹਾਂ। ਕਾਂਵਾਂ ਤੋਂ, ਕਬੂਤਰਾਂ ਤੋਂ ਤੇ ਆਣ ਜਾਣ ਵਾਲੀਆਂ ਸਰਦ ਹਵਾਵਾਂ ਤੋਂ ਤੇਰੀ ਸੁੱਖ ਸਾਂਦ ਪੁੱਛਦੀ ਰਹੀ ਹਾਂ। ਤੇਰੀਆਂ ਚਿੱਠੀਆਂ ਆਈਆਂ…ਆਉਂਦੀਆਂ ਰਹੀਆ। ਮੈਨੂੰ  ਬੜੀਆਂ ਮਿਠੀਆਂ ਲੱਗੀਆਂ। ਕਸ਼ਮੀਰ ਦੀ ਲੜਾਈ ਵੇਲੇ ਮੈਂ ਹਰ ਵੇਲੇ ਰਾਤ ਦਿਨ ਇਹੀ ਸੁੱਖਣਾ ਮੰਗਦੀ ਰਹੀ…ਰੱਬਾ ਭੈਣਾਂ ਦੇ ਵੀਰਾਂ ਨੂੰ ਤੱਤੀ ਵਾ ਨਾ ਲੱਗੇ, ਸਖ਼ੀਆਂ ਦੇ ਸੁਹਾਗ ਸਲਾਮਤ ਰਹਿਣ। ਮਾਂਵਾਂ ਦੇ ਪੁੱਤ ਫੁੱਲਾਂ ਵਾਂਗ ਖਿੜਦੇ ਰਹਿਣ। ਮੁਟਿਆਰਾਂ ਦੇ ਗੱਭਰੂ ਹਰ ਵਕਤ ਉਨ੍ਹਾਂ ਸੰਗ ਹੱਸਦੇ ਰਹਿਣ। ਰੱਬਾ ਇਹ ਲੜਾਈਆਂ ਕਦੇ ਨਾ ਲੱਗਣ।

ਮੈਂ ਸੁੱਖ ਦਾ ਸਾਹ ਲਿਆ ਸੀ ਜਦੋਂ ਇਹ ਲੜਾਈ ਬੰਦ ਹੋ ਗਈ। ਤੇਰੀ ਇੰਤਜ਼ਾਰ ਸ਼ੁਰੂ ਹੋਈ। ਤੇਰੀਆਂ ਚਿੱਠੀਆਂ ਵੀ ਕਮਾਲ ਦੀਆਂ ਆਉਂਦੀਆਂ। ਇੱਕ ਚਿੱਠੀ ਵਿਚ ਤੂੰ ਆਉਣ ਦਾ ਲਾਰਾ ਲਾਉਂਦਾ ਤੇ ਅਗਲੀ ਵਿਚ ਫਿਰ ਨਾ ਆਉਣ ਦਾ ਨਵੇਂ ਤੋਂ ਨਵਾਂ ਬਹਾਨਾ। ਇਹ ਪੜ੍ਹ ਪੜ੍ਹ ਕੇ ਮੇਰਾ ਮਨ ਅੱਕ ਗਿਆ। ਮੈਂ ਲਿਖਦੀ, ‘ਸਿਆਲ਼ੀ ਬਰਫ਼ਾਨੀ ਰਾਤਾਂ ਵਿਚ ਮੈਨੂੰ ਬੜੀ ਠੰਢ ਲਗਦੀ ਏ ਸੱਜਣਾ! ਛੇਤੀ ਫੇਰਾ ਪਾ ਜਾ ਇੱਕ ਵੇਰਾਂ।’ ਤਾਂ ਤੂੰ ਲਿਖਦਾ ‘ਠੰਢ ਤੋਂ ਬਚਾਅ ਵਾਸਤੇ ਭਾਰੀ ਰਜਾਈ ਲੈ ਕੇ ਸੌਂ ਜਾਇਆ ਕਰ।’ ਜਦ ਲਿਖਦੀ ‘…ਕਾਲੀਆਂ ਡਰਾਉਣੀਆਂ ਰਾਤਾਂ ਵਿਚ ਮੈਨੂੰ ਬੜਾ ਡਰ ਲੱਗਦਾ ਈ ਢੋਲ ਮਾਹੀਆ ਕੱਲੀ ਨੂੰ।’ ਤਾਂ ਤੂੰ ਲਿਖਦਾ, ‘ਮੈਂ ਜਲਦੀ ਆ ਕੇ ਕੰਧਾਂ ਉੱਚੀਆਂ ਕਰਾ ਕੇ ਦੇ ਜਾਵਾਂਗਾ, ਡਰਨ ਦੀ ਲੋੜ ਨਹੀਂ.. ਤੂੰ ਮੰਜਾ ਬੇਬੇ ਕੋਲ ਡਾਹ ਲਿਆ ਕਰ।’ ਜੇ ਲਿਖਦੀ ‘ਤੇਰੀ ਯਾਦ ਬੜੀ ਆਉਂਦੀ ਏ ਮੇਰੀ ਜਾਨ…।’ ਤਾਂ ਜੁਆਬ ਮਿਲਦਾ…’ਮੈਂ ਵੀ ਬੜਾ ਯਾਦ ਕਰਦਾ ਹਾਂ ਤੈਨੂੰ… ਪਰ ਤੂੰ ਰੱਬ ਨੂੰ ਯਾਦ ਕਰਿਆ ਕਰ।’ ਜੇ ਕਹਿੰਦੀ, ਸਰੀਰ ਭੱਜਦਾ ਟੁੱਟਦਾ ਏ, ਬਿਮਾਰ ਰਹਿੰਦਾ ਏ… ਤਾਂ ਕਹਿੰਦਾ ‘ਸਿਆਣੇ ਡਾਕਟਰ ਨੂੰ ਦਿਖਾ…।’ ਅੰਨੇ  ਅੱਗੇ ਰੋਣਾ ਅੱਖਾਂ ਦਾ ਖਪਾਅ! ਮੇਰੇ ਭੋਲੇ ਢੋਲਣਾ, ਤੈਨੂੰ ਕਿੱਦਾਂ ਸਮਝਾਵਾ। ਢਿੱਡ ਨਾਲੋਂ ਸਰੀਰ ਦੀ ਵੀ ਇੱਕ ਅਮੋੜ ਭੁੱਖ ਹੁੰਦੀ ਏ। ਅੰਬਾਂ ਦੀ ਭੁੱਖ ਅੰਬ ਪਾਪੜ ਨਹੀਂ ਮਿਟਾ ਸਕਦੇ।

ਫੇਰ ਤੇਰੀ ਚਿੱਠੀ ਆਉਂਦੀ, ‘ਹਮਾਰੇ ਸਾਹਿਬ ਨੇ ਬੋਲਾ ਹੈ ਅਗਲੇ ਮਹੀਨੇ ਛੱਟੀ ਭੇਜ ਦੂੰਗਾ…।’  ਅਗਲੇ ਮਹੀਨੇ ਚਿੱਠੀ ਆਈ ‘ਛੁੱਟੀ ਤਾਂ ਮਿਲ ਗਈ ਪਰ ਤਨਖ਼ਾਹ ਨਹੀਂ ਮਿਲੀ। ਪਿਛਲੇ ਪੈਸੇ ਸਾਂਭ ਲੁਕੋ ਕੇ ਰੱਖੇ ਸੀ ਚੋਰੀ ਹੋ ਗਏ, ਅਗਲੇ ਮਹੀਨੇ ਦੀ ਤਨਖ਼ਾਹ ਲੈ ਕੇ ਆਵਾਂਗਾ…ਤੇਰੇ ਲਈ ਨਾਲੇ ਸੋਹਣੀ ਜਿਹੀ ਸ਼ਾਲ ਲੈ ਕੇ ਆਵਾਂਗਾ, ਕਸ਼ਮੀਰੀ ਸ਼ਾਲ। ਕਸ਼ਮੀਰੀ ਸੇਬ ਤੇ ਬਦਾਮ। ਕਸ਼ਮੀਰੀ ਸੇਬ ਤੇ ਬਦਾਮ ਖਾ ਕੇ ਕਸ਼ਮੀਰਨਾਂ ਦੇ ਰੰਗ ਕਿੱਦਾਂ ਸੂਹੇ ਲਾਲ ਹੁੰਦੇ ਨੇ…। ਵੇਖੀ ਤੇਰਾ ਵੀ ਰੰਗ ਕਿੱਦਾਂ ਨਿੱਖਰਦਾ ਹੈ ਇਹ ਖਾ ਕੇ।’ ਚਿੱਠੀ ਦਾ ਇੱਕ ਇੱਕ ਅੱਖਰ ਸੂਈਆਂ ਵਾਂਗ ਮੇਰੇ ਕਾਲੜੇ ਵਿਚ ਚੁੱਭਦਾ ਏ। ਮੇਰੇ ਅੰਦਰੋਂ ਲਾਂਬੂ ਨਿਕਲਦੇ ਹਨ…’ਜਿਨ੍ਹਾਂ ਦੇ ਢੋਲ ਮਾਹੀ ਕੋਲ ਰਹਿੰਦੇ ਨੇ ਉਹ ਤਾਂ ਕਰਮਾ ਵਾਲੀਆਂ ਭੁੱਖੀਆਂ ਰਹਿ ਕੇ ਵੀ ਲਾਲ ਸੂਹਾ ਰੰਗ ਕੱਢ  ਲੈਂਦੀਆਂ ਨੇ। ਢੱਠੇ ਖੂਹ ਵਿਚ ਪੈਣ ਤੇਰੇ ਸੇਬ, ਤੇਰੇ ਬਦਾਮ, ਤੇਰੀ ਸ਼ਾਲ। ਮੇਰਾ ਤਾਂ ਪਹਿਲਾ ਰੰਗ ਵੀ ਭੰਗ ਦੇ ਭਾੜੇ ਪੀਲਾ ਪੈਂਦਾ ਜਾਂਦਾ ਈ ਮਾਹੀਆ। ਬਹਾਰਾਂ ਦੀ ਰੁੱਤੇ ਜਿਨ੍ਹਾਂ ਦੇ ਕੰਤ ਪਰਦੇਸੀਂ ਬਾਹਰ ਫਿਰਦੇ ਨੇ ਉਨ੍ਹਾਂ ਨੂੰ ਬਹਾਰਾਂ ਦੀ ਕੀ ਸਾਰ। ਬਹਾਰ ਰੁੱਤ ਗਈ ਤੇ ਪਤਝੜ ਆ ਜਾਣੀ ਏ। ਪਤਝੜ ਦੀਆਂ ਸੁੱਕੀਆਂ ਡੋਡੀਆਂ ਫਿਰ ਨਹੀਂ ਹਰੀਆਂ ਹੋਣੀਆਂ…ਇਹ ਬਹਾਰਾਂ ਦਾ ਸਮਾਂ ਫਿਰ ਹੱਥ ਨਹੀਂ ਆਉਣਾ। ਮਕਾਨ ਡਿੱਗੂੰ ਡਿੱਗੂੰ ਕਰ ਰਿਹਾ ਏ ਜਿਵੇਂ ਤੇਰੀ ਹੀ ਉਡੀਕ ਕਰਦਾ ਏ, ਥੰਮ੍ਹੀਆਂ ਦੇ ਕੇ ਸਹਾਰਾ  ਦਿੰਦੀ ਹਾਂ…ਪਰ ਇਹ ਲੱਕੜ ਦੀਆਂ ਥੰਮ੍ਹੀਆਂ ਅੰਦਰੋ-ਅੰਦਰ ਖੁਰ ਰਹੇ ਵੱਡੇ ਸਾਰੇ ਮਕਾਨ ਨੂੰ ਕਦ ਤੱਕ ਫੋਕਾ ਸਹਾਰਾ ਦਿੰਦੀਆਂ ਰਹਿਣਗੀਆਂ। ਛੇਤੀ ਆ ਕੇ ਸਾਂਭ ਚੰਨ ਮੱਖਣਾ। ਜੇ ਕਿਤੇ ਡਿਗ ਪਿਆ ਤਾਂ ਆ ਕੇ ਮੈਨੂੰ ਦੋਸ਼ ਨਾ ਦੇਈ। ਪਰ ਤੂੰ ਜੁਆਬ ਦਿੱਤਾ, ‘…ਮੈਂ ਆਪੇ ਆ ਕੇ ਫ਼ੌਜੀ ਪਰਮਿਟ ਵਾਲਾ ਸੀਮਿੰਟ ਬਥੇਰਾ ਲੈ ਲਵਾਂਗਾ …।  ਸਾਰਾ ਮਕਾਨ ਆਪ ਆ ਕੇ ਮੁਰੰਮਤ ਕਰਾ ਜਾਵਾਂਗਾ। ਤੇਰੀ ਫ਼ਸਲ ਦੀ ਔੜ ਦਾ ਵੀ ਇਲਾਜ ਕਰ ਜਾਵਾਂਗਾ। ਟਿਉਬਵੈਲ ਵੀ ਲਵਾ ਕੇ ਦੇ ਜਾਵਾਂਗਾ…।’

ਤੇਰੀਆ ਚਿੱਠੀਆਂ ਪੜ੍ਹ ਕੇ  ਸੋਚਦੀ ਹਾਂ, ਆਪਣੀ ਕਿਸਮਤ ਤੇ ਹੱਸਾਂ ਕਿ ਰੋਵਾਂ? ਜਦੋਂ ਮੇਰੇ ਦੇਸ਼ ਤੇ ਭੀੜ ਬਣੀ ਸੀ ਤਾਂ ਮੈਂ ਦੇਸ਼ ਦੀ ਖ਼ਾਤਰ ਆਪਣੇ ਕੋਰੇ ਜਜਬਾਤਾਂ ਨੂੰ ਤਾਲੇ ਲਗਾ ਲਏ ਸਨ। ਹਿੱਕ ਤੇ ਪੱਥਰ ਰੱਖ ਕੇ ਤੈਨੂੰ ਇਹ ਹੀ ਲਿਖਦੀ ਰਹੀ ਸੀ…ਪਿੱਛੇ ਸਭ ਠੀਕ ਠਾਕ ਹੈ, ਤੂੰ  ਭਾਰਤ ਮਾਤਾ ਦੀ ਰਾਖੀ ਤੋਂ ਕੁਤਾਹੀ ਨਾ ਕਰੀਂ। ਮੇਰੀ ਲੋੜ ਹੈ ਤਾਂ ਮੈਂ ਵੀ ਆ ਜਾਨੀ ਆਂ ਬੰਦੂਕ ਫੜਕੇ। ਪਰ ਮੇਰੇ ਕੋਲੋਂ ਹੁਣ ਹੋਰ ਸਬਰ ਨਹੀਂ ਹੁੰਦਾ।

‘ਮੈਨੂੰ ਪੈਸੇ ਦੀ ਲੋੜ ਨਹੀਂ, ਤੂੰ ਖਾਲੀ ਹੀ ਆ ਜਾ…ਮੈਂ ਰੁੱਖੀ ਸੁੱਕੀ ਖਾ ਲਾਂਗੀ…ਛੁੱਟੀ ਨਹੀਂ ਮਿਲਦੀ ਤਾਂ ਸਾਹਿਬ ਨੂੰ ਤਰਲਾ ਪਾ ਲੈ…ਉਹ ਨਹੀਂ ਮੰਨਦਾ ਤਾਂ ਸਾਹਬਣੀ ਨੂੰ ਫ਼ਰਿਆਦ ਕਰ ਵੇਖੀਂ। ਜੇ ਉਸ ਵਿਚ ਇਸਤ੍ਰੀਪਣ ਹੋਇਆ ਤਾਂ ਜ਼ਰੂਰ ਮੰਨ ਜਾਏਗੀ ਤੇ ਤੈਨੂੰ ਛੁੱਟੀ ਦਿਵਾ ਦੇਵੇਗੀ।’

ਤੇ ਫਿਰ ਤੂੰ ਆਇਆ ਸੀ, ਇੱਕ ਰਾਤ ਲਈ। ਮਿਹਰਬਾਨੀ ਹੋਈ ਸੀ ਸ਼ਾਇਦ ਸਾਹਬਣੀ ਦੀ …ਉਸ ਨੇ ਮੇਰੀ ਪੀੜ ਪਛਾਣ ਲਈ ਹੋਵੇਗੀ ਜਿਹੜੀ ਤੂੰ ਅਜੇ ਤੱਕ ਨਹੀਂ ਪਛਾਣ ਸਕਿਆ। ਵਿਹੜੇ ਵੜਦੇ ਨੂੰ ਤੈਨੂੰ ਮੈ ਪਹਿਲੀ ਵਾਰ ਛਿਪ ਕੇ ਵੇਖਿਆ ਸੀ ਬਾਰੀ ਓਹਲਿਓਂ। ਹਾਏ! ਤੂੰ ਮੈਨੂੰ ਕਿੰਨਾ ਪਿਆਰਾ ਲੱਗਾ ਸੀ…ਲੰਮਾ ਸਾਰਾ…ਸਰੂ ਦਾ ਸਰੂ…ਮੈਂ ਵੇਖ ਕੇ ਸਿਰ ਤੋਂ ਪੈਰਾਂ ਤੱਕ ਨਸ਼ਿਆ ਗਈ ਸੀ ਸਾਰੀ ਦੀ ਸਾਰੀ। ਮੇਰੀ  ਪਿਛਲੇ ਸਾਲਾ ਦੀ ਸਾਰੀ ਦੁੱਖ ਪੀੜ ਕਿਧਰੇ ਦੌੜ ਗਈ। ਮੇਰੇ ਅੰਦਰ ਬਿਜਲੀਆਂ ਦੇ ਤੁਫ਼ਾਨ ਮਚਲ ਉੱਠੇ। ਤੇਰੇ ਭਰਾ ਭਾਬੀ ਮਾਂ ਪਿਉ ਤੇ ਹਮਸਾਏ ਇੱਕ ਪਲ ਵਿਚ ਸਭ ਇਕੱਠੇ ਹੋ ਗਏ। ਸਾਰੇ ਤੈਨੂੰ ਗਲਵੱਕੜੀ ਪਾ ਕੇ ਮਿਲਦੇ ਰਹੇ, ਤੈਨੂੰ ਉਮਡਦੇ ਰਹੇ। ਮੈਂ ਇਹ ਸਭ ਤਾਕੀ ਓਹਲੇ ਹੀ ਵੇਖ ਕੇ ਅੱਗ ਦੀ ਲਾਟ ਵਾਂਗ ਲਰਜਦੀ ਰਹੀ। ਤੂੰ ਅੰਦਰ ਵੱਲ ਨੂੰ ਵਧਿਆ…। ਮੈਂ ਦਰਵਾਜੇ ਓਹਲੇ ਲੁੱਕ ਗਈ…। ‘ਆਪੇ ਮੈਨੂੰ ਲੱਭੇਗਾ…ਬੁਲਾਏਗਾ…ਮੈਂ ਕੂਹਣੀਆਂ ਵਿਚ ਆਪਣਾ ਚਿਹਰਾ ਛੁਪਾ ਲਵਾਂਗੀ। ਤੂੰ ਮੇਰੀ ਕੂਹਣੀ ਫੜ ਕਮਰਕੱਸਾ ਕਰ ਲਵੇਂਗਾ… ਮੈਨੂੰ ਆਪਣੇ ਵੱਲ ਖਿੱਚ ਕੇ ਗਲ਼ ਲਾ ਲਵੇਗਾ।’ ਪਰ ਤੇਰੇ ਪੈਰਾਂ ਦੀ ਆਹਟ ਫੇਰ ਪਰ੍ਹਾਂ ਪਿੱਛੇ ਨੂੰ ਚਲੇ ਗਈ। ਕੋਈ ਹੋਰ ਬਾਹਰੋਂ ਆ ਧਮਕਿਆ ਸੀ! ਮੇਰੇ ਜਜ਼ਬਾਤ ਸਿਸਕਦੇ ਰਹੇ…ਤੜਫਦੇ ਰਹੇ…ਫੜਫੜਾਉਂਦੇ ਰਹੇ…।

‘ਆ ਫ਼ੌਜੀਆ। ਅਸੀ ਤਾਂ ਤੇਰੇ ਵਿਆਹ ਦੇ ਵੀ ਅਜੇ ਸ਼ਗਨ ਮਨਾਉਣੇ ਨੇ…। ਪਹਿਲੇ ਤੋੜ ਦੀ ਰੱਖੀ ਆ ਤੇਰੇ ਲਈ। ਤੂੰ ਹੀ ਡਟ ਖੋਲ੍ਹ ਆ ਕੇ…?’  ਤੂੰ ਪਹਿਲਾ ਵੀ ਤਾਂ ਪੀਤੀ ਹੋਈ ਸੀ। ਝੱਟ ਉਧਰ ਚਲਾ ਗਿਆ, ਪਾਰਲੀ ਬੈਠਕ ਵਿਚ। ਉੱਥੇ ਬੈਠ ਕੇ ਤੁਸੀਂ ਪੀਂਦੇ ਰਹੇ, ਖਾਂਦੇ ਰਹੇ…ਹੱਸਦੇ ਰਹੇ…ਵਿਆਹ ਦੀ ਖ਼ੁਸ਼ੀ ਦੇ ਜਾਮ, ਤੇਰੇ ਨਾਮ ਦੇ, ਮੇਰੇ ਨਾਮ ਦੇ ਪਿਆਲੇ ਟਣਕਾਉਂਦੇ ਰਹੇ…ਗਲਾਸੀਆਂ ਟਣਕੀਆਂ…ਤਾੜੀਆਂ ਵੱਜੀਆਂ, ਵਾਹਵਾ ਵਾਹਵਾ ਹੋਈ ਹੁੰਦੀ ਰਹੀ। ਪਰ ਤੇਰੀ ਆਪਣੀ ਪਹਿਲੇ ਤੋੜ ਦੀ,  ਕਿੰਨੇ ਸਾਲਾਂ ਦੀ ਜਜ਼ਬਾਤਾਂ ਤੇ ਰੀਝਾਂ ਭਰੀ ਬੰਦ ਬੋਤਲ, ਬੰਦ ਦੀ ਬੰਦ ਹੀ ਪਈ ਤੇਰੀ ਇੰਤਜ਼ਾਰ ਵਿਚ ਵਿੱਸ ਘੋਲਦੀ ਰਹੀ।

ਤੂੰ ਆਇਆ…ਡੂੰਘੀ ਰਾਤ ਨੂੰ…ਮੇਰੇ ਕਮਰੇ ਵਿਚ…ਲੜਖੜਾਉਂਦਾ…ਡੱਕੇ ਡੋਲੇ ਖਾਂਦਾ…। ਇਹੀ ਤਾਂ ਸੁਹਾਗ ਰਾਤ ਸੀ! ਮੇਰੇ ਸਬਰਾਂ ਦੇ ਬੰਨ੍ਹ ਟੁੱਟ ਗਏ। ਮੈਂ ਨਾ ਰੁਕ ਸਕੀ। ਉੱਠ ਕੇ ਤੈਨੂੰ ਕਲਾਵੇ ਵਿਚ ਕੱਸ ਲਿਆ…। ਪਰ ਤੇਰਾ ਕਲਾਵਾ ਢਿੱਲਾ ਪੈ ਗਿਆ। ਤੂੰ ਦਾਰੂ ਨਾਲ ਬੇਹੋਸ਼ ਡਿੱਗੂ ਡਿੱਗੂ ਕਰਦਾ ਮੇਰੀ ਬਾਂਹਾਂ ਵਿਚ ਡਿਗ ਪਿਆ। ਗੇਲਣੀ  ਜਿਹਾ ਤੇਰਾ ਸਰੀਰ ਮੈਂ ਨਾ ਸਾਂਭ ਸਕੀ। ਸਹਾਰਾ ਦੇ ਕੇ ਮੰਜੇ ਤੇ ਪਾ ਦਿੱਤਾ। ਹਾਏ ਰੱਬਾ! ਇਹ ਕੀ? ਤੂੰ ਕੈਆਂ ਕਰਨ ਲੱਗਾ, ਉਲਟੀਆਂ ਕਰਨ ਲੱਗਾ। ਮੈਂ ਸਾਰੀ ਰਾਤ ਤੇਰੀ ਸੇਵਾ ਕਰਦੀ ਰਹੀ, ਤੈਨੂੰ ਸਾਂਭਦੀ ਰਹੀ ਤੇ ਤੂੰ ਮਦਹੋਸ਼ ਪਿਆ ਰਿਹਾ। ਮੈਂ ਸਾਰੀ ਰਾਤ ਤੇਰੇ ਨਾਲ ਪਈ ਅੱਗ ਦੇ ਤੰਦੂਰ ਵਾਂਗ ਬਿਨ ਬਾਲਣ ਮੱਚਦੀ ਰਹੀ। ਤੂੰ ਅੱਖਾਂ ਨਾ ਖੋਲ੍ਹੀਆਂ… ਤੇਰੇ ਸਰੀਰ ਨੇ ਕੋਈ ਹਰਕਤ ਨਾ ਕੀਤੀ। ਕੁੱਕੜ ਨੇ ਬਾਂਗ ਦਿੱਤੀ… ਮੈਂ ਤੈਨੂੰ ਹਿਲਾਇਆ… ਤੇਰੀ ਦਾਰੂ ਉਤਰੀ … ਤੂੰ ਅੱਭੜਵਾਹ ਉੱਠਿਆ ਸੋਮਨ ਹੋਇਆ। ਮੇ ਤੇਰੇ ਨਾਲ ਲਿਪਟ ਗਈ। ਦਰਵਾਜ਼ਾ ਖੜਕਿਆ। ਬਾਹਰੋਂ ਮਾਂ ਜੀ ਨੇ ਆਵਾਜ਼ ਮਾਰੀ। ਮੈਂ ਸਿਰ ਤੇ ਦੁਪੱਟਾ ਕਲੁੰਜਦੀ ਦਰਵਾਜ਼ਾ ਖੋਲਿਆ। ਮਾਂਜੀ ਨੇ ਮੇਰੀਆਂ ਅੱਖਾਂ ਵਿਚੋਂ ਝਾਕਿਆ। ਮੇਰੀਆਂ ਅੱਖਾਂ ਬੇਮਤਲਬ ਨੀਵੀਂਆਂ ਪੈ ਗਈਆਂ।

ਮਾਂ ਜੀ ਦੀਆਂ ਅੱਖਾਂ ਵਿਚ ਤਸੱਲੀ ਸੀ। ਉਸ ਨੇ ਸਰਹਾਂਦੀ ਵੇਖਿਆ…। ਦੁਧ ਦੀ ਗੜਵੀ ਖਾਲੀ ਸੀ..ਰਾਤ ਖੋਰੇ ਬਿੱਲੀ ਪੀ ਗਈ!  ਖਾਲੀ ਗੜਵੀ ਚੁੱਕ ਕੇ ਉਹ ਪੁੱਤਰ ਵੱਲ ਹੋਈ…ਉਹ ਉਸ ਦੇ ਪ੍ਰਤੀਕਰਮ ਜਾਣਨਾ ਚਾਹੁੰਦੀ ਸੀ, ਪਰ ਉਹ ਅੱਧ ਸੁਰਤ ਅਰਧ ਉਣੀਂਦਾ ਟਿਕਿਆ ਰਿਹਾ। ਮਾਂ ਜੀ ਨੇ ਉਸ ਦਾ ਮੱਥਾ ਚੁੰਮਿਆ ਜਿਵੇਂ ਸ਼ਾਬਾਸ਼ ਦਿਤੀ ਹੋਵੇ।

‘ਉੱਠ ਮੇਰਾ ਪੁਤ। ਉੱਠ ਕੇ ਮੂੰਹ ਤੇ ਛਿੱਟੇ ਮਾਰ ਕੁੱਝ ਸੁਰਤ ਆਵੇ ਸੂ…’। ਉਹ ਖਾਲੀ ਗੜਵੀ ਲੈ ਕੇ ਬਾਹਰ ਨਿਕਲ ਗਈ।

ਮੈਂ ਬਾਰ ਬਾਰ ਹਿਲਾਇਆ… ਤੂੰ ਅੱਖਾਂ ਖੋਲੀਆਂ… ਸਵੇਰ  ਦੇ ਸੱਤ ਵਜੇ ਸਨ। ਤੂੰ ਇਕਦਮ ਉੱਠਿਆ ਤੇ ਤਿਆਰੀ ਕਰਨ ਲੱਗਾ।

‘ਹਮਾਰਾ ਸਾਹਿਬ ਬੋਲਤਾ ਥਾ ਕੱਲ੍ਹ ਜਲਦੀ ਆ ਜਾਣਾ। ਲੇਟ ਹੋ ਗਿਆ ਤਾਂ ਪਿੱਠੂ ਲਗਾ ਦੂੰ।’ ਤੂੰ ਚਲਾ ਗਿਆ। ਮੈਂ ਕਿੰਨੀ ਦੂਰ ਤੱਕ ਤੇਰਾ ਪਿੱਛਾ ਵੇਖਦੀ ਰਹੀ। ਇਹ ਮਜਬੂਰੀ ਸੀ ਪਤਾ ਨਹੀਂ ਪੈਸੇ ਦੀ?  ਡਿਊਟੀ ਦੀ, ਤੇਰੀ ਜਾਂ ਮੇਰੀ? ਕਿਸੇ ਦੀ ਵੀ ਹੋਵੇ। ਇਹ ਮੇਰੀ ਮਜਬੂਰੀ ਨਹੀਂ ਸੀ। ਮੇਰਾ ਵੱਸ ਚਲਦਾ ਤਾਂ ਮੈਂ ਤੈਨੂੰ ਇਸ ਹਜ਼ਾਰ ਬਾਰਾਂ ਸੌ ਦੀ ਨੌਕਰੀ ਬਦਲੇ ਕਦੇ ਵੀ ਦੂਰ ਨਾ ਜਾਣ ਦਿੰਦੀ, ਜੇ ਤੂੰ ਵਲਾਇਤ ਗਿਆ ਹੁੰਦਾ ਜਾਂ ਅਮਰੀਕਾ ਗਿਆ ਹੁੰਦਾ ਤਾਂ ਮੈਂ ਵੀ ਹੋਰਨਾ ਹਜ਼ਾਰਾਂ ਕਰਮਾ ਮਾਰੀਆਂ ਵਾਂਗ ਸਬਰ ਦਾ ਘੁੱਟ ਭਰ ਲੈਂਦੀ। ਜਿਨ੍ਹਾਂ ਦੇ ਖ਼ਾਵੰਦ ਚਾਰ ਲਾਵਾਂ ਲੈ ਕੇ ਫਿਰ ਪ੍ਰਦੇਸ ਚਲੇ ਜਾਂਦੇ ਨੇ ਪੇਟ ਦੀ ਖ਼ਾਤਰ। ਉਹ ਆਪਣੇ ਸੁਹਾਗ ਨੂੰ ਜਹਾਜ਼ ਤੇ ਚੜਾ ਕੇ ਕਿੰਨੀਆਂ ਖ਼ੁਸ਼ ਹੁੰਦੀਆਂ ਨੇ… ਉਹ ਜਹਾਜ਼ ਹੈ ਜਾਂ ਸੂਲੀ? ਕੀ ਕੋਈ ਔਰਤ ਆਪਣੇ ਸੁਹਾਗ ਨੂੰ ਆਪ ਸੂਲੀ ਚੜ੍ਹਾਉਂਦੀ ਹੈ? ਤੇ ਫਿਰ ਸਾਰੀ ਉਮਰ ਉਹ ਕਾਂ ਉਡਾਉਂਦੀਆਂ ਫਿਰਦੀਆਂ ਜਹਾਜ਼ ਉਡੀਕਦੀਆਂ ਨੇ। ਨੀਂਗਰ ਚੰਦ ਜੀ ਆਪ ਆਉਣ ਦੀ ਥਾਂ ਡਾਲਰ ਪੈਸੇ ਭੇਜਦੇ ਨੇ। ਭੱਠ ਝੋਕਦੀਆਂ ਤ੍ਰੀਮਤਾਂ ਪੈਸੇ ਦੇਖ ਕੇ ਲੱਟੂ ਹੋ ਜਾਂਦੀਆਂ ਨੇ। ਆਪਣੇ ਤ੍ਰੀਮਤਪਨ ਤਿਆਗ ਕੇ ਮਸ਼ੀਨਾਂ ਬਣ ਜਾਂਦੀਆਂ ਨੇ। ਹੱਡ ਮਾਸ ਦੀਆਂ ਮਸ਼ੀਨਾਂ। ਉਹ ਜ਼ਮੀਨਾਂ ਖ਼ਰੀਦਦੀਆਂ ਨੇ, ਕੋਠੀਆਂ ਬਣਾਉਂਦੀਆਂ ਨੇ ਆਪਣੇ ਆਪ ਨੂੰ ਕੈਦ ਕਰਨ ਲਈ ਸੱਧਰਾਂ ਫੇਰ ਲੈਂਦੀਆਂ ਨੇ… ਸਰੀਰਕ ਭੁੱਖ ਮਾਰ ਲੈਂਦੀਆਂ ਨੇ… ਪੈਸੇ ਦੀ ਛਾਂ ਥੱਲੇ। ਜਾਂ ਆਸੇ ਪਾਸੇ ਬਿਗਾਨੀ ਖੁਰਲੀ ਮੂੰਹ ਮਾਰਦੀਆਂ ਨੇ। ਮੈਂ ਏਦਾਂ ਨਹੀਂ ਕਰਾਂਗੀ…ਮੈਂ ਇਸ ਵਾਰ ਤੈਨੂੰ ਜਾਣ ਨਹੀਂ ਦੇਣਾ। ਨਹੀਉਂ…ਜਾਣ-ਦੇਣਾ। ਭੱਠ ਚ ਪਵੇ ਤੇਰੀ ਨੌਕਰੀ …ਚੁੱਲ੍ਹੇ ਚ ਪੈਣ ਤੇਰੇ ਐਹੋ ਜਿਹੇ ਨੋਟ…।

ਹੈਂ ਗਾਮਿਆਂ! ਤੇਰੇ ਨਾਲੋ ਤਾਂ ਤੇਰੀ ਫ਼ੋਟੋ ਹੀ ਚੰਗੀ ਹੈ, ਜਿਸ ਨਾਲ ਮੈਂ ਕਦੇ ਦੁੱਖ ਸੁੱਖ ਫੋਲ ਕੇ ਦਿਲ ਦਾ ਭਾਰ ਹੌਲਾ ਕਰ ਲੈਂਦੀ ਹਾਂ, ਪਰ ਤੂੰ ਤਾਂ ਉਸ ਦਿਨ ਮੇਰੀ ਇੱਕ ਵੀ ਨਾ ਸੁਣੀ। ਮੇਰੀ ਬੰਦ ਪਈ ਕਿਤਾਬ ਫੋਲ ਕੇ ਦੇਖਦਾ ਤਾਂ ਇਸ ਵਿਚ ਕਿੰਨੇ ਨਾਵਲ ਕਹਾਣੀਆਂ ਸਮਾਈਆ ਪਈਆਂ ਨੇ।

ਤੇ ਫਿਰ ਤੇਰੇ ਜਾਣ ਬਾਅਦ ਚਿੱਠੀ ਦੀ ਉਡੀਕ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹੀ ਤੇਰੀਆਂ ਚਿੱਠੀਆਂ ਆਉਂਦੀਆਂ ਰਹੀਆਂ। ਅੱਜ ਫਿਰ ਤੇਰੀ ਚਿੱਠੀ ਆਈ ਹੈ… ਬਿਲਕੁਲ ਫੋਕੀ … ਨਿਰਮੋਹੀ … ਫਿਰ ਉਹ ਹੀ ਰਟ ਲਗਾਈ ਹੈ… ਮੈਂ ਜਲਦੀ ਆ ਰਿਹਾ ਹਾਂ।

ਹੂੰ… ਹੂੰ… ਬੇਕਿਰਕ ਬੁਜ਼ਦਿਲ! ਉਸ ਦਿਨ ਕੀ ਕਰ ਲਿਆ ਆ ਕੇ ਤੇ ਹੁਣ ਆ ਕੇ ਕੀ ਚੁਬਾਰਾ ਢਾਹ ਲਵੇਗਾ? ਹੁਣ ਵੀ ਆ ਜਾਈਂ ਡੱਫ ਕੇ ਤੇ ਰਾਤ ਮਰੇ ਸੱਪ ਵਾਂਗ ਪਿਆ ਰਹੀਂ ਤੇ ਸਵੇਰੇ ਉੱਠ ਕੇ ਚਲਾ ਜਾਈਂ ਆਪਣੀ ਸਾਬ੍ਹਣੀ ਕੋਲ। ਮੈਂ ਤੇਰੇ ਫੋਕੇ ਲਾਰਿਆਂ ਨਾਲ ਰੇਤਲੀ ਕੰਧਾਂ ਨੂੰ ਕਿਵੇਂ ਢਾਰਸ ਦੇਈ ਜਾਵਾਂ? ਆਪਣੀ ਮਾਂ ਦੀ ਹੀ ਗੱਲ ਸੁਣ ਲੈ। ਇਕ ਦਿਨ ਕਹਿਣ ਲੱਗੀ ”ਕੁੜੇ ਕਦੇ ਖੁੱਲ੍ਹ ਕੇ ਵੀ ਬੋਲਿਆ ਕਰ, ਹਰ ਵੇਲੇ ਗਿਲੇ ਗੋਹੇ ਵਾਂਗ ਧੁਖਦੀ ਰਹਿੰਦੀ ਏ। ਏਸੇ ਹਾਲ ਵਿਚ ਆਪਣਾ ਸਰੀਰ ਬਾਲਣ ਕਰ ਲਿਆ ਈ. ਦੋ ਸਾਲ ਹੋ ਗਏ ਅਜੇ ਓਵੇਂ ਦੀ ਓਵੇਂ ਹੀ।’ ਉਸ ਦੀ ਇਹ ‘ਓਵੇਂ ਦੀ ਓਵੇਂ’।  ਮੈਨੂੰ  ਦੁਨਾਲੀ ਵਾਂਗ ਵੱਜੀ ਹੈ। ਤੇਰੇ ਬਿਨਾਂ ਓਵੇਂ ਦੀ ਓਵੇਂ ਹੀ ਰਹਿਣਾ ਏ ‘ਜਿਵੇਂ’ ਕਿੱਦਾਂ ਹੋ ਜਾਊ?  ਕੱਲ੍ਹ ਮਾਂ ਜੀ ਕਹਿੰਦੀ ‘ਪਥੇਰਾਂ ਵਾਲੇ ਬਾਬੇ ਕੋਲੋਂ ਲਾਚੀਆਂ ਲਿਆ ਕੇ ਖ਼ਾਹ… ਕੀ ਇਕੱਲੀਆਂ ਲਾਚੀਆਂ ‘ਓਵੇਂ’ ਦਾ ‘ਜਿਵੇਂ’ ਕਰ ਦੇਣਗੀਆਂ? ਕੀ ਮੈਂ ਉਸ ਲਈ ਕੋਈ ‘ਵਾ ਅੰਡਾ’ ਦੇ ਦਿਆਂ? ਜਾਂ ਮੈਂ ਕੋਈ ਪਵਨ ਸੂਤ ਹਨੂਮਾਨ ਜੰਮ ਧਰਾਂ? ਜਾਂ ਕੀ ਮੈਂ ਵੀ ‘ਓਵੇਂ’ ਦਾ ‘ਜਿਵੇਂ’ ਕਰਨ ਲਈ ਹੋਰਨਾਂ ਕਈਆਂ ਸਿੱਧੀਆਂ ਸਾਧੀਆਂ ਅਬਲਾਵਾਂ ਵਾਂਗ ਪਥੇਰਾਂ ਵਾਲੇ ਸਾਧ (ਸਾਨ੍ਹ) ਦੀਆਂ ਚੌਂਕੀਆਂ ਭਰਾਂ ਸੱਤ ਰਾਤਾਂ? ਕੀ ਬੁੱਲ੍ਹਾਂ ਨੂੰ ਵੱਜਣ ਤੋਂ ਬਿਨਾ ਮੁਰਲੀ ਵੱਜ ਸਕਦੀ ਹੈ? ਨਹੀਂ! ਨਹੀਂ! ਇਹ ਹਰਗਿਜ਼ ਨਹੀਂ ਹੋ ਸਕਦਾ…।

ਤੇਰੀ ਫਿਰ ਚਿੱਠੀ ਆਈ ਸੀ…। ‘ਮੈਂ ਜਲਦੀ ਆ ਜਾਵਾਂਗਾ ਨਾਵਾਂ ਕਟਾ ਕੇ… ਜਾਂ ਤੈਨੂੰ ਵੀ ਨਾਲ ਲੈ ਜਾਵਾਂਗਾ। ਸਾਹਿਬ ਨੇ ਬੋਲਾ ਥਾ ਤੀਵੀਂ ਨੂੰ ਵੀ ਨਾਲ ਲੈ ਆ। ਮੈਂ ਜ਼ਰੂਰ ਆਵਾਂਗਾ..ਭਾਵੇਂ ਕੁੱਝ ਵੀ ਹੋਵੇ।’ ਕੁੱਝ ਕਿਉ ਹੋਵੇਗਾ? ਮੈਂ ਹੋਰ ਫ਼ਿਕਰਾਂ ਵਿਚ ਡੁੱਬ ਗਈ। ਬੜਾ ਚੰਗਾ ਹੋਵੇ ਜੇ ਤੂੰ ਨਾਵਾਂ ਕਟਾ ਕੇ ਹੀ ਆ ਜਾਏਂ। ਤੂੰ ਫ਼ੌਜੀ ਨੌਕਰੀ ਕਰਕੇ ਦੇਸ਼ ਸੇਵਾ ਕਰਦਾ ਏਂ…ਖੇਤੀ ਕਰਨਾ ਵੀ ਤਾਂ ਦੇਸ਼ ਸੇਵਾ ਹੀ ਹੈ। ਦੇਸ਼ ਦਾ ਕਿਸਾਨ ਖੇਤੀ ਕਰਕੇ ਲੱਖਾਂ ਦੇਸ਼ ਵਾਸੀਆਂ ਦੇ ਢਿੱਡ ਅੰਨ ਪਾਉਂਦਾ ਏ. ਤੂੰ ਨੌਕਰੀ ਛੱਡ ਕੇ ਖੇਤੀ ਕਰ ਲੈ। ਤੂੰ ਖੇਤੀ ਕਰੇਂਗਾ। ਮੈਂ ਮੋਢੇ ਨਾਲ ਮੋਢਾ ਜੋੜ ਕੇ ਤੇਰਾ ਹੱਥ ਵਟਾਵਾਂਗੀ।

ਦੂਰੋਂ ਵੇਖਦੀ ਹਾਂ …ਔਹ ਸਾਹਮਣੇ ਆ ਰਿਹਾ ਹੈ…ਹੈ ਉਹ ਹੀ…। ਹਾਂ ਮੇਰਾ ਗਾਮਾ… ਮੇਰਾ ਗਾਮਾ…ਪਾਗਲਾ ਵਾਂਗ ਏਧਰ ਉੱਧਰ ਦੌੜਦੀ ਹਾਂ। ਉਹ ਆਪ ਆ ਕੇ ਮੈਨੂੰ ਲੱਭੇਗਾ…ਮੈਂ ਰੁੱਸ ਜਾਵਾਂਗੀ…ਉਹ ਮਨਾਏਗਾ…।

ਤੂੰ ਸਿੱਧਾ ਅੰਦਰ ਆ ਜਾਂਦਾ ਹੈ। ਮੇਰਾ ਸਬਰ ਡੋਲ ਜਾਂਦਾ ਹੈ. ਮੈਂ ਘੁੱਟ ਕੇ ਤੇਰੇ ਨਾਲ ਚੰਬੜ ਜਾਂਦੀ ਹਾਂ। ਮੇਰੀਆਂ ਅੱਖਾਂ ਪਾਟੇ ਬੱਦਲ ਵਾਂਗ ਮੂਸਲਾਧਾਰ ਵਰਖਾ ਕਰਦੀਆਂ ਨੇ… ਤੂੰ ਮੈਨੂੰ ਚੁੱਪ ਕਰਾਉਂਦਾ ਏ। ‘ਮੈਂ ਹੁਣ ਆ ਗਿਆ ਹਾਂ ਫ਼ੌਜ ਚੋਂ ਪੱਕਾ…ਪਰ ਮੈਂ ਤੇਰੇ ਕੋਲ ਨਹੀਂ ਰਹਿ ਸਕਦਾ ਮੇਰੀ ਜਾਨ’। ਤੇਰੀਆਂ ਅੱਖਾਂ ਵਿਚ ਵੀ ਹੰਝੂ ਡਲ੍ਹਕ ਆਏ ਨੇ। ਮੇਰੀਆਂ ਸਿਸਕੀਆਂ ਨੂੰ ਗ਼ਸ਼ੀ ਪੈ ਗਈ ਹੈ। ‘ਹਾਏ ਕਿਉ? ਮੈਂ ਨਹੀਂ ਜਾਣ ਦੇਣਾ ਹੁਣ’ ਮੇਰੀ ਚੀਕ ਨਿਕਲ ਜਾਂਦੀ ਹੈ।

‘ਮੈਂ ਕਤਲ ਕਰ ਆਇਆ ਹਾਂ…ਉਸ ਮੁੰਡੇਬਾਜ਼ ਦਾ… ਜ਼ਾਲਮ ਜੰਗਲੀ ਸਾਹਿਬ ਦਾ…ਜਿਸ ਨੇ ਮੇਰੇ ਦੋ ਕੀਮਤੀ ਸਾਲ, ਮੇਰੇ ਜਜ਼ਬਾਤਾਂ ਦਾ ਖੂਨ ਕੀਤਾ…ਤੇ ਤੇਰੀਆਂ ਸੱਧਰਾਂ ਦਾ ਘਾਣ ਕੀਤਾ। ਕਿਸੇ ਨਾ ਕਿਸੇ ਬਹਾਨੇ ਉਹ ਤੇਰੀਆਂ ਚਿੱਠੀਆਂ ਪੜਦਾ ਮੈਨੂੰ ਬਲੈਕਮੇਲ ਕਰਦਾ ਰਿਹਾ ਤੇ ਮੈਨੂੰ ਰੋਕਦਾ ਰਿਹਾ। ਬਹੁਤ ਸਾਰੇ ਜਵਾਨ ਉਸ ਤੋਂ ਦੁਖੀ ਸਨ। ਜੀਹਨੇ ਉਸ ਅੱਗੇ ਗੋਡੇ ਟੇਕ ਖ਼ੁਸ਼ਾਮਦ ਸੇਵਾ ਕੀਤੀ, ਉਸ ਦੀ ਛੁੱਟੀ ਮਨਜ਼ੂਰ ਤੇ ਜੀਹਨੇ ਨਾਂਹ ਕੀਤੀ ਉਸ ਨੂੰ ਇਨਕਾਰ। ਇੱਕ ਜੁਆਨ ਆਪਣੀ ਤੀਵੀਂ ਲੈ ਗਿਆ। ਜੁਆਨ ਨੂੰ ਬਾਹਰ ਡਿਊਟੀ ਤੇ ਭੇਜ ਦਿੰਦਾ ਤੇ ਉਸ ਦੀ ਘਰ ਵਾਲੀ ਨੂੰ ਆਪਣੇ ਘਰ ਅੜਦਲਪੁਣਾ ਕਰਵਾਉਂਦਾ। ਆਖ਼ਰ ਅਜੇਹੇ ਨਿਰਾਦਰ ਤੋਂ ਤੰਗ ਆ ਕੇ ਜੁਆਨ ਨੂੰ ਆਪਣੀ ਪੁੜਪੁੜੀ ਛੇਕਣੀ ਪਈ। ਮੈਂ ਸੋਚ ਲਿਆ ਕਿ ਅਜੇਹੇ ਵਹਿਸ਼ੀ ਕਮਾਂਡਰ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਆਪਣੀ ਪੁੜਪੁੜੀ ਦੀ ਥਾਂ ਉਸ ਦੀ ਪੁੜਪੁੜੀ ਛੇਕਣੀ ਬਿਹਤਰ ਹੈ। ਮੈਂ ਉਸ ਦਾ ਫਾਹਾ ਵੱਢ ਆਇਆ ਹਾਂ।’ ਕਹਿੰਦੇ ਕਹਿੰਦੇ ਤੇਰੇ ਹੋਠ ਕੰਬ ਰਹੇ ਨੇ।

‘ਹੁਣ ਕਿਸੇ ਦੀ ਛੁੱਟੀ ਨਹੀਂ ਰੁਕੇਗੀ…?’ ਮੈਂ ਆਪ ਮੁਹਾਰੇ ਬੁੜਬੁੜਾਉਂਦੀ ਹਾਂ।

‘…ਹਾਂ…ਹਾਂ…’  ਮੈਂ ਹੱਸਦੀ ਹਾਂ ਕਮਲ਼ਿਆਂ ਵਾਂਗ…,

‘ਅਸੀਂ ਦੋਹਰੀ ਕੈਦ ਕੱਟਾਂਗੇ… ਤੂੰ ਜੇਲ੍ਹ ਵਿਚ… ਤੇ ਮੈਂ ਇੱਥੇ ਚਾਰ ਕੰਧਾਂ ਦੀ ਵਲਗਣ ਵਿਚ… ਪਰ ਮੇਰੀਆਂ ਹੋਰ ਭੈਣਾਂ ਆਪਣੇ ਮਾਹੀ ਨੂੰ ਨਹੀਂ ਤਰਸਣਗੀਆਂ। ਉਨ੍ਹਾਂ ਨੂੰ ਜਿਊਣ ਦੀ ਪੂਰੀ ਖੁੱਲ੍ਹ ਹੋਵੇਗੀ।’ ਮੈਂ ਫਿਰ ਤੇਰੇ ਗਲ ਚੰਬੜ ਜਾਂਦੀ ਹਾਂ। “‘

ਅੰਗੂਰੀ

ਅੱਜ ਮੈਂ ਸਵੇਰੇ ਸਵਖਤੇ  ਮੂੰਹ ਹੱਥ ਧੋਣ ਤੋਂ ਬਿਨਾ ਹੀ, ਚਾਹ ਤੇ ਨਾਸ਼ਤਾ ਉਡੀਕਣ ਤੋਂ ਪਹਿਲਾਂ ਹੀ ਗਲੀ  ਵੱਲ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਨੂੰ ਨਿਕਲ ਤੁਰਿਆ। ਪਹਿਲੇ ਮੋੜ ਤੇ ਸ਼ਾਮੂ ਹਲਵਾਈ ਕੋਲ ਦੋ ਚਾਰ ਰਿਕਸ਼ਿਆਂ ਵਾਲੇ ਚਾਹ ਦੇ ਸੁੜਾਕੇ ਮਾਰ ਰਹੇ ਸਨ। ਅੱਜ ਪਹਿਲੀ ਵਾਰ ਇੱਥੇ ਆ ਕੇ ਮੈਨੂੰ ਮਹਿਸੂਸ ਹੋਇਆ ਸੀ ਕਿ ਮੈਂ ਛੜਾਂ ਹਾਂ, ਤੇ ਛੜਿਆਂ ਦੀ ਚਾਹ ਰੋਟੀ ਆਮ ਕਰਕੇ ਹੋਟਲਾਂ ਢਾਬਿਆਂ ਤੇ ਹੀ ਬਣਦੀ ਹੈ। ਪਿਛਲੀ ਰਾਤ ਦੇ ਅਸਭਿਆ ਵਰਤਾਰੇ ਤੇ ਇਸ ਦੀ ਕਾਰਸਤਾਨੀ ਦਾ ਸ਼ਰਮਿੰਦਾ ਪਨ  ਮੇਰੇ ਧੁਰ ਅੰਦਰ ਤੱਕ ਕਲਪ ਰਿਹਾ ਹੈ।

‘ਇਕ ਕੱਪ ਚਾਹ…।’ ਮੈਂ ਚਾਹ ਵਾਲੇ ਵਲ ਇਸ਼ਾਰਾ ਕੀਤਾ।

‘ਕਿਥੋਂ ਆਏ ਉ ਬਾਬੂ ਜੀ?’

ਇਕ ਅਜਨਬੀ ਨੂੰ ਸਾਹਮਣੇ ਖੜਾ ਵੇਖ ਕੇ ਚਾਹ ਵਾਲੇ ਨੇ ਸਾਧਾਰਨ ਜਿਹਾ ਸੁਆਲ ਕੀਤਾ।

‘ਇੱਥੋਂ ਹੀ ਸਾਹਮਣੇ ਵਾਲੀ ਗਲੀ ਵਿਚੋਂ।’

‘ਕਿਰਾਏ ਤੇ?’

‘ਜੀ ਹਾਂ।’

‘ਨਵੇਂ ਹੀ ਆਏ ਉ ਲੱਗਦੇ?’

‘ਹਾਂ…।’

ਦੋ ਮਹੀਨੇ ਤੋਂ ਬਾਦ ਵੀ ਮੈਂ ਨਵਾਂ ਹੀ ਹਾਂ…ਚਾਹ ਤਾਂ ਅੱਜ ਪਹਿਲੇ ਦਿਨ ਹੀ ਪੀਣੀ ਪਈ ਹੈ ਬਾਹਰ। ਫਿਰ ਸ਼ਾਮੂ ਨੇ ਵੀ ਸਵਾਲਾਂ ਦੀ ਉਹੀ ਬੁਛਾੜ ਲਾਈ।

‘ਛੜੇ ਓ ਕਿ ਵਿਆਹੇ ? ਕਿੰਨੇ ਬੱਚੇ ਨੇ? ਇੱਥੇ ਕੀ ਕੰਮ ਕਰਦੇ ਓ ?’

ਮੈਂ ਉਸ ਦੇ ਸਵਾਲਾਂ ਦੇ ਜੁਆਬ ਦੇਣ ਤੋਂ  ਕਤਰਾਉਂਦਾ ਹਾਂ। ਹਾਂ ਅੱਛਾ ਕਰਦਾ ਚਾਹ ਖ਼ਤਮ ਕਰਕੇ ਤੁਰਨ ਲੱਗਾ।

‘ਇਹ ਖ਼ਤਰਨਾਕ ਮੋੜ ਹੈ ਬਾਬੂ ਜੀ।’ ਸ਼ਾਮੂ ਹਲਵਾਈ ਨੇ ਮੁਸ਼ਕਣੀ ਭਰੀ। ਪਰ ਮੈਂ ਸਭ ਕੁੱਝ ਅਣਸੁਣਿਆ ਕਰਕੇ ਪੀ ਗਿਆ। ਮੇਰਾ ਮਨ ਵਾਪਸ ਕਮਰੇ ਵਿਚ ਜਾਣ ਤੋਂ ਡਰਨ ਲੱਗਾ। ਅੰਦਰ ਦਾ ਪਾਲਾ ਹੋਰ ਡੁੰਘੇਰਾ ਹੋ ਗਿਆ। ਮੈਂ ਦਫ਼ਤਰ ਨੂੰ ਹੋ ਤੁਰਿਆ। ਨੌਂ ਵਜੇ ਦੀ ਬਿਜਾਏ ਅੱਠ ਵਜੇ ਹੀ ਦਫ਼ਤਰ ਪਹੁੰਚ ਗਿਆ। ਬਾਥਰੂਮ ਦੇ  ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ। ਇਹ ਮੂੰਹ ਮੇਰਾ ਆਪਣਾ ਨਹੀਂ ਸੀ… ਵਿਗੜਿਆ ਵਿਗੜਿਆ, ਧੁਆਂਖਿਆ ਜਿਹਾ।  ਕੀ ਸੋਚਿਆ ਸੀ, ਕੀ ਹੋ ਗਿਆ…ਕੀ ਸਮਝਿਆ ਸੀ ਕੀ ਨਿਕਲਿਆ…। ਮੈਂ ਆਪਣੀ ਕੀਤੀ ਤੇ ਪਛਤਾ ਰਿਹਾ ਸੀ। ਬਾਹਰ ਬਗੀਚੀ ਵਿਚ ਬੈਠ ਗਿਆ। ਘੜੀ ਦੀਆਂ ਸੂਈਆਂ ਹਨ ਕਿ ਅੱਗੇ ਤੁਰਨ ਦਾ ਨਾ ਹੀ ਨਹੀਂ ਲੈਂਦੀਆਂ। ਪਿਛਲੇ ਮਹੀਨੇ ਦੀ ਸਾਰੀ ਰੀਲ ਪੁੱਠੀ ਘੁੰਮ ਗਈ ਮੇਰੇ ਸਾਹਮਣੇ।

ਛੜਿਆਂ ਨੂੰ ਕਮਰਾ ਕਿਰਾਏ ਤੇ ਕੌਣ ਦਿੰਦਾ ਹੈ? ਤੇ ਹੁਣ ਕੀ ਬਣੇਗਾ…? ਕਿਥੇ ਜਾਵਾਂਗਾ?

