ਸੁਣੀ ਪੁਕਾਰਿ ਦਾਤਾਰ ਪ੍ਰਭੁ : ਪ੍ਰਕਾਸ਼ ਗੁਰਪੁਰਬ (24 ਨਵੰਬਰ) ’ਤੇ ਵਿਸ਼ੇਸ਼ ਅਗਿਆਨਤਾ ਦਾ ਹਨੇਰਾ ਮਿਟਾ ਕੇ ਸੱਚ ਦਾ ਚਾਨਣ ਵੰਡਣ ਵਾਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ
ਔਕਲੈਂਡ, 21 ਨਵੰਬਰ 2026 (-ਹਰਜਿੰਦਰ ਸਿੰਘ ਬਸਿਆਲਾ-) – ਕੋਈ ਸਮਾਂ ਸੀ ਕਿ ਜਦੋਂ ਦੁਨੀਆਂ ਦੇ ਲੋਕਾਂ ਉੱਪਰ ਅੱਤਿਆਚਾਰ ਹੀ ਅੱਤਿਆਚਾਰ ਹੋ ਰਹੇ ਸਨ, ਵੱਡੇ-ਵੱਡੇ ਲੋਕ ਗ਼ਰੀਬ ਲੋਕਾਂ ਨੂੰ ਆਪਣੇ ਪੈਰਾਂ ਥੱਲੇ ਲਤਾੜ ਰਹੇ ਸਨ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਸਨ ਅਤੇ ਗ਼ਰੀਬ ਹੋਰ ਗ਼ਰੀਬ। ਇੰਨਾ ਹੀ ਨਹੀਂ, ਇੱਥੋਂ ਦੀ ਮਨੁੱਖ ਜਾਤੀ ਨੂੰ ਆਪਣਾ ਇਸ ਜ਼ਿੰਦਗੀ ਵਿੱਚ ਆਉਣ ਦਾ ਮਨੋਰਥ ਹੀ ਭੁੱਲ ਚੁੱਕਾ ਸੀ। ਲੋਕ ਦਿਨ-ਪ੍ਰਤੀ-ਦਿਨ ਵਹਿਮਾਂ-ਭਰਮਾਂ, ਜਾਤ-ਪਾਤ ਅਤੇ ਕਰਮ-ਕਾਂਡਾਂ ਦੇ ਵਿੱਚ ਉਲਝਦੇ ਜਾਂਦੇ ਸਨ। ਪਰਮਾਤਮਾ ਦੇ ਸੱਚੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਮਿਲਦਾ। ਕਹਿਣ ਤੋਂ ਭਾਵ ਲੋਕ ਪਰਮਾਤਮਾ ਨੂੰ ਆਪਣੇ ਦਿਲਾਂ ਵਿੱਚੋਂ ਭੁਲਾ ਚੁੱਕੇ ਸਨ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਨਾਲ ਇੱਕ ਇਹੋ ਜਿਹਾ ਪ੍ਰਕਾਸ਼ ਹੋਇਆ, ਜਿਸ ਦੇ ਨਾਲ ਪੂਰੇ ਬ੍ਰਹਿਮੰਡ ਦੇ ਵਿੱਚ ਚਾਨਣ ਹੀ ਚਾਨਣ ਹੋ ਗਿਆ। ਉਹ ਚਾਨਣ ਸੂਰਜ ਦਾ ਚਾਨਣ ਨਹੀਂ, ਸਗੋਂ ਅਜਿਹਾ ਰੂਹਾਨੀ ਚਾਨਣ ਸੀ, ਜਿਸ ਦੇ ਨਾਲ ਅਗਿਆਨਤਾ ਦਾ ਹਨੇਰਾ ਸਦਾ-ਸਦਾ ਵਾਸਤੇ ਖ਼ਤਮ ਹੋ ਗਿਆ। ਸੱਚ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਇਸ ਲੋਕਾਈ ਨੂੰ ਪਰਮਾਤਮਾ ਦੀ ਇਬਾਦਤ ਨਾਲ ਜੋੜਨ ਵਾਸਤੇ, ਕਰਮ-ਕਾਂਡਾਂ ਨਾਲੋਂ ਤੋੜਨ ਵਾਸਤੇ, ਮਨੁੱਖ ਜਾਤੀ ਨੂੰ ਸਹੀ ਰਸਤੇ ਪਾਉਣ ਵਾਸਤੇ ਅਤੇ ਜਗਤ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਇੱਕ ਨਵਾਂ ਹੀ ਸਮਾਜ ਸਿਰਜ ਦਿੱਤਾ। ਭਾਈ ਗੁਰਦਾਸ ਜੀ ਇਸ ਅਲੌਕਿਕ ਘਟਨਾ ਨੂੰ ਬਿਆਨ ਕਰਦਿਆਂ ਫ਼ਰਮਾਉਂਦੇ ਹਨ:
“ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥”
ਜਗਤ ਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ 1469 ਈਸਵੀ (15 ਅਪ੍ਰੈਲ 1469, ਵੈਸਾਖ ਸੁਦੀ 3) ਨੂੰ ਰਾਇ ਭੋਇ ਦੀ ਤਲਵੰਡੀ (ਹੁਣ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਾਲੂ ਜੀ (ਕਲਿਆਣ ਦਾਸ) ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ। ਆਪ ਬਚਪਨ ਤੋਂ ਹੀ ਬੜੀ ਉੱਚੀ-ਸੁੱਚੀ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਸੰਸਾਰਕਤਾ ਨਾਲੋਂ ਆਪ ਜੀ ਦੀ ਰੁਚੀ ਪਰਮਾਰਥ ਵਾਲੇ ਪਾਸੇ ਜ਼ਿਆਦਾ ਸੀ। ਆਪ ਜੀ ਤੋਂ ਇੱਕ ਵੱਡੀ ਭੈਣ ਸੀ, ਜਿਨ੍ਹਾਂ ਦਾ ਨਾਂ ਬੇਬੇ ਨਾਨਕੀ ਜੀ ਸੀ। ਬੇਬੇ ਨਾਨਕੀ ਜੀ ਨੇ ਬਚਪਨ ਤੋਂ ਹੀ ਆਪ ਜੀ ਦੇ ਅੰਦਰੋਂ ਪਰਮੇਸ਼ਵਰ ਦੀ ਜੋਤ ਨੂੰ ਪਛਾਣ ਲਿਆ ਸੀ ਅਤੇ ਉਹ ਗੁਰੂ ਸਾਹਿਬ ਦੇ ਪਹਿਲੇ ਸਿੱਖ ਬਣੇ। ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਨਿਵਾਸੀ ਭਾਈ ਜੈ ਰਾਮ ਜੀ ਨਾਲ ਹੋਇਆ, ਜੋ ਕਿ ਨਵਾਬ ਦੌਲਤ ਖਾਂ ਲੋਧੀ ਪਾਸ ਨੌਕਰੀ ਕਰਦੇ ਸਨ।
ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਪਟਵਾਰੀ ਸਨ ਅਤੇ ਖੇਤੀ ਤੇ ਵਪਾਰ ਦਾ ਕੰਮ ਵੀ ਕਰਦੇ ਸਨ। ਸੱਤ ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਲਈ ਦੁਨਿਆਵੀ ਵਿੱਦਿਆ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਾਂਧਾ ਗੋਪਾਲ ਜੀ ਕੋਲ ਹਿੰਦੀ ਤੇ ਹਿਸਾਬ, ਉਪਰੰਤ ਪੰਡਿਤ ਬ੍ਰਿਜ ਲਾਲ ਜੀ ਕੋਲ ਸੰਸਕ੍ਰਿਤ ਅਤੇ ਮੌਲਵੀ ਕੁਤਬੁਦੀਨ ਕੋਲ ਮਸੀਤ ਵਿੱਚ ਫ਼ਾਰਸੀ ਦੀ ਵਿੱਦਿਆ ਗ੍ਰਹਿਣ ਕਰਨ ਲਈ ਭੇਜਿਆ ਗਿਆ। ਪਰ ਗੁਰੂ ਨਾਨਕ ਸਾਹਿਬ ਨੇ ਦੁਨਿਆਵੀ ਵਿੱਦਿਆ ਗ੍ਰਹਿਣ ਕਰਨ ਦੇ ਨਾਲ-ਨਾਲ ਆਪਣੇ ਅਧਿਆਪਕਾਂ ਨੂੰ ਵੀ ਅਧਿਆਤਮਕ ਗਿਆਨ ਦੇ ਅਸਲ ਅਰਥ ਸਮਝਾ ਕੇ ਹੈਰਾਨ ਕਰ ਦਿੱਤਾ। ਜਦੋਂ ਪਿਤਾ ਜੀ ਨੇ ਦੇਖਿਆ ਕਿ ਗੁਰੂ ਸਾਹਿਬ ਦਾ ਧਿਆਨ ਦੁਨਿਆਵੀ ਧੰਦਿਆਂ ਵੱਲ ਨਹੀਂ ਲੱਗ ਰਿਹਾ, ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਕੰਮਕਾਰ ਵਿੱਚ ਲਗਾਉਣ ਖ਼ਾਤਰ ਵਣਜ-ਵਪਾਰ ਕਰਨ ਲਈ ਭੇਜਿਆ। ਇੱਕ ਵਾਰ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ 20 ਰੁਪਏ ਦੇ ਕੇ ਖਰਾ ਸੌਦਾ ਕਰਨ ਲਈ ਭੇਜਿਆ। ਰਸਤੇ ਵਿੱਚ ਉਨ੍ਹਾਂ ਨੂੰ ਕਈ ਦਿਨਾਂ ਤੋਂ ਭੁੱਖੇ ਸਾਧੂ ਮਿਲ ਗਏ। ਗੁਰੂ ਸਾਹਿਬ ਨੇ ਉਨ੍ਹਾਂ ਵੀਹ ਰੁਪਈਆਂ ਦਾ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਅਤੇ ਇਸ ਪਰਉਪਕਾਰ ਨੂੰ ‘ਸੱਚਾ ਸੌਦਾ’ ਆਖਿਆ।
ਜਦੋਂ ਗੁਰੂ ਸਾਹਿਬ ਦੀ ਉਮਰ ਨੌਂ ਸਾਲ ਦੀ ਹੋਈ, ਤਾਂ ਪ੍ਰਚਲਿਤ ਰਸਮਾਂ ਮੁਤਾਬਿਕ ਕੁਲ-ਪਰੋਹਤ ਪੰਡਿਤ ਹਰਦਿਆਲ ਜੀ ਨੂੰ ਜਨੇਊ ਧਾਰਨ ਕਰਵਾਉਣ ਲਈ ਬੁਲਾਇਆ ਗਿਆ। ਜਦੋਂ ਪੰਡਿਤ ਜੀ ਜਨੇਊ ਪਾਉਣ ਲੱਗੇ, ਤਾਂ ਗੁਰੂ ਨਾਨਕ ਸਾਹਿਬ ਨੇ ਬਾਹਰੀ ਰਸਮਾਂ ਦੀ ਨਿਰਾਰਥਕਤਾ ਦਰਸਾਉਂਦੇ ਹੋਏ ਕਿਹਾ ਕਿ ਇਹ ਸੂਤ ਦਾ ਧਾਗਾ ਤਾਂ ਮੈਲਾ ਹੋ ਸਕਦਾ ਹੈ, ਟੁੱਟ ਸਕਦਾ ਹੈ ਅਤੇ ਸਰੀਰ ਦੇ ਅੰਤ ਸਮੇਂ ਸੜ ਜਾਂਦਾ ਹੈ। ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜੋ ਆਤਮਾ ਨੂੰ ਉੱਚਾ ਚੁੱਕੇ ਅਤੇ ਸਦੀਵੀ ਤੌਰ ‘ਤੇ ਨਾਲ ਰਹੇ:
“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੋ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ॥
ਨ ਏਹੁ ਤੁਟੈ ਨ ਮਲੁ ਲਗੈ ਨ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥”
ਇਸ ਮੌਕੇ ਗੁਰੂ ਸਾਹਿਬ ਨੇ ਆਪਣੇ ਤਰਕ ਅਤੇ ਗਿਆਨ ਨਾਲ ਸਭ ਨੂੰ ਨਿਰ-ਉੱਤਰ ਕਰ ਦਿੱਤਾ। ਇਸ ਤੋਂ ਉਪਰੰਤ ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਆਪ ਨੂੰ ਆਪਣੇ ਨਾਲ ਸੁਲਤਾਨਪੁਰ ਲੋਧੀ ਵਿਖੇ ਲੈ ਗਏ ਅਤੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾ ਦਿੱਤੀ। ਇੱਥੇ ਵੀ ਗੁਰੂ ਸਾਹਿਬ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਖੁੱਲ੍ਹੇ ਹੱਥੀਂ ‘ਤੇਰਾ-ਤੇਰਾ’ ਉਚਾਰਦੇ ਹੋਏ ਲੋੜਵੰਦਾਂ ਨੂੰ ਰਾਸ਼ਨ ਦਿੰਦੇ ਸਨ। ਜਦੋਂ ਕੁਝ ਈਰਖਾਲੂ ਲੋਕਾਂ ਨੇ ਨਵਾਬ ਦੌਲਤ ਖਾਂ ਕੋਲ ਸ਼ਿਕਾਇਤ ਕੀਤੀ ਕਿ ਨਾਨਕ ਮੋਦੀਖਾਨਾ ਲੁਟਾ ਰਿਹਾ ਹੈ, ਤਾਂ ਨਵਾਬ ਨੇ ਸਾਰਾ ਹਿਸਾਬ-ਕਿਤਾਬ ਕਰਵਾਇਆ। ਪਰ ਜਾਂਚ ਕਰਨ ‘ਤੇ ਕੋਈ ਵੀ ਚੀਜ਼ ਘੱਟ ਨਾ ਨਿਕਲੀ, ਸਗੋਂ ਹਿਸਾਬ ਪੂਰੇ ਦਾ ਪੂਰਾ ਸਹੀ ਨਿਕਲਿਆ। ਇੱਥੇ ਹੀ ਆਪ ਜੀ ਦੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਵੀ ਆ ਗਏ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਅਤੇ ਗੁਰੂ ਜੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਸਨ। 1487 ਈਸਵੀ ਵਿੱਚ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਗ੍ਰਹਿਸਥੀ ਜੀਵਨ ਵਿੱਚ ਰਹਿੰਦਿਆਂ ਵੀ ਆਪ ਜੀ ਦੀ ਲਿਵ ਹਮੇਸ਼ਾਂ ਅਕਾਲ ਪੁਰਖ ਨਾਲ ਜੁੜੀ ਰਹੀ।
ਸੁਲਤਾਨਪੁਰ ਲੋਧੀ ਵਿਖੇ ਆਪ ਰੋਜ਼ਾਨਾ ਪਵਿੱਤਰ ਕਾਲੀ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਇੱਕ ਦਿਨ ਜਦੋਂ ਆਪ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ ਤਿੰਨ ਦਿਨ ਤੱਕ ਅਲੋਪ ਰਹੇ। ਇਸ ਦੌਰਾਨ ਆਪ ਜੀ ਨੂੰ ਪਰਮਾਤਮਾ ਵੱਲੋਂ ਬ੍ਰਹਮ ਗਿਆਨ ਅਤੇ ਜਗਤ ਦੇ ਉਧਾਰ ਦਾ ਇਲਾਹੀ ਹੁਕਮ ਪ੍ਰਾਪਤ ਹੋਇਆ। ਤੀਸਰੇ ਦਿਨ ਜਦੋਂ ਆਪ ਬਾਹਰ ਪ੍ਰਗਟ ਹੋਏ, ਤਾਂ ਆਪ ਜੀ ਨੇ ਇਨਕਲਾਬੀ ਨਾਅਰਾ ਦਿੱਤਾ— ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’। ਇਸ ਦਾ ਭਾਵ ਸੀ ਕਿ ਸਭ ਮਨੁੱਖ ਇੱਕੋ ਪਰਮਾਤਮਾ ਦੀ ਸੰਤਾਨ ਹਨ ਅਤੇ ਧਰਮ ਦੇ ਨਾਂ ‘ਤੇ ਵੰਡੀਆਂ ਪਾਉਣ ਦੀ ਥਾਂ ਸੱਚੇ ਇਨਸਾਨ ਬਣਨ ਦੀ ਲੋੜ ਹੈ।
