ਸੜਕ ਹਾਦਸੇ: ਛੋਟੀ ਗ਼ਲਤੀ ਵੱਡਾ ਖਮਿਆਜ਼ਾ/ਗੁਰਦੀਪ ਸਿੰਘ ਭੁੱਲਰ
ਸੜਕ ਦੁਰਘਟਨਾਵਾਂ ਅੱਜ ਦੇ ਆਧੁਨਿਕ ਯੁੱਗ ਦੀ ਇੱਕ ਅਜਿਹੀ ਮੌਨ ਜੰਗ ਹੈ, ਜਿਸ ’ਚ ਹਰ ਦਿਨ ਸੈਂਕੜੇ ਪਰਿਵਾਰਾਂ ਦੀ ਦੁਨੀਆ ਉੱਜੜ ਰਹੀ ਹੈ। ਇਹ ਹਾਦਸੇ ਕਿਸੇ ਬਿਮਾਰੀ ਵਾਂਗ ਹੌਲੀ ਹੌਲੀ ਨਹੀਂ ਆਉਂਦੇ, ਇਹ ਤਾਂ ਇਕ ਪਲ ਦੀ ਗ਼ਲਤੀ, ਇਕ ਛੋਟੀ ਜਿਹੀ ਲਾਪ੍ਰਵਾਹੀ ਜਾਂ ਵਾਹਨ ਚਲਾਉਣ ਵੇਲੇ ਗ਼ਲਤ ਫ਼ੈਸਲਿਆਂ ਦਾ ਨਤੀਜਾ ਹੁੰਦੇ ਹਨ, ਜੋ ਕਿਸੇ ਦੀ ਜ਼ਿੰਦਗੀ ਸਦਾ ਲਈ ਖ਼ਤਮ ਕਰ ਦਿੰਦੇ ਹਨ। ਅਸੀਂ ਅਕਸਰ ਹੀ ਅਖ਼ਬਾਰਾਂ ਦੇ ਪਹਿਲੇ ਸਫ਼ੇ ’ਤੇ ਅਜਿਹੀਆਂ ਖ਼ਬਰਾਂ ਪੜ੍ਹਦੇ ਹਾਂ ਕਿ ‘ਸੜਕ ਹਾਦਸੇ ’ਚ ਇੱਕ ਯੁਵਕ ਦੀ ਮੌਤ’, ‘ਪਰਿਵਾਰ ਸਮੇਤ ਕਾਰ ਖੱਡ ਵਿੱਚ ਡਿੱਗੀ, ‘ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ’; ਅਜਿਹੇ ਸਿਰਲੇਖ ਤਾਂ ਹੁਣ ਸਾਨੂੰ ਰੋਜ਼ਾਨਾ ਜੀਵਨ ’ਚ ਪੜ੍ਹਨ ਸੁਣਨ ਨੂੰ ਮਿਲਦੇ ਹਨ। ਵਾਹਨ ਚਲਾਉਣ ਵੇਲੇ ਗ਼ਲਤੀ ਕਰਨ ਵਾਲਾ ਇੱਕ ਪਲ ਲਈ ਵੀ ਇਹ ਨਹੀਂ ਸੋਚਦਾ ਕਿ ਉਸ ਦੀ ਅਣਗਹਿਲੀ ਕਾਰਨ ਮਰਨ ਵਾਲਾ ਸਿਰਫ਼ ਇੱਕ ਅੰਕੜਾ ਨਹੀਂ ਸਗੋਂ ਉਹ ਕਿਸੇ ਦਾ ਪੁੱਤਰ, ਕਿਸੇ ਦੀ ਧੀ, ਕਿਸੇ ਦੀ ਮਾਂ ਜਾਂ ਕਿਸੇ ਦਾ ਪਿਤਾ ਸੀ।
ਉਹ ਘਰ, ਜੋ ਕੱਲ੍ਹ ਤੱਕ ਖੁਸ਼ੀ ਖੁਸ਼ੀ ਹੱਸਦਾ-ਵੱਸਦਾ ਸੀ, ਇੱਕ ਘੜੀ ਅੰਦਰ ਸੋਗ ਦੀ ਲਹਿਰ ਵਿੱਚ ਡੁੱਬ ਜਾਂਦਾ ਹੈ। ਇੱਕ ਮਾਂ, ਜੋ ਹਰ ਸਵੇਰ ਪੁੱਤਰ ਨੂੰ ਘਰੋਂ ਬਾਹਰ ਜਾਣ ਵੇਲੇ ਉਸ ਨੂੰ ਲੰਮੀ ਉਮਰ ਦੀ ਦੁਆ ਦਿੰਦੀ ਸੀ, ਹੁਣ ਹਰ ਰਾਤ ਉਸ ਦੀ ਤਸਵੀਰ ਨਾਲ ਰੋ ਰੋ ਕੇ ਗੱਲਾਂ ਕਰਦੀ ਹੈ। ਇਹ ਹਾਦਸੇ ਸਿਰਫ਼ ਮੌਤ ਹੀ ਨਹੀਂ ਲਿਆਉਂਦੇ ਸਗੋਂ ਪਿੱਛੇ ਪਰਿਵਾਰ ਦੇ ਦੂਜੇ ਜੀਆਂ ਲਈ ਇਕ ਪੀੜ ਛੱਡ ਜਾਂਦੇ ਹਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸੜਕਾਂ ’ਤੇ ਹੋਣ ਵਾਲੀਆਂ ਇਹ ਮੌਤਾਂ ਰੋਕੀਆਂ ਜਾ ਸਕਦੀਆਂ ਹਨ ਪਰ ਜਿੱਥੇ ਸੜਕਾਂ ਖਰਾਬ ਹਨ, ਉੱਥੇ ਸਰਕਾਰਾਂ ਦੀ ਬੇਧਿਆਨੀ ਹੈ ਅਤੇ ਜਿੱਥੇ ਕੁਝ ਸੜਕਾਂ ਠੀਕ ਹਨ, ਉਥੇ ਮਨੁੱਖੀ ਲਾਪ੍ਰਵਾਹੀ ਹੈ।
ਤੇਜ਼ ਰਫ਼ਤਾਰ ਨਾਲ ਦੌੜਦੀਆਂ ਕਾਰਾਂ, ਮੋਬਾਈਲ ’ਤੇ ਗੱਲਾਂ ਕਰਦੇ ਡਰਾਈਵਰ, ਹੈੱਲਮੇਟ ਤੇ ਸੀਟ ਬੈਲਟ ਦੀ ਅਣਦੇਖੀ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਖ਼ਾਸ ਕਰਕੇ ਲਾਵਾਰਿਸ ਪਸ਼ੂਆਂ ਦਾ ਬਹੁ-ਗਿਣਤੀ ਵਿੱਚ ਸੜਕਾਂ ਉੱਪਰ ਘੁੰਮਣਾ; ਇਹ ਸਾਰੇ ਕਾਰਨ ਹਰ ਸਾਲ ਹਜ਼ਾਰਾਂ ਮੌਤਾਂ ਦਾ ਸਬੱਬ ਬਣਦੇ ਹਨ। ਨੌਜਵਾਨਾਂ ਵਿੱਚ ਰਫ਼ਤਾਰ ਦਾ ਸ਼ੌਕ ਕਿਸੇ ਜ਼ਿੰਦਗੀ ਦੇ ਖ਼ੁਆਬ ਨੂੰ ਤੋੜ ਦਿੰਦਾ ਹੈ, ਜਦਕਿ ਕੁਝ ਡਰਾਈਵਰ ਸਿਰਫ਼ ਇਕ ਮਿੰਟ ਬਚਾਉਣ ਲਈ ਕਿਸੇ ਨਾ ਕਿਸੇ ਦੀ ਕੀਮਤੀ ਜਾਨ ਲੈ ਲੈਂਦੇ ਹਨ। ਇਸ ਤੋਂ ਵੱਧ ਦੁੱਖਦਾਈ ਕੀ ਹੋ ਸਕਦਾ ਹੈ ਕਿ ਸਾਡੇ ਸਮਾਜ ਨੇ ਇਹ ਹਾਦਸੇ ਇਕ ਆਮ ਗੱਲ ਮੰਨ ਲਈ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਮੌਨ ਤ੍ਰਾਸਦੀ ਖ਼ਿਲਾਫ਼ ਖੜ੍ਹੇ ਹੋਈਏ। ਸੜਕ ਸੁਰੱਖਿਆ ਸਿਰਫ਼ ਪੁਲੀਸ ਜਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ, ਬਲਕਿ ਇਹ ਹਰ ਨਾਗਰਿਕ ਦਾ ਨੈਤਿਕ ਫਰਜ਼ ਵੀ ਹੈ।