ਮੈਂ ਫ਼ਰੀਦਕੋਟ ਤੋਂ ਬਦਲ ਕੇ ਇੱਥੇ ਆਇਆ ਸੀ। ਕਈ ਦਿਨ ਫਿਰਨ ਤੁਰਨ ਤੋਂ ਬਾਦ, ਹੋਟਲਾਂ ਦੇ ਮਹਿੰਗੇ ਕਿਰਾਏ ਖ਼ਰਚ ਕੇ  ਲੱਕ ਟੁੱਟਣ ਤੇ ਆ ਗਿਆ ਸੀ ਪਰ ਕਮਰੇ ਨੂੰ ਕਿਸੇ ਨੇ ‘ਹਾਂ’ ਨਹੀਂ ਸੀ ਕੀਤੀ।

ਕੋਈ ‘ਛੜਾ’ ਸੁਣ ਕੇ ਨਾਂਹ ਕਰ ਦਿੰਦਾ, ਕੋਈ ‘ਸਰਦਾਰ’ ਕਹਿ ਕੇ ਜੁਆਬ ਦੇ ਦਿੰਦਾ ਤੇ ਕੋਈ ਕਿਰਾਇਆ ਹੀ ਇਤਨਾ ਦੱਸ ਦਿੰਦਾ ਜੋ ਮੇਰੀ ਪਹੁੰਚ ਤੋਂ ਬਾਹਰ ਹੁੰਦਾ। ਮੈਂ ਬਹੁਤ ਦੁਖੀ ਹੋਇਆ। ਆਖ਼ਰ ਕਿਸੇ ਨੇ ਦੱਸ ਪਾਈ ਕਿ ਅੰਗੂਰੀ ਦੇ ਇਕ ਕਮਰਾ ਖਾਲੀ ਹੈ।

ਡਰਦੇ-ਡਰਦੇ ਦਰਵਾਜਾ ਜਾ ਖੜਕਾਇਆ, ਘੰਟੀ ਦਬਾਈ। ਅੰਦਰੋਂ ਪੰਜੇਬਾਂ ਦੇ ਛਣਨ…ਛਣਨ ਦੀ ਆਹਟ ਦਰਵਾਜੇ ਵੱਲ ਆਈ। ਦਰਵਾਜਾ ਖੁੱਲ੍ਹਾ। ਸਾਹਮਣੇ ਇਕ ਛਮਕ ਛੱਲੋ ਮੁਟਿਆਰ ਜਿਹੀ ਖੜੀ ਮੁਸਕਾਨ ਸੁੱਟ ਰਹੀ ਸੀ।

‘ਕੋਈ ਕਮਰਾ ਖਾਲੀ ਹੈ? ਭੈਣ ਜੀ?’

‘ਆਉ! ਆ ਜਾਉ।’ ਜਿਵੇਂ ਉਹ ਮੇਰੀ ਹੀ ਰਾਹ ਉਡੀਕ ਰਹੀ ਹੋਵੇ।

‘ਬੈਠੋ ।’ ਕਹਿ ਕੇ ਉਹ ਦੂਜੇ ਪਾਸੇ ਚਲੇ ਗਈ।

ਸਟੋਵ ਚੱਲਣ ਦੀ ਆਵਾਜ਼ ਆਈ। ਇਲਾਚੀ ਚਾਹ ਦੀ ਖ਼ੁਸ਼ਬੂ ਵਿਹੜੇ ਵਿਚ ਫੈਲੀ ਤੇ ਚਾਹ ਦਾ ਕੱਪ ਮੇਜ਼ ਤੇ ਆ ਟਿਕਿਆ।

‘ਕਿੰਨੇ ਬੱਚੇ ਨੇ ਭਾਅ ਜੀ?’ ਉਸ ਨੇ ਪਹਿਲਾ ਸੁਆਲ ਕੀਤਾ ਤੇ ਫਿਰ ਹੱਸਦੇ ਹੱਸਦੇ ਉਹੀ ਸਵਾਲ ਇਕ ਵੱਖਰੇ ਅੰਦਾਜ਼ ਵਿਚ ਦੁਹਰਾਏ, ਜੋ ਆਮ ਮਾਲਕ ਮਕਾਨ ਕਰਦੇ ਨੇ।

‘ਦੋ ਬੱਚੇ ਨੇ ਭੈਣ ਜੀ।’

‘ਤਾਂ ਤੇ ਠੀਕ ਐ। ਰੌਣਕ ਹੋਊ ਮੇਰੇ ਕੋਲ…। ਮੈਂ ਤਾਂ ਇਕੱਲੀ ਘਰ ਵਿਚ ਅੱਕ ਗਈ ਹਾਂ, ਮੈਂ ਕਹਿੰਦੀ ਸੀ ਕੋਈ ਚੰਗਾ ਭੈਣ ਭਰਾ ਆ ਜਾਏ…ਰਲ ਮਿਲ ਕੇ ਸਮਾਂ ਲੰਘ ਜਾਏ।’

‘ਹਾਂ ਜੀ। ਭੈਣ ਜੀ ਗੱਲ ਤਾਂ ਤੁਹਾਡੀ ਠੀਕ ਹੈ, ਬੱਚੇ ਪੜਦੇ ਨੇ। ਉਨ੍ਹਾਂ ਲਈ ਵੀ ਇੱਥੇ ਸਕੂਲ ਲੱਭ ਕੇ ਫਿਰ ਲਿਆਵਾਂਗੇ, ਅਜੇ ਤਾਂ ਦੱਸ ਦਿਨ ਮਹੀਨਾ ਇਕੱਲੇ ਹੀ ਰਹਿਣਾ ਪਊ।’

‘ਕੋਈ ਡਰ ਨਹੀਂ । ਆਪਣੇ ਘਰ ਵਾਂਗ ਭੈਣਾਂ ਭਰਾਵਾਂ ਵਾਂਗ ਰਹੋ।’

ਉਸ ਦੀ ਅਪਣੱਤ ਤੇ ਉਚੇਚ ਨੇ ਮੇਰੇ ਸਾਰੇ ਭਰਮ ਭੁਲੇਖੇ ਲਾਹ ਦਿਤੇ। ਮੈਂ ਰੱਬ ਦਾ ਸੌ ਸੌ ਸ਼ੂਕਰ ਕੀਤਾ ਕਿ ਮਕਾਨ ਵੀ ਮਿਲ ਗਿਆ ਹੈ ਤੇ ਮਾਲਕ ਮਕਾਨ ਵੀ ਇਤਨੇ  ਚੰਗੇ…। ਮੈਂ ਬਹੁਤ ਖ਼ੁਸ਼ ਸੀ। ਕਿਰਾਇਆ ਵੀ ਠੀਕ ਹੀ ਸੀ ਮੇਰੀ ਪਹੁੰਚ ਦੇ ਅੰਦਰ। ਕਮਰੇ ਨੂੰ ਖ਼ੁਸ਼ੀ ਖ਼ੁਸ਼ੀ  ਤਾਲਾ ਲਗਾਇਆ। ਸ਼ਾਮੀ ਬੈਗ ਬਿਸਤਰਾ ਲੈ ਆਇਆ। ਅੰਗੂਰੀ ਵੇਖ ਕੇ ਆਪੇ ਹੀ ਆ ਗਈ।

‘ਮੰਜਾ ਨਹੀਂ ਲਿਆਏ?

ਕੋਈ ਗੱਲ ਨੀਂ। ਮੈਂ ਮੰਜਾ ਦੇ ਦਿੰਦੀ ਹਾਂ। ਫਿਰ ਠਹਿਰ ਕੇ ਲੈ ਆਇਉ…।’ ਉਹ ਆਪੇ ਹੀ ਬਾਹਰ ਖੜਾ ਮੰਜਾ ਚੁੱਕ ਕੇ ਅੰਦਰ ਲੈ ਆਈ। ਮੈਂ ਬਿਸਤਰਾ ਵਿਛਾਉਣ ਲੱਗਾ।

‘ਲਿਆਓ ਮੈਂ ਵਿਛਾ ਦਿੰਦੀ ਆਂ…।’

ਇਤਨੇ ਵਿਚ ਉਸ ਦੇ ਦੋ ਤਿੰਨ ਬੱਚੇ ਅੰਦਰ ਆ ਗਏ।

‘ਜਾਹ ਬੇਟੇ! ਅੰਕਲ ਨੂੰ ਪਾਣੀ ਪਿਆਉ… ਤੂੰ ਜਾਹ ਬੰਟੀ ਸਟੋਵ ਜਲਾ! ਤੂੰ ਜਾਹ ਲਾਟੀ, ਜਾ ਕੇ ਦੁਧ ਲੈ ਕੇ ਆ।’ ਤਿੰਨਾ ਦੀ ਡੀਹਟੀ ਲਗਾ ਕੇ ਉਹ ਮੇਰੇ ਕੋਲ ਹੀ ਬੈਠ ਗਈ, ਜਿਵੇਂ ਕਈ ਜਨਮਾ ਦੀ ਪੁਰਾਣੀ ਵਾਕਫ਼ ਹੋਵੇ। ਮੈਨੂੰ ਬਿਲਕੁਲ ਏਦਾਂ ਹੀ ਲੱਗਾ ਜਿਵੇਂ ਆਪਣੇ ਹੀ ਘਰ ਆਪਣੀ ਮਾਂ ਕੋਲ, ਭਰਜਾਈ ਕੋਲ ਆਪਣੀ ਤ੍ਰੀਮਤ ਕੋਲ ਬੈਠਾ ਦੁਖ ਸੁਖ ਫੋਲ ਰਿਹਾ ਹੋਵਾਂ… ਸੁਣ ਰਿਹਾ ਹੋਵਾਂ…, ਸੁਣਾ  ਰਿਹਾ ਹੋਵਾਂ…।

ਦਸ ਪੰਦਰਾਂ ਦਿਨਾ ਦੀ ਮੇਰੀ ਭਟਕਣ ਇਸ ਕਮਰੇ ਨੇ ਦੂਰ ਕਰ ਦਿਤੀ।

ਇਕ ਬੱਚਾ ਚਾਹ ਲੈ ਆਇਆ,

‘ਅੰਕਲ ! ਆਂਟੀ ਕਿਥੇ ਐ?’

‘ਆਂਟੀ ਕੁੱਝ ਦਿਨ ਠਹਿਰ ਕੇ ਆਏਗੀ ਬੇਟੇ।’ ਮੈਂ ਬੱਚੇ ਨੂੰ ਆਪਣੀ ਗੋਦ ਵਿਚ ਚੁੱਕ ਲਿਆ।

ਚਾਰੇ ਮਾਂ ਪੁਤ ਮੇਰੇ ਦੁਆਲੇ ਜੁੜ ਬੈਠੇ।

‘ਅੱਛਾ ਹੁਣ ਤੁਸੀ ਨਹਾ ਲਉ, ਥੱਕੇ ਹੋਵੋਗੇ। ਆਰਾਮ ਕਰ ਲਉ।’ ਅੰਗੂਰੀ ਬੱਚਿਆਂ ਨੂੰ ਲੈ ਕੇ ਬਾਹਰ ਚਲੀ ਗਈ।

‘ਨਹੀਂ ਮੈਂ ਜਰਾ ਬਾਜ਼ਾਰ ਜਾਣਾ ਹੈ। ਆ ਕੇ ਨ੍ਹਾਵਾਂ ਗਾ।’

ਬਾਹਰ ਜਾ ਕੇ ਮੈਂ ਦੋਸਤਾਂ ਨੂੰ ਖ਼ੁਸ਼ੀ ਨਾਲ ਫ਼ੋਨ ਕੀਤੇ। ਕਮਰਾ ਮਿਲਣ ਦੀ ਖ਼ੁਸ਼ਖ਼ਬਰੀ ਦੱਸੀ। ਰੋਟੀ ਖਾਧੀ ਤੇ ਵਾਪਸ ਕਮਰੇ ਵਿਚ ਆਇਆ।

ਖੁਲੇ ਵਿਹੜੇ ਵਿਚ ਚੁੱਲ੍ਹੇ ਲਾਗੇ ਲਾਲ ਦੁਪੱਟਾ ਲਈ, ਅੰਗੂਰੀ ਲਾਗੇ ਇਕ ਆਕਾਰ ਬੈਠਾ ਸੀ। ‘ਉਸ ਦੀ ਮਾਂ ਹੋਵੇਗੀ ਜਾਂ ਭੈਣ ਹੋਵੇਗੀ ਜਾਂ ਸੱਸ ਹੋਵੇਗੀ… ਮੈਂ ਕੀ ਲੈਣਾ ? ਹੋਵੇਗੀ ਕੋਈ।’ ਮੈਂ ਕਮਰੇ ਵੱਲ ਪੁਲਾਂਘਾਂ ਪੁੱਟੀਆਂ।

‘ਇੱਧਰ ਹੀ ਆ ਜਾਉ। ਭਾਅ ਜੀ।’

‘ਆਉ ਬੈਠੋ।’ ਉਸ ਨੇ ਮੁਸਕਾਨ ਭਰੀ।

ਲਾਲ ਦੁਪੱਟੇ ਵਾਲਾ ਆਕਾਰ ਵੀ ਬੜੇ ਚਾਅ ਨਾਲ ਉੱਠਿਆ।

‘ਨਮਸਤੇ ਭਾਅ ਜੀ…।’ ਮੈਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਉਹ ਉਸ ਦਾ ਘਰ ਵਾਲਾ ਸੀ ਭਾਵੇਂ ਉਮਰ ਵਿਚ ਉਸ ਦਾ  ਅੰਗੂਰੀ ਨਾਲੋਂ ਕਾਫੀ ਫ਼ਰਕ ਜਾਪਦਾ ਸੀ।

‘ਨਮਸਤੇ ਜੀ…।’ ਮੈਂ ਵੀ ਮਿਠੇ ਸਲੀਕੇ ਨਾਲ ਹੱਥ ਮਿਲਾਇਆ।

‘ਆਉ ਬੈਠੇ!’ ਕੁਰਸੀ ਖਿੱਚ ਕੇ ਲਾਗੇ ਕਰਦਿਆ ਉਸ ਨੇ ਕਿਹਾ।

‘ਮੁਆਫ਼ ਕਰਨਾ ਮੈਂ ਕਿਹਾ ਸ਼ਾਇਦ ਕੋਈ ਹੋਰ ਜ਼ਨਾਨੀ ਹੈ।’

ਮੈਂ ਹੱਸਦੇ ਹੱਸਦੇ ਕਿਹਾ।

‘ਇਹ ਨਾ ਭਾਅ ਅ ਜੀ ਈ ਈ…।’ ਇਹ ਅੰਗੂਰੀ ਦੇ ਬੋਲ ਸਨ।

‘ਇਹ ਮੇਰੀ ਵਹੁਟੀ ਹੈ…। ਮੇਰੀ ਨਵੀਂ ਵਿਆਹੀ ਵਹੁਟੀ। ਅੱਜ ਮੈਂ ਮੁਕਲਾਵਾ ਲਿਆਂਦਾ ਹੈ ਇਸ ਦਾ।’ ਉਸ ਨੇ ਉਸ ਪਾਸੇ ਉੱਲਰ ਕੇ ਆਪਣੇ ਘਰ ਵਾਲੇ ਦਾ ਮੱਥਾ ਚੁੰਮ ਲਿਆ।

ਮੈਨੂੰ ਸੰਗ ਜਿਹੀ ਵੀ ਆਈ ਤੇ ਹੈਰਾਨੀ ਵੀ।

ਰੋਟੀ ਪੱਕੀ।

‘ਲਿਆਓ ਪਹਿਲਾਂ ਭਾਜੀ ਨੂੰ ਰੋਟੀ ਖੁਆਓ।’

‘ਨਹੀਂ ਮੈਂ ਤਾਂ ਖਾ ਆਇਆ ਹਾਂ…।’

ਅੰਗੂਰੀ ਦਾ ਚਿਹਰਾ ਕੁੱਝ ਉਤਰ ਗਿਆ।

‘ਤੇ ਵੀਰ ਜੀ। ਸਾਡੇ ਵਾਸਤੇ ਵੀ ਲੈ ਆਉਣੀ ਸੀ।’ ਉਸ ਦੇ ਸ਼ਬਦਾਂ ਨੇ ਗਿਲਾ ਕੀਤਾ ਇਕ ਨਿਹੋਰਾ ਦਿਤਾ। ‘ਇਹ ਤੁਸਾਂ ਚੰਗਾ ਨਹੀਂ ਕੀਤਾ। …ਵੇਖੋ ਭਾਅ ਜੀ, ਜਿਨਾ ਚਿਰ ਤੁਹਾਡੇ ਬਾਲ ਬੱਚੇ ਨਹੀਂ ਆਉਂਦੇ, ਜਿੱਦਾਂ ਦੀ ਰੁੱਖੀ ਸੁੱਖੀ ਅਸੀ ਖਾਵਾਂਗੇ, ਤੁਹਾਨੂੰ ਇੱਥੋਂ  ਹੀ ਖਾਣੀ ਪਊ।’ ਉਸ ਦੇ ਸ਼ਬਦਾਂ ਵਿਚ ਬਹੁਤ ਭਰੋਸਾ ਤੇ ਆਤਮ ਵਿਸ਼ਵਾਸ ਸੀ। …ਇਕ ਰੋਹਬ ਸੀ।

ਇਸ ਤਰਾ ਹਰ ਰੋਜ ਸਵੇਰੇ ਬੈੱਡ ਟੀ ਆ ਜਾਂਦੀ। ਕਦੇ ਉਹ ਆਪ, ਕਦੇ ਉਸ ਦਾ ਘਰ ਵਾਲਾ ਤੇ ਕਦੇ ਕੋਈ ਬੱਚਾ ਚਾਹ ਦੇ ਕੱਪ ਲੈ ਕੇ ਆ ਜਗਾਉਂਦਾ ਤੇ ਤੁਰਨ ਤੋਂ ਪਹਿਲਾਂ ਨਾਸ਼ਤਾ ਮੇਰੀ ਮੇਜ਼ ਤੇ ਸੱਜ ਜਾਂਦਾ।

ਅੰਗੂਰੀ ਦੇ ਘਰ ਹਰ ਵੇਲੇ ਸਾਰੇ ਮਹੱਲੇ ਦੀਆਂ ਕਈ ਜ਼ਨਾਨੀਆਂ ਬੱਚੇ ਜੁੜੇ ਰਹਿੰਦੇ। ਉਹ ਰੌਣਕ ਵੇਖ ਕੇ ਖ਼ੁਸ਼ ਹੁੰਦੀ ਹੋਰ ਫੁਲ ਫੁਲ ਜਾਂਦੀ। ਖ਼ਰਚ ਦਾ ਸਰਫ਼ਾ ਤਾਂ ਉਸ ਦੇ ਸ਼ਬਦ ਕੋਸ਼ ਵਿਚ ਹੀ ਨਹੀਂ ਸੀ ਲਿਖਿਆ। ਜਦ ਉਸ ਦੇ ਖ਼ਾਵੰਦ ਨੂੰ ਤਨਖ਼ਾਹ ਮਿਲਦੀ, ਪਹਿਲਾ ਇਕ ਹਫ਼ਤਾ ਖੂਬ ਖੀਰਾਂ ਕੜਾਹ ਪੂੜੇ ਤੇ ਚੰਗਾ ਚੋਖਾ ਚਲਦਾ ਤੇ ਫਿਰ ਹੌਲੀ  ਹੌਲੀ ਮਹੀਨੇ ਦੇ ਅਖੀਰ ਤੱਕ ਸੁੱਕੀ ਦਾਲ ਰੋਟੀ ਹੀ ਰਹਿ ਜਾਂਦੀ…ਫਿਰ ਅਗਲੇ ਮਹੀਨੇ ਉਹੀ ਚੱਕਰ।

ਪਰਾਹੁਣਿਆਂ ਦੀ ਆਵਾਜਾਈ ਵੀ ਉਸ ਘਰ ਕੁੱਝ ਜ਼ਿਆਦਾ ਹੀ ਸੀ। ਜਿੱਥੇ ਪਰਾਹੁਣਿਆ ਨੂੰ ਘਰ ਵੜਦੇ ਮੇਜ਼ਬਾਨ ਵੱਲੋਂ ਮਿਠੀ ਮੁਸਕਾਨ ਮਿਲ। ਚਾਹ, ਰੋਟੀ, ਪਾਣੀ , ਦੁੱਧ ਬਰਾਬਰ ਮਿਲੇ, ਉਹ ਉੱਥੇ ਬਾਰ ਬਾਰ ਕਿਉਂ ਨਹੀਂ ਆਏਗਾ।’

ਇਕ ਦਿਨ ਉਸ ਦੇ ਘਰ ਪ੍ਰਾਹੁਣਾ ਆਇਆ। ਲੰਮਾ ਸੁਲੰਮਾ, ਉਚੀ ਡੀਲ ਡੌਲ਼ ਵਾਲਾ ਅੱਧ ਖੜ ਉਮਰ, ਉਹ ਕੈਂਠੇ ਵਾਲਾ। ਦਰਵਾਜਾ ਖੋਲ੍ਹਦੇ ਹੀ ਉਸ ਨੇ ਨਾਲ ਲਿਪਟ ਗਈ ਤੇ ਫਿਰ ਸਾਰਾ ਦਿਨ ਇਕੇ ਚਾਰਪਾਈ ਤੇ ਬੈਠ ਕੇ ਉਹ ਗੱਲਾਂ ਕਰਦੇ ਰਹੇ, ਹੱਸਦੇ ਰਹੇ। ਉਹ ਸਾਰਾ ਦਿਨ ਉਸ ਦੇ ਨਾਲ ਢੁੱਕ ਢੁੱਕ ਬੈਠੀ  ਰਹੀ। ਉਸ ਦਿਨ ਅੰਗੂਰੀ ਕੋਲ ਮੈਨੂੰ ਬੁਲਾਉਣ ਦੀ ਫ਼ੁਰਸਤ ਨਹੀਂ ਸੀ। ਅਗਲੇ ਦਿਨ ਉਹ ਚਲਾ ਗਿਆ। ਜਾਂਦੀ ਵਾਰ ਫਿਰ ਉਹ ਉਹਨੂੰ ਜੱਫੀ ਪਾ ਕੇ ਮਿਲੀ।ਉਸ ਦੇ ਘਰ ਵਾਲਾ ਵੀ ਤੇ ਬੱਚੇ ਵੀ ਬੜੇ ਉਚੇਚ ਨਾਲ ਉਸ ਨੂੰ ਵਿਦਾ ਕਰਨ ਗਏ…।

‘ਛੇਤੀ ਫੇਰਾ ਪਾਇਆ ਕਰੋ…।’ ਉਸ ਦਾ ਪ੍ਰੇਮ ਭਿੱਜਾ ਸੁਨੇਹਾ ਸੀ।

‘ਇਹ ਮੇਰਾ ਭਣਵਈਆਂ ਹੈ ਭਾਅ ਜੀ।’ ਪ੍ਰਾਹੁਣੇ ਨੂੰ ਤੋਰ ਕੇ ਸਭ ਤੋਂ ਪਹਿਲਾਂ ਉਸ ਨੇ ਦੱਸਣਾ ਸ਼ੁਰੂ ਕੀਤਾ। ਮੇਰੇ ਮਨ ਦੇ ਸ਼ੰਕੇ ਹੋਰ ਸਚੋ ਸੱਚ ਹੋ ਨਿੱਬੜੇ ਜਾਪੇ।

‘ਭਲਾ ਭਣਵਈਆਂ  ਨਾਲ ਵੀ ਕੋਈ ਸਾਲੀ ਜੱਫੀ ਪਾਉਂਦੀ ਹੈ…।’

‘ਬੜਾ ਚੰਗਾ ਹੈ ਭਾਅ ਜੀ…ਮੇਰੇ ਪਿਉ ਵਾਂਗ…ਮੈਨੂੰ ਬਿਲਕੁਲ ਆਪਣੀਆਂ ਧੀਆਂ ਵਾਂਗ ਸਮਝਦਾ ਹੈ…ਮਾਂ ਮਰ ਗਈ ਸੀ ਮੇਰੀ …ਫਿਰ ਭੈਣ ਕੋਲ ਹੀ ਜ਼ਿਆਦਾ ਰਹੀ…।’ ਮੈਂ ਸੁਣਦਾ ਰਿਹਾ ਜਿਵੇਂ ਮੈਂ ਆਪਣੇ ਸਾਹਮਣੇ  ਛਲੇਡਾ ਵੇਖ ਰਿਹਾ ਹੋਵਾਂ। ਮੇਰੇ ਦੰਦ ਜੁੜਨ ਲੱਗੇ। ਕੀ ਸੱਚ ਹੈ ਕੀ ਝੂਠ। ਨਿਤਾਰਾ ਕਰਨ ਤੋਂ ਅਸਮਰਥ ਸਾਂ। ਇਕ ਬਹੁਰੂਪੀਆਂ ਪਾਤਰ ਸੀ ਮੇਰੇ ਸਾਹਮਣੇ ਜੋ ਹਰ ਪਲ ਆਪਣਾ ਰੂਪ ਬਦਲਦਾ  ਨਜ਼ਰ ਆ ਰਿਹਾ ਸੀ।

ਸ਼ਾਂਤੀ ਗੁਆਂਢਣ ਨਾਲ ਉਸ ਦੇ ਬਹੁਤ ਮੇਲ ਜੋਲ ਸੀ। ਰਾਤ ਦਿਨੇ ਇਹ ਉਧਰ ਤੇ ਉਹ ਇੱਧਰ। ਰੋਟੀ ਪਾਣੀ ਵੀ ਇਕੱਠੀ ਹੀ ਪੱਕਦੀ, ਦੁਖ ਸੁਖ ਸਾਂਝੇ ਸਨ। ਸ਼ਾਂਤੀ ਨੂੰ ਉਧਾਰੇ ਆਟੇ ਦੀ ਲੋੜ ਸੀ। ਦਸ ਪੰਦਰਾਂ ਕਿੱਲੋ ਆਟਾ ਉਧਾਰ, ਫਿਰ ਕਣਕ ਦਾ ਪੀਪਾ ਉਧਾਰ ਤੇ ਫਿਰ ਬਾਜ਼ਾਰੋਂ ਕਣਕ  ਲੈਣ ਵਾਸਤੇ ਨਕਦ ਹੱਥ ਉਧਾਰ। ਇਹ ਉਧਾਰ ਵਾਪਸ ਨਾ ਮੁੜਿਆ। ਇਕ ਦਿਨ ਅੰਗੂਰੀ ਬਾਜ਼ਾਰ ਜਾਂਦੀ ਚਾਬੀ ਉਸ ਨੂੰ ਦੇ ਗਈ ਆਪਣੀ ਗੁਆਂਢਣ ਨੂੰ। ਪਿੱਛੋਂ ਉਸ ਦੇ ਘਰ ਦੀ ਸਾਰੀ ਤਲਾਸ਼ੀ ਹੋਈ। ਜੋ ਚੀਜ਼ ਹੱਥ ਲੱਗੀ ਬੁੱਕਲ ‘ਚ ਲੁਕਾ ਕੇ ਕੰਧੋਂ ਪਾਰ ਚਲੀ ਗਈ । ਘਰ ‘ਚੋ ਸਾਈਕਲ ਗ਼ਾਇਬ। ਪੁਛਣ ਤੇ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਤੇ ਅਖੀਰ ਰਾਤ ਬਾਰਾਂ ਵਜੇ ਜਦ ਉਨ੍ਹਾਂ ਚੋਰੀ ਦਾ ਮਾਲ ਤੇ ਸਾਈਕਲ, ਬਾਹਰ ਟਿਕਾਣੇ ਲਗਾਉਣਾ ਚਾਹਿਆ ਤਾਂ ਅੰਗੂਰੀ ਨੇ ਸੂਹੀਆਂ ਪੁਲਸੀਆਂ ਵਾਗ ਸ਼ਾਂਤੀ ਦੇ ਹੱਥੋਂ ਸਾਈਕਲ ਜਾ ਢਾਹਿਆ। ਉਨ੍ਹਾਂ ਦੀ ਦੁਸ਼ਮਣੀ ਸ਼ੁਰੂ ਹੋ ਗਈ। ਗਾਲੀ ਗਲੋਚ, ਦੂਸ਼ਣ ਬਾਜੀ ਤੇ ਹੱਥੋਂ ਪਾਈ ਤੱਕ ਗੱਲ ਪਹੁੰਚੀ।

ਉਨ੍ਹੀਂ ਦਿਨੀਂ ਮਹੱਲੇ ਵਿਚ ਬਹੁਤ ਦਹਿਸ਼ਤ ਸੀ। ਸੂਰਜ ਛਿਪਣ ਤੋਂ ਇਕ ਦਮ ਬਾਦ ਸ਼ਮਸ਼ਾਨ ਵਰਗਾ ਸੰਨਾਟਾ ਗਲੀਆਂ ਵਿਚ ਪਸਰ ਜਾਂਦਾ।

‘ਆ ਗਏ…ਆ ਗਏ…।’ ਦੀਆਂ ਆਵਾਜ਼ਾਂ ਬਹੁਤ ਵੇਰਾਂ ਰਾਤ ਦੇ ਅੰਧੇਰੇ ਨੂੰ ਚੀਰ ਜਾਂਦੀਆਂ।

ਕਦੇ ਕਾਲੇ ਕੱਛਿਆਂ ਵਾਲੇ…ਤੇ ਕਦੇ ਪੁਲਸ ਵਾਲੇ…ਦਗੜ ਦਗੜ ਕਰਦੇ  ਪਿੱਛੇ ਕੁੱਤਿਆ ਨੂੰ ਭੌਂਕਣ ਲਾ ਜਾਂਦੇ। ਕੋਈ ਡਰਦਾ ਬਾਹਰ ਝਾਕਣ ਦਾ ਹੌਸਲਾ ਨਾ ਕਰਦਾ।

ਰਾਤ ਸ਼ਾਂਤੀ ਦਾ ਦਰਵਾਜ਼ਾ ਖੜਕਿਆ। ਉਨ੍ਹਾਂ ਦਰਵਾਜਾ ਨਾ ਖੋਲ੍ਹਿਆ ਤੇ ਨਾ ਹੀ ਖੋਲ੍ਹਣਾ ਸੀ। ਦਸ ਬਾਰਾਂ ਬੰਦੇ ਕੰਧਾਂ ਟੱਪ ਕੇ ਛੜੱਪੇ ਮਾਰ ਕੇ ਉਨ੍ਹਾਂ ਦੇ ਵਿਹੜੇ ਉਤਰ ਆਏ। ਚੋਰਾਂ ਨੂੰ ਮੋਰ ਪੈ ਗਏ। ਘਰ ਦੀ ਛੱਲੀ ਪੂਣੀ ਲਪੇਟ ਕੇ ਸ਼ਾਂਤੀ ਦੇ ਘਰ ਵਾਲੇ ਨੂੰ ਮੁਸ਼ਕਾਂ ਬੰਨ੍ਹ ਕੇ ਅੱਗੇ ਲਾ ਤੁਰੇ।

‘ਭਾਪੇ ਨੂੰ  ਨਾਂ ਲਿਜਾਉ ਵੀਰੋ।  ਹੋਰ ਜੋ ਮਰਜ਼ੀ ਲੈ ਜਾਉ।’ ਸ਼ਾਂਤੀ ਦੀ ਛੋਟੀ ਕੁੜੀ ਦਾ ਤਰਲਾ ਸੀ।

‘ਦੌੜ ਜੋ ਪਿੱਛੇ ! ਖ਼ਬਰਦਾਰ, ਜੇ ਕੋਈ ਆਵਾਜ਼ ਕੱਢੀ ਤਾਂ ਭੁੰਨ ਦਿਆਂਗੇ ਸਾਰੇ…।’ ਕਾੜ ਕਾੜ ਗੋਲੀਆਂ ਦੀ ਆਵਾਜ਼ ਹਵਾ ਨੂੰ ਚੀਰ ਗਈ ਸੀ।

ਆਸੇ ਪਾਸੇ ਦੇ ਲੋਕ ਜੋ ਕੋਠੇ ਚੜ ਕੇ ਜਾਂ ਝੀਤਾਂ ਰਾਹੀ ਇਹ ਸਾਰੀ ਹੋਣੀ ਨੂੰ ਵੇਖ ਰਹੇ ਸਨ  ਅੰਦਰ ਵੜ ਗਏ। ਮਹੱਲੇ ਦਾ ਕੋਈ ਜੀਅ ਸ਼ਾਂਤੀ ਦੇ ਘਰ ਵਾਲੇ ਨੂੰ  ਛਡਾਉਣ ਬਾਹਰ ਨਾ ਨਿਕਲਿਆ। ਨਾ ਹੀ ਕਿਸੇ ਨੇ ਉਨ੍ਹਾਂ ਦੇ ਰਸਤੇ ਆਉਣ ਦਾ ਖ਼ਤਰਾ ਮੁਲ ਲਿਆ। ਸ਼ਾਂਤੀ ਰੋ ਰਹੀ ਸੀ, ਬੱਚੇ ਵਿਲਕ ਰਹੇ ਸਨ।

‘ਛੱਡ ਦਿਓ ਇਹਨੂੰ…ਕੌਣ ਹੋ ਤੁਸੀ…ਕੁੱਤੇ?’ ਹੱਥ ‘ਚ ਡਾਂਗ ਫੜੀ ਅੰਗੂਰੀ ਉਨ੍ਹਾਂ ਦੇ ਅੱਗੇ ਜਾ ਖੜੀ ਹੋਈ।

‘ਤੂੰ ਪਾਸੇ ਹਟ ਜਾ ਭੈਣੇ…ਇਹ ਬੜਾ ਖ਼ਤਰਨਾਕ ਟੱਬਰ ਹੈ, ਕੌਮ ਦਾ ਬੜਾ ਧ੍ਰੋਹ ਕੀਤਾ ਹੈ ਇਹਨਾਂ।’ ਸਾਡਾ ਬੇਦੋਸਾ ਸਿੰਘ ਸ਼ਹੀਦ ਕਰਾ ਕੇ ਲੱਖ ਰੁਪੇ ਲਏ ਇਹਨਾਂ ਨੇ।’

‘ਧ੍ਰੋਹ ਕੀਤਾ ਹੋਊ। ਪਰ ਇਸ ਵੇਲੇ ਨਹੀਂ ਜਾਣ ਦੇਣਾ।ਇਹਨੂੰ ਸਵੇਰੇ ਆ ਕੇ ਜੋ ਮਰਜ਼ੀ ਕਰ ਲਿਉ।’ ਅੰਗੂਰੀ ਦੇ ਰੋਹਬ ਤੇ ਦਬਦਬੇ ਨੇ ਉਨ੍ਹਾਂ ਦੇ ਹਥਿਆਰ ਢਿੱਲੇ ਕਰ ਦਿਤੇ।

‘ਅਸੀ ਕੁੱਝ ਨੀਂ ਕਹਿੰਦੇ ਇਸ ਨੂੰ…ਕੁੱਝ ਪੁੱਛਣਾ ਹੈ। ਤੈਨੂੰ ਆਪਣੀ ਜਾਨ ਪਿਆਰੀ ਹੈ ਤਾਂ ਪਾਸੇ ਹੋ ਜਾ ਭੈਣੇ…।’

‘ਤੂੰ! ਭੈਣ ਕਿਹਾ ਈ ਮੈਨੂੰ ? ਤੇ ਫਿਰ ਮਾਰ ਗੋਲੀ।’ ਉਹ ਛਾਤੀ ਤੇ ਹੱਥ ਮਾਰ ਕੇ ਅੱਗੇ ਵਧੀ।

‘ਹਾਂ ਭੈਣ ਜੀ ਸਾਡੇ ਮਿਸ਼ਨ ਵਿਚ ਰੁਕਾਵਟ ਨਾ ਬਣੋ…।’

‘ਤੇ ਠਹਿਰ।’ ਅੰਗੂਰੀ  ਡਾਂਗ ਸੁੱਟ ਕੇ ਅੰਦਰ ਦੋੜ ਗਈ। ਏਨੇ ਵਿਚ ਆਸੇ ਪਾਸੇ ਦੇ ਲੋਕ ਵੀ ਹੌਸਲਾ ਕਰਕੇ ਆ ਇਕੱਠੇ ਹੋਏ।

‘ਭੈਣ ਕਿਹਾ ਈ ਤੇ ਕਰ ਫਿਰ ਹੱਥ ਇੱਧਰ।’ ਉਹ ਟੋਲੇ ਦੇ ਮੁਖੀ ਵੱਲ ਹੋਈ।

‘ਇਹ ਰੱਖੜੀ ਲੈ ਭੈਣ ਦੀ, ਬੰਨ੍ਹ ਲੈ ਗੁੱਟ ਤੇ। ਭੈਣ ਦੀ ਲਾਜ ਰੱਖ…ਇਹਨੂੰ ਛੱਡ ਦੇ।’

ਮੁਖੀ ਨੇ ਹੋਰ ਸਾਥੀਆਂ ਵੱਲ ਵੇਖਿਆ ਤੇ ਗੁੱਟ ਅੱਗੇ ਕਰ ਦਿਤਾ।

‘ਛੱਡ ਦਿਓ ਇਸ ਨੂੰ ਤੇ ਸਾਰਾ ਮਾਲ ਵੀ ਕਰ ਦਿਓ ਵਾਪਸ।’

‘ਆਉ ਫਿਰ ਹੁਣ, ਭੈਣ ਦੇ ਘਰੋਂ ਦੁਧ ਪੀ ਕੇ ਜਾਇਓ। ਮੂੰਹ ਜੂਠਾ ਕਰ ਕੇ ਜਾਇਓ। ਰੱਬ ਤੁਹਾਨੂੰ ਸੁਮੱਤ ਬਖ਼ਸ਼ੇ। ਬੁਰਾਈਆਂ ਤੋ ਦੂਰ ਰੱਖੇ। ਬੁਰੇ ਕੰਮਾਂ ਤੋਂ ਤੋਬਾ ਕਰਾਏ।’ ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਜਿੱਤ ਦਾ ਅਹਿਸਾਸ ਕਰ ਰਹੀ ਸੀ। ਧਾੜਵੀ ਚੁਪ ਚੁਪੀਤੇ ਹਾਰੇ ਜੁਆਰੀਏ ਵਾਂਗ ਮੂੰਹ ‘ਚੋ ਝੱਗ ਕੇਰਦੇ ਰਫ਼ੂ ਚੱਕਰ ਹੋ ਗਏ।

ਉਨ੍ਹਾਂ ਦੇ ਘਰ ਸਾਰੇ ਮੈਂਬਰਾਂ ਦਾ ਬੜਾ ਇਤਫ਼ਾਕ ਸੀ। ਹਰ ਰੋਜ ਰਾਤ ਸਾਰੇ ਇਕ ਦੂਜੇ ਨਾਲ ਜੁੜ ਬੈਠਦੇ । ਹੱਸਦੇ ਖੇਲ੍ਹਦੇ ਪਾਰੀ ਕਰਦੇ । ਸਾਰੇ  ਦਿਨ ਦੀ ਬੀਤੀ ਕਹਿੰਦੇ, ਸੁਣਦੇ  ਤੇ ਸੁਣਾਉਂਦੇ । ਸਵੇਰੇ ਜਾਣ ਲੱਗੇ ਅੰਗੂਰੀ  ਘਰ ਵਾਲੇ ਨੂੰ ਟਾਹ ਟਾਹ ਨਹੀਂ ਕਰਦੀ। ਉਹ ਅੰਦਰ ਵੜਦੇ ਹਨ… ਪਾਰੀ ਕਰਦੇ ਹਨ, ਮਿੱਠੀ ਕਰਦੇ ਹਨ। ਵਾਪਸੀ ਵੀ ਜਦ ਉਹ ਕੰਮ ਤੋ ਮੁੜਦਾ ਹੈ ਸਿਧਾ ਅੰਦਰ ਜਾਂਦਾ ਹੈ ਤੇ ਪਿੱਛੇ ਅੰਗੂਰੀ ਵੀ ਤੇ ਫਿਰ ਦੋਵੇਂ ਹੱਸਦੇ ਹੱਸਦੇ ਬਾਹਰ ਆ ਕੇ ਚਾਹ ਪਾਣੀ ਦੇ ਆਹਰ ਵਿਚ ਲੱਗ ਜਾਂਦੇ ਹਨ। ਅੰਗੂਰੀ ਹਰ ਐਤਵਾਰ ਸਵੇਰੇ ਨਹਾ ਕੇ ਆਪਣੇ ਜੀਵਨ ਸਾਥੀ ਦੇ ਪੈਰੀ ਹੱਥ ਲਗਾਉਂਦੀ ਹੈ, ਚਾਹੇ ਉਹ ਸੁਤਾ ਹੋਵੇ ਚਾਹੇ ਜਾਗਦਾ।

ਉਸ ਦਿਨ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦ ਮੈਂ ਉਨ੍ਹਾਂ ਦੇ ਘਰ ਭਾਂਡੇ ਖੜਕਦੇ ਸੁਣੇ…। ਅੰਗੂਰੀ ਸ਼ੀਹਣੀ ਵਾਂਗ ਭੜਕ ਰਹੀ ਸੀ, ਭਾਂਡੇ ਭੰਨ ਰਹੀ ਸੀ। ਬੱਚਿਆ ਨੂੰ ਕੁੱਟ ਮਾਰ ਰਹੀ ਸੀ… ਝਿੜਕ ਰਹੀ ਸੀ। ਉਹ ਘਰ ਵਾਲੇ ਨਾਲ ਲੜ ਰਹੀ ਸੀ। ਮੈਂ ਅੱਗੇ ਵਧਿਆ ਉਹ ਲਾਲੋ ਲਾਲ ਹੋਈ ਉਸ ਦੇ ਹਿੱਕ ਤੇ ਚੜੀ ਹੋਈ ਸੀ।

‘ਨਖੱਤਿਆ ! ਮੈਂ ਸਵੇਰ ਦੀ ਤਨਖ਼ਾਹ ਉਡੀਕਣ ਡਹੀ ਹਾਂ ਤੇ ਤੂੰ ਸੌ ਦੀ ਬੋਤਲ ਡਕਾਰ ਕੇ ਆ ਗਿਆਂ, ਠਹਿਰ ਤੇਰਾ ਗਲ ਘੁੱਟਾਂ…।’ ਉਹ ਦੁਹੱਥੜਾਂ ਮਾਰ ਰਹੀ ਸੀ ਉਸ ਦੀ ਹਿੱਕ ਤੇ।

ਉਹ ਸ਼ਰਾਬੀ ਹੋਇਆ ਥੱਲੇ ਪਿਆ ਹੱਸ ਰਿਹਾ ਸੀ ਸ਼ਰਮਿੰਦਿਆਂ ਵਾਂਗ।

ਏਨਾ ਭਾਰਾਂ ਹੱਥ। ਤੋਬਾ! ਇਸ ਸੀਨ ਦੀ ਯਾਦ ਆਉਂਦੇ ਹੀ ਮੇਰਾ ਆਪਣਾ ਹੱਥ ਇਕੇਰਾਂ ਮੇਰੀਆਂ ਮੌਰਾਂ ਤੇ ਜਾ ਫਿਰਦਾ ਹੈ।

ਮੈਂ ਹੱਥ ਜੋੜਦਾ ਹਾਂ। ‘ਜਾਣ ਦੇ ਭੈਣ ਜੀ ਅੱਜ। ਫਿਰ ਨੀ ਪੀਂਦਾ।’

ਉਸ ਦਿਨ ਮੈਨੂੰ ਪਹਿਲੀ ਵੇਰਾ ਪੱਤਾ ਲੱਗਾ ਕਿ ਉਹ ਪਿਆਰ ਦੀ ਪੁਤਲੀ ਹੀ ਨਹੀਂ, ਅੱਗ ਦੀ ਨਾੜ ਵੀ ਹੈ। ਜ਼ਾਲਮ ਡੈਣ ਵੀ ਹੈ।

ਉਸੇ ਸ਼ਾਮ ਰੋਟੀ ਖਾਣ ਤੋ ਬਾਦ ਉਹ ਸਾਰੇ ਮੇਰੇ ਕਮਰੇ ਵਿਚ ਆ ਧਮਕੇ। ਅੰਗੂਰੀ ਨੇ ਘਰ ਵਾਲੇ ਦੇ ਮੋਢੇ ਤੇ ਇਕ ਬਾਂਹ ਧਰੀ ਹੋਈ ਸੀ, ਉਹ ਉਸ ਨੂੰ ਖਿੱਚ ਕੇ ਲਿਆ ਰਹੀ ਸੀ, ਜੋ  ਅਰਧ ਸ਼ਰਾਬੀ ਹਾਲਤ ਵਿਚ ਸੀ।

‘ਭਾਅ ਜੀ ਦਾ ਦਿਲ ਨੀ ਲਗਦਾ…ਅੱਜ ਇਹਨਾਂ ਤੋਂ ਬਾਤਾਂ  ਸੁਣੋ।’ ਉਸ ਦੇ ਬੁੱਲ੍ਹ ਕਮਲ ਵਾਂਗ ਖਿੜੇ। ਉਨ੍ਹਾਂ ਮੇਰੇ ਬਾਰੇ, ਮੇਰੇ ਟੱਬਰ ਬਾਰੇ, ਮੇਰੇ ਪਿੰਡ ਬਾਰੇ ਵਿਸਥਾਰ ਨਾਲ ਪੁੱਛਿਆ ਤੇ ਚਰਚਾ ਕੀਤੀ।

‘ਭਾ ਜੀ ਜਦ ਤੁਹਾਡਾ ਵਿਆਹ ਹੋਇਆ ਸੀ, ਤੁਸੀ ਵੇਖੀ  ਸੀ ਆਪਣੇ ਘਰ ਵਾਲੀ ਪਹਿਲਾਂ ?’ ਉਸ ਦੇ ਬੁੱਲ੍ਹਾਂ ਚੋ ਫੁੱਲਾਂ ਵਾਂਗ ਮਿਠੇ ਸ਼ਬਦ ਕਿਰੇ।

‘ਭੈਣਾਂ ਵੇਖੀ ਤੇ ਜ਼ਰੂਰ ਸੀ ਪਰ ਵੇਖਣ ਵਿਚ ਧੋਖਾ ਲੱਗਾ। ‘ ਮੇਰੇ ਮਨ ਵਿਚ ਵੀ ਸ਼ਰਾਰਤ ਸੁੱਝੀ।

‘ਅੱਛਾ! ਤਾਂ ਤੁਸੀ ਵੀ ਮੇਰੇ ਵਰਗੇ ਹੀ ਉ, ਮੈਂ ਵੀ ਧੋਖਾ ਖਾ ਗਿਆ।’ ਇਹ ਕਰਮੂ ਦੇ ਬੋਲ ਸਨ। ਉਸ ਦੇ ਬੋਲਣ ਨਾਲ ਹਲਕੀ ਸ਼ਰਾਬ ਦੀ ਬਦਬੂ ਕਮਰੇ ਵਿਚ ਫੈਲ ਗਈ।

ਅੰਗੂਰੀ ਨੇ ਆਪਣੀ ਕਹਾਣੀ ਖੋਲ੍ਹ ਦਿਤੀ। ਕਿੱਦਾਂ ਵਿਆਹ ਤੋਂ ਪਹਿਲਾਂ ਕਰਮੂ ਆਪਣੇ ਵਿਚੋਲੇ ਦੀ ਮਰਜ਼ੀ ਨਾਲ ਅੰਗੂਰੀ ਨੂੰ ਵੇਖਣ ਲਈ ਕਿਸੇ ਬਹਾਨੇ ਉਨ੍ਹਾਂ ਦੇ ਪਿੰਡ ਚਲਾ ਗਿਆ ਸੀ। ਅੰਗੂਰੀ ਉਸ ਨੂੰ ਘਰ ਦੇ ਬਾਹਰ ਪਥਕਣ ਵਿਚ ਖੜੀ ਮਿਲੀ ਸੀ, ਚਿੱਟੀ ਚੂੜੀਦਾਰ ਦੂਧੀਆ ਪਜਾਮੀ ਪਾਈ ਹੋਈ ਸੀ ਉਸ ਨੇ। ਉਪਰੇ ਅਜਨਬੀ ਨੂੰ ਖੜਾ ਵੇਖ ਕੇ ਪੁਛਿਆ ਸੀ।

‘ਕੀਹਦੇ ਘਰ ਜਾਣਾ ਵੀਰ ਵੇ…?’

‘ਬੰਤਾ ਸਿੰਘ ਦੇ ਜਾਣਾ ਭੈਣ ਜੀ…।’

ਉਹ ਭੱਜ ਕੇ ਆਪਣੇ ਬਾਪੂ ਨੂੰ ਸੱਦ ਲਿਆਈ ਸੀ। ਅਜਨਬੀ ਨੇ ਬਾਪੂ ਦੇ ਪੈਰੀ  ਹੱਥ ਲਾਇਆ ਸੀ।

‘ਚੱਲ ਕੁੜੀਏ ਚਾਹ ਕਰ…।’ ਉਸ ਦੇ ਬਾਪੂ ਨੇ ਕਿਹਾ ਸੀ। ਥੋੜੀ ਦੇਰ ਬਾਦ ਉਹ ਆਂਡੇ ਲੈ ਆਇਆ ਸੀ। ‘ਇਹ ਵੀ ਉਬਾਲ ਦੇ।’ ਚਾਹ ਤੇ ਆਂਡੇ ਬੰਤਾ ਸਿੰਘ ਬਾਹਰ ਹੀ ਹਵੇਲੀ ਬੈਠ ਕੇ ਵਰਤਾ ਆਇਆ ਸੀ ਪ੍ਰਾਹੁਣੇ ਨੂੰ।

‘ਭਾਪਾ! ਅੱਗੇ ਤਾਂ ਪਰਾਹੁਣਿਆਂ ਨੂੰ ਚਾਹ ਘਰੇ ਪਿਆਉਂਦੇ ਹਾਂ ਤੇ ਅੱਜ ਇਹਨੂੰ ਵਿਚਾਰੇ ਨੂੰ ਬਾਹਰ ਕਿਉ?’ ਅੰਗੂਰੀ ਨੇ ਭੋਲੇ ਭਾਅ ਬਾਪ ਕੋਲੋਂ ਪੁਛਿਆ ਸੀ।

‘ਕੋਈ ਨੀ ਕੁੜੀਏ! ਸਾਰੇ ਪ੍ਰਾਹੁਣੇ ਘਰ ਲਿਆਉਣ  ਵਾਲੇ ਨਹੀਂ ਹੁੰਦੇ।’ ਬਾਪੂ ਦਾ ਜੁਆਬ ਉਸ ਲਈ ਸੁਆਲੀਆ ਨਿਸ਼ਾਨ ਬਣ ਕੇ ਰਹਿ ਗਿਆ ਸੀ।

‘ਤੇ ਇਹ ਹੈ ਉਹ ਰਾਂਝਾ। ਜਿਹੜਾ ਉਦੋਂ ਮਿਲਿਆ ਸੀ ਮੈਨੂੰ।’ ਅੰਗੂਰੀ ਨੇ ਹੱਸਦੇ ਵਿਅੰਗ ਨਾਲ ਕਰਮੂ ਨੂੰ ਚੂੰਡੀ ਭਰ ਦਿੱਤੀ।

‘ਜੇ ਮੈਨੂੰ ਪਤਾ ਹੁੰਦਾ ਨਾਂ, ਉਹ ਇਹ ਸੁਗਾਤ ਹੈ, ਮੈਂ ਕਦੇ ਵੀ ਨਾ ਵਿਆਹ ਕਰਾਉਂਦੀ ਇਹਦੇ ਨਾਲ। ਡੋਲੀ ‘ਚੋ ਛਾਲ ਮਾਰ ਦਿੰਦੀ…।’

ਬੱਚੇ ਵੀ ਹੱਸਦੇ ਹਨ, ‘ਭਾਪੇ ਦੀ ਉਈ…ਉਈ ।’ ਕਰਦੇ ਹਨ।

‘ਮੇਰੇ ਨਾਲ ਵੀ ਕੋਈ ਅਜਿਹਾ ਹੀ ਹਾਦਸਾ ਹੋਇਆ ਸੀ, ਪਰ ਮੈਂ ਦੱਸਣਾ ਨਹੀਂ ਤੁਹਾਨੂੰ…।’ ਮੈਂ ਲੜੀ ਜੋੜਨ ਲਈ ਅੱਗੇ ਵਧਦਾ ਹਾਂ।

‘ਕੋਈ ਨੀ ਤੁਸੀ ਨਾਂ ਦੱਸੋ। ਅਸੀਂ ਪੁਛ ਲਾਂਗੇ ਉਹਨੂੰ ਆਪੇ।’ਤੁਸੀ ਛੇਤੀ ਲੈ ਕੇ ਆਉ ਬੱਚਿਆਂ ਨੂੰ…।’ ਉਹ ਜਲਦੀ ਹੀ ਮੰਨ ਜਾਂਦੀ ਹੈ।

‘ਅੱਛਾ। ਸ਼ਨੀਵਾਰ  ਲੈ ਕੇ ਆਵਾਂਗਾ…।’ ਮੈਂ ਯਕੀਨ ਦਿਵਾਉਂਦਾ ਹਾਂ, ਕਿਤੇ ਇਹ ਨਾ ਸਮਝ ਲੈਣ ਕਿ ਮੈਂ ਛੜਾ ਹੀ ਹਾਂ ਤੇ ਵਿਆਹੇ ਹੋਣ ਦਾ ਬਹਾਨਾ ਸਿਰਫ਼ ਕਮਰਾ ਲੈਣ ਲਈ ਹੀ ਸੀ।

ਐਤਵਾਰ ਵਾਪਸ ਆਇਆ। ਫਿਰ ਕੱਲ-ਮੁਕੱਲਾ। ਬੱਚੇ ਨਾ ਲਿਆ ਸਕਿਆ। ਆ ਕੇ ਥੱਕਿਆ ਹਾਰਿਆ ਅੰਦਰ ਵੜਿਆ । ਅੰਗੂਰੀ  ਪਹਿਲਾਂ ਹੀ ਹਾਜ਼ਰ ਮੇਰੇ ਕਮਰੇ ਦੀ ਸਫ਼ਾਈ ਕਰ ਰਹੀ ਸੀ। ਸਿਰ ਦੇ ਦੁਪੱਟੇ ਨਾਲ ਮੇਰੀ ਫ਼ੋਟੋ, ਮੇਰੇ ਬੱਚਿਆਂ ਦੀ ਫ਼ੋਟੋ ਤੇ ਬਾਬੇ ਦੀ ਫ਼ੋਟੋ ਬੜੀ ਰੀਝ ਨਾਲ ਸਾਫ਼ ਕਰ ਰਹੀ ਸੀ। ਮੈਨੂੰ ਵੇਖ  ਕੇ ਮੁਸਕਰਾਈ ਤੇ ਫਿਰ ਬਾਹਰ ਚਲੀ ਗਈ। ਦਿਲ ਵਿਚ ਡਰ ਸੀ ਮੇਰੇ। ਉਹ ਹੁਣੇ ਨਾਰਾਜ਼ ਹੋਵੇਗੀ, ਬੱਚਿਆਂ ਬਾਰੇ ਪੁੱਛੇਗੀ। ਪਾਣੀ ਦਾ ਗਿਲਾਸ ਫੜਦਾ ਹਾਂ ਤੇ ਇਕੇ ਡੀਕੇ ਪੀ ਜਾਂਦਾ ਹਾਂ।

‘ਕੀ ਗੱਲ ਤਬੀਅਤ ਠੀਕ ਨਹੀਂ…?’ ਮੇਰਾ ਉਤਰਿਆ ਚਿਹਰਾ ਵੇਖ ਕੇ ਉਹ ਘਬਰਾ ਜਾਂਦੀ ਹੈ।

‘ਹਾਂ ਕੁੱਝ ਢਿੱਲਾ ਜਿਹਾ ਹੈ ਸਰੀਰ। ਪੇਟ ਦਰਦ ਕਰਦਾ, ਸਿਰ ਚੱਕਰ ਖਾ ਰਿਹਾ..।’ ਮੈਂ ਬਹਾਨਾ ਕੀਤਾ।

‘ਉਹ ਬੰਟੀ ਬੇਟੇ, ਅੰਕਲ ਵਾਸਤੇ ਚਾਹ ਬਣਾ ਛੇਤੀ।’ ਉਹ ਉੱਚੀ ਜਿਹੀ ਆਵਾਜ਼ ਲਗਾਉਂਦੀ ਹੈ।

‘ਮੈਂ ਤਾਂ ਤੁਹਾਡੀ ਸ਼ਕਲ ਵੇਖ ਕੇ ਹੀ ਸਮਝ ਗਈ ਸੀ ਪਈ ਅੱਜ ਠੀਕ ਨਹੀਂ। ਲਿਆਓ ਮੈਂ ਸਿਰ ਘੁੱਟ ਦਿਆਂ।’ ਉਹ ਮੇਰੇ ਨਾਂਹ ਨੁੱਕਰ ਕਰਨ ਤੇ ਵੀ ਮੇਰੇ ਸਰਹਾਣੇ ਬੈਠ ਜਾਂਦੀ ਹੈ… ਨਿਸੰਗ, ਤੇ ਮੱਥਾ ਘੁੱਟਣ ਲਗਦੀ  ਹੈ।

‘ਨਹੀਂ ਰਹਿਣ ਦਿਓ। ਆਪੇ ਠੀਕ ਹੋ  ਜਾਊ।’

‘ਕਿਉ ਭਾਜੀ ?  ਬੰਦੇ ਦਾ ਬੰਦਾ ਦਾਰੂ…।’ ਉਹ ਪੋਲੇ ਪੋਲੇ ਹੱਥਾਂ ਨਾਲ ਦਬਾ ਰਹੀ ਹੈ। ਮੇਰਾ ਸਿਰ ਦਰਦ ਨਾ ਹੁੰਦੇ ਹੋਏ ਵੀ ਸਕੂਨ ਮਹਿਸੂਸ ਹੋ ਰਿਹਾ ਹੈ। ਉਸ ਦੀ ਛਾਤੀ ਦਾ ਸਪਰਸ਼ ਮੈਨੂੰ ਸੇਕ ਦੇ ਰਿਹਾ ਹੈ। ਉਹ ਇਸ ਸਭ ਕੁੱਝ ਤੋ ਅਣਭਿੱਜ ਮੈਨੂੰ ਘੁੱਟ ਰਹੀ ਹੈ। ਮੈਨੂੰ ਡਰ ਹੈ ਉਹ ਪੁੱਛੇਗੀ, ਬੱਚੇ ਕਿਉਂ ਨਹੀਂ ਲਿਆਏ। ਪਰ ਨਹੀਂ ਉਸ ਨੂੰ ਚਿੰਤਾ ਸੀ, ਮੇਰੇ ਸਿਰ ਦਰਦ ਦੀ। ਉਸ ਦੀ ਛਾਤੀ ਦਾ ਨਿੱਘ ਮੈਨੂੰ ਪੈਰਾਂ ਤਕ ਹਲੂਣ ਗਿਆ। ਇਹ ਮੇਰੀ ਮਾਂ ਸੀ ਜੋ ਮੈਨੂੰ ਘੁੱਟ ਰਹੀ ਸੀ ਜਾਂ ਫਿਰ ਅੰਗੂਰੀ ਸੀ ਕੋਈ ਓਪਰੀ ਜ਼ਨਾਨੀ ਜਾਂ ਕੋਈ ਗੋਲੀ ਕਾਮੀ, ਮੇਰੀ ਘਰ ਵਾਲੀ ਨੇ ਤਾਂ ਕਦੇ ਮੈਨੂੰ ਘੁੱਟਿਆ ਨਹੀਂ ਸੀ…ਮੈਂ ਆਪਣੀ ਬਦਨੀਤੀ ਤੇ ਫਿਟਕਾਰ ਪਾਉਂਦਾ ਹਾਂ।  ਚਾਹ ਆਉਂਦੀ ਹੈ…ਉਹ ਉੱਠ ਕੇ ਚਲੀ ਜਾਂਦੀ ਹੈ।ਵਾਪਸੀ ਤੇ ਉਸ ਦੀ ਤਲੀ ਤੇ ਜਵੈਣ ਤੇ ਲੂਣ ਸੀ।

‘ਲਉ ਦੇਸੀ ਦਵਾ। ਪੇਟ ਦਰਦ ਵੀ ਠੀਕ ਹੋ ਜਾਉ…।’

ਮੈਂ ਨਕਲੀ ਮਰੀਜ਼ ਵਾਂਗ ਤਲੀ ਅੱਗੇ ਕਰਦਾ ਹਾਂ, ਤੇ ਫੱਕਾ ਮਾਰ ਕੇ ਚਾਹ ਦੇ ਘੁੱਟ ਭਰਦਾ ਹਾਂ।

‘ਤੇ ਭਾਅ ਜੀ ਸ਼ਰਾਬ ਤਾਂ ਨਹੀਂ ਪੀਂਦੇ ਤੁਸੀ ?’