ਇਸ ਉਪਰੰਤ ਸਮੁੱਚੀ ਲੋਕਾਈ ਦਾ ਉਧਾਰ ਕਰਨ ਵਾਸਤੇ ਗੁਰੂ ਸਾਹਿਬ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੌਹਾਂ ਦਿਸ਼ਾਵਾਂ (ਪੂਰਬ, ਪੱਛਮ, ਉੱਤਰ, ਦੱਖਣ) ਦੀਆਂ ਲੰਬੀਆਂ ਪ੍ਰਚਾਰ ਯਾਤਰਾਵਾਂ ਆਰੰਭ ਕੀਤੀਆਂ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ‘ਉਦਾਸੀਆਂ’ ਕਿਹਾ ਜਾਂਦਾ ਹੈ। ਆਪ ਜੀ ਨੇ ਸੈਦਪੁਰ (ਏਮਨਾਬਾਦ) ਵਿਖੇ ਹੱਕ-ਸੱਚ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਮਲਿਕ ਭਾਗੋ ਦੇ ਜ਼ੁਲਮ ਨਾਲ ਕਮਾਏ ਪਕਵਾਨਾਂ ਨਾਲੋਂ ਉੱਤਮ ਦੱਸਿਆ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੇ ਵਹਿਮ ਨੂੰ ਤੋੜਿਆ, ਜਗਨਨਾਥ ਪੁਰੀ ਵਿਖੇ ਬ੍ਰਹਿਮੰਡੀ ਆਰਤੀ ਉਚਾਰੀ, ਸੁਮੇਰ ਪਰਬਤ ‘ਤੇ ਸਿੱਧਾਂ ਨਾਲ ‘ਸਿੱਧ ਗੋਸ਼ਟਿ’ ਕੀਤੀ ਅਤੇ ਪੱਛਮ ਵੱਲ ਮੱਕਾ, ਮਦੀਨਾ ਤੇ ਬਗਦਾਦ ਤੱਕ ਜਾ ਕੇ ਇਹ ਸੱਚ ਦ੍ਰਿੜ ਕਰਵਾਇਆ ਕਿ ਖੁਦਾ ਕਿਸੇ ਇੱਕ ਦਿਸ਼ਾ ਵਿੱਚ ਨਹੀਂ ਸਗੋਂ ਹਰ ਥਾਂ ਵਿਆਪਕ ਹੈ। 1520 ਈਸਵੀ ਵਿੱਚ ਜਦੋਂ ਮੁਗ਼ਲ ਹਮਲਾਵਰ ਬਾਬਰ ਨੇ ਸੈਦਪੁਰ ‘ਤੇ ਹਮਲਾ ਕਰਕੇ ਨਿਰਦੋਸ਼ ਲੋਕਾਂ ‘ਤੇ ਜ਼ੁਲਮ ਢਾਹਿਆ, ਤਾਂ ਗੁਰੂ ਸਾਹਿਬ ਨੇ ਨਿਡਰ ਹੋ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ (‘ਬਾਬਰ ਬਾਣੀ’) ਅਤੇ ਕੈਦ ਕੱਟ ਕੇ ਬੇਕਸੂਰ ਕੈਦੀਆਂ ਨੂੰ ਰਿਹਾਅ ਕਰਵਾਇਆ।
ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਨੇ ਰਾਵੀ ਦਰਿਆ ਦੇ ਕੰਢੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ ਅਤੇ ਆਪਣੇ ਜੀਵਨ ਦੇ ਅੰਤਲੇ ਵਰ੍ਹੇ ਇੱਥੇ ਬਤੀਤ ਕੀਤੇ। ਇੱਥੇ ਆਪ ਨੇ ਹੱਥੀਂ ਖੇਤੀ ਕਰਕੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸੁਨਹਿਰੀ ਸਿਧਾਂਤਾਂ ਨੂੰ ਅਮਲੀ ਰੂਪ ਦਿੱਤਾ। ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਆਪ ਨੇ ਇੱਥੇ ਸੰਗਤ ਅਤੇ ਪੰਗਤ (ਲੰਗਰ ਪ੍ਰਥਾ) ਦੀ ਨੀਂਹ ਰੱਖੀ, ਜਿੱਥੇ ਹਰ ਕੋਈ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਸੀ। ਇੱਥੇ ਹੀ ਆਪ ਜੀ ਨੇ ਆਪਣੇ ਅਨਿੰਨ ਸੇਵਕ ਭਾਈ ਲਹਿਣਾ ਜੀ ਦੀ ਸੇਵਾ ਅਤੇ ਸਮਰਪਣ ਭਾਵਨਾ ਨੂੰ ਪਰਖਦਿਆਂ ਉਨ੍ਹਾਂ ਨੂੰ ਆਪਣਾ ਅੰਗ ਜਾਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰਤਾ ਗੱਦੀ ਬਖ਼ਸ਼ੀ। ਇਸ ਉਪਰੰਤ 22 ਸਤੰਬਰ 1539 ਈਸਵੀ ਨੂੰ ਆਪ ਕਰਤਾਰਪੁਰ ਸਾਹਿਬ ਵਿਖੇ ਹੀ ਜੋਤੀ-ਜੋਤ ਸਮਾ ਗਏ।
ਗੁਰੂ ਸਾਹਿਬ ਇੱਕ ਮਹਾਨ ਕ੍ਰਾਂਤੀਕਾਰੀ ਰਹਿਬਰ ਹੋਣ ਦੇ ਨਾਲ-ਨਾਲ ਉੱਚ-ਕੋਟੀ ਦੇ ਬਾਣੀਕਾਰ ਅਤੇ ਸੰਗੀਤਕਾਰ ਵੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ 19 ਰਾਗਾਂ ਵਿੱਚ ਰਚਿਤ ਕੁੱਲ 974 ਸ਼ਬਦ ਦਰਜ ਹਨ (ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਕਲਿਤ ਕੀਤਾ)। ਇਨ੍ਹਾਂ ਵਿੱਚ ਜਪੁਜੀ ਸਾਹਿਬ, ਆਸਾ ਦੀ ਵਾਰ, ਮਾਝ ਕੀ ਵਾਰ, ਵਾਰ ਮਲ੍ਹਾਰ, ਸਿਧ ਗੋਸਟਿ, ਦੱਖਣੀ ਓਅੰਕਾਰ, ਪੱਟੀ, ਬਾਰਹਮਾਹਾ ਤੁਖਾਰੀ, ਪਹਿਰੇ, ਥਿਤੀ, ਅਲਾਹੁਣੀਆਂ, ਕੁਚੱਜੀ ਅਤੇ ਸੁਚੱਜੀ ਪ੍ਰਮੁੱਖ ਬਾਣੀਆਂ ਹਨ। ਆਪ ਜੀ ਦੀ ਬਾਣੀ ਤਤਕਾਲੀਨ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਅਨਿਆਂ ਵਿਰੁੱਧ ਇੱਕ ਬੁਲੰਦ ਆਵਾਜ਼ ਹੈ, ਜੋ ਮਨੁੱਖ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਕੇ ਨਿਮਰਤਾ, ਮਿਠਾਸ, ਸਦਾਚਾਰ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਿਖਾਉਂਦੀ ਹੈ।
ਸੱਚਾ ਗੁਰੂ ਹੀ ਮਨੁੱਖ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦਾ ਹੈ। ਜਿਹੜੇ ਜੀਵ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਨ, ਉਨ੍ਹਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀਵ ਦੀ ਸੁਰਤਿ ਉੱਚੀ ਹੁੰਦੀ ਹੈ, ਉਸ ਨੂੰ ਆਪਣੇ ਜੀਵਨ ਦੇ ਅਸਲ ਮਨੋਰਥ ‘ਪਰਮ ਪਦ’ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਜਿਹੇ ਜੀਵ ਹੀ ਪਰਮਾਤਮਾ ਦੇ ਦਰ ‘ਤੇ ਵਡਿਆਈ ਦੇ ਪਾਤਰ ਬਣਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਦੋ ਤਾਰੀਖ਼ਾਂ
ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਦੋ ਤਾਰੀਖ਼ਾਂ—ਵੈਸਾਖ ਸੁਦੀ 3 (15 ਅਪ੍ਰੈਲ 1469 ਈਸਵੀ) ਅਤੇ ਕੱਤਕ ਦੀ ਪੂਰਨਮਾਸ਼ੀ—ਬਾਰੇ ਕਾਫ਼ੀ ਖੋਜ ਹੋਈ ਹੈ। ਪੁਰਾਤਨ ਸਰੋਤਾਂ ਜਿਵੇਂ ‘ਪੁਰਾਤਨ ਜਨਮਸਾਖੀ’, ‘ਮਿਹਰਬਾਨ ਵਾਲੀ ਜਨਮਸਾਖੀ’, ‘ਭਾਈ ਮਨੀ ਸਿੰਘ ਵਾਲੀ ਜਨਮਸਾਖੀ’ ਅਤੇ ‘ਮਹਿਮਾ ਪ੍ਰਕਾਸ਼’ ਅਨੁਸਾਰ ਆਪ ਜੀ ਦਾ ਜਨਮ ਵੈਸਾਖ ਮਹੀਨੇ ਵਿੱਚ ਹੋਇਆ ਸੀ। ਉੱਘੇ ਇਤਿਹਾਸਕਾਰਾਂ ਜਿਵੇਂ ਮੈਕਸ ਆਰਥਰ ਮੈਕਾਲਿਫ਼, ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼), ਪ੍ਰੋ. ਸਾਹਿਬ ਸਿੰਘ, ਡਾ. ਗੰਡਾ ਸਿੰਘ, ਕਰਮ ਸਿੰਘ ਹਿਸਟੋਰੀਅਨ ਅਤੇ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਆਪਣੀ ਖੋਜ ਵਿੱਚ ਵੈਸਾਖ ਦੀ ਤਾਰੀਖ਼ (15 ਅਪ੍ਰੈਲ 1469) ਨੂੰ ਹੀ ਇਤਿਹਾਸਕ ਤੌਰ ‘ਤੇ ਸਹੀ ਸਿੱਧ ਕੀਤਾ ਹੈ, ਕਿਉਂਕਿ ਜਨਮਸਾਖੀਆਂ ਵਿੱਚ ਗੁਰੂ ਸਾਹਿਬ ਦੀ ਕੁੱਲ ਉਮਰ 70 ਸਾਲ, 5 ਮਹੀਨੇ ਅਤੇ 7 ਦਿਨ ਲਿਖੀ ਮਿਲਦੀ ਹੈ, ਜੋ 22 ਸਤੰਬਰ 1539 (ਜੋਤੀ-ਜੋਤ ਸਮਾਉਣ ਦੀ ਤਾਰੀਖ਼) ਤੋਂ ਪਿੱਛੇ ਗਿਣਨ ‘ਤੇ ਵੈਸਾਖ (ਅਪ੍ਰੈਲ 1469) ਵਿੱਚ ਹੀ ਬਣਦੀ ਹੈ। ਦੂਜੇ ਪਾਸੇ, ‘ਭਾਈ ਬਾਲੇ ਵਾਲੀ ਜਨਮਸਾਖੀ’ ਵਿੱਚ ਕੱਤਕ ਦੀ ਪੂਰਨਮਾਸ਼ੀ ਦਾ ਜ਼ਿਕਰ ਹੈ। ਖੋਜਕਾਰਾਂ ਅਨੁਸਾਰ ਪੁਰਾਤਨ ਸਮਿਆਂ ਵਿੱਚ ਵਿਸਾਖੀ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸੇ ਦਾ ਵੱਡਾ ਇਕੱਠ ਹੁੰਦਾ ਸੀ, ਜਿਸ ਕਾਰਨ ਸਿੱਖ ਸੰਗਤਾਂ ਵੱਲੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਲ ਦਾ ਦੂਜਾ ਵੱਡਾ ਜੋੜ-ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ, ਜੋ ਸਮੇਂ ਦੇ ਨਾਲ ਪ੍ਰਕਾਸ਼ ਗੁਰਪੁਰਬ ਵਜੋਂ ਪ੍ਰਚਲਿਤ ਹੋ ਗਿਆ।
Share this content:



Post Comment