ਸਭ ਤੋਂ ਪਹਿਲਾਂ, ਸਾਨੂੰ ਆਪਣੇ ਵਿਵਹਾਰ ਵਿੱਚ ਵੀ ਬਦਲਾਅ ਲਿਆਉਣ ਦੀ ਲੋੜ ਹੈ। ਸੜਕਾਂ ’ਤੇ ਸਫ਼ਰ ਕਰਦੇ ਸਮੇਂ ਸਾਡੇ ਵੱਲੋਂ ਸੰਜਮ ਤੇ ਸਬਰ ਅਪਣਾਉਣਾ ਹੀ ਸਭ ਤੋਂ ਵੱਡਾ ਉਪਾਅ ਹੈ। ਹੈੱਲਮੇਟ, ਸੀਟ ਬੈਲਟ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿਸੇ ਸਜ਼ਾ ਦੇ ਡਰ ਤੋਂ ਨਹੀਂ, ਸਗੋਂ ਸੁਰੱਖਿਆ ਦੀ ਸੂਝ ਤੋਂ ਹੋਣੀ ਚਾਹੀਦੀ ਹੈ। ਸਕੂਲਾਂ, ਕਾਲਜਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਾ ਕੇ ਸੜਕ ਸੁਰੱਖਿਆ ਬਾਰੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਸਾਡੀ ਨਵੀਂ ਪੀੜ੍ਹੀ ਬਚਪਨ ਤੋਂ ਹੀ ਜ਼ਿੰਮੇਵਾਰ ਨਾਗਰਿਕ ਬਣੇ। ਲੋਕਾਂ ਤੋਂ ਇਲਾਵਾ ਸਰਕਾਰ ਵੱਲੋਂ ਵੀ ਠੋਸ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਹਰ ਸਾਲ ਅਣਗਿਣਤ ਲੋਕ ਗੱਡੀਆਂ ਦੀਆਂ ਖਰਾਬ ਬਰੇਕਾਂ, ਹਨੇਰੇ ਰਸਤੇ ਜਾਂ ਗ਼ਲਤ ਡਿਜ਼ਾਈਨ ਕੀਤੀਆਂ ਸੜਕਾਂ ਕਾਰਨ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਬੈਠਦੇ ਹਨ।
ਸੜਕਾਂ ਦੀ ਮੁਰੰਮਤ ਦੀ ਵੀ ਸਖ਼ਤ ਨਿਗਰਾਨੀ ਹੋਣੀ ਚਾਹੀਦੀ ਹੈ। ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਹੀ ਨਹੀਂ, ਸਿੱਖਿਆਤਮਕ ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ ਹਨ ਜਿਵੇਂ ਸੇਵਾ ਦਿਵਸ, ਜਿੱਥੇ ਉਨ੍ਹਾਂ ਨੂੰ ਹਾਦਸਾ ਪੀੜਤ ਪਰਿਵਾਰਾਂ ਨਾਲ ਮਿਲਵਾਇਆ ਜਾਵੇ ਤਾਂ ਜੋ ਉਹ ਅਜਿਹੀ ਗ਼ਲਤੀ ਦੀ ਗੰਭੀਰਤਾ ਸਮਝ ਸਕਣ। ਇਸ ਦੇ ਨਾਲ ਹੀ ਹਰ ਸ਼ਹਿਰ ਤੇ ਪਿੰਡ ਵਿੱਚ ਸੜਕ ਸੁਰੱਖਿਆ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿੱਥੇ ਲੋਕਾਂ ਨੂੰ ਇਸ ਨਾਲ ਸਿੱਧੇ ਤੌਰ ’ਤੇ ਜੋੜਿਆ ਜਾ ਸਕੇ। ਅੱਜ ਤਕਨੀਕ ਦਾ ਯੁੱਗ ਹੈ ਅਤੇ ਸਾਡੇ ਕੋਲ ਲੱਗਭੱਗ ਉਹ ਸਾਰੇ ਸਾਧਨ ਮੌਜੂਦ ਹਨ ਜਿਨ੍ਹਾਂ ਨਾਲ ਅਸੀਂ ਇਹ ਮੌਤਾਂ ਦੀ ਦਰ ਨੂੰ ਘਟਾ ਸਕਦੇ ਹਾਂ ਜਿਵੇਂ ਕਿ ਕਾਰਾਂ ਵਿੱਚ ਆਟੋਮੈਟਿਕ ਬਰੇਕ ਸਿਸਟਮ, ਐਡਵਾਂਸ ਕੈਮਰੇ, ਸਪੀਡ ਲਿਮਿਟ ਅਲਰਟ ਤੇ ਟ੍ਰੈਫਿਕ ਲਾਈਟਾਂ ਦਾ ਨਿਯੰਤਰਣ। ਪਰ ਇਹ ਸਾਰੇ ਹੱਲ ਤਦ ਹੀ ਪ੍ਰਭਾਵਸ਼ਾਲੀ ਹੋ ਸਕਦੇ ਹਨ ਜੇ ਮਨੁੱਖੀ ਸੋਚ ਵਿੱਚ ਵੀ ਕੋਈ ਬਦਲਾਅ ਆਵੇ।
ਮਸ਼ੀਨਰੀ ਗ਼ਲਤੀ ਕਰ ਸਕਦੀ ਹੈ, ਪਰ ਮਨੁੱਖ ਦਾ ਹੰਕਾਰ ਹੀ ਉਸ ਦੀ ਸਭ ਤੋਂ ਵੱਡੀ ਗ਼ਲਤੀ ਹੈ। ਸਾਨੂੰ ਸੜਕਾਂ ਨੂੰ ਜੰਗ ਦਾ ਮੈਦਾਨ ਨਹੀਂ, ਸਗੋਂ ਸਾਂਝੀ ਜ਼ਿੰਦਗੀ ਦੀ ਲੀਕ ਮੰਨਣਾ ਹੋਵੇਗਾ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਸੜਕ ਸੁਰੱਖਿਆ ਸਿਰਫ਼ ਡਰਾਈਵਰ ਦੀ ਨਹੀਂ, ਪੈਦਲ ਯਾਤਰੀ ਦੀ ਜ਼ਿੰਮੇਵਾਰੀ ਵੀ ਹੈ। ਬੇਧਿਆਨੀ ਨਾਲ ਸੜਕ ਪਾਰ ਕਰਨਾ, ਮੋਬਾਈਲ ’ਤੇ ਧਿਆਨ ਦੇਣਾ ਜਾਂ ਅਚਾਨਕ ਦੌੜ ਕੇ ਸੜਕ ਪਾਰ ਕਰਨਾ ਵੀ ਹਾਦਸੇ ਦੀ ਵਜ੍ਹਾ ਬਣ ਸਕਦਾ ਹੈ। ਇਸ ਲਈ ਸਾਨੂੰ ਆਪਸੀ ਸਹਿਯੋਗ ਤੇ ਸਵੈ-ਜਾਗਰੂਕਤਾ ਨੂੰ ਆਪਣਾ ਮੰਤਰ ਬਣਾਉਣਾ ਹੋਵੇਗਾ। ਸੜਕਾਂ ’ਤੇ ਚੱਲਦਿਆਂ ਹਰ ਡਰਾਈਵਰ, ਹਰ ਯਾਤਰੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੇ ਪਿੱਛੇ ਉਸ ਦਾ ਇੱਕ ਘਰ ਹੈ, ਜਿੱਥੇ ਉਸ ਦੀ ਕਿਸੇ ਨਾ ਕਿਸੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ। ਜਦੋਂ ਇਹ ਸੂਝ ਸਾਡੇ ਮਨ ਵਿੱਚ ਵੱਸ ਜਾਵੇਗੀ, ਤਦ ਸੜਕਾਂ ’ਤੇ ਹੋਣ ਵਾਲੀਆਂ ਬੇਵਕਤੀ ਮੌਤਾਂ ਵੀ ਰੁਕ ਜਾਣਗੀਆਂ। ਹਰ ਜ਼ਿੰਦਗੀ , ਹਰ ਸਾਹ ਦਾ ਆਪਣਾ ਇੱਕ ਮੁੱਲ ਹੈ।
Share this content:


Post Comment