ਉਸ ਦਾ ਦੂਜਾ ਪੈਂਤੜਾ ਮੈਨੂੰ ਫਿਰ ਝਟਕਾ ਦੇ ਗਿਆ।

‘ਹਾਂ ਪੀਂਦਾ ਹਾਂ ਕਦੇ ਕਦੇ…।’

‘ਤਾਂ ਹੀ ਫਿਰ…ਇਹੀ ਤੁਹਾਡੀ ਪੀੜ ਦਾ ਕਾਰਨ ਹੈ। ਪੇਟ ਦਰਦ ਵੀ ਤੇ ਸਿਰ ਦਰਦ ਵੀ ਇਸੇ ਨਾਲ…।  ਸ਼ਰਾਬ ਨਾ ਪੀਉ। ਪਤਾ ਨੀ ਕੀ ਰਖਿਐ ਇਹਦੇ ਵਿਚ। ਨਾਲੇ ਘਰ ਉਜਾੜਦੇ ਨਾਲੇ ਸਿਹਤ ਦੀ ਵੀਰਾਨੀ।’ ਉਹ ਵੱਡੀ ਬੇਬੇ ਵਾਂਗ ਵਖਿਆਣ ਜਾਰੀ ਰੱਖ ਰਹੀ ਸੀ। ਸਿਖਿਆ ਦੇ ਰਹੀ ਸੀ। ਮੈਂ ਛੋਟੇ ਬੱਚੇ ਵਾਂਗ ਚੁਪੀਤਾ ਸੁਣਦਾ ਰਹਿੰਦਾ ਹਾਂ ਤੇ ਫਿਰ ਊਂਘ ਜਿਹੀ ਆ ਜਾਂਦੀ ਹੈ।

‘ਅੰਕਲ ਜੀ। ਉਠੋ ਖਾਣਾ ਖਾ ਲਉ।’ ਛੋਟੇ ਬੱਚੇ ਨੇ ਮੈਨੂੰ ਆ ਜਗਾਇਆ ਹੈ। ਮੇਰਾ ਮਨ  ਉਦਾਸ ਹੈ, ਸਫ਼ਰ ਦੀ ਥਕਾਵਟ ਹੈ, ਘਰ ਦੀ ਯਾਦ ਹੈ, ਅੰਗੂਰੀ ਦੇ ਕਿਰਦਾਰ ਦਾ ਭੁਲੇਖਾ ਹੈ। ਥੈਲੇ ਚੋ ਬੋਤਲ ਕੱਢ ਕੇ ਚੋਰੀ ਚੋਰੀ ਗਿਲਾਸ ਵਿਚ ਪਾਉਂਦਾ ਹਾਂ, ਕਿਤੇ ਉਹ ਵੇਖ ਨਾਂ ਲਵੇ ‘ਵੱਡੀ ਬੇਬੇ।’

ਪਰ ਉਹ ਸਾਹਮਣੇ ਖੜੀ ਮੁਸਕਰਾ ਰਹੀ ਸੀ। ਮੇਰੇ ਹੱਥ ਦੀ ਗਲਾਸੀ ਕੰਬ ਗਈ।

‘ਕੋਈ ਨੀ, ਅੱਜ ਪੀ ਲੋ। ਥੱਕੇ ਹੋ ਨਾਂ? ਫਿਰ ਤੁਹਾਨੂੰ  ਮੈਂ ਸ਼ਰਾਬ ਨਹੀਂ ਪੀਣ ਦੇਣੀ।’ ਉਸ ਨੇ ਰੁਹਬ ਭਰਿਆ ਦਬਕਾ ਮਾਰਿਆ।

ਗਲਾਸੀ ਫੜ ਕੇ ਆਪੇ ਹੋਰ ਪਾ ਕੇ ਮੇਰੇ ਅੱਗੇ ਕਰਦੀ ਹੈ। ‘ਲਉ ਅੱਜ ਪੀ ਲੋ ਇਕੇਰਾਂ ਦੱਬ ਕੇ। ਫਿਰ ਕੱਲ੍ਹ ਨੂੰ ਪੱਕੀ ਛੁਟੀ… ਸ਼ਰਾਬ ਦੀ… ਮੈਂ ਤੁਹਾਨੂੰ ਸੌਂਹ ਪੁਆ ਦੇਣੀ ਹੈ।’

ਰਾਤ ਪੇਟ ਵਿਚ ਸੱਚਮੁੱਚ ਦਰਦ ਉੱਠਿਆ ਹੈ।…ਸੂਲ ਵਾਂਗ ਦਰਦ ਵਧ ਰਿਹਾ ਹੈ…ਮੈਂ ਕਸੀਸ ਵਟਦਾ ਹਾਂ।ਵਿਚੇ ਵਿਚ ਸਹਿਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਪੀੜ ਏਨੀ ਵਿਆਕਲ ਹੈ ਕਿ ਮੇਰੀ ਬਰਦਾਸ਼ਤ ਤੇ ਬਾਹਰ ਹੋ ਗਈ ਹੈ।

‘ਹਾਏ …ਏ…।’ ਮੇਰੇ ਮੂੰਹੋਂ ਜਬਰੀ ਨਿਕਲਿਆ। ਉਹ ਦੋਵੇਂ ਜੀਅ ਫਿਰ ਮੇਰੇ ਸਾਹਮਣੇ ਖੜੇ ਹਨ।

‘ਕੀ ਗੱਲ ਬਾਬੂ ਜੀ। ਫਿਰ ਹੂੰਗਾਂ ਮਾਰ ਰਹੇ ਹੋ… ?’

‘ਨਹੀਂ…ਤੁਸੀ  ਜਾਉ…ਸੌ ਜਾਉ…।’ ਮੈਂ ਰੁੱਖਾ ਜਿਹਾ ਜੁਆਬ ਦਿੰਦਾ ਹਾਂ।

‘ਤੁਹਾਡੇ ਤਾਂ ਦਰਦ ਹੋ ਰਹੀ ਹੈ ਫੇਰ?’

‘ਹਾਂ ਸੱਚਮੁੱਚ। ਦਰਦ ਹੁੰਦੀ ਹੈ ਪੇਟ ਵਿਚ। ਹਾਏ…ਏ।’ ਉਹ ਮੇਰਾ ਸਿਰ ਫੜ੍ਹ ਬੈਠਦੀ ਹੈ, ਉਸ ਦਾ ਘਰ ਵਾਲਾ ਲੱਤਾਂ ਫੜ੍ਹ ਘੁੱਟਣ ਲਗਦਾ ਹੈ।

‘ਨਹੀਂ!…ਨਹੀਂ…ਮੇਰੇ ਢਿੱਡ ਪੀੜ ਹੈ…’।ਉਹ ਦੁੜਕੀ ਲਗਾਉਂਦੀ ਹੈ।

‘ਲਉ ਅੰਮ੍ਰਿਤਧਾਰਾ  ਹੁਣੇ ਸਭ ਠੀਕ ਹੋ ਜਾਊ।’

ਅੰਗੂਰੀ ਦੇ ਚਿਹਰੇ ਤੇ ਪੀੜ ਦੇ ਚਿੰਨ੍ਹ ਆ ਗਏ। ਇੱਦਾਂ ਲਗਦਾ ਹੈ ਜਿਵੇਂ ਪੀੜ ਮੈਨੂੰ ਨਹੀਂ ਉਹਨੂੰ ਹੋ ਰਹੀ ਹੋਵੇ।

ਸਵੇਰੇ ਉੱਠਦਾ ਹਾਂ। ਰੋਜ ਦੀ ਤਰਤੀਬ ਤੋਂ ਉਲਟ ਅੱਜ ਚਾਹ ਨਹੀਂ ਆਈ।

ਬਾਥਰੂਮ ਜਾ ਕੇ ਨਹਾਉਂਦਾ ਹਾਂ, ਵਾਪਸ ਆ ਕੇ ਤਿਆਰ ਹੁੰਦਾ ਹਾਂ। ਉਹ ਆ ਧਮਕਦੀ ਹੈ, ਉਸ ਦਾ ਘਰ ਵਾਲਾ ਵੀ, ਪਰ ਚਾਹ ਫਿਰ ਵੀ ਨਹੀਂ ਆਈ…।

ਉਹ ਬਾਬੇ ਦੀ ਫ਼ੋਟੋ ਫੜ ਬੈਠਦੀ ਹੈ।

‘ਲਉ ਫੜੋ।’

ਮੈਂ ਫ਼ੋਟੋ ਫੜਦਾ ਹਾਂ।

‘ਸੌਂਹ ਖਾਉ ਕਿ ਅੱਜ ਤੋਂ ਸ਼ਰਾਬ ਨਹੀਂ ਪੀਂਦੇ…।’

ਇਕ ਹੋਰ ਫ਼ੋਟੋ ਕਰਮੂ ਦੇ ਹੱਥ ਫੜਾਉਂਦੀ ਹੈ।

ਅਸੀ ਆਪ ਮੁਹਾਰੇ ਅਸੈਂਬਲੀ ਦੇ ਮੈਂਬਰਾਂ ਵਾਂਗ ਸਪੀਕਰ ਦੇ ਪਿੱਛੇ ਬੋਲ ਬੋਲ ਕੇ ਪ੍ਰਤਿੱਗਿਆ ਕਰਦੇ ਹਾਂ।

‘ਮੈਨੂੰ ਬਾਬੇ ਦੀ ਸੌਂਹ… ਮੈਨੂੰ ਮੇਰੇ ਵੱਡਿਆਂ ਦੀ ਕਸਮ… ਮੈਨੂੰ ਮੇਰੇ ਘਰ ਵਾਲੀ ਦੀ ਸੁਗੰਧ… ਮੈਂ ਫਿਰ ਸ਼ਰਾਬ ਨਹੀਂ ਪੀਵਾਂਗਾ।’ ਉਹ ਅੱਗੇ ਅੱਗੇ ਬੋਲਦੀ ਹੈ, ਅਸੀ ਪਿੱਛੇ ਪਿੱਛੇ ਸੌਂਹ ਖਾਂਦੇ ਹਾਂ। ਉਹ ਬੜੀ ਖ਼ੁਸ਼ ਹੈ…ਤੇ ਫਿਰ ਚਾਹ ਆ ਜਾਂਦੀ ਹੈ…, ਨਾਸ਼ਤਾ ਆ ਜਾਂਦਾ ਹੈ।

‘ਅੱਜ ਮੈਂ ਜਾਣ ਕੇ ਚਾਹ ਲੇਟ ਕੀਤੀ, ਤੁਹਾਨੂੰ ਸੌਂਹ ਖੁਆਉਣੀ ਸੀ, ਸੁੱਚੇ ਮੂੰਹ।’ ਉਹ ਹੱਸਦੀ ਹੈ।

ਇਕੇ ਬਾਟੇ ਦੇ ਅੰਮ੍ਰਿਤ ਵਾਂਗ ਸਾਰਿਆਂ ਨੇ ਇਕਠੇ ਬੈਠ ਕੇ ਨਾਸ਼ਤਾ ਕੀਤਾ। ਮੈਂ ਦਫ਼ਤਰ ਨੂੰ ਹੋ ਤੁਰਿਆ। ਥੋੜੀ ਦੂਰ ਜਾ ਕੇ ਪਿੱਛੇ ਦੇਖਿਆ…ਉਸ ਦੀਆਂ ਨਜ਼ਰਾਂ ਮੇਰਾ ਪਿੱਛਾ ਕਰ ਰਹੀਆ ਸਨ, ਬੁੱਲ੍ਹੀਆਂ ਦੀ ਮੁਸਕਾਨ ਟਾਹ-ਟਾਹ ਕਰ ਰਹੀ ਸੀ।

ਦਫ਼ਤਰ ਦਾ ਸਾਰਾ ਦਿਨ ਸੁੱਤ ਅਨੀਂਦਰੇ ਲੰਘ ਗਿਆ। ਕੱਚੇ ਸੁਪਨੇ ਬਣਦੇ ਰਹੇ, ਢਹਿੰਦੇ ਰਹੇ।  ਸਾਰਾ ਸਰੀਰ ਇਕ ਅਮੁਕ ਮਾਨਸਿਕ ਪੀੜਾ ਨਾਲ ਕਰਾਹੁੰਦਾ ਰਿਹਾ। ਪੰਜ ਵਜੇ ਛੁੱਟੀ ਹੋਣ ਤੇ ਕਾਹਲੇ ਕਾਹਲੇ ਪੈਰ ਪੁੱਟਦਾ ਮਕਾਨ ਦੇ ਰਸਤੇ ਪੈ ਗਿਆ। ਦੂਰੋਂ ਡਿੱਠੀ, ਕੋਠੇ ਤੇ ਖੜੀ ਰਾਹ ਉਡੀਕ ਰਹੀ ਸੀ। ਕੀਹਦੀ ? ਮੇਰੀ ਹੀ । …ਮੈਂ ਖ਼ੁਸ਼ੀ ਦੇ ਅਨੰਤ ਸਾਗਰ ਵਿਚ ਡੁਬਡੁਬਾਉਣ ਲੱਗਾ। ਅੰਦਰ ਵੜਿਆ, ਅੰਗੂਰੀ ਕਿਤੇ ਨਹੀਂ ਸੀ…ਗ਼ਾਇਬ ਹੋ ਗਈ। ਮੈਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਉਹ ਜਾਣ ਬੁਝ ਕੇ ਸ਼ਰਾਰਤ ਨਾਲ ਕਿਧਰੇ ਛੁਪ ਗਈ ਹੈ। ਮੈਨੂੰ ਉਸ ਦੇ ਪਿੱਛੇ ਜਾਣਾ ਚਾਹੀਦਾ ਹੈ…।

‘ਸਾਹਮਣੇ ਆਉ ਛੁਪਣ ਵਾਲਿਓ…ਐਨਾ ਨਾ ਤਰਸਾਊ ਮੈਨੂੰ।’  ਆਪ ਮੁਹਾਰੇ ਮੇਰੇ  ਬੁੱਲ੍ਹ ਫੜਫੜਾਉਂਦੇ ਹਨ। ਉਹ ਖਿੜ ਖਿੜਾ ਕੇ ਹੱਸਦੀ ਹੈ ਤੇ ਟਪੂਸੀਆਂ ਮਾਰਦੀ ਬਾਹਰ ਆ ਜਾਂਦੀ ਹੈ। ਉਸ ਦੇ ਅੰਦਰ ਸ਼ਰਾਰਤਾਂ ਝਰਨੇ ਵਾਂਗ ਫੁੱਟ ਰਹੀਆਂ ਹਨ।

ਅੰਗੂਰੀ ਉਂਗਲੀ ਲਗਾ ਕੇ ਮੈਨੂੰ  ਕਿਸ ਪਾਸੇ ਲਿਜਾ ਰਹੀ ਹੈ। ਪਲ ਪਲ ਮੇਰਾ ਮਨ ਬੇਚੈਨ ਹੋ ਰਿਹਾ ਹੈ… ਉਤੇਜਨਾ ਵਧ ਰਹੀ ਹੈ…। ਮੈਂ ਉਧਰ ਨਹੀਂ ਜਾਣਾ ਚਾਹੁੰਦਾ, ਜਿਸ ਪਾਸੇ  ਅੰਗੂਰੀ  ਮੇਰਾ ਮਾਰਗ ਦਰਸ਼ਨ ਕਰ ਰਹੀ ਹੈ। ਇਸ ਤਰ੍ਹਾਂ ਅੱਜ ਕੱਲ੍ਹ ਵਿਚ ਦੋ ਮਹੀਨੇ ਲੰਘ ਗਏ। ਅੰਗੂਰੀ ਦੇ ਮੋਹ ਨੇ ਮੈਨੂੰ ਪਿੱਛਾ ਭੁਲਾ ਦਿਤਾ। ਮੈਨੂੰ ਘਰ ਦੀ ਕਦੇ ਯਾਦ ਨਾ ਆਉਣ ਦਿਤੀ। ਚਾਹ ਦਾ ਕੱਪ ਹੱਥ ‘ਚ ਲਈ ਅੰਗੂਰੀ ਅੰਗੂਰੀ ਰੰਗ ਦੇ ਸੂਟ ਵਿਚ ਲਿਸ਼ਕੀ ਪੁਸ਼ਟੀ ਅੱਜ ਕਿਸੇ ਅਸਮਾਨੀ ਹੂਰ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ। ਉਸ ਦਾ ਹੱਸੂੰ ਹੱਸੂੰ ਕਰਦਾ ਚਿਹਰਾ ਉਸ ਦੇ ਹੁਸਨਾਂ ਨੂੰ ਦੂਣਾ ਚੌਗੁਣਾ ਲੇਅ ਦੇ ਰਿਹਾ ਸੀ। ਉਸ ਦੀਆਂ ਹੁਸੀਨ ਸ਼ਰਾਰਤੀ ਅਦਾਵਾਂ ਵੇਖ ਕੇ ਮੇਰਾ ਮਨ ਵੀ ਸ਼ਰਾਰਤ ਲਈ ਲਰਜ ਉੱਠਿਆ। ਉੱਠ ਕੇ ਇਕ ਹੱਥ ਨਾਲ ਚਾਹ ਦਾ ਕੱਪ ਫੜ ਕੇ ਮੇਜ਼ ਤੇ ਰੱਖ ਦਿੰਦਾ ਹਾਂ। ਉਸ ਦਾ ਹੱਥ ਫੜ ਮੂੰਹ ਟੂਟੀ ਵਾਂਗ ਬਣਾ ਕੇ ਬਾਂਹਾਂ ਖਿਲਾਰਦਾ ਹਾਂ, ਉਸ ਨੂੰ ਆਪਣੇ ਵੱਲ ਸਰਕਾਉਣ ਦੀ ਕੋਸ਼ਿਸ਼ ਕਰਦਾ ਹਾਂ…।

‘ਨਹੀਂ …ਨਹੀਂ…ਏਦਾਂ ਨਹੀਂ…ਹੈ ਗੰਦੇ…।’

ਮੈਂ ਫਿਰ ਹੋਰ ਜਬਰੀ ਨੇੜੇ  ਖਿੱਚਦਾ ਹਾਂ। ਮੈਨੂੰ ਉਸ ਦੀ ਨਾਂਹ ਵਿਚ ਵੀ ਹਾਂ ਦੀ ਪਰਛਾਈਂ ਨਜ਼ਰ ਪੈਂਦੀ ਹੈ। ਉਹ ਪਿੱਛੇ ਖਿੱਚਦੀ ਹੈ..ਇਸ ਕਸ਼ਮਕਸ਼ ਵਿਚ ਉਹ ਪਹਿਲਾਂ ਹੱਸਦੀ ਹੈ…ਫਿਰ ਮੱਥੇ ਤਿਊੜੀ ਪਾਉਂਦੀ ਹੈ ਤੇ ਫਿਰ ਝਟਕਾ ਦਿੰਦੀ ਹੈ। ਮੇਰਾ ਵਜੂਦ ਕੰਬ ਜਾਂਦਾ ਹੈ।ਇਹ ਕੀ ਹੋਇਆ? ਮੈਂ ਤਾਂ ਸਿਰਫ਼ ਉਸ ਨੂੰ ਪਰਖਣਾ ਚਾਹੁੰਦਾ ਸੀ। ਧੱਕਾ ਮਾਰ ਕੇ ਆਪਾ ਛੁਡਾ ਕੇ ਉਹ ਬੁੜ ਬੁੜ ਕਰਦੀ ਬਾਹਰ ਨਿਕਲ ਗਈ। ਮੈਂ ਦੋਹਾਂ ਹੱਥਾਂ ਨਾਲ ਮੂੰਹ ਘੁੱਟ ਕੇ ਮੰਜੇ ਤੇ ਢਹਿ ਪੈਂਦਾ ਹਾਂ।

ਮੇਰੇ ਅੰਦਰਲਾ ਸ਼ੈਤਾਨ ਦੈਂਤ ਪੈਰੋ ਪੈਰ ਮੇਰੇ ਅੰਦਰ ਚੋਬਾਂ ਮਾਰਦਾ ਰਿਹਾ।

ਪਤਾ ਨਹੀਂ ਅੱਜ ਦੀ ਰਾਤ ਕੀ ਕਹਿਰ ਵਾਪਰਨ ਵਾਲਾ ਹੈ। ਉਸ ਦਾ ਘਰ ਵਾਲਾ ਆਏਗਾ..ਉਹ ਉਸ ਨੂੰ ਦੱਸੇਗੀ…ਉਹ ਫਿਰ ਟੰਬਾ ਲੈ ਕੇ ਮੇਰੀਆਂ ਲੱਤਾਂ ਬਾਂਹਾਂ ਇਕ ਕਰ ਦੇਵੇਗਾ…ਸਮਾਨ ਚੁੱਕ ਕੇ ਬਾਹਰ ਗਲੀ ਵਿਚ ਮਾਰੇਗਾ…ਲੋਕ ਸੁਣਨਗੇ। ਗੱਲ ਦਫ਼ਤਰ ਪਹੁੰਚ ਜਾਏਗੀ…ਪਤਾ ਨਹੀਂ ਕੀ ਕੀ ਅੰਜਾਮ ਹੋਵੇਗਾ ਮੇਰੀ  ਇਸ ਗਲਤ ਕਾਰਸਤਾਨੀ ਦਾ…। ਮੈਂ ਆਪੇ ‘ਚ ਗਵਾਚਾ ਸਟੇਸ਼ਨ ਤੇ ਰਾਤ ਗੁਜ਼ਾਰਨ ਦਾ ਫ਼ੈਸਲਾ ਕਰ ਲਿਆ ਤੇ ਤਰ੍ਹਾਂ ਤਰ੍ਹਾਂ ਦੇ ਮੰਦੇ ਨਿਰਾਸਾ ਭਰੇ ਉਬਾਲ  ਮਨ ਵਿਚ ਸਾਰੀ ਰਾਤ ਉੱਬਲਦੇ ਰਹੇ…ਨੀਂਦ ਇਕ ਮਿੰਟ ਵੀ ਨਾ ਆਈ।

ਇਹ ਪਰੋਸੀ ਸੱਤ ਸਵਾਦ ਦੀ ਇਕ ਥਾਲ਼ੀ ਵਿਚ ਮਹਿਮਾਨ

ਜੋ ਖਾਂਦੇ ਥੂਹ ਥੂਹ ਥੁੱਕਦੇ, ਨਹੀਂ ਖਾਂਦੇ ਜੋ ਪਛਤਾਉਣ ।

ਕਦੇ ਮਮਤਾ ਮੱਤੀ ਛਣਕਦੀ, ਹੈ ਪਿਆਰਾਂ  ਦੀ ਇਹ ਖਾਣ।

ਜੇ ਚਾਹੇ ਟੁਟੀ ਗੰਢ ਦਏ, ਇਹਦੀ ਕੋਇਲਾਂ ਜਿਹੀ ਜ਼ਬਾਨ।

ਜੇ ਤੀਲ੍ਹੀ ਬਣ ਜੈ ਅੱਗ ਦੀ, ਸਭ ਫੂਕੇ ਜਿਮੀ ਅਸਮਾਨ।

ਅੰਗੂਰੀ ਦੇ ਫੁੱਲਾਂ ਲੱਦੀਆਂ ਵੇਲਾਂ ਵਰਗੀ ਮਿੱਠੀ ਸੁਗੰਧ ਤੇ ਜੇਠ ਹਾੜ ਦੀਆਂ ਭੁੱਜਦੀਆਂ ਸਿਖਰ ਦੁਪਹਿਰਾਂ ਵਰਗਾ ਰੋਹ ਕਿਸੇ ਤਰ੍ਹਾਂ ਵੀ ਉਸ ਦੇ ਸੁਭਾਅ ਦੇ ਸਮਾਨੰਤਰ ਨਹੀਂ ਸਨ। ਮੈਂ ਹਾਰ ਗਿਆ ਸਾਂ…।

ਨੌਂ ਵਜੇ ਦਫ਼ਤਰ ਵੜਦੇ ਹੀ ਚਪੜਾਸੀ ਦੇ ਸੁਨੇਹੇ  ਨੇ ਮੇਰੇ ਪੈਰਾਂ ਥੱਲੇ ਅੰਗਿਆਰ ਧਰ ਦਿਤੇ।

‘ਤੁਹਾਡਾ ਸੁਨੇਹਾ ਆਇਆ ਜੀ…ਜਲਦੀ ਵਾਪਸ ਘਰ ਪਹੁੰਚੋ।’ ਉਸ ਨੇ ਗੰਭੀਰ ਜਿਹੇ ਅੰਦਾਜ਼ ਵਿਚ ਕਿਹਾ।

‘ਕਿਥੋਂ ? ਕਿਹੜੇ ਘਰੋਂ ?…।’ ਮੇਰੀ ਆਤਮਾ ਤੜਪ ਉਠੀ।

‘ਕੋਈ ਬੀਬੀ ਜੀ ਬੋਲ ਰਹੀ ਸੀ…।’ ਚਪੜਾਸੀ ਸਹਿਜ-ਸੁਭਾ ਜਿਹੇ ਇਕ ਹੋਰ ਛਿਲਤਰ ਜਿਹੀ ਸੁੱਟ ਕੇ ਪਰੇ ਚਲਾ ਗਿਆ।

ਚਿਹਰੇ ਤੋਂ ਘਟੀਆਂ ਪਨ ਤੇ ਪਸ਼ਚਾਤਾਪ ਦਾ ਅਹਿਸਾਸ ਛੁਪਾਉਣ ਦਾ ਯਤਨ ਕਰਦੇ ਕਰਦੇ ਮੈਂ ਆਪਣੀ ਸੀਟ ਤੇ ਜਾ ਬੈਠਾ…। ਮੇਰਾ ਧਿਆਨ ਹਰ ਪਲ ਬਾਹਰ ਦਰਵਾਜੇ ਵੱਲ ਟਿਕਿਆ ਭੱਠੀ  ਪਏ ਦਾਣਿਆਂ ਵਾਂਗੂ ਭੁੱਜਦਾ ਰਿਹਾ…ਪਤਾ ਨਹੀਂ ਸਾਲੀ ਪਿੱਛੇ ਹੀ ਨਾ ਆ ਧਮਕੇ…ਫਿਰ ਕੀ ਹੋਏਗਾ…ਕੀ ਜੁਆਬ ਦਿਆਂਗਾ…।

ਮੇਰੀ ਹੈਰਾਨੀ, ਮੇਰਾ ਡਰ, ਮੇਰੀ ਚਿੰਤਾ ਸਭ ਹੱਦਾਂ ਬੰਨੇ ਤੋੜ ਗਿਆ  ਜਦ ਮੈਂ ਡਿੱਠਾ ਉਹ ਛੋਟੇ ਬੱਚੇ ਸਮੇਤ ਮੇਰੇ ਸਾਹਮਣੇ ਆ ਖੜੀ ਹੋਈ…।  ਮੈਂ ਠਠੰਬਰ ਕੇ ਉੱਠ ਖੜਾ ਹੋਇਆ…। ਉਸ  ਦੀ ਹਾਲਤ ਵੇਖ ਕੇ ਮੇਰੀ ਕਾਇਆਂ ਤੜਫ਼ ਉਠੀ। ਹਿਰਦਾ ਵਲੂੰਧਰਿਆ ਗਿਆ…। ਉਸ ਦੀ ਸ਼ਕਲ ਬੜੀ  ਡਰਾਉਣੀ ਲੱਗ ਰਹੀ ਸੀ। ਏਦਾਂ ਜਾਪਦਾ ਸੀ ਜਿਵੇਂ ਉਹ ਸਾਰੀ ਰਾਤ ਰੋਂਦੀ ਰਹੀ ਹੋਵੇ… ਕਲਪਦੀ ਰਹੀ ਹੋਵੇ…। ਮੈਂ ਝਿਜਕਦੇ ਹੋਏ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ…।

‘ਨਹੀਂ…ਬਾਹਰ ਚੱਲ ਕੇ ਪਹਿਲਾਂ ਰੋਟੀ ਖਾਉ…।’ ਉਹ ਫਿੱਸਣ ਹੀ ਵਾਲੀ ਸੀ ਪਰ ਫਿੱਸੀ ਨਹੀਂ…। ਮੈਂ ਚੁਪ ਚੁਪੀਤਾ ਉਸ ਦੇ ਨਾਲ ਪਿੱਛੇ, ਲਾਅਨ ਵਿਚ ਦਰਖਤ ਦੀ ਛਾਂ ਥੱਲੇ ਜਾ ਕੇ ਬੈਠ ਗਏ।

ਕਿੰਨਾ ਚਿਰ ਖ਼ਾਮੋਸ਼ੀ ਦਾ ਆਲਮ ਛਾਇਆ ਰਿਹਾ। ਉਸ ਦੇ ਬੁੱਲ੍ਹ ਕੰਬ ਰਹੇ ਸਨ…ਹੱਥ ਕੰਬ ਰਹੇ ਸਨ…ਬੋਲਣਾ ਚਾਹੁੰਦੀ ਸੀ, ਜਿਵੇਂ ਉਸ ਤੋਂ ਬੋਲ ਨਹੀਂ ਸੀ ਹੁੰਦਾ। ਮੈਂ ਉਸ ਦੇ ਹੱਥੋਂ ਟਿਫ਼ਨ ਫੜ ਲਿਆ…।

‘ਲਿਆਓ ਮੈਂ ਖੋਲ੍ਹਦਾ ਹਾਂ…।’ ਟਿਫ਼ਨ ਖੋਲ੍ਹਦੇ ਸਮੇਂ ਉਸ ਦੇ ਹੱਥ ਨੂੰ ਛੂਹਣ ਦਾ ਜਿਗਰਾ, ਤੋਬਾ ਮੇਰੇ ਵੱਡਿਆਂ ਦੀ, ਮੈਂ ਕਰ ਹੀ ਨਹੀਂ ਸੀ ਸਕਦਾ…।

‘ਮੈਨੂੰ ਮੁਆਫ਼ ਕਰ ਦਿਓ ਭਾਅ ਜੀ…।’  ਉਸ ਦੇ ਬੁੱਲ੍ਹ ਹਿੱਲੇ, ਅੱਖਾਂ ਤਰ ਹੋ ਗਈਆਂ।

‘ਮੁਆਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਭੈਣ ਜੀ।’ ਮੈਨੂੰ ਕੁੱਝ ਹੌਸਲਾ ਹੋਇਆ।

‘ਮੈਂ ਤਾਂ ਅੱਗੇ ਹੀ ਬੜੀ ਦੁਖੀ ਸੀ…ਤੁਹਾਡੇ ਆਉਣ ਨਾਲ ਮੇਰਾ ਮਨ ਕੁੱਝ ਪਸੀਜਿਆ ਗਿਆ ਸੀ.. ਪਈ ਚਲੋ ਕੋਈ ਦੁਖ ਸੁਖ ਸੁਣਨ ਵਾਲਾ ਭਰਾ ਭਾਈ ਮਿਲਿਐ…ਤੁਸੀ ਤਾਂ ਏਨੀ ਵਿਚ ਹੀ ਮੈਦਾਨ ਛੱਡ ਕੇ ਦੌੜ ਗਏ…।’

ਇਸ ਉਲਝਣ ਭਰੇ ਤਾਣੇ ਪੇਟੇ ਵਿਚ ਆਪੇ ਫਸਿਆ ਮੈਂ ਬਾਹਰ ਨਿਕਲਣ ਦਾ ਰਸਤਾ ਤਲਾਸ਼ਣ ਲੱਗਾ…।

‘ਸਾਰੀ ਰਾਤ ਇਕ ਮਿੰਟ ਅੱਖ ਨਹੀਂ ਲੱਗੀ ਮੇਰੀ.. ਸਾਰੇ ਟੱਬਰ ਨੇ ਨਾ ਪੱਕੀ ਨਾਂ ਖਾਧੀ…।’ ‘ਚੁਪ…ਚੁਪ।’  ਉਸ ਨੂੰ ਕਿਰਦੀ ਨੂੰ ਵੇਖ ਕੇ ਮੈਂ ਉਸ ਦੇ ਮੋਢੇ ਥੱਪ ਥਪਾ ਕੇ ਦਿਲਾਸਾ ਦਿਤਾ, ਮਾਨੋਂ ਮੇਰਾ ਇਹ ਪਾਜ ਦਫ਼ਤਰ ਵਿਚ ਵੀ ਨਾ ਖੁੱਲ ਜਾਏ…।

‘ਮੈਂ ਰੋਟੀ ਨਹੀਂ ਖਾਣੀ…।’ ਉਸ ਨੂੰ ਡਿਗਦੀ ਵੇਖ ਕੇ ਮੈਂ ਹੋਰ ਚੌੜਾ ਹੁੰਦਾ ਹਾਂ…। ਟਿਫ਼ਨ ਬੰਦ ਕਰ ਦਿੰਦਾ ਹਾਂ…।

‘ਮੈਂ ਤਾਂ ਤੁਹਾਡੇ ਨਾਲ ਦੋਸਤੀ ਬਣਾਉਣੀ ਚਾਹੁੰਦੀ ਸਾਂ…ਇਕ ਰਿਸ਼ਤਾ … ਪਵਿੱਤਰ ਰਿਸ਼ਤਾ…।’ ਉਸ ਕੋਲ ਕਹਿਣ ਲਈ ਅੱਜ ਬੜੇ ਅੰਬਾਰ ਭਰੇ ਜਾਪਦੇ ਸਨ।

‘ਮਾਸ  ਚੂੰਡਣ ਦਾ ਕੀ ਹੈ…ਸਾਰਾ ਜਹਾਨ ਖ਼ੁਦਗ਼ਰਜ਼ੀ  ਨਾਲ ਭਰਿਆ ਪਿਆ…ਚਲੋ ਘਰ ਚਲੋ…ਅੱਜ ਛੁਟੀ ਲੈ ਲਉ…।’ ਉਸ ਨੇ ਤਰਲਾ ਕੀਤਾ।

ਮੈਂ ਬਿਨਾ ਕਿਸੇ ਹੀਲ ਹੁੱਜਤ ਛੁਟੀ ਦੀ ਅਰਜ਼ੀ ਦੇ ਕੇ ਉਸ ਦੇ ਨਾਲ ਵਾਪਸ ਘਰ ਤੁਰ ਪਿਆ।

ਘਰ ਪਹੁੰਚਦੇ ਪਹੁੰਚਦੇ ਮੈਂ ਉਸ ਦੇ ਸਾਹ ਵਿਚ ਅੰਤਾਂ ਦੀ ਤੇਜ ਧੜਕਣ ਮਹਿਸੂਸ ਕੀਤੀ।  ਉਸ ਦੇ ਬੁੱਲ੍ਹ ਸੁੱਕ ਰਹੇ ਸਨ। ਮੈਨੂੰ ਡਰ ਸੀ ਉਹ ਕਿਤੇ ਰਸਤੇ ਵਿਚ ਹੀ ਗ਼ਸ਼ੀ ਖਾ ਕੇ ਨਾ ਡਿਗ ਪਵੇ। ਉਸ ਨੇ ਬੜੀ ਗਹਿਰੀ ਮਾਨਸਿਕ ਚੋਟ ਮਹਿਸੂਸ ਕੀਤੀ ਸੀ। ਮੈਂ ਗੁਨਾਹਗਾਰ ਬਣ ਗਿਆ ਸਾਂ ਬਿਨਾਂ ਕਿਸੇ ਗੁਨਾਹ ਤੋਂ। ਮੈਂ ਚਾਬੀ ਕੱਢ ਕੇ ਉਸ ਨੂੰ ਫੜਾਈ… ਉਸ ਨੇ ਦਰਵਾਜਾ ਖੋਲਿਆ। ਥੋੜੇ ਮਿੰਟਾਂ ਦੀ ਫੁਰਤੀ ਚ ਉਹ ਗਰਮ ਤਾਜ਼ਾ ਫੁਲਕੇ ਲਾਹ ਕੇ ਥਾਲ਼ੀ  ਪਰੋਸ ਲਿਆਈ।

‘ਲਉ ਖਾਉ।’ ਰੋ ਰੋ ਕੇ ਲਾਲ ਹੋਈਆਂ ਅੱਖਾਂ ਦੁਪੱਟੇ ‘ਚ  ਲੁਕਾਉਂਦੀ ਉਸ ਨੇ ਲਿਲ੍ਹਕੜੀ ਜਿਹੀ ਕੱਢੀ।

‘ਤੂੰ ਵੀ ਖ਼ਾਹ…।’ ਮੈਂ ਬੁਰਕੀ ਤੋੜ ਕੇ ਉਸ ਦੇ ਮੂੰਹ ਵੱਲ ਵਧਾਈ। ਉਹ ਬੇ ਝੱਕ ਮੂੰਹ ਖੋਲ੍ਹ ਕੇ ਖਾ ਲੈਂਦੀ ਹੈ…ਤੇ ਫਿਰ ਦੋਨੇਂ ਬੜੇ ਸਵਾਦਾਂ ਨਾਲ ਇਕੱਠੇ ਖਾਣਾ ਖਾਂਦੇ ਹਾਂ। ਉਹ ਖੁੱਲ੍ਹਣਾ ਚਾਹੁੰਦੀ ਸੀ… ਪਰ ਸ਼ਾਇਦ ਉਹ ਆਪਣੀਆਂ ਦੁਖਦੀਆਂ ਪਰਤਾਂ ਖੋਲ੍ਹ ਕੇ ਰੋਟੀ ਦਾ ਸੁਆਦ ਕਿਰਕਿਰਾ ਨਹੀਂ ਸੀ ਕਰਨਾ ਚਾਹੁੰਦੀ…।

ਵਿਹੜੇ ‘ਚ ਪੈਰਾਂ ਦੀ ਸਰਕਾਹਟ ਨਾਲ ਉਹ ਉੱਠ ਕੇ ਬਾਹਰ ਗਈ। ਇਕ ਛੇ ਫੁੱਟ ਲੰਮਾ ਛੀਟਕਾ ਜਿਹਾ ਵੀਹ ਕੁ ਸਾਲਾਂ ਦਾ ਨੌਜਵਾਨ ਉਸ ਦੇ ਪੈਰਾਂ ਤੇ ਮੱਥਾ ਟੇਕਣ ਲੱਗਾ। ਉਸ ਨੇ ਉਸ ਨੂੰ ਘੁੱਟ ਕੇ ਗਲ ਨਾਲ ਲਾਇਆ…ਮੱਥਾ ਚੁੰਮਿਆ, ਪਿਆਰ ਕੀਤਾ। ਹੱਸਦੀ ਹੱਸਦੀ ਫਿਰ ਮੇਰੇ ਕਮਰੇ ਵਿਚ ਲੈ ਆਈ…। ‘ਲੋ ਭਾਅ ਜੀ। ਵੇਖੋ ਮੇਰਾ ਪੁਤ ਆਇਆ, ਇਹ ਮੇਰਾ ਪੁਤ ਜੇ, ਤੀਸਰਾ ਪੁਤ…ਇਹ ਮੈਨੂੰ ਵਰੀ ਚ ਮਿਲੇ ਸਨ ਭਾਅ ਜੀ। ਦੋ ਇਸ ਤੋਂ ਹੋਰ ਵੱਡੇ ਹਨ…।’ ਉਹ ਝੱਲੀਆਂ ਵਾਂਗ  ਹੱਸ ਰਹੀ ਸੀ…ਹੱਸ ਹੱਸ ਦੂਹਰੀ ਹੁੰਦੀ ਜਾ ਰਹੀ ਸੀ…। ਉਸ ਦੀ ਇਹ ਸਥਿਤੀ ਦੇਖ ਕੇ ਮੇਰਾ ਕਾਲਜਾ ਹਲੂਣਿਆਂ ਗਿਆ…।

ਇਸ ਕੋਮਲ ਫੁਰ ਫੁਰ ਕਰਦੀ ਤਿਤਲੀ ਦਾ ਕੀਰਨਿਆਂ ਵਿਰਲਾਪਾਂ ਤੇ ਜ਼ਿੰਦਗੀ ਦੇ ਮੰਦਵਾੜਿਆਂ ਦੀ ਇਹ ਨਰਕ ਭਰੀ ਰੀਲ ਮੇਰੀ ਨਜ਼ਰਾਂ ਸਾਹਵੇਂ ਪ੍ਰਤੱਖ ਚੱਲ ਤੁਰੀ। ਜ਼ਮੀਨ ਅਸਮਾਨ ਘੁੰਮਦੇ ਜਾਪੇ…। ਉਹ ਇਕ ਨਾਸੂਰ ਕਾਲਜੇ ‘ਚ ਲਕੋਈ ਆਪਣੇ ਪੁੱਤਰ ਨੂੰ ਪਰੇ ਲਿਜਾ ਕੇ ਉਸ ਦਾ ਖਾਣ ਪੀਣ ਦਾ ਪ੍ਰਬੰਧ ਕਰਨ ਲੱਗ ਪਈ।

ਅਗਲੀ ਸਵੇਰ ਦੇ ਸੂਰਜ ਦੀ ਦਸਤਕ ਨੇ ਘਰ ਦਾ ਵਾਤਾਵਰਨ ਕੁੱਝ ਖਰ੍ਹਵਾ ਖਰ੍ਹਵਾ ਕਰ ਦਿਤਾ। ਸਾਰੇ ਗੁੰਮ ਸੁੰਮ…ਬਾਗ਼ਾਂ ਦੇ ਪੰਛੀਆਂ ਦੀ ਚਹਿ-ਚਿਲਾਹਟ ਵਾਲਾ ਇਹ ‘ਹੱਸਣਾ ਘਰ ਵੱਸਣਾ’ ਵਿਹੜਾ ਕੁੱਝ ਕੁੱਝ ਨਿਰਾਸਤਾ ਦੇ ਬੱਦਲਾਂ ਨਾਲ ਧੁਆਂਖਿਆ ਜਾਪ ਰਿਹਾ ਸੀ। ਮੇਰੀ ਚਾਹ ਦਾ ਕੱਪ ਵੀ ਇਕ ਛੋਟਾ ਬੱਚਾ ਹੀ ਰੱਖ ਗਿਆ, ਵਗਾਰ ਪੂਰੀ ਕਰਨ ਵਾਂਗ…। ਸ਼ਾਇਦ ਰਾਤ ਤੀਵੀਂ ਆਦਮੀ ਲੜੇ ਹੋਣ, ਸ਼ਾਇਦ ਮਾਂ ਪੁਤ ਵਿਚ ਕੁੱਝ ਤਕਰਾਰ ਹੋਇਆ ਹੋਵੇ। ਪਰ ਉਸ ਦੇ ਸੁਭਾਅ ਤੋਂ ਤਾਂ ਅਜਿਹੀ ਕੋਈ ਤਵੱਕੋ ਹੀ ਨਹੀਂ ਕੀਤੀ ਜਾ ਸਕਦੀ ਸੀ। ਪਰਾਹੁਣਿਆਂ ਵਾਂਗ ਆਇਆ ਮੁੰਡਾ ਜੋ ਕਿਤੇ ਬਾਹਰ ਰਹਿੰਦਾ ਸੀ ਚਲਾ ਗਿਆ…। ਕਰਮੂ ਵੀ ਚੰਗੇਰ ‘ਚੋ ਪੱਕੀਆਂ ਰੋਟੀਆਂ ਕਾਗ਼ਜ਼ ਵਿਚ ਆਪੇ ਲਪੇਟ ਕੇ ਜੇਬ ਵਿਚ ਪਾ ਕੇ ਬਰੂੰਹਾਂ ਪਾਰ ਕਰ ਗਿਆ। ਅੰਗੂਰੀ ਨੇ ਇਕ ਤਾਸੀ ਵਿਚ ਦੋ ਪਰਾਉਂਠੇ, ਸਬਜ਼ੀ ਤੇ ਚਾਹ ਦਾ ਕੱਪ ਬੱਚੇ ਦੇ ਹੱਥ ਮੇਰੇ ਕੋਲ ਭੇਜ ਦਿਤਾ। ਮੈਨੂੰ ਅਪਣੱਤ ਭਰੀ ਕੜਵਾਹਟ ਜਿਹੀ ਮਹਿਸੂਸ ਹੋਈ…। ਇਹ ਬਾਰ ਬਾਰ ਮੇਰੀ ਅਹਿਮੀਅਤ ਨੂੰ ਤੋਲ ਰਹੀ ਹੈ ਭੰਡ ਰਹੀ ਹੈ। ਮੈਨੂੰ ਗਿਲਾਨੀ ਜਿਹੀ ਹੋਈ। ਇਹ ਸਾਰਾ ਢਕੌਂਜ ਮੇਰੇ ਸਰੀਰ ਨੂੰ ਨੋਚਣ ਲੱਗਾ… ਖਰੋਚਣ ਲੱਗਾ…। ਮਾਨਸਿਕ ਭਾਰ ਨਾਲ ਮੇਰਾ ਆਪਾ ਮੈਨੂੰ ਬਹੁਤ ਭਾਰਾ ਤੇ ਬੋਝਲ ਜਾਪਣ ਲੱਗਾ…। ਦਫ਼ਤਰ ਜਾਣ ਦਾ ਮੂਡ ਤਿਆਗ ਕੇ ਅੱਖਾਂ ਮੀਟੀ ਸਾਰੇ ਡਰਾਮੇ ਨੂੰ ਨਿਹਾਰਦਾ ਰਿਹਾ… ਸੋਚਦਾ ਰਿਹਾ… ਵਿਚਾਰਦਾ ਰਿਹਾ…। ਬੀਆ ਬਾਨਾ ਵਿਚ ਚੀਜ਼  ਵਹੁਟੀ ਵਾਕਰ ਉਮਡੇ ਤੇ ਢੇਰੀ ਹੋਏ ਸੁਪਨੇ ਮੈਨੂੰ ਡਰਾਉਣ ਲੱਗੇ।

ਤੇਜ ਹਨੇਰੀ ਵਾਂਗ ਦਰਵਾਜ਼ਾ ਖੁਲਾ…ਉਹ ਅੰਦਰ ਆਈ…ਨਾਤੀ ਧੋਤੀ…ਸੱਜੀ ਸ਼ਿੰਗਾਰੀ…। ਅੱਜ ਪਹਿਲੀ ਵੇਰਾਂ ਮੈਂ ਉਸ ਦੇ ਮੱਥੇ ਸੰਦੂਰ ਦਾ ਟਿਕਾ ਵੇਖਿਆ ਸੀ। ਪਹਿਲੀ ਵੇਰਾਂ ਉਸ ਦੇ ਬਦਨ ‘ਚੋ ਅਤਰ ਫੁਲੇਲ ਦੀ ਮਹਿਕ ਆਈ ਸੀ…। ਨਵੀਂ ਦੁਲਹਨ ਵਾਂਗ ਲਾਲ ਰੰਗ ਦਾ ਸਿਤਾਰਿਆਂ ਵਾਲਾ ਸੂਟ ਪਾਇਆ ਸੀ ਉਸ ਨੇ…। ਮੇਰੇ ਸਵੈਮਾਨ ਨੇ ਮੈਨੂੰ ਝੰਜੋੜਿਆ।

‘ਦਫ਼ਾ ਹੋਵੇ…ਮੈਂ ਕੀ ਲੈਣਾ ਅਜਿਹੇ ਛਲੇਡੇ ਕੋਲੋਂ…।’ ਮੈਂ ਓਵੇਂ ਹੀ ਅੱਖਾਂ  ਮੀਟ ਲਈਆਂ ਜਿਵੇਂ ਮੈਂ ਕੁੱਝ ਵੀ ਨਾ ਵੇਖਿਆ ਹੋਵੇ…।

‘ਭਾਅ ਜੀ ਮੇਰੇ ਬੱਚਿਆ ਦਾ ਖਿਆਲ ਰੱਖਿਓ…।’ ਉਸ ਦੇ ਪੈਰਾਂ ਦੀ ਕਦਮ ਚਾਪ ਮੇਰੀ ਦਹਿਲੀਜ਼ ਤੋਂ ਵਾਪਸ ਬਾਹਰ ਟੱਪ ਗਈ।

‘ਭਾਜੀ। ਮੇਰੇ ਬੱਚਿਆ ਦਾ ਖਿਆਲ ਰੱਖਿਓ।’ ਇਹ ਕੀ…? ਮੈਂ ਇਕ ਦਮ ਉੱਠਿਆ …’ਕੀ ਮਤਲਬ ਇਸ ਦਾ …? ਮੈਂ ਉੱਠ ਕੇ ਬਾਹਰ ਉਸ ਦੀ ਤਲਾਸ਼ ਕਰਦਾ ਹਾਂ…। ਰਸੋਈ ਵਾਲਾ ਦਰਵਾਜ਼ਾ  ਅੰਦਰੋਂ ਬੰਦ ਸੀ…ਮੈਂ ਜੋਰ ਦੀ ਪੈਰ ਨਾਲ ਧੱਕਾ ਮਾਰਿਆ… ਦਰਵਾਜੇ ਦੀ ਕੁੰਡੀ ਉੱਖੜ ਕੇ ਦਰਵਾਜ਼ਾ ਖੁੱਲ੍ਹਾ।…ਉਹ ਆਪਣੇ ਮੂੰਹ ਵਿਚ ਸ਼ੀਸ਼ੀ ਉਲੱਦ ਰਹੀ ਸੀ। ਇੱਲ ਦੇ ਝਪਟੇ ਵਾਂਗ ਮੈਂ ਸ਼ੀਸ਼ੀ ਪਰੇ ਵਗਾਹ ਮਾਰੀ। ਕੀੜੇ ਮਾਰ ਦਵਾਈ ਸਾਰੇ ਫ਼ਰਸ਼ ਤੇ ਖਿੱਲਰ ਗਈ।

‘ਇਹ ਕੀ ਲੋਹੜਾ ਮਾਰਨ ਲੱਗੀ ਸੀ…?’ ਮੇਰਾ ਸਰੀਰ ਕੰਬ ਉੱਠਿਆ।

‘ਤੂੰ ਤਾਂ ਮੈਨੂੰ ਫਸਾਉਣ ਲੱਗੀ ਸੀ…।’ ਡਿਗਦੀ ਡਿਗਦੀ ਦੇ ਲੱਕ ਦੁਆਲੇ ਬਾਂਹ ਦਾ ਸਹਾਰਾ ਦੇ ਕੇ ਉਸ ਨੂੰ ਬਾਹਰ ਲਿਆਉਂਦਾ ਹਾਂ।

‘ਬੜਾ ਮਾੜਾ ਕੀਤਾ ਭਾਅ ਜੀ ਤੁਸੀਂ, ਮੈਨੂੰ ਜੀਊਣ ਵੀ ਨਹੀਂ ਦਿੰਦੇ ਮਰਨ ਵੀ ਨਹੀਂ ਦਿੰਦੇ।  ਉਸ ਨੇ ਸਾਰਾ ਸਰੀਰ ਮੇਰੀ ਬਾਂਹਾਂ ‘ਚ ਢਿੱਲਾ ਸੁੱਟ ਦਿਤਾ। ਉਸ ਨੂੰ ਚੁਲੀ ਕਰਾਈ…। ਸ਼ੁਕਰ ਹੈ ਦਵਾਈ ਅੰਦਰ ਨਹੀਂ ਸੀ ਗਈ…।

‘ਏਨੀ ਬੁਜ਼ਦਿਲ ਨਿਕਲੀ ਤੂੰ ਅੰਗੂਰੀ …!’

‘ਭਾਅ ਜੀ ਮੈਂ ਹੁਣ ਇਸ ਧਰਤੀ ਤੇ ਭਾਰ ਹਾਂ।ਮੇਰੇ ਘਰ ਵਾਲੇ ਨੂੰ ਮੇਰੀ ਲੋੜ ਨਹੀਂ, ਉਸ ਦੇ ਮੈਂ ਤਿੰਨ ਬੱਚੇ ਪਾਲ ਪੋਸ ਕੇ ਮੈਂ ਵਿਆਹੁਣ ਜੋਗੇ ਕਰ ਦਿਤੇ ਨੇ। ਹੁਣ ਹਿੱਸਾ ਮੰਗਦੇ ਨੇ ਇਸ ਮਕਾਨ ‘ਚੋ। ਮੈਨੂੰ ਕਹਿੰਦੇ ਨਿਕਲ ਜਾ ਇੱਥੋਂ…ਤੇ ਬਾਕੀ ਦੇ ਤਿੰਨਾ ਚੌਣਿਆਂ ਨੂੰ ਮੈਂ ਕਿਹੜੇ ਖੂਹ ‘ਚ ਧੱਕਾ ਦਿਆਂ…?’

‘ਕੋਈ ਨੀਂ ਤੂੰ ਚਿੰਤਾ ਨਾ ਕਰ, ਮੈਂ ਸਮਝਾਵਾਂਗਾ…।’

‘ਨਹੀਂ! ਨਹੀਂ! ਤੁਹਾਨੂੰ ਤਾਂ ਪਤਾ ਨਹੀਂ ਕੀ ਕੀ ਕੁਫਰ ਤੋਲਦੇ ਉਹ… ਕੱਲ੍ਹ ਕਹਿੰਦਾ… ਤੂੰ ਸਾਰਾ ਦਿਨ ਕਿਰਾਏਦਾਰ ਦੇ ਕਮਰੇ ‘ਚ ਵੜੀ ਰਹਿੰਦੀ ਹੈ… ਘਰ ਦੀਆਂ ਚੁਗ਼ਲੀਆਂ ਕਰਦੀ ਰਹਿੰਦੀ ਹੈ…।’

ਇਕੇਰਾਂ ਮੇਰਾ ਦਿਲ ਕੀਤਾ ਮੈਂ ਇਹਨਾਂ ਤਪਦੇ ਅੰਗਿਆਰਾਂ ‘ਚੋਂ ਆਪਣੇ ਆਪ ਨੂੰ ਨਿਰਲੇਪ ਕਰ ਲਵਾਂ… ਕੋਈ ਹੋਰ ਈ ਪ੍ਰਸ਼ਾਦ ਨਾ ਮਿਲ ਜਾਏ… ਪਰ ਮੈਂ ਇਹਨਾਂ ਸੱਖਣੇ ਤਾਹਨਿਆਂ ਤੋਂ ਡਰਨ ਵਾਲਾ ਨਹੀਂ ਸਾਂ। ਨਵਾਂ ਮਕਾਨ ਮਿਲ਼ਨਾ ਵੀ ਤਾਂ ਕਿਹੜਾ ਖਾਲਾ ਜੀ ਦਾ ਵਾੜਾ ਸੀ।

‘ਇਹ ਛੋਟਾ ਜਿਹਾ ਛਲੂੰਡਾ ਹੀ ਨਹੀਂ ਮਾਣ, ਜੀਹਦਾ ਮੈਂ ਗੂੰਹ ਮੂਤ ਮਿੱਧ ਕੇ ਇੱਥੋਂ  ਤੱਕ ਪਹੁੰਚਾਇਆ…ਕਹਿੰਦਾ ਤੂੰ ਤਾਂ ਸਾਡੇ ਪਿਉ ਦੀ ਪੱਚੀ ਸੋ ਦੀ ਖਰੀਦੀ ਜਾਇਦਾਦ ਹੈਂ…।’ ਕਹਿੰਦੀ ਕਹਿੰਦੀ ਉਸ ਦੀਆਂ ਸਿਸਕੀਆਂ ਤੇ ਹਟਕੋਰੇ ਹੋਰ ਉੱਚੇ ਹੋ ਗਏ। ਉਹ ਬੱਚਿਆਂ ਵਾਂਗ ਬਾਂਹਾਂ ‘ਚ ਸਿਰ ਦੇ ਕੇ ਰੋਣ ਲੱਗੀ…।

ਮੇਰੀ ਚਾਰਪਾਈ ਤੇ ਡਿੱਗੂੰ ਡਿੱਗੂੰ ਕਰਦੀ ਤਰਲੇ  ਲੈਂਦੀ ਮੱਛੀ ਵਾਂਗ ਫੜਫੜਾਉਂਦੀ ਅੰਗੂਰੀ  ਅੱਜ ਮੈਨੂੰ ਮੇਰੇ ਕਮਰੇ ਵਿਚ ਮਨੁੱਖੀ ਬੰਬ  ਭਾਸੀ। ਪਤਾ ਨਹੀਂ ਕਿਹੜੇ ਵੇਲੇ ਇਹ ਫੱਟ ਜਾਏ ਤੇ ਮੇਰਾ ਸਾਰਾ ਮਰਦਊਪੁਣਾ ਛਿਣੀ ਛਿਣੀ ਕਰਕੇ ਸੁਆਹ ਕਰ ਸੁਟੇ। ਮੈਂ ਬੜੇ ਪਿਆਰ ਨਾਲ ਦੋਹਾਂ ਬਾਂਹਾਂ ਤੋਂ ਫੜ ਕੇ ਉਠਾਇਆਂ। ਉਹ ਨਿਰਜਿੰਦ ਲਾਸ਼ ਵਾਂਗ ਠੰਢੀ ਯਖ਼ ਮੇਰੇ ਨਾਲ ਲੱਗ ਗਈ। ਮੈਂ ਸਹਾਰਾ ਦੇ ਕੇ ਹੌਲੀ ਹੌਲੀ ਉਸ ਦੇ ਕਮਰੇ ਤੱਕ ਪਹੁੰਚਾ ਆਉਂਦਾ ਹਾਂ..। ਸਕੂਲ ਗਏ ਉਸ ਦੇ ਛੋਟੇ ਬੱਚੇ ਵਾਪਸ ਮੁੜੇ ਦੇਖ ਕੇ ਮੈਨੂੰ ਕੁੱਝ ਕੁੱਝ ਹੌਸਲਾ ਹੁੰਦਾ ਹੈ…। ਬੱਚੇ ਉਸ ਨੂੰ ਉਦਾਸ, ਮੰਜੇ ਤੇ ਪਈ ਵੇਖ ਕੇ ਆਪੇ ਹੀ ਭਾਂਡੇ ਫੋਲ ਕੇ ਆਪਣਾ ਪੇਟ ਝੁਲਕਾ ਕਰ ਲੈਂਦੇ ਹਨ। ਉਹ ਮੂੰਹ ਤੇ ਕੱਪੜਾ ਲੈ ਕੇ ਪੈ ਗਈ…ਚਲੋ ਨੀਂਦ ਆ ਜਾਏ ਤਾਂ ਸਭ ਠੀਕ ਹੋ ਜਾਏਗਾ।  ਮੈਂ ਵੀ ਸ਼ੁਕਰ ਕੀਤਾ…।

ਸ਼ਾਮ ਕਰਮੂੰ ਨੇ ਆ ਕੇ ਆਸੇ ਪਾਸੇ ਟੋਹ ਲਾਈ। ਪਹਿਲਾਂ ਉਸ ਦੀਆਂ ਨਜ਼ਰਾਂ ਨੇ ਮੇਰੇ ਕਮਰੇ ਦੀ ਘੋਖ ਕੀਤੀ…ਫਿਰ ਅੰਦਰ ਵੜ ਕੇ ਉਸ ਦੇ ਮੂੰਹ ਤੋਂ ਕੱਪੜਾ ਚੁੱਕ ਕੇ ਡਿੱਠਾ …ਉਸ ਦੀਆਂ ਚੰਘਿਆੜਾਂ ਨਿਕਲ ਗਈਆਂ…।

‘ਵੇਖੋ ਓਏ ਕੀ ਹੋਇਐ  ਤੁਹਾਡੀ ਮਾਂ ਨੂੰ…।’ ਉਸ ਨੇ ਬਾਹਰ ਤਾਸ਼ ਦੇ ਪੱਤੇ ਫਰੋਲਦੇ ਬੱਚਿਆ ਨੂੰ ਬੁਲਾਇਆ। ਉਸ ਦੀ ਉੱਚੀ ਆਵਾਜ਼ ਸੁਣ ਕੇ ਸ਼ਾਂਤੀ ਗਵਾਂਢਣ ਨੇ ਵੀ ਕੰਧ ਤੋਂ ਧੌਣ ਉੱਚੀ ਕੀਤੀ ਤੇ ਦੌੜੀ ਆਈ…। ਅੰਗੂਰੀ  ਗੁੰਮ ਸੀ…ਉਹ ਬੇਹੋਸ਼ ਸੀ… ਉਹਨੂੰ ਦੰਦਲ ਪਈ ਹੋਈ ਸੀ…ਉਸ ਦੇ ਨੱਕ ਦੀ ਕੋਈ ਵਿੰਗੀ ਟੇਢੀ ਮੁੜੀ ਹੋਈ ਸੀ…ਕਰਮੂ ਚਮਚੇ ਨਾਲ ਦੰਦਣ ਖੋਲ੍ਹਣ ਲੱਗਾ…ਨੱਕ ਫੜ ਫੜ ਬਾਰ-ਬਾਰ ਮਰੋੜਨ ਲੱਗਾ…ਜਿਵੇਂ ਉਹ ਪਹਿਲਾਂ ਹੀ ਉਸ ਦੀ ਅਜਿਹੀ ਮਰਜ਼ ਦਾ ਹੀਲਾ ਵਸੀਲਾ  ਜਾਣਦਾ ਹੋਵੇ…। ਉਹ ਰੋਣ ਹਾਕੀ ਆਵਾਜ਼ ਨਾਲ ਉਚੀ ਉਚੀ ਉਸ ਨੂੰ ਆਵਾਜ਼ਾਂ ਲਗਾਉਣ ਲੱਗਾ…ਬੱਚੇ ਰੋਣ ਲੱਗੇ…ਚੀਕ ਚਿਹਾੜਾ ਪੈ ਗਿਆ…।

ਮੈਂ ਝਕਦੇ ਝਕਦੇ ਅੰਗੂਰੀ ਦਾ ਸਿਰ ਆਪਣੇ ਪੱਟਾਂ ‘ਚ ਰੱਖਿਆ। ਉਸ ਦੀ ਕਮਰ ਦੁਆਲੇ ਕਲਾਵਾ ਭਰ ਕੇ ਉੱਪਰ ਹੇਠ ਹਿਲਾਇਆ…ਹਲੂਣਿਆ। ਉਸ ਦੀ ਹੁੰਅ…ਹੁੰਅ ਦੀ ਆਵਾਜ਼ ਨਿਕਲੀ… ਉਸ ਨੇ ਅੱਖਾਂ ਖੋਲ੍ਹੀਆਂ…।

‘ਕੁੜੇ ਦੀ ਹੋਇਆ ਤੈਨੂੰ ਅੰਗੂਰੀ …? ਵੇਖ ਤੇਰੇ ਬੱਚੇ ਕਿੱਦਾਂ ਵਿਲਕ ਰਹੇ ਨੇ…, ਉੱਠ!…ਉੱਠ ਕੇ ਅੰਨ ਪਾਣੀ ਦਾ ਆਹਰ ਕਰ।’

ਉਹ ਪਾਸੇ ਖੜੀ ਭੀੜ ਵੇਖ ਕੇ ਡੌਰ ਭੌਰੀ ਹੋਈ ਜਾਂਦੀ ਹੈ…ਮੁਸਕਰਾਉਂਦੀ ਹੈ…।’

‘ਕਿੰਨਾ ਸੋਹਣਾ ਸੁਪਨਾ ਆ ਰਿਹਾ ਸੀ…।’ ਉਹ ਸੱਚੀ ਮੁਚੀ ਹੱਸਦੀ ਹੈ… ਮੂੰਹ ਤੇ ਹੱਥ ਫੇਰਦੀ ਹੈ ਤੇ ਸਹੀ ਸਲਾਮਤ ਉੱਠ ਕੇ ਬੈਠ ਜਾਂਦੀ ਹੈ।

ਰਸੋਈ ਵਿਚ ਡੁੱਲ੍ਹੀ ਦਵਾਈ ਦੇ ਫ਼ਰਸ਼ ਨਾਲ ਚਿਪਕੇ ਛਿੱਟੇ, ਤੇ ਲਾਗੇ ਖੁੱਲ੍ਹੀ ਪਈ ਟੇਢੀ ਹੋਈ ਖਾਲੀ ਸ਼ੀਸ਼ੀ ਦਿਨ ਦੀ ਕਹਾਣੀ ਦਰਸਾ ਰਹੇ ਸਨ…।

‘ਸ਼ੁਕਰ ਕਰੋ ਅੱਜ। ਤੁਸੀ ਵੀ ਬਚ ਗਏ…ਮੈਂ ਵੀ ਬਚ ਗਿਆ ਤੇ ਇਹ ਵੀ ਬਚ ਗਈ…।’ ਕਰਮੂੰ ਦੇ ਹੱਥ ਫੜੀ ਸ਼ੀਸ਼ੀ ਦੇਖ ਕੇ ਮੈਂ ਸਾਰਾ ਬਿਰਤਾਂਤ ਸੁਣਾ ਦਿਤਾ..।

‘ਤੁਸੀਂ ਮੇਰੇ ਦੁਸ਼ਮਣ ਕਿਥੋਂ ਜੰਮ ਪਏ ਨਵੇਂ। ਮੇਰੇ ਤਾਂ ਪਹਿਲਾਂ ਹੀ ਕਈ ਦੁਸ਼ਮਣ ਮੇਰੇ ਹੱਥੀ  ਪਾਲੇ ਮੇਰੀ ਜਾਨ ਦਾ ਖੌ ਬਣੇ ਫਿਰਦੇ ਨੇ…। ਮੈਂ ਮਰਨਾ ਚਾਹੁੰਦੀ  ਸਾਂ…ਤੁਸੀ ਮੈਨੂੰ ਮਰਨ ਨਹੀਂ ਦਿਤਾ…।’ ਉਹ ਫੇਰ ਧਾਹਾਂ ਮਾਰ ਰੋਣ ਲੱਗ ਪਈ…।

ਮੈਂ ਸਿਆਣੇ ਵਡੇਰਿਆਂ ਵਾਂਗ ਕਰਮੂੰ ਨੂੰ ਫਿਟਕਾਰ ਪਾਈ ਤੇ ਦੱਸਿਆ ਕਿ ਕਿੱਦਾਂ ਜੇ ਇਹ ਭਾਣਾ ਵਰਤ ਜਾਂਦਾ ਤਾਂ ਉਹ ਹੀ ਨਹੀਂ, ਨਾਲ ਮੈਨੂੰ ਵੀ ਜੇਲ੍ਹ ਦੀ ਹਵਾ ਖਾਣੀ ਪੈਣੀ ਸੀ। ਕਰਮੂੰ ਵਿਚਾਰਾ ਛਿੱਥਾ ਹੋਇਆ ਆਪਣੀ ਸਫ਼ਾਈ ਪੇਸ਼ ਕਰਨ ਲੱਗਾ।

‘ਵੇਖੋ ਭਾਅ ਜੀ, ਤੁਸੀਂ ਆਪ ਹੀ ਵੇਖਦੇ ਉ… ਸਾਡੇ ਘਰ ਕੀ ਘਾਟਾ ਹੈ? ਜਿਹੜੀ ਚੀਜ਼ ਇਕੇਰਾਂ ਮੂੰਹੋਂ ਕੱਢੇ ਉਸੇ ਪਲ ਹਾਜ਼ਰ ਹੋ ਜਾਂਦੀ ਹੈ…ਚੰਗਾ ਖਾਂਦੀ ਚੰਗਾ ਹੰਢਾਉਂਦੀ…। ਲੋਕੀ ਨਿਆਣਿਆਂ ਨੂੰ ਤਰਸਦੇ ਤੇ ਇਹਦੇ ਆਪਣੇ ਗੱਭਰੂ ਮੁੰਡੇ ਇਹਦੇ ਪੈਰੀਂ ਹੱਥ ਲਗਾਉਂਦੇ, ਅੱਗੇ ਪਿੱਛੇ ਮੰਮੀ ਮੰਮੀ ਕਰਦਿਆਂ ਦੇ ਮੂੰਹ ਸੁੱਕਦੇ…।’

‘ਉਠੋ ਭੈਣ ਜੀ, ਜ਼ਿੰਦਗੀ ਜੀਉਣ ਲਈ ਜੀਵਨ ਸਾਥੀ ਨਾਲ ਜਜ਼ਬਾਤਾਂ ਦੀ ਸਾਂਝ ਤੇ ਇਕ ਦੂਜੇ ਦੇ ਅਰਮਾਨਾਂ ਦੀ ਕਦਰ ਕਰਨੀ…ਉਨ੍ਹਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ… ਤੇ ਜੇ ਕਦੇ ਕੋਈ ਤਕਰਾਰ ਸ਼ੱਕ ਸੁਭਾ ਜਾਂ ਖਿਲਾ ਪੈਦਾ ਹੋ ਜਾਏ ਉਹ ਅੰਦਰ ਬੈਠ ਕੇ ਬੜੇ ਪਿਆਰ ਸਤਿਕਾਰ ਨਾਲ ਨਜਿੱਠਿਆ ਜਾ ਸਕਦਾ ਹੈ।’

‘ਤੁਹਾਨੂੰ ਕੀ ਪਤੈ ਭਾਅ ਜੀ, ਮੈਂ ਵੀਹ ਸਾਲ ਇਹ ਭੱਠੀ ਝੋਕਦੀ ਆਈ ਹਾਂ… ਇਹਨੇ ਮੈਨੂੰ ਨਿਆਣੇ ਪਾਲਨ ਤੇ ਜੰਮਣ ਵਾਲੀ ਮਸ਼ੀਨ ਤੋਂ ਵੱਧ ਹੋਰ ਕੁੱਝ ਨਹੀਂ ਸਮਝਿਆ…।’

‘ਸਬਰ ਕਰੋ ਭੈਣ ਜੀ!…ਉਹ ਫਿਰ ਵੀ ਤੁਹਾਡਾ ਘਰ ਵਾਲਾ ਹੈ…ਤੁਹਾਡਾ ਜੀਵਨ ਸਾਥੀ ਹੈ…।’

ਜੀਵਨ ਸਾਥੀ ਦਾ ਨਾਮ ਸੁਣ ਕੇ ਉਹ ਫਿਰ ਦਰਿਆਵਾਂ ਦੇ ਟੁੱਟੇ ਬੰਧ ਵਾਂਗ ਹੜ ਤੁਰਦੀ ਹੈ…।

‘ਮੈਂ ਇਹੋ ਜਿਹੇ ਸਾਥੀ ਦਾ ਆਚਾਰ ਪਾਉਣੋਂ…? ਜਿਹਨੂੰ ਜ਼ਨਾਨੀ ਦੇ ਜਜ਼ਬਾਤਾਂ ਦੀ ਕੋਈ  ਕਦਰ ਨਹੀਂ…ਆਪ ਜਿੱਦਾਂ ਜਦ ਮਰਜ਼ੀ ਚਾਹੇ ਠੰਢੀ ਤੱਤੀ ਡੱਫ ਕੇ ਘੁਰਾੜੇ ਮਾਰਨ ਲੱਗ  ਜਾਂਦਾ ਤੇ ਮੈਂ ਜ਼ਖਮੀ ਸੱਪਣੀ ਵਾਂਗ ਵਿੱਸ ਘੋਲਦੀ  ਭੱਠੀ ‘ਚ ਪਈਆਂ ਖਿੱਲਾਂ ਵਾਂਗ ਤੜਫ਼ਦੀ ਅਗਲੀ ਭਲਕ ਦੀ ਉਡੀਕ ‘ਚ ਪਲਸੇਟੇ ਮਾਰਦੀ ਰਾਤ ਲੰਘਾ ਲੈਂਦੀ ਹਾਂ…। ਵੀਹ ਸਾਲ ਕੱਟੇ ਮੈਂ ਇਹਦੇ ਨਾਲ, ਸੌਂਹ ਹੋਵੇ ਜੇ ਇਕ ਵਾਰ ਵੀ ਇਹਨੇ ਮੇਰੇ ਜਜ਼ਬਾਤਾਂ ਦੀ ਕੋਈ ਕਦਰ ਪਾਈ ਹੋਵੇ। ਇਹਨੂੰ ਇਹ ਪਤਾ ਨਹੀਂ ਉੱਕਾ ਹੀ ਸੂਝ ਨਹੀਂ… ਜ਼ਨਾਨੀ ਦੀਆਂ  ਵੀ ਕੁੱਝ ਲੋੜਾਂ ਹੁੰਦੀਆਂ ਨੇ… ਸਰੀਰਕ ਕਮਜ਼ੋਰੀਆਂ  ਹੁੰਦੀਆਂ ਨੇ, ਮਾਨਸਿਕ ਚਾਹਤਾ ਹੁੰਦੀਆਂ ਨੇ…।’ ਉਸ ਦੀ ਅੰਦਰਲੀ ਤਪਸ਼ ਜਵਾਲਾ ਬਣ ਕੇ ਬਾਹਰ ਲਾਵਾ ਉਗਲਨ ਲਈ ਨਿਸ਼ਚਿਤ ਸੀ। ਉਸ ਦਾ ਹਰ ਇਕ ਬੋਲ ਸਮੇਂ ਦੇ ਜ਼ਾਲਮ ਪੰਜਿਆਂ ਦਾ ਖਰੇਦਿਆ ਪਿਆ ਸੀ।

‘ਇਹਨੇ ਬੰਦਾ ਨਹੀਂ ਬਣਨਾ। ਹੁਣ ਇਹਦੇ ਮੁੰਡੇ ਵੀ ਮੇਰੀਆਂ ਮੀਢੀਆਂ ਫੜਨ ਨੂੰ ਤਿਆਰ ਬੈਠੇ ਨੇ…।’

‘ਨਹੀਂ। ਨਹੀਂ। …ਕੁੱਝ ਨੀਂ ਹੁੰਦਾ…ਤੈਨੂੰ ਕੋਈ ਕੁੱਝ ਨਹੀਂ ਕਹਿ ਸਕਦਾ…।’ ਕਰਮੂੰ ਨੇ ਉਸ ਨੂੰ ਕਲਾਵੇ ਵਿਚ ਲੈ ਕੇ ਬੱਚਿਆਂ ਵਾਂਗ ਵਰਚਾਇਆ। ਉਹ ਦੋਵੇਂ ਫਿਰ ਇਕ-ਮਿਕ ਹੋ ਗਏ। ਅੰਗੂਰੀ ਨੇ ਵੀ ਬੇਢੱਬੇ ਜਿਹੇ ਸਰੂਰ ਵਿਚ ਉਸ ਦਾ ਹੱਥ ਚੁੰਮਿਆ ਤੇ ਅੱਖਾਂ ਮੁੰਦ ਲਈਆਂ। ਮੈਨੂੰ ਬਹੁਤ ਖ਼ੁਸ਼ੀ ਹੋਈ। ਮੈਨੂੰ ਜਾਪਿਆ ਜਿਵੇਂ ਮੈਂ ਇਕ ਉੱਜੜਦਾ ਘਰ ਮੁੜ ਵਸਾਉਣ ਵਿਚ ਕਾਮਯਾਬ ਹੋ ਗਿਆ ਹਾਂ…।

ਸ਼ਾਮ ਉਨ੍ਹਾਂ ਦੇ ਕੁੱਕਰ ਨੇ ਮੁਰਗ਼ੇ ਵਰਗੀ ਵਿਸਲ ਮਾਰੀ । ਕਰਮੂੰ ਨੇ ਇਕੋ ਡੀਕੇ ਬੋਤਲ ਖਾਲੀ ਕਰ ਦਿਤੀ ਤੇ ਟੇਢਾ ਹੋ ਗਿਆ…। ਘਰ ਵਿਚ ਇਕੇਰਾਂ ਫਿਰ ਚਹਿਲ ਪਹਿਲ ਹੋਈ। ਬੱਚੇ ਫੁਲ ਝੜੀਆਂ ਚਲਾਉਣ ਲੱਗੇ। ਮੈਨੂੰ ਵੀ ਵਿਆਹ ਦੇ ਘਰ ਵਰਗੀ ਪਰੋਸੀ ਹੋਈ ਕਈ ਪਕਵਾਨ ਭਰੀ ਥਾਲ਼ੀ ਆਉਣ ਪਹੁੰਚੀ। ਮੈਂ ਵੀ ਰੱਬ ਦਾ ਸੌ ਸੌ ਸ਼ੁਕਰ ਕੀਤਾ। ਰੋਟੀ ਲਈ ਨਹੀਂ ਬਲਕਿ ਇਸ ਲਈ ਕਿ ਮੈਂ ਦੋ ਟੁੱਟੇ ਹੋਏ ਸ਼ੀਸ਼ਿਆਂ ਨੂੰ ਜੋੜਨ ਲਈ ਕੁੱਝ ਕਰ ਸਕਿਆ ਸਾਂ।

ਇਸ ਤਰ੍ਹਾਂ ਇਹ ਅਮੁਕ ਸਿਲਸਿਲਾ ਚਲਦਾ ਰਿਹਾ।

ਕੁੱਝ ਦਿਨਾ ਬਾਦ ਰਾਤ ਇਕ ਹਨੇਰੇ ਜਿਹੇ ਹੰਸੁ ਹੰਸੁ ਕਰਦੀ ਅੰਗੂਰੀ ਮੇਰੇ ਕਮਰੇ ਵਿਚ ਬਹਾਰਾਂ ਦੀ ਵਰਖਾ ਕਰ ਗਈ। ਦੁੱਧ ਦਾ ਗਿਲਾਸ ਫੜਾ ਗਈ… ਦੁੱਧ ਅਜੇ ਮੁਕਾ ਨਹੀਂ ਸੀ…ਫਿਰ ਆਣ ਧਮਕੀ…।

‘ਭਾਅ ਜੀ ਮੇਰੀ ਮਦਦ ਕਰੋ।’ ਉਸ ਦੇ ਬੋਲਾਂ ‘ਚ ਅੰਤਾਂ ਦੀ ਨਿਮਰਤਾ ਹਲੀਮੀ ਤੇ ਮਿਠਾਸ ਸੀ…।

‘ਹਾਂ ਦੱਸ। …ਮੈਂ ਜ਼ਰੂਰ ਕਰਾਂਗਾ… ਜੇ ਮੇਰੇ ਵੱਸ ਦੀ ਗੱਲ ਹੋਈ ਤਾਂ…।’ ਮੇਰਾ ਅੰਦਰ ਫਿਰ ਡਰ ਜਾਂਦਾ ਹੈ, ਪਤਾ ਨਹੀਂ ਕੀ ਵਗਾਰ ਪਾ ਦੇਵੇ, ਜੋ ਮੇਰੀ ਪਹੁੰਚ ਤੋਂ ਬਾਹਰ ਹੋਵੇ…।’

‘ਮੈਨੂੰ ਇਕ ਪਿਸਤੌਲ ਲਿਆ ਦਿਓ  … ਸਮਝੇ…? ਪਸਤੌਲ।’

‘ਹਾਂ…ਹਾਂ…ਦੱਸੋ ।’

‘ਤੇ ਤਿੰਨ ਗੋਲੀਆ…।’

‘ਸਿਰਫ਼ ਤਿੰਨ? ਕੀ ਕਰੇਂਗੀ…?’ ਮੈਂ ਗੱਲ ਹਾਸੇ ਪਾਣ ਦੀ ਕੋਸ਼ਿਸ਼ ਕਰਦਾ ਹਾਂ…।

‘ਇਕ ਗੋਲੀ ਮੈਂ ਆਪਣੇ ਬਾਪ ਨੂੰ ਮਾਰਾਂਗੀ ਜੀਹਨੇ ਜਨਮ ਜਨਮਾਂਤਰਾ ਦਾ ਜ਼ੁਲਮ ਕਰਕੇ ਮੈਨੂੰ ਧੋਖੇ ਨਾਲ ਤਿੰਨ ਬੱਚਿਆਂ ਦੇ ਬਾਪ ਦੁਹਾਜੂ ਨੂੰ ਵੇਚ ਕੇ ਇਕ ਗਊ ਘਾਤ ਕੀਤਾ…।

ਦੂਜੀ ਮੈਂ ਕਰਮੂ ਨੂੰ ਮਾਰੂੰ ਗੀ ਜੀਹਨੇ ਸਾਰੀ ਉਮਰ ਇੱਲਾਂ ਕਾਂਵਾਂ ਵਾਂਗ ਮੇਰਾ ਮਾਸ ਚੂੰਡ ਕੇ ਮੇਰੇ ਸੁਪਨਿਆਂ ਦਾ ਕਤਲ ਕੀਤਾ…ਤੇ ਵੇਖ ਲਾ ਹੁਣ ਕਿੱਦਾਂ ਬੇਸੁੱਧ ਹੋਇਆ ਢੱਠਾ ਪਿਆ ਮੁਰਦਿਆਂ ਵਾਂਗ ਬੋਤਲ ਡੱਫ ਕੇ…, ਤੇ ਤੀਜੀ…।’

‘ਹਾਂ …ਹਾਂ ਤੀਜੀ ਕੀਹਦੇ ਵਾਸਤੇ…?’ ਮੈਂ ਬੇਸਬਰਾ ਹੋ ਜਾਂਦਾ ਹਾਂ।

ਉਹ ਮੂੰਹ ਨਾਲ ਠਾਹ ਕਰਦੀ ਇਕ ਉਂਗਲ ਮੇਰੀ ਹਿੱਕ ‘ਚ ਖੁਭੋਂਦੀ ਹੈ।

‘ਤੀਜੀ ਇਹਨੂੰ! ਜਿਸ ਨੇ ਮੈਨੂੰ ਉਸ ਦਿਨ ਮਰਨ ਤੋਂ ਰੋਕਿਆ ਤੇ ਹੁਣ ਜਿਹੜਾ ਹਰ ਰੋਜ ਮੈਨੂੰ ਪੋਟਾ ਪੋਟਾ ਕਰ ਕੇ ਕੋਹ ਰਿਹਾ ਹੈ, ਤਰਸਾ ਰਿਹਾ ਹੈ ਤੇ ਮਾਰ ਰਿਹਾ ਹੈ…।’ ਉਹ ਕੱਚਾ ਜਿਹਾ ਹੱਸਦੀ ਮੇਰੇ ਪੈਰਾਂ ‘ਚ ਡਿਗ ਕੇ ਫਿਰ ਬੇਹੋਸ਼ ਹੋ ਜਾਂਦੀ ਹੈ…। “‘

ਮਿਰਗ ਤ੍ਰਿਸ਼ਨਾ

ਕੀ ਹਾਲ ਏ ਮਿੱਤਰਾ ? ਅੱਜ ਏਨਾ ਅਵਾਜ਼ਾਰ ਕਿਉਂ ਹੈ? ਤੇਰੇ ਚਿਹਰੇ ਤੇ ਧੱਬੇ ਸਿਆਹੀਆਂ ਅੱਜ ਏਨੇ ਗੂੜ੍ਹੇ ਕਿਉਂ ਹੋ ਗਏ ਨੇ ? ਤੂੰ ਊਂਧੀ ਪਾਈ ਬੈਠਾ ਹੈਂ, ਬੱਦਲਾਂ ਦੀ ਚਾਦਰ ਉਹਲੇ ਘਟਾਵਾਂ ਦੀਆਂ ਜ਼ੁਲਫਾਂ ਥੱਲੇ ਆਪਣਾ ਮੂੰਹ ਮੱਥਾ ਲੁਕਾਈ ਬੈਠਾ ਹੈ। ਆਖ਼ਰ ਕੀ ਗੱਲ ਹੈ ਅਜਿਹੀ… ਮੈਨੂੰ ਦੱਸ… ਕੀ ਮੈਂ ਤੇਰਾ ਦੁੱਖ ਨਹੀ ਵੰਡਾ ਸਕਦਾ?

ਪਰ ਉਹ ਨੀਵੀਂ ਪਾਈ ਸ਼ਰਮਿੰਦਿਆਂ ਵਾਂਗ ਗੋਡਿਆਂ ਚ ਸਿਰ ਦੇਈ ਬੈਠਾ ਮੇਰੀ ਗੱਲ ਅਣਸੁਣੀ ਕਰਕੇ ਹੰਝੂ ਕੇਰਦਾ ਰਿਹਾ। ‘ਸਾਡੇ ਕੋਲੋਂ ਕੀ ਗ਼ਲਤੀ ਹੋ ਗਈ ? ਦੇਵਤਾ ਜੀ ਮੁਆਫ਼ ਕਰੋ। ਇਤਨੀ ਕਰੋਪੀ ਕੀ ਆ ਗਈ ? ਜੇ ਤੂੰ ਹੀ ਏਨਾ ਸ਼ਰਮਸਾਰ ਹੋ ਕੇ ਦੁਨੀਆਂ ਤੋਂ ਅੱਡ ਹੋ ਬੈਠਾ ਤਾਂ ਸਾਡਾ ਕੀ ਹਾਲ ? ਮਿਹਰ ਕਰੋ ਚਿਹਰੇ ਤੇ ਖੇੜਾ ਲਿਆਓ ਤੇ ਦੁਨੀਆਂ ਤੇ ਠੰਢ ਵਰਤਾਓ…।’

ਪਰ ਉਹ ਤਾਂ ਅੱਜ ਪੱਥਰ ਹੀ ਬਣ ਬੈਠਾ ਸੀ, ਜਿਸ ਤੇ ਮੇਰੀ ਇਸ ਅਰਜੋਈ ਦਾ ਜਰਾ ਜਿੰਨਾ ਵੀ ਅਸਰ ਨਾ ਹੋਇਆ। ਉਸ ਦੀ ਨਿਮੋਝੂਣਤਾ ਵਿਚੋਂ ਉਸ ਦੀ ਹਾਰ ਦਾ ਸ਼ੱਕ ਪੈਂਦਾ ਸੀ। ਉਸ ਦੀ ਹਾਲਤ ਇਸ ਵੇਲੇ ਅਜਿਹੇ ਅਖਾਉਤੀ ਮਹਾਤਮਾ ਵਰਗੀ ਸੀ ਜਿਸ ਦੀ ਸ਼ਖ਼ਸੀਅਤ ਅਤੇ ਗਿਆਨ ਦੇ ਅਸਰ ਹੇਠ ਲੱਖਾਂ ਲੋਕ ਉਸ ਦੇ ਅਨੁਆਈ ਬਣ ਗਏ ਹੋਣ…ਉਹ ਲੋਕਾਂ ਦਾ ਆਗੂ ਬਣ ਗਿਆ… ਲੋਕ ਉਸ ਦੀ ਪੂਜਾ ਕਰਦੇ ਉਸ ਨੂੰ ਨਮਸਕਾਰ ਕਰਦੇ ਤੇ ਹਰ ਵੇਲੇ ਕੁਵੇਲੇ ਉਸ ਦੀ ਓਟ ਆਸਰਾ ਤੱਕਣ ਲੱਗੇ। ਪਰ ਲੋਕਾਂ ਦੀ ਹੈਰਾਨੀ ਦਾ ਵੱਡਾ ਕਾਰਨ…ਪੁਲਸ ਨੇ ਉਸ ਦੇ ਘਰ ਛਾਪਾ ਮਾਰਿਆ, ਕਰੋੜਾਂ ਰੂਪੈ ਦਾ ਬਲੈਕ ਦਾ ਮਾਲ ਤੇ ਸਮਾਜਕ ਕੁਰੀਤੀਆਂ ਦੀ ਜੜ ਬਰਾਊਨ ਸ਼ੂਗਰ ਤੇ ਹੋਰ ਨਸ਼ੀਲੀਆਂ ਦਵਾਈਆਂ ਉਸ ਦੇ ਕਬਜ਼ੇ ਚੋਂ ਪਕੜੇ ਗਏ ਹੋਣ, ਤੇ ਉਹ ਖ਼ਬਰ ਲੋਕਾਂ ਦੇ ਕੰਨ ਸੁਣਨ ਤੋਂ ਜਾਂ ਮੰਨਣ ਤੋਂ ਇਨਕਾਰੀ ਹੋਣ।

ਵੇਖਿਆ ਤੋਬਾ ਰੱਬ ਦੀ! ‘ਮੂੰਹ ਮੇਂ ਰਾਮ ਰਾਮ ਬਗ਼ਲ ਮੇਂ ਛੁਰੀ ।’ ਪਰ ਤੂੰ ਇਕੇ ਵੇਰਾਂ ਏਨਾ ਹੌਸਲਾ ਹਾਰ ਬੈਠਾ…ਅਜੇ ਤਾਂ ਬਹੁਤ ਕੁੱਝ ਕਰਨਾ ਬਾਕੀ ਹੈ ਤੇਰੇ ਨਾਲ …ਅਜੇ ਤਾਂ ਤੇਰੇ ਹੋਰ ਪਰਖੜੇ ਉਧੇੜਨੇ ਨੇ ਇਹਨਾਂ ਲੋਕਾਂ ਨੇ…। ਮੈਂ ਤੈਨੂੰ ਨਾਰਾਜ਼ ਨਹੀ ਹੋਣ ਦਿਆਂਗਾ, ਤੈਨੂੰ ਨਾਰਾਜ਼ ਨਹੀ ਹੋਣਾ ਚਾਹੀਦਾ, ਨਿਰਾਸ਼ ਵੀ ਨਹੀ ਹੋਣਾ ਚਾਹੀਦਾ… ਮੈਂ ਤੈਨੂੰ ਜ਼ਰੂਰ ਮਨਾਵਾਂਗਾ…ਤੂੰ ਮੇਰਾ ਮਾਮਾ ਹੈ…ਮੇਰੇ ਬੱਚਿਆਂ ਦਾ ਮਾਮਾ ਹੈ ਸਾਰੀ ਦੁਨੀਆਂ ਦਾ ਮਾਮਾ ਹੈ ਤੇ ਮੇਰਾ ਤੇਰਾ ਅਟੁੱਟ ਰਿਸ਼ਤਾ ਹੈ… ਕਦੇ ਨਹੀਂ ਟੁੱਟਣ ਦਿਆਂਗਾ…।             ਮੈਂ ਤੇਰਾ ਦਿਲ ਫੋਲਾਂ ਗਾ ਜ਼ਰੂਰ…। ਦੱਸ ਤੇਰੀ ਚਾਂਦਨੀ ਹੁਸਨ ਪਰੀ ਨੇ ਤੇਰੀ ਹਿੱਕ  ਨਹੀ ਠਾਰੀ ? ਜਾਂ ਤੂੰ ਹਾਰਿਆ ਵਪਾਰੀ ਜਾਂ ਹਰਿਆ ਨੁਮਾਇੰਦਾ। ਕੁਰਸੀ ਦੀ ਭੁਖ ਨੇ ਤੇਰੀ ਭੁਗਤ ਸਵਾਰੀ ? ਜਾਂ ਤੇਰੇ ਦੋਸਤ ਸਾਥੀ ਨੇ ਕੀਤੀ ਗ਼ੱਦਾਰੀ ? ਜਾਂ ਤੇਰੇ ਤੇ ਵੀ ਦੁੱਖਾਂ ਦੇ ਪਹਾੜ ਟੁੱਟੇ ਨੇ ਮੇਰੇ ਵਾਂਗ।  ਜਾਂ ਤੇਰਾ ਕਿਸੇ ਪਿਆਰ ਖੋਹ ਲਿਆ? ਪਰਵਾਨੇ ਤਾਂ ਸ਼ਮਾਂ ਤੇ ਜਲ ਮਰਦੇ ਨੇ ਪਰ ਤੂੰ ਕਮਲਿਆ ਦੁਨੀਆਂ ਤੋ ਹੀ ਪਰੇ ਹੋ ਗਿਆ…।

ਅਸਫਲਤਾ ਕਿਸੇ ਕਿਸਮ ਦੀ ਖ਼ਾਸ ਕਰਕੇ ਪਿਆਰ ਦੀ ਹਾਰ, ਜਜਬਾਤਾਂ ਨੂੰ ਜਨਮ ਦਿੰਦੀ ਹੈ…ਜਜਬਾਤਾਂ ਦੀਆਂ ਡੂੰਘੀਆਂ ਖਾਣਾ ਵਿਚੋਂ ਕਵਿਤਾ ਉਮਡ ਪੈਂਦੀ ਹੈ…ਕਵਿਤਾ ਨਾਲ ਜੁੜਿਆ ਮਨ ਕਵੀ ਬਣ ਜਾਂਦਾ ਹੈ, ਫਿਰ ਲਿਖਾਰੀ ਤੇ ਆਖਿਰ ਸਾਹਿੱਤਕਾਰ ਤੇ ਫਿਰ ਉਹੀ ਨਾ ਕਾਮਯਾਬੀਆਂ ਤੇ ਨਿਰਾਸ਼ਤਾਵਾਂ ਕਾਮਯਾਬੀਆਂ ਬਣ ਕੇ ਉਸ ਦੇ ਪੈਰ ਚੁੰਮਦੀਆਂ ਹਨ।

‘ਹਾਅ…ਹਾਅ…ਹਾਅ…ਤੂੰ ਹੌਸਲਾ ਨਾ ਹਾਰ। ਤੇਰੀ ਨਿਰਾਸਤਾ ਤੈਨੂੰ ਜ਼ਰੂਰ ਕੋਈ ਫਲ ਦੇ ਜਾਏਗੀ…ਤੂੰ ਵੀ ਕਵੀ ਬਣ ਜਾਈਂ ਮੇਰੇ ਵਾਂਗ…ਹਾਅ…ਹਾਅ…।’

ਮੇਰੇ ਹਾਸੇ ਨਾਲ ਉਸ ਦਾ ਵੀ ਹਾਸਾ ਫੁੱਟ ਆਇਆ। ਉਸ ਦਾ ਅੰਦਰਲਾ ਮੇਰੇ ਸਾਹਮਣੇ ਬੋਲ ਉੱਠਿਆ…।

‘ਤੇਰੀਆਂ ਖੋਜੀ ਨਜ਼ਰਾਂ ਨੇ ਮੇਰੀ ਸਾਰੀ ਹਾਲਤ ਦਾ ਸਰਵੇਖਣ ਕਰ ਲਿਆ ਕਹਾਣੀਕਾਰ! ਮੈਂ ਤੇਰੀਆਂ ਲਭਤਾਂ ਤੋਂ ਖ਼ੁਸ਼ ਹਾਂ, ਸੋਲ੍ਹਾਂ ਆਨੇ ਰਾਜ਼ੀ ਹਾਂ ਪਰ ਮੈਂ ਸ਼ਰਮਿੰਦਾ ਹਾਂ…ਕਿਥੇ ਮੂੰਹ ਲੁਕਾਵਾਂ ? ਕਿਥੇ ਜਾਵਾਂ ? ਤੂੰ ਮੇਰੇ ਨਾਲ ਹਮਦਰਦੀ ਕੀਤੀ ਹੈ ਸ਼ੁਕਰੀਆ…।’

ਮੇਰੇ ਤਾਂ ਪਹਿਲੇ ਹੀ ਕਲੰਕ ਜਿਨ੍ਹਾਂ ਦਾ ਮਾਰਿਆ ਮੈਂ ਕਿੰਨੇ ਯੁੱਗ ਦਰ ਬਦਰ ਭਟਕਦਾ ਰਿਹਾ ਹਾਂ, ਤੇ ਪਤਾ ਨਹੀ ਇਹ ਤੁਹਮਤ ਮੈਨੂੰ ਕਿੰਨਾ ਕੁ ਹੋਰ ਤੜਫਾਏ ਗੀ ਕਲ਼ਪਾਏਗੀ, ਇੰਦਰ ਬਦਮਾਸ਼ ਦੀਆਂ ਗੱਲਾਂ ਚ ਆ ਗਿਆ ਮੈਂ, ਤੋਬਾ। ਮੈਂ ਇਹ ਇਤਨਾ ਵੱਡਾ ਬਜਰ ਪਾਪ, ਛਲ, ਧੋਖਾ, ਕਰ ਗਿਆ। ਮੈਨੂੰ ਜਰਾਂ ਜਿੰਨਾਂ ਵੀ ਸ਼ੁਭਾ ਨਹੀ ਸੀ ਇੰਦਰ ਵਰਗੇ ਵੱਡੇ ਦੇਵਤੇ ਤੇ… ਉਸ ਦੇ ਕਹਿਣ ਤੇ ਮੈਂ ਅਹਿਲਿਆ ਨੂੰ ਛਲਨ ਲਈ ਅੱਧੀ ਰਾਤੇ ਕੁੱਕੜ ਬਣ ਬਾਂਗ ਦੇ ਬੈਠਾ। ਗੌਤਮ ਵਿਚਾਰਾ, ਗੌਤਮ ਰਿਸ਼ੀ ਆਪਣੇ ਨੇਮ ਦਾ ਪੱਕਾ ਕੁਕੜ ਬਾਂਗ ਸੁਣ ਮੋਢੇ ਤੇ ਪਰਨਾ ਸੁੱਟ ਨਦੀ ਨਹਾਉਣ ਤੁਰ ਗਿਆ। ਅੱਧੀ ਰਾਤੇ ਘੂਕ ਸੁਤੀ ਨਿਰਵਸਤਰ ਨਦੀ ਗੌਤਮ ਦੀਆਂ ਪੈੜਾਂ ਨਾਲ ਕੁਰਲਾ ਉਠੀ…।

‘ਤੇਰੇ ਨਾਲ ਛਲ ਹੋਇਆ ਹੈ …ਕਪਟ ਹੋਇਆ ਹੈ ਰਿਸ਼ੀ! ਤੇ ਤੂੰ ਹੋਰਾਂ ਦੀ ਨੀਂਦ ਹਰਾਮ ਕਰਨ ਲੱਗੈ…।’ ਰਿਸ਼ੀ ਦੇ ਕਪਾਟ ਖੁੱਲ੍ਹ ਗਏ…ਉਹ ਵਾਪਸ ਦੌੜਾ। ਇੰਦਰ ਆਪਣਾ ਪਾਪ ਕਮਾ ਚੁਕਾ ਸੀ…ਗੌਤਮ ਰਿਸ਼ੀ ਦੀਆਂ ਅੱਖਾਂ ਚ ਅੰਗਾਰ ਵੇਖ ਕੇ ਮੈਂ ਉੱਡਣਾ ਚਾਹਿਆ…ਉਸ ਦੇ ਪਰਨੇ ਦੀ ਸੱਟ ਮੇਰਾ ਕਾਲਜਾ ਵਿੰਨ੍ਹ ਗਈ…ਪਰਨੇ ਦਾ ਲੱਗਾ ਦਾਗ ਮੈਂ ਕਈ ਜਨਮ ਲੈ ਕੇ ਵੀ ਨਹੀ ਧੋ ਸਕਦਾ, ਬੇਸ਼ੱਕ ਅਹਿਲਿਆ ਨੂੰ ਮਿਲਿਆ ਸਰਾਪ ਤਾਂ ਉਸ ਨੂੰ ਬੇਕਸੂਰ ਸਮਝ ਕੇ ਸਮੇਂ ਦੇ ਪੈੜਾਂ ਨੇ ਧੋ ਦਿਤਾ… ਉਹ ਪੱਥਰ ਤਾਂ ਫਿਰ ਜਾਨਦਾਰ ਜੀਵਤ ਹੋ ਗਿਆ… ਪਰ ਮੇਰੀ ਇਹ ਕਾਲਖ ਧੁੱਪ ਨਹੀਂ ਸਕਦੀ… ਲੱਥ ਨਹੀਂ ਸਕਦੀ…।

ਮੈਂ ਤਾਂ ਇਕ ਖਿੱਦੋ ਸਾਂ ਖ਼ੂਬਸੂਰਤ… ਬਹੁਤ ਖੂਬ… ਸਿਲਮੇ ਸਿਤਾਰਿਆਂ ਨਾਲ ਜੜਿਆ… ਜਿਸ ਨੂੰ ਨਿਆਣਿਆਂ ਨੇ ਉਧੇੜ ਕੇ ਉਸ ਦੀਆਂ ਟਾਕੀਆਂ ਖਿੰਡਾ ਦਿੱਤੀਆਂ। ਮੇਰੇ ਪੁਜਾਰੀਆਂ ਨੇ ਜਦ ਮੇਰੀਆਂ ਅੰਦਰਲੀਆਂ ਲੀਰਾਂ ਵੇਖੀਆਂ ਹੋਣਗੀਆਂ ਤਾਂ ਮੇਰੇ ਲਈ ਕੀ ਸੋਚਦੇ ਹੋਣਗੇ ? ਮੈਂ ਪਾਪੀ ਹਾਂ …ਲੋਕਾਂ ਨੂੰ ਗੁਮਰਾਹ ਕਰਦਾ ਰਿਹਾ ਸਾਂ… ਮੈਨੂੰ ਹੁਣ ਆਪਣੀ ਹੋਂਦ ਦਾ ਜਰਾਂ ਜਿੰਨਾਂ ਵੀ ਅਧਿਕਾਰ ਨਹੀ…।

ਉਹ ਅਜਿਹਾ ਬੋਲਿਆ…ਹੁਣ ਚੁਪ ਕਰਨ ਵਿਚ ਹੀ ਨਹੀ ਸੀ ਆਉਂਦਾ।

‘ਵੱਡੇ ਵੱਡੇ ਨਜੂਮੀ ਜੋਤਸ਼ੀ ਪੀਰ ਫਕੀਰ ਜਿਹੜੇ ਇਹਨਾਂ ਗੱਲਾਂ ਤੋਂ ਅਣਜਾਣ ਸਨ… ਕੀ ਕਹਿਣਗੇ ? ਜਦ ਕਦੇ ਕੁੱਝ ਦਿਨ ਮੈਂ ਮਾਸਿਕ ਸ਼ਿਲਾ ਕੱਟਣ ਲਈ ਜਾਂਦਾ ਤਾਂ ਇਹ ਲੋਕ ਕਈ ਦਿਨ ਕਲਵਲ ਹੋ ਕੇ ਮੇਰੀ ਇੰਤਜ਼ਾਰ ਕਰਦੇ ਤੇ ਮੇਰੇ ਆਉਣ ਵਾਲੇ ਦਿਨ ਫੁੱਲਾਂ ਦੀ ਵਰਖਾ ਕਰਦੇ, ਕੱਚੀ ਲੱਸੀ ਦੇ ਛਿੱਟੇ ਮਾਰ ਮਾਰ ਮੇਰਾ ਮੁਖੜਾ ਧੋਂਦੇ। ਵੈਦ ਹਕੀਮ ਮੇਰੀ ਪਹਿਲੀ ਛੂਹ ਨਾਲ ਦਵਾਈਆਂ ਬਣਾਉਂਦੇ…ਪਹਿਲਵਾਨ ਚਾਂਦੀ ਦੇ ਰੂਪੈ ਮੱਥਾ ਟੇਕਦੇ ਟਣਕਾਉਂਦੇ ਤੇ ਇਸ ਨਾਲ ਉਨ੍ਹਾਂ ਦੇ ਭਵਿੱਖਤ ਜਿੱਤ ਦੀ ਤਸੱਲੀ ਹੋ ਜਾਂਦੀ। ਗਰਭਵਤੀ ਔਰਤਾਂ ਮੇਰੇ ਮੱਥੇ ਲੱਗਣਾ ਸ਼ੁੱਭ ਸਮਝਦੀਆਂ ਤੇ ਮੈਥੋਂ ਅਸ਼ੀਰਵਾਦ ਮੰਗਦੀਆਂ ਕਿ ਉਨ੍ਹਾਂ ਦੇ ਵੀ ਮੇਰੇ ਜਿਹਾ ਸੁੰਦਰ ਚੰਦ ਵਰਗਾ ਬੱਚਾ ਹੋਵੇ। ਮੇਰੇ ਹਸਮੁਖ ਸ਼ਾਂਤ ਸੁਭਾਅ ਨਾਲ ਸਭ ਨੂੰ ਸ਼ਾਂਤੀ ਮਿਲਦੀ, ਮੈਂ ਕਿਸੇ ਨੂੰ ਖਾਲੀ ਨਾ ਮੋੜਿਆ, ਕਿਉਂਕਿ ਹਰੇਕ ਨੂੰ ਮੇਰੇ ਤੇ ਅੰਨ੍ਹੀ ਸ਼ਰਧਾ ਸੀ…। ਪੂਰਨਮਾਸ਼ੀ ਵਾਲੇ ਦਿਨ ਤਾਂ ਮੇਰੀਆਂ ਪੌਂ ਬਾਰਾਂ ਹੋ ਜਾਂਦੀਆਂ ਤੇ ਮੇਰੇ ਨਾਮ ਤੇ ਮੇਰੇ ਲੱਖਾਂ ਸੇਵਕ ਚੇਲੇ ਲੋਕਾਂ ਨੂੰ ਦੋਹੀਂ ਹੱਥੀ ਲੁੱਟਦੇ। ਦੁਨਿਆਵੀ ਤੂਫ਼ਾਨ ਤੋਂ ਉਪਰੰਤ ਸਮੁੰਦਰੀ ਤੂਫ਼ਾਨ ਦਾ ਉਛਾਲ਼ਾ ਵੀ ਮੇਰੀ ਚਰਨ ਛੂਹ ਲਈ ਤਰਸਦਾ। ਪ੍ਰੇਮੀ ਆਪਣੀਆਂ ਪ੍ਰੇਮਿਕਾਵਾਂ ਦੀ ਤੁਲਨਾ ਮੇਰੀ ਸੁੰਦਰਤਾ ਨਾਲ ਕਰਦੇ। ਕਵੀਆਂ ਦੀ ਲਿਖਤ ਦੀ ਜਾਨ ਸਾਂ ਮੈਂ, ਸਾਰੀ ਦੁਨੀਆਂ ਦਾ ਮਾਣ ਸਾਂ ਮੈਂ…। ਪਰ ਹੁਣ ਮੈਂ ਭ੍ਰਿਸ਼ਟ ਹੋ ਚੁਕਾ ਹਾਂ ਕਹਾਣੀਕਾਰ! ਮੈਂ ਹੋਰ ਜ਼ਿਆਦਾ ਦੇਰ ਲੋਕਾਂ ਦੇ ਅੱਖੀਂ ਘੱਟਾ ਨਹੀ ਪਾ ਸਕਦਾ…।

‘ਹੌਸਲਾ ਨਹੀ ਹਾਰੀਦਾ ਮੇਰੇ ਦੋਸਤ… ਤੂੰ ਆਪਣਾ ਆਪਾ ਦੁਨੀਆਂ ਸਾਹਮਣੇ ਖੋਲ੍ਹ ਕੇ ਰੱਖ ਦੇ। ਲੋਕ ਫਿਰ ਵੀ ਤੈਨੂੰ ਪੂਜਣਗੇ… ਤੇਰੀ ਅਹਿਮੀਅਤ ਵਿਚ ਕੋਈ ਘਾਟਾ ਨਹੀ ਪਵੇਗਾ। ਵੇਖ ਤੇਰੇ ਦੂਜੇ ਦੋ ਭਾਈਆਂ ਵਿਚੋਂ ਇਕ ਤਾਂ ਕਿੰਨੇ ਯੁੱਗਾਂ ਦਾ ਸੜਦਾ ਬਲਦਾ ਭਟਕਦਾ ਫਿਰ ਰਿਹਾ ਹੈ ਤੇ ਤੇਰਾ ਦੂਸਰਾ ਭਾਈ ਵੀ ਜਿਸ ਨੂੰ ਲੋਕ ਕੰਡਿਆਲਾ ਕਹਿੰਦੇ ਨੇ ਆਪਣੀ ਮਾੜੀ ਕਰਨੀ ਦਾ ਫਲ ਭੋਗ ਰਿਹਾ ਹੈ… ਝਾੜੀਆਂ ਵਿਚ ਵਿਅਰਥ ਸਿਰ ਤੁੰਨਦਾ ਫਿਰਦਾ ਹੈ। ਤੂੰ ਆਪਣੀ ਮਾਤਾ ਦੀ ਸੇਵਾ ਕੀਤੀ ਤੇ ਤੈਨੂੰ ਉਸੇ ਦੇ ਵਰ ਨਾਲ ਇਹ ਸ਼ਾਂਤ ਸ਼ੁਭਾ ਨਸੀਬ ਹੋਇਆ ਤੇ ਇਹ ਤੈਥੋਂ ਕੋਈ ਨਹੀ ਖੋਹ ਸਕਦਾ…।’

ਨਹੀ ਕਹਾਣੀਕਾਰ! ਨਹੀ ! ਇਹ ਸਭ ਗਲਤ ਹੈ… ਇਹ ਕੁੱਝ ਸਮਾਜਕ ਠੇਕੇਦਾਰਾਂ ਦੇ ਬਣਾਏ ਹੋਏ ਵਹਿਮ ਹਨ…ਮੇਰਾ ਕੋਈ ਭਾਈ ਨਹੀ ਨਾਂ ਕੋਈ ਮਾਂ ਨਾ ਬਾਪ। ਮੈਂ ਤਾਂ ਕੁਦਰਤ ਦੇ ਅਟੱਲ ਨੇਮ ਦੀ ਇਕ ਉਪਜ ਹਾਂ। ਕਈ ਸਮਾਜਕ ਲੋਟੂ ਸੰਸਥਾਵਾਂ ਨੇ ਮੈਨੂੰ ਵੱਖਰਾ ਵੱਖਰਾ ਦਰਸਾ ਕੇ ਮੇਰਾ ਨਾਮ ਵਰਤ ਕੇ ਪਾਪ ਦੇ ਭਾਗੀ ਬਣਾਇਆ ਹੈ ਮੈਨੂੰ। ਹੁਣ ਮੈਨੂੰ ਨਿਰਾਸ਼ਤਾ ਤੇ ਚਿੰਤਾ ਸਿਰਫ਼ ਇਸ ਗੱਲ ਦੀ ਹੈ ਕਿ ਮੇਰੇ ਪਰਮ ਪ੍ਰੇਮੀ ਜੋ ਮੇਰੇ ਖ਼ਿਲਾਫ਼ ਇਕ ਸ਼ਬਦ ਸੁਣਕੇ ਵੀ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਸਨ ਉਨ੍ਹਾਂ ਦਾ ਕੀ ਹਾਲ ਹੋਵੇਗਾ… ਉਹ ਕਿਥੇ ਮੂੰਹ ਲੁਕਾਉਣਗੇ? ਪਰ ਨਾਲ ਮੈਨੂੰ ਆਤਮਿਕ ਤੇ ਮਾਨਸਿਕ ਤਸੱਲੀ ਵੀ ਹੈ ਕਿ ਮੈਂ ਹੁਣ ਅਸਲੀ ਰੂਪ ਵਿਚ ਦੁਨੀਆਂ ਦੇ ਸਾਹਮਣੇ ਵਿਚਰ ਸਕਾਂਗਾ।

ਜਦ ਅਮਰੀਕਾ ਦੇ ਪੁਲਾੜ ਵਿਗਿਆਨੀਆਂ ਨੇ ਪਹਿਲੀ ਵਾਰ ਮੇਰੀ ਹਿੱਕ ਤੇ ਪੈਰ ਰੱਖਿਆ ਤਾਂ ਮੈਂ ਉਨ੍ਹਾਂ ਦਾ ਬੜੀ ਗਰਮ ਜੋਸ਼ੀ ਨਾਲ ਜੀ ਆਇਆਂ ਕਹਿ ਕੇ ਸਵਾਗਤ ਕੀਤਾ। ਹੁਣ ਵੀ ਮੇਰਾ ਦੁਆਰ ਖੁੱਲ੍ਹਾ ਹੈ ਮਨੁੱਖ ਜਾਤੀ ਲਈ… ਜਦ ਕੋਈ ਮਰਜ਼ੀ ਆਵੇ ਮੇਰੇ ਵਿਹੜੇ ਚ ਪੈਰ ਪਾਵੇ… ਮੇਰੀਆਂ ਸੁੱਤੀਆਂ ਕਲਾਂ ਜਗਾਵੇ…ਰਾਤ ਆਵੇ ਦਿਨੇ ਆਵੇ…।

ਹੁਣ ਮੈਨੂੰ ਮਾਨਸਿਕ ਸਕੂਨ ਹੈ ਕਿ ਮੈਂ ਹੁਣ ਇਕ ਗੁਪਤ ਰਹੱਸ ਨਾ ਰਹਿ ਕੇ ਯੂਨੀਵਰਸ ਦਾ ਇਕ ਹਿੱਸਾ ਬਣ ਕੇ ਪ੍ਰਤੱਖ ਹੋਇਆ ਹਾਂ।

‘ਤਾਂ ਫਿਰ ਤੇਰੇ ਕਹਿਣ ਦਾ ਮਤਲਬ,

‘ਕਿਸੇ ਚੀਜ਼ ਤੇ ਬਿਨ ਦੇਖੇ, ਸੋਚੇ ਸਮਝੇ ਅੰਧ ਵਿਸ਼ਵਾਸ ਕਰਨਾ ਵਿਅਰਥ ਹੈ, ਗਲਤ ਹੈ… ।’ ਮੈਂ ਹੱਸਦਾ ਹਾਂ।

‘ਹਾਂ ਬਿਲਕੁਲ ਠੀਕ ! ਇਹ ਸਭ ਜੋ ਚਮਕਦਾ ਹੈ ਸੋਨਾ ਨਹੀ…।’

‘ਆਲ ਦੈਟ ਗਲਿਟਰਜ਼ ਇਜ਼ ਨਾਟ ਗੋਲਡ… ਬਾਈ ਗੁੱਡ ਬਾਈ…।’ “‘

ਹੱਤਕ ਇੱਜ਼ਤ

ਕਾਮਰੇਡ ਜਗੀਰੀ ਲਾਲ ਨੂੰ ਹੱਥ ਵਿਚ ਖੂੰਡਾ ਫੜੀ ਨਹਿਰ ਦੇ ਪੁਲ ਤੇ ਬੈਠਾ ਵੇਖ ਕੇ ਮੈਨੂੰ ਓਪਰਾ ਜਿਹਾ ਜਾਪਿਆ…। ਉਸ ਦੀਆਂ ਨਜ਼ਰਾਂ ਪੁਲ ਦੇ ਦੋਨੋ ਪਾਸੇ ਚੜ੍ਹਦੇ ਤੇ ਲਹਿੰਦੇ ਵੱਲ ਦੂਰ ਤੱਕ ਰਸਤਾ ਮਿਣ ਰਹੀਆਂ ਸਨ, ਜਿਵੇਂ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ।

‘ਕੀ ਗੱਲ ਪ੍ਰੋਫੈਸਰ ਸਾਹਿਬ… ਸੁੱਖ ਐ…?’

‘ਸੁੱਖ ਕਾਹਦਾ…। ਕਾਮਰੇਡ ਸਾਹਿਬ ਕੁੱਝ ਨਾ ਪੁੱਛੋ…।’ ਉਹ ਨਿਰਾਸ਼ ਜਿਹਾ ਹੋ ਗਿਆ।

‘ਕਾਲਜ ਖੋਲ੍ਹਿਆ ਸੀ…ਲੜਕੀਆਂ ਵਾਸਤੇ…ਕਿ ਚਲੋ ਇਸ ਪਿਛੜੇ ਇਲਾਕੇ ਦੀਆਂ ਲੜਕੀਆਂ ਕੁੱਝ ਪੜ੍ਹ ਲਿਖ ਕੇ ਆਪਣਾ ਅੱਗਾ ਪਿੱਛਾ ਸਵਾਰ ਸਕਣ…ਪਰ…।’

‘ਪਰ ਕੀ ?’

‘ਇੱਥੇ ਸਾਲੇ ਗਧੇ ਨੂੰ ਘਿਉ ਦੇਣ ਵਾਲੀ ਗੱਲ ਆ… ਸਵੇਰੇ ਦੁਪਹਿਰੇ ਮੁਸ਼ਟੰਡਿਆਂ ਦੀ ਢਾਣੀ ਕੁੜੀਆਂ ਤੇ ਰਸਤੇ ਨਾਪਣ ਲੱਗ ਪਈ ਹੈ… ਮੈਂ ਕਿਹਾ ਮੈਂ ਦੇਖਦਾਂ… ਕਿਹੜਾ ਹਰਾਮ ਖੋਰ ਐ…।’ ਉਸ ਦੀਆਂ ਅੱਖਾਂ ਚ ਲਹੂ ਉਤਰ ਆਉਂਦਾ ਹੈ…। ਉਹ ਖੂੰਡਾ ਥੱਲੇ ਖੜਕਾਉਂਦਾ ਹੈ।

‘ਉ ਜਨਾਬ! ਜਿੱਥੇ ਕੁੜੀਆਂ ਆਉਣਗੀਆਂ ਉੱਥੇ ਮੁੰਡੇ ਵੀ ਆਉਣਗੇ… ਜਿੱਥੇ ਸ਼ਹਿਦ ਹੋਵੇਗਾ ਉੱਥੇ ਮੱਖੀਆਂ ਵੀ ਭਿੰਨ ਭਿੰਨਾਉਣ ਗੀਆਂ…।’ ਮੈਂ ਹਾਸੇ ਗੱਲ ਪਾ ਕੇ ਉਸ ਦੀ ਕਰੁਣਾਮਈ ਹਾਲਤ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕਰਦਾ ਹਾਂ…।

‘ਨਹੀਂ ਮੈਂ ਇਹ ਬਰਦਾਸ਼ਤ ਨਹੀ ਕਰ ਸਕਦਾ…।’

ਉਹ ਫਿਰ ਆਪਣਾ ਅਟੱਲ ਫ਼ੈਸਲਾ ਸੁਣਾਉਂਦਾ ਹੈ।

‘ਕੁੜੀਆਂ ਦੀ ਰਾਖੀ ਲਈ ਤੁਹਾਨੂੰ ਪੁਲ ਤੇ ਖਲੋਣ ਦੀ ਲੋੜ ਨਹੀਂ।  ਉਨ੍ਹਾਂ ਦੀ ਰਾਖੀ ਲਈ ਤੁਸੀ ਕਾਲਜ ਅੰਦਰ ਜ਼ਿੰਮੇਵਾਰ ਹੋ…। ਬਾਹਰ ਅੱਜ ਕੱਲ੍ਹ ਦੀਆਂ ਕੁੜੀਆਂ ਆਪ ਹੀ ਮੁੰਡਿਆਂ ਦਾ ਬਥੇਰਾ ਮੁਕਾਬਲਾ ਕਰ ਸਕਦੀਆਂ ਨੇ, ਤੇ ਜੇ ਉਨ੍ਹਾਂ ਦੇ ਵੱਸੋਂ ਬਾਹਰ ਹੋ ਜਾਏ ਤਾਂ ਉਨ੍ਹਾਂ ਦੇ ਮਾਪੇ ਆਪੇ ਹੀ ਇਹ ਸਭ ਕੁੱਝ ਨਜਿੱਠ ਲੈਣਗੇ… ਤੁਸੀ ਆਪਣੀ ਏਨੀ ਸਿਰਦਰਦੀ ਨਾ ਵਧਾਓ…।’

‘ਨਹੀ ! ਨਹੀ ! ਇਹ ਮੇਰੀਆਂ ਬੇਟੀਆਂ ਹਨ…।’ ਮੈਂ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ…।’ ਉਸ ਨੂੰ ਆਪਣੀ ਜ਼ਿੱਦ ਤੇ ਅੜਿਆ ਵੇਖ ਕੇ ਮੈਂ ਹੋਰ ਅੱਗੇ ਬੋਲਣ ਦਾ ਹੀਆ ਨਾ ਕਰ ਸਕਿਆ।

ਸਾਰਾ ਦਿਨ ਮੇਰਾ ਧਿਆਨ ਉਸੇ ਵਿਚ ਹੀ ਰਿਹਾ…ਉਸ ਖੂੰਡੇ ਵਾਲੇ ਬਾਬੇ ਚ। ਨਾ ਜਾਣੀਏ ਇਹ ਕਿਸੇ ਦੇ ਗਲ ਪੈ ਜਾਏ ਤੇ ਉਨ੍ਹਾਂ ਦਾ ਕੀ? ਮੁੰਡੀਰ ਵਾਧੇ ਦਾ! ਉਹ ਇਸ ਦੀ ਲਾਹ ਪਾਹ ਕਰ ਦੇਣ…।

ਮੈਂ ਉਸ ਦੀ ਕਹਾਣੀ ਜਾਣਦਾ ਹਾਂ… ਉਹ ਵੀਹ ਸਾਲ ਕੈਨੇਡਾ ਵਿਚ ਲਗਾ ਕੇ ਪਿਛਲੇ ਪੰਜ ਸਾਲ ਤੋਂ ਭਾਰਤ ਆਇਆ ਹੈ। ਉਸ ਨੂੰ ਮੋਹ ਹੈ ਆਪਣੇ ਵਤਨ ਨਾਲ… ਵਤਨ ਦੀ ਮਿੱਟੀ ਨਾਲ ਤੇ ਵਤਨ ਤੇ ਲੋਕਾਂ ਨਾਲ… ਵਤਨ ਦੀ ਪਨੀਰੀ ਨਾਲ ਤੇ ਕਈ ਵੇਰਾਂ ਉਹ ਬੜਾ ਭਾਵੁਕ ਹੋ ਕੇ ਕਹਿੰਦਾ ਹੈ, ‘ਮੈਂ ਹੁਣ ਵਾਪਸ ਨਹੀ ਜਾਣਾ… ਬਥੇਰਾ ਕਮਾ ਲਿਆ… ਇੱਥੇ ਹੀ ਆਪਣੇ ਵਤਨ ਦੀ ਸੇਵਾ ਕਰਾਂਗਾ ਤੇ ਇਸੇ ਹੀ ਮਿੱਟੀ ਚ ਸਮਾ ਜਾਵਾਂਗਾ।’

ਬਾਹਰ ਰਹਿੰਦਿਆਂ ਉਸ ਨੇ ਪਿੰਡ ਦੇ ਸਰਪੰਚ ਨੂੰ ਤੇ ਹੋਰ ਮੁਹਤਬਰ ਲੋਕਾਂ ਨੂੰ ਪਿੰਡ ਦੀ ਭਲਾਈ ਲਈ, ਪਿੰਡ ਦੀਆਂ ਸੜਕਾਂ ਗਲੀਆਂ ਲਈ, ਸਕੂਲ ਧਰਮਸ਼ਾਲਾ ਲਈ ਪੰਡਾਂ-ਮੂੰਹ ਪੈਸੇ ਭੇਜੇ, ਪਰ ਜਦ ਉਸ ਨੇ ਆ ਕੇ ਵੇਖਿਆ, ਇਕ ਕੌੜੀ ਨਿਰਾਸਤਾ ਉਸ ਦੇ ਪੱਲੇ ਪਈ। ਸਕੂਲੇ ਮੁੰਡੇ ਕੁੜੀਆਂ ਅਜੇ ਵੀ ਟਾਟਾਂ ਬੋਰੀਆਂ ਤੇ ਬੈਠਦੇ ਸਨ, ਗਲੀਆਂ ਦੇ ਚਿੱਕੜ ਤੋਂ ਲੰਘਣਾ ਸਮੁੰਦਰ ਪਾਰ ਕਰਨ ਤੋਂ ਘੱਟ ਨਹੀ ਸੀ…। ਹਾਂ ਏਨਾ ਜ਼ਰੂਰ ਹੋਇਆ ਸੀ ਪਈ ਉਨ੍ਹਾਂ ਮੁਹਤਬਰਾਂ ਦੇ ਕੱਚਿਆਂ ਕੋਠਿਆਂ ਦੀ ਥਾਂ ਹੁਣ ਮਹਿਲਨੁਮਾਂ ਕੋਠੀਆਂ ਉੱਸਰ ਗਈਆਂ ਸਨ।

ਤੇ ਉਹ ਉਸ ਦਿਨ ਆਏ ਸਨ, ਜਦ ਉਹ ਬਾਹਰੋਂ ਆਇਆ ਸੀ… ਉਨ੍ਹਾਂ ਬਹੁਤ ਖ਼ੁਸ਼ੀ ਮਨਾਈ ਸੀ…। ਉਸ ਦਾ ਬੜੀ ਨਿਮਰਤਾ ਨਾਲ ਆਦਰ ਸਤਿਕਾਰ ਕੀਤਾ ਸੀ… ਗੁਰਦੁਆਰੇ ਬੁਲਾ ਕੇ ਉਸ ਨੂੰ ਸਿਰੋਪਾ ਭੇਟ ਕੀਤਾ ਸੀ, ਤੇ ਨਾਲ ਹੀ ਧੰਨਵਾਦ ਕੀਤਾ ਸੀ ਕਿ ਉਸ ਦੇ ਭੇਜੇ ਪੈਸਿਆਂ ਨਾਲ ਇਹ ਗੁਰੂ ਕਾ ਮੰਦਰ ਤਿਆਰ ਹੋ ਗਿਆ ਹੈ ਤੇ ਅੱਗੇ ਤੋਂ ਦੋ ਲੱਖ ਹੋਰ ਦਾ ਜੈਕਾਰਾ ਛੱਡ ਦਿਤਾ ਗਿਆ ਸੀ ਉਸ ਦੇ ਨਾਮ ਦਾ…। ਉਹ ਉੱਠ ਕੇ ਬਾਹਰ ਆ ਗਿਆ।

‘ਮੇਰੇ ਪਿੰਡ ਦੀਆਂ ਧੀਆਂ ਭੈਣਾਂ ਉਚੇਰਾ ਪੜ੍ਹ ਨਹੀ ਸਕਦੀਆਂ…ਕੋਈ ਕਾਲਜ ਨੇੜੇ ਨਹੀਂ…ਤੇ ਦਸ ਵੀਹ ਕਿੱਲੋਮੀਟਰ ਬੱਸਾਂ ਗੱਡੀਆਂ ਤੇ ਜਾਣਾ ਕੁੜੀਆਂ ਵਾਸਤੇ ਨਾ ਮੁਮਕਿਨ ਵੀ ਹੈ ਤੇ ਕਠਿਨ ਵੀ…।’ ਉਸ ਨੇ ਫ਼ੈਸਲਾ ਕੀਤਾ ਕੁੜੀਆਂ ਦਾ ਕਾਲਜ ਖੋਲ੍ਹਿਆ ਜਾਏ। ਨਾਲੇ ਪੁੰਨ ਨਾਲੇ ਫਲੀਆਂ।

ਅਗਲੇ ਦਿਨ ਜਦ ਮੰਦਰ ਦੀ ਕਮੇਟੀ ਨੇ ਉਸ ਦੇ ਦਰਵਾਜੇ ਆ ਅਲਖ ਜਗਾਈ ਤਾਂ ਉਹ ਲੋਹੇ ਦਾ ਥਣ ਬਣ ਗਿਆ। ਉਨ੍ਹਾਂ ਬਥੇਰੀ ਵਾਹ ਲਾਈ ਥੋੜਾ ਬਹੁਤਾ ਬਣਦਾ ਸਰਦਾ ਹੋਰ ਦੇ ਦੇਵੇ ਪਰ ਉਹ ‘ਮੈਂ ਨਾ ਮਾਨੂੰ…’ ਉਸ ਨੇ ਕੋਈ ਸਿਰਾ ਪੱਲਾ ਨਾ ਫੜਾਇਆ।

‘ਪ੍ਰਧਾਨ ਜੀ ਇਸ ਛੋਟੇ ਜਿਹੇ ਪਿੰਡ ਵਿਚ ਪੰਜ ਛੇ ਗੁਰਦੁਆਰੇ ਮੰਦਰ ਬਣਾ ਕੇ ਤੁਸਾਂ ਲੋਕਾਂ ਵਿਚ ਪਹਿਲਾਂ ਹੀ ਜਨੂਨ ਤੇ ਨਫ਼ਰਤ ਦੇ ਬੀਜ ਬੀਜ ਦਿਤੇ ਨੇ…ਇਹੀ ਕਿਸੇ ਵੇਲੇ ਤੁਹਾਡੇ ਪਿੰਡ ਦੀ ਸ਼ਾਂਤੀ ਨੂੰ ਸਾੜ ਕੇ ਸਵਾਹ ਕਰ ਦੇਣਗੇ। ਮੰਦਰ ਗੁਰਦੁਆਰੇ ਨਾਲ ਲੜੇਗਾ…, ਭਾਈ ਪੰਡਤ ਨਾਲ ਲੜੇਗਾ…, ਪ੍ਰਧਾਨ ਸਕੱਤਰ ਨਾਲ ਲੜੇਗਾ…, ਸਕੱਤਰ ਖ਼ਜ਼ਾਨਚੀ ਨਾਲ ਲੜੇਗਾ…ਬੱਸ! ਜੋ ਹੋ ਗਿਆ ਸੋ ਹੋ ਗਿਆ…। ਹੁਣ ਕਾਲਜ ਖੋਲ੍ਹੋ ! ਕਾਲਜ ! ਲੜਕੀਆਂ ਵਾਸਤੇ! ਜੋ ਇਸ ਵੇਲੇ ਤੁਹਾਡੀ ਸਭ ਤੋਂ ਜ਼ਰੂਰੀ ਲੋੜ ਹੈ…। ਤੇ ਇਸ ਲਈ ਮੈਂ ਮਦਦ ਕਰਨ ਲਈ ਤਿਆਰ ਹਾਂ ਜੋ ਕਹੋ ਕਰ ਦਿਆਂਗਾ…।’

‘ਤੂੰ ਤੇ ਭਾਈ ਬਾਹਰਲੀਆਂ ਗੱਲਾਂ ਕਰਦੋਂ! ਇੱਥੇ ਇਹ ਕੰਮ ਨਹੀ ਪੁੱਗਣੇ! ਫਿਰ ਕੁੜੀਆਂ ਦੇ ਕਾਲਜ ! ਹਰ ਰੋਜ ਛਿੱਤਰ ਕੌਣ ਖਾਊ…?’

‘ਛਿੱਤਰ!… ਇਸ ਨੇਕ ਕੰਮ ਲਈ ਕੌਣ ਮਾਰੂ ਛਿੱਤਰ ? ਤੁਸੀਂ ਮੇਰੀ ਮਦਦ ਕਰੋ! ਮੈਂ ਇਹ ਕਰਾਂਗਾ ਤੇ ਇਸ ਲਈ ਮੈਨੂੰ ਜਿਹੜਾ ਮਰਜ਼ੀ ਕਸ਼ਟ ਉਠਾਉਣਾ ਪਵੇ, ਮੈਂ ਉਠਾਵਾਂਗਾ।’

‘ਚੰਗਾ ਭਾਈ ਤੇਰੀ ਮਰਜ਼ੀ…। ‘ਤੇ ਉਹ ਕਮੇਟੀ ਖਾਲੀ ਝੋਲੀਆਂ ਲੈ ਕੇ ਵਾਪਸ ਚਲੀ ਗਈ।

ਕਾਲਜ ਖੁੱਲ ਗਿਆ…ਉਸ ਦੀ ਆਪਣੀ ਹੀ ਕੋਠੀ ਵਿਚ! ਆਸੇ ਪਾਸੇ ਦੇ ਪਿੰਡਾਂ ਵਿਚ ਢੋਲ ਢੰਡੋਰੇ ਤੇ ਇਸ਼ਤਿਹਾਰਾਂ ਨੇ ਲੋਕਾਂ ਦਾ ਧਿਆਨ ਇਸ ਕਾਲਜ ਵੱਲ ਖਿੱਚਿਆ। ਪੜਨ ਦੇ ਯੋਗ ਘਰੀਂ ਬੈਠੀਆਂ ਲੜਕੀਆਂ ਡਾਰਾਂ ਬਣ ਕੇ ਇਸ ਕੋਠੀ ਦੀ, ਇਸ ਪਿੰਡ ਦੀ ਰੌਣਕ ਵਧਾਉਣ ਲੱਗੀਆਂ। ਥੋੜੀ ਸਸਤੀ ਫ਼ੀਸ ਵਿਚ ਚੰਗਾ ਮਿਹਨਤੀ ਸਟਾਫ਼, ਜਿਸ ਦਾ ਖਰਚਾ ਜ਼ਿਆਦਾ ਕਰਕੇ ਉਸ ਨੂੰ ਆਪਣੀ ਹੀ ਜੇਬ ਚੋਂ ਦੇਣਾ ਪੈਂਦਾ, ਲੋਕਾਂ ਦੀ ਸੇਵਾ ਕਰਨ ਲੱਗਾ। ਪਿੰਡ ਦੇ ਪਤਵੰਤੇ ਜਿਨ੍ਹਾਂ ਨੂੰ ਇਹ ਕੰਮ ਪਹਾੜ ਵਾਂਗ ਜਾਪਦਾ ਸੀ, ਵੇਖ ਕੇ ਈਰਖਾ ਕਰਨ ਲੱਗੇ… ਖੰਭਾਂ ਦੀਆਂ ਡਾਰਾਂ ਬਣਨ ਲੱਗੀਆਂ।

ਕਾਲਜ ਦੇ ਪੜਨ ਸਮੇਂ ਸਾਰਾ ਦਿਨ ਇਕ ਪਾਸੇ ਗੁਰਦੁਆਰੇ ਤੇ ਦੂਜੇ ਪਾਸੇ ਮੰਦਰ ਦੇ ਸਪੀਕਰ ਕਾਲਜ ਦੇ ਸ਼ਾਂਤ ਵਾਤਾਵਰਨ ਵਿਚ ਖੱਲੜ ਮਚਾਉਣ ਲੱਗੇ।

‘ਪ੍ਰਧਾਨ ਜੀ! ਮੇਰੇ ਨਾਲ ਜੇ ਤੁਹਾਡੀ ਕੋਈ ਈਰਖਾ ਦੁਸ਼ਮਣੀ ਹੈ ਤਾਂ ਮੈਨੂੰ ਮੁਆਫ਼ ਕਰ ਦਿਓ! ਇਹਨਾਂ ਬੱਚੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੋ। ਤੁਹਾਡੇ ਇਹ ਸਪੀਕਰ ਜੋ ਮਸ਼ੀਨਗੰਨਾਂ ਵਾਂਗ ਮੇਰੇ ਦੋਨੋਂ ਪਾਸੇ ਬੀੜ ਦਿਤੇ ਨੇ, ਇਹ ਇਹਨਾਂ ਬੱਚੀਆਂ ਦੇ ਰੌਸ਼ਨ ਭਵਿਖ ਨੂੰ ਹਨੇਰਾ ਕਰ ਜਾਣਗੇ…।’

‘ਇਹ ਤਾਂ ਭਾਈ ਕਮੇਟੀ ਦਾ ਫ਼ੈਸਲਾ ਹੈ… ਕਮੇਟੀ ਵਿਚ ਆ ਜਾਈਂ! ਉੱਥੇ ਵਿਚਾਰ ਕਰ ਲਵਾਂਗੇ…। ਇਹ ਮੈਂ ਇਕੱਲਾ ਨਹੀ ਹਟਾ ਸਕਦਾ।’ ਪ੍ਰਧਾਨ ਦਾ ਸਪਸ਼ਟ ਜੁਆਬ ਸੁਣ ਕੇ ਉਹ ਅੱਧਾ ਜਿਹਾ ਹੋ ਗਿਆ…। ਉਸ ਨੇ ਪਿੰਡ ਦੇ ਹੋਰ ਸੱਜਣ ਜਿਨ੍ਹਾਂ ਦੀਆਂ ਲੜਕੀਆਂ ਇੱਥੇ ਪੜ੍ਹਦੀਆਂ ਸਨ, ਨੂੰ ਮਦਦ ਵਾਸਤੇ ਭਰਮਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨਾਲ ਰਲ਼ਨ ਤੋਂ ਉਨ੍ਹਾਂ ਵੀ ਕੰਨੀ ਕਤਰਾ ਲਈ। ਕਾਮਰੇਡ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਨ ਲੱਗਾ।

ਤੇ ਫਿਰ ਇਕ ਦਿਨ ਨਵੀਂ ਤਰਕੀਬ ਸੁੱਝੀ। ਉਸ ਨੇ ਦੋਨੋਂ ਭਾਈ ਤੇ ਪੰਡਤ ਨੂੰ ਕਾਲਜ ਦੇ ਅਹਾਤੇ ਵਿਚ ਬੁਲਾਇਆ। ਉਨ੍ਹਾਂ ਨੂੰ ਚਾਹ ਪਾਣੀ ਪਿਲਾ ਕੇ ਨਿਹਾਲ ਕੀਤਾ ਤੇ ਕਿਹਾ ਕਿ ਮੈਂ ਤੁਹਾਡਾ ਲੱਖ ਲੱਖ ਵਾਰ ਸ਼ੁਕਰਗੁਜ਼ਾਰ ਹਾਂ, ਤੁਸੀਂ ਮੈਨੂੰ ਨਾਸਤਿਕ ਆਦਮੀ ਨੂੰ ਥੋੜੇ ਦਿਨਾਂ ਵਿਚ ਹੀ ਰੱਬ ਤੇ ਦਰਸ਼ਨ ਕਰਾ ਦਿੱਤੇ ਨੇ, ਮਾਤਾ ਦੇ ਦਰਸ਼ਨ ਕਰਾ ਦਿਤੇ ਨੇ… । ਮਿਹਰਬਾਨੀ ਕਰਕੇ ਇਹ ਸਪੀਕਰ ਚੌਵੀ ਘੰਟੇ ਹੀ ਚਲਾਈ ਰੱਖਿਆ ਕਰੋ ਤਾਂ ਜੋ ਇਹਨਾਂ ਬਾਬੇ ਤੇ ਮਾਤਾਵਾਂ ਦੇ ਖੁਲੇ ਦਰਸ਼ਨ ਦੀਦਾਰ ਕਰ ਸਕਾਂ…।

‘ਇਹ ਕੀ ?’ ਪੰਡਤ ਤੇ ਭਾਈ ਦੀਆਂ ਅੱਖਾਂ ਟਪਕੀਆਂ…। ‘ਅਸੀਂ ਤਾਂ ਗੁਰਮੁਖਾ ਜਨਮ ਜਨਮਾਤਰਾਂ ਤੋਂ ਮੰਦਰ ਗੁਰਦੁਆਰਿਆਂ ਦੀ ਸੇਵਾ ਕਰਦੇ ਆ ਰਹੇ ਹਾਂ ਪਰ ਉਨ੍ਹਾਂ ਸਾਨੂੰ ਕਦੇ ਦਰਸ਼ਨ ਨਹੀ ਦਿੱਤੇ ਪਾਪੀਆਂ ਨੂੰ…ਤੇ ਤੂੰ…?’

‘ਹਾਂ! ਜਦ ਤੁਹਾਡੇ ਅਹਾਤੇ…ਹਦੂਦ ਵਿਚ ਜੋਰ ਜੋਰ ਦੀ ਟੱਲੀਆਂ ਵੱਜਦੀਆਂ ਹਨ…ਢੋਲਕੀ ਛੈਣੇ ਵੱਜਦੇ ਹਨ… ਸਪੀਕਰ ਦੀ ਕੰਨ ਪਾੜਵੀਂ ਆਵਾਜ਼ ਆਉਂਦੀ ਹੈ…ਕਮੇਟੀ ਵਾਲੇ ਗੋਲਕ ਦੀ ਵੰਡ ਵੰਡਾਈ ਤੋਂ ਛਿੱਤਰ ਪਤਾਣ ਹੁੰਦੇ ਹਨ ਤਾਂ… ਤਾਂ ਉਹ ਵਿਚਾਰੇ ਡਰਦੇ ਮਾਰੇ ਮੇਰੇ ਦਫ਼ਤਰ ਵਿਚ ਆ ਜਾਂਦੇ ਹਨ ਇਸ ਸ਼ਾਂਤ ਵਾਤਾਵਰਨ ਵਿਚ…। ਮੈਨੂੰ ਉਨ੍ਹਾਂ ਨੂੰ ਪਾ ਕੇ ਬਿਅੰਤ ਪ੍ਰਸੰਨਤਾ ਹੁੰਦੀ ਹੈ… ਉਹ ਵੀ ਸ਼ਾਂਤੀ ਦੇ ਚਾਹਵਾਨ ਹਨ…ਤੁਹਾਡੇ ਸ਼ੋਰ ਸ਼ਰਾਬੇ ਤੋਂ ਡਰਦੇ ਹਨ…।’ ਕਾਮਰੇਡ ਮਿੱਨਾ ਮਿੱਨਾ ਮੁਸਕਰਾਉਂਦਾ ਹੈ।

ਉਹ ਇਕ ਆਦਰਸ਼ਕ ਅਧਿਆਪਕ ਹੈ ਆਪ ਕਲਾਸ ਲੈਂਦਾ ਹੈ… ਸਕਸ਼ਮ ਪ੍ਰਬੰਧਕ ਹੈ… ਸਾਰੇ ਕੰਮ ਕਾਜ ਦੀ ਦੇਖ ਭਾਲ ਆਪ ਕਰਦਾ ਹੈ।  ਚੌਕੀਦਾਰ ਹੈ… ਸਵੇਰੇ ਤਾਲੇ ਖੋਲ੍ਹਦਾ ਹੈ, ਸ਼ਾਮ ਨੂੰ ਬੰਦ ਕਰਦਾ ਹੈ। ਚਪੜਾਸੀ ਵੀ ਹੈ, ਸੇਵਾਦਾਰ ਵੀ, ਲੋੜ ਪਵੇ ਤਾਂ ਬੱਚਿਆਂ ਨੂੰ ਪਾਣੀ ਪਿਲਾਉਂਦਾ ਹੈ…। ਉਹ ਚੌਕੰਨਾ ਵੀ ਹੈ ਤੇ ਚਾਰ ਅੱਖਾਂ ਵਾਲਾ ਵੀ। ਹਰ ਆਸੇ ਪਾਸੇ ਦੀ ਖ਼ਬਰ ਰੱਖਦਾ ਹੈ। ਇਕ ਦਿਨ ਆਪਣੇ ਦਫ਼ਤਰ ਦੀ ਤਾਕੀ ਵਿਚੀਂ ਜੋ ਬਾਹਰ ਨੂੰ ਸੜਕ ਵੱਲ  ਖੁੱਲ੍ਹਦੀ ਹੈ…, ਉਸ ਨੇ ਵੇਖਿਆ ਇਕ ਮੁੰਡਾ …ਇਕ ਕੁੜੀ ਦਾ ਪਿਛਾ ਕਰਦਾ…। ਉਸ ਨੇ ਇਕ ਰੁੱਕਾ ਕੁੜੀ ਵੱਲ ਵਧਾਇਆ ਤੇ ਕੁੜੀ ਨੇ ਆਸੇ ਪਾਸੇ ਵੇਖਿਆ ਤੇ ਰੁੱਕਾ ਦਬੋਚ ਲਿਆ… ਅਗਲੇਰੇ ਛਿਨ ਕੁੜੀ ਨੇ ਜੁੱਤੀ ਨੂੰ ਹੱਥ ਪਾ ਲਿਆ… ਕਾਮਰੇਡ ਦੇ ਰੌਂਗਟੇ ਖੜੇ ਹੋ ਗਏ…। ਉਹ ਬਹੁਤ ਖ਼ੁਸ਼ ਹੋਇਆ ਕਿ ਹੁਣੇ ਇਸ ਮਜਨੂੰ ਦੇ ਘੱਪ ਘੱਪ ਛਿੱਤਰ ਵੱਜਣਗੇ…। ਉਹ ਕੁੜੀ ਦੀ ਮਦਦ ਲਈ ਬਾਹਰ ਨੂੰ ਤੁਰਨ ਲੱਗਾ। ਪਰ ਉਸ ਨੇ ਦੇਖਿਆ ਕੁੜੀ ਨੇ ਜੁੱਤੀ ਚੋ ਕਾਗ਼ਜ਼ ਦਾ ਇਕ ਟੁਕੜਾ ਕੱਢਿਆ ਤੇ ਮੁੰਡੇ ਨੂੰ ਫੜਾ ਦਿੱਤਾ ਤੇ ਦੋਨਾਂ ਨੇ ਹੱਸ ਕੇ ਹੱਥ ਮਿਲਾਇਆ ਤੇ ਜੁਦਾ ਹੋ ਗਏ। ਉਹ ਸੜ ਬਲ ਕੋਲਾ ਹੋ ਗਿਆ। ਮੱਥੇ ਤੇ ਆ ਰਹੀ ਪਸੀਨੇ ਦੀ ਤਤੀਰੀ ਉਸ ਨੇ ਸੱਜੀ ਉਂਗਲ ਨਾਲ ਪੂੰਝ ਕੇ ਮੱਥਾ ਸਾਫ਼ ਕੀਤਾ।

ਉਸ ਨੇ ਆਪਣੀ ਪੂਰੀ ਨੇਕ ਦਿਲੀ ਨਾਲ ਪਿੰਡ ਦੀ ਸਿਆਸਤ ਤੇ ਲੋਕ ਭਲਾਈ ਕਾਰਜਾਂ ਵਿਚ ਪਾਰਦਰਸ਼ਤਾ ਲਿਆਉਣ ਦੀ ਪੂਰੀ ਵਾਹ ਲਾਈ… ਪਰ ਕੁੱਝ ਲੇਂਝ ਤੇ ਲੀਚੜ ਲੋਕਾਂ ਦੇ ਸੌੜੇ ਹਿਤਾਂ ਨੇ ਧਿੰਗੋਜ਼ੋਰੀ ਉਸ ਨੂੰ ਢਹਿੰਦੀਆਂ ਕਲਾਂ ਵਿਚ ਕਰੂਪ ਦਿਖਾਉਣ ਦੀ ਕੋਝੀ ਤਿਗੜਮਬਾਜ਼ੀ ਸ਼ੁਰੂ ਕਰ ਦਿੱਤੀ।

ਤੇ ਅੱਜ ਸਵੇਰੇ ਜਿਸ ਹਾਲਤ ਵਿਚ ਉਸ ਨੂੰ ਮੈਂ ਭਾਰਤ ਦੀ ਸਰਹੱਦ ਤੇ ਪਹਿਰਾ ਦੇ ਰਹੇ ਫ਼ੌਜੀ ਜਵਾਨ ਵਾਂਗ ਪੂਰੇ ਆਤਮ ਵਿਸ਼ਵਾਸ ਤੇ ਦ੍ਰਿੜਤਾ ਨਾਲ ਚੜ੍ਹਦੀ ਕਲਾ ਵਿਚ ਦੇਖਿਆ ਸੀ, ਸਾਰਾ ਦਿਨ ਉਹ ਨਿਰਭਉ ਚਿਹਰਾ ਮੇਰੇ ਸਾਹਮਣੇ ਘੁੰਮਦਾ ਰਿਹਾ। ਵਾਪਸੀ ਤੇ ਆਉਂਦੇ ਸਮੇਂ ਮੈਂ ਆਪ ਮੁਹਾਰੇ ਉਸ ਦੇ ਕਾਲਜ ਗੇਟ ਮੂਹਰੇ ਰੁਕ ਗਿਆ। ਅੱਧੇ ਕੁ ਖੁਲੇ ਗੇਟ ਅੰਦਰ ਦੇਖਿਆ, ਉਹ ਹੱਥ ਚ ਰੰਬਾ ਫੜੀ ਫੁੱਲਾਂ ਦੀ ਗੋਡੀ ਕਰ ਰਿਹਾ ਸੀ।

‘ਆਓ! ਆਓ ਲੰਘ ਆਉ…।’ ਉਹ ਰੰਬਾ ਵਿਚੇ ਛੱਡ ਕੇ ਗੇਟ ਵੱਲ ਆਇਆ।

‘ਕਿੱਦਾਂ ਬੀਤੀ ਫਿਰ ਅੱਜ ?’ ਮੈਂ ਮਖੌਲੀਏ ਲਹਿਜ਼ੇ ਵਿਚ ਕਿਹਾ।

‘ਬਹੁਤ ਚੰਗੀ ਬੀਤੀ…ਆਉ ਬੈਠੋ…।’ ਉਸ ਨੇ ਫੁੱਲਾਂ ਦੀ ਕਿਆਰੀ ਚ ਕੁਰਸੀ ਡਾਹੁੰਦੇ ਕਿਹਾ। ‘ਅੱਜ ਤਾਂ ਹੱਦ ਹੋ ਗਈ… ਕਮਾਲ ਹੋ ਗਈ… ਬੜੇ ਕਾਂਡ ਹੋ ਗਏ ਨੇ ਅੱਜ…।’ ਉਸ ਨੇ ਪਾਣੀ ਦਾ ਗਿਲਾਸ ਫੜਾਉਣ ਤੱਕ ਗੱਲ ਜਾਰੀ ਰੱਖੀ। ਉਸ ਦਾ ਵਿਖਿਆਨ ਜਾਰੀ ਰੱਖਦੇ ਰੱਖਦੇ ਮੈਂ ਉਸ ਦਾ ਚਿਹਰਾ ਪੜਨ ਦੀ ਕੋਸ਼ਿਸ਼ ਕਰ ਰਿਹਾ ਸਾਂ… ਉਹ ਚੜ੍ਹਦੇ ਸੂਰਜ ਵਾਂਗ ਪੂਰੇ ਜਲੋਅ ਵਿਚ ਸੀ।

‘ਅੱਜ ਸਵੇਰੇ ਫੜ ਲਿਆ ਮੈਂ ਉਹ ਮਜਨੂੰ ! ਸਾਲਾ! ਦੌੜਨ ਲੱਗਾ… ਲਾਲ ਰੰਗ ਵਾਲਾ ਸਾਈਕਲ …ਮੈ ਦੌੜ ਕੇ ਕੱਢ ਲਏ ਦੋਵੇਂ ਵਾਲ…ਤੇ ਟਾਇਰਾਂ ਦੀ ਫੂਕ ਨਿਕਲਨ ਨਾਲ ਹੀ ਉਸ ਦੀ ਵੀ ਫੂਕ ਨਿਕਲ ਗਈ…ਦੌੜਨ ਲੱਗਾ ਠੇਡਾ ਖਾ ਕੇ ਡਿਗ ਪਿਆ…। ਮੈਂ ਫੜ ਕੇ ਬੰਨ੍ਹ ਲਿਆ ਇੱਥੇ ਲਿਆ ਕੇ…।’ ਉਹ ਆਪਣੀ ਕੀਤੀ ਤੇ ਬਹੁਤ ਸੰਤੁਸ਼ਟ ਸੀ। ‘ਫਿਰ …ਕਿਥੇ ਐ ਉਹ…।’ ਮੈਂ ਉਸ ਨੂੰ ਦੇਖਣ ਲਈ ਉਤਸੁਕ ਹੋ ਗਿਆ। ‘ਫੇਰ ਭਾਈ ਸਾਡੇ ਲੋਕਾਂ ਦੀ ਵੀ ਕਮਜ਼ੋਰੀ! ਮੈਂ ਤਾਂ ਚਾਹੁੰਦਾ ਸੀ ਪੁਲਸ ਨੂੰ ਫੜਾ ਕੇ ਇਹਨੂੰ ਬੇਨਕਾਬ ਕਰਦੇ…ਪਰ ਉਹ ਆ ਗਏ… ਕੁੜੀ ਦੇ ਮਾਪੇ…।’ ਉਹ ਆਪ ਬੇਵੱਸ ਸ਼ਕਤੀਹੀਣ ਜਿਹਾ ਹੋ ਗਿਆ।

‘ਕਿਹੜੀ ਕੁੜੀ!…’ ‘ਉਹੀ!’ ਜੀਹਦੇ ਪਿੱਛੇ ਇਹ ਲੂਹਰੀਆਂ ਲੈਂਦਾ ਫਿਰਦਾ ਸੀ।  ‘ਜੀਹਦੇ ਨਾਲ ਇਹਨੇ ਚਿੱਠੀਆਂ ਵਟਾਈਆਂ ਸਨ, ਹੱਥ ਮਿਲਾਏ ਸਨ।’

‘ਕਾਮਰੇਡ ਸਾਹਿਬ ! ਇਹ ਬੰਦ ਮੁੱਠੀ ਬੰਦ ਹੀ ਰਹਿਣ ਦਿਓ…।’

‘ਮਾਪਿਆਂ ਦੀ ਗੱਲ ਸੁਣ ਕੇ ਮੇਰਾ ਹੌਸਲਾ ਢੱਠ ਗਿਆ… ਮੈਂ ਸੋਚਦਾ ਸੀ ਉਹ ਆਪ ਹੀ ਉਸ ਮਜਨੂੰ ਦੀ ਸੇਵਾ ਕਰਦੇ… ਪਰ ਕਹਿਣ ਲਗੇ।’

‘ਇੱਦਾਂ ਕਰਨ ਨਾਲ ਸਾਡੀ ਕੁੜੀ ਦਾਗ਼ੀ ਹੋ ਜੂ… ਕੱਲ੍ਹ ਨੂੰ ਜੇ ਕਹੋ ਥਾਣੇ-ਠਪਾਣੇ ਤਾਂ ਅਸੀਂ ਕੁੜੀ ਨਹੀ ਭੇਜਣੀ… ਨਾਲ ਗਵਾਂਢ ਮੱਥਾ ਅਸੀ ਇਹ ਦੁਸ਼ਮਣੀ ਮੁੱਲ ਨਹੀਂ ਲੈਣੀ…।’

‘ਹੋਈ ਨਾ ਉਹੀ ਗੱਲ! ਜੋ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ…।’

‘ਮੈਂ ਵੀ ਕਿਹੜਾ ਘੱਟ ਆਂ! ਮੈ ਕਿਹਾ ਠੀਕ ਆ, ਜਾਉ। ਪਰ ਨਾਲ ਆਪਣੀ ਲੜਕੀ ਨੂੰ ਵੀ ਲੈ ਜਾਉ…।’

‘ਅਸੀਂ ਤਾਂ ਪ੍ਰਿੰਸੀਪਲ ਸਾਹਿਬ ! ਲੜਕੀ ਤੁਹਾਡੇ ਕੋਲ ਭੇਜੀ ਸੀ ਪਈ ਅੰਦਰ ਘਰੇ ਬੈਠਣ ਦੀ ਬਿਜਾਏ…ਬਾਹਰ ਨਿਕਲੇਗੀ…ਕੁੱਝ ਦੇਖੇਗੀ ਕੁੱਝ ਸਿੱਖੇਗੀ ਕੁੱਝ ਵਿਦੇਸ਼ੀ ਰਿਸ਼ਤਾ ਮਿਲ ਜਾਏਗਾ ਚੰਗਾ…।’

‘ਸ਼੍ਰੀ ਮਾਨ ਜੀ ਇਹ ਇਕ ਵਿੱਦਿਅਕ ਸੰਸਥਾ ਹੈ… ਮੈਰਿਜ ਬਿਉਰੋ ਨਹੀ…।’ ਮੈਂ ਗ਼ੁੱਸੇ ਨਾਲ ਝਟਕ ਦਿਤਾ ਉਹਨੂੰ…।’

‘ਤਾਂ ਤੇ ਫਿਰ ਤੁਹਾਡੀ ਨਫ਼ਰੀ ਘਟ ਜਾਏਗੀ ਬਹੁਤ ! … ਜੇ ਜ਼ਿਆਦਾ ਲੋਕਾਂ ਦੀ ਇਹੀ ਮਨਸ਼ਾ ਹੋਈ ਤਾਂ…।’

‘ਪਹਿਲਾਂ ਵੀ ਇਕੇਰਾਂ ਮੈਂ ਫੜਿਆ ਸੀ ਅਜਿਹਾ ਇਕ ਰਾਂਝਾ…ਤੇ ਫਿਰ ਕੁੜੀ ਦੇ ਮਾਪੇ ਕਹਿਣ ਲੱਗੇ ਜੀ ਤੁਸੀਂ ਬੜਾ ਮਾੜਾ ਕੰਮ ਕੀਤਾ… ਉਹ ਤਾਂ ਕੁੜੀ ਦਾ ਮੰਗੇਤਰ ਸੀ…।’ ਉਹ ਅੰਦਰੋ ਦੁਖੀ ਵੀ ਹੈ, ਪਰ ਆਪਣਾ ਇਹ ਪੱਖ ਛੁਪਾਉਣ ਲਈ ਥੋੜਾ ਥੋੜਾ ਮੁਸਕਰਾਈ ਜਾਂਦਾ ਹੈ…।

ਫੁੱਲਾਂ ਤੇ ਉੱਡਦੇ ਭੌਰੇ ਤਿਤਲੀਆਂ ਮਧੂ ਮੱਖੀਆਂ ਦੀ ਭਿੰਨੀ ਭਿੰਨੀ ਭਿਣਭਿਣਾਹਟ ਤੇ ਮਿੰਨੀ ਮਿੰਨੀ ਮਿਠੀ ਸ਼ਹਿਦ ਭਰੀ ਖ਼ੁਸ਼ਬੂ ਉਸ ਦੇ ਮਨੋਵੇਗ ਦਾ ਰਸਤਾ ਮੋੜਦੀਆਂ ਹਨ।

‘ਤੁਸੀ ਇਹ ਫੁੱਲਾਂ ਦੀ ਕਿਆਰੀ …ਗੋਡੀ…ਬਣਾਈ…ਫੁਲ ਉਗਾਏ…ਸੁਗੰਧਿਤ ਹੋਏ… ਭੋਰੇ ਆਏ ਤਿਤਲੀਆਂ ਆਈਆਂ…।’

‘ਆਉਂਦੇ ਰਹਿਣ! ਪਰ ਮੈਂ ਇੱਥੇ ਕਿਸੇ ਭੋਰੇ ਨੂੰ ਗਲਤ ਹਰਕਤ ਕਰਨ ਦੀ ਖੁੱਲ ਨਹੀ ਦਿੱਤੀ ਕਦੇ…।’ ਉਹ ਮੈਨੂੰ ਵਿਚੇ ਟੋਕ ਦਿੰਦਾ ਹੈ। ਤੁਹਾਨੂੰ ਪਤੈ! ਕਈ ਥਾਈਂ ਕਈ ਇਲਾਕਿਆਂ ਵਿਚ ਵਿਆਹ ਤੋਂ ਪਹਿਲਾਂ ਲੜਕੀਆਂ ਤੇ ਲੜਕਿਆਂ ਨੂੰ ਦੁੜਾਇਆ ਜਾਂਦਾ ਹੈ… ਇਕ ਦੋੜ ਵਿਚ… ਮੁਕਾਬਲੇ ਵਿਚ, ਤੇ ਜਿਹੜਾ ਲੜਕਾ ਲੜਕੀ ਨੂੰ ਛੂਹ ਲਏ, ਫੜ ਲਏ, ਉਸ ਨਾਲ ਉਸ ਦਾ ਵਿਆਹ ਕੀਤਾ ਜਾਂਦਾ ਹੈ… ਭਾਵੇਂ ਕਿ ਇਹ ਵਿਆਹ ਪਹਿਲਾਂ ਹੀ ਮਿਥਿਆ ਹੁੰਦਾ ਹੈ।’

‘ਓ ਜੀ! ਛੱਡੋ ! ਮੈਨੂੰ ਕਿਹੜੀ ਭੁੱਲ ਐ! ਇੰਗਲੈਂਡ ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿਚ ਕੀ ਕ੍ਹੜੀ ਘੁਲਦੀ ਹੈ… ਮੈਂ ਸਭ ਦੇਖੀ ਹੈ, ਪਰ ਮੈਂ ਨਹੀ ਚਾਹੁੰਦਾ ਉਹ ਸਭਿਅਤਾ ਸਾਡੇ ਦੇਸ਼ ਵਿਚ ਆਏ…ਸਾਡੇ ਲੋਕ ਉਹ ਕਲਚਰ ਅਪਣਾਉਣ ਤੋਂ ਬਹੁਤ ਪਿੱਛੇ ਨੇ ਅਜੇ…।’

‘ਕਲਿੰਗਟਨ ਨੇ ਕੀ ਕੀਤਾ, ਉਸ ਦੇ ਪਹਿਲਿਆਂ ਨੇ ਕੀ ਕੀਤਾ ਤੇ ਉਨ੍ਹਾਂ ਦਾ ਕੀ ਹਸ਼ਰ ਹੋਇਆ… ਇਹ ਸਾਰੀ ਦੁਨੀਆਂ ਜਾਣਦੀ ਹੈ…ਫਿਰ ਵੀ ਲੋਕ ਨਹੀ ਸਮਝਦੇ…।’

‘ਦੁਨੀਆਂ ਕਰਦੀ ਰਹੇਗੀ ਆਪਣੀ ਮਨਮਾਨੀ…ਕੋਈ ਚੰਗਾ ਕਹੇ ਕੋਈ ਬੁਰਾ! ਕਿਸੇ ਨੂੰ ਮਾਂਹ ਵਾਈ ਕਿਸੇ ਨੂੰ ਬਾਦੀ…

ਪਰ ਜੋ ਮੈਨੂੰ ਚੰਗਾ ਨਹੀ ਲੱਗਾ, ਮੈਂ ਚਾਹੁੰਦਾ ਹਾਂ ਉਹ ਇੱਥੇ ਨਾ ਵਾਪਰੇ।’

‘ਮੈਨੂੰ ਡਰ ਹੈ ਕਾਮਰੇਡ ਸਾਹਿਬ! ਤੁਹਾਡੀਆਂ ਇਹ ਫਿਲਾਸਫੀਆਂ ਕਿਤੇ ਤੁਹਾਨੂੰ ਹੀ ਨਾਂ ਖਾ ਜਾਣ। ਨਗਾਰਖ਼ਾਨੇ ਵਿਚ ਤੂਤੀ ਦੀ ਆਵਾਜ਼ ਕੌਣ ਸੁਣਦਾ ਐ…।’

ਮੇਰੀ ਗੱਲ ਵਿਚੇ ਕੱਟ ਜਾਂਦੀ ਹੈ।

ਮੋਟਰ ਸਾਈਕਲ ਤੇ ਦੋ ਪੁਲਸ ਕਰਮੀ ਖੁੱਲ੍ਹਾ ਦਰਵਾਜਾ ਲੰਘ ਕੇ ਅੰਦਰ ਆ ਧਮਕੇ ਹਨ…। ਕਾਮਰੇਡ ਦੀ ਅੰਦਰਲੀ ਘਬਰਾਹਟ ਹੁਣ ਉਸ ਦੇ ਚਿਹਰੇ ਤੇ ਆ ਕੇ ਲਟਕ ਗਈ।

‘ਮਾਸਟਰ ਜੀ! ਤੁਹਾਡੀ ਸ਼ਿਕਾਇਤ ਆਈ ਹੈ… ਸਾਹਿਬ ਨੇ ਤੁਹਾਨੂੰ ਬੁਲਾਇਆ ਹੈ। ਹੁਣੇ ਥਾਣੇ…।’ ਸਿਪਾਹੀ ਦੇ ਬੋਲ ਸੁਣ ਕੇ ਉਸ ਦੇ ਅੱਖਾਂ ਅੱਗੇ ਸਰ੍ਹੋਂ ਫੁੱਲਣ ਲੱਗੀ।

‘ਕੀ…ਕੀ ! ਕੀ ਸ਼ਿਕਾਇਤ! ਕੀਹਨੇ ਸ਼ਿਕਾਇਤ ਲਗਾਈ ਹੈ…?’

