Loading Now

ਸੋਨੇ ਦੀ ਜੇਲ੍ਹ

ਸੋਨੇ ਦੀ ਜੇਲ੍ਹ

ਮੈਂ ਇੰਗਲੈਂਡ ਦੀ ਧਰਤੀ ਉੱਤੇ ਗਾਇਕੀ ਦਾ ਇੱਕ ਪ੍ਰੋਗਰਾਮ ਕਰਨ ਗਈ ਸੀ। ਆਪਣੇ ਪੰਜਾਬੀਆਂ ਨੂੰ ਹੱਸਦੇ-ਵੱਸਦੇ ਦੇਖ ਕੇ ਮੇਰੇ ਦਿਲ ਵਿੱਚ ਇਹੀ ਆ ਰਿਹਾ ਸੀ ਕਿ ਇਹ ਬਹੁਤ ਕਿਸਮਤ ਵਾਲੇ ਹਨ, ਜੋ ਇੰਨੀ ਸੋਹਣੀ ਆਬੋ-ਹਵਾ ਵਿੱਚ ਰਹਿੰਦੇ ਹਨ। ਅਜਿਹਾ ਦੇਸ਼ ਜਿੱਥੇ ਕਾਨੂੰਨ ਸਿਰਫ਼ ਬਣਾਇਆ ਹੀ ਨਹੀਂ ਜਾਂਦਾ ਸਗੋਂ ਸਖ਼ਤੀ ਨਾਲ ਲਾਗੂ ਵੀ ਹੁੰਦਾ ਹੈ। ਜਿੱਥੇ ਸੜਕਾਂ ਉੱਤੇ ਆਵਾਜਾਈ ਪੂਰੇ ਅਨੁਸ਼ਾਸਨ ਨਾਲ ਚੱਲਦੀ ਹੈ, ਕਿਤੇ ਵੀ ਕਾਵਾਂ-ਰੌਲੀ ਨਹੀਂ ਜਾਪਦੀ। ਸਭ ਕੁਝ ਸ਼ਾਂਤਮਈ ਤਰੀਕੇ ਨਾਲ ਵਾਪਰ ਰਿਹਾ ਹੁੰਦਾ ਹੈ ਜਿਵੇਂ ਕਿਸੇ ਕੰਪਿਊਟਰ ਵਿੱਚ ਸਾਰਾ ਸਿਸਟਮ ਪਹਿਲਾਂ ਹੀ ਪ੍ਰੋਗਰਾਮ ਕੀਤਾ ਗਿਆ ਹੋਵੇ।

ਕੁੜੀਆਂ ਤੇ ਔਰਤਾਂ ਆਪਣੀ ਆਜ਼ਾਦੀ ਨੂੰ ਮਾਣਦਿਆਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਊਂ ਰਹੀਆਂ ਹਨ; ਆਪਣੇ ਮਨਪਸੰਦ ਦੇ ਪਹਿਰਾਵੇ ਪਹਿਨ ਰਹੀਆਂ, ਮਨਪਸੰਦ ਕੰਮ ਕਰ ਰਹੀਆਂ ਅਤੇ ਗੱਡੀਆਂ ਆਪ ਚਲਾ ਰਹੀਆਂ ਹਨ। ਸਾਨੂੰ ਇੰਝ ਜਾਪ ਰਿਹਾ ਸੀ ਜਿਵੇਂ ਸਾਡੀਆਂ ਪੰਜਾਬਣਾਂ ਕਿਸੇ ਪਰੀਆਂ ਦੇ ਦੇਸ਼ ਵਿੱਚ ਆ ਕੇ ਵੱਸ ਗਈਆਂ ਹੋਣ। ਇਹ ਵੀ ਬਹੁਤ ਕਿਸਮਤ ਵਾਲੀਆਂ ਹਨ। ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਬਹੁਤ ਪੈਸਾ ਕਮਾਇਆ ਅਤੇ ਤਰੱਕੀ ਕੀਤੀ ਹੈ ਕਿਉਂਕਿ ਉਹ ਆਪਣਾ ਘਰ-ਬਾਰ ਛੱਡ ਕੇ ਪੈਸਾ ਕਮਾਉਣ ਹੀ ਤਾਂ ਗਏ ਸਨ। ਉੱਥੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ, ਪਰ ਫਿਰ ਵੀ ਉਨ੍ਹਾਂ ਦੇ ਦਿਲਾਂ ਵਿੱਚ ਆਪਣੇ ਦੇਸ਼ ਲਈ ਇੱਕ ਖਾਲੀਪਣ, ਕੁਝ ਅਣਕਹੀਆਂ ਯਾਦਾਂ ਅਤੇ ਮੋਹ ਹੁੰਦਾ ਹੈ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰੋਗਰਾਮ ਸਫ਼ਲ ਰਿਹਾ, ਬਹੁਤ ਵਧੀਆ ਰਿਹਾ। ਵਾਪਸੀ ਵੇਲੇ ਮੈਂ ਇੱਕ ਅਜਿਹੀ ਕੁੜੀ ਨੂੰ ਮਿਲੀ, ਜਿਹੜੀ ਆਪਣੇ ਘਰ ਵਿੱਚ ਹੀ ਬਿਊਟੀ ਪਾਰਲਰ ਚਲਾਉਂਦੀ ਸੀ। ਉਹ ਫਗਵਾੜਾ ਸ਼ਹਿਰ ਦੇ ਪਿੰਡ ਤਲਵਣ ਨਾਲ ਸਬੰਧਿਤ ਸੀ। ਉਸ ਨੇ ਭਰੇ ਮਨ ਨਾਲ ਕਿਹਾ, “ਤੁਸੀਂ ਕਿੰਨੇ ਕਿਸਮਤ ਵਾਲੇ ਹੋ ਕਿ ਅੱਜ ਆਪਣੀ ਧਰਤੀ ਮਾਂ ਵੱਲ ਪਰਤ ਰਹੇ ਹੋ! ਜਾ ਕੇ ਮੇਰੇ ਵੱਲੋਂ ਪਿੰਡ ਵਾਸੀਆਂ ਨੂੰ ਫ਼ਤਹਿ ਬੁਲਾਇਓ। ਅਸੀਂ ਤਾਂ ਨਹੀਂ ਜਾ ਸਕਦੇ, ਤੁਸੀਂ ਹੀ ਅਸਲ ਕਿਸਮਤ ਵਾਲੇ ਹੋ।

ਜਦੋਂ ਅਸੀਂ ਹਵਾਈ ਅੱਡੇ ਪਹੁੰਚੇ ਤਾਂ ਛੱਡਣ ਆਏ ਸ਼ੋਅ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਾਥੀ ਨੇ ਭਰੇ ਮਨ ਨਾਲ ਸਤਿ ਸ੍ਰੀ ਅਕਾਲ ਆਖਦਿਆਂ ਕਿਹਾ, “ਸਾਡੀ ਪਤਾ ਨਹੀਂ ਕਦੋਂ ਵਾਰੀ ਆਵੇਗੀ, ਆਪਣੇ ਦੇਸ਼ ਜਾਣ ਦੀ ਰੀਝ ਕਦੋਂ ਪੂਰੀ ਹੋਵੇਗੀ!” ਇਹ ਕਹਿੰਦਿਆਂ ਉਸ ਨੇ ਇੱਕ ਡੂੰਘਾ ਹਉਕਾ ਭਰਿਆ ਅਤੇ ਉਸ ਦੇ ਚਿਹਰੇ ਉੱਤੇ ਉਦਾਸੀ ਛਾ ਗਈ। ਮੈਂ ਪੁੱਛਿਆ, “ਤੁਹਾਨੂੰ ਇੰਗਲੈਂਡ ਆਇਆਂ ਕਿੰਨੇ ਸਾਲ ਹੋ ਗਏ ਨੇ?” ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਮਾਂ-ਭੂਮੀ ਛੱਡਿਆਂ ਦੋ ਸਾਲ ਹੀ ਹੋਏ ਸਨ। ਇੰਨੀ ਗੱਲ ਦੱਸਦਿਆਂ ਵੀ ਉਸ ਦੇ ਚਿਹਰੇ ਉੱਤੇ ਅਥਾਹ ਉਦਾਸੀ ਸੀ। ਉੱਥੇ ਬੈਠੇ ਚੱਠਾ ਸਾਹਿਬ ਨੇ ਕਿਹਾ, “ਤੁਸੀਂ ਖ਼ੁਸ਼ੀ-ਖ਼ੁਸ਼ੀ ਵਾਪਸ ਜਾਓ, ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਅਸੀਂ ਤਾਂ ਇੱਥੇ ਜਿਵੇਂ ਦੇਸ਼ ਨਿਕਾਲੇ ਦੀ ਸਜ਼ਾ ਭੋਗ ਰਹੇ ਹਾਂ।”

ਇੰਗਲੈਂਡ ਤੋਂ ਵਾਪਸੀ ਵੇਲੇ ਹਵਾਈ ਜਹਾਜ਼ ਵਿੱਚ ਬੈਠਦਿਆਂ ਮੈਂ ਸੋਚ ਰਹੀ ਸਾਂ ਕਿ ਅਸਲ ਵਿੱਚ ਕਿਸਮਤ ਵਾਲੇ ਕੌਣ ਹਨ? ਉਹ, ਜਿਹੜੇ ਪਰਵਾਸੀ ਬਣ ਕੇ ਦੂਰ-ਦੁਰਾਡੇ ਦੇਸ਼ਾਂ ਵਿੱਚ ਚੋਗਾ ਚੁਗਣ ਆਏ ਹਨ ਅਤੇ ਆਪਣੇ ਵਤਨਾਂ ਲਈ ਤੜਫ਼ਦੇ ਹਨ ਜਾਂ ਉਹ ਲੋਕ ਜਿਹੜੇ ਆਪਣੇ ਦੇਸ਼ ਵਿੱਚ ਹੀ ਬੈਠੇ ਕਈ ਵਾਰ ਵਿਦੇਸ਼ ਜਾਣ ਦੇ ਮਹਿਜ਼ ਸੁਪਨੇ ਹੀ ਲੈਂਦੇ ਰਹਿ ਜਾਂਦੇ ਹਨ? ਪਰਵਾਸ ਦੀ ਇਹ ਚਮਕ-ਦਮਕ ਬਾਹਰੋਂ ਭਾਵੇਂ ਕਿੰਨੀ ਵੀ ਮਨਮੋਹਕ ਕਿਉਂ ਨਾ ਦਿਖਾਈ ਦੇਵੇ, ਪਰ ਇਸ ਦੇ ਪਿੱਛੇ ਅਣਗਿਣਤ ਅਣਕਹੇ ਦਰਦ ਅਤੇ ਤੜਫ਼ ਲੁਕੀ ਹੁੰਦੀ ਹੈ।

Share this content:

Post Comment