ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਦਿਹਾਂਤ
26, ਅਗਸਤ – ਮਸ਼ਹੂਰ ਅਮਰੀਕੀ ਗਾਇਕਾ ਡੌਲੀ ਪਾਰਟਨ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਹ ਕੈਂਸਰ ਨਾਲ ਜੂਝ ਰਹੀ ਸੀ ਅਤੇ ਅਮਰੀਕਾ ਦੇ ਨੈਸ਼ਵਿਲ ਸਥਿਤ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਡੌਲੀ ਪਾਰਟਨ ਆਪਣੀ ਸ਼ਾਨਦਾਰ ਆਵਾਜ਼, ਭਾਵਨਾਤਮਕ ਗੀਤਾਂ ਅਤੇ ਵੱਖਰੇ ਅੰਦਾਜ਼ ਲਈ ਦੁਨੀਆ ਭਰ ਵਿੱਚ ਮਸ਼ਹੂਰ ਸੀ। ਉਨ੍ਹਾਂ ਨੇ ‘Jolene’, ‘Coat of Many Colors’ ਅਤੇ ‘I Will Always Love You’ ਵਰਗੇ ਕਈ ਸੁਪਰਹਿੱਟ ਗੀਤ ਦਿੱਤੇ, ਜੋ ਅੱਜ ਵੀ ਲੋਕਾਂ ਵਿੱਚ ਬੇਹੱਦ ਪਸੰਦ ਕੀਤੇ ਜਾਂਦੇ ਹਨ। ਡੌਲੀ ਪਾਰਟਨ ਦਾ ਬਚਪਨ ਕਾਫੀ ਮੁਸ਼ਕਲਾਂ ਵਿੱਚ ਬੀਤਿਆ। ਉਹ 12 ਭੈਣ-ਭਰਾਵਾਂ ਵਾਲੇ ਪਰਿਵਾਰ ਵਿੱਚ ਵੱਡੀ ਹੋਈ। ਗਰੀਬੀ ਦੇ ਬਾਵਜੂਦ ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਿਰਫ਼ 13 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਨੈਸ਼ਵਿਲ ਦੇ ਮਸ਼ਹੂਰ Grand Ole Opry ਵਿੱਚ ਪੇਸ਼ਕਾਰੀ ਦਿੱਤੀ।
1960 ਦੇ ਦਹਾਕੇ ਵਿੱਚ ਪੋਰਟਰ ਵੈਗਨਰ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੂੰ ਵੱਡੀ ਉਡਾਣ ਮਿਲੀ। ਇਸ ਤੋਂ ਬਾਅਦ ‘Jolene’ ਅਤੇ ‘I Will Always Love You’ ਵਰਗੇ ਗੀਤਾਂ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਈ। ਸੰਗੀਤ ਤੋਂ ਇਲਾਵਾ ਡੌਲੀ ਪਾਰਟਨ ਨੇ ਫਿਲਮਾਂ ਅਤੇ ਕਾਰੋਬਾਰ ਵਿੱਚ ਵੀ ਸਫਲਤਾ ਹਾਸਲ ਕੀਤੀ। ਉਹ ‘9 to 5’, ‘Steel Magnolias’ ਅਤੇ ਹੋਰ ਕਈ ਫਿਲਮਾਂ ਵਿੱਚ ਨਜ਼ਰ ਆਈ। ਉਹ ਆਪਣੀ ਸਮਾਜ ਸੇਵਾ ਲਈ ਵੀ ਜਾਣੀ ਜਾਂਦੀ ਸੀ ਅਤੇ ਬੱਚਿਆਂ ਲਈ ਮੁਫ਼ਤ ਕਿਤਾਬਾਂ ਮੁਹੱਈਆ ਕਰਵਾਉਣ ਵਾਲੀ ‘Imagination Library’ ਮੁਹਿੰਮ ਨਾਲ ਜੁੜੀ ਹੋਈ ਸੀ। ਦੱਸ ਦੇਈਏ ਕਿ ਗਾਇਕਾ ਡੌਲੀ ਪਾਰਟਨ ਦੇ ਪਤੀ ਕਾਰਲ ਡੀਨ ਦਾ 2025 ਵਿੱਚ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਹੁਣ ਡੌਲੀ ਪਾਰਟਨ ਦੇ ਦਿਹਾਂਤ ਨਾਲ ਸੰਗੀਤ ਦੀ ਦੁਨੀਆ ਵਿੱਚ ਸੋਗ ਦੀ ਲਹਿਰ ਹੈ।
Share this content:



Post Comment