‘ਕਾਂਤਾ ਪਤਨੀ ਰਾਮ ਪਾਲ ! ਉਸ ਨੇ ਕਿਹਾ ਹੈ ਕਿ ਤੁਸੀਂ ਉਹਨੂੰ ਇਕ ਸਾਲ  ਨਜਾਇਜ਼ ਆਪਣੇ ਕੋਲ ਰੱਖਿਆ, ਉਹ ਬੜੀ ਮੁਸ਼ਕਲ ਨਾਲ ਦੋੜ ਕੇ ਪੁਲਿਸ ਕੋਲ ਪਹੁੰਚ ਗਈ…। ਚਲੋ ਜਲਦੀ ਕਰੋ…।’ ਉਨ੍ਹਾਂ ਪੁਲਸੀਆਂ ਵਾਲਾ ਰੋਹਬ ਛੱਡਿਆ…।

‘ਕਾਮਰੇਡ ਨੇ ਜੇਬ ਵਿਚ ਹੱਥ ਪਾਇਆ…।’ ਸ਼ਾਇਦ ਛੁਟਕਾਰਾ ਹੋ ਜਾਏ।

‘ਨਹੀ ! ਨਹੀ! ਉੱਪਰੋਂ ਬੜਾ ਸਖ਼ਤ ਹੁਕਮ ਹੈ…ਤੁਹਾਨੂੰ ਸਾਡੇ ਨਾਲ ਜਾਣਾ ਹੀ ਪਵੇਗਾ…।’

ਬਾਹਰ ਨਿਕਲਦੇ ਉਸ ਨੇ ਦੇਖਿਆ…ਦਸ ਵੀਹ ਬੰਦਿਆਂ ਦਾ ਹਜੂਮ ਫਿਰਨੀ ਦੀ ਪਾਰਲੀ ਨੁੱਕਰੇ ਖੜਾ ਇੱਧਰ ਦੇਖ ਰਿਹਾ ਸੀ ਹੱਸ ਰਿਹਾ ਸੀ…।

‘ਹੁਣ ਕਾਬੂ ਆਊ ਗਾ…ਹੁਣ ਫਸੂ ਗਾ…।’

ਥਾਣੇ ਪਹੁੰਚਣ ਤੱਕ ਉਸ ਦੀ ਸੋਚ ਦਾ ਅੱਧਾ ਕੁ ਹਿੱਸਾ ਪੋਟਾ ਪੋਟਾ ਹੋ ਕੇ ਦਮ ਤੋੜ ਚੁਕਾ ਸੀ…। ਉੱਥੇ ਖੜੇ ਗੋਗੜ ਮੱਲ ਤੇ ਹੋਰ ਉਸ ਨੂੰ ਆਉਂਦੇ ਵੇਖ ਕੇ, ਉਸ ਦੇ ਮੂੰਹ ਤੇ ਮੁਰਦਿਹਾਣੀ ਛਾਈ ਵੇਖ ਕੇ ਦੂਣੇ ਚੋਣੇ ਹੋ ਗਏ…।’

‘ਆਉ ਜੀ ! ਪ੍ਰਿੰਸੀਪਲ ਸਾਹਿਬ ! ਬੈਠੋ।’

ਐੱਸ. ਐੱਚ. ਓ. ਦੀ ਮਿੱਠੀ ਮੁਸਕਾਨ ਨੇ ਉਸ ਦਾ ਅੱਧਾ ਕੁ ਡਰ ਦੂਰ ਕਰ ਦਿੱਤਾ।

‘ਕਹਿੰਦੇ ਤੁਸੀ ਬੜੀ ਭਾਰੀ ਸੇਲ ਲਗਾ ਰੱਖੀ ਅੱਜ ਕੱਲ੍ਹ…।’

‘ਕਾਹਦੀ ਸੇਲ ਸਰ !’ ਉਹ ਫਿਰ ਅੰਦਰ ਤੱਕ ਹਿੱਲ ਗਿਆ।

‘ਬਾਹਰ ਕਾਲਜ ਦਾ ਬੋਰਡ ਤੇ ਅੰਦਰ ਚਕਲਾ!…!!!’ ਸਾਹਿਬ ਉਚੀ ਜਿਹੀ ਗਰਜਿਆ…।

‘ਆਹ ਵੇਖ! ਤੇਰੀਆਂ ਕਰਤੂਤਾਂ ਦੇ ਚਿੱਠੇ…।’ ਉਸ ਨੇ ਇਕ ਫਾਈਲ ਕੱਢ ਕੇ ਉਸ ਵੱਲ ਕੀਤੀ…।

‘ਨਹੀ ਜਨਾਬ! ਇਹ ਝੂਠ ਐ ਸਭ…।’ ਕਾਮਰੇਡ ਇੰਨੇ ਕੁਫਰ ਤੁਫ਼ਾਨ ਇਲਜ਼ਾਮ ਪੜ੍ਹ ਕੇ ਅੰਦਰੋਂ ਬਾਹਰੋਂ ਦੀਵੇ ਦੀ ਲਾਟ ਵਾਂਗ ਲਰਜ ਰਿਹਾ ਸੀ… ਕੰਬ ਰਿਹਾ ਸੀ।

‘ਐਹ ਵੇਖ ਤੇਰੇ ਖ਼ਿਲਾਫ਼ ਗਵਾਹ!… ਇਹ ਕਾਂਤਾ ਨੂੰ ਕਿਉਂ ਛੱਡ ਦਿੱਤਾ ਹੁਣ! ਜੇ ਪਹਿਲਾਂ ਸਾਲ ਰੱਖੀ ਆ ਤੇ ਹੁਣ ਪੱਕੀ ਹੀ ਰੱਖ ਲੈ…।’ ਪੁਲਸ ਕਰਮੀ ਤੇ ਲਾਗੇ ਖੜੀ ਮੁੰਡੀਰ ਫਿਰ ਹੱਸੀ।

‘ਤੁਸੀਂ ਹਾਕਮ ਓ! ਮੌਕੇ ਦੇ ਅਫ਼ਸਰ ਓ! ਜੋ ਮਰਜ਼ੀ ਕਹੋ! ਪਰ ਇਹ ਤਾਂ ਬਹੁਤ ਮਾੜੀ ਜ਼ਨਾਨੀ ਹੈ… ਇਹਨੂੰ ਮੈਂ ਸੇਵਾਦਾਰ ਰੱਖਿਆ ਸੀ ਕਾਲਜ ਵਿਚ…ਪਰ ਮੈਂ ਇਸ ਦੀਆਂ ਮਾੜੀਆਂ ਹਰਕਤਾਂ ਵੇਖ ਕੇ ਇਸ ਦੀ ਛੁੱਟੀ ਕਰ ਦਿੱਤੀ…ਇਹ ਵਿਚੋਲਗਿਰੀ ਕਰਨ ਲੱਗੀ ਸੀ…। ਮੈਂ ਇਸ ਨੂੰ ਆਪ ਕੱਢਿਆ ਹੈ ਬੜੀ ਦੇਰ ਦਾ… ਕੁੜੀਆਂ ਨੂੰ ਨਸ਼ੀਲੀਆਂ ਦਵਾਈਆਂ ਲਿਆ ਕੇ ਦਿੰਦੀ ਸੀ।  ਕਾਮਰੇਡ ਦੇ ਹੱਥ ਕੰਬ ਰਹੇ ਸਨ… ਉਸ ਦੇ ਬੁੱਲ੍ਹ ਕੰਬ ਰਹੇ ਸਨ… ਉਸ ਦੀ ਆਤਮਾ ਕੰਬ ਰਹੀ ਸੀ।

‘ਤੇ ਐਹ ਗੋਗੜ ਮੱਲ ! ਇਹ ਗਵਾਹ ਹੈ ਉਸ ਦਾ…ਦੋ ਚਾਰ ਹੋਰ ਵੀ ਹੈਨਿ…।’ ਥਾਣੇਦਾਰ ਨੇ ਫਿਰ ਕਾਟ ਕੀਤੀ ਹੈ।

‘ਇਹਨੂੰ ਤਾਂ ਮੈਂ ਫੜਿਆ ਸੀ ਘੱਟ ਤੋਲਦੇ ਨੂੰ…ਦੁੱਧ ਵਿਚ ਪਾਣੀ ਮਿਲਾਉਂਦੇ ਨੂੰ…ਪਿੰਡ ਦੇ ਨੌਜੁਆਨਾਂ ਨੂੰ ਡਰੱਗਜ਼ ਵੇਚਦੇ ਨੂੰ…। ਮੈਂ ਇਹਨੂੰ ਵਾਰਨਿੰਗ ਦਿੱਤੀ ਸੀ ਕਿ ਜੇ ਇਹ ਕੰਮ ਨਾ ਛੱਡਿਆ ਤਾਂ ਮੈਂ ਇਹਦੀ ਦੁਕਾਨ ਬੰਦ ਕਰਵਾ ਦਿਆਂਗਾ ਤੇ ਇਹਨੇ ਕਿਹਾ ਸੀ ‘ਤੂੰ ਕਰਾਏਂ ਜਾਂ ਨਾਂ ਪਰ ਮੈ ਤੇਰਾ ਕਾਲਜ ਜ਼ਰੂਰ ਬੰਦ ਕਰਾ ਦਿਆਂਗਾ…।’

ਥਾਣੇਦਾਰ ਨੇ ਗੋਗੜ ਮੱਲ ਵੱਲ ਘੂਰੀ ਜਿਹੀ ਵੱਟੀ। ਵਿਚ ਖੜੇ ਨੌਜੁਆਨ ਪਿੱਛੇ ਨੂੰ ਖਿਸਕੇ…।

ਥਾਣੇਦਾਰ ਨੇ ਇਤਨਾ ਕੁੱਝ ਲੋਕਾਂ ਸਾਹਮਣੇ ਕਹਿ ਕੇ ਕਾਮਰੇਡ ਨੂੰ ਮਿੱਟੀ ਤੋਂ ਹੌਲਾ ਕਰ ਦਿੱਤਾ। ਉਹ ਅੱਖ ਉੱਚੀ ਕਰਨ ਜੋਗਾ ਨਾ ਰਿਹਾ…ਉਸ ਨੂੰ ਜਾਪਿਆ ਜਿਵੇਂ ਇਸ ਧਰਤੀ ਤੇ ਕੋਈ ਵੀ ਉਸ ਦੀ ਪਿੱਠ ਤੇ ਖਲੋਣ ਵਾਲਾ ਨਹੀਂ ਰਿਹਾ…ਚਾਰ ਚੁਫੇਰੇ ਘਾਹ ਦੇ ਸੱਪ ਸੁਰਲ ਸੁਰਲ ਕਰਦੇ ਉਸ ਨੂੰ ਡੰਗਣ ਆਉਂਦੇ ਜਾਪੇ…। ਥੋੜੀ ਜਿਹੀ ਹਿੰਮਤ ਇਕੱਠੀ ਕਰਕੇ ਉਸ ਨੇ ਉੱਪਰ ਚਾਰ ਚੁਫੇਰੇ ਤੱਕਿਆ… ਹੋਰਾਂ ਤੋਂ ਬਿਨਾਂ ਹੁਣ ਸਰਪੰਚ ਵੀ ਆ ਚੁੱਕਾ ਸੀ…।

‘ਹੁਣ ਖੈਰ ਨਹੀ! ਬਾਕੀਆਂ ਦੀ ਰਹਿੰਦੀ ਹੁਣ ਇਹ ਪੂਰੀ ਕਰ ਦਏਗਾ…।’

ਕਾਮਰੇਡ ਨੂੰ ਧਰਤੀ ਘੁੰਮਦੀ ਜਾਪੀ।

‘ਆਓ ਸਰਪੰਚ ਸਾਹਿਬ, ਪਛਾਣੋ ਆਪਣੇ ਪਿੰਡ ਦੇ ਸਮਾਜ ਸੇਵਕ ਨੂੰ…।’

‘ਮੈਂ ਪਹਿਲਾਂ ਹੀ ਜਾਣਦਾ ਹਾਂ ਕਾਮਰੇਡ ਨੂੰ। ਮੈਂ ਇਹਨਾਂ ਨੂੰ ਬਹੁਤ ਪਹਿਲਾਂ ਹੀ ਪਛਾਣ ਲਿਆ ਸੀ…। ਮੇਰੀ ਜਗੀਰੀ ਲਾਲ ਨਾਲ ਕਦੇ ਕਦੇ ਤਕਰਾਰ ਬਾਜੀ ਵੀ ਹੋਈ ਹੈ ਜ਼ਰੂਰ ਜਾਤੀ ਤੌਰ ਤੇ। ਪਰ! ਪਰ ਇਹ ਸਮਾਜ ਸੇਵਕ ਹੈ ਪੱਕਾ…। ਇਸ ਵਿਚ ਕੋਈ ਸ਼ੱਕ ਨਹੀ… ਮੈਂ ਇਸ ਮਾਮਲੇ ਵਿਚ ਇਸ ਦੀ ਹਮਾਇਤ ਕਰਦਾ ਹਾਂ…।’

ਥਾਣੇਦਾਰ ਤੇ ਜਾਗੀਰੀ ਲਾਲ ਨੇ ਸਰਪੰਚ ਦੀਆਂ ਕਹੀਆਂ ਸਤਰਾਂ ਚੋਂ ਵਿਅੰਗ ਤੇ ਕਾਟ ਲੱਭਣ ਦੀ ਕੋਸ਼ਿਸ਼ ਕੀਤੀ। ਜਗੀਰੀ ਲਾਲ ਨੂੰ ਉਸ ਤੋਂ ਇਹ ਕਦੇ ਵੀ ਆਸ ਨਹੀ ਸੀ ਕਿ ਉਹ ਉਸ ਦੀ ਮਦਦ ਦੇ ਸ਼ਬਦ ਕਹੇਗਾ…।

‘ਪਰ ਜਨਾਬ ਸਚਾਈ ਛੁਪ ਨਹੀ ਸਕਦੀ ਬਨਾਵਟ ਕੇ ਅਸੂਲੋਂ ਸੇ…ਜਿਨ੍ਹਾਂ ਬੱਚੀਆਂ ਨੂੰ ਇਹਨੇ ਆਪਣੀ ਜੇਬ ਖ਼ਰਚ ਕੇ ਮੁਫ਼ਤ ਪੜਾਈ ਕਰਾਈ, ਮੁਫ਼ਤ ਸ਼ਾਦੀਆਂ ਕਰਾਈਆਂ…ਆਪਣੀਆਂ ਬੱਚੀਆਂ ਵਾਂਗ ਰੱਖਿਆ ਇਸ ਤੋਂ ਕੋਈ ਮੁਨਕਰ ਨਹੀ ਹੋ ਸਕਦਾ…ਮੈਂ ਸਭ ਕੁੱਝ ਸੁਣ ਲਿਆ ਹੈ ਇਹ ਕੇਸ ਝੂਠੇ ਹਨ… ਕਾਲਜ ਸ਼ੁਰੂ ਕਰਕੇ ਇਸ ਨੇ ਬੜਾ ਵੱਡਾ ਪੁੰਨ ਦਾ ਕੰਮ ਕੀਤਾ ਹੈ, ਜੋ ਗਲਤ ਕਿਰਦਾਰ ਵਾਲੇ ਲੋਕਾਂ ਨੂੰ ਹਜ਼ਮ ਨਹੀ ਹੋਇਆ।’

ਸਰਪੰਚ ਦੇ ਕਹਿਣ ਤੋਂ ਬਾਦ ! ਥਾਣੇਦਾਰ ਨੇ ਕਲਮ ਛੱਡ ਕੇ ਡੰਡਾ ਫੜ ਲਿਆ। ਮੇਜ਼ ਤੇ ਠਪ-ਠਪਾਇਆ…।

‘ਚਲ ਪਈ ਕਾਂਤਾ! ਠੀਕ ਠੀਕ ਦੱਸ! ਇਹ ਕੀ ਕਹਾਣੀ ਹੈ…? ਲਿਆ ਓਏ ਬੁਲਾ ਲੇਡੀ ਪੁਲਸ ਨੂੰ…।’ ਥਾਣੇਦਾਰ ਨੇ ਅੱਖਾਂ ਚ ਬਣਾਉਟੀ ਜਿਹੇ ਡੋਰੇ ਉਤਾਰਦੇ ਦਬਕਾ ਲਗਾਇਆ…।

‘ਕੀ ਲਿਖਿਆ ਈ ? ਪਈ ਤੈਨੂੰ ਇਹਨੇ ਇਕ ਸਾਲ ਅੰਦਰ ਰੱਖਿਆ ? ਤੈਨੂੰ ਇਹਨੇ ਜ਼ਬਰਦਸਤੀ ਰੱਖਿਆ ਕਿ ਕੱਢਿਆ…?’

‘ਜਨਾਬ! ਮੈਂ ਤਾਂ ਕੋਈ ਗ਼ਲਤੀ ਨਹੀ ਸੀ ਕੀਤੀ। ਇਹਨਾਂ ਨੂੰ ਗ਼ਲਤਫ਼ਹਿਮੀ ਹੋ ਗਈ… ਇਹਨਾਂ ਮੈਨੂੰ ਕੱਢ ਦਿੱਤਾ…।’

‘ਤੇ ਇਹ ਝੂਠੇ ਇਲਜ਼ਾਮ ! ਇਕ ਸ਼ਰੀਫ਼ ਆਦਮੀ ਤੇ…।’

‘ਮੈਨੂੰ ਹੋਰ ਕੁੱਝ ਨਹੀ ਪਤਾ ਜਨਾਬ! ਮੈਨੂੰ ਤਾਂ ਇਹ ਗੋਗਲੂ ਲਾਲਾ ਕਹਿੰਦਾ ਸੀ ਤੂੰ ਇੱਥੇ ਗੂਠਾ ਲਗਾ ਦੇ, ਤੈਨੂੰ ਕਾਮਰੇਡ ਕੋਲੋਂ 50 ਹਜਾਰ ਰੂਪੈ ਦਿਵਾਊਂ…।’

‘ਹਾਂ! ਤੇ ਹੁਣ ਸਮਝੇ…, 50 ਹਜਾਰ ਤੈਨੂੰ… ਤੇ 50 ਹਜ਼ਾਰ ਇਹਨੇ ਆਪ ਲੈ ਕੇ ਕਾਮਰੇਡ ਨਾਲ ਸੌਦਾ ਕਰਨਾ ਸੀ…।

ਕਿਉਂ ਭਈ ਲਾਲਾ!… ਆ ਇੱਧਰ…ਪਾਉ ਓਏ ਲੰਮੇ ਇਹਨੂੰ…।

ਸਾਲ਼ਿਆ ਬਲੈਕਮੇਲ ਕਰਦੋਂ, ਇਕ ਭਲੇ ਮਾਨਸ ਸਾਊ ਆਦਮੀ ਨੂੰ…!’

ਲਾਲੇ ਦੀ ਵਾਰੀ ਆਉਂਦੀ ਵੇਖ ਕੇ ਉਸ ਦੇ ਹਿੱਸੇਦਾਰ ਜੋ ਪੰਜ ਪੰਜ, ਦੱਸ ਦੱਸ ਹਜਾਰ ਲੈਣ ਦੇ ਲੋਭ ਵਿਚ ਝੂਠੀ ਗਵਾਹੀ ਦੇਣ ਆਏ ਸਨ, ਪੱਤਰਾ ਵਾਚ ਗਏ… ਸਰਪੰਚ ਵੀ ਮੌਕਾ ਤਾੜ ਕੇ ਨਿਕਲ ਗਿਆ।

ਉਨ੍ਹਾਂ ਨੂੰ ਬਾਹਰਲੇ ਹਜੂਮ ਦੀ ਵੀ ਖ਼ਬਰ ਹੋ ਗਈ ਸੀ। ਥਾਣੇ ਤੋਂ ਬਾਹਰ ਹਿਲਜੁਲ ਹੋਈ…ਕਈ ਟਰੈਕਟਰ ਟਰਾਲੀਆਂ ਕੁੜੀਆਂ ਮੁੰਡਿਆਂ ਨਾਲ ਭਰੀਆਂ ਥਾਣੇ ਦੇ ਬਾਹਰ ਆ ਖੜੀਆਂ ਹੋਈਆਂ, ਜਿਵੇਂ ਥਾਣੇ ਦਾ ਘਿਰਾਓ ਕਰਨ ਆਏ ਹੋਣ।

‘ਪ੍ਰਿੰਸੀਪਲ ਜਾਗੀਰੀ ਰਾਮ ਜ਼ਿੰਦਾਬਾਦ! ਗੋਗੜ ਮੱਲ ਮੁਰਦਾ ਬਾਦ!’

ਕਾਲਜ ਦੀਆਂ ਲੜਕੀਆਂ ਤੇ ਉਨ੍ਹਾਂ ਦੇ ਮਾਪੇ ਆਸੇ ਪਾਸੇ ਦੇ ਪਿੰਡਾਂ ਤੋਂ ਇਕੱਠੇ ਹੋ ਕੇ ਧਰਨੇ ਤੇ ਆ ਬੈਠੇ।

ਇਕ ਲੜਕੀ ਜੋ ਵੇਖਣ ਚਾਖਣ ਨੂੰ ਲੀਡਰਾਂ ਵਾਲਾ ਰੋਹਬ ਰੱਖਦੀ ਸੀ, ਅੱਗੇ ਆਈ…।

‘ਸਰ! ਸਾਡੇ ਸਰ ਨੂੰ ਤੁਸਾਂ ਕਿਉਂ ਬਿਠਾਇਆ ਥਾਣੇ ? ਇਹਨਾਂ ਕੀ ਅਪਰਾਧ ਕੀਤਾ?

ਤੁਸੀ ਲੱਲੀ ਬੁੱਚੀ ਦੇ ਆਖੇ ਲੱਗ ਕੇ ਇਕ ਇਮਾਨਦਾਰ ਤੇ ਇੱਜ਼ਤਦਾਰ ਨੂੰ ਹੱਥ ਪਾਇਐ…।’ ਕੁੜੀ ਦਾ ਪਾਰਾ ਉੱਪਰ ਹੀ ਉੱਪਰ ਚੜ ਰਿਹਾ ਸੀ।

‘ਬੈਠੋ ਬੇਟੇ ਬੈਠੋ!…।’ ਥਾਣੇਦਾਰ ਵੀ ਘਬਰਾ ਗਿਆ ਸੀ।

‘ਉਹ ਤੇ ਹਰਾਮਖੋਰ ਕਹਿੰਦੇ ਸੀ ਪ੍ਰਿੰਸੀਪਲ ਦੇ ਪਿੱਛੇ ਕੋਈ ਨਹੀ…ਉਨ੍ਹਾਂ ਦੇ ਨਾਲ ਕੋਈ ਨਹੀ… ਤੇ ਇਹ ? ਇਹ ਹਜੂਮ! ਉਸ ਦੀ ਹਰਮਨ ਪਿਆਰਤਾ ਦੀ ਨਿਸ਼ਾਨੀ!’

ਥਾਣੇਦਾਰ ਨੂੰ ਆਪਣੀ ਵਰਦੀ ਦਾ ਫ਼ਿਕਰ ਪੈ ਗਿਆ।

‘ਮੁਆਫ਼ ਕਰੋ ਬੇਟੇ ! ਅਸਾਂ ਇਹਨਾਂ ਨੂੰ ਕੋਈ ਅਪਸ਼ਬਦ ਨਹੀ ਬੋਲਿਆ…।’ ਬਾਕੀ ਪੁਲਿਸ ਨੂੰ ਸ਼ਿਕਾਇਤ ਦਾ ਤਾਂ ਨਿਪਟਾਰਾ ਕਰਨਾ ਹੀ ਪੈਂਦਾ ਹੈ…ਸਾਨੂੰ ਪਤਾ ਲੱਗ ਗਿਐ ਇਹ ਝੂਠੇ ਛੋਛੇ ਹਨ ਕੁੱਝ ਸੁਆਰਥੀ ਲੋਕਾਂ ਦੇ…। ਮੈਂ ਉਨ੍ਹਾਂ ਦੇ ਖ਼ਿਲਾਫ਼ ‘ਝੂਠਾ ਕੇਸ ਬਣਾਉਣ’ ਤੇ ‘ਝੂਠੇ ਬਿਆਨ ਦੇਣ’ ਦੇ ਇਲਜ਼ਾਮ ਚ ਮੁਕੱਦਮਾ ਦਰਜ ਕਰਨ ਲੱਗਾ ਹਾਂ।’

‘ਲਿਆ ਪਈ ਸੀਤੇ!’ ਉਹ ਸਿਪਾਹੀ ਨੂੰ ਮੁਖ਼ਾਤਬ ਸੀ।

‘ਦੋ ਚਾਰ ਠੰਢੇ!…ਇਸ ਬੀਬੀ ਨੂੰ ਪਿਲਾਉ! ਤੇ ਕਾਮਰੇਡ ਨੂੰ ਪਿਲਾਉ!… । ਤੇ ਲੈ ਜਾਉ ਅੰਦਰ ਇਸ ਲਾਲੇ ਨੂੰ! ਮੁਰਗ਼ਾ ਬਣਾ ਕੇ ਚੜਾ ਦਿਓ ਟਿੱਲੇ ਤੇ …।’

ਥਾਣੇਦਾਰ ਨੇ ਮੁਸਕਾਨ ਭਰੀ।

ਕਾਮਰੇਡ ਜਗੀਰੀ ਲਾਲ ਜੋ ਕੁੱਝ ਦੇਰ ਪਹਿਲਾਂ ਦੁਨੀਆਂ ਦਾ ਅੱਤ ਦੁਰਕਾਰਿਆ ਆਦਮੀ ਬਣ ਚੁੱਕਾ ਸੀ…ਆਪਣੀ ਆਸ ਦੇ ਉਲਟ ਲੋਕਾਂ ਦੇ ਹਜੂਮ ਆਪਣੀ ਪਿੱਠ ਤੇ ਵੇਖ ਕੇ ਫੁਲ ਕੇ ਪਹਾੜ ਬਣ ਗਿਆ। ਬੱਬਰ ਸ਼ੇਰ ਬਣ ਗਿਆ…। ਸ਼ੁਕਰ ਹੈ ਉਸ ਨੂੰ ਤਾਕਤ ਅਜ਼ਮਾਈ ਦਾ ਮੌਕਾ ਮਿਲਿਆ।

‘ਜਾਉ! ਕਾਮਰੇਡ ਸਾਹਿਬ ! ਜਾਉ ਬਾਇੱਜ਼ਤ ਆਪਣੇ ਘਰ! ਆਪਣਾ ਕਾਲਜ ਚਲਾਉ…ਪੂਰੀ ਸ਼ਾਨ ਸ਼ੌਕਤ ਨਾਲ…ਤੇ ਜੇ ਕੋਈ ਭੜਵਾ ਤੁਹਾਡੇ ਰਸਤੇ ਦੀ ਦੀਵਾਰ ਬਣੇ…ਸਾਨੂੰ ਯਾਦ ਕਰਿਉ।’

‘ਪਰ ਉਸ ਲਾਲੇ ਨੂੰ ਸਾਡੇ ਹਵਾਲੇ ਕਰੋ…।’ ਬੀਬੀ ਦੀ ਆਵਾਜ਼ ਸੀ।

‘ਨਹੀ ਥਾਣੇਦਾਰ ਸਾਹਿਬ ! ਅਸਾਂ ਲਾਲਾ ਕੀ ਕਰਨੈ… ਤੁਸੀ ਆਪ ਨਜਿੱਠੋ ਉਨ੍ਹਾਂ ਨਾਲ ਕਾਨੂੰਨ ਮੁਤਾਬਿਕ …। ਅਸੀਂ ਤਾਂ ਉਸ ਤੇ ਦਾਅਵਾ ਕਰਾਂਗੇ ਹੱਤਕ ਇੱਜ਼ਤ ਦਾ …ਮੇਰੀ ਇਕ ਕਰੋੜ ਦੀ ਜਾਇਦਾਦ ਹੈ…ਮੈਂ ਇਹਨਾਂ ਤੋਂ 50 ਲੱਖ ਦਾ ਹਰਜਾਨਾ ਕਲੇਮ ਕਰਾਂਗਾ।’

‘ਚਾਚਾ ਜੀ ਜਾਣ ਦਿਓ… ਬੱਚਿਆਂ ਵਾਲਿਓ ਮੁਆਫ਼ ਕਰੋ।’ ਲਾਲਾ ਲਿਲ੍ਹਕੜੀ ਲੈਂਦਾ ਉਸ ਦੇ ਪੈਰਾਂ ਤੇ ਡਿਗ ਪਿਆ…। ਕਾਂਤਾ ਪਰੇ ਖੜੀ ਭੁੱਬੀਂ ਭੁੱਬੀਂ ਰੋਈ ਜਾ ਰਹੀ ਸੀ…।

‘ਇਸ ਗੋਗਲੂ ਨੂੰ ਨਾ ਛੱਡਿਓ…ਇਹਨੂੰ ਫਾਂਸੀ ਤੇ ਚੜਾ ਦਿਓ ਸਮਾਜ ਦੇ ਗੰਦੇ ਕੀੜੇ ਨੂੰ…। ਮੈਨੂੰ ਫੁਸਲਾ ਕੇ ਆਪ ਖੇਹ ਖ਼ਰਾਬੀਆਂ ਕਰਦਾ ਰਿਹੈ ਤੇ 50 ਹਜਾਰ ਦਾ ਲਾਲਚ ਦੇ ਕੇ ਮੇਰੇ ਪਿਉ ਵਰਗੇ ਸੱਚੇ ਸੁੱਚੇ ਸਰਦਾਰ ਤੇ ਇਲਜ਼ਾਮ ਲਈ ਮੇਰੇ ਹੱਥ ਵਢਾ ਲਏ…। ਮੇਰੇ ਹੱਥ ਸੜ ਜਾਣ! ਜਿਨ੍ਹਾਂ ਇਹੋ ਜਿਹਾ ਗਲਤ ਕਮੀਨਾ ਕੰਮ ਕੀਤਾ।’

‘ਪ੍ਰਿੰਸੀਪਲ ਜਗੀਰੀ ਲਾਲ ਨੂੰ ਗਲ ਵਿਚ ਹਾਰ ਪਾ ਕੇ ਹਜੂਮ ਨੇ ਮੋਢਿਆਂ ਤੇ ਚੁੱਕ ਲਿਆ…। ‘ਜ਼ਿੰਦਾਬਾਦ…ਜ਼ਿੰਦਾਬਾਦ’ ਦੇ ਨਾਅਰੇ ਹਵਾ ਵਿਚ ਗੂੰਜਦੇ ਰਹੇ ਕਿੰਨੀ ਦੇਰ, ਤੇ ਅੰਦਰ ਲਾਲੇ ਗੋਗੜ ਮੱਲ ਦੀ ਛਿੱਤਰ ਪਰੇਡ ਤੇ ਹਾਲ ਪਾਰਿਆ ਹਜੂਮ ਦਾ ਪਿੱਛਾ ਕਰਦੀ ਰਹੀ ਕਿੰਨੀ ਦੇਰ ਤੱਕ…।’ “‘

ਆਖ਼ਰੀ ਲੇਰ

ਤੜਕੇ ਹਨੇਰੇ ਹੀ ਰੋਜ ਵਾਂਗ ਦੀਪੇ ਪਹਿਲਵਾਨ ਨੇ ਆਪਣੇ ਝੋਟਿਆਂ ਦੀ ਹੰਭ ਚੁਕੀ ਜੋਗ ਰੋਹੀ ਵਾਲੀ ਪੈਲੀ ਵਿਚ ਆ ਜੋੜੀ ਤੇ ਧਰਤੀ ਦੇ ਸੀਨੇ ਤੇ ਝਰੀਟਾਂ ਵਗਣ ਲੱਗੀਆਂ। ਝੋਟੇ ਮਾੜੇ ਸਨ, ਬਿਲਕੁਲ  ਹੰਭ ਚੁਕੇ। ਚੌ ਜਰਾ ਕੁ ਜ਼ਿਆਦਾ ਖੁੱਭ ਜਾਂਦੀ ਤਾਂ ਉਹ ਦੋਵੇਂ ਗਿੱਠ ਲੰਮੀ ਜ਼ਬਾਨ ਬਾਹਰ ਕੱਢ ਉੱਥੇ ਹੀ ਢਿੱਗੀ ਢਾਹ ਕੇ ਖੜੋ ਜਾਂਦੇ। ਉਹ ਤ…ਤ…ਤ…ਤ…ਲਾ…ਲਾ…ਸ਼ਾਬਾਸ਼…ਤ…ਤ..ਤ…ਕਰਕੇ ਉਨ੍ਹਾਂ ਦਾ ਹੌਸਲਾ ਵਧਾਉਂਦਾ ਤੇ ਫਿਰ ਦੱਬੀ ਹੋਈ ਚੌ ਨੂੰ ਹੱਥੀ ਤੋਂ ਉੱਪਰ ਚੁੱਕ ਕੇ ਉਨ੍ਹਾਂ ਦੇ ਖਿੱਚਣ ਜੋਗੀ ਕਰ ਦਿੰਦਾ।

ਉਸ ਦੇ ਲਾਗਲੇ ਦੇ ਕਿੱਲਿਆਂ ਵਿਚ ਹੁਣੇ ਹੁਣੇ ਨੱਥੂ ਦਾ ਮੁੰਡਾ ਟਰੈਕਟਰ ਤੇ ਘੀ…ਘੀ…ਕਰਕੇ ਘੰਟੇ ਵਿਚ ਪਾੜ ਪਾ ਕੇ ਰਾਹ ਪਿਆ ਸੀ। ਇਹਨਾਂ ਦੋ ਕਿਲਿਆਂ ਵੱਲ ਧਿਆਨ ਜਾਂਦੇ ਹੀ ਉਸ ਦਾ ਆਪਣਾ ਮਨ ਡੁੱਬਣ ਲੱਗਾ, ਸਾਹ ਸੁੱਕਣ ਲੱਗਾ… ਉਹਨੇ ਕਚੀਚੀ ਵੱਟੀ ਪਰ ਫਿਰ ਕਿਸੇ ਡੂੰਘੀ ਸੋਚ ਵਿਚ ਹੌਸਲਾ ਕਰਕੇ ਸਿਰ ਮਾਰਦਾ ਉਹ ਅੱਗੇ ਵਧ ਗਿਆ।

‘ਕੋਈ ਨੀ, ਜੀਹਨੇ ਪਾਈ, ਜੀਹਦੇ ਲਈ ਪਾਏ, ਆਪੇ ਛੁਡਾ ਲੂ ਹੌਲੀ ਹੌਲੀ, ਉਸ ਨੇ ਹਉਕਾ ਭਰਿਆ।

ਇਹ ਕਿੱਲੇ ਕੁੱਝ ਸਾਲ ਪਹਿਲਾਂ ਉਸ ਨੇ ਨੱਥੂ ਕੋਲ ਗਹਿਣੇ ਪਾਏ ਸਨ।

‘ਚਾਚਾ ਫ਼ੀਸ ਦੇਣੀ ਮੈਂ…।’

‘ਚਾਚਾ ਦਾਖਲਾ ਦੇਣਾ ਮੈਂ…।’

‘ਚਾਚਾ ਮੇਰੇ ਕੋਲ ਚੰਗੇ ਕਪੜੇ ਨਹੀਂ…।’  ਮੋਮੋ-ਠਗਣੀਆਂ ਜਿਹੀਆਂ ਚਾਪਲੂਸੀਆਂ ਨਾਲ ਭਤੀਜਾ ਚਾਚੇ ਦਾ ਮਨ ਮੋਹ ਲੈਂਦਾ…।

‘ਕੋਈ ਨੀਂ ਪੁਤ, ਤੂੰ ਪੈਸਿਆਂ ਦਾ ਫ਼ਿਕਰ ਨਾ ਕਰ। ਤੈਨੂੰ ਕਿਸੇ ਗੱਲੋਂ ਟੋਟ ਨਹੀਂ ਆਉਣ ਦਿੰਦਾ।’

ਤੇ ਇਸ ਤਰ੍ਹਾਂ ਇਹ ਦੋ ਕਿੱਲੇ, ਦੋ ਦੋ ਕਨਾਲ਼ਾਂ ਕਰਕੇ ਪਾਲੇ ਦੇ ਬਸਤੇ ਵਿਚ ਜਾ ਪਏ। ਮਾਂ ਮਹਿੱਟਰ ਪਾਲਾ… ਯਤੀਮ ਪਾਲਾ…, ਜਿਸ ਦੇ ਪਿਉ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਸ਼ਰਾਬ, ਅਫ਼ੀਮ ਭੰਗ ਪੋਸਤ ਆਦਿ ਨਸ਼ਿਆਂ ਦੇ ਰਾਹ ਫੂਕ ਛੱਡੀ ਸੀ… ਤੇ ਉਸ ਦੀ ਘਰ ਵਾਲੀ ਉਸ ਦੇ ਦੁੱਖੋਂ ਤੰਗ ਆ ਕੇ ਖੂਹ ਵਿਚ ਛਾਲ ਮਾਰ ਡੁੱਬ ਮਰੀ ਸੀ ਤੇ ਫਿਰ ਦੋ ਚਾਰ ਮਹੀਨੇ ਪਿਛੋ ਪਾਲੇ ਦਾ ਪਿਉ, ਦੀਪੇ ਦਾ ਇਕੋ ਇਕ ਭਰਾ, ਇਕੱਲੇ ਪਾਲੇ ਨੂੰ ਯਤੀਮ ਛੱਡ ਕੇ ਆਪਣੀ ਜੂਨ ਖਲਾਸੀ ਕਰ ਗਿਆ ਸੀ। ਦੀਪੇ ਨੇ ਸਬਰ ਦੇ ਘੁੱਟ ਭਰ ਲਏ। ਭੁੱਬੀਂ ਭੁੱਬੀਂ ਰੋਂਦੇ ਪਾਲੇ ਦੇ ਗਲੇਡੂ ਪੂੰਝਦੇ ਉਸ ਨੇ ਸਾਰੀ ਸਕੀਰੀ ਦੇ ਸਾਹਮਣੇ ਉਸ ਨੂੰ ਆਪਣੀ ਝੋਲੀ ਵਿਚ ਪੁਆ ਲਿਆ ਸੀ।

‘ਰੱਬ ਦਾ ਭਾਣਾ, ਅੱਜ ਤੋਂ ਮੇਰੇ ਆਪਣੇ ਇਕ ਨਹੀਂ ਦੋ ਬੇਟੇ ਹਨ, ਵੱਡਾ ਪਾਲਾ ਤੇ ਛੋਟਾ ਜੈਲਾ…।’

ਪਾਲੇ ਕੋਲ ਇਸ ਵੇਲੇ ਆਪਣੇ ਬਾਪ ਦੀ ਜਾਇਦਾਦ ਇਕ ਕੱਚੇ ਘਰ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਸੀ। ਪਿਉ ਦੀ ਮੌਤ ਪਿੱਛੋਂ ਲਹਿਣੇਦਾਰ ਆ  ਖੜੇ ਹੋਏ ਤੇ ਕੱਚੇ ਮਕਾਨ ਦੇ ਬਾਲੇ ਸ਼ਤੀਰੀਆਂ ਵੇਚ ਕੇ ਉਸ ਦੇ ਬਾਪ ਦਾ ਕਰਜ਼ਾ ਵੀ ਨਾ ਉਤਾਰ ਹੋਇਆ।

ਪਾਲਾ ਹੁਸ਼ਿਆਰ ਸੀ, ਹੋਣਹਾਰ ਸੀ। ਪੜਨ ਦਾ ਉਸ  ਨੂੰ ਸ਼ੋਕ ਸੀ। ਉਹ ਪੜਦਾ ਗਿਆ। ਪਿਉ ਦੀ ਥੁੜ ਉਸ ਨੂੰ ਉਸ ਦੇ ਚਾਚੇ ਨੇ ਨਾ ਚੁਭਨ ਦਿਤੀ। ਉਸ ਨੇ ਉਸ ਨੂੰ ਪਾਲਿਆ, ਪੜਾਇਆ, ਤੇ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਉਹ ਇਕ ਬਹੁਤ ਵੱਡਾ ਡਾਕਟਰ ਸੀ। ਇਸੇ ਕਰਕੇ ਦੀਪੇ ਨੂੰ ਬਹੁਤ ਹੌਸਲਾ ਸੀ, ਤਸੱਲੀ ਸੀ ਕਿ ਉਹ ਹੁਣ ਉਸ ਦਾ ਹੱਥ ਵਟਾਏਗਾ।

‘ਇਹ ਖੇਤ ਮੈਂ ਚਾਚਾ, ਨੌਕਰੀ ਲਗਦੇ ਹੀ ਛੁਡਾ ਦਿਆਂਗਾ… ਤੈਨੂੰ ਟਰੈਕਟਰ ਲੈ ਦਿਆਂਗਾ, ਟਿਊਬਵੈੱਲ ਲਵਾ ਦਿਆਂਗਾ…ਤਾਂ ਹੀ ਵਾਹੀ ਦਾ ਮਜਾ …ਸੰਦਾਂ ਤੋ ਬਿਨਾ ਤਾਂ ਵਾਹੀ ਅੱਜ ਕਲ ਪਸ਼ੂਆਂ ਦੀ ਜੂਨ ਐ …।’ ਪਾਲਾ ਕਹਿੰਦਾ ਹੁੰਦਾ ਸੀ।

eyny ਸਾਲਾ ਦੀ ਖੇਤੀ ਨਾਲ ਉਸ ਦੀ ਆਈ ਚਲਾਈ ਚਲਦੀ ਰਹੀ। ਢੱਗਿਆਂ ਦੀ ਸੁਹਣੀ ਜੋੜੀ ਦੀ ਥਾਂ ਹੁਣ ਝੋਟਿਆਂ ਦੀ ਨ੍ਹਾੜੀ ਬਣ ਗਈ ਅਤੇ ਪੁਰਾਣੇ ਟਿੰਡਾਂ ਵਾਲੇ ਖੂਹ ਦੀਆਂ ਟਿੱਬ-ਖੜਿਬੀਆਂ ਟਿੰਡਾਂ ਉੱਪਰ ਪਾੜਛੇ ਤੱਕ ਆਉਣ ਤੱਕ ਅੱਧੇ ਤੋਂ ਜ਼ਿਆਦਾ ਪਾਣੀ ਥੱਲੇ ਹੀ ਕੇਰ ਆਉਂਦੀਆਂ…ਉਹ ਵੀ ਮੁਰੰਮਤ ਨਹੀਂ ਕਰਾ ਹੋਈਆਂ। ਕੰਮ ਥੱਲੇ ਤੋਂ ਥੱਲੇ ਹੀ ਨਿੱਘਰਦਾ ਗਿਆ। ਮਹਿੰਗੇ ਭਾਅ ਦੇ ਬੀਜ ਤੇ ਖਾਦਾਂ ਦੇ ਖਰਚੇ ਉਸ ਦੀ ਖੇਤੀ ਪੂਰੇ ਨਾ ਕਰਦੀ।

ਪਾਲਾ ਪੁਤ ਉਸ ਦੀ ਜਾਨ ਸੀ। ਉਹ ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਪਾਲਾ ਉਸ ਨੂੰ ਯਾਰ ਚਾਚਾ ਕਿਹਾ ਕਰਦਾ ਸੀ।  ਦੀਪੇ ਦੀ ਨਿਹਾਲੀ ਆਪਣੇ ਪਾਲੇ ਪੁਤ ਤੋਂ ਸੌ ਸੌ ਵਾਰ ਸਦਕੇ ਜਾਂਦੀ ਸੀ। ਉਸ ਦੀ ਪੜਾਈ ਦੀ ਖ਼ਾਤਰ ਆਪਣੇ ਕੰਨਾ ਦੇ ਕਾਂਟੇ ਵੀ ਵੇਚ ਛੱਡੇ ਤੇ ਉਹ ਹਰ ਵੇਲੇ ਹਰ ਤਰ੍ਹਾਂ ਔਖੇ ਸੌਖੇ ਹੋ ਕੇ ਵੀ ਉਸ ਦੀ ਹਰ ਲੋੜ ਪੂਰੀ ਕਰਦੀ।

‘ਰੁਖ ਨੂੰ ਪਾਣੀ ਦੇਈਏ ਤਾਂ ਉਹ ਫਲ ਦਿੰਦਾ ਹੈ, ਛਾਂ ਦਿੰਦਾ ਹੈ – ਤੇ ਪਾਲਾ ਸਾਨੂੰ ਕਿਵੇਂ ਨਾ ਮੰਨੇਗਾ? ਸਾਡਾ ਸਹਾਰਾ ਕਿਵੇਂ ਨਾ ਬਣੇਗਾ ? ਉਹ ਸੋਚਦੇ ਰਹਿੰਦੇ।

ਪਾਲੇ ਦੀ ਪੜਾਈ ਪੂਰੀ ਹੋ ਗਈ। ਉਹ ਨੌਕਰੀ ਲੱਗ ਗਿਆ। ਦੀਪਾ ਫੁੱਲਾ ਨਾ ਸਮਾਏ। ਨਿਹਾਲੀ ਖ਼ੁਸ਼ੀ ਨਾਲ ਦੂਹਰੀ ਚੌਹਰੀ ਹੋਈ ਫਿਰੇ। ਨੌਕਰੀ ਲੱਗਣ ਪਿਛੋ ਪਾਲਾ ਪਿੰਡ ਆਇਆ। ਉਨ੍ਹਾਂ ਲੱਡੂ ਵੰਡੇ ਤੇ ਕਈ ਚਾਅ ਮਲਾਰ ਕੀਤੇ।

‘ਔਖੇ ਦਿਨ ਲੰਘ ਗੇ ਚਾਚਾ…ਹੁਣ ਤੂੰ ਕੋਈ ਫ਼ਿਕਰ ਨਾ ਕਰੀ। ਜੈਲੇ ਨੂੰ ਵੀ ਮੈਂ ਨਾਲ ਹੀ ਲੈ ਜਾਣਾ…ਪੜ੍ਹ ਲੈਣ ਦਿਓ ਇਹਨੂੰ ਅਜੇ ਥੋੜਾ ਹੋਰ…।’ ਪਾਲੇ ਦੀ ਗੱਲ ਸੁਣ ਕੇ ਚਾਚੇ ਚਾਚੀ ਦੀਆਂ ਆਸਾਂ ਖਿੜ ਗਈਆਂ।

ਉਡੀਕਾਂ ਵਿਚ, ਉਮੀਦਾਂ ਵਿਚ ਦਿਨ ਲੰਘਦੇ ਗਏ, ਸਮਾਂ ਬੀਤਦਾ ਗਿਆ. ਪਾਲਾ ਕਦੇ ਕਦਾਈ ਪਿੰਡ ਗੇੜਾ ਮਾਰ ਜਾਂਦਾ। ਘਿਉ, ਆਟਾ, ਗੁੜ ਤੇ ਹੋਰ ਲੋੜੀਦਾ ਸਮਾਨ ਲੈ ਜਾਂਦਾ। ਹੌਲੀ ਹੌਲੀ ਉਸ ਦੇ ਗੇੜੇ ਘਟਦੇ ਗਏ…ਤੇ ਫਿਰ ਚਿੱਠੀਆਂ ਪੱਤਰਾਂ ਦੀ ਸਾਂਝ ਵੀ ਮੱਧਮ ਪੈ ਗਈ।

ਬਾਹਰ ਚੰਡੀਗੜ੍ਹ ਰਹਿ ਕੇ ਪਾਲੇ ਨੇ ਉੱਥੇ ਹੀ ਵਿਆਹ ਕਰਵਾ ਲਿਆ। ਵਿਆਹ ਬਾਰੇ ਇਕ ਸਰਸਰੀ ਜਿਹੀ ਚਿੱਠੀ ਆਈ ਜੋ ਦੀਪੇ ਨੂੰ ਵਿਆਹ ਤੋਂ ਕਈ ਦਿਨ ਬਾਦ ਮਿਲੀ। ਫਿਰ ਵੀ ਉਹ ਉੱਥੇ ਆਪਣੀ ਨੂੰਹ ਨੂੰ ਪਿਆਰ ਦੇਣ ਪਹੁੰਚ ਗਿਆ। ਚੰਡੀਗੜ੍ਹ ਪਹੁੰਚ ਕੇ ਉਸ ਨੂੰ ਸੱਚਮੁੱਚ ਏਦਾ ਹੀ ਜਾਪਿਆ ਜਿਵੇਂ ਉਹ ਨਰਕਾਂ ਦੀ ਅੱਗ ਵਿਚੋਂ ਸਵਰਗਾਂ ਦੇ ਬਾਗ਼ਾਂ ਵਿਚ ਪਹੁੰਚ ਗਿਆ ਹੋਵੇ… ਸੁਹਣੀਆਂ ਸੁਹਣੀਆਂ ਕੋਠੀਆਂ, ਖੁੱਲੀਆਂ ਖੁੱਲ੍ਹੀਆਂ ਵੱਡੀਆਂ ਵੱਡੀਆਂ ਸੜਕਾਂ, ਤੇ…ਤੇ ਪਾਲ ਦਾ ਸਰਕਾਰੀ ਘਰਾਂ ਨਵੀਂ ਦੁਲਹਨ ਵਾਂਗ ਸਜਿਆ ਸ਼ਿੰਗਾਰਿਆ ਵੇਖ ਕੇ ਦੀਪੇ ਨੂੰ ਕਈ ਬੋਤਲਾਂ ਦਾ ਨਸ਼ਾ ਚੜ ਗਿਆ।

ਨੂੰਹ ਨੇ ਹੱਥ ਜੋੜ ਕੇ ਗਲ ਵਿਚ ਦੁਪੱਟਾ ਪਾ ਕੇ ਸਤਿ ਸ੍ਰੀ ਅਕਾਲ ਕਹੀ …ਦੀਪੇ ਨੂੰ ਅਜੀਬ ਜਿਹੀ ਲੱਗੀ।  ਉਹ ਆਸ ਰਖਦਾ ਸੀ ਨੂੰਹ ਉਸ ਦੇ ਪੈਰੀ ਹੱਥ ਲਗਾਏਗੀ…ਉਹ ਉਸ ਦੇ ਸਿਰ ਪਿਆਰ ਦੇਵੇਗਾ…ਪਰ ਏਦਾਂ ਨਾ ਹੋਇਆ… ਭਤੀਜੇ ਦੀ ਮਿਲਨੀ ਵਿਚ ਵੀ ਉਸ ਨੂੰ ਓਪਰਾ ਪਨ ਜਿਹਾ ਰੜਕਿਆ…।

‘ਤੇ ਪਾਲ ਵਿਆਹ ਪਿੰਡ ਕਰਨਾ ਸੀ…ਸਾਨੂੰ ਦੱਸ ਦਿੰਦਾ। ਸ਼ਰੀਕੇ ਵਾਲਿਆ ਦੇ ਤਾਹਨੇ ਸਾਡਾ ਕਾਲਜਾ ਸਾੜਨ ਲੱਗੇ ਨੇ।  ਕਹਿੰਦੇ ਚੰਗਾ ਮੁੰਡਾ ਨੌਕਰੀ ਲੱਗਾ, ਪਿੰਡ ਹੀ ਛੱਡ ਗਿਐ…।’ ਬੜੇ ਔਖੇ ਮਨ ਨਾਲ ਦੀਪੇ ਨੇ ਗੱਲ ਤੋਰੀ।

‘ਪਤਾ ਨਹੀਂ ਚਾਚਾ… ਮੇਰਾ ਪਿੰਡ ਜਾਣ ਤੋਂ ਦਿਲ ਉਕਤਾ ਗਿਐ… ਲੋਕ ਚੰਗੇ ਨਹੀਂ ਲੱਗਦੇ…ਉਹ ਦਿਲ ਦੇ ਕਾਲੇ ਨੇ…ਮਕਾਨ ਚੰਗੇ ਨਹੀਂ  ਸੜਕਾਂ ਠੀਕ ਨਹੀਂ…’ ਦੀਪੇ ਨੂੰ ਪਾਲੇ ਦੇ ਬਦਲੇ ਹੋਏ ਸੁਭਾ ਤੇ ਬੜੀ ਗਿਲਾਨੀ ਹੋਈ। ਜਿੱਥੇ ਉਹ ਜੰਮਿਆ ਪਲਿਆ, ਜਿਨ੍ਹਾਂ ਸੜਕਾਂ ਖੇਤਾਂ ਗਲੀਆਂ ਵਿਚ ਉਹ ਖੇਲ੍ਹਦਾ ਰਿਹਾ, ਜਿਨ੍ਹਾਂ ਲੋਕਾਂ ਨੇ ਇਸ ਯਤੀਮ ਨੂੰ ਪਨਾਹ ਦਿਤੀ, ਅੱਜ ਉਹ ਚੰਗੇ ਨਹੀਂ…।

‘ਮੇਰੀਆਂ ਤੇ ਬੜੀਆਂ ਆਸਾਂ ਨੇ ਪੁਤ…ਤੇ ਤੂੰ ਹੁਣੇ ਹੀ ਏਨਾ ਨਿਰਮੋਹੀ ਹੋ ਗਿਐ ?’ ਦੀਪੇ ਨੇ ਸੁਆਲੀਆਂ ਨਜ਼ਰਾਂ ਸੁੱਟੀਆਂ।

ਮੋਹ ਦੀ ਗੱਲ ਨਹੀਂ ਚਾਚਾ, ਮੈਂ ਹੁਣ ਉੱਥੇ ਜਾ ਕੇ ਕਿਹੜੇ ਕਿੱਲੇ ਵਾਹੁਣੇ ਨੇ। ਜਿੱਥੇ ਨੌਕਰੀ ਹੈ…, ਜਿੱਥੇ ਰੋਟੀ ਮਿਲਦੀ ਹੈ, ਉੱਥੇ ਹੀ ਰਹਿਣਾ ਪੈਣਾ ਏ… ਇਸ ਮਹਿੰਗਾਈ ਦੇ ਜ਼ਮਾਨੇ ਵਿਚ…।’

‘ਕਾਕਾ ਵਿਆਹ ਬਾਰੇ ਸਾਨੂੰ ਪਹਿਲਾਂ ਦੱਸ ਦਿੰਦਾ…ਅਸੀ ਤੇਰੇ ਦੋਖੀ ਤਾਂ ਨਹੀਂ ਸੀ…ਮੈਂ ਕਿੰਨਾ ਖ਼ੁਸ਼ ਹੁੰਦਾ…ਨਿਹਾਲੀ ਨੂੰ ਕਿੰਨਾ ਚਾਅ ਚੜ੍ਹਦਾ ਆਪਣੀ ਹੱਥੀ ਨੂੰਹ ਦੀ ਡੋਲੀ ਘਰ ਲਿਆ ਕੇ…।’

‘ਇਹ ਤਾਂ ਮੂੰਹ ਰੱਖਣ ਵਾਲੀਆਂ ਗੱਲਾ ਨੇ ਚਾਚਾ…ਮੈਨੂੰ ਨੱਥੂ ਨੇ ਸਬ ਕੁੱਝ ਦੱਸ ਦਿਤਾ ਹੈ ਤੁਸੀ ਜਾਣ ਕੇ ਨਹੀਂ ਆਏ…ਖ਼ਰਚ ਕਰਨ ਦੇ ਮਾਰੇ ..ਉਹ ਨੱਥੂ ਕੇ ਆਏ ਸਨ…ਸੱਤ ਬਿਗਾਨੇ…।’

ਦੀਪੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ…।  ‘ਨੱਥੂ ਆਇਆ ਸੀ? ਮੱਕਾਰ ਨੱਥੂ…?’ ਉਸ ਨੇ ਜ਼ਰੂਰ ਪਾਲੇ ਦੇ ਮਨ ਵਿਚ ਕੁੱਝ ਸੱਚ ਝੂਠ ਗੁਬਾਰ ਭਰ ਦਿਤੇ ਹੋਣਗੇ।

‘ਸ਼ਰੀਕ ਤਾਂ ਬਿਗਾਨੇ ਘਰ ਪੈਸਾ ਸੁੱਟ ਕੇ ਤਮਾਸ਼ਾ ਵੇਖਦੇ ਨੇ ਪੁਤ। ਉਹ ਬੜਾ ਖੋਟਾ ਆਦਮੀ ਹੈ ਨੱਥੂ ਸਾਲਾ। ਉਸ ਦੀਆਂ ਗੱਲਾਂ ਵਿਚ ਨਾ ਆਈ।’  ਦੀਪੇ ਨੇ ਰਹਿਮ ਦੀ ਅਪੀਲ ਕੀਤੀ।

‘ਮੈਂ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਂਦਾ…ਮੈਂ ਸਭ ਕੁੱਝ ਜਾਣਦਾ ਹਾਂ…।’

ਉਹ ਸੋਚਦਾ ਸੀ ਪਾਲ ਨਵੀਂ ਵਹੁਟੀ ਨੂੰ ਦੱਸੇਗਾ, ਇਹ ਹੈ ਮੇਰਾ ਚਾਚਾ…ਯਾਰ ਚਾਚਾ…ਜਿਸ ਦਾ ਸਿਰ ਤੇ ਹੱਥ ਹੋਣ ਕਰਕੇ ਹੀ ਉਹ ਇਸ ਰੁਤਬੇ ਤੱਕ ਪਹੁੰਚਿਆ… ਪਰ ਪਾਲ ਦੇ ਰੁੱਖੇ ਬੋਲਾਂ ਨੇ ਉਸ ਦੇ ਸਾਰੇ ਅਰਮਾਨ ਪੁੱਠੇ ਗੇੜ ਦਿਤੇ।

‘ਤੇ ਪੁਤ ਕੁੱਝ ਪੈਸਿਆਂ ਦੀ ਹੀ ਕੱਸ ਮਾਰ। ਉਹ ਦੋ ਕਿੱਲੇ ਗਹਿਣੇ ਪਾਏ, ਉਹੀ ਛੁਡਾ ਲਈਏ…। ਸੋਨਾ ਉਗਾਉਣ  ਵਾਲੇ ਉਹ  ਕਿੱਲੇ ਜਦ ਨੱਥੂ ਕੇ ਵਾਹੁੰਦੇ ਨੇ, ਮੇਰੀ ਤਾਂ ਹਿਕ ਤੇ ਮੁੰਜ ਦਲ਼ੀਦੀ  ਹੈ। ਤੇਰੀ ਚਾਚੀ ਦੇ ਕੰਨ ਅਜੇ ਬੁੱਚੇ ਹੀ ਨੇ…ਉਹ ਤੇਰੇ ਕਾਂਟੇ ਉਡੀਕਦੀ ਏ…।’

‘ਅਜੇ ਤਾਂ ਕੁੱਝ ਨਹੀਂ ਬਣਨਾ ਚਾਚਾ…ਮਸੀਂ ਆਪਣਾ ਹੀ ਤੋਰਾ ਤੁਰਦਾ ।’

ਭਤੀਜੇ ਦੇ ਖਰੇ ਖਰੇ ਰੁੱਖੇ ਜੁਆਬ ਸੁਣ ਕੇ ਦੀਪੇ ਨੂੰ ਅਸਮਾਨ ਘੁੰਮਦਾ ਜਾਪਿਆ। ਨਵੀਂ ਸੱਜ ਵਿਆਹੀ ਨੂੰਹ ਪਰੇ ਘੁੰਡ ਚੁਕੀ ਮੂੰਹ ਵਿਚ ਉਗਲਾਂ ਲਈ ਸਭ ਕੁੱਝ ਚੁਪੀਤੇ ਹੀ ਸੁਣ ਰਹੀ ਸੀ।

‘ਚੱਲ ਬੀਬੀ! ਤੂੰ ਹੀ ਆਪਣਾ ਪਿੰਡ ਵੇਖ ਆ। ਤੁਹਾਡੇ ਵੀਰ ਭੈਣਾਂ…ਚੱਤੇ ਪਹਿਰ ਮੂੰਹ ਚੁਕੀ ਤੁਹਾਡੀ ਉਡੀਕ ਕਰ ਰਹੇ ਨੇ। ਤੁਹਾਡੀ ਚਾਚੀ ਹਰ ਰੋਜ ਕਾਂ ਉਡਾਉਂਦੀ ਏ ‘ਉੱਡ ਕਾਂਵਾਂ ਤੈਨੂੰ ਘਿਉ ਦੀ ਚੂਰੀ ਪਾਵਾਂ…ਮੇਰਾ ਪਾਲ ਆਉਂਦੇ?  ਮੇਰੀ ਨੂੰਹ ਆਉਂਦੀ ਏ…??’

‘ਆਵਾਂਗੇ ਚਾਚਾ ਜੀ…। ਜਦ ਇਹਨਾਂ ਨੂੰ ਛੁੱਟੀਆਂ ਮਿਲੀਆਂ…?’ ਨੂੰਹ ਨੇ ਸਿਰ ਦਾ ਦੁਪੱਟਾ ਉੱਪਰ ਸਰਕਾਉਂਦੇ ਬਣਾਉਟੀ ਜਿਹੀ ਮੁਸਕਣੀ ਭਰੀ।

ਦੀਪੇ ਨੇ ਡੂੰਘਾ ਹਉਕਾ ਲਿਆ…ਉਸ ਨੂੰ ਆਪਣੀ ਕਿਸਮਤ ਦੇ ਗੇੜ ਉਲਟੇ ਗਿੜਦੇ ਜਾਪੇ।

‘ਅੱਛਾ ਸੁਖੀ ਰਹੋ ਪੁਤ… ਮੇਰੇ ਖੂਨ ਦੀ ਸਾਂਝ ਉ…।’  ਚਾਹ ਦੇ ਘੁੱਟ ਲਹੂ ਦੇ ਘੁੱਟਾਂ ਵਾਂਗ ਅੱਖਾਂ ਮੀਟ ਮੀਟ ਕੇ ਉਸ ਨੇ ਅੰਦਰ ਲੰਘਾਏ। ਲਾਗੇ ਟਰੇਅ ਵਿਚ ਪਏ ਬਰਫ਼ੀ ਦੇ ਪੀਸ ਛੋਹਣ ਦੀ ਹਿੰਮਤ ਨਹੀਂ ਕਰ ਸਕਿਆ ਉਹ…ਤੇ  ਫਿਰ ਉਹ ਰਾਤ ਉਸ ਲਈ ਸਦੀਆਂ ਜਿੱਡੀ ਲੰਮੀ ਹੋ ਗਈ ਸੀ…ਸਵੇਰੇ ਉੱਠ ਕੇ ਮੂੰਹ ਹਨੇਰੇ ਹੀ ਬਿਨਾਂ ਚਾਹ ਤੋ ਉਹ ਦੋਨਾਂ ਨੂੰ ਸੁਤੇ ਛੱਡ ਕੇ ਬੱਸ ਅੱਡੇ ਦੇ ਰਾਹ ਪਿਆ ਸੀ।

ਦੋ ਚਾਰ ਸਿਆੜ ਝਰੀਟਦੇ ਝਰੀਟਦੇ ਉਸ ਨੇ ਆਪਣੀ ਪਿਛਲੀ ਜ਼ਿੰਦਗੀ ਦੇ ਝਰੀਟੇ ਸਿਆੜਾਂ ਵੱਲ ਨਿਗਾਹ ਸੁੱਟੀ। ਉਸ ਦਾ ਹੌਸਲਾ ਪਸਤ ਹੋ ਗਿਆ। ਜਿਸ ਰੁੱਖ ਨੂੰ ਉਹ ਸਾਰੀ ਉਮਰ ਪਾਣੀ ਦਿੰਦਾ ਰਿਹਾ,  ਜਿਸ ਰੁਖ ਤੋਂ ਉਹ ਫਲਾਂ ਫੁੱਲਾਂ ਦੀ ਆਸ ਰੱਖਦਾ ਸੀ, ਉਹ ਉਸ ਨੂੰ ਛਾਂ ਦੇਣ ਤੋਂ ਇਨਕਾਰੀ ਸੀ। ਜਿਸ ਭਤੀਜੇ ਨੂੰ ਪੁਤ ਬਣਾ ਕੇ, ਪੁਤ ਦੇ ਮੂੰਹੋਂ ਗਰਾਹੀ ਖੋਹ ਕੇ ਉਸ ਦੇ ਮੂੰਹ ਪਾਉਂਦਾ ਰਿਹਾ, ਉਹ ਅੱਜ ਅੱਖਾਂ ਫੇਰ ਰਿਹਾ ਹੈ।’

ਪਰ ਉਹ ਇਤਨਾ ਅਕ੍ਰਿਤਘਣ ਨਹੀਂ ਨਿਕਲੇ ਗਾ ਕਿ ਸਾਨੂੰ ਬਿਲਕੁਲ ਵੀ ਵਿਸਾਰ ਦੇਵੇ। ਚਲੋ ਹੋਰ ਕੁੱਝ ਨਹੀਂ ਤਾਂ ਆਪਣੇ ਭਰਾ ਨੂੰ ਹੀ ਨੌਕਰੀ ਤੇ ਲੁਆ  ਦੇਵੇ ਤਾਂ ਵੀ ਘਰ ਦੀ ਧੂਫ਼ ਨਿਕਲਦੀ ਰਹੇਗੀ। ਇਕੱਲੀ ਵਾਹੀ ਤੋਂ ਤਾਂ ਘਰ ਦਾ ਲੂਣ ਤੇਲ ਵੀ ਪੂਰਾ ਨਹੀਂ ਹੁੰਦਾ…। ਜੈਲਾ ਵੀ ਤਾਂ ਐਤਕੀਂ ਦਸਵੀਂ ਪਾਸ ਕਰ ਜਾਏਗਾ…। ਪਰ …’ਪਿੰਡਾਂ ਦੇ ਲੋਕ ਦਿਲ ਦੇ ਕਾਲੇ  ਹੁੰਦੇ ਨੇ…ਮੈਨੂੰ ਨੱਥੂ ਨੇ ਸਭ ਕੁੱਝ ਦੱਸ ਦਿਤਾ ਹੈ।’  ਇਹ ਸ਼ਬਦ ਬਾਰ ਬਾਰ ਉਸ ਦੇ ਮਨ ਵਿਚ ਉੱਬਲਦੇ ਰਹੇ…। ਚੁੱਕਣਾ ਪੱਥਰ ਪਾੜ ਦਿੰਦੀ ਹੈ। ਪਤਾ ਨਹੀਂ ਕੀ ਪੜ੍ਹਾ ਆਇਆ ਏ  ਸਾਲਾ ਮੇਰੇ ਪਾਲ ਨੂੰ…।’  ਸੋਚਦੇ ਸੋਚਦੇ ਦੀਪੇ ਦਾ ਸਰੀਰ ਗ਼ੁੱਸੇ ਨਾਲ ਕੰਬਣ ਲੱਗਾ। ਹਲ਼ ਦਾ ਹੱਥਾ ਹਿੱਲ ਕੇ ਕੰਬ ਕੇ ਫੜਾਕ  ਕਰਦਾ ਖੱਬੇ ਸੰਢੇ ਦਾ ਸਜਾ ਪੈਰ ਡੁੰਗ ਗਿਆ। ਤਿੱਖਾ ਫਾਲਾ ਵੱਜਦੇ  ਹੀ ਸੰਢਾ ਪੀੜ ਨਾਲ ਦਾਹੜਿਆ ਤੇ ਉਸ ਨੇ ਲਹੂ ਭਿੱਜੇ ਪੈਰ ਨਾਲੋ ਲਹੂ ਛਿੱਟੇ ਦੂਰ ਤੱਕ ਛੰਡ ਦਿਤੇ।

ਉਹ ਅਜੇ ਸੰਢੇ ਦੇ ਪੈਰ ਦਾ ਜ਼ਖਮ ਹੀ ਨਿਹਾਰ ਰਿਹਾ ਸੀ ਕਿ ਉਸ ਨੇ ਦੇਖਿਆ ਪਿੰਡ ਤੋਂ ਆਉਂਦੀ ਪਗਡੰਡੀ ਤੋਂ ਵਾਹੋਦਾਹੀ ਡਾਂਡੇ ਮੀਂਡੇ ਉਸ ਦਾ ਗਵਾਂਢੀ ਮੁੰਡਾ ਸਾਹੋ ਸਾਹ ਹੋਇਆ ਨੱਸਾ ਆ ਰਿਹਾ ਸੀ।

‘ਉ ਚਾਚਾ। ਅਸੀਂ ਲੁੱਟੇ ਗਏ…।’ ਹਫਦੇ ਹਫਦੇ ਮੁੰਡੇ ਨੇ ਧਾਹ ਮਾਰੀ.

‘ਕੀ ਹੋਇਐ  ਸੱਜਣਾ..।’ ਹੱਲ ਦਾ ਮੁੰਨਾ ਛੱਡ ਉਹ ਉਧਰ ਮੁੜਿਆ।

‘ਚਾਚਾ ਜੈਲਾ…।’

‘ਕਿਥੇ ਜੈਲਾ…? ਕੀ ਹੋਇਆ ਜੈਲੇ ਨੂੰ…?’

‘ਜੈਲਾ ਡੁੱਬ ਗਿਆ ਚਾਚਾ…ਸਕੂਲ ਦੇ ਛੱਪੜ ਚ…।’

ਬੁੱਢੀ ਉਮਰ ਨਾਲ ਘੁਲ ਰਹੇ ਦੀਪੇ ਵਿਚ ਕਹਿਰਾਂ ਦੇ ਤੁਫ਼ਾਨ ਮੱਚ ਉਠੇ।  ਉਹ ਹਨੇਰੀ ਵਾਂਗ ਵਾਹਣਾਂ ਵਿਚ ਦੀ ਪਗਡੰਡੀਆਂ ਵਿਚੋਂ, ਖਾਲ ਟੱਪਦਾ ਡਿਗਦਾ ਢਹਿੰਦਾ ਸਕੂਲ ਲਾਗੇ ਪਹੁੰਚਿਆ। ਸਾਰਾ ਪਿੰਡ ਉੱਥੇ ਇਕੱਠਾ ਹੋਇਆ ਪਿਆ ਸੀ।

‘ਓਏ ਹੈਗਾ ਕਿ ਗਿਆ…?’ ਚਾਚੇ ਦੀ ਨਜ਼ਰਾਂ ਨੇ ਚਾਰ ਚੁਫੇਰੇ ਭਿਖਿਆ ਮੰਗੀ। ਪਰ ਭੀੜ ਦੀਆਂ ਨਜ਼ਰਾਂ ਵਿਚ ਅੱਥਰੂ ਸਨ…ਉਸ ਨੂੰ ਵੇਖ ਕੇ ਭੀੜ ਨੇ ਰਸਤਾ ਛੱਡ ਦਿਤਾ। ਉਸ ਦੀ ਨਿਹਾਲੀ ਜੈਲੇ ਦੀ ਲਾਸ਼ ਤੇ ਪਈ ਦੁਹੱਥੜਾਂ ਮਾਰ ਆਪਣਾ ਆਪਾ ਪਿੱਟ ਰਹੀ ਸੀ…ਵਾਲ ਖੋਹ ਰਹੀ ਸੀ…ਉਹਨਾ ਦਾ ਇਕੋ ਇਕ ਮੁੰਡਾ ਸਕੂਲ ਦੇ ਛੱਪੜ ਵਿਚ ਡੁੱਬ ਕੇ ਮਰ ਗਿਆ ਸੀ।

ਹੌਸਲਾ ਕਰ ਚਾਚਾ। ਤੇਰਾ ਮੁੰਡਾ ਦੇਸ਼ ਦੇ ਲੇਖੇ ਲੱਗ ਗਿਆ… ਸ਼ਹੀਦ ਹੋ ਗਿਆ ਉਹ…ਸਕੂਲ ਦਾ ਕੰਮ ਹੀ ਕਰ ਰਿਹਾ ਸੀ…ਮਾਸਟਰਾਂ ਨੇ ਘੱਲਿਆ ਸੀ ਉਹਨੂੰ ਸਾਹਮਣੇ ਖਤਾਨ ਵਿਚੋਂ ਮਿਟੀ ਲਿਆ ਕੇ ਸਕੂਲ ਵਿਚ ਨੀਵੇਂ ਥਾਂ ਭਰਤੀ ਪਾਉਣ ਲਈ। ਤਿਲਕ ਕੇ ਡੂੰਘੇ ਟੋਏ ਵਿਚ ਡਿਗ ਪਿਆ। ਉਸ ਨੂੰ ਪੁੱਠੇ ਘੜੇ ਤੇ ਵੀ ਪਾਇਆ ਪਰ ਘੜਾ ਉਸ ਨੂੰ ਬਚਾਅ ਨਹੀਂ ਸਕਿਆ।

ਸਾਰੇ ਆਸੇ ਪਾਸੇ ਕਾਂਵਾਂ ਰੌਲ਼ੀ ਮੱਚ ਗਈ। ਸਾਰੇ ਲੋਕ ਦੀਪੇ ਨਾਲ ਹਮਦਰਦੀ ਜਤਾਉਂਦੇ। ਏਨਾ ਵੱਡਾ ਜੁਲਮ, ਇਕੋ ਇਕ ਜਵਾਨ ਜਹਾਨ ਮੁੰਡਾ…ਉਸ ਤੋਂ ਵੀ ਵਿਚਾਰਾ ਹੱਥ ਧੋ ਬੈਠਾ।

ਇਕੋ ਇਕ ਮੁੰਡੇ ਵਾਲੀ ਗੱਲ ਉਸ ਨੂੰ ਕੰਡਿਆਂ ਵਾਂਗ ਚੁਭੀ ਤੇ ਉਸ ਦੇ ਤਾਜ਼ੇ ਜ਼ਖ਼ਮਾਂ ਨੂੰ ਹੋਰ ਡੂੰਘਾ ਪੱਛ ਲਾ ਗਈ। ‘ਇਕ ਨਹੀਂ। ਮੇਰਾ ਪਾਲ ਹੈ ਅਜੇ ਇਕ ਹੋਰ…।’ ਉਸ ਨੇ ਆਤਮ ਵਿਸ਼ਵਾਸ ਨਾਲ ਕਿਹਾ ਤੇ ਡਿਗ ਰਹੇ ਪਸਤ ਹੌਸਲੇ ਨੂੰ ਠੁੰਮਣਾ ਦੇਣ ਦਾ ਉਪਰਾਲਾ ਕੀਤਾ।

ਇਹ ਅਣਹੋਣੀ ਮੌਤ ਸੁਣ ਕੇ ਫੂਲਾ ਮੈਂਬਰ ਵੀ ਨੱਠਾ ਆਇਆ। ਫੂਲਾ ਜਿਸ ਦੀ ਦੀਪੇ ਦੇ ਟੱਬਰ ਨਾਲ ਪਿਤਾ ਪੁਰਖੀ ਸਦੀਆਂ ਪੁਰਾਣੀ ਦੌਤ ਚਲੀ ਆਉਂਦੀ ਸੀ। ਦੋਹਾ ਧਿਰਾਂ ਨੇ ਇਕ ਦੂਜੇ ਦੇ ਕਈ ਕਤਲ ਕੀਤੇ ਸਨ।  ਦੋਨੇਂ ਇਕ ਦੂਜੇ ਦੇ ਖੂਨ ਦੇ ਪਿਆਸੇ ਸਨ…। ਰੱਬੀ ਕਹਿਰ ਨੇ ਪੱਥਰ ਪਿਘਲਾ ਦਿਤੇ। ਉਚੀ ਉਚੀ ਧਾਹਾਂ ਮਾਰਦਾ, ਕੀਰਨੇ ਪਾਉਂਦਾ ਫੂਲਾ ਦੀਪੇ ਦੇ ਗਲ ਲੱਗ ਰੋਂਦਾ ਸਾਰੇ ਪਿੰਡ ਨੇ ਡਿੱਠਾ।

‘ਹਾਏ ਸਾਰਿਆਂ ਨੂੰ ਤਾਰਾਂ ਦੇ ਦਿਓ…ਫ਼ੋਨ ਕਰ ਦਿਓ…ਕਹਿ ਦਿਓ ਤੁਹਾਡਾ ਜੈਲਾ ਤੁਰ ਗਿਆ…ਹਾਏ ਜੈਲਾ ਤੁਰ ਗਿਆ ਚੁਪ ਚੁਪੀਤਾ..। ਪਾਲ ਨੂੰ ਫ਼ੋਨ ਕਰ ਦਿਓ…ਕਹੋ ਤੇਰਾ ਭਰਾ ਰੁੱਸ ਗਿਆ…।’

ਨਿਹਾਲੀ ਦੇ ਵੈਣ ਸੁਣ ਕੇ ਮਾਸਟਰਾਂ ਦਾ ਇਹ ਅਤੀ ਗੰਭੀਰ ਜੁਰਮ ਉੱਭਰ ਕੇ ਉਨ੍ਹਾਂ ਦੇ ਸਿਰ ਤੇ ਤਲਵਾਰ ਵਾਂਗ ਲਟਕਣ ਲੱਗਾ। ਉਨ੍ਹਾਂ ਨੂੰ ਖੁੜਕ ਪਈ ਕਿ ਜੇ ਪਾਲ ਆ ਗਿਆ ਤਾਂ ਉਨ੍ਹਾਂ ਦਾ ਬੋਰੀਆਂ ਬਿਸਤਰਾ ਬੱਝ ਜਾਏਗਾ ਤੇ ਜੇਲ੍ਹ ਦੀ ਹਵਾ ਵੀ ਖਾਣੀ ਪਵੇਗੀ।  ਜਿਸ ਮਾਸਟਰ ਨੇ ਜੈਲੇ ਨੂੰ ਮਿਟੀ ਲੈਣ ਭੇਜਿਆ ਸੀ, ਉਹ ਤਾਂ ਪਹਿਲਾਂ ਹੀ ਖਿਸਕ ਚੁਕਾ ਸੀ। ਹੈੱਡ ਮਾਸਟਰ ਨੇ ਦੀਪੇ ਨਾਲ ਅਫ਼ਸੋਸ ਕੀਤਾ, ਹਮਦਰਦੀ ਪ੍ਰਗਟਾਈ, ਮੁੰਡੇ ਦੀ ਤਾਰੀਫ਼ ਕੀਤੀ ਪਰ ਨਾਲ ਕੰਨ ਵਿਚ ਇਹ ਵੀ ਕਹਿ ਦਿਤਾ, ‘ਬਾਬਾ ਜੀ ਜਿਹੜੀ ਹੋਣੀ ਸੀ, ਸੋ ਹੋ ਗਈ, ਤੁਹਾਡਾ ਦੁਖ ਬੜਾ ਅਸਹਿ ਹੈ, ਪਰ ਅਕਾਲ ਪੁਰਖ ਦਾ ਭਾਣਾ ਮੰਨਣਾ ਹੀ ਪੈਂਦਾ ਹੈ…ਹੁਣ ਮੇਰੀ ਮੰਨੋ ਤਾਂ ਇਸ ਦਾ ਜਲਦੀ ਸੰਸਕਾਰ ਕਰ ਦਿਓ…ਜੇ ਪੁਲਸ ਆ ਗਈ ਤਾਂ ਇਸ ਨੂੰ ਸ਼ਹਿਰ ਲਿਜਾਉਣ ਗੇ…ਚੀਰ ਫਾੜ ਕਰਨ ਗੇ…ਇਸ ਦੀ ਲਾਸ਼ ਰੁਲੇਗੀ।

‘ਪੁਲਸ ਆਏਗੀ…ਚੀਰਫਾੜ ਹੋਵੇਗੀ…ਲਾਸ਼ ਰੁਲੇਗੀ…?’

ਸਿਧੇ ਸਾਦੇ ਅਨਪੜ੍ਹ ਦੀਪੇ ਨੂੰ ਦੂਸਰਾ ਫ਼ਿਕਰ ਪੈ ਗਿਆ। ਸਾਰੀ ਸਾਕ ਸਕੀਰੀ ਤੇ ਆਂਢ ਗਵਾਂਢ ਨੇ ਕਿਹਾ, ਰਿਸ਼ਤੇਦਾਰਾਂ ਨੂੰ ਆਣ ਦਿਓ…ਪਾਲ ਨੂੰ ਆਣ ਦਿਓ…ਪਰ ਦੀਪੇ ਨੇ ਲਾਸ਼ ਚੁਕਵਾ ਕੇ ਸਿਧੀ ਸ਼ਮਸ਼ਾਨ ਘਾਟ ਪਹੁੰਚਾ ਦਿਤੀ।

ਹਿੱਕ ਤੇ ਪੱਥਰ ਧਰ ਕੇ ਪੈਰ ਪੈਰ ਤੇ ਥਿੜਕਦੇ ਦੀਪੇ ਨੇ ਆਪਣੀ ਹੱਥੀ ਚਿਤਾ ਨੂੰ ਅੱਗ ਦਿਖਾਈ। ਲੱਛੇਦਾਰ ਧੂੰਏਂ ਦੇ ਦੋ ਵਾਵਰੋਲੇ ਉਠੇ ਤੇ ਦੀਪੇ ਦੀ ਸਾਰੀ ਸਿਆੜੀ ਹੋਈ ਜ਼ਿੰਦਗੀ ਤੇ ਤਬਾਹੀ ਦਾ ਸੁਹਾਗਾ ਫੇਰ ਗਏ। ਉਸ ਦੀਆਂ ਸਾਰੀਆਂ ਰੀਝਾਂ ਚਾਅ ਨਿੰਮੋਝੂਣੇ ਹੋ ਕੇ ਅਧਵਾਟੇ ਹੀ ਨਿੱਸਲ ਹੋ ਗਏ। ਲਾਸ਼ ਦਾ ਖੁਰਾ ਖੋਜ ਮਿਟਾ ਕੇ, ਮੁੱਦਾ ਖ਼ਤਮ ਕਰਕੇ, ਮਾਸਟਰਾਂ ਸੁਖ ਦਾ ਸਾਹ ਲਿਆ। ਚਾਰੇ ਕੰਨੀਆਂ ਝਾੜ ਕੇ ਨਿਪੁੱਤਾ ਹੋ ਕੇ ਦੀਪਾ ਘਰ ਆ ਗਿਆ।

ਜੈਲੇ ਪੁਤ ਨੂੰ ਉਹ ਆਪ ਉਸ ਥਾਂ ਛੱਡ ਆਇਆ ਸੀ ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਦਾ ਤੇ ਉਸ ਨੇ ਵੀ ਮੁੜ ਕੇ ਨਹੀਂ ਸੀ ਪਰਤਣਾ… ਪਰ ਪਾਲ ਆਪ ਹੀ ਉਸ ਜਗਾ ਚਲਾ ਗਿਆ ਸੀ, ਉਚੇਰੀ ਮਮਟੀ ਤੇ…ਜਿੱਥੋਂ ਉਹ ਪਿੰਡ ਆਉਣ ਤੋ ਇਨਕਾਰੀ ਸੀ… ਪਿੰਡ ਦੇ ਲੋਕ ਉਸ ਨੂੰ ਬੌਣੇ ਜਾਪਣ ਲੱਗੇ ਸਨ।

ਪਿਛਲੇ ਕੁੱਝ ਮਹੀਨਿਆਂ ਤੋਂ ਪਿੰਡ ਵਿਚ ਧੁਖ ਧੁਖੀ ਜਿਹੀ ਮੱਚ ਗਈ ਸੀ…ਪਾਲ ਤੇ ਦੀਪੇ ਦੀ ਅੰਦਰੋਂ ਕੁੱਝ ਕੜਵਾਹਟ ਹੋਈ ਹੈ। ਇਹ ਗੱਲ ਚੰਡੀਗੜ੍ਹ ਦੀਆਂ ਉੱਡਣੀਆਂ ਬੱਸਾਂ ਤੋਂ ਹੋ ਕੇ ਗਲੀ ਗਲੀ ਮਹੱਲੇ ਮਹੱਲੇ ਹਰ ਚੁਲੇ ਤੱਕ ਪਹੁੰਚ ਗਈ ਸੀ। ਪਿੰਡ ਦੇ ਸ਼ਰੀਕ ਪਾਲ ਤੋਂ  ਆਪਣਾ ਕੰਮ ਕੱਢਣ ਵਾਸਤੇ, ਉੱਲੂ ਸਿਧਾ ਕਰਨ ਵਾਸਤੇ ਉਸ ਨੂੰ ਪਤਾ ਨਹੀਂ ਕੀ ਝੂਠ ਸੱਚ ਉਸ ਦੇ ਕੰਨੀ ਭਰਦੇ ਰਹੇ ਤੇ ਇਸ ਤਰ੍ਹਾਂ ਪਾਲ ਦੀਪੇ ਤੋਂ ਕੋਹਾਂ ਦੂਰ ਹੋ ਗਿਆ। ਨਾਲੇ ਹੁਣ ਉਸ ਦੀ ਦੀਪੇ ਨਾਲ ਕੀ ਸਾਂਝ? ਉਹ ਇਕ ਬੜਾ ਵੱਡਾ ਅਫ਼ਸਰ ਤੇ ਉਹ ਇਕ ਸਿਧਾ ਸਾਦਾ ਸੰਢੇ ਕੁੱਟਦਾ ਜੱਟ…ਕੰਮ ਕੱਢਿਆ ਯਾਰ ਕੋਠੇ ਤੇ…ਕਾਰ ਤੇ ਝੋਟਿਆਂ ਦਾ ਕੀ ਮੁਕਾਬਲਾ…। ਆਪਣਾ ਅੱਗਾ ਸਵਾਰ ਕੇ ਪਾਲ ਹੁਣ ਦੀਪੇ ਨੂੰ ਅੰਦਰੋਂ ਕੁੜੱਤਣ ਕਰਨ ਲੱਗਾ।

ਘੰਟੇ ਤੇ ਘੜੀਆਂ ਗਿਣਦੇ ਗਿਣਦੇ ਬਰਬਾਦੀ ਤੇ ਮੁਸੀਬਤ ਦੇ ਇਹ ਦਿਨ ਲੰਘਦੇ ਗਏ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਪਾ ਮੂੰਹ ਚੁੱਕੀ ਪਾਲ ਨੂੰ ਉਡੀਕਦਾ ਰਹਿੰਦਾ। ਦੂਰੋਂ ਆਉਂਦੀ ਹਰ ਕਾਰ ਨੂੰ ਨਿਹਾਰਦਾ ਪਛਾਣਨ ਦੀ ਕੋਸ਼ਿਸ਼ ਕਰਦਾ ਪਰ ਕੋਈ ਵੀ ਕਾਰ ਉਸ ਦੇ ਰਸਤੇ ਨਾ ਮੁੜੀ।

‘ਕੋਈ ਨੀ…ਅੰਤਿਮ ਅਰਦਾਸ ਵਾਲੇ ਦਿਨ ਤਾਂ ਜ਼ਰੂਰ ਆਏਗਾ…ਹੋਰ ਕੋਈ ਜ਼ਰੂਰੀ ਸਰਕਾਰੀ ਕੰਮ ਪੈ ਗਿਆ ਹੋਵੇਗਾ…ਸੁਖ ਹੋਵੇ…ਪਾਲ ਠੀਕ ਹੋਵੇ…ਖੌਰੇ ਸੁਨੇਹਾ ਹੀ ਨਾ ਮਿਲਿਆ ਹੋਵੇ…ਨਵੇਂ ਤੋਂ ਨਵੇਂ ਉਬਾਲ ਉਸ ਦੇ ਜ਼ਿਹਨ ਚ ਉੱਬਲਦੇ ਤੇ ਨਿਰਅਸਰ ਹੁੰਦੇ ਰਹੇ। ਉਸ ਨੂੰ ਹੋਰ ਤਾਰ ਦੇ ਦਿਤੀ, ‘ਪਾਲ ਤੇਰਾ ਵੀਰ ਖ਼ਤਮ ਹੋ ਗਿਆ।’

ਭੋਗ ਵਾਲੇ ਦਿਨ ਦੀਪੇ ਦੇ ਸੁੰਨੇ ਵਿਹੜੇ ਦਾ ਇਕ ਇਕ ਕਿਣਕਾ ਇਸ ਰੱਬੀ ਕਹਿਰ ਦੇ ਖ਼ਿਲਾਫ਼ ਅਸਮਾਨ ਕੰਬਾਊ ਚੀਕਾਂ ਨਾਲ ਮੁਜ਼ਾਹਰਾ ਕਰ ਰਿਹਾ ਸੀ, ਦੁਸਮਣ ਵੀ ਆਏ…ਦੋਖੀ ਵੀ ਆਏ…ਜੀਹਨਾ ਨਹੀਂ ਸੀ ਆਉਣਾ ਉਹ ਵੀ ਆਏ…ਸਭ ਨੇ ਦੀਪੇ ਨੂੰ ਢਾਰਸ ਦਿਤੀ। ਦੀਪੇ ਦਾ ਧਿਆਨ ਹਰ ਪਲ ਦੂਰ ਸੜਕ ਤੇ ਉੱਡਦੀ ਧੂੜ ਵੱਲ ਟਿਕਿਆ ਰਿਹਾ…ਪਰ ਨਾਂ ਕੋਈ ਗੱਡੀ ਆਈ ਤੇ ਨਾ ਹੀ ਉਹ ਆਇਆ ਜਿਸ ਦੀ ਦੀਪੇ ਦੀਆਂ ਨਜ਼ਰਾਂ ਨੂੰ ਬੜੀ ਡੂੰਘੀ ਤਲਾਸ਼ ਸੀ।

ਡਾਕੀਆਂ ਚਿੱਠੀ ਲੈ ਕੇ ਆਇਆ…ਚਿੱਠੀ ਪਾਲ ਦੀ ਸੀ…। ‘ਪਾਲ ਦੀ ਚਿੱਠੀ…? ਮੇਰੇ ਪਾਲ ਦੀ…।’ ਦੀਪਾ ਕਮਲਿਆ ਵਾਂਗ ਹੱਸਿਆ ਤੇ ਫਿਰ ਉਸ ਦੇ ਅੰਦਰੋਂ ਜਜਬਾਤਾਂ ਦੇ ਹੜ ਅੱਖਾਂ ਰਾਹੀਂ ਪਰਲ ਪਰਲ ਵਹਿ ਤੁਰੇ। ਚਿੱਠੀ ਉਸ ਦੇ ਹੱਥ ਚ ਕੰਬ ਰਹੀ ਸੀ, ਉਸ ਦੇ ਹੱਥ ਚਿੱਠੀ ਫੜੀ ਕੰਬ ਰਹੇ ਸਨ…ਦੀਪੇ ਦੇ ਹਟਕੋਰੇ ਧਾਹਾਂ ਤੇ ਲੇਰਾਂ ਮੱਧਮ ਹੋਈਆਂ। ਉਸ ਨੇ ਆਪਣੇ ਆਪ ਤੇ ਕਾਬੂ ਪਾਇਆ।

‘ਪੜ੍ਹ ਖਾਂ, ਕੀ ਕਹਿੰਦਾ ਏ ਮੇਰਾ ਪਾਲ।…।’ ਚਾਦਰ ਨਾਲ ਹੰਝੂ ਪੂੰਝਦੇ ਦੀਪੇ ਨੇ ਡਾਕੀਏ ਨੂੰ ਤਰਲਾ ਜਿਹਾ ਕੀਤਾ।

‘ਚਾਚਾ ਜੀ ਜੈਲੇ ਵੱਲੋਂ ਸੁਣ ਕੇ ਬੜਾ ਦੁਖ ਹੋਇਆ ਹੈ…ਸਰਕਾਰੀ ਕੰਮਾਂ ਦੇ ਰੁਝੇਵੇਂ ਮੈਂ ਆ ਨਹੀਂ ਸਕਿਆ, ਮੁਆਫ਼ ਕਰਨਾ…ਮੇਰੀ ਪੈਲੀ ਤੁਸੀਂ ਪਿਛਲੇ ਦਸ ਸਾਲਾਂ ਤੋਂ ਖਾ ਰਹੇ ਹੋ…ਮੈਨੂੰ ਪਤਾ ਲੱਗਾ ਹੈ ਮੇਰਾ ਇਕ ਖੇਤ, ਇਕ ਕਿੱਲਾ ਤੁਹਾਡੇ ਥੱਲੇ ਵਗਦਾ ਹੈ…ਮੈਂ ਪਟਵਾਰੀ ਕੋਲੋਂ ਸਾਰਾ ਪਤਾ ਕਰ ਲਿਆ ਹੈ ਉਸ ਦਾ ਗਾਹਕ ਲੱਭ ਦਿਓ…, ਮੈਂ ਵੇਚ ਕੇ ਇੱਥੇ ਹੀ ਕੋਠੀ ਮੁਲ ਲੈਣੀ ਹੈ…।’          ਪੜਦੇ ਪੜਦੇ ਡਾਕੀਏ ਦੀਆਂ ਅੱਖਾਂ ਸੇਜਲ ਹੋ ਗਈਆਂ।

‘ਲੈ ਲੈ ਪੁਤ ਜੋ ਮਰਜ਼ੀ ਲੈ ਲੈ…ਲੈ ਲੈ…, ਹੁਣ ਤਾਂ ਸਭ ਕੁੱਝ ਤੇਰਾ…।’ ਦੀਪੇ ਨੇ ਆਖ਼ਰੀ ਲੇਰ ਮਾਰੀ ਤੇ ਚਿੱਠੀ ਮਰੋੜ ਕੇ ਬੋਝੇ ਵਿਚ ਪਾ ਲਈ। “‘

ਪੁਲਸ ਮੁਕਾਬਲਾ

ਪਾਲੇ ਦੋਧੀ ਨੇ ਸਵੇਰੇ ਰੋਜ ਵਾਂਗ ਚਾਰ ਵਜੇ ਉੱਠ ਕੇ ਘਰੀ ਘਰੀ ਜਾ ਕੇ ਲੋਕਾਂ ਨੂੰ ਜਗਾਇਆ…ਪਸ਼ੂਆਂ ਦੀਆਂ ਧਾਰਾਂ ਕਢਾਈਆਂ ਤੇ ਆਪਣੀ ਬਾਂਧ ਦਾ ਦੁਧ ਡੋਲਣਿਆਂ ਵਿਚ ਪਾ ਕੇ ਘਰ ਮੁੜਿਆ। ਉਸ ਦੀ ਸੁਆਣੀ ਰਾਤ ਦੇ ਇਕੱਤਰ ਕੀਤੇ ਦੁਧ ਤੋਂ ਮਲਾਈ ਦਾ ਖੜੇਪੜ ਲਾਹ ਕੇ ਤੇ ਕੁੱਝ ਬਣਦਾ ਸਰਦਾ ਪਾਣੀ ਮਿਲਾ ਕੇ ਵਿਹਲੀ ਹੋ ਗਈ ਸੀ। ਉਸ ਨੇ ਪਾਲੇ ਵਾਸਤੇ ਚਾਹ ਦੀ ਗੜਵੀ ਤੇ ਕੌਲੀ ਚੌਕੇ ਦੀ ਛੋਟੀ ਕੰਧ ਤੇ ਰੱਖਦਿਆਂ ਪਾਲੇ ਦੀ ਤਵੱਜੋ ਖਿੱਚੀ…।

‘ਛਿੰਦੋ ਦੇ ਭਾਅ। ਅੱਜ ਘਰ ਦਾ ਲੂਣ ਤੇਲ ਵੀ ਮੁੱਕਿਆ ਹੋਇਆ ਹੈ, ਆਉਂਦਾ ਹੋਇਆ…ਉਹ ਵੀ ਲੈ ਆਵੀਂ…ਸਾਰਾ ਲੂਣ ਵਸਾਰ।’

‘ਹੱਛਾ ਲੈ ਆਵਾਂਗਾ।…ਤੂੰ ਹੋਰ ਸੇਵਾ ਦੱਸ…।’

ਪਾਲੇ ਨੇ ਉਹਦੇ ਨਜ਼ਦੀਕ ਹੋਣ ਦੀ ਕੋਸ਼ਿਸ਼ ਕੀਤੀ।

‘ਸੱਚ ਛਿੰਦੋ ਵੀ ਹੁਣ ਸੁਖ ਨਾਲ ਦਸਵੀਂ ਚੜ ਗਈ ਏ…ਉਹਦੀਆਂ ਕਿਤਾਬਾਂ ਤੇ ਨਵੀਂ ਵਰਦੀ…।’

‘ਉਹ ਵੀ ਲੈ ਆਵਾਂਗਾ…। ਤੂੰ ਹੁਕਮ ਕਰੀ ਚਲ…।’ ਪਾਲੇ ਨੇ ਦੁਧ ਦੇ ਡੋਹਣੇ ਵੱਡੇ ਕੈਨਾਂ ਵਿਚ ਉਲਟ ਕੇ ਲੋਹੇ ਦੀ ਕੁੰਡੀ ਨਾਲ ਮੋਟਰ ਸੈਕਲ ਦੀ ਪਿਛਲੀ ਕਾਠੀ ਦੇ ਦੋਹੀ ਬੰਨੀ ਲਟਕਾਉਂਦੇ …ਗੱਲ ਲਟਕਾਈ ਰੱਖੀ।

‘ਪਰ ਅੱਜ ਤਾਂ ਭਾਰ ਜ਼ਿਆਦਾ ਹੋ ਜਾਣਾ! ਸ਼ਾਮੇ ਕਿਆਂ ਦੇ ਵਿਆਹ ਲਈ ਘਿਉ ਖੰਡ ਤੇ ਹੋਰ ਸੌਦਾ ਉਨ੍ਹਾਂ ਕਹਿ ਰੱਖਿਆ, ਉਹ ਵੀ ਜ਼ਰੂਰੀ।’

‘ਹੱਲਾਅ। ਚਲ ਕੱਲ੍ਹ ਲੈ ਆਵੀ।…।’

ਪਾਲਾ ਇਸ ਪਿੰਡ ਦਾ ਕਹਿੰਦਾ ਕਹਾਉਂਦਾ ਹਰਮਨ ਪਿਆਰਾ ਸ਼ਖ਼ਸ ਸੀ ਜਿਸ ਨੇ ਆਪਣੀ ਸਖ਼ਤ ਹੱਡ ਭੰਨਵੀਂ ਮਿਹਨਤ ਸਦਕਾ ਨਾ ਸਿਰਫ਼ ਆਰਥਕ ਪੱਖੋਂ ਹੀ ਅਥਾਹ ਤਰੱਕੀ ਕੀਤੀ ਸੀ ਸਗੋਂ ਨਾਲ ਹੀ ਉਸ ਨੇ ਇਲਾਕੇ ਵਿਚ ਚੰਗੀ ਇੱਜ਼ਤ, ਸ਼ੁਹਰਤ ਤੇ ਰੁਤਬਾ ਕਮਾਇਆ ਸੀ। ਇਕ ਪੁਰਾਣੇ ਜਿਹੇ ਸਾਈਕਲ ਤੇ ਪੰਜ ਦਸ ਕਿੱਲੋ ਦੁਧ ਤੋਂ ਸ਼ੁਰੂ ਕਰਕੇ ਮੋਟਰ ਸਾਈਕਲ ਤੱਕ ਦੋ ਢਾਈ ਕਵਿੰਟਲ ਦੁਧ ਦੇ ਕਾਰੋਬਾਰ ਤੱਕ ਪਹੁੰਚ ਗਿਆ ਸੀ। ਲੋਕਾਂ ਦੀਆਂ ਬੁੱਤੀਆਂ ਪੂਰੀਆਂ ਕਰਨ ਤੋਂ ਉਸ ਨੇ ਕਦੇ ਵੀ ਨਜ਼ਰਾਂ ਨਹੀਂ ਚੁਰਾਈਆਂ ਸਨ। ਜਾਣ ਵੇਲੇ ਉਹ ਦੁਧ ਦੇ ਭਾਂਡੇ ਭਰ ਕੇ ਲਿਜਾਂਦਾ ਤੇ ਸ਼ਹਿਰੋਂ ਵਾਪਸੀ ਸਮੇਂ ਲੋਕਾਂ ਦੀਆਂ ਲੋੜਾਂ ਤੇ ਹੋਰ ਖਾਦ ਸਮਗਰੀ ਸਬਜ਼ੀ ਫਲ ਖਾਣ ਤੇ ਹੋਰ ਸਮਾਨ ਨਾਲ ਲੱਦਿਆ ਮੁੜਦਾ। ਦੁਧ ਵਿਚੋਂ ਵੀ ਕਮਾਈ ਕਰਦਾ ਤੇ ਇਸ ਸਮਾਨ ਵਿਚੋਂ ਵੀ ਕਮਾਈ ਕਰਕੇ ਹੁਣ ਉਹ ਇਕ ਸਾਧਾਰਨ ਪਾਲਾ ਨਾ ਰਹਿ ਕੇ ਸਰਦਾਰ ਕਿਰਪਾਲ ਸਿੰਘ ਕਹਾਉਣ ਲੱਗਾ ਸੀ।

‘ਕਰ ਤਾ ਫੈਟ ਪੂਰਾ…?’

‘ਹਾਂ ਦਸ ਪੰਦਰਾਂ ਸੇਰ ਵਧਾ ਤਾਂ…।’

‘ਚਲ ਠੀਕ ਆ…ਬਹੁਤ ਐ…।’

ਉਸ ਨੇ ਪੈਰ ਨਾਲ ਪੋਲੀ ਜਿਹੀ ਦਾਬ ਦਿਤੀ…ਕਿੱਕ ਹਿੱਲੀ ਤੇ ਫੜ ਫੜ ਕਰਦਾ ਮੋਟਰ ਸਾਈਕਲ ਬਾਹਰ ਨੂੰ ਹੋ ਤੁਰਿਆ ਤੇ ਬੜੀ ਦੇਰ ਤੱਕ ਇਸ ਦੀ ਫੱਟ ਫੱਟ ਗਲੀਆਂ ਦੇ ਮੋੜਾਂ ਚ ਗੂੰਜਦੀ ਪਿੱਛੇ ਛੱਡ ਪਿੰਡ ਦਾ ਬਸੀਮਾਂ ਪਾਰ ਕਰ ਗਿਆ।

ਸ਼ਹਿਰ ਦੇ ਲਾਗੇ ਪਹੁੰਚ ਕੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਪਹਿਲਾਂ ਤੋਂ ਉਲਟ ਅੱਜ ਸੜਕਾਂ ਤੇ ਭੀੜ ਭੜੱਕਾ ਤੇ ਗਹਿਮਾ ਗਹਿਮੀ ਬਹੁਤ ਘੱਟ ਸੀ। ‘ਹੜਤਾਲ ਹੈ ਸ਼ਹਿਰ ਵਿਚ…।’ ਇਕ ਹੋਰ ਉਸ ਦੇ ਸਾਥੀ ਨੇ ਜੋ ਨਿਰਾਸ਼ ਹੋ ਕੇ ਵਾਪਸ ਮੁੜ ਰਿਹਾ ਸੀ, ਅਸ਼ੁੱਭ ਖ਼ਬਰ ਦੇ ਕੇ ਪਾਲੇ ਨੂੰ ਉਦਾਸ ਕਰ ਦਿਤਾ। ਸ਼ਹਿਰੋਂ ਲਿਆਉਣ ਵਾਲੇ ਸੌਦੇ ਦੀ ਲਿਸਟ ਉਸ ਨੇ ਹੱਥਾਂ ਨਾਲ ਟੋਹੀ। ਅੱਗੇ ਪੁਲਿਸ ਨਾਕੇ ਤੇ ਖੜੇ ਸਿਪਾਹੀ ਦੇਖ ਕੇ ਉਸ ਦਾ ਮੋਟਰ ਸਾਈਕਲ ਆਪ ਮੁਹਾਰੇ ਬੰਦ ਹੋ ਗਿਆ।

ਰਾਖਵੇਂਕਰਨ ਵਿਰੋਧੀ ਅੰਦੋਲਨ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਵਿਚ ਆ ਵੜਿਆ। ਹੌਲੀ ਹੌਲੀ ਇਹ ਲਹਿਰ ਹਰ ਗਲੀ ਹਰ ਮਹੱਲੇ ਮੰਡਲਾਉਣ ਲਗੀ।  ਕਦੇ ਰਾਖਵੇਂਕਰਨ ਵਿਰੋਧੀ ਪਾਰਟੀਆਂ ਹੜਤਾਲ ਕਰਵਾ ਦਿੰਦੀਆਂ ਤੇ ਕਦੇ ਰਾਖਵੇਂਕਰਨ ਦੇ ਹੱਕ ਵਿਚ ਕੁੱਝ ਟੋਲੇ ਲਾਲਾ ਲਾਲਾ ਕਰਦੇ ਗਲੀਆਂ ਮਹੱਲਿਆਂ ਬਾਜ਼ਾਰਾਂ ਵਿਚ ਹੋ ਹੱਲਾ ਕਰਦੇ ਦਗੜ ਦਗੜ ਨਿਕਲ ਜਾਂਦੇ। ਦੁਕਾਨਾਂ ਵਾਲੇ, ਘਰਾਂ ਵਾਲੇ ਇਸ ਬਲਦੀ ਅੱਗ ਤੋਂ ਬਚਣ ਲਈ ਆਪਣੇ ਛਟਰ ਥੱਲੇ ਸੁੱਟ ਲੈਂਦੇ ਦਰਵਾਜੇ ਭੇੜ ਲੈਂਦੇ। ਕਦੇ ਅੱਗ ਲਗਾਉਣ ਦੀਆਂ ਘਟਨਾਵਾਂ, ਭੰਨ ਤੋੜ ਦੀਆਂ ਅਫ਼ਵਾਹਾਂ  ਲੁੱਟਮਾਰ ਦੀਆਂ ਖ਼ਬਰਾਂ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੰਦੀਆਂ। ਹੜਤਾਲ ਹੋਣ ਕਰਕੇ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ। ਕਰਫ਼ਿਊ ਵਰਗੀ ਸਥਿਤੀ ਸੀਂ ਹੜਤਾਲੀ ਨੌਜਵਾਨ ਮੁੰਡੇ ਕੁੜੀਆਂ ਵਧ ਚੜ ਕੇ ਆਤਮ ਦਾਹ ਕਰ ਰਹੇ ਸਨ। ਪੁਲਿਸ ਬਹੁਤ ਚੌਕਸੀ ਨਾਲ ਹਰ ਆਉਂਦੇ ਜਾਂਦੇ ਦੀ ਛਾਣ ਬੀਣ ਕਰ ਰਹੀ ਸੀ ਤੇ ਇਸ ਬਹਾਨੇ ਕਈ ਬੇਕਸੂਰ ਬਲੈਕ ਮੇਲ ਹੋ ਰਹੇ ਸਨ।  ਪਿੰਡਾਂ ਤੋਂ ਆਉਂਦੇ ਹਰ ਰਸਤੇ ਤੇ ਪੁਲੀਸ ਦੀ ਚੈਕਿੰਗ ਨਾਲ ਬਾਹਰੋਂ ਸ਼ਹਿਰ ਵਿਚ ਪੱਠੇ ਚਾਰਾ ਫਲ ਸਬਜ਼ੀ ਦੁਧ ਸਭ ਆਉਣਾ ਠੱਪ ਹੋ ਗਿਆ।  ਹੜਤਾਲੀ  ਵਲੰਟੀਅਰ ਵੀ ਬਾਹਰੋਂ ਆਉਂਦੇ ਹਰ ਆਦਮੀ ਤੇ ਅੱਖ ਰੱਖ ਰਹੇ ਸਨ।

ਇਹ ਤਾਂ ਆਪਣੇ  ਹੀ ਪੁਰਾਣੇ ਆੜੀ ਨੇ…ਉਸ ਨੂੰ ਕੁੱਝ  ਹੌਸਲਾ ਹੋਇਆ। ਪੁਲਸ ਦੀ ਟੋਲੀ ਵਿਚੋਂ ਇਕ ਦੋ ਤਾਂ ਪੁਰਾਣੇ ਹੀ ਸਿਪਾਹੀ ਸਨ ਜੋ ਉਸ ਦੇ ਜਾਣੇ ਪਛਾਣੇ ਸਨ ਜਿਨ੍ਹਾਂ ਨੂੰ ਉਹ ਹਰ ਰੋਜ ਕਿੱਲੋ ਦੋ ਕਿੱਲੋ ਦੁਧ ਭੇਟ ਕਰਕੇ ਜਾਂਦਾ ਸੀ…। ਪਰ ਅੱਜ ਉਸ ਨੂੰ ਡਰ ਜਿਹਾ ਭਾਸਿਆ। ‘ਨਵਿਆਂ ਦਾ ਪਤਾ ਨਹੀਂ ਕਿੰਨਾ ਕੁ ਭਾਅ ਹੋਊ…।’ ਉਹ ਮਨ ਹੀ ਮਨ ਵਿਚ ਕਲਪਿਆ ਤੇ ਫਿਰ ਹੌਸਲਾ ਕਰਕੇ ਕਿੱਕ ਮਾਰੀ ਪਰ ਦੂਰ ਖੜੀ ਟੋਲੀ ਨੇ ਡੰਡੇ ਦੇ ਇਸ਼ਾਰੇ ਨਾਲ ਹੀ ਉਸ ਨੂੰ ਪਿੱਛੇ ਮੁੜਨ ਦਾ ਹੁਕਮ ਚੜਾ ਕੇ ਉਸ ਦੀਆਂ ਆਸਾਂ ਤੇ ਪਾਣੀ ਫੇਰ ਦਿਤਾ।

‘ਉਸ ਦੇ ਰੋਜ ਦੇ ਗਾਹਕ ਔਰਤਾਂ, ਬੱਚੇ ਕਿੰਨੀ ਬੇਸਬਰੀ ਨਾਲ ਉਸ ਦੀ ਇੰਤਜ਼ਾਰ ਕਰ ਰਹੇ ਹੋਣਗੇ…ਉਹ ਚਾਹ ਕਿਥੋਂ ਪੀਣਗੇ…ਬੱਚਿਆਂ ਦੇ ਦੁਧ ਦੀਆਂ ਬੋਤਲਾਂ ਕਿੱਦਾਂ ਬਣਨਗੀਆਂ…ਤੇ ਫਿਰ ਇਹ ਢਾਈ ਕਵਿੰਟਲ ਦੁਧ। ਕਿਸੇ ਕੰਮ ਨਾ ਆਇਆ ਤੇ ਗਰਮੀ ਵਿਚ ਖ਼ਰਾਬ ਹੋ ਜਾਏਗਾ…। ਸਾਮੀਆਂ ਕੋਲੋਂ ਪੈਸੇ ਲੈ ਕੇ ਵਿਆਹ ਵਾਲਿਆ ਦਾ ਸਮਾਨ ਵੀ ਪਹੁੰਚਾਉਣਾ।’ ਉਸ ਨੂੰ ਖੜੇ ਖੜੇ ਘੁਮੇਟਣੀ ਜਿਹੀ ਆਉਣ ਲੱਗੀ। ਮਿੰਟ ਦੀ ਮਿੰਟ ਮੋਟਰ ਸਾਈਕਲ ਦੇ ਹੈਂਡਲ ਤੇ ਸਿਰ ਟਿਕਾ ਕੇ ਉਸ ਨੇ ਆਰਾਮ ਕਰਨ ਵਾਂਗ ਸਿਰ ਚ ਖੁੱਭਦੀਆਂ ਸੂਈਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

‘ਚਲ ਮਨਾ! ਪਤਾ ਨਹੀਂ ਫਿਰ ਪਤੰਦਰ ਕਿਤੇ ਪਿੱਛੇ ਹੀ ਆ ਕੇ ਡੰਡੇ ਨਾ ਵਰ੍ਹਾਉਣ ਲੱਗ ਜਾਣ। ਟਾਇਰਾਂ ਦੀ ਫੂਕ ਹੀ ਨਾ ਕੱਢ ਜਾਣ…।’ ਉਸ ਨੇ ਵੱਡਾ ਸਾਰਾ ਹਉਕਾ ਲਿਆ ਤੇ ਫਿਰ ਮੋਟਰ ਸਾਈਕਲ ਪਿੱਛੇ ਨੂੰ ਮੋੜ ਲਿਆ। ਪਰ ਥੋੜੀ ਦੂਰ ਜਾ ਕੇ ਫਿਰ ਬਰੇਕ ਲੱਗ ਗਈ। ਉਸ ਨੇ ਪਿੱਛੇ ਦੇਖਿਆ ਦੂਰ ਤੱਕ…ਸ਼ਹਿਰ ਵਿਚ ਵੜਦੇ ਸਾਰੇ ਰਸਤੇ ਉਸ ਦੀ ਕਲਪਨਾ ਵਿਚੋਂ ਲੰਘ ਗਏ…। ਘਰ ਵਾਪਸ ਮੁੜਨਾ ਉਸ ਦੀ ਹਾਰ ਦੇ ਬਰਾਬਰ ਸੀ। ਢਾਈ  ਕਵਿੰਟਲ ਦੁਧ ਵਿਚ ਘੁਲੇ ਉਸ ਦੇ ਅਰਮਾਨ ਤੇ ਲੋੜਾਂ ਹਵਾ ਵਿਚ ਲਟਕਣ ਲੱਗੇ।  ਉਸ ਦਾ ਵਾਹਨ ਕੱਚੇ ਰਸਤੇ ਪੈ ਗਿਆ। ਖਾਲ਼ਾਂ ਵਿਚੋਂ ਦੀ, ਕਮਾਦਾਂ ਦੇ ਉਹਲਿਉਂ, ਪਗਡੰਡੀਆਂ ਵਿਚੀ ਹੁੰਦਾ ਹੋਇਆ ਆਖ਼ਰ ਉਹ ਪੁਲਿਸ ਨੂੰ ਚਕਮਾ ਦੇ ਕੇ ਸ਼ਹਿਰ ਵਿਚ ਵੜ ਗਿਆ। ਆਪਣੇ ਪਿਆਰੇ-ਪਿਆਰੇ ਗਾਹਕਾਂ ਦੇ ਮਹੱਲੇ ਪੁੱਜਣ ਵਿਚ ਸਫਲ ਹੋ ਗਿਆ…ਉਸ ਨੂੰ ਬੜੀ ਖ਼ੁਸ਼ੀ ਹੋਈ ਜਿਵੇਂ ਉਸ ਨੇ ਕਾਰਗਿਲ ਦੀ ਚੋਟੀ ਸਰ ਕਰ ਲਈ ਹੋਵੇ…। ਉਸ ਦੇ ਮੋਟਰ ਸਾਈਕਲ ਦੀ ਆਵਾਜ਼ ਸੁਣ ਕੇ ਸਵਾਣੀਆਂ ਨੇ ਬਾਰੀਆਂ ਵਿਚੀ ਬਾਹਰ ਝਾਕਿਆ…ਕਰਮੰਡਲ, ਡੋਲੂ, ਤੇ ਹੋਰ ਭਾਂਡੇ ਖੜਕੇ…ਤੇ ਉਸ ਦੇ ਦੁਆਲੇ ਝੁਰਮਟ ਪੈ ਗਿਆ।

ਅਜੇ ਦੋ ਚਾਰ ਚੁੰਗਾਂ ਹੀ ਭੁਗਤੀਆਂ ਸਨ ਕਿ ਹਰਲ ਹਰਲ ਕਰਦੀ ਮੁੰਡੀਰ ਹੱਥਾਂ ਚ ਡਾਂਗਾਂ  ਸੋਟੇ ਲਈ ਉਧਰ ਆ ਝਪਟੀ। ਵੇਖਦੇ-ਵੇਖਦੇ ਉਹ ਇਕੱਲਾ ਹੀ ਰਹਿ ਗਿਆ ਗਲੀ ਵਿਚ…। ਉਸ ਦੇ ਗਾਹਕ ਸਭ ਅੰਦਰੀ ਜਾ ਵੜੇ …ਇਕ ਦੋ ਨੇ ਆਪਣੇ ਬੱਚਿਆਂ ਦੇ ਤਰਲੇ ਵਾਸਤੇ ਪਾ ਕੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ…ਪਰ ਮੌਤ ਮੂਹਰੇ ਵੇਖ ਕੇ ਸਭ ਅੰਦਰ ਵੜ ਕੇ ਤਮਾਸ਼ਾ ਦੇਖਣ ਲੱਗੇ, ਝੀਤਾਂ ਵਿਚੀ।

‘ਓਏ ਤੈਨੂੰ ਨੀ ਪਤਾ ਅੱਜ ਹੜਤਾਲ  ਕਰਾਈ ਏ ਅਸਾਂ ?’

‘ਮੇਰੇ ਚਾਚਿਉ। ਮੇਰੇ ਬਾਬਿਉ। ਮੈਨੂੰ ਪਤਾ ਨਹੀਂ ਸੀ।’ ਉਸ ਵੱਲ ਉੱਲਰੀਆਂ ਲਾਠੀਆਂ ਵੇਖ ਕੇ ਉਸ ਨੇ ਹੱਥ ਜੋੜ ਕੇ ਤਰਲਾ ਕੀਤਾ।

‘ਠਹਿਰੋ।…।’ ਉਨ੍ਹਾਂ ਦੇ ਆਗੂ ਦੀ ਚੇਤਾਵਨੀ ਨਾਲ ਉੱਲਰੀਆਂ ਲਾਠੀਆਂ ਨੀਵੀਂਆਂ ਹੋ ਗਈਆਂ।

ਉਹ ਸਾਰੇ ਡਰੰਮਾਂ ਵੱਲ ਹੋ ਗਏ…ਸਾਰੀ ਮੁੰਡੀਰ ਨੇ ਕੈਨ ਦੇ ਢੱਕਣ ਲਾਹ ਕੇ ਦੁਧ ਪਾ ਪਾ ਪੀਤਾ…ਸਾਰਿਆਂ ਨੇ ਪੀਤਾ…ਰੱਜ ਕੇ ਪੀਤਾ, ਜਿੰਨਾ ਪੀ ਸਕਦੇ ਸੀ ਪੀਤਾ…।’

‘ਤੇ ਜਾਹ! ਪਿਛਾ ਮੁੜ ਕੇ ਨਾ ਵੇਖੀ। ਜਿੰਨਾ ਚਿਰ ਹੜਤਾਲ ਹੈ…ਸ਼ਹਿਰ ਚ ਨਾ ਵੜੀ।’  ਇਕ ਨੇ ਬਚਦੇ ਦੁਧ ਵਾਲੇ ਕੈਨ ਵਿਚ ਇਕ ਪੁੜੀ ਜਿਹੀ ਸੁੱਟਦੇ ਉਹਨੂੰ ਦਬਕਾ ਮਾਰਿਆ।

ਜਾਨ ਬਚੀ ਸੋ ਲਾਖੋਂ ਪਾਏ। ਉਸ ਨੇ ਸੁਖ ਦਾ ਸਾਹ ਲਿਆ। ਅੱਧਾ ਪਿਆ ਕੇ ਅੱਧਾ ਬਚਾ ਲਿਆ…ਇਹ ਵੀ ਤਾਂ ਉਸ ਦੀ ਖ਼ੁਸ਼ਕਿਸਮਤੀ ਸੀ ਤੇ ਹੋਰ ਅਜਿਹੀਆਂ ਉੱਲਰੀਆਂ ਲਾਠੀਆਂ ਦੇ ਭੇੜ ਵਿਚੋਂ ਬਚ ਜਾਣਾ…।  ਉਸ ਨੇ ਰੱਬ ਦਾ ਸੌ ਸੌ ਸ਼ੁਕਰ ਕੀਤਾ ਤੇ ਸੁੱਖਣਾ ਸੁੱਖੀਆਂ।  ਹੁਣ ਮੁੜਦੇ ਸਮੇਂ ਉਸ ਦਾ ਮੋਟਰ ਸਾਈਕਲ ਫਿਰ ਉਨ੍ਹਾਂ ਹੀ ਪੁਰਾਣੇ ਰਾਹਾਂ ਚ ਘੱਟਾ ਉਡਾਉਂਦਾ ਸਰਪਟ ਦੌੜਨ ਲੱਗਾ। ਰਾਹ ਛੱਡ ਕੇ ਕੁਰਾਹੇ ਜਾਣ ਵਾਲੇ ਇਸ ਮੋਟਰ ਸਾਈਕਲ ਨੂੰ ਦੂਰੋਂ ਪੁਲੀਸ ਪਾਰਟੀ ਨੇ ਨੋਟ ਕੀਤਾ। ਰੁਕਣ ਦਾ ਇਸ਼ਾਰਾ ਕੀਤਾ…ਸਪੀਕਰ ਵਿਚ ਰੁਕਣ ਲਈ ਵਾਰਨਿੰਗ ਦਿਤੀ…।

‘ਜ਼ਰੂਰ ਕੋਈ ਵੱਡਾ ਬਲੈਕੀਆ ਹੈ। ਸ਼ਰਾਬ ਦੇ ਡਰੰਮ ਭਰੇ ਨੇ ਇਹਦੇ ਕੋਲ ਬਲੈਕ ਦਾ ਮਾਲ ਲੈ ਕੇ ਜਾ ਰਿਹਾ ਹੈ ਇਹ …।’ ਇਕ ਪੁਲੀਸ ਮੋਟਰ ਸਾਈਕਲ ਉਸ ਦਾ ਪਿਛਾ ਕਰਨ ਲੱਗਾ। ਮੋਟਰ ਸਾਈਕਲ ਉਸ ਦੇ ਮੋਟਰ ਸਾਈਕਲ ਦੇ ਪੈਰ ਨੱਪਦਾ ਮੌਰੀਂ ਚੜ੍ਹਦਾ ਆ ਰਿਹਾ ਸੀ…

ਉਹ ਘਬਰਾ ਗਿਆ…ਉੱਥੋਂ ਬਚੇ ਇੱਥੋਂ ਹੁਣ ਖੈਰ ਨਹੀਂ…। ਉਸ ਨੇ ਮੋਟਰ ਸਾਈਕਲ ਸੁੱਟ ਦਿਤਾ ਤੇ ਪਾਸੇ ਖੇਤਾਂ ਨੂੰ ਦੌੜਨ ਲੱਗਾ…।

‘ਰੁਕ ਜਾ…ਰੁਕ ਜਾ…।’ ਪਰ ਉਹ ਹੋਰ ਤੇਜ ਦੌੜੀ ਜਾ ਰਿਹਾ ਸੀ…। ਠਾਹ ਕਰਦੀ ਗੋਲੀ ਉਸ ਦੀ ਪਿੱਠ ਚੀਰ ਕੇ ਉਸ ਨੂੰ ਢੇਰੀ ਕਰ ਗਈ।

ਮੌਕੇ ਤੇ ਪਹੁੰਚ ਚੁਕੇ ਸਿਪਾਹੀ ਤੇ ਉਨ੍ਹਾਂ ਦੇ ਇੰਚਾਰਜ ਬੜੇ ਖ਼ੁਸ਼ ਹੋਏ। ਮਾਲ ਢੱਠ ਗਿਆ ਸੀ।   ਲਾਸ਼ ਦੀ ਤਲਾਸ਼ੀ ਲਈ ਗਈ। ਸਮਾਨ ਲਿਆਉਣ ਲਈ ਲਿਖਿਆ ਇਕ ਖਾਲੀ ਟੋਂਬੂ ਤੇ ਰੋਜ਼ਾਨਾ ਖ਼ਰੀਦੇ ਤੇ ਵੇਚੇ ਦੁਧ ਵਾਲੀ ਇਕ ਛੋਟੀ ਜਿਹੀ ਡਾਇਰੀ ਤੋਂ ਬਿਨਾ ਕੁੱਝ ਨਾ ਮਿਲਿਆ। ਡਰੰਮਾਂ ਵਿਚ ਸ਼ਰਾਬ ਜਾਂ ਹੋਰ ਬਲੈਕ ਦੇ ਮਾਲ ਦੀ ਥਾਂ ਦੁਧ ਵੇਖ ਕੇ ਥਾਣੇਦਾਰ ਨੂੰ ਬਹੁਤ ਪਛਤਾਵਾ ਹੋਇਆ…।

‘ਪਰ ਚਲੋ। ਜੋ ਹੋਇਆ ਸੋ ਹੋ ਗਿਆ ਪਰ ਹੁਣ ਇਹਦੇ ਲਾਗੇ ਇਕ ਦੇਸੀ ਪਸਤੌਲ ਰੱਖ ਦੇ।’ ਥਾਣੇਦਾਰ ਨੇ ਹੌਲਦਾਰ ਨੂੰ ਸਲਾਹ ਦਿਤੀ।

‘ਚਿੰਤਾ ਨਾਂ ਕਰੋ ਜਨਾਬ।  ਇਹ ਤਾਂ ਬਣ ਗਿਆ ਬੜਾ ਤਕੜਾ ਪੁਲਸ ਮੁਕਾਬਲਾ… ਤੇ ਲੱਗ ਜਾਣ ਗਈਆਂ…ਸਾਨੂੰ ਹੁਣ ਫੀਤੀਆਂ ਤੇ ਸਟਾਰ…।’

ਹੌਲਦਾਰ ਨੇ ਆਪਣੇ ਮੋਢੇ ਵੱਲ ਹੱਥ ਦਾ ਇਸ਼ਾਰਾ ਕਰਦੇ ਅੱਖ ਮਟਕਾਈ।

‘ਜਨਾਬ। ਸਵੇਰ ਦੇ ਮਰ ਗੇ ਭੁਖੇ ਤਿਹਾਏ…ਦੁਧ ਦੀ ਘੁੱਟ ਘੁੱਟ ਹੀ ਪੀ ਲਈਏ…।’ ਇਕ ਸਿਪਾਹੀ ਦੀ ਨੇਕ ਸਲਾਹ ਮੰਨ ਕੇ ਥਾਣੇਦਾਰ ਨੇ ਹਾਂ ਕਰ ਦਿਤੀ। ਉਹੀ ਢਕਣ ਲਾਹ ਕੇ ਸਾਰੇ ਸਿਪਾਹੀਆਂ ਨੇ ਦੋ ਦੋ ਢੱਕਣ ਭਰ ਕੇ ਦੁਧ ਪੀਤਾ ਤੇ ਲੰਮੇ ਲੰਮੇ ਡਕਾਰ ਮਾਰੇ…।’   ਅੰਦੋਲਨਕਾਰੀਆਂ ਦੀ ਪੁੜੀ ਕਰਤਬ ਦਿਖਾਉਣ ਲੱਗੀ। ਗੋਲੀਆਂ ਦੀ ਆਵਾਜ਼ ਸੁਣ ਕੇ ਪਾਸੇ ਡੇਰਿਆਂ ਵਾਲੇ ਜਾਂ ਬੰਬੀਆਂ ਮੋਟਰਾਂ ਵਾਲੇ ਜੋ ਲੁਕ ਲੁਕ ਕੇ ਸਾਰੀ ਵਾਰਦਾਤ ਵੇਖ ਰਹੇ ਸਨ…ਹੌਸਲਾ ਕਰ ਕੇ ਅੱਗੇ ਆਏ…।

ਦੁਧ ਪੀਤੇ ਸਿਪਾਹੀ ਕੁੱਝ ਲੁੜ੍ਹਕ ਗਏ ਸਨ… ਕੁੱਝ ਲੁੜ੍ਹਕ ਰਹੇ ਸਨ।

ਅਗਲੇ ਦਿਨ ਅਖ਼ਬਾਰਾਂ ਦੀਆਂ ਵੱਡੀਆਂ ਸੁਰਖ਼ੀਆਂ ਸਨ।

‘ਖ਼ਤਰਨਾਕ ਡਾਕੂਆਂ ਨਾਲ  ਮੁੱਠ ਭੇੜ ਚ ਪੰਜ ਪੁਲਸ ਕਰਮੀ ਸ਼ਹੀਦ। ਭਾਰੀ ਅਸਲਾ ਤੇ ਲੁੱਟ ਮਾਰ ਦਾ ਨਜਾਇਜ਼ ਸਮਾਨ ਬਰਾਮਦ । ਇਕ ਖ਼ੂੰਖ਼ਾਰ ਅਣਪਛਾਤਾ ਡਾਕੂ ਹਲਾਕ ਬਾਕੀਆਂ ਦਾ ਪੁਲਸ ਪਿਛਾ ਕਰ ਰਹੀ ਹੈ…।’ “‘

ਚੁਬਾਰੇ ਵਾਲੀ ਬੇਬੇ

ਇੰਸਪੈਕਟਰ ਮੋਦਨ ਸਿੰਘ ਨੇ ਜਦ ਤੋਂ ਇਸ ਥਾਣੇ ਦਾ ਚਾਰਜ ਸੰਭਾਲਿਆ ਹੈ, ਸਭ ਕੁੱਝ ਹੀ ਉਲਟਾ ਪੁਲਟਾ ਹੋ ਗਿਆ ਹੈ।  ਸਾਰੇ ਇਲਾਕੇ ਵਿਚ ਖੂਬ ਗਹਿਮਾ ਗਹਿਮੀ ਤੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਅਫ਼ਵਾਹਾਂ ਦਾ ਬਾਜਾਰ ਗਰਮ ਹੈ। ਛੇਤੀ ਛੇਤੀ ਬੰਦ ਹੋਣ ਵਾਲੇ ਅਹਾਤੇ, ਢਾਬੇ, ਠੇਕੇ ਦੇਰ ਰਾਤ ਤੱਕ ਖੁਲੇ ਰਹਿਣ ਲੱਗੇ ਹਨ। ਕੋਠਿਆਂ ਦੀਆਂ ਰੁਠੀਆਂ ਬਹਾਰਾਂ ਫਿਰ ਪਰਤ ਆਈਆਂ ਹਨ ਤੇ ਦੋਬਾਰਾ  ਘੁੰਗਰੂ ਦੀ ਛਣਕਾਰ ਛਣਕਣ ਲੱਗੀ ਹੈ। ਚੋਰ ਡਾਕੂ ਤੇ ਗੁੰਡੇ ਅਨਸਰ ਬਾਜਾਰਾ ਵਿਚ ਮੁੜ ਉਮਡ ਪਏ ਨੇ। ਪੁਲਸ ਟਾਉਟ ਤੇ ਚਮਚੇ ਥਾਣੇ ਵਿਚ ਏਦਾਂ ਘੁੰਮਦੇ ਫਿਰਦੇ ਨੇ ਜਿਵੇਂ ਵਿਆਹ ਵਾਲੇ ਘਰ ਵਿਚ ਵਿਚੋਲਾ। ਇਹ ਸਭ ਕੁੱਝ ਪਹਿਲੇ ਇੰਚਾਰਜ ਨੇ ਬੰਦ ਕਰਵਾ ਦਿਤਾ ਸੀ…ਤੇ ਇਨਾਮ ਵਜੋਂ ਉਸ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਸੀ।

ਉਸ ਸਾਹਿਬ ਦੀ ਵਾਹ ਵਾਹ ਹੋ ਜਾਂਦੀ, ਜਿਸ ਥਾਣੇ ਗੁੰਡਾ ਗਰਦੀ ਹੈ,

ਜਿੱਥੇ ਕੇਸ ਕਦੇ ਕੋਈ ਆਉਂਦਾ ਨਹੀਂ, ਉਸ ਦੀ ਲਹਿ ਜਾਂਦੀ ਵਰਦੀ ਹੈ।

ਕੋਠੇ ਵਾਲੀ ਬੇਬੇ ਦੀ ਪੁੱਛ ਪ੍ਰਤੀਤ ਫਿਰ ਵਧ ਗਈ ਹੈ। ਜਿਸ ਕਿਸੇ ਵੀ ਸ਼ਰੀਫ਼ਜ਼ਾਦੇ ਨੂੰ ਬਦਨਾਮ ਕਰਨਾ ਹੋਵੇ, ਇਸ ਬੇਬੇ ਦਾ ਚੁਟਕੀ ਦਾ ਕੰਮ ਹੈ… ਉਸ ਦੇ ਨਾਲ ਦੋ ਚਾਰ ਜ਼ਨਾਨੀਆਂ ਹਰ ਵੇਲੇ ਉਸ ਦੇ ਹੁਕਮ ਦੀ ਉਡੀਕ ਦੀਆਂ ਗ਼ੁਲਾਮ ਹਨ। ਉਸ ਦੇ ਇਸ਼ਾਰੇ ਤੇ ਕੋਈ ਵੀ ਕਿਸੇ ਨੂੰ ਕਹਿ ਦੇਵੇ ‘ਫਲਾਣੇ ਨੇ ਮੈਨੂੰ ਸੀਟੀ ਮਾਰੀ ਹੈ, ਫਲਾਣੇ ਨੇ ਮੈਨੂੰ ਅੱਖ ਮਾਰੀ ਹੈ…ਫਲਾਣੇ ਨੇ ਮੈਨੂੰ ਮਖ਼ੌਲ ਕੀਤਾ ਹੈ ਆਦਿ ਤੇ ਫਿਰ ਕੇਸ ਪਰੇ ਪਚੈਤ ਵਿਚ ਜਾਂਦਾ ਹੈ, ਥਾਣੇ ਜਾਂਦਾ ਹੈ, ਸੌਦੇਬਾਜੀ ਹੁੰਦੀ ਹੈ। ਅੱਧਾ ਮਾਲ ਪੁਲਸ ਦਾ ਤੇ ਬਾਕੀ ਅੱਧਾ ਅੱਧਾ ਬੇਬੇ ਦਾ ਤੇ ਸ਼ਿਕਾਇਤ ਕਰਨ ਵਾਲੀ ਸ਼ਰੀਫ਼ ਜਾਦੀ ਦਾ।

ਤੇ ਅੱਜ ਅਜਿਹਾ ਹੀ ਇਕ ਕੇਸ ਥਾਣੇ ਪਹੁੰਚਿਆ ਹੈ। ਸਾਹਮਣੇ ਇਕ ਮੁਜਰਮ ਬਾਊ ਜੀ, ਜੈਂਟਲਮੈਨ ਸਿਰ ਨੀਵੀ  ਪਾਈ ਬੈਠੇ ਹਨ…ਬੇਬੇ ਸਾਹਿਬ ਦੇ ਬਰਾਬਰ ਕੁਰਸੀ ਤੇ ਬੈਠੀ ਹੈ, ਸਾਹਮਣੇ ਇਕ ਹੋਰ ਜ਼ਨਾਨੀ ਬੈਠੀ ਸ਼ਿਕਾਇਤ ਲਗਾ ਰਹੀ ਹੈ… ਉਸੇ ਦੀ ਸ਼ਿਕਾਇਤ ਤੇ ਇਹ ਸਾਰੀ ਭੀੜ ਜੁੜੀ ਹੈ।

ਮੁਨਸ਼ੀ ਨੇ ਕੇਸ ਪੇਸ਼ ਕੀਤਾ ਹੈ,

‘ਇਸ ਨੇ ਤੁਰੀ ਜਾਂਦੀ ਸੀਬੋ ਨੂੰ ਸੀਟੀ ਮਾਰੀ ਹੈ, ਮਖ਼ੌਲ ਕੀਤਾ ਹੈ ਸਾਹਿਬ।’

ਤੇ ਨਾਲ ਖੜੀ ਸੀਬੋ ਨੇ ਸਿਰ ਹਿਲਾ ਕੇ ਆਪਣੀ ਸ਼ਿਕਾਇਤ ਦੀ ਸ਼ਾਹਦੀ ਭਰੀ ਹੈ।

ਚੁਬਾਰੇ ਵਾਲੀ ਬੇਬੇ ਨੇ ਸਾਹਿਬ ਨਾਲ ਅੱਖ ਮਿਲਾਈ ਹੈ ਤੇ ਅੱਖ ਦਾ ਇਕ ਕੋਨਾ ਨੱਪ ਦਿਤਾ…’ਇਹ ਤਾਂ ਬਹੁਤ ਵੱਡਾ ਜੁਰਮ ਹੈ ਸਾਹਿਬ, ਪਰ ਨੌਜਵਾਨ ਮੁੰਡਾ ਹੈ…ਮੁੰਡੇ ਗ਼ਲਤੀ ਕਰ ਹੀ ਜਾਂਦੇ ਨੇ…ਇਹਨੂੰ  ਇਸ ਵੇਰਾਂ ਥੋੜਾ ਬਹੁਤ ਜੁਰਮਾਨਾ ਕਰਕੇ  ਛੱਡ ਦਿਓ…ਫਿਰ ਵੀ ਸਾਡੀ ਮਹੱਲੇਦਾਰੀ ਹੈ।’

ਤੇ ਨਾਲ ਹੀ ਉਸ ਨੇ ਹੱਥ ਦਾ ਪੰਜਾ ਫੈਲਾ ਕੇ ਇਸ਼ਾਰਾ ਕੀਤਾ ਹੈ।

‘ਠੀਕ ਹੈ, ਠੀਕ ਹੈ ਕਿਉਂ ਭਈ ਜੁਆਨਾਂ ?’

ਨਿੰਮੋਝੂਣਾ ਜਿਹਾ ਜੁਆਨ ਆਪਣਾ ਛੁਟਕਾਰਾ ਹੁੰਦਾ ਦੇਖ ਕੇ ਅੰਦਰੋਂ ਬਹੁਤ ਖ਼ੁਸ਼ ਹੋਇਆ।

‘ਹਾਂ ਜੀ ਸਰ।’

‘ਤੇ ਦੱਸ ਫਿਰ ਕੀ ਜੁਰਮਾਨਾ ਕਰੀਏ ਤੈਨੂੰ?’

‘ਜੋ ਹੁਕਮ ਹਜੂਰਿ…।’

‘ਪੰਜ ਹਜਾਰ!’

‘ਮੋਦਨ ਸਿੰਘ ਨੇ ਮੂੰਹ ਪਾੜ ਕੇ ਹੁਕਮ ਚਾੜ੍ਹ ਦਿਤਾ।

‘ਸਰ ਜੀ, ਸੀਟੀ ਮਾਰਨ ਦਾ ਜੁਰਮਾਨਾ ਪੰਜ ਹਜ਼ਾਰ?’ ਮੁੰਡੇ ਦੀ ਲਿਲ੍ਹਕੜੀ ਹੈ।

ਸਾਹਿਬ ਤੇ ਬੇਬੇ ਦੀਆਂ ਅੱਖਾਂ ਫਿਰ ਟਕਰਾਈਆਂ ਹਨ

‘ਕੁੱਝ ਘੱਟ ਕਰ ਦਿਓ ਜਨਾਬ।’ ਬੇਬੇ ਨੇ ਸਿਫ਼ਾਰਸ਼ ਕੀਤੀ ਹੈ…।

‘ਤੁਹਾਨੂੰ ਪਤੈ ਪਿਛਲੀ ਵੇਰਾਂ, ਅਜੇ ਪਿਛਲੇ ਹਫ਼ਤੇ ਦੀ ਹੀ ਗੱਲ ਹੈ, ਜਦ ਦੋ ਨੰਬਰ ਗਲੀ ਵਾਲੇ ਮੁੰਡੇ ਨੇ ਅੱਖ ਮਾਰ ਦਿਤੀ ਸੀ ਲੱਛੋ ਨੂੰ…, ਉਸ ਦਾ ਛੁਟਕਾਰਾ ਤਿੰਨ ਹਜ਼ਾਰ ਵਿਚ ਹੋਇਆ ਸੀ।’

‘ਸਰ ਜੀ ਅੱਖ ਮਾਰਨ ਦਾ ਤਿੰਨ ਹਜ਼ਾਰ?’

ਮੁੰਡਾ ਅੰਦਰੋਂ ਦੁਖੀ ਹੁੰਦਾ ਹੋਇਆ ਵੀ ਆਪਣੇ ਚਿਹਰੇ ਤੇ ਮੁਸਕਾਨ ਲਿਆਉਣ ਤੋਂ ਨਾ ਰਹਿ ਸਕਿਆ। ਹੁਣ ਉਸ ਦਾ ਸ਼ਰਾਰਤ ਦਾ ਮੂਡ ਸੀ।

‘ਹਾਂ ਭਈ ਚਲੋ ਅੱਖ ਮਾਰਨ ਦਾ ਵੀ ਤਿੰਨ ਹਜ਼ਾਰ ਤੇ ਸੀਟੀ ਮਾਰਨ ਦਾ ਵੀ ਤਿੰਨ…ਹਾਂ ਚਲ, ਤੂੰ ਤਿੰਨ ਹਜ਼ਾਰ ਹੀ ਦੇਦੇ।’

ਮੁੰਡੇ ਦਾ ਪਿਉ ਅੱਗੇ ਹੋ ਕੇ ਪੈਸੇ ਢੇਰੀ ਕਰਨ ਲੱਗਾ। ਜਾਨ ਬਚੀ ਸੋ ਲਾਖੋਂ ਪਾਏ।

‘ਸਰ ਜੀ ਮੈਂ ਦਿਆਂਗਾ। ਜ਼ਰੂਰ ਦਿਆਂਗਾ।  ਤਿੰਨ ਹਜ਼ਾਰ…। ਭਾਵੇਂ ਮੈਂ ਸੀਟੀ ਵੀ ਨਹੀਂ ਮਾਰੀ ਤੇ ਅੱਖ ਵੀ ਨਹੀਂ ਮਾਰੀ, ਪਰ ਪਹਿਲਾਂ ਇਸ ਬੇਬੇ ਜੀ ਕੋਲੋਂ ਛੇ ਹਜ਼ਾਰ ਢੇਰੀ ਕਰਾਓ ਜਿਸ ਨੇ ਤੁਹਾਨੂੰ ਮੇਰੇ ਸਾਹਮਣੇ ਹੁਣੇ ਦੋ ਵਾਰ ਅੱਖ ਮਾਰੀ ਹੈ।’

ਚਾਰ ਚੁਫੇਰੇ ਹਾਸੇ ਦੀ ਛਣਕਾਰ ਗੂੰਜੀ ਹੈ। ਬੇਬੇ ਨੇ ਊਂਧੀ ਪਾ ਲਈ ਹੈ। “‘

D D D

ਚੋਣਾ ਦੇ ਚਰਚੇ

ਚੋਣਾ ਦੇ ਦਿਨਾ ਵਿਚ ਪਿਆਕਲਾਂ ਦੀ ਚਾਂਦੀ ਹੋ ਗਈ। ਹਰ ਪਾਸੇ ਹਰ ਗਲੀ ਨੁੱਕਰੇ ਵੱਖ-ਵੱਖ ਉਮੀਦਵਾਰਾਂ ਦੇ ਏਜੰਟ ਬੋਤਲਾਂ ਕੈਂਨੀਆਂ ਫੜੀ ਘਰ ਘਰ ਜਾ ਜਾਮ ਵੰਡਦੇ, ਕਿਸੇ ਨੂੰ ਪੈੱਗ, ਕਿਸੇ ਨੂੰ ਬੋਤਲ ਤੇ ਕਿਸੇ ਨੂੰ ਵੱਧ ਦੇ ਕੇ ਬੋਤਲ ਤੇ ਹੱਥ ਧਰਾ ਕੇ ਵੋਟ ਪਾਉਣ ਦਾ ਇਕਰਾਰ ਲੈਂਦੇ, ਵੋਟਰ ਸਭ ਨੂੰ ਹਾਂ ਕਰੀ ਜਾਂਦੇ…,ਸਭ ਦੀ ਝੋਲੀ ਮੁੰਡੇ ਪਾਈ ਜਾਂਦੇ।

ਰੱਬ ਕਰੇ ਇਹ ਚੋਣਾਂ ਹਰ ਮਹੀਨੇ ਆਉਂਦੀਆਂ ਰਹਿਣ…ਇਹ  ਲੀਡਰ ਵੀ ਤਾਂ ਸੌਣ ਹਾੜ ਦੇ ਡੱਡੂਆਂ ਵਾਂਗ ਚੋਣਾ ਦੇ ਦਿਨਾਂ ਵਿਚ ਹੀ ਦਿਖਾਲੀ ਦਿੰਦੇ ਨੇ…ਤੇ ਅੱਗੋਂ, ਪਿੱਛੋਂ ਗਰੜ ਭਗਵਾਨ ਬਣ ਕੇ ਦਿਲੀ ਜਾ ਬੈਠਦੇ ਨੇ…।’

ਝੰਡੀਆਂ ਵਾਲੀਆਂ ਕਾਰਾਂ ਦਾ ਕਾਫ਼ਲਾ ਗਲੀ ਦੇ ਚੌਕ ਵਿਚ ਆ ਕੇ ਰੁਕਿਆ ਤਾਂ ਅਮਲੀ ਨੇ ਸਰਸਰੀ ਸੁਆਗਤ ਨਾਲ ਹੱਥ ਜੋੜ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ…ਸੱਤ ਸਲਾਮ ਤੋ ਬਾਦ ਗੱਲ ਇਕਦਮ ਨੁਕਤੇ ਤੇ ਪਹੁੰਚ ਗਈ ‘ਪਾਉ ਭਈ ਪੈੱਗ ਦਿਓ ਲੰਬੜਦਾਰ ਨੂੰ’ ਇਕ ਕੋਟੀ ਧਾਰੀ ਦੀ ਆਵਾਜ਼ ਸੁਣ ਕੇ ਅਮਲੀ ਤਿਆਰ ਬਰ ਤਿਆਰ ਹੋ ਗਿਆ।

‘ਅਸੀਂ ਤਾਂ ਐਤਕੀਂ ਆਪਣੀ ਗਲੀ ਪੱਕੀ ਕਰਾਉਣੀ ਹੈ…ਜੋ ਕਰਾਏਗਾ…ਉਸ ਨੂੰ ਵੋਟ ਪਾਵਾਂਗੇ…।’ ਬੂਝਾ ਅਮਲੀ ਹੈਗਾ ਤਾਂ ਭਾਵੇਂ ਝੱਲਾ ਜਿਹਾ ਹੀ ਸੀ ਪਰ ਉਸ ਨੇ ਗੱਲ ਪਤੇ ਦੀ ਕਹਿ ਮਾਰੀ…ਐਹ ਦਾਰੂ, ਜਿਹੀ ਨਾਲ ਕੰਮ ਨਹੀਂ ਬਣਨਾ ਐਕਰਾਂ ਜਥੇਦਾਰਾ…।’

ਤੇ ਅਗਲੇ ਦਿਨ ਇੱਟਾਂ ਦੀਆਂ ਟਰਾਲੀਆਂ ਆ ਗਈਆਂ, ਸੀਮਿੰਟ ਆ ਗਿਆ…ਮਿਸਤਰੀ ਆ ਗਏ ਤੇ ਗਲੀ ਪੱਕੀ ਹੋਣ ਲੱਗੀ। ਲੈ ਬਈ ਅਮਲੀਆ…ਤੇਰੇ ਮੂੰਹ ਦੀ ਕੱਢੀ  ਅਸਾਂ ਪੂਰੀ ਕਰ ਦਿਤੀ ਆ…ਤੇ ਐਹ ਲੈ ਬੋਤਲ ! ਤੇ ਖ਼ਾਹ ਸੌਂਹ ।’

‘ਮੈਂ ਇਸ ਦੇਸੀ ਦਾਰੂ ਦੀ ਬੋਤਲ ਦੀ ਸੌਂਹ ਖਾਂਦਾ ਹਾਂ, ਮੇਰੀਆਂ ਸਾਰੀਆਂ ਵੋਟਾਂ ਤੇਰੀਆਂ…ਅਸੀ ਸਾਰੇ ਤੇਰੀ ਪਾਰਟੀ ਨੂੰ ਵੋਟਾਂ ਪਾਵਾਂਗੇ…।’

ਜਥੇਦਾਰ ਨਛੱਤਰ ਸਿੰਘ ਦੀ ਤਸੱਲੀ ਹੋ ਗਈ।

‘ਜੀਂਦਾ ਰਹੂ ਅਮਲੀਆਂ…ਆਪਾਂ ਫੇਰ ਵੀ ਕੰਮ ਆਉਣ ਵਾਲੇ ਹਾਂ…।’

ਏਸੇ ਤਰ੍ਹਾਂ ਕਾਰਲੀ ਪਾਰਟੀ ਨੇ ਧਰਮਸ਼ਾਲਾ ਲਈ ਇੱਟਾਂ ਸੁਟਾ ਕੇ ਕੰਮ ਜਲਦੀ  ਸ਼ੁਰੂ ਕਰ ਦੇਣ ਦਾ ਇਕਰਾਰ ਕੀਤਾ ਤੇ ਨੀਂਹ ਪੱਥਰ ਵੀ ਲੁਆ ਦਿਤਾ…।

ਰਾਤ ਨੂੰ ਤੀਸਰੀ ਪਾਰਟੀ ਆ ਧਮਕੀ…ਲਾਲਟੈਣਾਂ ਸਨ ਉਨ੍ਹਾਂ ਦੇ ਕਾਫ਼ਲੇ ਵਿਚ…।

ਅਮਲੀ ਵੱਖੀਆਂ ਵਿਚ ਹੱਸਿਆ…।

‘ਆਉ ਜੀ ਜਨਾਬ! ਲਾਲਟੈਣ ਸਾਹਿਬ! ਜੀ ਆਇਆ ਨੂੰ…ਆਉ ਬੈਠੋ…।’  ਉਸ ਨੇ ਇਕ ਲੀਡਰ ਲਗਦੇ ਭੱਦਰ ਪੁਰਸ਼ ਨੂੰ ਮੰਜੇ ਦੀ ਚਤੱਈ ਪੱਧਰੀ ਕਰਦੇ ਬੈਠਣ ਦਾ ਇਸ਼ਾਰਾ ਕੀਤਾ…।

‘ ਲੰਬੜਦਾਰਾ ! ਤੇਰੀ ਸ਼ਰਨ ਆਏ ਹਾਂ…ਸਾਨੂੰ ਵੋਟ ਪਾਉ…ਮੇਰਾ ਚੋਣ ਨਿਸ਼ਾਨ ਲਾਲਟੈਣ ਹੈ…ਅਸੀਂ ਇਸ ਲਾਲਟੈਣ ਨਾਲ ਤੁਹਾਡੀ ਹਰ ਗਲੀ, ਹਰ ਕੋਨਾ ਇੱਥੋਂ  ਤੱਕ ਕਿ ਤੁਹਾਡੇ ਦਿਲਾ ਦੇ ਅੰਦਰ ਦੇ ਸਾਰੇ ਕੋਨੇ ਰੁਸ਼ਨਾ ਦਿਆਂਗੇ…।’

‘ਭਾਊ ਜੀ! ਸਾਡੇ ਪਿੱਛੇ ਤਾਂ ਵੱਡੀਆਂ ਵੱਡੀਆਂ ਪਾਰਟੀਆਂ ਫਿਰਦੀਆਂ ਨੇ ਕੋਈ ਗਲੀਆਂ ਬਣਾ ਰਿਹੈ…ਕੋਈ ਧਰਮਸ਼ਾਲਾ ਬਣਾ ਰਿਹੈ ਤੇ ਤੁਸੀਂ ਸਾਨੂੰ ਚਾਨਣ ਵੀ ਵੰਡੋ  ਤੇ ਨਾਲ ਪਾਣੀ ਵੀ…। ਐੱਸ ਚੌਂਕ ਵਿਚ ਤੇ ਧਰਮਸ਼ਾਲਾ ਵਾਲੇ ਚੌਂਕ ਵਿਚ ਦੋ ਨਲਕੇ ਲੁਆ ਦਿਓ…ਲੋਕ ਪਾਣੀ ਪੀਣ ਗੇ…ਤੇਰੇ ਗੁਣ ਗਾਉਣ ਗੇ…ਤੈਨੂੰ ਸੀਸਾਂ ਦੇਣ ਗੇ…ਬਾਕੀ ਵੋਟਾਂ ਤਾਂ ਪਹਿਲਾਂ ਹੀ ਤੇਰੀਆਂ… ਅਸੀਂ ਵੀ ਤੇਰੇ ਤੇ ਵੋਟਾਂ ਵੀ ਤੇਰੀਆਂ … ਜਿਸ ਢੱਠੇ ਖੂਹ ਚ ਮਰਜ਼ੀ ਪੁਆ ਲੈ…।’

‘ਠੀਕ ਆ, ਜਿੱਦਾਂ ਕਹੋ ਕਰ ਦਿਆਂਗੇ, ਪਰ ਵੋਟਾਂ ਦੀ ਪੱਕੀ ਕਰੋ…।’

‘ਹੈ ਕਮਲਾ! ਅਸਾਂ ਤਾਂ ਪਹਿਲਾਂ ਹੀ ਸੋਚਿਆ…ਪਈ ਅਸੀਂ ਤੈਨੂੰ ਹੀ ਜਿਤਾਵਾਂਗੇ…ਪੱਥਰ ਤੇ ਲੀਕ…।’ ਅਮਲੀ ਨੇ ਧਰਤੀ ਤੇ ਲੀਕ ਖਿੱਚਦੇ ਲਾਲਟੈਣ ਸਾਹਿਬ ਨੂੰ ਬਾਗੋ ਬਾਗ ਕਰ ਦਿਤਾ।

ਸਵੇਰੇ ਚੌਕਾਂ ਵਿਚ ਨਲਕਿਆਂ ਦਾ ਸਮਾਨ ਪਿਆ ਵੇਖ ਕੇ ਲੋਕ ਅਮਲੀ ਦੀ ਚਤਰਾਈ ਤੇ ਹੈਰਾਨ ਰਹਿ ਗਏ।

‘ਵੇਖਿਆ ਏਦਾਂ ਕੰਮ ਹੁੰਦੈ…ਇਹ ਤਿੰਨ ਦਿਨ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਉ…ਫਿਰ ਚਿੜੀ ਖੰਭ ਛੁਡਾ ਗਈ ਧੇਲੇ ਦਾ ਗੁੜ ਖਾ ਗਈ।’

‘ਅਮਲੀਆ ! ਤੇਰੇ ਮੂੰਹ ਚ ਘਿਉ ਸ਼ੱਕਰ ! ਨਲਕੇ ਇਕ ਦੋ ਦਿਨਾ ਚ ਲੱਗ ਜਾਣਗੇ। ਪਰ …ਦਾਰੂ ਦੀ ਮੁਸ਼ਕਲ ਬਣਗੀ…ਮੈਂ ਸੋਚਿਆਂ ਸੀ ਪਈ ਇਕ ਦੋ ਪੇਟੀਆਂ ਤੇਰੇ ਕੋਲ ਸੁੱਟ ਜਾਂਦੇ…ਆਪਣੇ ਵੋਟਰਾਂ ਦੀ ਪਾਰਟੀ ਪੂਰਟੀ ਕਰ ਦਿੰਦੇ…। ਪਰ ਠੇਕੇ ਬੰਦ ਹੋ ਗਏ…ਸਰਕਾਰ ਨੇ ਬੜੀ ਸਖ਼ਤੀ ਕਰ ਦਿਤੀ…।’

‘ਤੂੰ ਵੀ ਕਮਲੈਂ! ਦਾਰੂ ਦੀ ਕਿੱਲਤ! ਆ ਮੇਰੇ ਨਾਲ! ਕਹੇਂ ਤਾਂ ਨਹਿਰਾਂ ਵਗਾ ਦਿਆਂ…।’ ਅਮਲੀ ਨੇ ਚਾਦਰ ਟੰਗ ਕੇ ਉੱਪਰ ਨੂੰ ਕੀਤੀ, ਪਰਨਾ ਮੋਢੇ ਤੇ ਧਰਿਆ ਤੇ ਇਕ ਛਕੜਾ ਨੁਮਾ ਜੀਪ ਵਿਚ ਉਨ੍ਹਾਂ ਨਾਲ ਜਾ ਚੜਿਆ।

ਠੇਕੇ ਲਾਗੇ ਪਹੁੰਚ ਕੇ ਵੇਖਿਆ…ਸੱਚ ਮੁਚ ਹੀ ਬੰਦ ਸੀ…ਤਾਲਾ ਹੀ ਬੰਦ ਨਹੀਂ ਸੀ ਉਸ ਉੱਪਰ ਲਾਖ ਦੀਆਂ ਸੀਲਾਂ ਵੀ ਲੱਗੀਆਂ ਹੋਈਆਂ ਸਨ ਤੇ ਲਾਗੇ ਖੜੇ ਦੋ ਸਿਪਾਹੀ ਇਹਨਾਂ ਸੀਲਾਂ ਦੀ ਨਿਗਰਾਨੀ ਕਰ ਰਹੇ ਸਨ…।

ਵੋਟਾਂ ਵਾਲੀ ਗੱਡੀ ਵੇਖ ਕੇ ਸਿਪਾਹੀ ਉੱਠ ਕੇ ਅਟੈਂਨਸ਼ਨ ਹੋ ਗਏ…। ਬੂਝਾ ਅਮਲੀ ਮਾੜਾ ਜਿਹਾ ਲੰਗ ਮਾਰਦਾ ਉਨ੍ਹਾਂ ਕੋਲ ਪਹੁੰਚਾ…।

‘ਕਿਉ ਭਾਈ ਸਾਂਢੂਆ…ਦਾਰੂ ਦਾ ਕੀ ਬਣੂੰ ਹੁਣ?’

‘ਦੱਸ ਸਾਂਢੂਆ…ਕੀ ਹੁਕਮ ਐ…ਠੇਕੇ ਤਾਂ ਬੰਦ ਨੇ।’

‘ਠੇਕੇ ਬੰਦ ਤਾਂ ਸਾਨੂੰ ਪਤੈ ਦਿਸਦੈ! ਪਰ ਤੇਰਾ ਕੀ ਫ਼ਾਇਦਾ…।’ ਕਰ ਦੇ ਕੁੱਝ ਜੁਗਾੜ…ਇਹ ਪਾਰਟੀ ਵੀ ਆਪਣੀ ਤੇ ਖਰਚਾ ਵੀ ਆਪਣਾ…ਤੁਹਾਨੂੰ ਵੀ ਨਿਹਾਲ ਕਰ ਦਿਆਂਗੇ…।’

‘ਕਿੰਨੀ ਚਾਹੀਦੀ? ਦੇ ਦੇ ਯਾਰ! ਕਰ ਦੇ ਅਮਲੀ ਦਾ ਚਿੱਤ ਖ਼ੁਸ਼…ਰੱਬ ਵਰਗੇ ਹੁੰਦੇ ਨੇ ਅਮਲੀ!’ ਦੂਜੇ ਸਿਪਾਹੀ ਨੇ ਹਾਂ ਵਿਚ ਸਿਰ ਹਿਲਾਇਆ।

ਤੂੜੀ ਦੇ ਕੁੱਪ ਵੱਲ ਨੂੰ ਤੁਰਦਾ ਸਿਪਾਹੀ ਪਿੱਛੇ ਅਮਲੀ ਨੂੰ ਲਾ ਕੇ ਨੋਟਾਂ ਦੀ ਥੱਬੀ ਗਿਣਦਾ ਕਮਾਦ ਦੀ ਇਕ ਨੁੱਕਰੇ ਜਾ ਖੜਾ ਹੋਇਆ…।

‘ਇਕੇ ਵੇਰਾਂ ਲੈ ਲਾ ਜਿੰਨੀਆਂ ਚਾਹੀਦੀਆਂ, ਸਾਨੂੰ ਤਾਂ ਇਕ ਸੌ ਰੂਪੈ ਪੇਟੀ ਦਾ ਖਰਚਾ ਚਾਹੀਦੈ…।’

‘ਬੱਸ ਚਾਰ ਹੀ ਕਾਫੀ ਨੇ… ਭਲਾ ਹੋਵੇ ਤੇਰਾ…ਤੇਰੇ ਬੱਚੇ ਜੀਉਣ…।’

ਪੇਟੀਆਂ ਗੱਡੀ ਵਿਚ ਸਵਾਰ ਹੋ ਕੇ ਅਮਲੀ ਦੇ ਮਹੱਲੇ ਪਹੁੰਚ ਗਈਆ…ਲੋਕ ਉਮੀਦਵਾਰਾਂ ਦਾ ਘੱਟ ਤੇ ਅਮਲੀ ਦਾ ਗੁਣ ਜ਼ਿਆਦਾ ਗਾ ਰਹੇ ਸਨ…ਵਿਆਹ ਦੇ ਦਿਨਾਂ ਵਾਂਗ ਇਹ ਦੋ ਦਿਨ ਲੰਘੇ… ਵੋਟਾਂ ਦਾ ਦਿਨ ਆ ਗਿਆ… ਵੋਟਾਂ ਪਈਆਂ…। ਅਮਲੀ ਦੇ ਕਹੇ ਅਨੁਸਾਰ ਸਭ ਨੇ ਸਾਰੇ ਉਮੀਦਵਾਰਾਂ ਨੂੰ ਮਾਲਾ ਮਾਲ ਕਰ ਦਿਤਾ। ਅਗਲੇ ਦਿਨ ਸਵੇਰੇ ਲੋਕ ਹੈਰਾਨ  ਰਹਿ ਗਏ… ਨਲਕਿਆਂ ਦਾ ਸਮਾਨ ਗ਼ਾਇਬ ਸੀ ਚੌਕਾਂ ਵਿਚੋਂ ਅਤੇ…ਇੱਟਾਂ ਤੇ ਸੀਮਿੰਟ ਗ਼ਾਇਬ ਸੀ ਧਰਮਸ਼ਾਲਾ ਵਿਚੋਂ।

‘ਚਲੋ ਕੋਈ ਨਾਂ ਇਹ ਵੀ ਮਾੜਾ ਸੌਦਾ ਨਹੀਂ, ਸਾਡੀ ਗਲੀ ਤਾਂ ਬਣ ਗੀ ਇਸ ਵੇਰਾਂ…, ਬਾਕੀ ਅਗਲੇ ਮਹੀਨੇ ਫਿਰ ਵੋਟਾਂ ਆਈਆਂ ਖੜੀਆ…।’

ਅਮਲੀ ਹੱਥਾਂ ਤੇ ਹੱਥ ਮਾਰਦਾ ਦੂਹਰਾ ਚੌਹਰਾ ਹੋਈ ਜਾ ਰਿਹਾ ਸੀ…।

ਵੋਟਾਂ ਦੀ ਗਿਣਤੀ ਵਾਲੇ ਦਿਨ ਚੋਣ ਅਮਲਾ (ਕਰਮਚਾਰੀ) ਬੜੇ ਅਚੰਭਿਤ ਹੋ ਰਹੇ ਸਨ। ਬਹੁਤੇ ਵੋਟਰਾਂ ਨੇ ਤਿੰਨਾਂ ਹੀ ਉਮੀਦਵਾਰਾਂ ਦੇ ਨਾਵਾਂ ਤੇ ਠੱਪੇ ਲਗਾ ਕੇ ਆਪਣੇ ਇਕਰਾਰ ਦੀ ਪੁਸ਼ਟੀ ਕਰ ਦਿਤੀ ਸੀ। “‘

ਖ਼ਰੈਤੀ ਹਸਪਤਾਲ

ਡਾਕਟਰ ਲਿਖਾਰੀ ਦੀ ਥਾਂ ਡਾਕਟਰ ਗੁਪਤਾ ਦਾ ਬੋਰਡ ਪੜ੍ਹ ਕੇ ਮੈਨੂੰ ਕੁੱਝ ਹੈਰਾਨੀ ਜਿਹੀ ਹੋਈ…ਡਾਕਟਰ ਲਿਖਾਰੀ ਨੂੰ ਮਿਲੇ ਮੈਨੂੰ ਬਹੁਤ ਦੇਰ ਨਹੀਂ ਹੋਈ ਸੀ।  ਉਸ ਨੇ ਮੈਨੂੰ ਦੱਸਿਆ ਕਿਉਂ ਨਹੀਂ ? ਉਸ ਨੇ ਛੱਡਿਆ ਕਿਉਂ ਹੈ…? ਹੋ ਸਕਦਾ ਉਸ ਦੇ ਵਿਦੇਸ਼ੀ ਸਹੁਰਿਆ ਨੇ ਉਸ ਦੀ ਨੌਕਰੀ ਵਿਚ ਕੋਈ ਭਾਨੀ ਮਾਰ ਦਿਤੀ ਹੋਵੇ…। ਉਸ ਦੀ ਬਾਹਰਲੀ ਲੜਕੀ ਨਾਲ ਮੰਗਣੀ ਹੋਈ ਸੀ ਜਿਸ ਦੀ ਦੂਰੋਂ ਨੇੜਿਉਂ ਇਸ ਹਸਪਤਾਲ ਦੇ ਸਰਪ੍ਰਸਤ ਨਾਲ ਸਕੀਰੀ ਸੀ…ਤੇ ਰਿਸ਼ਤਾ ਟੁੱਟਣ ਨਾਲ ਇਹ ਨੌਕਰੀ ਵੀ ਟੁੱਟ ਗਈ ? ਕਈ ਤਰ੍ਹਾਂ ਦੇ ਖਿਆਲ ਮੇਰੇ ਮਨ ਵਿਚ ਆਉਂਦੇ ਰਹੇ ਤੇ ਜਾਂਦੇ ਰਹੇ।

‘ਡਾਕਟਰ ਤਾਂ ਡਾਕਟਰ ਹੀ ਹੈ…ਕੋਈ ਹੋਵੇ, ਡਾਕਟਰ ਲਿਖਾਰੀ ਜਾਂ ਡਾਕਟਰ ਗੁਪਤਾ…।’

ਇਕ ਬੀਬੀ ਬਾਹਰੋਂ ਆ ਕੇ ਡਾਕਟਰ ਦੀ ਕੁਰਸੀ ਤੇ ਬੈਠ ਗਈ।

‘ਮੈਂ ਦੰਦ ਵਿਖਾਉਣਾ ਹੈ…’ ਮੈਂ ਅੱਗੇ ਹੋ ਕੇ ਮੂੰਹ ਵੱਲ ਉਗਲ ਕਰਦਾ ਹਾਂ।

‘ਬੈਠੋ…।’ ਉਸ ਨੇ ਦੰਦਾ ਦੀ ਕੁਰਸੀ ਵੱਲ ਇਸ਼ਾਰਾ ਕੀਤਾ। ਇਕ ਸ਼ੀਸ਼ੇ ਵਾਲੀ ਡੰਡੀ ਜਿਹੀ ਨਾਲ ਉੱਪਰੋਂ ਥੱਲਿਉਂ…ਮੇਰੇ ਸਾਰੇ ਦੰਦ ਵੇਖੇ…।’

‘ਦੰਦ ਤਾਂ ਤੁਹਾਡੇ ਠੀਕ ਹਨ।’

‘ਇਹ ਇਕ ਖੋੜ ਥੋੜੀ ਜਿਹੀ ਭੁਰ ਗਈ ਸੀ…। ਮੈਂ ਕਿਹਾ ਹੋਰ ਜ਼ਿਆਦਾ ਨਾ ਹੋ ਜਾਵੇ…ਇਹ ਮੈਂ ਇੱਥੋਂ ਹੀ ਭਰਾਈ ਸੀ…ਡਾਕਟਰ ਲਿਖਾਰੀ ਤੋਂ…।’

‘ਇਹ ਤਾਂ ਠੀਕ ਹੈ, ਅਜੇ ਚੱਲ ਸਕਦੀ ਹੈ…ਇਹ ਕੁੱਝ ਕੰਪਲੀਕੇਟਿਡ ਹੈ ਚੱਲਣ ਦਿਓ ਅਜੇ …ਹਾਂ ਇਹ ਇਕ ਹੋਰ ਹੈਂ ਇਹ ਉੱਪਰ ਵਾਲੀ… ਇਸ ਨੂੰ ਕੀੜਾ ਲੱਗਣਾ ਸ਼ੁਰੂ ਹੋ ਗਿਆ ਹੈ।’  ਉਸ ਨੇ ਦੰਦ ਠਕੋਰ ਕੇ ਕਿਹਾ…।

‘ਤਾਂ ਫਿਰ ਇਹੀ ਕਰ ਦਿਓ…।’

‘ਡਾਕਟਰ ਸਾਹਿਬ ਤੁਹਾਨੂੰ ਕਿੱਦਾਂ ਜਾਣਦੇ ਸਨ?’

‘ਮੇਰੇ ਜਾਣਕਾਰ ਸਨ…ਕਿਥੇ ਗਏ ਨੇ ਉਹ …ਕਿਉਂ ਗਏ ਨੇ…?’ ਮੈਂ ਪੁੱਛਦਾ ਹਾਂ।

‘ਉਨ੍ਹਾਂ ਦੇ ਇੱਥੇ ਰਹਿਣ ਨਾਲ ਕਲੀਨਿਕ ਨੂੰ ਘਾਟਾ ਪੈ ਰਿਹਾ ਸੀ..ਉਹ ਬੜੇ ਲਿਹਾਜੀ ਸਨ, .ਇਸ ਲਈ ਮੈਨੇਜਮੈਂਟ ਨੂੰ ਉਨ੍ਹਾਂ ਦੀ ਛੁੱਟੀ ਕਰਨੀ ਪਈ…।’

‘ਪਰ ਇਹ ਤਾਂ ਖ਼ਰੈਤੀ ਹਸਪਤਾਲ ਹੈ…ਮੈਨੂੰ ਪਤੈ ਲੱਖਾਂ ਕਰੋੜਾਂ ਰੂਪੈ ਬਾਹਰੋਂ ਦਾਨ ਆਉਂਦਾ ਹੈ ਵਿਦੇਸ਼ੀ ਸ਼ਰਧਾਲੂਆਂ ਤੋ…।’

‘ਬੱਸ ਜੀ ਅੱਗੇ ਕੁੱਝ ਨਾਂ ਪੁੱਛਿਓ!…।’ ਉਹ ਹੱਸ ਪਈ।

‘ਹਾਂ ਦੱਸੋ ਕਿਹੜੀ ਭਰਾਉਣੀ ਹੈ ਕਿੱਦਾਂ ਭਰਾਉਣੀ ਹੈ…?’

‘ਮੈਨੂੰ ਪਤੈ ਤੁਸੀ ਠੀਕ ਹੀ ਭਰੋਗੇ…ਚੰਗੀ ਭਰੋਗੇ…ਇਹ ਤਾਂ ਡਾਕਟਰ ਦਾ ਕੰਮ ਹੈ…ਜੋ ਠੀਕ ਲਗਦਾ…ਕਰੋ…।’ ਮੈਂ ਖੁੱਲ੍ਹੀ ਛੁੱਟੀ ਦੇ ਦਿਤੀ…। ਉਸ ਨੇ ਅਟੈਂਡੈਂਟ ਨੂੰ ਮਸਾਲਾ ਰਲਾਉਣ ਲਈ ਕਿਹਾ।

‘ਪਰ ਮੈਨੂੰ ਤਾਂ ਇਸ ਦੰਦ ਦੀ ਜਰਾ ਜਿੰਨੀ ਵੀ ਤਕਲੀਫ਼ ਨਹੀਂ ਸੀ ਚਲੋ ਕਰੋ…।’ ਮੈਂ ਆਪਣੇ ਫੇਰੇ ਦਾ ਲਾਹਾ ਲੈਣਾ ਚਾਹਿਆ।

‘ਬਾਬਾ ਜੀ ਬੜੇ ਸਖ਼ਤ ਨੇ …ਇੱਥੇ ਕੋਈ ਤਕੜਾ ਹੀ ਟਿਕ ਸਕਦੈ…। ਨਾਲੇ ਜੀ ਪੈਸਾ ਤਾਂ ਸਭ ਨੂੰ ਹੀ ਪਿਆਰਾ ਹੈ… ਸਭ ਮਾਂ ਪਿਉ ਧੀ ਪੁਤ ਪੈਸੇ ਦੇ ਹੀ ਯਾਰ ਨੇ…।’ ਉਸ ਨੇ ਆਪਣੀ ਫ਼ਿਲਾਸਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ …।

‘ਹਾਂ ਜੀ ਮੈਨੇਜਮੈਂਟ ਸਖ਼ਤ  ਤਾਂ ਹੋਣੀ ਹੀ ਚਾਹੀਦੀ ਹੈ…ਇਹਨਾਂ ਨੂੰ ਤੁਹਾਡੇ ਵਰਗੇ ਹੋਰ ਮਿਹਨਤੀ ਤੇ ਯੋਗ ਡਾਕਟਰ ਦੀ ਲੋੜ ਸੀ…।’ ਮੈਂ ਵਿਅੰਗ ਜਿਹਾ ਕਰਦਾ ਹਾਂ.

‘ਹਾਂ ਜੀ ਹਾਂ…ਇਹ ਵੀ ਤਾਂ ਸਭ ਤੋਂ ਵੱਡੀ ਗੱਲ ਹੈ…।’ ਡਾਕਟਰ ਨੇ ਆਪਣੇ  ਪਟਿਆਂ ਦੀ ਲਿਟ ਸਵਾਰ ਕੇ ਉੱਪਰ ਸੁੱਟਦੇ ਕਹੀ। ਡਾਕਟਰ ਗੁਪਤਾ ਨੇ ਹੈਂਡ ਪੀਸ ਨਾਲ ਕਚਰ ਕਚਰ  ਕਰਕੇ ਮੇਰਾ ਉਹ ਦੰਦ ਖਰੋਦਣਾਂ ਸ਼ੁਰੂ ਕੀਤਾ…ਖਰੋਦਦੀ ਰਹੀ ਜਿੰਨਾਂ ਚਿਰ ਲਹੂ ਦੇ ਤੁਬਕੇ ਮੇਰੇ ਮੂੰਹ ਵਿਚ ਨਾਂ ਨਿਕਲ ਆਏ…। ਮੈਂ ਘਬਰਾਇਆ… ਐਵੇਂ ਬੈਠੇ ਸੁੱਤੇ ਪੁਆੜਾ ਪਾ ਲਿਆ…ਚੰਗੇ ਭਲੇ ਦੰਦ ਨੂੰ ਬੱਜ ਲਵਾ ਬੈਠਾ…। ਪਰ ਫਸੀ ਨੂੰ ਫੁੜਕਣ ਕੀ ?

‘ਬੱਸ ਥੋੜਾ ਜਿੰਨਾ ਹੋਰ…।’

‘ਮੈਂ ਲਹੂ ਦੀ ਭਰੀ ਥੁੱਕ ਚੁਲੀ ਬਾਹਰ ਸੁੱਟੀ…।’

‘ਬੱਸ ਥੋੜਾ ਜਿੰਨਾ ਹੋਰ…।’ ਮੈਂ ਕਸੀਸ ਵੱਟ ਕੇ ਸਭ ਕੁੱਝ ਜਰਦਾ ਰਿਹਾ, ਉਹ ਆਪਣੀ ਮਨਮਰਜ਼ੀ ਕਰਦੀ ਰਹੀ…।

‘ਜਦ ਅਸੀਂ ਪੈਸੇ ਪੂਰੇ ਲੈਣੇ ਨੇ…ਤਾਂ ਕੰਮ ਵੀ ਤਾਂ ਪੂਰਾ ਕਰਾਂਗੇ…ਤੁਹਾਡੀ ਚੰਗੀ ਤਰਾਂ ਤਸੱਲੀ ਕਰਾਵਾਂਗੀ। ਇਹਦੇ ਨਾਲ ਡਾਕਟਰ ਦੀ ਵੀ ਸ਼ਾਨ ਹੈ ਤੇ ਹਸਪਤਾਲ ਦੀ ਵੀ…।’  ਡਾਕਟਰ ਨੇ ਮਸਾਲਾ ਭਰਿਆ…। ਫਿਰ ਹੈਂਡ ਪੀਸ ਚੱਲਿਆ…ਕਚਰ-ਕਚਰ ਹੋਈ…ਮੇਰੇ ਮੂੰਹ ਵਿਚ ਰੂੰ ਦਾ ਤੂੰਬਾ ਦੇ ਕੇ ਛੁੱਟੀ ਹੋਈ…।

‘ਲਉ ਦੇਖੋ ਚੈੱਕ ਕਰੋ…ਸਾਹਮਣੇ ਸ਼ੀਸ਼ੇ ਵਿਚ ਵੇਖੋ…ਕਿੰਨਾ ਸੁੰਦਰ ਬਣ ਗਿਐ ਦੰਦ…।’

‘ਐਹ ਲਉ! ਪੈਸੇ ਜਮਾਂ ਕਰਵਾ ਦਿਓ…ਸਾਹਮਣੇ ਖਿੜਕੀ ਤੇ…।’

‘ਕਿੰਨੇ …?’

‘ਦੋ ਸੌ ਪੰਜਾਹ ਰੂਪੈ…।’

ਉਸ ਨੇ ਪਰਚੀ ਫੜਾਉਂਦੇ …ਬਾਹਰ ਵੱਲ ਇਸ਼ਾਰਾ ਕੀਤਾ।

ਮੈਂ ਪਰਚੀ ਫੜੀ…, ਆਪਣੀ ਜੇਬ ਟੋਹੀ…, ਤੇ ਆਪਣੇ ਸਵੈਮਾਨ ਨੂੰ ਬਰਕਰਾਰ ਰੱਖਣ ਲਈ ਜੇਬ ਢਿੱਲੀ ਕਰਕੇ ਖਿੜਕੀ ਤੋਂ 250 ਰੂਪੈ ਦੀ ਲਾਲ ਰੰਗ ਦੀ ਇਕ ਰਸੀਦ ਲੈ ਕੇ ਬਾਹਰ ਆ ਗਿਆ…ਖ਼ਰੈਤੀ ਹਸਪਤਾਲ ਵਿਚੋਂ…।

ਹੁਣ ਮੈਨੂੰ ਡਾਕਟਰ ਲਿਖਾਰੀ ਤੇ ਡਾਕਟਰ ਗੁਪਤਾ ਦੀ ਵਿਦਵਤਾ ਦੇ ਫ਼ਰਕ ਦਾ ਜਰਾ ਜਿੰਨਾ ਵੀ ਸ਼ੱਕ ਸ਼ੁਭਾ ਨਹੀਂ ਸੀ। “‘

Share this content:

Post Comment